ਸੁਖਬੀਰ ਬਾਦਲ ਅਕਾਲੀ ਦਲ ਦੇ ਮੁੜ ਪ੍ਰਧਾਨ ਬਣੇ, ਜਦੋਂ ਸੁਖਬੀਰ ਨੇ ਬੀਏ ਤੋਂ ਬਾਅਦ ਖੇਤੀ ਦੀ ਇੱਛਾ ਜਤਾਈ ਤਾਂ ਪਿਤਾ ਨੇ ਕੀ ਨਸੀਹਤ ਦਿੱਤੀ ਸੀ

ਸੁਖਬੀਰ ਸਿੰਘ ਬਾਦਲ

ਤਸਵੀਰ ਸਰੋਤ, SAD MEDIA

ਸੁਖਬੀਰ ਬਾਦਲ ਨੂੰ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਈ ਪਾਰਟੀ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ।

ਸੁਖਬੀਰ ਬਾਦਲ ਨੇ 16 ਨਵੰਬਰ 2024 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਪਾਰਟੀ 'ਚ ਉਨ੍ਹਾਂ ਖ਼ਿਲਾਫ਼ ਉੱਠ ਰਹੇ ਬਗਾਵਤੀ ਸੁਰ, ਚੋਣਾਂ ਵਿੱਚ ਪਾਰਟੀ ਦਾ ਮਾੜਾ ਪ੍ਰਦਰਸ਼ਨ ਅਤੇ ਸੁਖਬੀਰ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਤਨਖਾਹੀਆ ਐਲਾਨੇ ਜਾਣ ਨੂੰ ਉਨ੍ਹਾਂ ਦੇ ਅਸਤੀਫ਼ੇ ਪਿਛਲੇ ਮੁੱਖ ਕਾਰਨ ਮੰਨਿਆ ਗਿਆ।

ਸ਼੍ਰੋਮਣੀ ਅਕਾਲੀ ਦਲ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਸੁਖਬੀਰ ਸਿੰਘ ਬਾਦਲ 2008 ਤੋਂ ਪਾਰਟੀ ਦੇ ਪ੍ਰਧਾਨ ਚੱਲੇ ਆ ਰਹੇ ਸਨ। ਉਹ ਅਕਾਲੀ ਦਲ ਦੇ ਇਤਿਹਾਸ ਵਿੱਚ ਸਭ ਤੋਂ ਨੌਜਵਾਨ ਪ੍ਰਧਾਨ ਬਣਨ ਵਾਲੇ ਆਗੂ ਹਨ।

ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਉਨ੍ਹਾਂ ਨੇ ਪਾਰਟੀ ਦੀ ਅਗਵਾਈ ਕੀਤੀ ਸੀ। ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦਾ ਮੁੱਖ ਮੰਤਰੀ ਚਿਹਰਾ ਵੀ ਸੁਖਬੀਰ ਸਿੰਘ ਬਾਦਲ ਹੀ ਸਨ।

ਬੀਬੀਸੀ ਪੰਜਾਬੀ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

‘ਸ਼੍ਰੋਮਣੀ ਅਕਾਲੀ ਦਲ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਰਚੀ ਗਈ’- ਸੁਖਬੀਰ

ਸੁਖਬੀਰ ਬਾਦਲ

ਤਸਵੀਰ ਸਰੋਤ, Shiromani Akali Dal

ਪ੍ਰਧਾਨ ਚੁਣੇ ਜਾਣ ਤੋਂ ਬਾਅਦ ਸੁਖਬੀਰ ਬਾਦਲ ਨੇ ਆਪਣੇ ਭਾਸ਼ਨ ਵਿੱਚ ਦਾਅਵਾ ਕੀਤਾ,"ਪਿਛਲੇ ਛੇ ਮਹੀਨਿਆਂ ਵਿੱਚ ਅਕਾਲੀ ਦਲ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਰਚੀ ਗਈ, ਪੰਥ ਦੀ ਲੀਡਰਸ਼ਿਪ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਰਚੀ ਗਈ।"

"ਇਹ ਸਾਜ਼ਿਸ਼ ਸ਼ੁਰੂ ਹੋਈ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਐੱਨਡੀਏ ਦਾ ਸਾਥ ਛੱਡਿਆ। ਜਦੋਂ ਤੱਕ ਅਸੀਂ ਐੱਨਡੀਏ ਵਿੱਚ ਸੀ ਅਸੀਂ ਇਸ ਗਠਬੰਧਨ ਦੀਆਂ ਪਾਰਟੀਆਂ ਨੂੰ ਸਿੱਖ ਸੰਸਥਾਵਾਂ ਦੀ ਮਰਿਆਦਾ ਦੀ ਉਲੰਘਣਾ ਨਹੀਂ ਕਰਨ ਦਿੱਤੀ।"

ਉਨ੍ਹਾਂ ਕਿਹਾ, "ਜਦੋਂ ਅਸੀਂ ਐੱਨਡੀਏ ਦੇ ਨਾਲ ਸੀ ਤਾਂ ਉਨ੍ਹਾਂ ਨੂੰ ਆਪਣੀਆਂ ਸੀਮਾਵਾਂ ਦਾ ਪਤਾ ਸੀ, ਪਰ ਜਦੋਂ ਅਸੀਂ ਇਸ ਤੋਂ ਅਲੱਗ ਹੋਏ ਕੇਂਦਰ ਦੀਆਂ ਤਾਕਤਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਇਸ ਦੀ ਲੀਡਰਸ਼ਿਪ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ।"

"ਕੌਮ ਨੂੰ ਖ਼ਤਮ ਕਰਨ ਲਈ ਸਭ ਤੋਂ ਪਹਿਲਾ ਹਮਲਾ ਹਜ਼ੂਰ ਸਾਹਿਬ ਨਾਲ ਜੁੜੇ ਐਕਟ ਨੂੰ ਖ਼ਤਮ ਕਰਨਾ ਸੀ। ਉਸੇ ਤਰ੍ਹਾਂ ਤਖ਼ਤ ਸ੍ਰੀ ਪਟਨਾ ਸਾਹਿਬ ਉੱਤੇ ਆਪਣਾ ਕਬਜਾ ਕੀਤਾ। ਇਹ ਸਾਰੀਆਂ ਕਾਰਵਾਈਆਂ ਐਕਟ ਬਦਲਕੇ ਕੀਤੀਆਂ ਗਈਆਂ ਹਨ।"

"ਸ਼੍ਰੋਮਣੀ ਅਕਾਲੀ ਦਲ ਦੀ ਜ਼ਿੰਮੇਵਾਰੀ ਹੈ ਪੰਜਾਬ ਨੂੰ ਅੱਗੇ ਵਧਾਉਣ ਦੀ। ਹੋਰ ਪਾਰਟੀਆਂ ਨੂੰ ਪੰਜਾਬ ਨਾਲ ਕੋਈ ਸਰੋਕਾਰ ਨਹੀਂ ਹੈ। ਪੰਜਾਬੀਆਂ ਨੂੰ ਬੇਨਤੀ ਕਰਦਾਂ ਹਾਂ ਕਿ ਆਪਣੇ ਤੇ ਪਰਾਏ ਨੂੰ ਪਛਾਣਨ।"

ਸੁਖਬੀਰ ਸਿੰਘ ਬਾਦਲ

ਤਸਵੀਰ ਸਰੋਤ, Shiromani Akali Dal

ਤਸਵੀਰ ਕੈਪਸ਼ਨ, ਪ੍ਰਧਾਨ ਚੁਣੇ ਜਾਣ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਂਦਰੀ ਤਾਕਤਾਂ ਵਲੋਂ ਸ੍ਰੋਮਣੀ ਅਕਾਲੀ ਦਲ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਨ ਚੁਣੇ ਜਾਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਕਿਹਾ,"ਸ਼੍ਰੋਮਣੀ ਅਕਾਲੀ ਦਲ 104 ਸਾਲ ਪੁਰਾਣੀ ਸ਼ਹੀਦਾਂ ਦੀ ਜਥੇਬੰਦੀ ਹੈ। ਹਿੰਦੋਸਤਾਨ ਦੇ ਇਤਿਹਾਸ ਵਿੱਚ ਕਾਂਗਰਸ ਤੋਂ ਬਾਅਦ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ।"

"27 ਲੱਖ ਮੈਂਬਰਸ਼ਿਪ ਤੋਂ ਬਾਅਦ 507 ਮੈਂਬਰਾਂ ਨੂੰ ਡੈਲੀਕੇਟ ਬਣਾਇਆ ਗਿਆ ਹੈ। ਪਾਰਟੀ ਦੇ ਡੈਲੀਕੇਟ ਇਸ ਦੇ ਪਾਰਲੀਮੈਂਟ ਮੈਂਬਰ ਹਨ।"

ਉਨ੍ਹਾਂ ਕਿਹਾ, "ਪੰਜਾਬ ਦਾ ਅਸਲੀ ਵਾਰਸ ਸ਼੍ਰੋਮਣੀ ਅਕਾਲੀ ਦਲ ਹੈ, ਕਾਂਗਰਸ, ਭਾਜਪਾ ਜਾਂ ਆਮ ਆਦਮੀ ਪਾਰਟੀ ਇਸ ਦੀ ਵਾਰਸ ਨਹੀਂ। ਇਹ ਸਾਰੇ ਇੱਥੇ ਰਾਜ ਕਰਨ ਲਈ ਆਉਂਦੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਇੱਥੇ ਸੇਵਾ ਕਰਨ ਲਈ ਆਉਂਦਾ ਹੈ।"

"ਸ਼੍ਰੋਮਣੀ ਅਕਾਲੀ ਦਲ ਸਾਰਿਆਂ ਦਾ ਭਲਾ ਚਾਹੁੰਦਾ ਹੈ ਅਤੇ ਗੁਰੂਆਂ ਦੇ ਦੱਸੇ ਹੋਏ ਰਾਹ ਉੱਤੇ ਚੱਲਣ ਵਾਲੀ ਪਾਰਟੀ ਹੈ।"

"ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਹੈ ਕਿ ਸਾਰੇ ਧਰਮਾਂ ਦਾ ਸਤਿਕਾਰ ਕਰੋ, ਹਰ ਇਨਸਾਨ ਹੀ ਮਦਦ ਕਰੋ। ਤਾਂ ਹੀ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਪੰਜਾਬ ਵਿੱਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਮੁਦਈ ਰਿਹਾ ਹੈ।

ਸੁਖਬੀਰ ਬਾਦਲ ਨੇ ਕਿਹਾ, "ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬ ਨੇ ਦਿੱਤੀਆਂ ਹਨ। ਜਦੋਂ ਵੀ ਦੇਸ਼ ਉੱਤੇ ਹਮਲਾ ਹੋਏ ਤਾਂ ਉਹ ਪੰਜਾਬੀਆਂ ਨੇ ਹੀ ਜਰੇ ਹਨ। ਬਾਰਡਰਾਂ ਉੱਤੇ ਸਾਡੇ ਪੰਜਾਬੀ ਹੀ ਹਨ। ਆਜ਼ਾਦੀ ਤੋਂ ਪਹਿਲਾਂ ਤੇ ਬਾਅਦ ਵੀ ਦੇਸ਼ ਨੂੰ ਪੰਜਾਬੀਆਂ ਨੇ ਬਚਾਇਆ ਹੈ।"

"ਗੁਰੂ ਘਰਾਂ ਨੂੰ ਮਹੰਤਾਂ ਤੋਂ ਬਚਾਉਣ ਦਾ ਕੰਮ ਵੀ ਪੰਜਾਬੀ ਬਜ਼ੁਰਗਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਬਣਾ ਕੇ ਆਜ਼ਾਦ ਕਰਵਾਇਆ ਅਤੇ ਉਸ ਤੋਂ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਲਿਆਂਦੀ ਗਈ।"

"ਅਸਲ ਵਿੱਚ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਤਿੰਨ ਵਾਰ ਮੁੱਖ ਮੰਤਰੀ ਵਜੋਂ ਸੇਵਾਵਾਂ ਨਿਭਾਈਆਂ। ਪਰ ਸੂਬੇ ਵਿੱਚ ਜਿੱਥੇ ਵੀ ਕੋਈ ਬਹਿਤਰ ਹੋਇਆ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਬਣਵਾਈ।"

"ਸ਼੍ਰੋਮਣੀ ਅਕਾਲੀ ਦਲ ਨੇ ਸੂਬੇ ਵਿੱਚ ਸੜਕਾਂ, ਸਕੂਲ,ਹਸਪਤਾਲ ਅਤੇ ਧਰਮਸ਼ਾਲਾਵਾਂ ਸਭ ਬਣਵਾਏ ਹਨ। ਏਅਰਪੋਰਟ ਵੀ ਅਕਾਲੀ ਦਲ ਦੀ ਹੀ ਦੇਣ ਹੈ। ਹੋਰ ਪਾਰਟੀਆਂ ਨੇ ਰਾਜ ਸ਼੍ਰੋਮਣੀ ਅਕਾਲੀ ਦਲ ਤੋਂ ਵੱਧ ਕੀਤਾ ਪਰ ਕੰਮ ਆਪਣੇ ਦੌਰ ਵਿੱਚ ਹੋਏ।"

"ਹਿੰਦੂ, ਮੁਸਲਿਮ ਤੇ ਇਸਾਰੀ ਸਾਰੇ ਕਹਿੰਦੇ ਸਨ ਕਿ ਬਾਦਲ ਸਾਹਿਬ ਸਾਡੇ ਵੱਡੇ ਹਨ। ਜੇ ਪੰਜਾਬ ਵਿੱਚ ਤਰੱਕੀ ਹੋਵੇਗੀ ਤਾਂ ਹੀ ਬਚਾਂਗੇ। ਜੇ ਤਰੱਕੀ ਹੋਵੇਗੀ ਤਾਂ ਸਾਡੇ ਬੱਚੇ ਬਾਹਰ ਜਾਣ ਤੋਂ ਬਚਣਗੇ। ਜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ ਤਾਂ ਇੱਥੇ ਹੀ।"

ਸੁਖਬੀਰ ਬਾਦਲ ਨੂੰ ਕਿਉਂ ਦੇਣਾ ਪਿਆ ਸੀ ਅਸਤੀਫ਼ਾ

ਸ਼੍ਰੋਮਣੀ ਅਕਾਲੀ ਦਲ

ਤਸਵੀਰ ਸਰੋਤ, Shiromani Akali Dal

ਤਸਵੀਰ ਕੈਪਸ਼ਨ, ਸੁਖਬੀਰ ਸਿੰਘ ਬਾਦਲ ਦੀ ਪਾਰਟੀ ਪ੍ਰਧਾਨ ਵਜੋਂ ਚੋਣ ਮੌਕੇ ਇਕੱਠੇ ਹੋਏ ਸ੍ਰੋਮਣੀ ਅਕਾਲੀ ਦਲ ਦੇ ਮੈਂਬਰ

ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਜ਼ਿਕਰਯੋਗ ਹੈ ਕਿ 30 ਅਗਸਤ 2024 ਨੂੰ, ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖ਼ਤ ਵੱਲੋਂ ਤਨਖ਼ਾਹੀਆ ਕਰਾਰ ਦਿੱਤਾ ਗਿਆ ਅਤੇ ਸੁਖਬੀਰ ਸਿੰਘ ਬਾਦਲ 'ਤੇ ਜ਼ਿਮਨੀ ਚੋਣਾਂ ਵਿੱਚ ਹਿੱਸਾ ਲੈਣ ਉੱਤੇ ਵੀ ਅਕਾਲ ਤਖ਼ਤ ਵੱਲੋਂ ਪਾਬੰਦੀ ਸੀ।

ਇਸੇ ਨੂੰ ਕਾਰਨ ਦੱਸਦਿਆਂ ਪਾਰਟੀ ਨੇ ਜ਼ਿਮਨੀ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਸੀ।

ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਲੰਬੇ ਸਮੇਂ ਤੋਂ ਪਾਰਟੀ ਵਿੱਚ ਬਗ਼ਾਵਤੀ ਸੁਰਾਂ ਉੱਠ ਰਹੀਆਂ ਹਨ।

ਪਾਰਟੀ ਅੰਦਰਲੀ ਬਗ਼ਾਵਤ ਉਸ ਸਮੇਂ ਖੁੱਲ੍ਹ ਕੇ ਸਾਹਮਣੇ ਆਈ ਸੀ ਜਦੋਂ ਬੀਬੀ ਜਗੀਰ ਕੌਰ ਤੇ ਪ੍ਰੇਮ ਸਿੰਘ ਚੰਦੂਮਾਜਰਾ ਸਣੇ ਕਈ ਸੀਨੀਅਰ ਅਕਾਲੀ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਵਿਖੇ ਹਾਜ਼ਰ ਹੋ ਕੇ ਪਾਰਟੀ ਦੀਆਂ ਗ਼ਲਤੀਆਂ ਲਈ ਮਾਫ਼ੀਨਾਮਾ ਦਿੱਤਾ ਸੀ ਅਤੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਚੁਣੌਤੀ ਦਿੱਤੀ ਸੀ।

ਬਾਗ਼ੀ ਅਕਾਲੀ ਆਗੂ

ਤਸਵੀਰ ਸਰੋਤ, PARDEEP SHARMA/BBC

ਤਸਵੀਰ ਕੈਪਸ਼ਨ, ਬਾਗ਼ੀ ਅਕਾਲੀ ਆਗੂ

ਤਤਕਾਲੀ ਜਥੇਦਾਰ ਅਕਾਲ ਤਖ਼ਤ ਗਿਆਨੀ ਰਘਬੀਰ ਸਿੰਘ ਨੂੰ ਦਿੱਤੀ ਗਈ ਚਿੱਠੀ ਵਿੱਚ ਮੁਆਫ਼ੀ ਮੰਗਦਿਆਂ ਕਿਹਾ ਗਿਆ ਕਿ 2007 ਤੋਂ ਲੈ ਕੇ 2017 ਤੱਕ ਪਾਰਟੀ ਵੱਲੋਂ ਕਈ ਗ਼ਲਤੀਆਂ ਹੋਈਆਂ।

ਜਿਨ੍ਹਾਂ ਵਿੱਚ ਬੇਅਦਬੀ ਤੇ ਡੇਰਾ ਸੱਚਾ ਸੌਦਾ, ਸਿਰਸਾ ਮੁਖੀ ਰਾਮ ਰਹੀਮ ਸਬੰਧੀ ਲਏ ਗਏ ਫ਼ੈਸਲਿਆਂ ਦਾ ਜ਼ਿਕਰ ਕੀਤਾ ਗਿਆ।

ਪਾਰਟੀ ਦਾ ਸਿਆਸੀ ਪ੍ਰਦਰਸ਼ਨ ਵੀ 2017 ਦੀਆਂ ਆਮ ਵਿਧਾਨ ਸਭਾ ਚੋਣਾਂ ਦੌਰਾਨ ਸੱਤਾ ਖੁੱਸਣ ਤੋਂ ਬਾਅਦ ਲਗਾਤਾਰ ਨਿਘਾਰ ਵੱਲ ਜਾ ਰਿਹਾ ਹੈ।

ਆਓ ਹੁਣ ਜਾਣਦੇ ਹਾਂ ਕਿ ਪਾਰਟੀ ਵੱਲੋਂ ਆਪਣਾ ਪ੍ਰਧਾਨ ਕਿਵੇਂ ਚੁਣਿਆ ਜਾਂਦਾ ਹੈ ਅਤੇ ਪ੍ਰਧਾਨ ਚੁਣਨ ਦਾ ਅਧਿਕਾਰ ਕਿਸ ਕੋਲ ਹੈ...

ਪਾਰਟੀ ਪ੍ਰਧਾਨ ਚੁਣਨ ਦਾ ਅਧਿਕਾਰ ਕਿਸ ਕੋਲ ਹੈ?

ਸੁਖਬੀਰ ਬਾਦਲ

ਤਸਵੀਰ ਸਰੋਤ, Akali Dal

ਪੱਤਰਕਾਰੀ ਵਿੱਚ ਵੀ ਲੰਬਾ ਤਜਰਬਾ ਰੱਖਣ ਵਾਲੇ ਪ੍ਰੋਫੈਸਰ ਜਸਪਾਲ ਸਿੰਘ ਨੇ ਬੀਬੀਸੀ ਪੰਜਾਬੀ ਦੇ ਪੱਤਰਕਾਰ ਹਰਮਨਦੀਪ ਸਿੰਘ ਨੂੰ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਅਨੁਸਾਰ ਪਾਰਟੀ ਦਾ ਪ੍ਰਧਾਨ ਡੈਲੀਗੇਟਾਂ ਵੱਲੋਂ ਚੁਣਿਆ ਜਾਂਦਾ ਹੈ। ਡੈਲੀਗੇਟਸ ਪਾਰਟੀ ਦੇ ਜਰਨਲ ਹਾਊਸ ਦੇ ਮੈਂਬਰ ਹੁੰਦੇ ਹਨ।

ਡੈਲੀਗੇਟਾਂ ਵੱਲੋਂ ਪਾਰਟੀ ਦੇ ਪ੍ਰਧਾਨ ਦੇ ਉਮੀਦਵਾਰਾਂ ਵਿੱਚੋਂ ਪ੍ਰਧਾਨ ਦੀ ਚੋਣ ਕੀਤੀ ਜਾਂਦੀ ਹੈ। ਜਿਸ ਉਮੀਦਵਾਰ ਤੇ ਹੱਕ ਵਿੱਚ ਵੱਧ ਡੈਲੀਗੇਟਾਂ ਭੁਗਤਦੇ ਹਨ ਉਸ ਨੂੰ ਪਾਰਟੀ ਦਾ ਪ੍ਰਧਾਨ ਚੁਣ ਲਿਆ ਜਾਂਦਾ ਹੈ।

ਪ੍ਰੋਫੈਸਰ ਜਸਪਾਲ ਸਿੰਘ ਦੱਸਦੇ ਹਨ ਕਿ ਪਾਰਟੀ ਦੇ 500 ਕਰੀਬ ਡੈਲੀਗੇਟ ਹਨ। ਪੰਜਾਬ ਦੇ ਹਰੇਕ ਵਿਧਾਨ ਸਭਾ ਹਲਕੇ ਵਿੱਚ ਪਾਰਟੀ ਦੇ ਚਾਰ ਡੈਲੀਗੇਟ ਹੋ ਸਕਦੇ ਹਨ ਜਦਕਿ ਹੋਰਨਾਂ ਸੂਬਿਆਂ ਤੋਂ ਵੀ ਪਾਰਟੀ ਦੇ ਡੈਲੀਗੇਟਸ ਹੁੰਦੇ ਹਨ।

ਪਿਛਲੇ ਕੁਝ ਸਾਲਾਂ ਦੌਰਾਨ ਕਈ ਡੈਲੀਗੇਟਾਂ ਦਾ ਦੇਹਾਂਤ ਹੋ ਗਿਆ ਹੈ, ਕਈ ਹੋਰ ਪਾਰਟੀਆਂ ਵਿੱਚ ਸ਼ਾਮਲ ਹੋਣ ਲਈ ਅਕਾਲੀ ਦਲ ਛੱਡ ਗਏ ਹਨ ਅਤੇ ਕਈਆਂ ਨੂੰ ਪਾਰਟੀ ਵਿੱਚੋਂ ਕੱਢਿਆ ਗਿਆ ਹੈ।

ਪਾਰਟੀ ਵਿੱਚ ਕਿੰਨੇ ਤਰ੍ਹਾਂ ਦੇ ਡੈਲੀਗੇਟ ਹਨ?

ਸੁਖਬੀਰ ਸਿੰਘ ਬਾਦਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੁਖਬੀਰ ਸਿੰਘ ਬਾਦਲ ਅਕਾਲ ਤਖ਼ਤ ਵਿਖੇ ਨਤਮਸਤਕ ਹੁੰਦੇ ਹੋਏ

ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਨੁਸਾਰ ਪਾਰਟੀ ਵਿੱਚ ਤਿੰਨ ਤਰ੍ਹਾਂ ਦੇ ਡੈਲੀਗੇਟ ਹੁੰਦੇ ਹਨ। ਪਹਿਲੇ ਡੈਲੀਗੇਟ ਸਰਕਲ ਪੱਧਰ, ਦੂਜੇ ਜ਼ਿਲ੍ਹਾ ਪੱਧਰ ਦੇ ਅਤੇ ਤੀਜੇ ਡੈਲੀਗੇਟਸ ਸੂਬਾ ਪੱਧਰ ਦੇ ਹੁੰਦੇ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਲੀਡਰ ਚਰਨਜੀਤ ਬਰਾੜ ਨੇ ਦੱਸਿਆ ਕਿ ਪਾਰਟੀ ਦੇ 100 ਮੈਂਬਰਾਂ ਪਿੱਛੇ ਇੱਕ ਸਰਕਲ ਡੈਲੀਗੇਟ ਚੁਣਿਆ ਜਾਂਦਾ ਹੈ। 40 ਸਰਕਲ ਡੈਲੀਗੇਟਾਂ ਪਿੱਛੇ ਇੱਕ ਜ਼ਿਲ੍ਹਾ ਡੈਲੀਗੇਟ ਚੁਣਿਆ ਜਾਂਦਾ ਹੈ।

ਜਿਲ੍ਹੇ ਦੇ ਡੈਲੀਗੇਟ ਹਰ ਵਿਧਾਨ ਸਭਾ ਹਲਕੇ ਵਿੱਚੋਂ ਚਾਰ ਸੂਬਾ ਪੱਧਰ ਦੇ ਡੈਲੀਗੇਟ ਚੁਣਦੇ ਹਨ। ਇਹ ਡੈਲੀਗੇਟ ਪਾਰਟੀ ਦੇ ਜਨਰਲ ਹਾਊਸ ਦੇ ਮੈਂਬਰ ਹੁੰਦੇ ਹਨ ਅਤੇ ਇਹ ਹੀ ਵਰਕਿੰਗ ਕਮੇਟੀ ਅਤੇ ਸੂਬਾ ਪ੍ਰਧਾਨ ਨੂੰ ਚੁਣਦੇ ਹਨ।

ਬਰਾੜ ਨੇ ਦੱਸਿਆ ਕਿ ਡੈਲੀਗੇਟ ਤੋਂ ਬਿਨਾਂ ਵਰਕਿੰਗ ਕਮੇਟੀ ਵੀ ਪਾਰਟੀ ਦਾ ਪ੍ਰਧਾਨ ਚੁਣਨ ਦੇ ਸਮਰੱਥ ਹੈ।

ਪਰ ਵਰਕਿੰਗ ਕਮੇਟੀ ਵੱਲੋਂ ਚੁਣੇ ਗਏ ਪ੍ਰਧਾਨ ਦੀ ਮਿਆਦ ਜਨਰਲ ਹਾਊਸ ਦੀ ਮਿਆਦ ਤੱਕ ਹੀ ਹੁੰਦੀ ਹੈ। ਵਰਕਿੰਗ ਕਮੇਟੀ ਜਨਰਲ ਹਾਊਸ ਦੀ ਮਿਆਦ ਕੁਝ ਸਮੇਂ ਤੱਕ ਵਧਾ ਵੀ ਸਕਦੀ ਹੈ।

ਬਰਾੜ ਨੇ ਕਿਹਾ, "ਸੰਵਿਧਾਨ ਮੁਤਾਬਕ ਜਦੋਂ ਨਵੇਂ ਜਰਨਲ ਹਾਊਸ ਯਾਨਿ ਕਿ ਡੈਲੀਗੇਟਸ ਦੀ ਚੋਣ ਹੋਵੇਗੀ ਤਾਂ ਸੂਬਾ ਪ੍ਰਧਾਨ ਦੀ ਚੋਣ ਇਨਾਂ ਡੈਲੀਗੇਟ ਵੱਲੋਂ ਹੀ ਕੀਤੀ ਜਾਵੇਗੀ।"

ਹੁਣ ਪੇਸ਼ ਹੈ 2022 ਵਿੱਚ ਸੁਖਬੀਰ ਸਿੰਘ ਬਾਦਲ ਦੇ ਜੀਵਨ ਉੱਤੇ ਛਪੀ ਬੀਬੀਸੀ ਪੱਤਰਕਾਰ ਖੁਸ਼ਹਾਲ ਲਾਲੀ ਦੀ ਰਿਪੋਰਟ ਦੇ ਮੁੱਖ ਅੰਸ਼।

ਬਾਦਲ ਪਿੰਡ ਤੋਂ ਲੌਸ ਏਂਜਲਸ

ਸੁਖਬੀਰ ਬਾਦਲ

ਤਸਵੀਰ ਸਰੋਤ, Getty Images

ਸੁਖਬੀਰ ਬਾਦਲ ਦਾ ਜਨਮ 9 ਜੁਲਾਈ 1962 ਨੂੰ ਪ੍ਰਕਾਸ਼ ਸਿੰਘ ਬਾਦਲ ਅਤੇ ਮਾਤਾ ਸੁਰਿੰਦਰ ਕੌਰ ਦੇ ਘਰ ਹੋਇਆ। ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਲੰਬਾ ਸਮਾਂ ਪ੍ਰਧਾਨ ਰਹੇ ਹਨ ਅਤੇ ਉਹ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ।

ਸਾਲ 2022 ਵਿੱਚ, 94 ਸਾਲ ਦੀ ਉਮਰ 'ਚ ਵੀ ਉਹ ਆਪਣੇ ਜੱਦੀ ਹਲਕੇ ਲੰਬੀ ਤੋਂ ਚੋਣ ਮੈਦਾਨ ਵਿੱਚ ਸਨ ਅਤੇ ਉਸ ਵੇਲੇ ਪੰਜਾਬ ਵਿੱਚ ਸਭ ਤੋਂ ਬਜ਼ੁਰਗ ਉਮੀਦਵਾਰ ਸਨ। 25 ਅਪ੍ਰੈਲ 2023 ਵਿੱਚ, 95 ਸਾਲ ਦੀ ਉਮਰ 'ਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।

ਸੁਖਬੀਰ ਸਿੰਘ ਬਾਦਲ ਨੇ ਇੱਕ ਟੀਵੀ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਨ੍ਹਾਂ ਆਪਣੀ ਪੜ੍ਹਾਈ ਦੀ ਸ਼ੁਰੂਆਤ ਪਿੰਡ ਬਾਦਲ ਦੇ ਸਰਕਾਰੀ ਸਕੂਲ ਤੋਂ ਕੀਤੀ।

ਕਰੀਬ ਡੇਢ ਸਾਲ ਬਾਅਦ ਉਹ ਡੱਬਵਾਲੀ ਦੇ ਰਾਜਾਰਾਮ ਸਕੂਲ ਵਿੱਚ ਜਾਣ ਲੱਗ ਪਏ, ਉੱਥੇ ਵੀ ਇੱਕ ਸਾਲ ਪੜ੍ਹਨ ਤੋਂ ਬਾਅਦ ਉਹ ਬਠਿੰਡਾ ਕੌਨਵੈਂਟ ਬੋਰਡਿੰਗ ਸਕੂਲ ਵਿੱਚ 2 ਸਾਲ ਪੜ੍ਹੇ।

ਸੁਖਬੀਰ ਮੁਤਾਬਕ ਇਸ ਤੋਂ ਬਾਅਦ ਉਨ੍ਹਾਂ ਨੇ ਸਕੂਲੀ ਪੜ੍ਹਾਈ ਦੇਹਰਾਦੂਨ ਅਤੇ ਲਾਰੈਂਸ ਸਕੂਲ ਸਨਾਵਰ ਵਿੱਚ ਪੂਰੀ ਕੀਤੀ।

ਆਪਣੀਆਂ ਸਕੂਲੀ ਯਾਦਾਂ ਬਾਰੇ ਗੱਲ ਕਰਦਿਆਂ ਸੁਖਬੀਰ ਕਹਿੰਦੇ ਹਨ, ''ਬੋਰਡਿੰਗ ਸਕੂਲ ਵਿੱਚ ਜਾਣਾ ਉਨ੍ਹਾਂ ਲਈ ਕਾਫ਼ੀ ਔਖਾ ਫ਼ੈਸਲਾ ਸੀ ਪਰ ਉਹ ਸਮਝਦੇ ਹਨ ਕਿ ਬੱਚਿਆਂ ਨੂੰ ਬੋਰਡਿੰਗ ਸਕੂਲ ਭੇਜਿਆ ਜਾਣਾ ਚਾਹੀਦਾ ਹੈ, ਕਿਉਂਕਿ ਇਹ ਜ਼ਿੰਦਗੀ ਦਾ ਅਨੁਸ਼ਾਸ਼ਨ ਸਿਖਾਉਂਦਾ ਹੈ, ਜੋ ਬੱਚਾ ਘਰ ਮਾਪਿਆਂ ਨਾਲ ਰਹਿ ਕੇ ਨਹੀਂ ਸਿੱਖਦਾ।''

ਸੁਖਬੀਰ ਦੱਸਦੇ ਹਨ ਕਿ ਉਨ੍ਹਾਂ ਦੀ ਜ਼ਿਆਦਾ ਸੁਰ ਮਾਤਾ ਨਾਲ ਮਿਲਦੀ ਸੀ, ਕਿਉਂਕਿ ਪਿਤਾ ਤਾਂ ਸਿਆਸੀ ਗਤੀਵਿਧੀਆਂ ਅਤੇ ਜੇਲ੍ਹ ਯਾਤਰਾਵਾਂ ਉੱਤੇ ਰਹਿੰਦੇ ਸਨ। ਇਸ ਲਈ ਦੇਖ-ਭਾਲ ਅਤੇ ਪੜ੍ਹਾਈ ਦਾ ਪੂਰਾ ਖ਼ਿਆਲ ਮਾਤਾ ਹੀ ਰੱਖਦੇ ਸਨ।

ਸੁਖਬੀਰ ਬਾਦਲ ਨੇ ਪੋਸਟ ਗਰੈਜੂਏਟ ਡਿਗਰੀ (1980-1984) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ। ਇਸ ਉਪਰੰਤ ਉਹ ਪੜ੍ਹਨ ਲਈ ਅਮਰੀਕਾ ਚਲੇ ਗਏ।

ਸੁਖਬੀਰ ਦੱਸਦੇ ਹਨ ਕਿ ਉਹ ਬੀਏ ਤੋਂ ਬਾਅਦ ਖੇਤੀ ਕਰਨਾ ਚਾਹੁੰਦੇ ਸਨ, ਪਰ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜ਼ਮੀਨ ਜਾਇਦਾਦ ਦਾ ਕੀ ਹੈ, ਅੱਜ ਹੈ, ਕੱਲ ਨਹੀਂ ਹੋਵੇਗੀ, ਪਰ ਪੜ੍ਹਾਈ ਕੋਈ ਨਹੀਂ ਖੋਹ ਸਕਦਾ।

ਪਿਤਾ ਦੇ ਸਮਝਾਉਣ ਤੋਂ ਬਾਅਦ ਉਨ੍ਹਾਂ ਨੇ ਨਾ ਸਿਰਫ਼ ਪੰਜਾਬ ਯੂਨੀਵਰਸਿਟੀ ਵਿੱਚ ਆਪਣੀ ਐੱਮਏ ਅਰਥ ਸਾਸ਼ਤਰ ਪੂਰੀ ਕੀਤੀ ਸਗੋਂ ਅਮਰੀਕਾ ਦੀ ਕੈਲੇਫੋਰਨੀਆ ਸਟੇਟ ਯੂਨੀਵਰਸਿਟੀ, ਲੌਸ ਏਂਜਲਸ ਤੋਂ ਐੱਮਬੀਏ ਦੀ ਡਿਗਰੀ ਹਾਸਲ ਕੀਤੀ।

ਸੁਖਬੀਰ ਬਾਦਲ ਦਾ ਪਰਿਵਾਰ

ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ

ਤਸਵੀਰ ਸਰੋਤ, Sukhbir Badal/FB

ਸੁਖਬੀਰ ਬਾਦਲ ਨੇ ਪੰਜਾਬ ਦੇ ਸਿਰਕੱਢ ਤੇ ਰਵਾਇਤੀ ਕਾਂਗਰਸੀ ਮਜੀਠੀਆ ਪਰਿਵਾਰ ਦੀ ਧੀ ਹਰਸਿਮਰਤ ਕੌਰ ਬਾਦਲ ਨਾਲ ਵਿਆਹ ਕਰਵਾਇਆ।

ਸੁਖਬੀਰ ਬਾਦਲ ਮੁਤਾਬਕ ਇਹ ਮਾਪਿਆਂ ਦੀ ਮਰਜ਼ੀ ਨਾਲ ਅਰੇਂਜ਼ ਮੈਰਿਜ ਸੀ।

ਉਨ੍ਹਾਂ ਮੁਤਾਬਕ ਹਰਸਿਮਰਤ ਕੌਰ ਬਾਦਲ ਬਹੁਤ ਹੀ ਧਾਰਮਿਕ ਮਤ ਅਤੇ ਰੱਬ ਉੱਤੇ ਅਟੁੱਟ ਭਰੋਸਾ ਕਰਨ ਵਾਲੇ ਹਨ।

ਉਨ੍ਹਾਂ ਦੇ ਘਰ ਲਗਾਤਾਰ ਅਖੰਡ ਪਾਠ ਚੱਲਦੇ ਹਨ ਅਤੇ ਹਰ 6 ਦਿਨਾਂ ਵਿੱਚ ਦੋ ਅਖੰਡ ਪਾਠਾਂ ਦੇ ਭੋਗ ਪੈਂਦੇ ਹਨ। ਇਹ ਸਾਰਾ ਮਾਹੌਲ ਹਰਸਿਮਰਤ ਕੌਰ ਨੇ ਸਿਰਜਿਆ ਹੈ।

ਸੁਖਬੀਰ ਦੀਆਂ ਦੋ ਬੇਟੀਆਂ ਹਰਕੀਰਤ ਕੌਰ, ਹਰਲੀਨ ਹਨ ਅਤੇ ਇੱਕ ਬੇਟਾ ਅਨੰਤਬੀਰ ਸਿੰਘ ਹੈ।

ਸੁਖ਼ਬੀਰ ਮੁਤਾਬਕ, ਬੱਚਿਆਂ ਦੇ ਸਿਆਸਤ ਵਿੱਚ ਆਉਣ ਦਾ ਅਜੇ ਕੋਈ ਵਿਚਾਰ ਨਹੀਂ ਹੈ। ਪਰ ਇਹ ਫ਼ੈਸਲਾ ਉਨ੍ਹਾਂ ਨੇ ਹੀ ਲੈਣਾ ਹੈ।

ਸੁਖਬੀਰ ਦੇ ਬੱਚੇ ਚੋਣਾਂ ਦੌਰਾਨ ਕਿਤੇ-ਕਿਤੇ ਆਪਣੇ ਮਾਤਾ-ਪਿਤਾ ਲਈ ਚੋਣ ਪ੍ਰਚਾਰ ਕਰਦੇ ਆਮ ਦੇਖੇ ਜਾ ਸਕਦੇ ਹਨ।

ਸੁਖਬੀਰ ਦਾ ਸਿਆਸੀ ਸਫ਼ਰ

ਸੁਖਬੀਰ ਬਾਦਲ

ਤਸਵੀਰ ਸਰੋਤ, Sukhbir Singh Badal/Facebook

ਸੁਖਬੀਰ ਬਾਦਲ ਨੇ ਚੋਣ ਪਿੜ ਵਿੱਚ ਸਿਆਸੀ ਸਫ਼ਰ 1996 ਵਿੱਚ ਫਰੀਦਕੋਟ ਲੋਕ ਸਭਾ ਹਲਕੇ ਤੋਂ ਸ਼ੁਰੂ ਕੀਤਾ।

ਉਨ੍ਹਾਂ 11ਵੀਂ ਲੋਕ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਦੇ ਤੇਜ਼-ਤਰਾਰ ਆਗੂ ਜਗਮੀਤ ਸਿੰਘ ਬਰਾੜ ਨੂੰ ਹਰਾ ਕੇ ਇਹ ਚੋਣ ਜਿੱਤੀ।

ਜਗਮੀਤ ਸਿੰਘ ਬਰਾੜ ਕੁਝ ਸਮਾਂ ਪਹਿਲਾਂ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋ ਚੁੱਕੇ ਹਨ।

1996 ਦੌਰਾਨ ਕੇਂਦਰ ਵਿੱਚ ਤੀਜੇ ਮੋਰਚੇ ਦੀ ਸਰਕਾਰ ਬਣੀ ਅਤੇ ਐੱਚਡੀ ਦੇਵਗੌੜਾ ਤੇ ਇੰਦਰ ਕੁਮਾਰ ਗੁਜਰਾਲ ਦੋ ਪ੍ਰਧਾਨ ਮੰਤਰੀਆਂ ਦੇ ਕਾਰਜਕਾਲ ਵਾਲੀ ਇਹ ਸਰਕਾਰ ਕਾਂਗਰਸ ਵਲੋਂ ਸਮਰਥਨ ਵਾਪਸ ਲੈਣ ਨਾਲ ਡਿੱਗ ਪਈ।

ਜਿਸ ਕਾਰਨ 12ਵੀਂ ਲੋਕ ਸਭਾ ਦੀਆਂ ਚੋਣਾਂ ਮੱਧਕਾਲੀ ਸਨ ਅਤੇ ਇਹ 1998 ਵਿੱਚ ਹੀ ਹੋ ਗਈਆਂ।

ਸੁਖਬੀਰ ਬਾਦਲ ਅਕਾਲੀ ਦਲ ਦੀ ਟਿਕਟ ਉੱਤੇ ਮੁੜ ਫਰੀਦਕੋਟ ਤੋਂ ਲੋਕ ਸਭਾ ਦੀ ਚੋਣ ਲੜੇ ਅਤੇ ਜਿੱਤੇ।

ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਅਤੇ ਕੇਂਦਰ ਵਿੱਚ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਿੱਚ ਨੈਸ਼ਨਲ ਡੈਮੋਕ੍ਰੇਟਿਕ ਅਲਾਂਇਸ (ਐੱਨਡੀਏ) ਦੀ ਸਰਕਾਰ ਬਣੀ।

1998-99 ਦੀ ਇਸ 13 ਮਹੀਨਿਆਂ ਦੀ ਸਰਕਾਰ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਉਦਯੋਗ ਮੰਤਰਾਲੇ ਦਾ ਰਾਜ ਮੰਤਰੀ ਬਣਾਇਆ ਗਿਆ।

ਸੁਖਬੀਰ ਬਾਦਲ 2001 ਤੋਂ 2004 ਤੱਕ ਸੰਸਦ ਦੇ ਉੱਪਰਲੇ ਸਦਨ, ਰਾਜ ਸਭਾ ਦੇ ਮੈਂਬਰ ਰਹੇ।

2004 ਦੀਆਂ ਲੋਕ ਸਭਾ ਚੋਣਾਂ ਦੌਰਾਨ ਸੁਖਬੀਰ ਬਾਦਲ ਤੀਜੀ ਵਾਰ ਸੰਸਦ ਮੈਂਬਰ ਚੁਣੇ ਗਏ ਅਤੇ ਉਹ ਸੰਸਦ ਦੀ ਵਿਗਿਆਨ ਅਤੇ ਵਾਤਾਵਰਨ ਕਮੇਟੀ ਅਤੇ ਟੂਰਿਜ਼ਮ ਮੰਤਰਾਲੇ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਰਹੇ।

ਇਸ ਤੋਂ ਬਾਅਦ ਉਹ 2008 ਵਿੱਚ ਪੰਜਾਬ ਦੀ ਸੂਬਾਈ ਸਿਆਸਤ ਵਿੱਚ ਕੁੱਦ ਪਏ।

ਉਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਥਾਂ ਪਾਰਟੀ ਦੀ ਕਮਾਂਡ ਸੌਂਪੀ ਗਈ ਅਤੇ ਪੰਜਾਬ ਸਰਕਾਰ ਵਿੱਚ ਡਿਪਟੀ ਮੁੱਖ ਮੰਤਰੀ ਬਣਾਇਆ ਗਿਆ।

ਜਿਸ ਕਾਰਨ ਉਨ੍ਹਾਂ ਨੇ 2008 ਤੋਂ ਜਲਾਲਾਬਾਦ ਹਲਕੇ ਤੋਂ ਜ਼ਿਮਨੀ ਚੋਣ ਲੜੀ ਅਤੇ ਵਿਧਾਇਕ ਬਣੇ।

2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਹ ਮੁੜ ਜਲਾਲਾਬਾਦ ਤੋਂ ਵਿਧਾਇਕ ਦੀ ਚੋਣ ਜਿੱਤੇ।

ਉਨ੍ਹਾਂ ਇਸ ਮੁਕਾਬਲੇ ਵਿੱਚ ਆਮ ਆਦਮੀ ਪਾਰਟੀ ਦੇ ਮੌਜੂਦਾ ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਕਾਂਗਰਸ ਦੇ ਮੌਜੂਦਾ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਹਰਾਇਆ ਸੀ।

ਸੁਖਬੀਰ ਬਾਦਲ

2012 ਵਿੱਚ ਅਕਾਲੀ ਦਲ ਨੇ ਪੰਜਾਬ ਦੀ ਲਗਾਤਾਰ ਦੂਜੀ ਵਾਰ ਸੱਤਾ ਹਾਸਿਲ ਕਰਕੇ ਨਵਾਂ ਸਿਆਸੀ ਇਤਿਹਾਸ ਸਿਰਜਿਆ।

ਅਕਾਲੀ ਦਲ ਨੇ ਇਸ ਜਿੱਤ ਦਾ ਸਿਹਰਾ ਸੁਖਬੀਰ ਸਿੰਘ ਬਾਦਲ ਦੀ ਚੋਣ ਪ੍ਰਬੰਧਨ ਮੁਹਾਰਤ ਅਤੇ ਸਮਾਜਿਕ ਇੰਜੀਨੀਅਰਿੰਗ ਨੂੰ ਦਿੱਤਾ।

ਸੁਖਬੀਰ ਬਾਦਲ ਇਹ ਚੋਣ ਜਿੱਤ ਕੇ ਮੁੜ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਬਣੇ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਕਰਾਰੀ ਹਾਰ ਦੀ ਜ਼ਿੰਮੇਵਾਰੀ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲੋਂ ਵੱਧ ਸੁਖਬੀਰ ਜ਼ਿੰਮੇਂ ਲੱਗੀ।

ਅਕਾਲੀ ਦਲ ਦੇ ਕਾਰਜਕਾਲ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਨਸ਼ੇ ਦੀ ਸਮੱਸਿਆ ਦੇ ਚੋਣ ਮੁੱਦਾ ਬਣਨ ਕਾਰਨ ਪਾਰਟੀ ਤੀਜੇ ਸਥਾਨ ਉੱਤੇ ਚਲੀ ਗਈ।

2019 ਦੀਆਂ ਲੋਕ ਸਭਾ ਚੋਣਾਂ ਵਿੱਚ ਜਿੱਥੇ ਪੂਰੇ ਮੁਲਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਹਿਰ ਚੱਲ ਰਹੀ ਸੀ, ਉੱਥੇ ਪੰਜਾਬ ਵਿੱਚ ਅਕਾਲੀ- ਭਾਜਪਾ ਸਿਆਸੀ ਸੰਕਟ ਵਿੱਚੋਂ ਗੁਜ਼ਰ ਰਹੇ ਸਨ।

ਇਸ ਸੰਕਟ ਭਰੇ ਮੌਕੇ ਵਿੱਚ ਸੁਖਬੀਰ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ।

ਬਠਿੰਡਾ ਤੋਂ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਚੋਣ ਲੜਾਈ ਅਤੇ ਆਪ ਫਰੀਦਕੋਟ ਤੋਂ ਉਮੀਦਵਾਰ ਬਣ ਗਏ।

2022 ਦੀਆਂ ਵਿਧਾਨ ਸਭਾ ਵਿੱਚ ਵੀ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਦਾ ਮਾੜਾ ਪ੍ਰਦਰਸ਼ਨ ਰਿਹਾ। ਉਨ੍ਹਾਂ ਨੇ ਸਿਰਫ਼ ਤਿੰਨ ਸੀਟਾਂ ਹਾਸਲ ਕੀਤੀਆਂ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਕੇਵਲ ਇੱਕ ਸੀਟ ਹੀ ਜਿੱਤ ਸਕੀ ਸੀ। ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਚੋਣ ਜਿੱਤੀ ਸੀ।

ਸੁਖਬੀਰ ਬਾਦਲ ਅਤੇ ਵਿਵਾਦ

ਸੁਖਬੀਰ ਬਾਦਲ

ਤਸਵੀਰ ਸਰੋਤ, ECI

ਸੁਖਬੀਰ ਬਾਦਲ ਜਦੋਂ 2008 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਤਾਂ ਉਨ੍ਹਾਂ ਉੱਤੇ ਅਕਾਲੀ ਦਲ ਦੇ ਆਗੂ ਅਤੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੌਲੀ ਨੇ ਪਹਿਲਾ ਗੈਰ ਅੰਮ੍ਰਿਤਧਾਰੀ ਪ੍ਰਧਾਨ ਹੋਣ ਦਾ ਇਲਜ਼ਾਮ ਲਾਇਆ ਸੀ।

ਜਦੋਂ ਸੁਖਬੀਰ ਨੂੰ ਪ੍ਰਧਾਨ ਬਣਾਇਆ ਗਿਆ ਸੀ, ਤਾਂ ਉਹ ਗੈਰ ਅੰਮ੍ਰਿਤਧਾਰੀ ਸਨ। ਉਨ੍ਹਾਂ ਨੇ ਪ੍ਰਧਾਨ ਬਣਨ ਤੋਂ ਬਾਅਦ ਅੰਮ੍ਰਿਤ ਛਕਿਆ ਸੀ। ਅੰਮ੍ਰਿਤ ਸੰਚਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਹੋਇਆ ਸੀ। ਉਸ ਵੇਲੇ ਉੱਥੇ ਬਾਦਲ ਪਰਿਵਾਰ ਦਾ ਕੋਈ ਮੈਂਬਰ ਮੌਜੂਦ ਨਹੀਂ ਸੀ।

ਸੁਖਬੀਰ ਨੇ ਅੰਮ੍ਰਿਤ ਛਕਿਆ ਹੋਇਆ ਹੈ ਜਾਂ ਨਹੀਂ ਇਹ ਵਿਵਾਦ ਪੰਜਾਬ ਵਿਧਾਨ ਸਭਾ ਵਿੱਚ ਵੀ ਉੱਠਿਆ ਸੀ। ਚਰਨਜੀਤ ਸਿੰਘ ਚੰਨੀ, ਉਦੋਂ ਸਦਨ ਵਿਚ ਵਿਰੋਧੀ ਧਿਰ ਦੇ ਆਗੂ ਹੁੰਦੇ ਸਨ ਅਤੇ ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਚੁਣੌਤੀ ਦਿੱਤੀ ਸੀ।

ਚੰਨੀ ਨੇ ਕਿਹਾ ਸੀ, ''ਸੁਖਬੀਰ ਜੀ, ਜੇ ਤੁਸੀਂ ਅੰਮ੍ਰਿਤਧਾਰੀ ਹੋ ਤਾਂ ਸਦਨ ਵਿੱਚ ਆਪਣੀ ਸ੍ਰੀ ਸਾਹਿਬ (ਛੋਟੀ ਕ੍ਰਿਪਾਨ) ਦਿਖਾਓ, ਉਸ ਸਦਨ ਵਿੱਚ ਸੁਖਬੀਰ ਹਾਜ਼ਰ ਸਨ ਅਤੇ ਉਹ ਸੀਟ ਤੋਂ ਖੜ੍ਹੇ ਨਹੀਂ ਹੋਏ ਅਤੇ ਉਨ੍ਹਾਂ ਕੋਈ ਦਾਅਵਾ ਨਹੀਂ ਕੀਤਾ ਸੀ।''

ਕੈਪਟਨ ਅਮਰਿੰਦਰ ਸਿੰਘ

ਤਸਵੀਰ ਸਰੋਤ, NARINDER NANU/AFP/Getty Images

2002 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਭ੍ਰਿਸ਼ਟਾਚਾਰ ਦੇ ਮੁੱਦੇ ਉੱਤੇ ਲੜੀਆਂ।

ਸਰਕਾਰ ਬਣਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਉੱਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮ ਲਾਏ।

ਉਨ੍ਹਾਂ ਉੱਤੇ ਮੁਲਕ ਤੋਂ ਬਾਹਰ ਵੀ ਜਾਇਦਾਦ ਅਤੇ ਹੋਟਲ ਬਣਾਉਣ ਦੇ ਇਲਜ਼ਾਮ ਲਾਏ ਗਏ, 2003 ਵਿੱਚ ਇਨ੍ਹਾਂ ਇਲਜ਼ਾਮਾਂ ਤਹਿਤ ਦੋਵਾਂ ਪਿਓ-ਪੁੱਤਰ ਨੂੰ ਕੁਝ ਦਿਨ ਜੇਲ੍ਹ ਵੀ ਕੱਟਣੀ ਪਈ।

ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਦੋਵੇਂ ਇਨ੍ਹਾਂ ਇਲਜ਼ਾਮਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦੇ ਰਹੇ। ਕੈਪਟਨ ਆਪਣੇ ਰਾਜ ਦੌਰਾਨ ਬਾਦਲ ਪਰਿਵਾਰ ਉੱਤੇ ਲਾਏ ਇਲਜ਼ਾਮਾਂ ਨੂੰ ਸਾਬਤ ਨਹੀਂ ਕਰ ਸਕੇ।

2007 ਵਿੱਚ ਜਦੋਂ ਮੁੜ ਅਕਾਲੀ ਦਲ ਦੀ ਸੱਤਾ ਵਿੱਚ ਆ ਗਈ ਤਾਂ ਬਾਦਲ ਪਰਿਵਾਰ ਇਨ੍ਹਾਂ ਸਾਰੇ ਕੇਸਾਂ ਵਿੱਚੋਂ ਬਰੀ ਹੋ ਗਿਆ।

ਅਕਾਲੀ ਦਲ ਦੀ 2007 ਤੋਂ 2017 ਤੱਕ ਦੀ ਸੱਤਾ ਦੌਰਾਨ ਸੁਖਬੀਰ ਬਾਦਲ ਅਤੇ ਉਨ੍ਹਾਂ ਦੇ ਸਾਲ਼ੇ ਅਤੇ ਪੰਜਾਬ ਦੇ ਤਤਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਉੱਤੇ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਨੇ ਲੋਕਾਂ ਦੇ ਕਾਰੋਬਾਰਾਂ ਉੱਤੇ ਜ਼ਬਰੀ ਕਬਜ਼ੇ ਕਰਨ ਦੇ ਇਲਜ਼ਾਮ ਲਾਏ।

ਸੁਖਬੀਰ ਦੀ ਅਗਵਾਈ ਵਿੱਚ ਅਕਾਲੀ ਦਲ ਉੱਤੇ ਪੰਜਾਬ ਵਿੱਚ ਰੇਤ-ਬਜਰੀ ਮਾਫ਼ੀਆ, ਸ਼ਰਾਬ ਮਾਫ਼ੀਆ, ਟਰਾਂਸਪੋਰਟ ਮਾਫ਼ੀਆ ਅਤੇ ਕੇਬਲ ਮਾਫ਼ੀਆ ਨੂੰ ਸਰਪ੍ਰਸਤੀ ਦੇਣ ਦੇ ਇਲਜ਼ਾਮ ਲੱਗੇ।

ਭਾਵੇਂ ਕਿ ਸੁਖਬੀਰ ਬਾਦਲ ਤੇ ਬਿਕਰਮ ਇਨ੍ਹਾਂ ਇਲਜ਼ਾਮਾਂ ਨੂੰ ਰੱਦ ਕਰਦੇ ਆਏ ਹਨ, ਪਰ ਚਰਨਜੀਤ ਸਿੰਘ ਚੰਨੀ ਦੇ 2021 ਵਿੱਚ ਮੁੱਖ ਮੰਤਰੀ ਬਣਨ ਤੋਂ ਬਾਅਦ ਬਿਕਰਮ ਮਜੀਠੀਆ ਉੱਤੇ ਨਸ਼ਾ ਤਸਕਰੀ ਕੇਸ ਵਿੱਚ ਮੁਕੱਦਮਾ ਦਰਜ ਕੀਤਾ ਗਿਆ।

ਹਾਲਾਂਕਿ, ਉਸ ਵੇਲੇ ਚੋਣਾਂ ਕਾਰਨ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਉੱਤੇ ਰੋਕ ਲਗਾ ਦਿੱਤੀ ਸੀ। ਪਰ ਇਹ ਮਾਮਲੇ ਅਜੇ ਵੀ ਚੱਲ ਰਿਹਾ ਹੈ ਅਤੇ ਪੰਜਾਬ ਪੁਲਿਸ ਨੇ ਇਲਜ਼ਾਮ ਲਗਾਏ ਹਨ ਕਿ ਬਿਕਰਮ ਮਜੀਠੀਆ ਜਾਂਚ ਵਿੱਚ ਸਹਿਯੋਗ ਨਹੀਂ ਦੇ ਰਹੇ ਹਨ।

ਇਸ ਮਾਮਲੇ 'ਚ ਬਣਾਈਆਂ ਗਈਆਂ ਵੱਖ-ਵੱਖ ਐਸਆਈਟੀ ਅਜੇ ਤੱਕ ਕੋਈ ਪੁਖਤਾ ਰਿਪੋਰਟ ਪੇਸ਼ ਨਹੀਂ ਕਰ ਸਕੀਆਂ ਹਨ।

ਸੁਖਬੀਰ ਬਾਦਲ ਉੱਤੇ ਸੁਖਦੇਵ ਸਿੰਘ ਢੀਂਡਸਾ ਵਰਗੇ ਕਈ ਟਕਸਾਲੀ ਤੇ ਬਾਗੀ ਆਗੂ, ਪਾਰਟੀ ਨੂੰ ਨਿੱਜੀ ਕੰਪਨੀ ਵਾਂਗ ਚਲਾਉਣ ਦੇ ਇਲਜ਼ਾਮ ਲਾਉਂਦੇ ਰਹੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)