You’re viewing a text-only version of this website that uses less data. View the main version of the website including all images and videos.
ਬਠਿੰਡਾ ’ਚ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰ ਦੇ ਕਤਲ ਬਾਰੇ ਪੁਲਿਸ ਨੇ ਬਦਲੀ ਸਾਰੀ ਥਿਉਰੀ
- ਲੇਖਕ, ਗਗਨਦੀਪ ਸਿੰਘ ਜੱਸੋਵਾਲ
- ਰੋਲ, ਬੀਬੀਸੀ ਪੱਤਰਕਾਰ
"ਮੇਰੇ ਭਰਾ ਨੇ ਨਸ਼ਿਆਂ ਵਿਰੁੱਧ ਲੜਦਿਆਂ ਆਪਣੀ ਜਾਨ ਦੇ ਦਿੱਤੀ ਕਿਉਂਕਿ ਜਸਵੀਰ ਨੂੰ ਡਰ ਸੀ ਕਿ ਕਿਤੇ ਉਸ ਦਾ ਪੁੱਤਰ ਨਸ਼ਾ ਵੇਚਣ ਵਾਲਿਆਂ ਦੇ ਜਾਲ ਵਿੱਚ ਨਾ ਫਸ ਜਾਵੇ।" ਇਹ ਸ਼ਬਦ ਹਨ ਜਗਸੀਰ ਸਿੰਘ ਦੇ, ਜੋ ਮ੍ਰਿਤਕ ਜਸਵੀਰ ਸਿੰਘ ਦੇ ਵੱਡੇ ਭਰਾ ਹਨ।
ਦਰਅਸਲ, ਜਸਵੀਰ ਸਿੰਘ ਦਾ ਬੀਤੇ ਸ਼ਨੀਵਾਰ ਯਾਨਿ 9 ਸਤੰਬਰ ਦੀ ਰਾਤ ਨੂੰ ਹਥਿਆਰਬੰਦ ਹਮਲਾਵਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ।
42-ਸਾਲਾ ਜਸਵੀਰ ਸਿੰਘ ਬਠਿੰਡਾ ਜ਼ਿਲ੍ਹੇ ਦੇ ਪਿੰਡ ਸਿਧਾਣਾ ਦੀ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰ ਸੀ ਜੋ ਕਮਿਊਨਿਟੀ ਪੁਲਿਸਿੰਗ ਦਾ ਕੰਮ ਕਰਦੀ ਹੈ।
ਬਠਿੰਡਾ ਪੁਲਿਸ ਮੁਤਾਬਕ ਸਿਰ 'ਤੇ ਸੱਟ ਲੱਗਣ ਕਾਰਨ ਅਤੇ ਜ਼ਿਆਦਾ ਖੂਨ ਵਗਣ ਕਾਰਨ ਜਸਵੀਰ ਦੀ ਮੌਤ ਹੋ ਗਈ ਸੀ।
ਪਹਿਲਾਂ ਕਮੇਟੀ ਮੈਂਬਰਾਂ ਨੇ ਸ਼ੱਕ ਜ਼ਾਹਿਰ ਕੀਤਾ ਸੀ ਕਿ ਨਸ਼ਾ ਤਸਕਰਾਂ ਵੱਲੋਂ ਜਸਵੀਰ ਦਾ ਕਤਲ ਕੀਤਾ ਗਿਆ ਹੈ ਪਰ ਪੁਲਿਸ ਮੁਤਾਬਕ ਇਹ ਸੱਚ ਨਹੀਂ ਹੈ।
9 ਸਤੰਬਰ ਦੀ ਰਾਤ ਕੀ ਹੋਇਆ ਸੀ
ਜਗਸੀਰ ਸਿੰਘ ਨੇ ਬੀਬੀਸੀ ਨਿਊਜ਼ ਨੂੰ ਦੱਸਿਆ ਕਿ ਜਸਵੀਰ ਸਿੰਘ ਇਕ ਤਲਾਕਸ਼ੁਦਾ ਵਿਅਕਤੀ ਸੀ ਤੇ ਆਪਣੇ ਨਾਬਾਲਗ਼ ਪੁੱਤਰ ਤਾਜਵੀਰ ਸਿੰਘ ਨਾਲ ਪਿੰਡ ਵਿੱਚ ਰਹਿੰਦਾ ਸੀ।
ਸ਼ਨੀਵਾਰ ਰਾਤ ਦਾ ਖਾਣਾ ਖਾਣ ਤੋਂ ਬਾਅਦ ਜਸਵੀਰ ਨੇ ਆਪਣੇ ਪੁੱਤਰ ਨੂੰ ਰਾਤ ਸੌਣ ਲਈ ਆਪਣੇ ਭਰਾ ਦੇ ਘਰ ਭੇਜ ਦਿੱਤਾ।
ਜਗਸੀਰ ਨੇ ਕਿਹਾ, "ਅਸੀਂ ਰਾਤ ਨੂੰ ਸੈਰ ਕਰ ਰਹੇ ਸੀ ਜਦੋਂ ਰਾਤ 8:50 ਵਜੇ ਇਹ ਘਟਨਾ ਵਾਪਰੀ ਤੇ ਅਸੀਂ ਤੁਰੰਤ ਮੌਕੇ 'ਤੇ ਪਹੁੰਚ ਗਏ।"
ਜਗਸੀਰ ਨੇ ਦੱਸਿਆ ਕਿ ਉਸ ਦੇ ਭਰਾ ਨੂੰ ਡਰ ਸੀ ਕਿ ਉਸ ਦਾ ਪੁੱਤਰ ਕਿਤੇ ਨਸ਼ੇ ਦੀ ਲਪੇਟ ਵਿਚ ਨਾ ਆ ਜਾਵੇ। ਉਹ ਆਪਣੇ ਪੁੱਤਰ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਨਸ਼ਾ ਰੋਕੂ ਕਮੇਟੀ ਦਾ ਮੈਂਬਰ ਬਣਿਆ ਸੀ।
ਜਗਸੀਰ ਨੇ ਕਿਹਾ, "ਅਸੀਂ ਇਸ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕਰਦੇ ਹਾਂ ਕਿਉਂਕਿ ਸਾਡੇ ਭਰਾ ਨੇ ਸਰਕਾਰ ਦੀ ਡਿਊਟੀ ਨਿਭਾਉਂਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ ਹੈ।"
- ਜਸਵੀਰ ਸਿੰਘ ਦਾ ਬੀਤੇ ਸ਼ਨੀਵਾਰ ਯਾਨਿ 9 ਸਤੰਬਰ ਦੀ ਰਾਤ ਨੂੰ ਹਥਿਆਰਬੰਦ ਹਮਲਾਵਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ।
- 42-ਸਾਲਾ ਜਸਵੀਰ ਸਿੰਘ ਬਠਿੰਡਾ ਜ਼ਿਲ੍ਹੇ ਦੇ ਪਿੰਡ ਸਿਧਾਣਾ ਦੀ ਨਸ਼ਾ ਵਿਰੋਧੀ ਕਮੇਟੀ ਦਾ ਮੈਂਬਰ ਸੀ।
- ਇਹ ਕਮੇਟੀ ਕਮਿਊਨਿਟੀ ਪੁਲਿਸਿੰਗ ਦਾ ਕੰਮ ਕਰਦੀ ਹੈ।
- ਪੁਲਿਸ ਮੁਤਾਬਕ ਮੌਤ ਦਾ ਕਾਰਨ ਸਿਰ 'ਤੇ ਸੱਟ ਲੱਗਣਾ ਅਤੇ ਜ਼ਿਆਦਾ ਖੂਨ ਵਗਣਾ ਹੈ।
- ਪਹਿਲਾਂ ਕਮੇਟੀ ਮੈਂਬਰਾਂ ਨੇ ਸ਼ੱਕ ਸੀ ਕਿ ਨਸ਼ਾ ਤਸਕਰਾਂ ਵੱਲੋਂ ਜਸਵੀਰ ਦਾ ਕਤਲ ਕੀਤਾ ਗਿਆ ਹੈ।
- ਪਰ ਪੁਲਿਸ ਮੁਤਾਬਕ ਜਾਂਚ ਦੌਰਾਨ ਕੁਝ ਹੋਰ ਸਾਹਮਣੇ ਆ ਰਿਹਾ।
ਦੋ ਵਿਅਕਤੀ ਹਿਰਾਸਤ ਲਏ
ਜਸਵੀਰ ਸਿੰਘ ਦੀ ਮੌਤ ’ਤੇ ਭੇਤ ਬਣਿਆ ਹੋਇਆ ਹੈ ਅਤੇ ਇਹ ਅਜੇ ਵੀ ਅਸਪੱਸ਼ਟ ਹੈ ਕਿ ਉਸ ਦਾ ਕਤਲ ਕਿਸ ਨੇ ਕੀਤਾ।
ਸਭ ਤੋਂ ਪਹਿਲਾਂ ਕਮੇਟੀ ਮੈਂਬਰਾਂ ਨੇ ਸ਼ਨੀਵਾਰ ਨੂੰ ਪੁਲਿਸ ਨੂੰ ਸੂਚਿਤ ਕੀਤਾ ਸੀ ਕਿ ਜਸਵੀਰ ਸਿੰਘ ਨੂੰ ਮੋਟਰਸਾਈਕਲ 'ਤੇ ਸਵਾਰ ਦੋ ਵਿਅਕਤੀਆਂ ਨੇ ਮਾਰ ਦਿੱਤਾ ਹੈ।
ਇਸ ਤੋਂ ਬਾਅਦ ਬਠਿੰਡਾ ਪੁਲਿਸ ਨੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਡੋਡ ਤੋਂ ਦੋਵੇਂ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਸੀ, ਇਨ੍ਹਾਂ 'ਤੇ ਨਸ਼ਾ ਤਸਕਰੀ ਦਾ ਸ਼ੱਕ ਸੀ।
ਇਨ੍ਹਾਂ ਦੀ ਪਛਾਣ ਨਿਰਮਲ ਸਿੰਘ ਅਤੇ ਜਤਿੰਦਰ ਸਿੰਘ ਵਜੋਂ ਹੋਈ ਹੈ। ਨਿਰਮਲ ਅਤੇ ਜਤਿੰਦਰ ਉਸਾਰੀ ਮਜ਼ਦੂਰ ਵਜੋਂ ਕੰਮ ਕਰਦੇ ਸਨ।
ਸਿਧਾਣਾ ਪਿੰਡ ਦੀ ਕਮੇਟੀ ਮੈਂਬਰਾਂ ਨੇ ਦਾਅਵਾ ਕੀਤਾ ਕਿ ਨਿਰਮਲ ਅਤੇ ਜਤਿੰਦਰ ਸਿੰਘ ਨੂੰ ਨਸ਼ਾ ਵਿਰੋਧੀ ਕਮੇਟੀ ਨੇ ਪਿੰਡ ਦੇ ਪਹਿਲੇ ਨਾਕੇ 'ਤੇ ਰੋਕਿਆ ਸੀ ਪਰ ਉਹ ਨਹੀਂ ਰੁਕੇ ਅਤੇ ਪਿੰਡ 'ਚ ਵੜ ਗਏ।
ਕਮੇਟੀ ਮੈਂਬਰਾਂ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਸਾਥੀਆਂ ਨੂੰ ਸੁਚੇਤ ਕੀਤਾ ਅਤੇ ਜਦੋਂ ਉਨ੍ਹਾਂ ਨੇ ਸ਼ੱਕੀ ਵਿਅਕਤੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਜਸਵੀਰ ਸਿੰਘ ਦੀ ਮੌਤ ਹੋ ਗਈ।
ਇਸ ਤੋਂ ਬਾਅਦ ਪੁਲਿਸ ਨੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਅਤੇ ਨਿਰਮਲ ਤੇ ਜਤਿੰਦਰ ਦੇ ਖ਼ਿਲਾਫ਼ ਫੂਲ ਥਾਣੇ ਵਿੱਚ ਧਾਰਾ 302 (ਕਤਲ ਦੀ ਸਜ਼ਾ) ਤਹਿਤ ਮਾਮਲਾ ਦਰਜ ਕਰ ਲਿਆ।
ਪੁਲਿਸ ਜਾਂਚ 'ਚ ਕੀ ਆਇਆ ਸਾਹਮਣੇ
ਪੁਲਿਸ ਸੂਤਰਾਂ ਨੇ ਖੁਲਾਸਾ ਕੀਤਾ ਕਿ ਇੱਕ ਘਟਨਾ ਵਾਲੀ ਥਾਂ ਤੋਂ ਸੀਸੀਟੀਵੀ ਫੁਟੇਜ ਮਿਲੀ ਜੋ ਬਾਅਦ ਵਿੱਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ, ਜਿਸ ਵਿੱਚ ਕਥਿਤ ਤੌਰ 'ਤੇ ਇੱਕ ਬਾਈਕ 'ਤੇ ਦੋ ਵਿਅਕਤੀ ਕਮੇਟੀ ਦੇ ਮੈਂਬਰਾਂ ਕੋਲੋਂ ਤੇਜ਼ੀ ਨਾਲ ਲੰਘਦੇ ਹੋਏ ਨਜ਼ਰ ਆ ਰਹੇ ਹਨ।
ਇਸ ਫੁਟੇਜ 'ਚ ਜਸਵੀਰ ਸਮੇਤ ਤਿੰਨ ਕਮੇਟੀ ਮੈਂਬਰ, ਚੱਲਦੀ ਬਾਈਕ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਵੀ ਨਜ਼ਰ ਆ ਰਹੇ ਹਨ।
ਇਸ ਦੇ ਤਹਿਤ ਹੁਣ ਪੁਲਿਸ ਇਸ ਕਤਲ ਕੇਸ ਵਿੱਚ ਕਮੇਟੀ ਮੈਂਬਰਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ।
ਪੁਲਿਸ ਸੂਤਰਾਂ ਨੇ ਇਹ ਵੀ ਦੱਸਿਆ ਕਿ ਜਤਿੰਦਰ ਅਤੇ ਨਿਰਮਲ ਪਿੰਡ ਵਿੱਚ ਇੱਕ ਦੋਸਤ ਨੂੰ ਮਿਲਣ ਆਏ ਸਨ।
ਫੂਲ ਦੇ ਉਪ ਪੁਲਿਸ ਕਪਤਾਨ ਮੋਹਿਤ ਅਗਰਵਾਲ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਜਤਿੰਦਰ ਤੇ ਨਿਰਮਲ ਨਸ਼ਾ ਤਸਕਰ ਨਹੀਂ ਸਨ ਅਤੇ ਇਸ ਘਟਨਾ ਦਾ ਨਸ਼ਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।
ਪਿੰਡ ਵਾਸੀਆਂ ਅਤੇ ਦੋਵਾਂ ਮੁਲਜ਼ਮਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਮੋਹਿਤ ਅੱਗੇ ਦੱਸਦੇ ਹਨ, "ਘਟਨਾ ਵਾਲੀ ਥਾਂ 'ਤੇ ਹਾਜ਼ਰ ਕਮੇਟੀ ਮੈਂਬਰਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਤਿੰਦਰ ਅਤੇ ਨਿਰਮਲ ਹਾਲੇ ਵੀ ਹਿਰਾਸਤ ਵਿੱਚ ਹਨ ਪਰ ਗ੍ਰਿਫ਼ਤਾਰ ਨਹੀਂ ਕੀਤੇ ਹਨ।"
ਬਠਿੰਡਾ ਦੇ ਸੀਨੀਅਰ ਪੁਲਿਸ ਕਪਤਾਨ ਗੁਲਨੀਤ ਸਿੰਘ ਖੁਰਾਣਾ ਨੇ ਬੀਬੀਸੀ ਨਿਊਜ਼ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੋਵੇਂ ਮੁਲਜ਼ਮ ਬੇਕਸੂਰ ਹਨ ਅਤੇ ਅਸਲ ਦੋਸ਼ੀ ਦੀ ਭਾਲ ਜਾਂਚ ਜਾਰੀ ਹੈ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਦਿਆਂ ਇਲਜ਼ਾਮ ਲਾਇਆ ਕਿ ਜਸਵੀਰ ਦਾ ਕਤਲ ਇੱਕ ਸਾਥੀ ਕਮੇਟੀ ਮੈਂਬਰ ਨੇ ਕੀਤਾ ਸੀ ਜਿਸ ਨੇ ਬਾਅਦ ਵਿੱਚ ਪਿੰਡ ਵਾਸੀਆਂ ਅਤੇ ਪੁਲਿਸ ਨੂੰ ਗੁੰਮਰਾਹ ਕੀਤਾ ਸੀ।
ਉਨ੍ਹਾਂ ਨੇ ਦੱਸਿਆ ਕਿ ਜਸਵੀਰ ਦੀ ਲਾਸ਼ ਨੂੰ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ ਤੇ ਫਿਲਹਾਲ ਸਸਕਾਰ ਕਰਨ ਲਈ ਸਹਿਮਤੀ ਨਹੀਂ ਬਣੀ।
ਮੁਜ਼ਾਹਰਾਕਾਰੀਆਂ ਨੇ ਬਠਿੰਡਾ-ਚੰਡੀਗੜ੍ਹ ਹਾਈਵੇਅ ਕੀਤਾ ਸੀ ਜਾਮ
ਪਿੰਡ ਸਿਧਾਣਾ ਦੇ ਸਰਪੰਚ ਬੂਟਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕੌਮੀ ਮਾਰਗ ਤੋਂ ਧਰਨਾ ਚੁੱਕ ਲਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਹਨ ਅਤੇ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਪਿੰਡ ਵਿੱਚ ਮ੍ਰਿਤਕ ਜਸਵੀਰ ਸਿੰਘ ਦੇ ਨਾਂ ’ਤੇ ਲਾਇਬ੍ਰੇਰੀ ਵੀ ਬਣਾਈ ਜਾਵੇਗੀ।
ਦਰਅਸਲ, ਨਸ਼ਾ ਰੋਕੂ ਕਮੇਟੀ ਮੈਂਬਰਾਂ ਅਤੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਨੇ ਜਸਵੀਰ ਦੇ ਪਰਿਵਾਰ ਲਈ 15 ਲੱਖ ਰੁਪਏ ਮੁਆਵਜ਼ਾ ਅਤੇ ਕਰਜ਼ਾ ਮੁਆਫ਼ ਕਰਨ ਦੀ ਮੰਗ ਨੂੰ ਲੈ ਕੇ ਫੂਲ ਥਾਣੇ ਦੇ ਬਾਹਰ ਧਰਨਾ ਦਿੱਤਾ ਹੋਇਆ ਸੀ।
ਉਨ੍ਹਾਂ ਨੇ ਰਾਮਪੁਰਾ ਫੂਲ ਵਿੱਚ ਬਠਿੰਡਾ-ਚੰਡੀਗੜ੍ਹ ਹਾਈਵੇਅ ਨੂੰ ਜਾਮ ਕਰ ਦਿੱਤਾ ਸੀ।
ਜਸਵੀਰ ਸਿੰਘ ਕੋਲ 2.5 ਏਕੜ ਖੇਤੀਵਾੜੀ ਦੀ ਜ਼ਮੀਨ ਸੀ। ਸੋਮਵਾਰ ਨੂੰ ਕਮੇਟੀ ਮੈਂਬਰਾਂ ਅਤੇ ਬੀਕੇਯੂ ਦੇ ਕਾਰਕੁਨਾਂ ਨੇ ਜ਼ਿਲ੍ਹੇ ਦੇ ਰਾਮਪੁਰਾ ਕਸਬੇ ਵਿੱਚ ਬਠਿੰਡਾ ਅਤੇ ਚੰਡੀਗੜ੍ਹ ਕੌਮੀ ਮਾਰਗ ਜਾਮ ਕਰਨ ਦਾ ਐਲਾਨ ਕੀਤਾ।
ਪਿੰਡ ਸਿਧਾਣਾ ਦੇ ਸਰਪੰਚ ਬੂਟਾ ਸਿੰਘ ਨੇ ਦੱਸਿਆ ਕਿ ਪਿੰਡ ਦੀ ਨਸ਼ਾ ਵਿਰੋਧੀ ਕਮੇਟੀ ਵਿੱਚ ਕੁੱਲ 50-60 ਲੋਕ ਹਨ, ਜਿਸ ਵਿੱਚ 21 ਮੈਂਬਰੀ ਕਮੇਟੀ ਫ਼ੈਸਲੇ ਲੈਂਦੀ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ 5 ਤੋਂ 6 ਨਾਕੇ ਲੱਗਦੇ ਹਨ ਤੇ ਹਰ ਇੱਕ ਨਾਕੇ ਤੇ 4 ਤੋਂ 5 ਲੋਕ ਹੁੰਦੇ ਹਨ।
ਬੂਟਾ ਸਿੰਘ ਨੇ ਅੱਗੇ ਕਿਹਾ, "ਕਮੇਟੀ ਦਾ ਗਠਨ ਇੱਕ ਮਹੀਨਾ ਪਹਿਲਾਂ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਹੁਣ ਤੱਕ ਕਿਸੇ ਵੀ ਨਸ਼ਾ ਤਸਕਰ ਨੂੰ ਫੜਿਆ ਨਹੀਂ ਹੈ।"
ਰਾਮਪੁਰਾ ਸਬ-ਡਵੀਜ਼ਨ ਵਿੱਚ ਵੱਖ-ਵੱਖ ਪਿੰਡਾਂ ਦੀਆਂ 52 ਨਸ਼ਾ ਵਿਰੋਧੀ ਕਮੇਟੀਆਂ ਵਿੱਚ ਮਜ਼ਬੂਤ ਤਾਲਮੇਲ ਹੈ।
ਬਠਿੰਡਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਧਰਨਾਕਾਰੀਆਂ ਨਾਲ ਗੱਲਬਾਤ ਕਰ ਰਿਹਾ ਹੈ। ਬੀਕੇਯੂ ਦੇ ਬਿੱਕਰ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਇਹ ਪਤਾ ਲਗਾਉਣਾ ਚਾਹੀਦਾ ਹੈ ਕਿ ਇਹ ਘਟਨਾ ਕਿਵੇਂ ਵਾਪਰੀ, ਨਾ ਕਿ ਮਾਮਲੇ ਦੀ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਕੇ ਮਾਮਲੇ ਤੋਂ ਧਿਆਨ ਭਟਕਾਇਆ ਜਾਵੇ।
ਇੱਕ ਕਮੇਟੀ ਮੈਂਬਰ ਨੇ ਇਲਜ਼ਾਮ ਲਗਾਇਆ ਕਿ ਪੰਜਾਬ ਪੁਲਿਸ ਨੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਨਸ਼ਿਆਂ ਜਾਂ ਹਥਿਆਰਾਂ ਦੀ ਡਰੋਨ ਰਾਹੀਂ ਹੁੰਦੀ ਤਸਕਰੀ ਨਾਲ ਜੁੜੀ ਹੋਈ ਜਾਣਕਾਰੀ ਦੇਣ ਸੰਬੰਧੀ ਪੇਂਡੂ ਸੁਰੱਖਿਆ ਕਮੇਟੀਆਂ ਬਣਾਈਆਂ ਹਨ।
ਪਰ ਪੁਲਿਸ ਨੇ ਮਾਲਵਾ ਖੇਤਰ ਦੇ ਪਿੰਡਾਂ ਵਿੱਚ ਨਸ਼ਾ ਵਿਰੋਧੀ ਕਮੇਟੀਆਂ ਨੂੰ ਕੋਈ ਮਾਨਤਾ ਨਹੀਂ ਦਿੱਤੀ।
ਡੀਐੱਸਪੀ ਮੋਹਿਤ ਅਗਰਵਾਲ ਨੇ ਕਿਹਾ, "ਅਸੀਂ ਪਿੰਡਾਂ ਦੀਆਂ ਨਸ਼ਾ ਵਿਰੋਧੀ ਕਮੇਟੀਆਂ ਨੂੰ ਪੂਰਾ ਸਹਿਯੋਗ ਦੇ ਰਹੇ ਹਾਂ ਪਰ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦੇ ਸਕਦੇ।"
ਫਰੀਦਕੋਟ ਵਿੱਚ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰ ਨੂੰ ਅਗਸਤ ਵਿੱਚ ਤਸਕਰਾਂ ਨੇ ਗੋਲੀ ਮਾਰੀ ਸੀ।
ਫਰੀਦਕੋਟ ਵਿੱਚ 4 ਅਗਸਤ ਨੂੰ ਨਸ਼ਾ ਵਿਰੋਧੀ ਮੁਹਿੰਮ ਕਮੇਟੀ ਦੇ ਮੈਂਬਰ ਹਰਭਗਵਾਨ ਸਿੰਘ (35) ਨੂੰ ਕਥਿਤ ਤੌਰ 'ਤੇ ਨਸ਼ਾ ਤਸਕਰਾਂ ਨੇ ਕਤਲ ਕਰ ਦਿੱਤਾ ਸੀ।
ਫਰੀਦਕੋਟ ਦੇ ਪਿੰਡ ਢਿੱਲਵਾਂ ਖੁਰਦ ਦੇ ਰਹਿਣ ਵਾਲੇ ਮ੍ਰਿਤਕ ਨੌਜਵਾਨ ਨੂੰ ਨਸ਼ਾ ਤਸਕਰਾਂ ਅਤੇ ਕਮੇਟੀ ਮੈਂਬਰਾਂ ਵਿਚਾਲੇ ਹੋਏ ਝਗੜੇ ਦੌਰਾਨ ਗੋਲੀ ਮਾਰ ਦਿੱਤੀ ਗਈ।
ਪਿੰਡ ਦੇ ਵਸਨੀਕਾਂ ਨੇ ਅਨੁਸਾਰ ਕਿ ਉਨ੍ਹਾਂ ਨੇ ਪਿੰਡ ਵਿੱਚ ਨਸ਼ੇ ਵੇਚਣ ਵਾਲਿਆਂ 'ਤੇ ਨਿਗਰਾਨੀ ਰੱਖਣ ਲਈ ਇੱਕ ਕਮੇਟੀ ਬਣਾਈ ਹੋਈ ਸੀ ।
ਉਨ੍ਹਾਂ ਨੇ ਕਿਹਾ ਕਿ ਕਮੇਟੀ ਦੇ ਮੈਂਬਰਾਂ ਨੂੰ ਸੂਚਨਾ ਮਿਲੀ ਸੀ ਕਿ ਨਸ਼ੇ ਦੇ ਵਪਾਰ ਵਿੱਚ ਸ਼ਾਮਲ ਇੱਕ ਪਰਿਵਾਰ ਨੂੰ ਤੋਂ ਨਸ਼ਾ ਮਿਲਦਾ ਹੈ ਅਤੇ ਜਦੋਂ ਕਮੇਟੀ ਨੇ ਵਿਰੋਧ ਕੀਤਾ ਤਾਂ ਤਸਕਰਾਂ ਨੇ ਹਰਭਗਵਾਨ 'ਤੇ ਗੋਲੀਆਂ ਚਲਾ ਦਿੱਤੀਆਂ।