You’re viewing a text-only version of this website that uses less data. View the main version of the website including all images and videos.
ਕੁਵੈਤ ਹਾਦਸੇ: 'ਅਜੇ ਪਹਿਲੀ ਤਨਖ਼ਾਹ ਹੀ ਭੇਜੀ ਸੀ ਕਿ ਖ਼ੁਦ ਹੀ ਤਾਬੂਤ ਚ ਬੰਦ ਹੋ ਕੇ ਘਰ ਆ ਗਿਆ'
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੀਬੀਸੀ ਸਹਿਯੋਗੀ
ਕੁਵੈਤ ਵਿੱਚ ਬਿਲਡਿੰਗ ਨੂੰ ਲੱਗੀ ਅੱਗ ਚ ਮਰਨ ਵਾਲੇ 50 ਲੋਕਾਂ ਵਿੱਚ ਹੁਸ਼ਿਆਰਪੁਰ ਦੇ ਨਾਲ ਲਗਦੇ ਪਿੰਡ ਕੱਕੋ ਦੇ 63 ਸਾਲਾਂ ਹਿੰਮਤ ਰਾਏ ਦੀ ਵੀ ਹੋਈ ਮੌਤ ਹੋਈ ਹੈ।
ਹਿੰਮਤ ਰਾਏ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ।
ਬੀਬੀਸੀ ਸਹਿਯੋਗੀ ਪ੍ਰਦੀਪ ਸ਼ਰਮਾ ਮੁਤਾਬਕ ਰਾਏ ਦੀ ਪਤਨੀ ਨੇ ਦੁੱਖ ਬਿਆਨ ਕਰਦਿਆਂ ਦੱਸਿਆ ਕਿ ਉਹ ਪਿਛਲੇ ਤਕਰੀਬਨ 25 ਸਾਲ ਤੋਂ ਵੱਧ ਸਮੇਂ ਤੋਂ ਕੁਵੈਤ ਵਿੱਚ ਕੰਮ ਕਰ ਰਿਹਾ ਸੀ ਅਤੇ ਉਸ ਦੇ ਸਿਰ ’ਤੇ ਹੀ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ ।
ਹਿੰਮਤ ਰਾਏ ਦਾ ਇੱਕ ਪੁੱਤਰ ਅਤੇ ਦੋ ਧੀਆਂ ਹਨ। ਉਨ੍ਹਾਂ ਦਾ ਬੇਟਾ ਹਾਲੇ ਦਸਵੀਂ ਦੀ ਪੜ੍ਹਾਈ ਕਰ ਰਿਹਾ ਹੈ।
ਉਨ੍ਹਾਂ ਦੀ ਪਤਨੀ ਸਰਬਜੀਤ ਕੌਰ ਦੱਸਿਆ, “ਸਾਨੂੰ ਕਿਸੇ ਦਾ ਫ਼ੋਨ ਆਇਆ ਤੇ ਉਨ੍ਹਾਂ ਨੇ ਮੇਰੇ ਬੇਟੇ ਨੂੰ ਦੱਸਿਆ ਕਿ ਹਿੰਮਤ ਰਾਏ ਨਹੀਂ ਰਹੇ।”
ਹਿੰਮਤ ਰਾਏ ਦੇ ਭਾਣਜੇ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਹਾਦਸੇ ਤੋਂ ਬਾਅਦ ਉਹਨਾਂ ਦਾ ਕਿਸੇ ਨਾਲ ਸੰਪਰਕ ਨਹੀਂ ਰਿਹਾ ਸੀ ।
ਉਹਨਾਂ ਕਿਹਾ, “ਸਾਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਉਨ੍ਹਾਂ ਦੀ ਧੂੰਏ ਨਾਲ ਮੌਤ ਹੋ ਗਈ ਹੈ।''
ਹਿੰਮਤ ਰਾਏ ਤੋਂ ਇਲਾਵਾ ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਵਿੱਚ ਬਹੁਤੇ ਭਾਰਤੀ ਹੀ ਸਨ।
ਕੇਰਲ ਦੇ ਕੋਲਮ ਜ਼ਿਲ੍ਹੇ ਦੇ ਕਾਾਰਵੇਲੋਰ ਦੇ ਰਹਿਣ ਵਾਲੇ ਸਾਜਨ ਜਾਰਜ ਦੇ ਘਰ ਦਾ ਮਾਹੌਲ ਵੀ ਹਿੰਮਤ ਰਾਏ ਵਰਗਾ ਹੀ ਹੈ।
‘ਮੇਰਾ ਪੁੱਤ ਚਲਾ ਗਿਆ ਪਰ ਮੈਂ ਜ਼ਿੰਦਾ ਹਾਂ’
ਸਾਜਨ ਜਾਰਜ ਦੀ ਮਾਂ ਵਾਲਸਮਾ ਜਾਰਜ ਦੀ ਸਫੈਦ ਬੈੱਡਸ਼ੀਟ 'ਤੇ ਪਈ ਦੀ ਤਸਵੀਰ ਨੂੰ ਦੇਖ ਕੇ ਉੱਚੀ-ਉੱਚੀ ਰੋ ਰਹੀ ਸੀ।
ਰੋਂਦੇ ਹੋਏ ਉਸਦਾ ਗਲਾ ਸੁੱਕ ਗਿਆ। ਸਾਜਨ ਉਸਦਾ ਇਕਲੌਤਾ ਪੁੱਤਰ ਸੀ।
ਸਾਜਨ ਦੀ ਭੈਣ ਆਸਟ੍ਰੇਲੀਆ ਵਿੱਚ ਰਹਿੰਦੀ ਹੈ ਅਤੇ ਉਹ ਅਜੇ ਭਾਰਤ ਨਹੀਂ ਪਹੁੰਚੀ ਹੈ।
ਸਾਜਨ ਦੇ ਚਚੇਰੇ ਭਰਾ ਰੌਬਿਨ ਰਾਏ ਜੌਹਨ ਨੇ ਬੀਬੀਸੀ ਨੂੰ ਦੱਸਿਆ, ''ਸਾਜਨ ਕੁਵੈਤ ਗਿਆ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਉਸ ਨੂੰ ਦੇਸ਼ ਤੋਂ ਬਾਹਰ ਕੰਮ ਕਰਨ ਦਾ ਤਜਰਬਾ ਮਿਲਣਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਦਾ ਵਿਆਹ ਵੀ ਸੌਖਾ ਹੋ ਜਾਵੇਗਾ।”
ਰੌਬਿਨ ਕਹਿੰਦੇ ਹਨ, “ਉਸ ਦੀ ਜ਼ਿੰਦਗੀ ਵਿੱਚ ਸਭ ਕੁਝ ਠੀਕ ਚੱਲ ਰਿਹਾ ਸੀ।”
ਸਾਜਨ ਮਕੈਨੀਕਲ ਇੰਜਨੀਅਰਿੰਗ ਐੱਮਟੈੱਕ ਸੀ।
ਉਸਨੇ ਹਾਲ ਹੀ ਵਿੱਚ ਇੱਕ ਨਾਮਵਰ ਇੰਜੀਨੀਅਰਿੰਗ ਕਾਲਜ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ ਸੀ।
ਰੌਬਿਨ ਨੇ ਕਿਹਾ, "ਉਹ ਡੇਢ ਮਹੀਨਾ ਪਹਿਲਾਂ ਅਪ੍ਰੈਲ ਦੇ ਅੰਤ ਵਿੱਚ ਕੁਵੈਤ ਗਿਆ ਸੀ ਅਤੇ 5 ਜੂਨ ਨੂੰ ਆਪਣੀ ਪਹਿਲੀ ਤਨਖਾਹ ਆਪਣੇ ਪਿਤਾ ਨੂੰ ਭੇਜੀ ਸੀ।"
ਉਹ ਦੱਸਦੇ ਹਨ, “ਅਸੀਂ ਦੋਵੇਂ ਚਚੇਰੇ ਭਰਾ ਇਕੱਠੇ ਵੱਡੇ ਹੋਏ ਹਾਂ, ਪਰ ਅਸੀਂ ਅਸਲ ਭਰਾਵਾਂ ਵਾਂਗ ਸੀ।”
ਜਦੋਂ ਸਾਜਨ ਦੀ ਰੋਂਦੀ ਮਾਂ ਸ਼ਾਂਤ ਹੋਈ ਤਾਂ ਦੁੱਖ ਪ੍ਰਗਟ ਕਰਨ ਆਏ ਰਿਸ਼ਤੇਦਾਰ ਵੀ ਕੁਝ ਸ਼ਾਂਤ ਹੋਏ।
ਫਿਰ ਖ਼ਬਰ ਮਿਲੀ ਕਿ ਸਾਜਨ ਦਾ ਤਾਬੂਤ ਮੁਰਦਾਘਰ ਨਹੀਂ ਆ ਰਿਹਾ। ਇਹ ਸੁਣ ਕੇ ਵਾਲਸਾਮਾ ਜਾਰਜ ਫਿਰ ਰੋਣ ਲੱਗ ਪਿਆ।
"ਮੇਰਾ ਪੁੱਤ ਚਲਾ ਗਿਆ ਪਰ ਮੈਂ ਜ਼ਿੰਦਾ ਹਾਂ।"
"ਕੀ ਕਿਸੇ ਨੂੰ ਪਤਾ ਸੀ ਕਿ ਇਹ ਸਿਰਫ਼ 29 ਸਾਲ ਦੀ ਉਮਰ ਵਿੱਚ ਚਲਾ ਜਾਵੇਗਾ?"
“ਮੈਂ ਕਿਸ ਨੂੰ ਦੱਸਾਂ? ਮੈਂ ਆਪਣੇ ਬੱਚੇ ਨੂੰ ਘੱਟੋ-ਘੱਟ ਇੱਕ ਵਾਰ ਦੇਖਣਾ ਚਾਹੁੰਦੀ ਹਾਂ। ਉਸ ਤੋਂ ਬਾਅਦ ਤੁਸੀਂ ਉਸਨੂੰ ਕਬਰ 'ਤੇ ਵੀ ਲੈ ਜਾ ਸਕਦੇ ਹੋ।”
ਕੁਵੈਤ ਵਿੱਚ ਵਾਪਰੇ ਇਸੇ ਹਾਦਸੇ ਵਿੱਚ ਮਾਰੇ ਗਏ ਸੁਮੇਸ਼ ਪਿੱਲਈ ਦੇ ਘਰ ਜਜ਼ਬਾਤ ਕੁਝ ਕਾਬੂ ਵਿੱਚ ਨਜ਼ਰ ਆ ਰਹੇ ਹਨ।
ਸੁਮੇਸ਼ ਦੇ ਰਿਸ਼ਤੇਦਾਰ ਚੰਦਰਸ਼ੇਖਰਨ ਨਾਈਰ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਸੁਮੇਸ਼ ਐਕਸ-ਰੇ ਵੈਲਡਰ ਸੀ। ਉਹ ਪਿਛਲੇ 12 ਸਾਲਾਂ ਤੋਂ ਕੁਵੈਤ ਵਿੱਚ ਰਹਿ ਰਹੇ ਸਨ।”
“ਉਨ੍ਹਾਂ ਦੇ ਸਿਰ ਪਿਤਾ, ਪਤਨੀ ਅਤੇ ਭਰਾ ਦੀਆਂ ਜ਼ਿੰਮੇਵਾਰੀਆਂ ਸਨ। ਹਰ ਕੋਈ ਬਿਮਾਰ ਹੈ। ਸੁਮੇਸ਼ ਦੀ ਮ੍ਰਿਤਕ ਦੇਹ ਘਰ ਪਹੁੰਚਣ ਵਾਲੀ ਹੈ।”
ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੇ ਲੋਕ ਉੱਥੇ ਮੌਜੂਦ ਹਨ। ਪਰਿਵਾਰਕ ਮੈਂਬਰ ਸ਼ਾਮ ਨੂੰ ਉਸ ਦਾ ਅੰਤਿਮ ਸੰਸਕਾਰ ਕਰਨ ਦੀ ਤਿਆਰੀ ਕਰ ਰਹੇ ਹਨ।
ਪਿਤਾ ਦੇ ਸਵਾਲ
ਕੁਵੈਤ ਦੇ ਮੰਗਾਫ਼ ਸ਼ਹਿਰ 'ਚ ਦੋ ਦਿਨ ਪਹਿਲਾਂ ਮਜ਼ਦੂਰਾਂ ਦੀ ਇਮਾਰਤ 'ਚ ਅੱਗ ਲੱਗਣ ਕਾਰਨ ਸੁਮੇਸ਼ ਅਤੇ ਸਾਜਨ ਦੀ ਮੌਤ ਹੋ ਗਈ ਸੀ।
ਇਸ ਹਾਦਸੇ ਵਿੱਚ 45 ਭਾਰਤੀਆਂ ਦੀ ਮੌਤ ਹੋ ਗਈ ਹੈ।
ਕੇਰਲ ਦੇ ਇਨ੍ਹਾਂ 23 ਲੋਕਾਂ ਵਿੱਚ ਜਿਨ੍ਹਾਂ ਦੀ ਪਛਾਣ ਹੋਈ ਹੈ, ਉਨ੍ਹਾਂ ਵਿੱਚ ਸੁਮੇਸ਼ ਅਤੇ ਸਾਜਨ ਵੀ ਸ਼ਾਮਲ ਹਨ।
ਸਾਜਨ ਦੇ ਪਿਤਾ ਨੇ ਸਾਡੇ ਕੈਮਰਾਮੈਨ ਲੈਨਿਨ ਨੂੰ ਪੁੱਛਿਆ,"ਜਦੋਂ ਹਵਾਈ ਅੱਡੇ 'ਤੇ ਤਾਬੂਤ ਖੋਲ੍ਹਿਆ ਗਿਆ ਤਾਂ ਤੁਸੀਂ ਮੇਰੇ ਪੁੱਤਰ ਦਾ ਚਿਹਰਾ ਦੇਖਿਆ ਸੀ?"
ਪਰ ਜਦੋਂ ਲੈਨਿਨ ਨੇ ਨਾਂਹ ਵਿੱਚ ਜਵਾਬ ਦਿੱਤਾ, ਤਾਂ ਉਹ ਚੁੱਪਚਾਪ ਕੁਰਸੀ 'ਤੇ ਬੈਠ ਗਏ ਅਤੇ ਆਪਣੀਆਂ ਅੱਖਾਂ ਵਿੱਚੋਂ ਵਗ ਰਹੇ ਹੰਝੂਆਂ ਨੂੰ ਪੂੰਝਣ ਲੱਗੇ।
ਮਰਨ ਵਾਲਿਆਂ ਵਿੱਚ ਕੇਰਲ ਦੇ 23 ਮਜ਼ਦੂਰ ਸ਼ਾਮਲ ਹਨ
ਸ਼ੁੱਕਰਵਾਰ ਨੂੰ ਭਾਰਤੀ ਹਵਾਈ ਫੌਜ ਦਾ ਇੱਕ ਜਹਾਜ਼ 45 ਭਾਰਤੀਆਂ ਦੀਆਂ ਲਾਸ਼ਾਂ ਲੈ ਕੇ ਕੁਵੈਤ ਤੋਂ ਵਾਪਸ ਪਰਤਿਆ।
ਬੁੱਧਵਾਰ ਨੂੰ ਕੁਵੈਤ ਦੇ ਮੰਗਾਫ਼ ਸ਼ਹਿਰ 'ਚ ਇੱਕ ਰਿਹਾਇਸ਼ੀ ਇਮਾਰਤ 'ਚ ਅੱਗ ਲੱਗ ਗਈ ਸੀ।
ਇਸ ਇਮਾਰਤ ਵਿੱਚ 176 ਭਾਰਤੀ ਮਜ਼ਦੂਰ ਰਹਿੰਦੇ ਸਨ।
ਕੁਵੈਤ ਪ੍ਰਸ਼ਾਸਨ ਮੁਤਾਬਕ ਇਸ ਅੱਗ 'ਚ 50 ਲੋਕ ਸੜ ਕੇ ਮਰ ਗਏ, ਜਿਨ੍ਹਾਂ 'ਚੋਂ 45 ਭਾਰਤੀ ਅਤੇ 3 ਫਿਲੀਪੀਨਜ਼ ਸਨ।
ਕੁਵੈਤ ਵਿੱਚ ਰਹਿਣ ਵਾਲੇ ਲੋਕਾਂ ਦਾ ਦੋ ਤਿਹਾਈ ਹਿੱਸਾ ਵਿਦੇਸ਼ੀ ਮਜ਼ਦੂਰਾਂ ਦਾ ਹੈ।
ਕੁਵੈਤ ਉਸਾਰੀ ਅਤੇ ਘਰੇਲੂ ਖੇਤਰਾਂ ਵਿੱਚ ਕੰਮ ਲਈ ਬਾਹਰੋਂ ਆਉਣ ਵਾਲੇ ਮਜ਼ਦੂਰਾਂ 'ਤੇ ਨਿਰਭਰ ਹੈ।
ਮਨੁੱਖੀ ਅਧਿਕਾਰ ਸੰਗਠਨਾਂ ਨੇ ਵੀ ਮਜ਼ਦੂਰਾਂ ਦੇ ਰਹਿਣ-ਸਹਿਣ ਦੀ ਵਿਵਸਥਾ 'ਤੇ ਲਗਾਤਾਰ ਆਵਾਜ਼ ਉਠਾਈ ਹੈ।
ਮੰਗਾਫ਼ ਅੱਗ 'ਚ ਦਰਜਨਾਂ ਹੋਰ ਮਜ਼ਦੂਰ ਜ਼ਖਮੀ ਵੀ ਹੋਏ ਹਨ, ਜਿਨ੍ਹਾਂ 'ਚ ਵੱਡੀ ਗਿਣਤੀ ਭਾਰਤੀ ਹਨ।
ਜਿਨ੍ਹਾਂ ਭਾਰਤੀ ਮਜ਼ਦੂਰਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ, ਉਨ੍ਹਾਂ ਵਿੱਚੋਂ 23 ਕੇਰਲ ਤੋਂ, 7 ਤਾਮਿਲਨਾਡੂ, 3-3 ਆਂਧਰਾ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼, 2-2 ਉੜੀਸਾ, 1-1 ਬਿਹਾਰ, ਪੰਜਾਬ, ਕਰਨਾਟਕ, ਮਹਾਰਾਸ਼ਟਰ, ਪੱਛਮੀ ਬੰਗਾਲ, ਝਾਰਖੰਡ ਅਤੇ ਹਰਿਆਣਾ ਤੋਂ ਸੀ।
ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਨੇ ਅੱਗ ਵਿੱਚ ਮਰਨ ਵਾਲਿਆਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ।
ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕੁਵੈਤ ਦੇ ਕਈ ਹਸਪਤਾਲਾਂ ਦਾ ਦੌਰਾ ਕੀਤਾ ਅਤੇ ਜ਼ਖਮੀ ਮਜ਼ਦੂਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ।
ਕੁਵੈਤ ਜਾਂਚ ਕਰ ਰਿਹਾ ਹੈ
ਕੁਵੈਤ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹੁਣ ਜਿਨ੍ਹਾਂ ਇਮਾਰਤਾਂ 'ਚ ਪ੍ਰਵਾਸੀ ਮਜ਼ਦੂਰ ਰਹਿੰਦੇ ਹਨ, ਉੱਥੇ ਸਿਹਤ ਅਤੇ ਸੁਰੱਖਿਆ ਦੇ ਪ੍ਰਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਅਰਬ ਟਾਈਮਜ਼ ਦੇ ਮੁਤਾਬਕ, ਜਾਂਚ 'ਚ ਪਤਾ ਲੱਗਾ ਹੈ ਕਿ ਛੇ ਮੰਜ਼ਿਲਾ ਇਮਾਰਤ ਦੀ ਜ਼ਮੀਨੀ ਮੰਜ਼ਿਲ 'ਤੇ ਸਥਿਤ ਸੁਰੱਖਿਆ ਗਾਰਡ ਦੇ ਕਮਰੇ 'ਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗੀ।
ਕੁਵੈਤ ਫਾਇਰ ਡਿਪਾਰਟਮੈਂਟ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਕਮਰੇ ਅਤੇ ਅਪਾਰਟਮੈਂਟਾਂ ਦੇ ਵਿਚਕਾਰ ਪਾਰਟੀਸ਼ੀਅਨ ਲਈ ਜਲਣਸ਼ੀਲ ਸਮੱਗਰੀ ਦੀ ਵਰਤੋਂ ਕੀਤੀ ਗਈ ਸੀ।
ਕੁਵੈਤ ਪਬਲਿਕ ਪ੍ਰੋਸੀਕਿਊਸ਼ਨ ਵਿਭਾਗ ਨੇ ਅੱਗ ਲੱਗਣ ਸਬੰਧੀ ਲੋੜੀਂਦੇ ਸੁਰੱਖਿਆ ਪ੍ਰਬੰਧਾਂ ਨੂੰ ਨਜ਼ਰਅੰਦਾਜ਼ ਕਰਨ ਲਈ ਇੱਕ ਸਥਾਨਕ ਨਾਗਰਿਕ ਅਤੇ ਕੁਝ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਕੁਵੈਤ ਦੇ ਉਪ ਪ੍ਰਧਾਨ ਮੰਤਰੀ ਸ਼ੇਖ ਫਹਾਦ ਯੂਸਫ ਅਲ-ਸਬਾਹ ਨੇ ਜਾਇਦਾਦ ਦੇ ਮਾਲਕ 'ਤੇ ਲਾਲਚ ਅਤੇ ਅੱਗ ਸਬੰਧੀ ਇਮਾਰਤ ਦੇ ਮਾਪਦੰਡਾਂ ਦੀ ਉਲੰਘਣਾ ਦਾ ਇਲਜ਼ਾਮ ਲਗਾਇਆ ਹੈ।