ਕੁਵੈਤ ਅਗਨੀ ਕਾਂਡ: 41 ਲੋਕ ਜ਼ਿੰਦਾ ਸੜੇ, ਬਹੁਤੇ ਭਾਰਤੀ- ਚਸ਼ਮਦੀਦ ਮਜ਼ਦੂਰ ਨੇ ਕੀ ਦੇਖਿਆ

ਕੁਵੈਤ ਵਿੱਚ ਇੱਕ ਬਹੁ-ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗਣ ਨਾਲ ਘੱਟੋ-ਘੱਟ 41 ਲੋਕਾਂ ਦੀ ਮੌਤ ਹੋ ਗਈ ਹੈ।

ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਬੀਬੀਸੀ ਨੂੰ ਦੱਸਿਆ ਕਿ ਮਰਨ ਵਾਲਿਆਂ ਵਿੱਚ ਬਹੁਤੇ ਭਾਰਤੀ ਨਾਗਰਿਕ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ।

ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ, ''ਕੁਵੈਤ ਸਿਟੀ 'ਚ ਅੱਗ ਲੱਗਣ ਦੀ ਘਟਨਾ ਦੁੱਖਦਾਈ ਹੈ।

“ਮੇਰੀ ਸੰਵੇਦਨਾ ਉਨ੍ਹਾਂ ਸਾਰੇ ਲੋਕਾਂ ਦੇ ਨਾਲ ਹਨ, ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆਇਆ ਹੈ, ਮੈਂ ਜ਼ਖਮੀਆਂ ਦੇ ਜਲਦੀ ਤੋਂ ਜਲਦੀ ਠੀਕ ਹੋਣ ਦੀ ਅਰਦਾਸ ਕਰਦਾ ਹਾਂ।”

“ਕੁਵੈਤ ਵਿੱਚ ਭਾਰਤੀ ਦੂਤਾਵਾਸ ਹਾਲਾਤ ਦੀ ਨਿਗਰਾਨੀ ਕਰ ਰਿਹਾ ਹੈ ਅਤੇ ਇਸ ਘਟਨਾ ਤੋਂ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਮੁਹੱਈਆ ਕਰਨ ਲਈ ਉੱਥੋਂ ਦੇ ਅਧਿਕਾਰੀਆਂ ਨਾਲ ਕੰਮ ਕਰ ਰਿਹਾ ਹੈ।"

ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐੱਕਸ 'ਤੇ ਜਾਣਕਾਰੀ ਦਿੱਤੀ ਕਿ ਕੁਵੈਤ ਵਿੱਚ ਭਾਰਤੀ ਰਾਜਦੂਤ ਨੇ ਹਸਪਤਾਲਾਂ ਦਾ ਦੌਰਾ ਕੀਤਾ ਅਤੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ।

ਉਨ੍ਹਾਂ ਇਸ ਘਟਨਾ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਵੀ ਹਮਦਰਦੀ ਪ੍ਰਗਟਾਈ ਹੈ।

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ 'ਤੇ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਕੁਵੈਤ ਜਾ ਰਹੇ ਹਨ।

ਉਨ੍ਹਾਂ ਨੇ ਐਕਸ 'ਤੇ ਲਿਖਿਆ, ''ਉਹ ਅੱਗ ਦੀ ਦੁਰਘਟਨਾ 'ਚ ਜ਼ਖਮੀ ਹੋਏ ਲੋਕਾਂ ਦੀ ਸਹਾਇਤਾ ਦੀ ਨਿਗਰਾਨੀ ਕਰਨਗੇ।”

“ਉਹ ਇਸ ਮੰਦਭਾਗੀ ਘਟਨਾ ਵਿੱਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਜਲਦੀ ਭਾਰਤ ਪਹੁੰਚਾਉਣ ਲਈ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਕਰਨਗੇ।"

ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ,“ਅੰਬੈਸੀ ਨੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਦੇ ਸੰਪਰਕ ਕਰਨ ਲਈ ਹੈਲਪਲਾਈਨ +965-65505246 ਕਾਇਮ ਕੀਤੀ ਹੈ (ਵਟਸਐਪ ਅਤੇ ਸਧਾਰਨ ਕਾਲ)। ਇਸ ਹੈਲਪਲਾਈਨ ਜ਼ਰੀਏ ਨਿਯਮਤ ਅਪਡੇਟ ਮੁਹਈਆ ਕਰਵਾਈ ਜਾ ਰਹੀ ਹੈ।“

ਅਗਨੀ ਕਾਂਡ ਦਾ ਚਸ਼ਮਦੀਦ

ਤਾਮਿਲਨਾਡੂ ਦਾ ਮਣੀਕੰਦਨ ਕੁਵੈਤ ਵਿੱਚ ਮਜ਼ਦੂਰ ਵਜੋਂ ਕੰਮ ਕਰਦਾ ਹੈ। ਉਸਨੇ ਅੱਗ ਦੀ ਇਸ ਘਟਨਾ ਬਾਰੇ ਬੀਬੀਸੀ ਤਮਿਲ ਨਾਲ ਗੱਲ ਕੀਤੀ।

ਮਣੀਕੰਦਨ ਨੇ ਕਿਹਾ, "ਮੈਂ ਨੇੜੇ ਇੱਕ ਅਪਾਰਟਮੈਂਟ ਵਿੱਚ ਰਹਿੰਦਾ ਹਾਂ, ਜਿੱਥੇ ਅੱਗ ਲੱਗਣ ਦੀ ਘਟਨਾ ਵਾਪਰੀ ਸੀ। ਕਿਉਂਕਿ ਗਰਮੀਆਂ ਦਾ ਮੌਸਮ ਹੈ, ਇਸ ਲਈ ਜ਼ਿਆਦਾਤਰ ਕਰਮਚਾਰੀ ਰਾਤ ਦੀਆਂ ਸ਼ਿਫਟਾਂ ਵਿੱਚ ਕੰਮ ਕਰ ਰਹੇ ਹਨ। ਕੁਝ ਕਰਮਚਾਰੀ, ਜੋ ਰਾਤ ਦੀ ਸ਼ਿਫਟ ਵਿੱਚ ਕੰਮ ਕਰਨ ਤੋਂ ਬਾਅਦ ਸਵੇਰੇ ਵਾਪਸ ਪਰਤ ਰਹੇ ਸਨ, ਉਹ ਖਾਣਾ ਬਣਾ ਰਹੇ ਸਨ। ਜਿਵੇਂ ਹੀ ਅੱਗ ਲੱਗੀ, ਇਮਾਰਤ ਵਿੱਚ ਮੌਜੂਦ ਲੋਕ ਅੱਗ 'ਤੇ ਕਾਬੂ ਪਾਉਣ ਦੀ ਸਥਿਤੀ ਵਿੱਚ ਨਹੀਂ ਸਨ।

"ਇਮਾਰਤ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਭਾਰਤ ਦੇ ਸਨ, ਮੁੱਖ ਤੌਰ 'ਤੇ ਕੇਰਲ ਅਤੇ ਤਾਮਿਲਨਾਡੂ ਤੋਂ, ਮੈਂ ਉਸ ਇਮਾਰਤ ਵਿੱਚ ਰਹਿੰਦੇ ਕਿਸੇ ਨੂੰ ਨਹੀਂ ਜਾਣਦਾ, ਪਰ ਮੈਂ ਅੱਗ ਦੇ ਦੌਰਾਨ ਫੈਲੇ ਧੂੰਏਂ ਕਾਰਨ ਬਹੁਤ ਸਾਰੇ ਲੋਕਾਂ ਨੂੰ ਦਮ ਘੁੱਟਦੇ ਦੇਖਿਆ, ਉਹ ਉਸ ਵੇਲੇ ਸੌਂ ਰਹੇ ਸੀ ਕਿਉਂਕਿ ਸਵੇਰ ਦਾ ਸਮਾਂ ਸੀ।"

ਮ੍ਰਿਤਕਾਂ ਦੀ ਨਹੀਂ ਹੋ ਪਾ ਰਹੀ ਸ਼ਨਾਖ਼ਤ

ਬੀਬੀਸੀ ਪੱਤਰਕਾਰ ਇਮਰਾਨ ਕੂਰੈਸ਼ੀ ਦੀ ਰਿਪੋਰਟ ਮੁਤਾਬਕ ਦੱਖਣ ਭਾਰਤੀ ਸੂਬੇ ਕੇਰਲ ਦੇ ਉਮਰੂਦੀਨ ਸ਼ਾਮੀਰ ਦਾ ਪਿਛੋਕੜ ਕੋਲ਼ਮ ਦਾ ਹੈ। ਉਸ ਦੇ ਮਾਪੇ ਇੰਨੇ ਸਦਮੇ ਵਿੱਚ ਹਨ ਕਿ ਉਨ੍ਹਾਂ ਦੇ ਫੋਨ ਵੀ ਗੁਆਂਢੀ ਸੁਣ ਰਹੇ ਹਨ।

29 ਸਾਲਾ ਡਰਾਇਵਰ ਭਾਰਤ ਮੂਲ ਦੇ ਵਿਅਕਤੀ ਦੀ ਮਾਲਕੀ ਵਾਲੀ ਤੇਲ ਕੰਪਨੀ ਵਿੱਚ ਬਤੌਰ ਡਰਾਇਵਰ ਕੰਮ ਕਰਦਾ ਸੀ। ਉਮਰੂਦੀਨ ਉਨ੍ਹਾਂ ਲੋਕਾਂ ਵਿੱਚੋਂ ਇੱਕ ਹੈ ਜੋ ਅਗਨੀ ਕਾਂਡ ਦੌਰਾਨ ਜਿੰਦਾ ਸੜ੍ਹ ਗਏ।

ਬੀਬੀਸੀ ਨਾਲ ਫੋਨ ਉੱਤੇ ਗੱਲ ਕਰਦਿਆਂ ਉਮਰੂਦੀਨ ਦੇ ਗੁਆਂਢੀ ਨੇ ਫੋਨ ਉੱਤੇ ਦੱਸਿਆ, ‘‘ਪਰਿਵਾਰ ਕੁਝ ਘੰਟੇ ਪਹਿਲਾਂ ਹੀ ਇਹ ਮਨਹੂਸ ਖ਼ਬਰ ਮਿਲੀ ਹੈ। ਮ੍ਰਿਤਕ ਨੌਜਵਾਨ ਦਾ ਅਜੇ 9 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਉਸ ਦੇ ਮਾਪੇ ਗੱਲ ਕਰਨ ਦੀ ਹਾਲਤ ਵਿੱਚ ਨਹੀਂ ਹਨ।’’

ਕੁਵੈਤ ਤੋਂ ਉਮਰੂਦੀਨ ਦੇ ਦੋਸਤ ਨੌਫਲ ਨੇ ਦੱਸਿਆ, ‘‘ਮੈ ਉਸ ਦੇ ਪਰਿਵਾਰ ਬਾਰੇ ਤਾਂ ਬਹੁਤਾ ਕੁਝ ਜਾਣਦਾ ਨਹੀਂ, ਪਰ ਅਸੀਂ ਇੱਕ ਕੰਪਨੀ ਵਿੱਚ ਕੰਮ ਕਰਦੇ ਹਾਂ। ਜਿਸ ਇਮਾਰਤ ਨੂੰ ਅੱਗ ਲੱਗੀ ਹੈ, ਮੈਂ ਉਸ ਤੋਂ ਤਿੰਨ ਇਮਾਰਤਾਂ ਦੂਰ ਰਹਿੰਦਾ ਹਾਂ। ਉਮਰੂਦੀਨ ਗੈਰਹੁਨਰਮੰਦ ਕਾਮਾ ਸੀ, ਇਹ ਕਹਿਣਾ ਮੁਸ਼ਕਲ ਹੈ ਕਿ ਕੌਣ ਅੱਗ ਲੱਗਣ ਵੇਲੇ ਇਮਾਰਤ ਵਿੱਚ ਸੀ ਕੌਣ ਨਹੀਂ। ਕਿਉਂ ਕਿ ਅਸੀਂ ਸਾਰੇ ਸ਼ਿਫਟਾਂ ਵਿੱਚ ਕੰਮ ਕਰਦੇ ਹਾਂ।’’

ਤੜਕੇ ਕਰੀਬ ਡੇਢ ਵਜੇ 7 ਜਣਿਆਂ ਦਾ ਇੱਕ ਗਰੁੱਪ ਸ਼ਿਫਟ ਉੱਤੇ ਗਿਆ ਸੀ। ਉਹ ਵਾਪਸ ਆ ਗਏ ਹਨ, ਉਹ ਵੀ ਗਹਿਰੇ ਸਦਮੇ ਵਿੱਚ ਹਨ।

ਨੌਫਲ ਮੁਤਾਬਕ ਬਹੁਤੇ ਪੀੜਤ ਕਾਮੇ ਤਮਿਲਨਾਡੂ ਅਤੇ ਕੇਰਲਾ ਦੇ ਸਨ। ਕੁਝ ਹੋਰ ਮੁਲਕਾਂ ਦੇ ਲੋਕ ਵੀ ਇਸ ਇਮਾਰਤ ਵਿੱਚ ਰਹਿ ਰਹੇ ਸਨ।

ਕੇਰਲਾ ਮੁਸਲਿਮ ਸੱਭਿਆਚਾਰਕ ਕੇਂਦਰ ਦੇ ਕੁਵੈਤ ਯੂਨਿਟ ਦੇ ਪ੍ਰਧਾਨ ਸੈਰਫੂਦੀਨ ਕੋਨੇਤੂ ਨੇ ਬੀਬੀਸੀ ਨੂੰ ਦੱਸਿਆ, ‘‘ਅਸੀਂ ਮਰ ਚੁੱਕੇ ਵਿਅਕਤੀਆਂ ਦੀ ਸ਼ਨਾਖ਼ਤ ਅਤੇ ਜਖਮੀਆਂ ਦੇ ਇਲਾਜ ਵਿੱਚ ਲੱਗੇ ਹੋਏ ਹਾਂ। ਮਰ ਚੁੱਕੇ ਵਿਅਕਤੀਆਂ ਵਿੱਚੋਂ ਕਈਆਂ ਦੀ ਸ਼ਨਾਖ਼ਤ ਬਹੁਤ ਮੁਸ਼ਕਿਲ ਹੈ, ਕਿਉਂ ਕਿ ਅੱਗੇ ਬੇਸਮੈਂਟ ਤੋਂ ਲੱਗੀ ਅਤੇ ਪੂਰੀ ਬਿਲਡਿੰਗ ਲਪਟਾਂ ਦੀ ਲਪੇਟ ਵਿੱਚ ਆ ਗਈ। ਹੁਣ 11 ਭਾਰਤੀਆਂ ਦੀ ਪਛਾਣ ਹੋ ਚੁੱਕੀ ਹੈ ਅਤੇ 2 ਗੰਭੀਰ ਹਾਲਤ ਵਿੱਚ ਹਨ। ਮਰਨ ਵਾਲਿਆਂ ਦੀ ਪਛਾਣ ਲ਼ਈ ਡੀਐੱਨਏ ਟੈਸਟ ਦੀ ਲੋੜ ਪਵੇਗੀ।’’

'ਕੁਵੈਤ ਲਈ ਇਹ ਇੱਕ ਉਦਾਸ ਦਿਨ ਹੈ'

ਸਥਾਨਕ ਅਖਬਾਰ 'ਟਾਈਮਜ਼ ਆਫ ਕੁਵੈਤ' ਦੇ ਸੰਪਾਦਕ ਰੇਵੇਨ ਡਿਸੂਜ਼ਾ ਨੇ ਬੀਬੀਸੀ ਪੱਤਰਕਾਰ ਮੋਹਨ ਲਾਲ ਸ਼ਰਮਾ ਨੂੰ ਦੱਸਿਆ, ''ਕੁਵੈਤ 'ਚ ਅੱਗ ਲੱਗਣ ਦੀਆਂ ਘਟਨਾਵਾਂ ਪਹਿਲਾਂ ਵੀ ਵਾਪਰ ਚੁੱਕੀਆਂ ਹਨ। ਇੰਨੇ ਲੋਕ ਪਹਿਲਾਂ ਕਦੇ ਨਹੀਂ ਮਰੇ ਸਨ। ਇਸ ਲਿਹਾਜ਼ ਨਾਲ ਇਹ ਬਹੁਤ ਵੱਡੀ ਘਟਨਾ ਹੈ।"

“ਭਾਰਤੀ ਭਾਈਚਾਰਾ ਅਤੇ ਕੁਵੈਤ ਦੇ ਲੋਕ ਵੀ ਘਬਰਾਏ ਹੋਏ ਹਨ। ਅੱਜ ਸਵੇਰ ਤੋਂ ਅਸੀਂ ਸਾਰੇ ਇਸ ਖ਼ਬਰ ਨੂੰ ਲੈ ਕੇ ਚਿੰਤਤ ਹਾਂ। ਇੱਥੇ ਦਾ ਮਾਹੌਲ ਬਹੁਤ ਉਦਾਸ ਹੈ। ਅਸੀਂ ਇਸ ਘਟਨਾ ਬਾਰੇ ਸੋਚ ਵੀ ਨਹੀਂ ਸਕਦੇ ਸੀ।"

ਭਾਰਤ ਦੇ ਵੱਖ-ਵੱਖ ਇਲਾਕਿਆਂ ਤੋਂ ਕੁਵੈਤ ਵਿੱਚ ਕੰਮ ਕਰਨ ਲਈ ਆਉਣ ਵਾਲੇ ਲੋਕ ਉੱਥੇ ਕਿਸ ਤਰ੍ਹਾਂ ਹਾਲਾਤਾਂ ਵਿੱਚ ਰਹਿੰਦੇ ਹਨ?

ਇਸ ਸਵਾਲ 'ਤੇ ਰੇਵੇਨ ਡਿਸੂਜ਼ਾ ਨੇ ਕਿਹਾ, ''ਇਹ ਨਹੀਂ ਕਿਹਾ ਜਾ ਸਕਦਾ ਕਿ ਇੱਥੇ ਸਾਰੇ ਲੋਕ ਬੁਰੇ ਹਾਲਾਤ 'ਚ ਰਹਿੰਦਾ ਹੈ। ਬਹੁਤ ਸਾਰੇ ਲੋਕਾਂ ਦੇ ਹਾਲਾਤ ਚੰਗੇ ਹਨ ਪਰ ਕਈ ਵਾਰ ਮਾਮੂਲੀ ਉਲੰਘਣਾਵਾਂ ਹੁੰਦੀਆਂ ਰਹਿੰਦੀਆਂ ਹਨ।"

“ਇਹ ਮਜ਼ਦੂਰ ਜਿੱਥੇ ਰਹਿੰਦੇ ਹਨ, ਕੰਪਨੀ ਉਨ੍ਹਾਂ ਨੂੰ ਚੰਗੀ ਤਨਖਾਹ ਅਤੇ ਰਹਿਣ ਲਈ ਚੰਗੀ ਜਗ੍ਹਾ ਪ੍ਰਦਾਨ ਕਰਦੀ ਹੈ। ਇਸੇ ਲਈ ਲੋਕ ਕੁਵੈਤ ਆਉਣਾ ਚਾਹੁੰਦੇ ਹਨ।”

“ਪਰ ਕਈ ਵਾਰ ਅਚਾਨਕ ਕੁਝ ਅਜਿਹਾ ਹੋ ਜਾਂਦਾ ਹੈ, ਜਿਸ ਬਾਰੇ ਅਸੀਂ ਸੋਚਿਆ ਵੀ ਨਹੀਂ ਹੁੰਦਾ। ਉਲੰਘਣ ਬਾਰੇ ਅਜੇ ਵੀ ਜਾਂਚ ਜਾਰੀ ਹੈ ਅਤੇ ਇਹ ਪਤਾ ਲਗਾਇਆ ਜਾਵੇਗਾ ਕਿ ਲੋਕਾਂ ਦੀ ਮੌਤ ਕਿਵੇਂ ਹੋਈ।"

“ਇਹ ਕੁਵੈਤ ਅਤੇ ਸਾਡੇ ਸਾਰਿਆਂ ਲਈ ਬਹੁਤ ਉਦਾਸ ਦਿਨ ਹੈ।”

“ਪ੍ਰਧਾਨ ਮੰਤਰੀ ਮੋਦੀ ਜੀ ਨੇ ਵੀ ਇਸ 'ਤੇ ਟਵੀਟ ਕੀਤਾ ਹੈ ਅਤੇ ਹਿਜ਼ ਹਾਈਨੈਸ ਆਮਿਰ ਨੇ ਵੀ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ। ਮੈਨੂੰ ਲੱਗਦਾ ਹੈ ਕਿ ਇਹ ਘਟਨਾ ਬਹੁਤ ਸਾਰੀਆਂ ਗਲਤੀਆਂ ਨੂੰ ਸੁਧਾਰਨ ਦੀ ਸ਼ੁਰੂਆਤ ਕਰੇਗੀ।”

“ਜਿਹੜੇ ਲੋਕ ਗਲਤ ਕੰਮ ਕਰ ਰਹੇ ਸਨ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਗਈ ਹੈ।"

ਰੇਵੇਨ ਡਿਸੂਜ਼ਾ ਨੇ ਕਿਹਾ ਕਿ ਮਰਨ ਵਾਲੇ ਬਹੁਤੇ ਲੋਕ ਤੇਲ ਸੋਧਕ ਕਾਰਖਾਨਿਆਂ ਵਿੱਚ ਕੰਮ ਕਰਦੇ ਸਨ।

ਅੱਗ ਕਿਵੇਂ ਲੱਗੀ

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਘਟਨਾ 'ਚ ਘੱਟੋ-ਘੱਟ 15 ਲੋਕ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।

ਕੁਵੈਤ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਮੇਜਰ ਜਨਰਲ ਈਦ ਅਲ-ਅਵੇਹਾਨ ਨੇ ਸਰਕਾਰੀ ਟੈਲੀਵਿਜ਼ਨ ਨੂੰ ਦੱਸਿਆ ਕਿ ਬੁੱਧਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 6 ਵਜੇ ਇੱਕ ਬਹੁ-ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗ ਗਈ।

ਉਨ੍ਹਾਂ ਇਹ ਵੀ ਕਿਹਾ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਰਾਹਤ ਕਾਰਜ ਜਾਰੀ ਹਨ।

ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਜਾ ਰਹੀ ਵੀਡੀਓ 'ਚ ਇਮਾਰਤ ਦੇ ਹੇਠਲੇ ਹਿੱਸੇ 'ਚ ਅੱਗ ਅਤੇ ਉਪਰਲੀ ਮੰਜ਼ਿਲ ਤੋਂ ਸੰਘਣਾ ਕਾਲਾ ਧੂੰਆਂ ਨਿਕਲਦਾ ਦੇਖਿਆ ਜਾ ਸਕਦਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਅੱਗ ਕੁਵੈਤ ਦੇ ਮੰਗਾਫ਼ ਇਲਾਕੇ 'ਚ ਇੱਕ ਛੇ ਮੰਜ਼ਿਲਾ ਇਮਾਰਤ ਦੀ ਰਸੋਈ ਤੋਂ ਸ਼ੁਰੂ ਹੋਈ ਸੀ।

ਇਸ ਇਮਾਰਤ ਵਿੱਚ ਜ਼ਿਆਦਾਤਰ ਪਰਵਾਸੀ ਮਜ਼ਦੂਰ ਰਹਿੰਦੇ ਹਨ। ਰਿਪੋਰਟਾਂ ਮੁਤਾਬਕ ਮਰਨ ਵਾਲਿਆਂ ਵਿੱਚ 5 ਭਾਰਤੀ ਨਾਗਰਿਕ ਵੀ ਸ਼ਾਮਲ ਹਨ।

ਸਮਰੱਥਾ ਤੋਂ ਵੱਧ ਲੋਕ ਰਹਿ ਰਹੇ ਸਨ

ਸਥਾਨਕ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਉਸ ਇਮਾਰਤ ਵਿੱਚ ਸਮਰੱਥਾ ਤੋਂ ਵੱਧ ਲੋਕ ਰਹਿ ਰਹੇ ਸਨ।

ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਸਰਕਾਰੀ ਟੈਲੀਵਿਜ਼ਨ ਨੂੰ ਦੱਸਿਆ ਕਿ ਘਟਨਾ ਦੇ ਸਮੇਂ ਇਮਾਰਤ 'ਚ ਵੱਡੀ ਗਿਣਤੀ 'ਚ ਲੋਕ ਮੌਜੂਦ ਸਨ।

ਉਨ੍ਹਾਂ ਕਿਹਾ, "ਦਰਜ਼ਨਾਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ ਪਰ ਅੱਗ ਤੋਂ ਉੱਠੇ ਧੂੰਏ ਵਿੱਚ ਦਮ ਘੁੱਟਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ।"

ਪੁਲਿਸ ਅਧਿਕਾਰੀ ਨੇ ਇਹ ਵੀ ਕਿਹਾ ਕਿ ਅਜਿਹੀਆਂ ਰਿਹਾਇਸ਼ੀ ਇਮਾਰਤਾਂ ਵਿੱਚ ਸਮਰੱਥਾ ਤੋਂ ਵੱਧ ਲੋਕਾਂ ਦੇ ਰਹਿਣ ਦੇ ਮਾਮਲੇ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਚੇਤਾਵਨੀਆਂ ਦਿੱਤੀਆਂ ਜਾ ਚੁੱਕੀਆਂ ਹਨ।

ਹਾਦਸੇ 'ਚ ਜ਼ਖਮੀ ਹੋਏ ਮਜ਼ਦੂਰ ਕਿਸ ਦੇਸ਼ ਨਾਲ ਸਬੰਧਤ ਸਨ ਜਾਂ ਉਹ ਕਿਸ ਤਰ੍ਹਾਂ ਦਾ ਕੰਮ ਕਰਦੇ ਸਨ, ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਇਮਾਰਤ 'ਚ 160 ਕਰਮਚਾਰੀ ਮੌਜੂਦ ਸਨ।

ਸਾਰੇ ਕਰਮਚਾਰੀ ਇੱਕੋ ਕੰਪਨੀ ਵਿੱਚ ਕੰਮ ਕਰਦੇ ਹਨ।

ਕੁਵੈਤ ਦੇ ਉਪ ਪ੍ਰਧਾਨ ਮੰਤਰੀ ਨੇ ਕੀ ਕਿਹਾ?

ਕੁਵੈਤ ਦੇ ਉਪ ਪ੍ਰਧਾਨ ਮੰਤਰੀ ਸ਼ੇਖ ਫਾਹਦ ਯੂਸਫ ਅਲ-ਸਬਾਹ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ।

ਸ਼ੇਖ ਫਾਹਦ ਯੂਸਫ ਅਲ-ਸਬਾਹ ਦੇਸ਼ ਦੇ ਗ੍ਰਹਿ ਮੰਤਰੀ ਵੀ ਹਨ।

ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਾਇਦਾਦ ਮਾਲਕਾਂ ਦਾ ਲਾਲਚ ਹੀ ਇਸ ਘਟਨਾ ਦਾ ਕਾਰਨ ਹੈ।

ਉਨ੍ਹਾਂ ਨੇ ਸਮਾਚਾਰ ਏਜੰਸੀ ਰਾਇਟਰਜ਼ ਨਾਲ ਗੱਲਬਾਤ ਦੌਰਾਨ ਕਿਹਾ, “ਉਨ੍ਹਾਂ ਨੇ ਨਿਯਮਾਂ ਨੂੰ ਤੋੜਿਆ ਅਤੇ ਇਹ ਨਤੀਜਾ ਹੈ।”

ਕੁਵੈਤੀ ਮੀਡੀਆ ਰਿਪੋਰਟਾਂ ਮੁਤਾਬਕ ਇਸ ਇਮਾਰਤ ਵਿੱਚ ਸਮਰੱਥਾ ਤੋਂ ਵੱਧ ਲੋਕ ਰਹਿ ਰਹੇ ਸਨ।

ਗ੍ਰਹਿ ਮੰਤਰੀ ਨੇ ਕਿਹਾ ਹੈ ਕਿ ਜਾਇਦਾਦ ਕਾਨੂੰਨ ਦੀ ਉਲੰਘਣਾ ਦੀ ਜਾਂਚ ਕੀਤੀ ਜਾਵੇਗੀ।

ਭਾਰਤੀ ਦੂਤਾਵਾਸ ਨੇ ਇਸ ਦੁਖਦਾਈ ਘਟਨਾ ਤੋਂ ਬਾਅਦ ਇੱਕ ਹੈਲਪਲਾਈਨ ਨੰਬਰ +965-65505246 ਜਾਰੀ ਕੀਤਾ ਹੈ।

ਲੋਕ ਮਦਦ ਲਈ ਇਸ ਨੰਬਰ 'ਤੇ ਕਾਲ ਕਰ ਸਕਦੇ ਹਨ।

ਕੁਵੈਤ ਵਿੱਚ ਦੋ ਤਿਹਾਈ ਆਬਾਦੀ ਪਰਵਾਸੀ ਮਜ਼ਦੂਰਾਂ ਦੀ ਹੈ। ਇਹ ਦੇਸ਼ ਵਿਦੇਸ਼ੀ ਕਾਮਿਆਂ 'ਤੇ ਨਿਰਭਰ ਹੈ, ਖ਼ਾਸ ਕਰਕੇ ਉਸਾਰੀ ਅਤੇ ਘਰੇਲੂ ਖੇਤਰਾਂ ਵਿੱਚ।

ਮਨੁੱਖੀ ਅਧਿਕਾਰ ਸਮੂਹਾਂ ਨੇ ਕਈ ਵਾਰ ਕੁਵੈਤ ਵਿੱਚ ਪਰਵਾਸੀਆਂ ਦੇ ਜੀਵਨ ਪੱਧਰ 'ਤੇ ਸਵਾਲ ਉਠਾਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)