You’re viewing a text-only version of this website that uses less data. View the main version of the website including all images and videos.
ਜਦੋਂ ਆਪ੍ਰੇਸ਼ਨ ਬਲੂ ਸਟਾਰ ਮਗਰੋਂ ਇੰਦਰਾ ਗਾਂਧੀ ਨੇ ਅਕਾਲ ਤਖ਼ਤ ਦੀ ਮੁੜ ਉਸਾਰੀ ਲਈ ਸਿੱਖਾਂ ਨੂੰ ਮਨਾਉਣ ਦੀ ਜ਼ਿੰਮੇਵਾਰੀ ਬੂਟਾ ਸਿੰਘ ਨੂੰ ਸੌਂਪੀ ਸੀ
- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਦਲਿਤ ਆਗੂ ਬੂਟਾ ਸਿੰਘ ਬਾਰੇ ਬੋਲੇ ਗਏ ਕੁਝ ਸ਼ਬਦਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਵੜਿੰਗ ਨੂੰ ਐੱਸਸੀ ਕਮਿਸ਼ਨ, ਪੰਜਾਬ ਨੇ ਨੋਟਿਸ ਜਾਰੀ ਕੀਤਾ ਹੈ।
ਹਾਲਾਂਕਿ, ਵੜਿੰਗ ਨੇ ਸਫਾਈ ਦਿੰਦਿਆਂ ਕਿਹਾ ਹੈ ਕਿ ਬੂਟਾ ਸਿੰਘ ਉਹਨਾਂ ਲਈ ਬਹੁਤ ਸਤਿਕਾਰਯੋਗ ਹਨ। ਉਹਨਾਂ ਆਪਣੇ ਬਿਆਨ ਬਾਰੇ ਕਿਹਾ, 'ਜੇ ਕਿਸੇ ਵੀ ਵਿਅਕਤੀ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂ ਖਿਮਾ ਦਾ ਜਾਚਕ ਹਾਂ।
ਵੜਿੰਗ ਨੇ ਕਿਹਾ, "ਕਾਂਗਰਸ ਪਾਰਟੀ ਸਭਨਾਂ ਦਾ ਬਰਾਬਰ ਸਨਮਾਨ ਕਰਦੀ ਹੈ, ਕੁੱਝ ਲੋਕ ਜਾਣਬੁੱਝ ਕੇ ਸ਼ਬਦਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਹਨ।"
ਦਰਅਸਲ, ਤਰਨ ਤਾਰਨ ਵਿੱਚ ਜ਼ਿਮਨੀ ਚੋਣ ਪ੍ਰਚਾਰ ਦੌਰਾਨ ਆਪਣੇ ਇੱਕ ਭਾਸ਼ਣ ਦੌਰਾਨ ਵੜਿੰਗ ਦਲਿਤ ਆਗੂ ਬੂਟਾ ਸਿੰਘ ਨੂੰ ਕਾਂਗਰਸ ਪਾਰਟੀ ਵੱਲੋਂ ਗ੍ਰਹਿ ਮੰਤਰੀ ਬਣਾਏ ਜਾਣ ਦਾ ਹਵਾਲਾ ਦੇ ਰਹੇ ਸਨ, ਉਸੇ ਦੌਰਾਨ ਵਰਤੇ ਗਏ ਸ਼ਬਦਾਂ ਉਪਰ ਵਿਰੋਧੀਆਂ ਪਾਰਟੀਆਂ ਨੇ ਇਤਰਾਜ਼ ਪ੍ਰਗਟ ਕੀਤਾ ਸੀ।
ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਕਾਂਗਰਸ ਦੇ ਸੀਨੀਅਨ ਲੀਡਰ ਸਨ ਅਤੇ ਸਾਲ 2005 ਵਿੱਚ ਆਖ਼ਰੀ ਵਾਰ ਉਸ ਸਮੇਂ ਚਰਚ ਵਿੱਚ ਆਏ ਸਨ ਜਦੋਂ ਉਨ੍ਹਾਂ ਨੇ ਰਾਜਪਾਲ ਹੁੰਦਿਆਂ ਬਿਹਾਰ ਵਿਧਾਨ ਸਭਾ ਨੂੰ ਭੰਗ ਕਰਨ ਫੈਸਲਾ ਕੀਤਾ ਸੀ। ਉਸ ਤੋਂ ਪਹਿਲਾਂ ਉਨ੍ਹਾਂ ਨੂੰ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਅਕਾਲ ਤਖ਼ਤ ਦੀ ਮੁੜ ਉਸਾਰੀ ਕਰਵਾਉਣ ਕਰਕੇ ਅਲੋਚਨਾ ਦਾ ਸਾਹਮਣਾ ਕੀਤਾ ਸੀ।
ਬੂਟਾ ਸਿੰਘ ਕੌਣ ਸਨ?
21 ਮਾਰਚ 1934 ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਪਿੰਡ ਮੁਸਤਾਫਾਪੁਰ ਵਿੱਚ ਦਲਿਤ ਪਰਿਵਾਰ ਵਿੱਚ ਜਨਮੇ ਬੂਟਾ ਸਿੰਘ ਪਹਿਲਾਂ ਖੱਬੇਪੱਖੀ ਵਿਚਾਰਧਾਰਾ ਨਾਲ ਜੁੜੇ ਅਤੇ ਉਸ ਤੋਂ ਬਾਅਦ ਪਹਿਲੀ ਵਾਰ ਮੋਗਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਜਿੱਤ ਕੇ ਲੋਕ ਸਭਾ ਪਹੁੰਚੇ ਸਨ।
ਉਸ ਤੋਂ ਬਾਅਦ ਉਹ ਕਾਂਗਰਸ ਵਿੱਚ ਚਲੇ ਗਏ ਅਤੇ 1973-74 ਵਿੱਚ ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਹਰੀਜਨ ਸੈੱਲ ਦੇ ਕਨਵੀਨਰ ਬਣੇ ਅਤੇ 1978 ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਬਣੇ।
ਅੱਠ ਵਾਰ ਲੋਕ ਸਭਾ ਮੈਂਬਰ ਰਹੇ, ਬੂਟਾ ਸਿੰਘ 1962 ਵਿੱਚ ਪੰਜਾਬ ਦੇ ਮੋਗਾ ਲੋਕ ਸਭਾ ਹਲਕੇ ਤੋਂ ਸੰਸਦ ਵਿੱਚ ਪਹੁੰਚੇ ਸਨ। ਸਾਲ 1974 ਵਿੱਚ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ਰੇਲਵੇ ਦੇ ਉਪ ਮੰਤਰੀ ਦੇ ਅਹੁਦੇ 'ਤੇ ਤਰੱਕੀ ਦਿੱਤੀ। ਉਨ੍ਹਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਰੀਬੀ ਵਿਸ਼ਵਾਸਪਾਤਰ ਮੰਨਿਆ ਜਾਂਦਾ ਸੀ।
ਰਾਜੀਵ ਗਾਂਧੀ ਦੀ ਸਰਕਾਰ ਵਿੱਚ ਬੂਟਾ ਸਿੰਘ ਦੇਸ਼ ਦੇ ਗ੍ਰਹਿ ਮੰਤਰੀ ਬਣੇ ਅਤੇ ਕਈ ਰਾਜ ਸਰਕਾਰਾਂ 'ਤੇ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ 'ਵਿਰਾਸਤ ਛੱਡ ਗਏ'।
1981 ਵਿੱਚ, ਬੂਟਾ ਸਿੰਘ ਨੂੰ ਏਸ਼ੀਆਨ ਗੇਮਜ਼ ਲਈ ਪ੍ਰਬੰਧਕੀ ਕਮੇਟੀ ਦਾ ਚੇਅਰਪਰਸਨ ਬਣਾਇਆ ਗਿਆ, ਜੋ ਕਿ ਭਾਰਤ ਵਿੱਚ ਆਉਣ ਵਾਲੀਆਂ ਪਹਿਲੀਆਂ ਵੱਡੀਆਂ ਅੰਤਰਰਾਸ਼ਟਰੀ ਖੇਡਾਂ ਸਨ।
ਬੂਟਾ ਸਿੰਘ ਨੂੰ 2007 ਵਿੱਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ (NCSC) ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ 2010 ਤੱਕ ਇਸ ਅਹੁਦੇ 'ਤੇ ਕੰਮ ਕੀਤਾ।
ਉਹਨਾਂ ਦਾ 86 ਸਾਲ ਦੀ ਉਮਰ ਵਿੱਚ 2 ਜਨਵਰੀ, 2021 ਦੀ ਸਵੇਰੇ ਏਮਜ਼, ਦਿੱਲੀ ਵਿੱਚ ਦੇਹਾਂਤ ਹੋ ਗਿਆ ਸੀ। ਉਹਨਾਂ ਦੇ ਪਿਛਲੇ ਪਰਿਵਾਰ ਵਿੱਚ ਇੱਕ ਧੀ ਅਤੇ ਦੋ ਪੁੱਤਰ ਹਨ।
ਅਕਾਲ ਤਖ਼ਤ ਸਾਹਿਬ ਦੀ ਉਸਾਰੀ ਦੀ ਜ਼ਿੰਮੇਵਾਰੀ ਅਤੇ ਅਲੋਚਨਾ
ਜੂਨ 1984 ਦੇ ਪਹਿਲੇ ਹਫ਼ਤੇ ਭਾਰਤੀ ਫੌਜ ਦੇ ਦਰਬਾਰ ਸਾਹਿਬ ਕੰਪਲੈਕਸ ਉੱਤੇ ਕੀਤੇ ਹਮਲੇ ਨੂੰ 'ਆਪਰੇਸ਼ਨ ਬਲੂ ਸਟਾਰ' (ਸਾਕਾ ਨੀਲਾ ਤਾਰਾ) ਵਜੋਂ ਜਾਣਿਆ ਜਾਂਦਾ ਹੈ।
ਭਾਰਤ ਸਰਕਾਰ ਦੇ ਦਾਅਵੇ ਮੁਤਾਬਕ ਇਹ ਫੌਜੀ ਕਾਰਵਾਈ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਹਥਿਆਰਬੰਦ ਸਾਥੀਆਂ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਬਾਹਰ ਕੱਢਣ ਲਈ ਕੀਤੀ ਗਈ ਸੀ।
'ਅੰਮ੍ਰਿਤਸਰ : ਮਿਸਿਜ਼ ਗਾਂਧੀਜ਼ ਲਾਸਟ ਬੈਟਲ' ਕਿਤਾਬ ਵਿੱਚ ਲੇਖਕ ਮਾਰਕ ਟੁੱਲੀ ਅਤੇ ਸਤਿਸ਼ ਜੇਕਬ ਲਿਖਦੇ ਹਨ ਕਿ ਇੰਦਰਾ ਗਾਂਧੀ ਨੇ ਮੁਰੰਮਤ ਪੂਰੀ ਹੋਣ ਤੱਕ ਫੌਜ ਵਾਪਸ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਸੀ।
ਉਹ ਲਿਖਦੇ ਹਨ, "ਉਨ੍ਹਾਂ ਕਿਹਾ ਕਿ ਉਹ ਸਿੱਖਾਂ 'ਤੇ ਆਪਣੇ ਧਾਰਮਿਕ ਸਥਾਨਾਂ ਦੀ ਮੁਰੰਮਤ ਕਰਨ ਦਾ ਭਰੋਸਾ ਨਹੀਂ ਕਰ ਸਕਦੀ ਕਿਉਂਕਿ ਕੁਝ ਉੱਘੇ ਸਿੱਖਾਂ ਨੇ ਅਕਾਲ ਤਖ਼ਤ ਨੂੰ ਖੰਡਰ ਵਿੱਚ ਛੱਡ ਦੇਣ ਦਾ ਸੁਝਾਅ ਦਿੱਤਾ ਸੀ, ਜੋ ਕਿ ਇਸਦੀ ਬੇਅਦਬੀ ਦੀ ਸਥਾਈ ਯਾਦ ਦਿਵਾਉਂਦਾ ਹੈ। ਉਨ੍ਹਾਂ ਨੇ ਆਪਣੇ ਮੰਤਰੀ ਮੰਡਲ ਦੇ ਇਕਲੌਤੇ ਸਿੱਖ ਮੈਂਬਰ, ਬੂਟਾ ਸਿੰਘ, ਜੋ ਕਿ ਵਰਕਸ ਮੰਤਰੀ ਸਨ, ਨੂੰ ਧਾਰਮਿਕ ਸਿੱਖ ਆਗੂਆਂ ਨਾਲ ਗੱਲਬਾਤ ਕਰਨ ਲਈ ਨਿਯੁਕਤ ਕੀਤਾ ਸੀ।"
ਉਹ ਅੱਗੇ ਲਿਖਦੇ ਹਨ, "ਇਹ ਇੱਕ ਖੁਸ਼ੀ ਵਾਲੀ ਚੋਣ ਨਹੀਂ ਸੀ। ਉਹ ਇੱਕ ਮਜ਼੍ਹਬੀ ਸਿੱਖ ਸੀ ਜਿਸਨੂੰ ਜ਼ਿਆਦਾਤਰ ਜੱਟ ਹਰੀਜਨ ਜਾਂ ਅਛੂਤ ਸਮਝਦੇ ਸਨ। ਉਹ ਅਕਾਲੀ ਦਲ ਦੇ ਮੈਂਬਰ ਵੀ ਰਹੇ ਸਨ, ਇਸ ਲਈ ਉਨ੍ਹਾਂ ਨੂੰ ਅਕਾਲੀ ਆਗੂ ਗੱਦਾਰ ਮੰਨਦੇ ਸਨ। ਫਿਰ ਵੀ ਬੂਟਾ ਸਿੰਘ ਅਖੀਰ ਵਿੱਚ ਅਕਾਲ ਤਖ਼ਤ ਦੀ ਮੁਰੰਮਤ ਲਈ ਧਾਰਮਿਕ ਆਗੂਆਂ ਨਾਲ ਇੱਕ ਸਮਝੌਤੇ 'ਤੇ ਪਹੁੰਚਣ ਵਿੱਚ ਸਫਲ ਹੋ ਗਏ।"
"ਜਦੋਂ ਇਹ ਸਪੱਸ਼ਟ ਹੋ ਗਿਆ ਕਿ ਇੰਦਰਾ ਗਾਂਧੀ ਐਸਜੀਪੀਸੀ ਅਤੇ ਧਾਰਮਿਕ ਆਗਆਂ ਨੂੰ ਆਪਣੇ ਧਾਰਮਿਕ ਸਥਾਨ ਦੀ ਮੁਰੰਮਤ ਕਰਨ ਦੀ ਇਜਾਜ਼ਤ ਨਹੀਂ ਦੇ ਰਹੀ, ਤਾਂ ਬੂਟਾ ਸਿੰਘ ਨਿਹੰਗਾਂ ਜਾਂ ਸਿੱਖ ਯੋਧਿਆਂ ਦੇ ਇੱਕ ਪੰਥ ਦੇ ਆਗੂ, ਬਾਬਾ ਸੰਤਾ ਸਿੰਘ ਵੱਲ ਮੁੜੇ।"
ਇਨ੍ਹਾਂ ਸਾਲਾਂ ਦੌਰਾਨ ਅੰਮ੍ਰਿਤਸਰ ਵਿੱਚ ਪੱਤਰਕਾਰੀ ਕਰਦੇ ਰਹੇ ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਕਹਿੰਦੇ ਹਨ, "ਬੂਟਾ ਸਿੰਘ ਸਿੱਖ ਆਗੂਆਂ ਨਾਲ ਜੋ ਵਾਅਦੇ ਕਰਦੇ ਸਨ, ਉਹ ਦਿੱਲੀ ਵਿੱਚ ਮੰਨੇ ਨਹੀਂ ਜਾਂਦੇ ਸਨ। ਅਕਾਲ ਤਖ਼ਤ ਦੀ ਸਰਕਾਰ ਵੱਲੋਂ ਮੁੜ-ਉਸਾਰੀ ਕਰਵਾਏ ਜਾਣ ਉਪਰ ਸਿੱਖ ਆਗੂ ਸਹਿਮਤ ਨਹੀਂ ਸਨ। ਇਸ ਉਸਾਰੀ ਲਈ ਬੂਟਾ ਸਿੰਘ ਨੂੰ ਭਾਰੀ ਅਲੋਚਨਾ ਦਾ ਸਾਹਮਣਾ ਕਰਨਾ ਪਿਆ।"
ਸਿੱਧੂ ਦੱਸਦੇ ਹਨ, "ਇਸ ਤੋਂ ਬਾਅਦ ਬੂਟਾ ਸਿੰਘ ਨੂੰ ਪੰਥ 'ਚੋਂ ਬਾਹਰ ਕਰ ਦਿੱਤਾ ਗਿਆ ਅਤੇ ਉਹਨਾਂ ਨੂੰ ਤਨਖਾਹੀਆਂ ਕਰਾਰ ਦਿੱਤਾ ਗਿਆ ਸੀ।"
"ਸਿੱਖਾਂ ਵੱਲੋਂ ਅਕਾਲ ਤਖ਼ਤ ਦੀ ਮੁੜ-ਉਸਾਰੀ ਕਰਵਾਏ ਜਾਣ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਸਿੱਖਾਂ ਨੇ ਬਾਬਾ ਸੰਤਾ ਸਿੰਘ ਵੱਲੋਂ ਕੀਤੀ ਉਸਾਰੀ ਨੂੰ ਢਾਹ ਕੇ ਬਾਅਦ ਵਿੱਚ ਖੁਦ ਉਸਾਰੀ ਕੀਤੀ ਸੀ।"
ਬਿਹਾਰ ਵਿਧਾਨ ਸਭਾ ਨੂੰ ਭੰਗ ਕਰਨ ਲਈ ਸੁਪਰੀਮ ਕੋਰਟ ਵੱਲੋਂ ਅਲੋਚਨਾ
ਬੂਟਾ ਸਿੰਘ ਨੇ ਫਰਵਰੀ 2005 ਵਿੱਚ, ਬਿਹਾਰ ਦੇ ਰਾਜਪਾਲ ਵਜੋਂ ਬਿਹਾਰ ਵਿਧਾਨ ਸਭਾ ਨੂੰ ਭੰਗ ਕਰਨ ਦੀ ਸਿਫਾਰਸ਼ ਕੀਤੀ ਸੀ ਤਾਂ ਜੋ ਸੂਬੇ ਵਿੱਚ ਜਨਤਾ ਦਲ (ਯੂ)-ਭਾਜਪਾ ਸਰਕਾਰ ਨੂੰ ਰੋਕਿਆ ਜਾ ਸਕੇ।
ਬੀਬੀਸੀ ਦੀ ਇੱਕ ਰਿਪੋਰਟ ਮੁਤਾਬਕ ਸੁਪਰੀਮ ਕੋਰਟ ਵੱਲੋਂ ਅਲੋਚਨਾ ਕੀਤੇ ਜਾਣ ਬਾਅਦ ਬੂਟਾ ਸਿੰਘ ਨੇ ਆਪਣਾ ਅਸਤੀਫ਼ਾ ਵੀ ਰਾਸ਼ਟਰਪਤੀ ਨੂੰ ਭੇਜਿਆ ਸੀ।
ਅਦਾਲਤ ਨੇ ਕਿਹਾ ਸੀ ਬੂਟਾ ਸਿੰਘ ਨੇ ਜਲਦਬਾਜ਼ੀ ਵਿੱਚ ਕੰਮ ਕੀਤਾ ਅਤੇ ਸੰਘੀ ਕੈਬਨਿਟ ਨੂੰ ਇੱਕ ਰਿਪੋਰਟ ਨਾਲ ਗੁੰਮਰਾਹ ਕੀਤਾ ਜਿਸ ਵਿੱਚ ਕੋਈ ਸਾਰਥਕਤਾ ਨਹੀਂ ਸੀ।
ਉਸ ਸਮੇਂ ਨਵੰਬਰ ਵਿੱਚ ਹੋਈਆਂ ਚੋਣਾਂ ਦੌਰਾਨ ਜਨਤਾ ਦਲ (ਯੂਨਾਈਟਿਡ) ਅਤੇ ਭਾਜਪਾ ਦੇ ਗਠਜੋੜ ਨੇ ਕਾਂਗਰਸ ਦੀ ਮੁੱਖ ਸਹਿਯੋਗੀ, ਰਾਸ਼ਟਰੀ ਜਨਤਾ ਦਲ (ਆਰਜੇਡੀ) ਨੂੰ 15 ਸਾਲਾਂ ਬਾਅਦ ਸੱਤਾ ਤੋਂ ਬਾਹਰ ਕੀਤਾ ਸੀ।
ਦਲਿਤ ਚਿਹਰੇ ਦਾ ਗ੍ਰਹਿ ਮੰਤਰੀ ਬਣਨਾ
ਦਲਿਤ ਲੇਖਕ ਅਤੇ ਜਲੰਧਰ ਇਲਾਕੇ ਨੇ ਸਬੰਧ ਰੱਖਣ ਵਾਲੇ ਬਲਬੀਰ ਮਾਧੋਪੁਰੀ ਦੱਸਦੇ ਹਨ ਕਿ ਜਦੋਂ ਬੂਟਾ ਸਿੰਘ ਗ੍ਰਹਿ ਮੰਤਰੀ ਬਣੇ ਤਾਂ ਪਿੰਡ ਦੇ ਦਲਿਤ ਭਾਈਚਾਰੇ ਨੇ ਗੁਰਦੁਆਰਾ ਸਾਹਿਬ ਵਿੱਚ ਪਾਠ ਰਖਵਾਇਆ, ਜਿਸ ਵਿੱਚ ਹੋਰ ਜਾਤੀ ਦੇ ਲੋਕ ਵੀ ਸ਼ਾਮਲ ਹੋਏ।
ਬਲਬੀਰ ਮਾਧੋਪੁਰੀ ਕਹਿੰਦੇ ਹਨ, "ਜਦੋਂ ਪਾਠ ਦੇ ਭੋਗ ਤੋਂ ਬਾਅਦ ਲੋਕ ਵਾਪਸ ਜਾ ਰਹੇ ਸਨ ਤਾਂ ਉੱਚ ਜਾਤੀ ਨਾਲ ਸਬੰਧਤ ਕੁਝ ਔਰਤਾਂ ਗੱਲਾਂ ਕਰ ਰਹੀਆਂ ਸੀ ਕਿ ਦਲਿਤ ਵੀ ਮੰਤਰੀ ਬਣਿਆ ਹੈ।"
ਅਨੁਸੂਚਿਤ ਜਾਤੀ ਦੇ ਕੋਟੇ ਦੀ ਵੰਡ
ਸਾਲ 1975 ਵਿੱਚ ਪੰਜਾਬ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਐੱਸਸੀ ਰਿਜ਼ਰਵੇਸ਼ਨ ਨੂੰ ਵੰਡਿਆ ਸੀ। ਇਸ ਅਨੁਸਾਰ ਐੱਸਸੀ ਕੋਟੇ ਦਾ 50% ਖਾਸ ਤੌਰ 'ਤੇ ਮਜ਼ਹਬੀ ਸਿੱਖਾਂ ਅਤੇ ਵਾਲਮੀਕੀ ਭਾਈਚਾਰੇ ਲਈ ਰੱਖਿਆ ਗਿਆ ਸੀ। ਜਦਕਿ ਬਾਕੀ 50% ਹੋਰ ਐੱਸਸੀ ਭਾਈਚਾਰਿਆਂ ਲਈ ਛੱਡਿਆ ਗਿਆ ਸੀ।
ਉਸ ਸਮੇਂ ਬੂਟਾ ਸਿੰਘ ਕਾਂਗਰਸ ਦੇ ਕੇਂਦਰ ਵਿੱਚ ਵੱਡੇ ਆਗੂ ਸਨ। ਉਹ ਮਜ਼ਹਬੀ ਸਿੱਖਾਂ ਅਤੇ ਵਾਲਮੀਕੀ ਭਾਈਚਾਰੇ ਲਈ ਕੋਟੇ ਦੀ ਵਕਾਲਤ ਕਰਦੇ ਸਨ। ਮਜ਼ਹਬੀ ਸਿੱਖਾਂ ਅਤੇ ਵਾਲਮੀਕੀ ਸਮਾਜਿਕ ਅਤੇ ਆਰਥਿਕ ਤੌਰ ਉਪਰ ਪਛੜੇ ਮੰਨੇ ਜਾਂਦਾ ਸਨ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਜਤਿੰਦਰ ਸਿੰਘ ਕਹਿੰਦੇ ਹਨ ਕਿ ਇਸ ਤਰ੍ਹਾਂ ਲੋੜਵੰਦ ਲੋਕਾਂ ਨੂੰ ਨੌਕਰੀਆਂ ਦੇਣ ਦਾ ਯਤਨ ਕੀਤਾ ਗਿਆ।
ਦਲਿਤ ਲੇਖਕ ਬਲਬੀਰ ਮਾਧੋਪੁਰੀ ਕਹਿੰਦੇ ਹਨ ਕਿ ਐੱਸਟੀ ਕੋਟੇ ਦੀ ਵੰਡ ਨਾਲ ਬਹੁਤ ਲੋਕਾਂ ਨੂੰ ਫਾਇਦਾ ਹੋਇਆ।
ਰਾਜਾ ਵੜਿੰਗ ਖ਼ਿਲਾਫ ਬੂਟਾ ਸਿੰਘ ਦੇ ਪਰਿਵਾਰ ਨੇ ਐੱਫਆਈਆਰ ਕਰਵਾਈ
ਉਧਰ ਬੂਟਾ ਸਿੰਘ ਬਾਰੇ ਕੀਤੀ ਟਿੱਪਣੀ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਉੱਤੇ ਕਪੂਰਥਲਾ ਪੁਲਿਸ ਸਟੇਸ਼ਨ ਵਿੱਚ ਐੱਫਆਈਆਰ ਦਰਜ ਕਰਵਾਈ ਗਈ ਹੈ।
ਇਹ ਐੱਫਆਈਆਰ ਬੂਟਾ ਸਿੰਘ ਦੇ ਪੁੱਤਰ ਸਰਬਜੋਤ ਸਿੰਘ ਦੀ ਸ਼ਿਕਾਇਤ ਉੱਤੇ ਕੀਤੀ ਹੈ।
ਇਸ ਤੋਂ ਇਲਾਵਾ ਮਰਹੂਮ ਗ੍ਰਹਿ ਮੰਤਰੀ ਬੂਟਾ ਸਿੰਘ ਪ੍ਰਤੀ ਵਰਤੀ ਸ਼ਬਦਾਵਲੀ ਸਬੰਧੀ ਮਾਮਲੇ ਵਿਚ ਰਿਟਰਨਿੰਗ ਅਫਸਰ ਤਰਨਤਾਰਨ ਵੱਲੋਂ ਪੇਸ਼ ਰਿਪੋਰਟ ਤਸੱਲੀਯੋਗ ਨਾ ਪਾਏ ਜਾਣ 'ਤੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਤਰਨਤਾਰਨ 6 ਨਵੰਬਰ 2025 ਨੂੰ ਤਲਬ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਸਹਾਇਕ ਰਿਟਰਨਿੰਗ ਅਫਸਰ-ਕਮ-ਨਾਇਬ ਤਹਿਸੀਲਦਾਰ ਜਸਵਿੰਦਰ ਸਿੰਘ ਵੱਲੋਂ ਜੋ ਰਿਪੋਰਟ ਕਮਿਸ਼ਨ ਨੂੰ ਪੇਸ਼ ਕੀਤੀ ਗਏ ਜਵਾਬ ਤਸੱਲੀ ਬਖਸ਼ ਨਹੀਂ ਪਾਇਆ ਗਿਆ।