ਭਾਰਤ-ਪਾਕ ਤਣਾਅ: 'ਤੁਸੀਂ ਕ੍ਰਿਕਟ ਮੈਚ ਖੇਡੋਗੇ, ਮੇਰੀ ਜ਼ਮੀਰ ਮੈਨੂੰ ਉਹ ਮੈਚ ਦੇਖਣ ਦੀ ਇਜਾਜ਼ਤ ਨਹੀਂ ਦਿੰਦੀ'

ਭਾਰਤ ਅਤੇ ਪਾਕਿਸਤਾਨ

ਤਸਵੀਰ ਸਰੋਤ, Getty Images

ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਨੇ ਐਤਵਾਰ ਨੂੰ ਐਲਾਨ ਕੀਤਾ ਕਿ ਪੁਰਸ਼ਾਂ ਦਾ ਕ੍ਰਿਕਟ ਏਸ਼ੀਆ ਕੱਪ 9 ਤੋਂ 28 ਸਤੰਬਰ ਤੱਕ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਹੋਵੇਗਾ। ਇਸ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਮੁਕਾਬਲੇ ਦੀ ਤਾਰੀਖ਼ ਵੀ ਤੈਅ ਹੋ ਗਈ ਹੈ।

ਇਸ ਐਲਾਨ ਤੋਂ ਬਾਅਦ ਦੇਸ਼ ਵਿੱਚ ਇੱਕ ਸਿਆਸੀ ਵਿਵਾਦ ਛਿੜ ਗਿਆ ਹੈ।

ਕਿਉਂਕਿ ਪਹਿਲਾਗਾਮ ਹਮਲੇ ਤੋਂ ਬਾਅਦ ਸ਼ੁਰੂ ਹੋਏ ਸਰਹੱਦੀ ਤਣਾਅ ਮਗਰੋਂ ਭਾਰਤ ਪਾਕਿਸਤਾਨ ਦਰਮਿਆਨ ਇਹ ਪਹਿਲਾ ਕ੍ਰਿਕਟ ਮੁਕਾਬਲਾ ਹੋਵੇਗਾ।

ਜ਼ਿਕਰਯੋਗ ਹੈ ਕਿ ਏਸੀਸੀ ਦੇ ਪ੍ਰਧਾਨ ਮੋਹਸਿਨ ਨਕਵੀ ਨੇ ਐਕਸ ਉੱਤੇ ਪੋਸਟ ਸਾਂਝੀ ਕਰਕੇ ਦੱਸਿਆ ਹੈ ਕਿ ਇਹ ਟੀ-20 ਟੂਰਨਾਮੈਂਟ ਹੋਵੇਗਾ ਅਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਗਰੁੱਪ ਗੇੜ ਦਾ ਮੈਚ 14 ਸਤੰਬਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ।

ਭਾਰਤ ਅਤੇ ਪਾਕਿਸਤਾਨ ਦੀ ਕ੍ਰਿਕਟ ਟੀਮ (ਪੁਰਾਣੀਆਂ ਤਸਵੀਰਾਂ)

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਅਤੇ ਪਾਕਿਸਤਾਨ ਦੀ ਕ੍ਰਿਕਟ ਟੀਮ (ਪੁਰਾਣੀਆਂ ਤਸਵੀਰਾਂ)

22 ਅਪ੍ਰੈਲ ਨੂੰ ਪਹਿਲਗਾਮ ਦੀ ਬੈਸਰਨ ਘਾਟੀ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 26 ਲੋਕ ਮਾਰੇ ਗਏ ਸਨ। ਜਿਸ ਤੋਂ ਬਾਅਦ ਭਾਰਤ ਪਾਕਿਸਾਤਾਨ ਦਰਮਿਆਨ ਤਣਾਅ ਵਧ ਗਿਆ ਸੀ, ਜਿਸਦੇ ਚਲਦਿਆਂ ਦੋਵਾਂ ਦੇਸ਼ਾਂ ਨੇ ਇੱਕ-ਦੂਜੇ ਉੱਤੇ ਕੁਝ ਪਾਬੰਦੀਆਂ ਵੀ ਲਗਾਈਆਂ ਸਨ।

ਏਸੀਸੀ ਭਾਰਤ ਅਤੇ ਪਾਕਿਸਤਾਨ ਇੱਕੋ ਗਰੁੱਪ ਵਿੱਚ ਹਨ ਅਤੇ ਦੋਵੇਂ ਟੀਮਾਂ 'ਸੁਪਰ 4' ਮੈਚ ਵਿੱਚ ਵੀ ਇੱਕ-ਦੂਜੇ ਦੇ ਸਾਹਮਣੇ ਹੋ ਸਕਦੀਆਂ ਹਨ।

ਇੱਥੇ ਜ਼ਿਕਰਯੋਗ ਹੈ ਕਿ ਪਹਿਲਗਾਮ ਹਮਲੇ ਤੋਂ ਪਹਿਲਾਂ ਵੀ ਦੋਵੇਂ ਦੇਸ਼ ਕ੍ਰਿਕਟ ਵਿੱਚ ਸਿਰਫ਼ ਆਈਸੀਸੀ ਟੂਰਨਾਮੈਂਟ ਵਿੱਚ ਹੀ ਖੇਡਦੇ ਸਨ। ਦੋਵਾਂ ਦੇਸ਼ਾਂ ਵਿਚਾਲੇ ਲੰਬੇ ਸਮੇਂ ਤੋਂ ਕੋਈ ਵੀ ਦੁਵੱਲੀ ਸੀਰੀਜ਼ ਨਹੀਂ ਖੇਡੀ ਗਈ ਹੈ।

ਪਾਕਿਸਤਾਨ ਕ੍ਰਿਕਟ ਟੀਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਾਕਿਸਤਾਨ ਨਾਲ ਭਾਰਤ ਦੇ ਮੈਚ ਨੂੰ ਲੈ ਕੇ ਸਿਆਸਤ ਛਿੜ ਗਈ ਹੈ

ਭਾਰਤ ਆਪਣੀ ਸ਼ੁਰੂਆਤ 10 ਸਤੰਬਰ ਨੂੰ ਯੂਏਈ ਖ਼ਿਲਾਫ਼ ਕਰੇਗਾ ਅਤੇ ਉਸ ਦੇ ਸਾਰੇ ਮੈਚ ਦੁਬਈ ਵਿੱਚ ਹੀ ਹੋਣ ਦੀ ਸੰਭਾਵਨਾ ਹੈ।

ਭਾਰਤ, ਪਾਕਿਸਤਾਨ, ਯੂਏਈ ਅਤੇ ਓਮਾਨ ਨੂੰ ਗਰੁੱਪ 'ਏ' ਵਿੱਚ ਰੱਖਿਆ ਗਿਆ ਹੈ, ਜਦਕਿ ਸ੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ ਅਤੇ ਹਾਂਗਕਾਂਗ ਗਰੁੱਪ 'ਬੀ' ਵਿੱਚ ਹਨ।

ਭਾਰਤ ਏਸ਼ੀਆ ਕੱਪ ਦਾ ਅਧਿਕਾਰਤ ਮੇਜ਼ਬਾਨ ਹੈ, ਟੀ-20 ਈਵੈਂਟ ਯੂਏਈ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਆਪਣੇ ਬਹੁਪੱਖੀ ਮੈਚ ਨਿਰਪੱਖ ਥਾਵਾਂ 'ਤੇ ਖੇਡਣ ਦੇ ਸਮਝੌਤੇ ਦੇ ਹਿੱਸੇ ਵਜੋਂ ਆਯੋਜਿਤ ਕੀਤਾ ਜਾਵੇਗਾ।

ਸੰਸਦ ਵਿੱਚ ਗੁੰਜੀਆਂ ਵਿਰੋਧੀ ਆਵਾਜ਼ਾਂ

ਅਸਦੁਦੀਨ ਓਵੈਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਸਦੁਦੀਨ ਓਵੈਸੀ ਨੇ ਕ੍ਰਿਕਟ ਅਤੇ ਆਪਰੇਸ਼ਨ ਸਿੰਦੂਰ ਦਾ ਮੁੱਦਾ ਸੰਸਦ ਵਿੱਚ ਚੁੱਕਿਆ

ਏਆਈਐੱਮਆਈਐੱਮ ਦੇ ਆਗੂ ਅਸਦੁਦੀਨ ਓਵੈਸੀ ਨੇ 'ਆਪ੍ਰੇਸ਼ਨ ਸਿੰਦੂਰ' 'ਤੇ ਇੱਕ ਵਿਸ਼ੇਸ਼ ਚਰਚਾ ਦੌਰਾਨ ਇਹ ਸਵਾਲ ਉਠਾਇਆ, "ਜਦੋਂ ਕੇਂਦਰ ਸਰਕਾਰ ਨੇ ਪਹਿਲਗਾਮ ਹਮਲੇ ਤੋਂ ਬਾਅਦ ਕਿਹਾ ਸੀ, "ਪਾਣੀ ਅਤੇ ਖੂਨ ਇਕੱਠੇ ਨਹੀਂ ਵਹਿ ਸਕਦੇ ਅਤੇ ਪਾਕਿਸਤਾਨ ਵਿਰੁੱਧ ਕਈ ਪਾਬੰਦੀਆਂ ਲਗਾਈਆਂ ਸਨ।"

"ਤਾਂ ਫਿਰ ਭਾਰਤੀ ਕ੍ਰਿਕਟ ਟੀਮ 14 ਸਤੰਬਰ ਨੂੰ ਏਸ਼ੀਆ ਕੱਪ ਵਿੱਚ ਪਾਕਿਸਤਾਨ ਵਿਰੁੱਧ ਕਿਵੇਂ ਖੇਡੇਗੀ?

ਉਨ੍ਹਾਂ ਕਿਹਾ, "ਬੈਸਰਨ ਦੀਆਂ ਵਾਦੀਆਂ ਵਿੱਚ ਲੋਕ ਮਾਰੇ ਗਏ। ਪਾਕਿਸਤਾਨ ਨਾਲ ਵਪਾਰ ਬੰਦ ਹੈ। ਉੱਥੋਂ ਜਹਾਜ਼ ਇੱਥੇ ਨਹੀਂ ਆ ਸਕਦੇ।"

"ਇਸ ਜਲ ਖੇਤਰ ਵਿੱਚ ਜਹਾਜ਼ ਨਹੀਂ ਆ ਸਕਦੇ। ਤੁਹਾਡੀ ਜ਼ਮੀਰ ਕਿਉਂ ਜ਼ਿੰਦਾ ਨਹੀਂ ਹੈ? ਤੁਸੀਂ ਕਿਹੜੇ ਹਾਲਾਤ ਵਿੱਚ ਪਾਕਿਸਤਾਨ ਨਾਲ ਕ੍ਰਿਕਟ ਖੇਡੋਗੇ?"

ਓਵੈਸੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਆਪਣੀ ਜ਼ਮੀਰ ਉਨ੍ਹਾਂ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਮੈਚ ਦੇਖਣ ਦੀ ਇਜਾਜ਼ਤ ਨਹੀਂ ਦਿੰਦੀ।

ਉਨ੍ਹਾਂ ਕਿਹਾ, "ਜਦੋਂ ਅਸੀਂ ਪਾਣੀ ਨਹੀਂ ਦੇ ਰਹੇ। ਅਸੀਂ ਪਾਕਿਸਤਾਨ ਦਾ 80 ਫ਼ੀਸਦ ਪਾਣੀ ਇਹ ਕਹਿ ਕੇ ਰੋਕ ਰਹੇ ਹਾਂ ਕਿ ਪਾਣੀ ਅਤੇ ਖੂਨ ਇਕੱਠੇ ਨਹੀਂ ਵਹਿਣਗੇ। ਤੁਸੀਂ ਕ੍ਰਿਕਟ ਮੈਚ ਖੇਡੋਗੇ। ਮੇਰੀ ਜ਼ਮੀਰ ਮੈਨੂੰ ਉਹ ਮੈਚ ਦੇਖਣ ਦੀ ਇਜਾਜ਼ਤ ਨਹੀਂ ਦਿੰਦੀ।"

ਓਵੈਸੀ ਨੇ ਕੇਂਦਰ ਸਰਕਾਰ ਤੋਂ ਸਵਾਲ ਕੀਤਾ ਕਿ ਕੀ ਇਸ ਵਿੱਚ ਹਿੰਮਤ ਹੈ ਕਿ ਉਹ ਪਹਿਲਗਾਮ ਹਮਲੇ ਵਿੱਚ ਮਾਰੇ ਗਏ ਫ਼ੌਜੀਆਂ ਦੇ ਪਰਿਵਾਰਾਂ ਨੂੰ ਫ਼ੋਨ ਕਰਕੇ ਦੱਸਣ ਕਿ ਆਪ੍ਰੇਸ਼ਨ ਸਿੰਦੂਰ ਰਾਹੀਂ ਬਦਲਾ ਲਿਆ ਗਿਆ ਹੈ ਅਤੇ ਹੁਣ ਉਹ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਦੇਖ ਸਕਦੇ ਹਨ?

ਓਵੈਸੀ ਨੇ ਕਿਹਾ, "ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਇਸ ਅੱਤਵਾਦੀ ਹਮਲੇ ਲਈ ਕੌਣ ਜ਼ਿੰਮੇਵਾਰ ਹੈ?"

"ਜੇਕਰ ਇਹ ਜੰਮੂ-ਕਸ਼ਮੀਰ ਦੇ ਉੱਪ-ਰਾਜਪਾਲ (ਐੱਲਜੀ) ਦੀ ਜ਼ਿੰਮੇਵਾਰੀ ਹੈ, ਤਾਂ ਉਨ੍ਹਾਂ ਨੂੰ ਬਰਖ਼ਾਸਤ ਕਰ ਦੇਣਾ ਚਾਹੀਦਾ ਹੈ। ਜੇਕਰ ਖੁਫ਼ੀਆ ਏਜੰਸੀ ਜਾਂ ਪੁਲਿਸ ਦੀ ਲਾਪਰਵਾਹੀ ਹੈ, ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ।"

ਪ੍ਰਿਯੰਕਾ ਚੁਤਰਵੇਦੀ

ਤਸਵੀਰ ਸਰੋਤ, Priyanka Chaturvedi/X

ਤਸਵੀਰ ਕੈਪਸ਼ਨ, ਪ੍ਰਿਯੰਕਾ ਚੁਤਰਵੇਦੀ ਨੇ ਵੀ ਪਾਕਿਸਤਾਨ ਟੀਮ ਨਾਲ ਕ੍ਰਿਕਟ ਮੁਕਾਬਲੇ ਦਾ ਵਿਰੋਧ ਕੀਤਾ ਹੈ

ਮਹਾਰਾਸ਼ਟਰ ਤੋਂ ਰਾਜ ਸਭਾ ਮੈਂਬਰ ਪ੍ਰਿਯੰਕਾ ਚਤੁਰਵੇਦੀ ਦੇ ਐਕਸ ਉੱਤੇ ਮੌਜੂਦ ਇੱਕ ਵੀਡੀਓ ਵਿੱਚ ਉਨ੍ਹਾਂ ਨੂੰ ਕ੍ਰਿਕਟ ਬਾਰੇ ਰਾਏ ਦਿੰਦੇ ਸੁਣਿਆ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਨਾਲ ਉਦੋਂ ਤੱਕ ਕੋਈ ਗੱਲਬਾਤ ਨਹੀਂ ਹੋਣੀ ਚਾਹੀਦੀ ਜਦੋਂ ਤੱਕ ਉਹ ਆਪਣਾ ਅੱਤਵਾਦ ਖ਼ਤਮ ਨਹੀਂ ਕਰਦਾ।

"ਕੋਈ ਟ੍ਰੈਕ ਟੂ ਡਿਪਲੋਮਸੀ ਨਹੀਂ ਹੋਣੀ ਚਾਹੀਦੀ, ਕੋਈ ਡਿਪਲੋਮਸੀ ਨਹੀਂ ਹੋਣੀ ਚਾਹੀਦੀ, ਕੋਈ ਕ੍ਰਿਕਟ ਨਹੀਂ ਹੋਣਾ ਚਾਹੀਦਾ, ਕੋਈ ਬਾਲੀਵੁੱਡ ਨਹੀਂ ਹੋਣਾ ਚਾਹੀਦਾ।"

ਉਨ੍ਹਾਂ ਇਲਜ਼ਾਮ ਲਾਇਆ ਕਿ ਲੋਕ ਦੁਬਈ ਵਿੱਚ ਭਾਰਤ-ਪਾਕਿਸਤਾਨ ਮੈਚ ਆਯੋਜਿਤ ਕਰਕੇ ਪੈਸੇ ਕਮਾ ਰਹੇ ਹਨ।

ਪ੍ਰਿਯੰਕਾ ਚਤੁਰਵੇਦੀ ਨੇ ਕਿਹਾ, "ਤੁਸੀਂ ਮਨੋਰੰਜਨ ਲਈ ਸਾਡੇ ਫ਼ੌਜੀਆਂ ਦੀ ਸ਼ਹਾਦਤ 'ਤੇ ਪੈਸਾ ਕਮਾਉਂਦੇ ਹੋ! ਇਹ ਮੈਨੂੰ ਪਰੇਸ਼ਾਨ ਕਰਦਾ ਹੈ।"

ਸੌਰਵ ਗਾਂਗੁਲੀ ਸਣੇ ਕੁਝ ਲੋਕ ਖੇਡ ਦੇ ਹੱਕ ਵਿੱਚ ਉੱਤਰੇ

ਸੌਰਵ ਗਾਂਗੁਲੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੌਰਵ ਗਾਂਗੁਲੀ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਦਰਮਿਆਨ ਖੇਡ ਜਾਰੀ ਰਹਿਣੀ ਚਾਹੀਦੀ ਹੈ

ਖ਼ਬਰ ਏਜੰਸੀ ਏਐੱਨਆਈ ਨਾਲ ਗੱਲ ਕਰਦੇ ਹੋਏ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਕਿਹਾ, "ਖੇਡ ਜਾਰੀ ਰਹਿਣੀ ਚਾਹੀਦੀ ਹੈ।"

"ਪਰ ਇਸ ਦੇ ਨਾਲ ਹੀ ਮੈਂ ਕਹਾਂਗਾ ਪਹਿਲਗਾਮ ਨਹੀਂ ਹੋਣਾ ਚਾਹੀਦਾ ਸੀ, ਪਰ ਖੇਡ ਜਾਰੀ ਰਹਿਣੀ ਚਾਹੀਦੀ ਹੈ।"

ਉਨ੍ਹਾਂ ਕਿਹਾ, "ਅੱਤਵਾਦ ਨਹੀਂ ਹੋਣਾ ਚਾਹੀਦਾ, ਇਸਨੂੰ ਰੋਕਣ ਦੀ ਲੋੜ ਹੈ। ਭਾਰਤ ਨੇ ਅੱਤਵਾਦ ਪ੍ਰਤੀ ਸਖ਼ਤ ਰੁਖ਼ ਅਪਣਾਇਆ... ਪਰ ਖੇਡਾਂ ਖੇਡਣ ਦੀ ਲੋੜ ਹੈ।"

 ਮੁਹੰਮਦ ਅਜ਼ਹਰੂਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ

ਮੀਡੀਆ ਨਾਲ ਗੱਲਬਾਤ ਕਰਦਿਆਂ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਕਿਹਾ, "ਇਸ ਉੱਤੇ ਕੋਈ ਇਤਰਾਜ਼ ਨਹੀਂ ਹੈ। ਪਰ ਮੇਰਾ ਹਮੇਸ਼ਾਂ ਇੱਕ ਹੀ ਸਟੈਂਡ ਰਿਹਾ ਹੈ ਕਿ ਜੇ ਤੁਸੀਂ ਪਾਕਿਸਤਾਨ ਨਾਲ ਖੇਡ ਰਹੇ ਹੋ ਤਾਂ ਸਾਰੇ ਕ੍ਰਿਕਟ ਟੂਰਨਾਮੈਂਟ ਖੇਡੇ ਜਾਣ ਨਾ ਕਿ ਸਿਰਫ਼ ਏਸ਼ੀਆ ਕੱਪ ਹੀ ਖੇਡਿਆ ਜਾਵੇ।"

"ਇਹ ਲੰਬੇ ਸਮੇਂ ਤੋਂ ਮੇਰੇ ਨਿੱਜੀ ਵਿਚਾਰ ਹਨ। ਕੋਈ ਵੀ ਹਾਲਾਤ ਹੋਣ ਜੇ ਖੇਡਣਾ ਹੈ ਤਾਂ ਸਾਰੇ ਟੂਰਨਾਮੈਂਟ ਖੇਡੇ ਜਾਣ ਜਾ ਨਾ ਖੇਡੇ ਜਾਣ। ਪਰ ਅੰਤ ਨੂੰ ਸਰਕਾਰ ਨੇ ਹੀ ਤੈਅ ਕਰਨਾ ਹੈ ਕਿ ਕੀ ਚੰਗਾ ਹੈ ਅਤੇ ਕੀ ਮਾੜਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)