You’re viewing a text-only version of this website that uses less data. View the main version of the website including all images and videos.
ਮਤਸਇਆ 6000: ਭਾਰਤੀ ਵਿਗਿਆਨੀ ਹਿੰਦ ਮਹਾਸਾਗਰ ਵਿੱਚ 6000 ਮੀਟਰ ਹੇਠਾਂ ਜਾਣਗੇ, ਸਮੁੰਦਰ ਬਾਰੇ ਕੀ-ਕੀ ਰਾਜ਼ ਖੁੱਲ੍ਹ ਸਕਦੇ ਹਨ
- ਲੇਖਕ, ਕੇ ਸੁਭਾਗੁਨਮ
- ਰੋਲ, ਬੀਬੀਸੀ ਪੱਤਰਕਾਰ
"ਸਮੁੰਦਰ ਤੁਹਾਡੇ ਘਮੰਡ ਨੂੰ ਤੋੜ ਦੇਵੇਗਾ।"
ਇਹ ਸ਼ਬਦ ਨੈਸ਼ਨਲ ਇੰਸਟੀਚਿਊਟ ਆਫ ਮੈਰੀਨ ਟੈਕਨਾਲੋਜੀ ਵਿੱਚ ਸੀਨੀਅਰ ਵਿਗਿਆਨੀ ਸੁਬਰਾਮਣੀਅਨ ਅੰਨਾਮਲਾਈ ਦੇ ਹਨ ਜੋ ਅੱਜ ਵੀ ਗੂੰਜਦੇ ਹਨ।
ਡਾ. ਸੁਬਰਾਮਣੀਅਨ ਭਾਰਤ ਦੇ ਸਮੁੰਦਰੀ ਪ੍ਰੋਜੈਕਟ ਦੇ ਤਹਿਤ ਤਿਆਰ ਕੀਤੀ ਜਾ ਰਹੀ ਮਤਸਇਆ 6000 ਪਣਡੁੱਬੀ ਦੇ ਪਾਵਰ ਡਿਵੀਜ਼ਨ ਦੇ ਮੁਖੀ ਹਨ।
ਉਨ੍ਹਾਂ ਦਾ ਕਹਿਣਾ ਹੈ, "ਇਸ ਸੰਸਾਰ ਵਿੱਚ ਕੋਈ ਵੀ ਸਭ ਕੁਝ ਨਹੀਂ ਜਾਣਦਾ ਹੈ। ਸਮੁੰਦਰ ਇਸ ਦੀ ਇੱਕ ਉੱਤਮ ਉਦਾਹਰਣ ਹੈ। ਅਜਿਹੇ ਸਮੁੰਦਰ ਵਿੱਚ ਮਨੁੱਖਾਂ ਨੂੰ ਭੇਜਣਾ ਸਮੁੰਦਰੀ ਖੋਜ ਵਿੱਚ ਬਹੁਤ ਮਦਦਗਾਰ ਹੋਵੇਗਾ। ਮਤਸਇਆ 6000 ਸਬਮਰਸੀਬਲ ਅਜਿਹਾ ਹੀ ਕਰਨ ਜਾ ਰਿਹਾ ਹੈ।"
ਪਿਛਲੇ ਤਿੰਨ ਸਾਲਾਂ ਤੋਂ ਨੈਸ਼ਨਲ ਇੰਸਟੀਚਿਊਟ ਆਫ਼ ਓਸ਼ਨ ਟੈਕਨਾਲੋਜੀ ਦੇ ਵਿਗਿਆਨੀਆਂ ਦੀ ਟੀਮ ਸਮੁੰਦਰੀ ਪ੍ਰੋਜੈਕਟ ਦੇ ਤਹਿਤ ਪਣਡੁੱਬੀ ਮਤਸਇਆ 6000 ਨੂੰ ਡਿਜ਼ਾਈਨ ਕਰ ਰਹੀ ਹੈ।
ਬੀਬੀਸੀ ਤਮਿਲ ਦੀ ਟੀਮ ਨੇ ਪਣਡੁੱਬੀ ਦਾ ਦੌਰਾ ਕੀਤਾ, ਜੋ ਕਿ ਚੇਨਈ ਦੇ ਪੱਲੀਕਰਨਾਈ ਵਿੱਚ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਮਰੀਨ ਟੈਕਨਾਲੋਜੀ ਦੇ ਅਹਾਤੇ ਵਿੱਚ ਵਿਕਸਤ ਕੀਤੀ ਜਾ ਰਹੀ ਹੈ।
ਇਹ ਪਣਡੁੱਬੀ ਵਿਗਿਆਨੀਆਂ ਦੇ ਸੰਕਲਪ ਅਤੇ ਡਿਜ਼ਾਈਨ ਦੇ ਅਧਾਰ 'ਤੇ ਤਿਆਰ ਕੀਤੀ ਜਾ ਰਹੀ ਹੈ।
ਵਿਗਿਆਨੀ ਛੇਤੀ ਹੀ ਪਣਡੁੱਬੀ ਦਾ ਚੇਨਈ ਦੇ ਪਾਣੀਆਂ ਵਿੱਚ ਪਰੀਖਣ ਕਰਨ ਜਾ ਰਹੇ ਹਨ।
ਅਸੀਂ 2026 ਤੱਕ ਭਾਰਤ ਵਿੱਚ ਪਹਿਲੀ ਵਾਰ ਮਨੁੱਖਾਂ ਨੂੰ ਡੂੰਘੇ ਸਮੁੰਦਰ ਵਿੱਚ ਭੇਜਣ ਵਾਲੇ ਇਸ ਪ੍ਰੋਜੈਕਟ ਬਾਰੇ ਹੋਰ ਜਾਣਕਾਰੀ ਲਈ ਨੈਸ਼ਨਲ ਇੰਸਟੀਚਿਊਟ ਆਫ਼ ਮਰੀਨ ਟੈਕਨਾਲੋਜੀ ਵਿਖੇ ਮਤਸਇਆ 6000 ਦੀ ਟੀਮ ਨੂੰ ਮਿਲੇ।
ਭਾਰਤੀ ਵਿਗਿਆਨੀ ਡੂੰਘੇ ਸਮੁੰਦਰ ਵਿੱਚ ਜਾਣਗੇ
ਵਿਗਿਆਨੀ ਇਸ ਸਾਲ ਕਈ ਗੇੜਾਂ ਦੇ ਪ੍ਰਯੋਗ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਜੇਕਰ ਸਾਰੇ ਸਫ਼ਲ ਰਹੇ ਤਾਂ ਭਾਰਤੀ ਵਿਗਿਆਨੀ 2026 ਵਿੱਚ ਮੱਧ ਹਿੰਦ ਮਹਾਸਾਗਰ ਵਿੱਚ 6000 ਮੀਟਰ ਦੀ ਡੂੰਘਾਈ ʼਤੇ ਕਦਮ ਰੱਖਣਗੇ।
2020 ਵਿੱਚ, ਚੀਨ ਨੇ ਦੁਨੀਆ ਦੇ ਸਭ ਤੋਂ ਡੂੰਘੇ ਬਿੰਦੂ, ਮਾਰੀਆਨਾ ਟ੍ਰੈਂਚ 10,909 ਮੀਟਰ ਦੀ ਡੂੰਘਾਈ 'ਤੇ ਇੱਕ ਮਨੁੱਖੀ ਪਣਡੁੱਬੀ ਭੇਜੀ ਸੀ। ਇਸ ਤੋਂ ਇਲਾਵਾ ਸਿਰਫ਼ ਰੂਸ, ਜਾਪਾਨ, ਫਰਾਂਸ ਅਤੇ ਅਮਰੀਕਾ ਨੇ ਹੀ ਹੁਣ ਤੱਕ ਇਨਸਾਨਾਂ ਨੂੰ ਡੂੰਘੇ ਸਮੁੰਦਰ ਵਿੱਚ ਭੇਜਿਆ ਹੈ। ਵਿਗਿਆਨੀਆਂ ਨੂੰ ਭਰੋਸਾ ਹੈ ਕਿ ਭਾਰਤ ਜਲਦੀ ਹੀ ਇਸ ਸੂਚੀ ਵਿੱਚ ਸ਼ਾਮਲ ਹੋ ਜਾਵੇਗਾ।
ਨੈਸ਼ਨਲ ਇੰਸਟੀਚਿਊਟ ਆਫ਼ ਮਰੀਨ ਟੈਕਨਾਲੋਜੀ ਪਿਛਲੇ 30 ਸਾਲਾਂ ਤੋਂ ਸਮੁੰਦਰੀ ਤਕਨੀਕਾਂ ਦਾ ਵਿਕਾਸ ਕਰ ਰਿਹਾ ਹੈ। ਉਸ ਨੇ ਕਈ ਪਣਡੁੱਬੀਆਂ ਨੂੰ ਡਿਜ਼ਾਈਨ ਕੀਤਾ ਹੈ।
ਪ੍ਰੋਜੈਕਟ ਡਾਇਰੈਕਟਰ ਡਾ. ਵੇਦਾਚਲਮ ਕਹਿੰਦੇ ਹਨ, "ਭਾਰਤ ਦੀ ਇਹ ਇਕਲੌਤੀ ਕੰਪਨੀ ਹੈ ਜਿਸ ਕੋਲ ਪਣਡੁੱਬੀ ਬਣਾਉਣ ਦੀ ਸਮਰੱਥਾ ਹੈ। ਇਸ ਲਈ, ਸਾਡੇ ਵਿਗਿਆਨੀਆਂ ਨੇ ਪੂਰੀ ਤਰ੍ਹਾਂ ਯੋਜਨਾ ਤਿਆਰ ਕੀਤੀ ਅਤੇ ਡਿਜ਼ਾਈਨ ਬਣਾਇਆ ਹੈ। ਇਹ ਦੇਸ਼ ਦੀ ਪਹਿਲੀ ਪਣਡੁੱਬੀ ਬਣਾਈ ਹੈ ਜੋ ਮਨੁੱਖਾਂ ਨੂੰ ਡੂੰਘੇ ਸਮੁੰਦਰ ਤੱਕ ਲੈ ਕੇ ਜਾ ਸਕਦੀ ਹੈ।"
ਉਹ ਅੱਗੇ ਦੱਸਦੇ ਹਨ, "ਮਤਸਇਆ 6000 ਪਣਡੁੱਬੀ ਇੱਕ ਮਲਾਹ, ਇੱਕ ਸਹਿ-ਮਲਾਹ ਅਤੇ ਇੱਕ ਵਿਗਿਆਨੀ ਨੂੰ ਡੂੰਘੇ ਸਮੁੰਦਰ ਵਿੱਚ ਲੈ ਕੇ ਜਾਵੇਗੀ।"
ਵੇਦਾਚਲਮ ਨੇ ਕਿਹਾ ਕਿ ਇੱਕ ਵਿਗਿਆਨੀ ਰਮੇਸ਼ ਰਾਜੂ, ਜੋ ਕਿ ਪਣਡੁੱਬੀ ਦੇ ਡਿਜ਼ਾਈਨ ਤੋਂ ਲੈ ਕੇ ਹੁਣ ਤੱਕ ਇਸ 'ਤੇ ਕੰਮ ਕਰ ਰਿਹਾ ਹੈ, ਇਸ ਨੂੰ ਚਲਾਉਣ ਵਾਲਾ ਮਲਾਹ ਹੋਵੇਗਾ।
ਉਨ੍ਹਾਂ ਅੱਗੇ ਦੱਸਿਆ, "ਉਨ੍ਹਾਂ ਦੀ ਮਦਦ ਭਾਰਤੀ ਜਲ ਸੈਨਾ ਦੇ ਇੱਕ ਸਹਿ-ਮਲਾਹ ਕਰਨਗੇ ਅਤੇ ਉਨ੍ਹਾਂ ਦੇ ਨਾਲ ਇੱਕ ਤੀਜਾ ਵਿਗਿਆਨੀ ਹੋਵੇਗਾ, ਜੋ ਡੂੰਘੇ ਸਮੁੰਦਰ ʼਚ ਖੋਜਾਂ ਦਾ ਸੰਚਾਲਨ ਕਰੇਗਾ।"
ਮਤਸਇਆ 6000 ਟੀਮ ਦੇ ਵਿਗਿਆਨੀਆਂ ਨੇ ਮਾਣ ਨਾਲ ਮੁਸਕਰਾਉਂਦੇ ਹੋਏ ਬੀਬੀਸੀ ਤਮਿਲ ਨੂੰ ਦੱਸਿਆ, "ਇਸ ਪਣਡੁੱਬੀ ਦੇ ਨਾਲ ਭਾਰਤ ਇਹ ਉਪਲਬਧੀ ਹਾਸਿਲ ਕਰਨ ਵਾਲੇ ਦੁਨੀਆਂ ਦੇ ਬਹੁਤ ਘੱਟ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਿਲ ਹੋ ਜਾਵੇਗਾ।"
ਭਾਰਤ ਡੂੰਘੇ ਸਮੁੰਦਰ ਵਿੱਚ ਇਨਸਾਨਾਂ ਨੂੰ ਕਿਵੇਂ ਭੇਜ ਰਿਹਾ?
ਪ੍ਰੋਜੈਕਟ ਡਾਇਰੈਕਟਰ ਵੇਦਾਚਲਮ ਦੇ ਅਨੁਸਾਰ, ਮਤਸਇਆ 6000 ਪਣਡੁੱਬੀ ਨੂੰ ਸਮੁੰਦਰੀ ਜਹਾਜ਼ ਦੁਆਰਾ ਸਰਵੇਖਣ ਕੀਤੇ ਜਾਣ ਵਾਲੇ ਖੇਤਰ ਵਿੱਚ ਭੇਜਿਆ ਜਾਵੇਗਾ ਅਤੇ ਫਿਰ ਸਮੁੰਦਰ ਵਿੱਚ ਛੱਡਿਆ ਜਾਵੇਗਾ।
ਉਨ੍ਹਾਂ ਦੱਸਿਆ, "ਇਸ ਨੂੰ ਜਹਾਜ਼ ਤੋਂ ਸਮੁੰਦਰ ਦੀ ਸਤ੍ਹਾ 'ਤੇ ਛੱਡਣ ਮਗਰੋਂ ਅਤੇ ਮਨੁੱਖਾਂ ਦੇ ਬੈਠਣ ਤੋਂ ਬਾਅਦ, ਇਸ ਨੂੰ ਉੱਥੋਂ ਸਿੱਧਾ ਹੇਠਾਂ ਭੇਜਿਆ ਜਾਵੇਗਾ।"
ਵਿਗਿਆਨੀ ਪਣਡੁੱਬੀ ਨੂੰ ਬੈਟਰੀ ਤੋਂ ਲੈ ਕੇ ਲੰਬੇ ਟਾਇਟੇਨੀਅਮ ਧਾਤ ਦੇ ਢਾਂਚੇ ਵਿੱਚ ਬਦਲਣ ਲਈ ਲੋੜੀਂਦੀ ਸਾਰੀ ਤਕਨੀਕ ਤਿਆਰ ਕਰ ਰਹੇ ਸਨ। ਇਸ ਦੇ ਅਗਲੇ ਪਾਸੇ ਸਿਲੰਡਰਨੁਮਾ ਹਿੱਸਾ ਹੈ, ਜਿੱਥੇ ਤਿੰਨ ਲੋਕ ਬੈਠ ਕੇ ਸਫ਼ਰ ਕਰਨਗੇ।
ਮਤਸਇਆ ਦੀਆਂ ਇਲੈਕਟ੍ਰਾਨਿਕ ਪ੍ਰਣਾਲੀਆਂ ਨੂੰ ਡਿਜ਼ਾਈਨ ਕਰ ਰਹੇ ਡਾ. ਰਮੇਸ਼ ਇਸ ਦਾ ਸੰਚਾਲਨ ਵੀ ਕਰਨਗੇ। ਉਨ੍ਹਾਂ ਕੋਲ ਨੈਸ਼ਨਲ ਇੰਸਟੀਚਿਊਟ ਆਫ਼ ਮਰੀਨ ਟੈਕਨਾਲੋਜੀ ਵਿਖੇ ਸਮੁੰਦਰ ਵਿੱਚ ਮਨੁੱਖ ਰਹਿਤ ਆਟੋਨੋਮਸ ਪਣਡੁੱਬੀਆਂ ਚਲਾਉਣ ਦਾ 20 ਸਾਲਾਂ ਤੋਂ ਵੱਧ ਦਾ ਤਜਰਬਾ ਹੈ।
ਰਮੇਸ਼ ਦਾ ਕਹਿਣਾ ਹੈ ਕਿ ਪਣਡੁੱਬੀ ਨੂੰ ਹੇਠਾਂ ਵੱਲ ਜਾਣ ਵੇਲੇ ਬਹੁਤ ਜ਼ਿਆਦਾ ਊਰਜਾ ਖਰਚਣ ਤੋਂ ਬਚਣ ਲਈ ਤਿਆਰ ਕੀਤਾ ਗਿਆ ਹੈ ਅਤੇ ਇਹ ਕਿ ਪਣਡੁੱਬੀ ਦੇ ਸਾਰੇ ਕਾਰਜ ਉਦੋਂ ਸ਼ੁਰੂ ਹੁੰਦੇ ਹਨ ਜਦੋਂ ਇਹ ਇੱਕ ਖ਼ਾਸ ਡੂੰਘਾਈ ਤੱਕ ਪਹੁੰਚਦੀ ਹੈ।
ਸਮੁੰਦਰਯਾਨ ਪ੍ਰੋਜੈਕਟ ਦਾ ਕੀ ਉਦੇਸ਼ ਹੈ?
ਮਤਸਇਆ ਟੀਮ ਦੇ ਸੀਨੀਅਰ ਵਿਗਿਆਨੀ ਡਾ. ਸਤਿਆਨਾਰਾਇਣ ਦਾ ਕਹਿਣਾ ਹੈ ਕਿ ਹਿੰਦ ਮਹਾਸਾਗਰ ਦਾ ਕੇਂਦਰੀ ਹਿੱਸਾ ਪੌਲੀਮੈਟਲ ਨਾਲ ਭਰਪੂਰ ਹੈ।
ਉਹ ਦੱਸਦੇ ਹਨ, "ਪੋਲੀਮਰ, ਨਿਕਲ, ਤਾਂਬਾ, ਮੈਂਗਨੀਜ਼ ਅਤੇ ਕੋਬਾਲਟ ਵਰਗੀਆਂ ਧਾਤਾਂ ਦਾ ਮਿਸ਼ਰਣ, ਹਿੰਦ ਮਹਾਸਾਗਰ ਵਿੱਚ ਭਰਪੂਰ ਮਾਤਰਾ ਵਿੱਚ ਹੈ। ਇਹ ਕੌਮਾਂਤਰੀ ਪਾਣੀਆਂ ਵਿੱਚ ਭਾਰਤ ਨੂੰ ਦਿੱਤੇ ਗਏ ਖੇਤਰ ਵਿੱਚ ਡੂੰਘੇ ਸਮੁੰਦਰੀ ਤੱਟ ਵਿੱਚ ਫੈਲਿਆ ਹੋਇਆ ਹੈ।"
ਨੈਸ਼ਨਲ ਇੰਸਟੀਚਿਊਟ ਆਫ਼ ਓਸ਼ਨ ਟੈਕਨਾਲੋਜੀ ਨੇ ਸ਼ੁਰੂ ਵਿੱਚ ਉਨ੍ਹਾਂ 'ਤੇ ਖੋਜ ਕਰਨ ਲਈ ਰੋਸਬ (ROSUB) 6000 ਨਾਮ ਦੀ ਇੱਕ ਮਾਨਵ ਰਹਿਤ ਪਣਡੁੱਬੀ ਵਿਕਸਿਤ ਕੀਤੀ ਸੀ।
ਇਸਦੀ ਸਫ਼ਲਤਾ ਤੋਂ ਬਾਅਦ, ਮਤਸਇਆ ਨੂੰ ਪਿਛਲੇ ਤਿੰਨ ਸਾਲਾਂ ਵਿੱਚ ਵਿਕਸਤ ਕੀਤਾ ਗਿਆ ਹੈ ਤਾਂ ਜੋ ਮਨੁੱਖਾਂ ਨੂੰ ਉਨ੍ਹਾਂ ਖੇਤਰਾਂ ਦਾ ਅਧਿਐਨ ਕਰਨ ਲਈ ਸਮੁੰਦਰ ਵਿੱਚ ਭੇਜਿਆ ਜਾ ਸਕੇ।
ਉਸ ਬਾਰੇ ਬੋਲਦਿਆਂ ਸਤਿਆਨਾਰਾਇਣ ਨੇ ਕਿਹਾ, "ਅਸੀਂ ਬੇਸ਼ੱਕ ਕਿੰਨੀਆਂ ਵੀ ਮਨੁੱਖ ਰਹਿਤ ਤਕਨੀਕਾਂ ਭੇਜ ਲਈਏ ਪਰ ਜਦੋਂ ਅਸੀਂ ਆਪਣੀਆਂ ਅੱਖਾਂ ਨਾਲ ਦੇਖਾਂਗੇ ਤਾਂ ਸਾਨੂੰ ਹੋਰ ਵੀ ਕਈ ਚੀਜ਼ਾਂ ਦਾ ਪਤਾ ਲੱਗੇਗਾ।"
ਰਮੇਸ਼ ਕਹਿੰਦੇ ਹਨ, "ਮਤਸਇਆ ਹਿੰਦ ਮਹਾਸਾਗਰ ਦੇ ਡੂੰਘੇ ਸਮੁੰਦਰੀ ਖਣਿਜਾਂ ਤੋਂ ਲੈ ਕੇ ਜੀਵਤ ਚੀਜ਼ਾਂ ਬਾਰੇ ਹਰੇਕ ਦਾ ਅਧਿਐਨ ਕਰੇਗੀ। ਮਤਸਇਆ ਦੇ ਸਾਹਮਣੇ ਦੋ ਲੰਬੇ ਰੋਬੋਟਿਕ ਹਥਿਆਰ ਹਨ ਅਤੇ ਟੋਕਰੀ ਵਾਂਗ ਭੰਡਾਰਣ ਪ੍ਰਣਾਲੀ ਹੈ ਜੋ 200 ਕਿਲੋਗ੍ਰਾਮ ਤੱਕ ਨਮੂਨੇ ਇਕੱਠੇ ਕਰ ਸਕਦੀ ਹੈ।"
ਉਨ੍ਹਾਂ ਅਨੁਸਾਰ ਜਦੋਂ ਡੂੰਘੇ ਸਮੁੰਦਰ ਦੀ ਖੋਜ ਵਿੱਚ ਚੱਟਾਨਾਂ ਜਾਂ ਖਣਿਜਾਂ ਵਰਗੇ ਨਮੂਨੇ ਇਕੱਠੇ ਕਰਨ ਦੀ ਲੋੜ ਹੁੰਦੀ ਹੈ ਤਾਂ ਉਨ੍ਹਾਂ ਨੂੰ ਚੁੱਕਣ ਅਤੇ ਭੰਡਾਰਣ ਦੀਆਂ ਟੋਕਰੀਆਂ ਵਿੱਚ ਲਿਆਉਣ ਲਈ ਰੋਬੋਟਿਕ ਹਥਿਆਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਨਵੀਨਤਮ ਤਕਨਾਲੋਜੀ ਵਾਲੀਆਂ ਬੈਟਰੀਆਂ ਦੀ ਵਰਤੋਂ
ਮਤਸਇਆ ਟੀਮ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਪਣਡੁੱਬੀ ਲਈ ਇੱਕ ਗ਼ੈਰ-ਰਵਾਇਤੀ ਤਰੀਕਾ ਅਪਣਾਇਆ ਹੈ, ਜੋ ਪਹਿਲਾਂ ਕਿਸੇ ਵੀ ਦੇਸ਼ ਨੇ ਨਹੀਂ ਵਰਤਿਆ।
ਆਮ ਤੌਰ 'ਤੇ, ਲੀਡ-ਐਸਿਡ ਬੈਟਰੀਆਂ, ਸਿਲਵਰ-ਜ਼ਿੰਕ ਬੈਟਰੀਆਂ ਅਤੇ ਲਿਥੀਅਮ-ਆਇਨ ਬੈਟਰੀਆਂ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ। ਹਾਲਾਂਕਿ, ਵਿਗਿਆਨੀ ਮਤਸਇਆ ਪਣਡੁੱਬੀ ਵਿੱਚ ਲਿਥੀਅਮ ਪੋਲੀਮਰ ਬੈਟਰੀਆਂ ਦੀ ਵਰਤੋਂ ਕਰ ਰਹੇ ਹਨ।
ਇਸ ਬਾਰੇ ਗੱਲ ਕਰਦੇ ਹੋਏ ਸੁਬਰਾਮਣੀਅਮ ਅੰਨਾਮਲਾਈ ਨੇ ਕਿਹਾ, "ਇਹ ਭਾਰਤ ਵਿੱਚ ਪਹਿਲੀ ਵਾਰ ਹੈ ਕਿ ਅਸੀਂ ਇੰਨੀ ਉੱਨਤ ਬੈਟਰੀ ਦੀ ਵਰਤੋਂ ਕਰ ਰਹੇ ਹਨ।"
"ਇਸ ਦਾ ਆਕਾਰ, ਸਮਰੱਥਾ ਅਤੇ ਭਾਰ ਘੱਟ ਹੈ। ਇਸ ਲਈ ਪਣਡੁੱਬੀ ਵਿੱਚ ਲੱਗਣ ਵਾਲੀ ਥਾਂ ਵੀ ਘੱਟ ਹੈ। ਉਦਾਹਰਣ ਲਈ, ਅਸੀਂ ਆਪਣੇ ਘਰਾਂ ਵਿੱਚ ਜਿਨ੍ਹਾਂ ਬੈਟਰੀਆਂ ਦੀ ਵਰਤੋਂ ਕਰਦੇ ਹਾਂ, ਉਨ੍ਹਾਂ ਦੀ ਤੁਲਨਾ ਵਿੱਚ ਇਹ ਪੰਜ ਤੋਂ ਛੇ ਗੁਣਾ ਘੱਟ ਥਾਂ ਲੈਂਦੀਆਂ ਹਨ ਪਰ ਉਹ ਵੱਧ ਬਿਜਲੀ ਪ੍ਰਦਾਨ ਕਰ ਸਕਦੀਆਂ ਹਨ।"
ਪਣਡੁੱਬੀ ਨੂੰ ਸਮੁੰਦਰ ਵਿੱਚ 6000 ਮੀਟਰ ਦੀ ਡੂੰਘਾਈ ਤੱਕ ਪਹੁੰਚਣ ਵਿੱਚ ਚਾਰ ਘੰਟੇ ਲੱਗਦੇ ਹਨ। ਇਹ ਡੂੰਘੇ ਸਮੁੰਦਰ ਵਿੱਚ ਚਾਰ ਘੰਟੇ ਤੱਕ ਖੋਜਬੀਣ ਕਰੇਗੀ। ਪਣਡੁੱਬੀ ਦੁੱਲ 12 ਘੰਟੇ ਤੱਕ ਸਮੁੰਦਰ ਵਿੱਚ ਕੰਮ ਕਰੇਗੀ।
ਹਾਲਾਂਕਿ, ਪ੍ਰੋਜੈਕਟ ਡਾਇਰੈਕਟਰ ਵੇਦਾਚਲਮ ਦਾ ਕਹਿਣਾ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਕਰੀਬ 108 ਘੰਟੇ ਤੱਕ ਲੋੜੀਂਦੀ ਬਿਜਲੀ ਦੇਣ ਲਈ ਬੈਟਰੀਆਂ ਲਗਾਈਆਂ ਗਈਆਂ ਹਨ।
ਡੂੰਘੇ ਸਮੁੰਦਰ ਵਿੱਚ ਕਿਹੜੀਆਂ ਚੁਣੌਤੀਆਂ ਹੋਣਗੀਆਂ
ਪਹਿਲੀ ਚੁਣੌਤੀ ਹਨੇਰਾ ਹੈ। ਸੂਰਜ ਦੀ ਰੌਸ਼ਨੀ ਡੂੰਘੇ ਸਮੁੰਦਰ ਵਿੱਚ ਉਸ ਤਰ੍ਹਾਂ ਨਹੀਂ ਜਾਂਦੀ ਜਿਵੇਂ ਧਰਾਤਲ ʼਤੇ ਹੁੰਦੀ ਹੈ।
ਇੰਨਾ ਹੀ ਨਹੀਂ, ਬਲਕਿ ਸੈਟੇਲਾਈਟ ਆਧਾਰਿਤ ਜੀਪੀਐੱਸ ਤਕਨੀਕ ਵੀ ਕੰਮ ਨਹੀਂ ਕਰਦੀ।
ਅਜਿਹੇ ਮਾਹੌਲ ਵਿੱਚ, ਪਣਡੁੱਬੀ ਨੂੰ ਲੱਭਣ ਤੋਂ ਲੈ ਕੇ ਇਸ ਦੇ ਰਾਹ ਵਿੱਚ ਖ਼ਤਰਿਆਂ ਦੀ ਪਛਾਣ ਕਰਨ ਤੱਕ ਸਭ ਕੁਝ ਚੁਣੌਤੀਆਂ ਨਾਲ ਭਰਿਆ ਹੋਇਆ ਹੈ।
ਇਸ ਨੂੰ ਦੂਰ ਕਰਨ ਲਈ, ਧੁਨੀ ਪੋਜੀਸ਼ਨਿੰਗ ਤਕਨਾਲੋਜੀ ਦੀ ਵਰਤੋਂ ਕੀਤੀ ਜਾਂਦੀ ਹੈ।
ਧੁਨੀ ਪੋਜੀਸ਼ਨਿੰਗ ਟੈਕਨਾਲੋਜੀ ਇੱਕ ਅਜਿਹੀ ਤਕਨੀਕ ਹੈ ਜੋ ਧੁਨੀ ਦੀ ਵਰਤੋਂ ਜਿਵੇਂ ਕਿ ਵ੍ਹੇਲ ਅਤੇ ਡੌਲਫਿਨ ਵਰਗੇ ਡੂੰਘੇ ਸਮੁੰਦਰੀ ਜੀਵਾਂ ਦੇ ਪ੍ਰਵੇਸ਼ ਨੂੰ ਸਮਝਣ ਲਈ ਕੀਤੀ ਜਾਂਦੀ ਹੈ।
ਇਸੇ ਤਰ੍ਹਾਂ ਉਪਰੋਕਤ ਜਹਾਜ਼ ਤੋਂ ਪਣਡੁੱਬੀ ਨਾਲ ਧੁਨੀ ਤਰੰਗਾਂ ਭੇਜ ਕੇ ਸੰਚਾਰ ਸਥਾਪਿਤ ਕੀਤਾ ਜਾ ਸਕਦਾ ਹੈ।
ਮਤਸਇਆ 6000 ਪਣਡੁੱਬੀ ਦੇ ਨੇਵੀਗੇਸ਼ਨ ਵਿਭਾਗ ਤੋਂ ਡਾ. ਬਾਲਾ ਨਾਗਾਜਯੋਤੀ ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੱਤੀ।
ਡਾ. ਬਾਲਾ ਨਾਗਾਜਯੋਤੀ ਦੱਸਦੇ ਹਨ, "ਡੂੰਘੇ ਸਮੁੰਦਰ ਵਿੱਚ ਕਿਸੇ ਵਸਤੂ ਦੀ ਅਸਲ-ਸਮੇਂ ਦੀ ਸਥਿਤੀ ਦਾ ਪਤਾ ਲਗਾਉਣਾ ਬਹੁਤ ਚੁਣੌਤੀਆਂ ਭਰਿਆ ਹੁੰਦਾ ਹੈ। ਉੱਥੇ ਜੀਪੀਐੱਸ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਹੈ।"
"ਇਸਦੀ ਬਜਾਏ, ਧੁਨੀ ਪੌਜਿਸ਼ਨਿੰਗ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ ਅਤੇ ਇਸ ਦੇ ਮਤਸਇਆ 6000 ਦਾ ਥਾਂ ਪਤਾ ਕਰ ਸਕਾਂਗੇ। ਸਮੁੰਦਰ, ਆਪਣਾ ਰਸਤਾ ਨਿਰਧਾਰਿਤ ਕਰੇ ਅਤੇ ਯਾਤਰੀਆਂ ਨਾਲ ਸੰਵਾਦ ਕਰੇ।"
ਇਕ ਹੋਰ, ਵਧੇਰੇ ਮਹੱਤਵਪੂਰਨ ਚੁਣੌਤੀ ਬਹੁਤ ਜ਼ਿਆਦਾ ਦਬਾਅ ਹੈ। ਸਤਿਆਨਾਰਾਇਣ ਨੇ ਸਮਝਾਇਆ ਕਿ ਡੂੰਘੇ ਸਮੁੰਦਰ ਵਿੱਚ ਦਬਾਅ ਜ਼ਮੀਨ ਉੱਤੇ ਔਸਤ ਦਬਾਅ ਨਾਲੋਂ ਸੈਂਕੜੇ ਗੁਣਾ ਵੱਧ ਹੈ।
ਇਹ ਦੱਸਦੇ ਹਨ, "ਡੂੰਘੇ ਸਮੁੰਦਰ ਵਿੱਚ ਦਬਾਅ ਹਰ 1000 ਮੀਟਰ ਲਈ 100 ਗੁਣਾ ਵੱਧ ਜਾਂਦਾ ਹੈ। ਇਸ ਲਈ, 6000 ਮੀਟਰ ਦੀ ਡੂੰਘਾਈ 'ਤੇ, ਦਬਾਅ ਸਾਡੇ ਇੱਥੇ ਮਹਿਸੂਸ ਕੀਤੇ ਜਾਣ ਤੋਂ 600 ਗੁਣਾ ਵੱਧ ਹੁੰਦਾ ਹੈ। ਇਸੇ ਨਾਲ ਨਜਿੱਠਣ ਲਈ, ਪਣਡੁੱਬੀ ਟਾਈਟੇਨੀਅਮ ਧਾਤ ਦੀ ਬਣੀ ਹੋਈ ਹੈ।"
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸਰੋ ਮਨੁੱਖਾਂ ਦੇ ਬੈਠਣ ਲਈ ਟਾਇਟੇਨੀਅਮ ਧਾਤ ਵਿੱਚ ਸਿਲੰਡਰਨੁਮਾ ਅੰਦਰੂਨੀ ਹਿੱਸੇ ਨੂੰ ਬਣਾਉਣ ਵਿੱਚ ਮਦਦ ਕਰ ਰਿਹਾ ਹੈ।
ਕੀ ਮਤਸਇਆ 6000 ਖ਼ਤਰਿਆਂ ਨਾਲ ਨਜਿੱਠਣ ਲਈ ਸਮਰੱਥ ਹੈ
ਇਸ ਪਣਡੁੱਬੀ ਨੂੰ ਡੂੰਘੇ ਸਮੁੰਦਰ ਵਿੱਚ ਸਿਰਫ਼ 12 ਘੰਟੇ ਕੰਮ ਕਰਨ ਲਈ ਤਿਆਰ ਕੀਤਾ ਗਿਆ ਹੈ।
ਹਾਲਾਂਕਿ, ਕਿਸੇ ਵੀ ਅਚਾਨਕ ਚੁਣੌਤੀਆਂ ਜਾਂ ਤਕਨੀਕੀ ਸਮੱਸਿਆਵਾਂ ਦੀ ਸਥਿਤੀ ਵਿੱਚ ਅਤੇ ਉੱਤੇ ਪਹੁੰਚਣ ਵਿੱਚ ਦਿੱਕਤ ਹੋਣ ʼਤੇ ਜਹਾਜ਼ ʼਤੇ ਸਵਾਰ ਤਿੰਨ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ 108 ਘੰਟੇ ਦੀ ਆਕਸੀਜਨ ਰਿਜਰਵ ਵਿੱਚ ਰੱਖੀ ਜਾਂਦੀ ਹੈ।
ਇਸ ਤੋਂ ਇਲਾਵਾ ਮਤਸਇਆ ਦੀ ਜੌੜੀ ਸੰਰਤਨਾ ਸਮੁੰਦਰ ਦੇ ਉੱਤੇ ਇੱਕ ਜਹਾਜ਼ ʼਤੇ ਸਥਾਪਿਤ ਕੀਤੀ ਗਈ ਹੈ।
ਇਸ ਨੂੰ ਸੰਚਾਲਿਤ ਕਰਨ ਵਾਲੇ ਮਲਾਹ, ਸਹਿ ਮਲਾਹ ਅਤੇ ਵਿਗਿਆਨੀ ਦੀ ਥਾਂ ਤਿੰਨ ਹੋਰ ਲੋਕ ਹੋਣਗੇ।
ਪ੍ਰੋਜੈਕਟਰ ਡਾਇਰੈਕਟਰ ਵੇਦਾਚਲਮ ਨੇ ਕਿਹਾ ਹੈ ਕਿ ਉਹ ਡੂੰਘੇ ਸਮੁੰਦਰ ਓਪਰੇਸ਼ਨ ਦੀ ਲਗਾਤਾਰ ਨਿਗਰਾਨੀ ਕਰਨਗੇ ਅਤੇ ਪਣਡੁੱਬੀ ਦਾ ਕਿਸੇ ਵੀ ਸਮੱਸਿਆ ਨੂੰ ਹੱਲ ਕਰਨ ਲਈ ਮਾਰਗਦਰਸ਼ਨ ਕਰਨਗੇ।
ਸਤਿਆਨਾਰਾਇਣਨ ਦਾ ਕਹਿਣਾ ਹੈ ਕਿ ਨੈਸ਼ਨਲ ਇੰਸਟੀਚਿਊਟ ਆਫ ਓਸ਼ੀਅਨ ਟੈਕਨਾਲੋਜੀ ਦੀ ਇਹ ਪਣਡੁੱਬੀ ਨਾ ਸਿਰਫ਼ ਭਾਰਤ ਵਿੱਚ ਸਗੋਂ ਵਿਸ਼ਵ ਪੱਧਰ 'ਤੇ ਡੂੰਘੇ ਸਮੁੰਦਰੀ ਖੋਜ ਅਤੇ ਬਚਾਅ ਕਾਰਜਾਂ, ਖਣਿਜ ਸਰੋਤਾਂ ਦੀ ਖੋਜ ਅਤੇ ਉਥੇ ਰਹਿਣ ਵਾਲੇ ਜੀਵਾਂ ਦੇ ਅਧਿਐਨ ਲਈ ਮਦਦਗਾਰ ਹੋਵੇਗੀ।
ਨੈਸ਼ਨਲ ਇੰਸਟੀਚਿਊਟ ਆਫ਼ ਮਰੀਨ ਟੈਕਨਾਲੋਜੀ ਦੇ ਡਾਇਰੈਕਟਰ ਬਾਲਾਜੀ ਰਾਮਕ੍ਰਿਸ਼ਨਨ ਨੇ ਸਮੁੰਦਰੀ ਜਹਾਜ਼ ਬਾਰੇ ਬੀਬੀਸੀ ਤਮਿਲ ਨੂੰ ਦੱਸਿਆ, "ਸਾਨੂੰ ਪੂਰਾ ਭਰੋਸਾ ਹੈ ਕਿ ਇਹ ਪ੍ਰੋਜੈਕਟ ਨਾ ਸਿਰਫ਼ ਇਹ ਸਾਬਤ ਕਰੇਗਾ ਕਿ ਭਾਰਤ ਵਿੱਚ ਅਜਿਹਾ ਕੁਝ ਕੀਤਾ ਜਾ ਸਕਦਾ ਹੈ, ਸਗੋਂ ਕਈ ਹੋਰ ਤਕਨੀਕੀ ਤਰੱਕੀ ਨੂੰ ਵੀ ਜਨਮ ਦੇਵੇਗਾ।"
ਉਨ੍ਹਾਂ ਮੁਤਾਬਕ, ਇਹ ਭਾਰਤ ਦੇ ਸਮੁੰਦਰੀ ਖੋਜ ਵਿੱਚ ਇੱਕ ਬਹੁਤ ਹੀ ਅਹਿਮ ਮੀਲ ਦਾ ਪੱਥਰ ਸਾਬਿਤ ਹੋਵੇਗਾ।
ਰਮੇਸ਼ ਰਾਜੂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਤਰ੍ਹਾਂ ਦੇ ਪ੍ਰੋਜੈਕਟ ਤਹਿਤ ਲੰਬੀ ਯਾਤਰਾ ਕਰਨ ਵਾਲੀ ਦੇਸ਼ ਦੀ ਪਹਿਲੀ ਟੀਮ ਦਾ ਹਿੱਸਾ ਹੋਣ ʼਤੇ ਮਾਣ ਹੈ।
ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਬਿਨਾਂ ਕਿਸੇ ਡਰ ਦੇ ਪੂਰੇ ਆਤਮਵਿਸ਼ਵਾਸ਼ ਅਤੇ ਤਿਆਰੀ ਨਾਲ ਇਹ ਪੂਰੀ ਤਰ੍ਹਾਂ ਨੈਸ਼ਨਲ ਇੰਸਟੀਚਿਊਟ ਆਫ਼ ਓਸ਼ਨ ਟੈਕਨੋਲਾਜੀ ਦੇ ਵਿਗਿਆੀਆਂ ਦੇ ਹੱਥਾਂ ਵਿੱਚ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ