ਜਿਸ ਧੀ ਲਈ ਪਿਓ ਹੀ ਜ਼ਿੰਦਗੀ ਸੀ, ਪਿਓ 'ਤੇ ਸਰਪੰਚੀ ਹਾਸਲ ਕਰਨ ਲਈ ਉਸੇ ਦੇ ਕਤਲ ਦਾ ਇਲਜ਼ਾਮ ਲੱਗਾ, ਪੂਰਾ ਮਾਮਲਾ ਜਾਣੋ

ਮ੍ਰਿਤਕ ਪ੍ਰਾਚੀ ਕੋਂਡਾਮੰਗਲੇ ਦੀ ਤਸਵੀਰ

ਤਸਵੀਰ ਸਰੋਤ, TG Police

ਤਸਵੀਰ ਕੈਪਸ਼ਨ, ਪੁਲਿਸ ਨੇ ਮ੍ਰਿਤਕ ਬੱਚੀ ਪ੍ਰਾਚੀ ਕੋਂਡਾਮੰਗਲੇ ਦੀ ਇਹ ਤਸਵੀਰ ਜਾਰੀ ਕੀਤੀ ਸੀ।
    • ਲੇਖਕ, ਅਮਰੇਂਦਰ ਯਾਰਲਾਗੱਡਾ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 5 ਮਿੰਟ

ਨੋਟ: ਕਹਾਣੀ ਦੇ ਕੁਝ ਤੱਤ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ।

ਨਿਜ਼ਾਮਾਬਾਦ ਪੁਲਿਸ ਨੇ ਦੱਸਿਆ ਕਿ ਇੱਕ ਪਿਤਾ ਨੇ ਇਸ ਡਰ ਤੋਂ ਆਪਣੀ ਧੀ ਦਾ ਕਤਲ ਕਰ ਦਿੱਤਾ ਕਿ ਤਿੰਨ ਬੱਚਿਆਂ ਵਾਲਾ ਨਿਯਮ ਉਸ ਨੂੰ ਚੋਣ ਲੜਨ ਤੋਂ ਅਯੋਗ ਕਰ ਦੇਵੇਗਾ।

ਮਹਾਰਾਸ਼ਟਰ ਦੇ ਪਾਂਡੁਰੰਗਾ ਕੋਂਡਾਮੰਗਲੇ ਨਾਮੀ ਵਿਅਕਤੀ ਉੱਤੇ ਇਸ ਕਤਲ ਦੇ ਇਲਜ਼ਾਮ ਹਨ। ਪੁਲਿਸ ਨੇ ਪਛਾਣ ਕੀਤੀ ਹੈ ਕਿ ਛੇ ਸਾਲਾ ਧੀ ਪ੍ਰਾਚੀ ਕੋਂਡਾਮੰਗਲੇ ਨੂੰ ਤੇਲੰਗਾਨਾ ਖੇਤਰ ਵਿੱਚ ਲਿਆ ਕੇ ਮਾਰ ਦਿੱਤਾ ਗਿਆ ਸੀ।

ਨਿਜ਼ਾਮਾਬਾਦ ਦੇ ਪੁਲਿਸ ਕਮਿਸ਼ਨਰ ਪੀ. ਸਾਈ ਚੈਤੰਨਿਆ ਨੇ ਇਸ ਘਟਨਾ ਦੇ ਵੇਰਵੇ ਸਾਂਝੇ ਕੀਤੇ। ਬੱਚੀ ਦੀ ਲਾਸ਼ ਤੇਲੰਗਾਨਾ ਦੇ ਇਡਾਪੱਲੀ ਨੇੜੇ ਏ.ਆਰ.ਪੀ. ਕੈਂਪ ਦੇ ਬਾਹਰਵਾਰ ਨਿਜ਼ਾਮਸਾਗਰ ਨਹਿਰ ਵਿੱਚ ਮਿਲੀ ਸੀ।

ਪੁਲਿਸ ਨੇ ਸ਼ੱਕੀ ਮੌਤ ਦਾ ਮਾਮਲਾ ਦਰਜ ਕਰ ਲਿਆ ਸੀ। ਨਿਜ਼ਾਮਾਬਾਦ ਦੇ ਏ.ਸੀ.ਪੀ. ਸ੍ਰੀਨਿਵਾਸ ਦੀ ਅਗਵਾਈ ਹੇਠ ਤਿੰਨ ਟੀਮਾਂ ਬਣਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।

ਨਿਜ਼ਾਮਾਬਾਦ ਦੇ ਪੁਲਿਸ ਕਮਿਸ਼ਨਰ ਪੀ. ਸਾਈ ਚੈਤੰਨਿਆ ਨੇ 2 ਫਰਵਰੀ ਨੂੰ ਮੀਡੀਆ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ।

ਉਨ੍ਹਾਂ ਨੇ ਬੱਚੀ ਦੀ ਲਾਸ਼ ਦੀ ਫੋਟੋ ਮੀਡੀਆ ਅਤੇ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਕਰਨ ਲਈ ਕਿਹਾ ਸੀ ਤਾਂ ਜੋ ਕੋਈ ਵੀ ਰਿਸ਼ਤੇਦਾਰ ਜਾਣਕਾਰੀ ਦੇ ਸਕੇ।

ਵਟਸਐਪ ਸਟੇਟਸ ਤੋਂ ਸਾਹਮਣੇ ਆਇਆ ਮਾਮਲਾ

ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਤੇਲੰਗਾਨਾ ਦੇ ਇਡਾਪੱਲੀ ਨੇੜੇ ਏ.ਆਰ.ਪੀ. ਕੈਂਪ ਦੇ ਬਾਹਰਵਾਰ ਨਿਜ਼ਾਮਸਾਗਰ ਨਹਿਰ ਵਿੱਚ ਇੱਕ ਬੱਚੀ ਦੀ ਲਾਸ਼ ਮਿਲੀ ਹੈ।

ਸੁਧੀਰ ਨਾਮ ਦੇ ਇੱਕ ਕਾਂਸਟੇਬਲ ਨੇ ਪੁਲਿਸ ਦੀ ਘੋਸ਼ਣਾ ਨੂੰ ਆਪਣੇ ਵਟਸਐਪ ਸਟੇਟਸ ਵਜੋਂ ਲਗਾਇਆ ਸੀ। ਉਸ ਦਾ ਵਟਸਐਪ ਸਟੇਟਸ ਮਹਾਰਾਸ਼ਟਰ ਦੇ ਮੁਖੇੜ ਤਾਲੁਕਾ ਵਿੱਚ ਰਿਸ਼ਤੇਦਾਰਾਂ ਦੁਆਰਾ ਦੇਖਿਆ ਗਿਆ, ਜਿਨ੍ਹਾਂ ਨੇ ਦੱਸਿਆ ਕਿ ਉਹ ਬੱਚੀ ਦੇ ਵੇਰਵਿਆਂ ਬਾਰੇ ਜਾਣਦੇ ਹਨ।

ਪੁਲਿਸ ਮੁਤਾਬਕ ਕਿਵੇਂ ਰਚੀ ਕਤਲ ਦੀ ਸਾਜਿਸ਼

ਪੁਲਿਸ ਦੀ ਕਸਟਡੀ 'ਚ ਮੁਲਜ਼ਮ

ਤਸਵੀਰ ਸਰੋਤ, Nizambad police

ਤਸਵੀਰ ਕੈਪਸ਼ਨ, ਪੁਲਿਸ ਨੇ ਕਤਲ ਦੇ ਇਲਜ਼ਾਮਾਂ 'ਚ ਬੱਚੀ ਦੇ ਪਿਤਾ ਅਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਬੱਚੀ ਦੀ ਪਛਾਣ ਮਹਾਰਾਸ਼ਟਰ ਦੇ ਮੁਖੇੜ ਤਾਲੁਕਾ ਦੇ ਪਿੰਡ ਕੇਰੂਰ ਦੀ ਛੇ ਸਾਲਾ ਪ੍ਰਾਚੀ ਕੋਂਡਾਮੰਗਲੇ ਵਜੋਂ ਹੋਈ ਹੈ। ਹਰ ਕੋਈ ਹੈਰਾਨ ਰਹਿ ਗਿਆ ਜਦੋਂ ਪੁਲਿਸ ਨੇ ਪ੍ਰਾਚੀ ਦੇ ਪਿਤਾ ਦੀ ਪਛਾਣ ਪਾਂਡੁਰੰਗਾ ਕੋਂਡਾਮੰਗਲੇ ਵਜੋਂ ਕੀਤੀ।

ਉਸ ਦੀ ਇੱਕ ਪਤਨੀ ਅਤੇ ਤਿੰਨ ਬੱਚੇ ਹਨ। ਪ੍ਰਾਚੀ ਅਤੇ ਦੋ ਜੁੜਵਾ ਬੱਚੇ ਹਨ। ਪੁਲਿਸ ਨੇ ਦੱਸਿਆ ਕਿ ਪਾਂਡੁਰੰਗਾ ਪਿੰਡ ਵਿੱਚ ਵਿਰਾਟ ਸੈਲੂਨ ਦੇ ਨਾਮ ਹੇਠ ਇੱਕ ਦੁਕਾਨ ਚਲਾਉਂਦਾ ਹੈ।

ਇਸ ਸਾਲ ਮਹਾਰਾਸ਼ਟਰ ਵਿੱਚ ਪੰਚਾਇਤੀ ਚੋਣਾਂ ਹੋਣੀਆਂ ਹਨ। ਗਣੇਸ਼ ਸ਼ਿੰਦੇ ਇਸ ਸਮੇਂ ਕੇਰੂਰ ਪਿੰਡ ਦੇ ਸਰਪੰਚ ਹਨ। ਆਉਣ ਵਾਲੀਆਂ ਪੰਚਾਇਤੀ ਚੋਣਾਂ ਵਿੱਚ ਪਿੰਡ ਦੀ ਰਿਜ਼ਰਵੇਸ਼ਨ ਬਦਲਣ ਕਾਰਨ, ਗਣੇਸ਼ ਸ਼ਿੰਦੇ ਨੇ ਆਪਣੀ ਜਗ੍ਹਾ ਪਾਂਡੁਰੰਗਾ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਸੀ, ਜਿਸ ਨਾਲ ਉਸ ਦੀ ਚੰਗੀ ਜਾਣ-ਪਛਾਣ ਸੀ।

ਸੀ.ਆਈ.,ਬੋਧਨ ਰੂਰਲ ਵਿਜੇ ਬਾਬੂ ਨੇ ਬੀਬੀਸੀ ਨੂੰ ਦੱਸਿਆ, ''ਭਾਵੇਂ ਗਣੇਸ਼ ਸ਼ਿੰਦੇ ਸੱਤਾ ਵਿੱਚ ਨਾ ਵੀ ਰਹੇ, ਪਰ ਉਹ ਅਜਿਹੇ ਵਿਅਕਤੀ ਨੂੰ ਸਰਪੰਚ ਦੀ ਸੀਟ ਜਿਤਾਉਣਾ ਚਾਹੁੰਦਾ ਹੈ ਜੋ ਉਸ ਦੀ ਗੱਲ ਸੁਣੇ। ਇਸੇ ਰਣਨੀਤੀ ਤਹਿਤ ਗਣੇਸ਼ ਸ਼ਿੰਦੇ ਨੇ ਪਾਂਡੁਰੰਗਾ ਨਾਲ ਗੱਲ ਕੀਤੀ ਅਤੇ ਉਸ ਨੂੰ ਚੋਣ ਲੜਨ ਲਈ ਮਨਾ ਲਿਆ।"

ਮਹਾਰਾਸ਼ਟਰ ਪੰਚਾਇਤੀ ਚੋਣਾਂ ਵਿੱਚ ਇਹ ਨਿਯਮ ਹੈ ਕਿ ਤਿੰਨ ਬੱਚਿਆਂ ਵਾਲੇ ਵਿਅਕਤੀ ਸਰਪੰਚ ਦੀ ਚੋਣ ਲੜਨ ਲਈ ਅਯੋਗ ਹੁੰਦੇ ਹਨ।

ਨਿਜ਼ਾਮਾਬਾਦ ਦੇ ਪੁਲਿਸ ਕਮਿਸ਼ਨਰ ਸਾਈ ਚੈਤੰਨਿਆ ਨੇ ਦੱਸਿਆ ਕਿ ਪਾਂਡੁਰੰਗਾ ਨੂੰ ਇਹ ਲੱਗ ਰਿਹਾ ਸੀ ਕਿ ਤਿੰਨ ਬੱਚੇ ਹੋਣ ਕਾਰਨ ਉਹ ਚੋਣ ਨਹੀਂ ਲੜ ਸਕੇਗਾ। ਇਸ ਕਾਰਨ ਉਸ ਨੇ ਗਣੇਸ਼ ਸ਼ਿੰਦੇ ਨਾਲ ਮਿਲ ਕੇ ਇਹ ਸਾਜਿਸ਼ ਰਚੀ ਕਿ ਕਿਸੇ ਤਰ੍ਹਾਂ ਆਪਣੇ ਤਿੰਨ ਬੱਚਿਆਂ ਵਿੱਚੋਂ ਇੱਕ ਨੂੰ ਰਸਤੇ ਤੋਂ ਹਟਾਇਆ ਜਾਵੇ।

ਪੀ. ਸਾਈ ਚੈਤੰਨਿਆ, ਪੁਲਿਸ ਕਮਿਸ਼ਨਰ, ਨਿਜ਼ਾਮਾਬਾਦ 

"ਗੋਦ ਦੇਣ ਦੀ ਕੋਸ਼ਿਸ਼ ਨਾਕਾਮ ਰਹਿਣ ਤੋਂ ਬਾਅਦ…"

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 'ਪਾਂਡੁਰੰਗਾ ਲੜਕੇ ਨੂੰ ਗੋਦ ਦੇਣਾ ਚਾਹੁੰਦਾ ਸੀ। ਜਨਮ ਸਰਟੀਫਿਕੇਟ ਪਹਿਲਾਂ ਹੀ ਉਸ ਦੇ ਨਾਮ 'ਤੇ ਸੀ ਅਤੇ ਗੋਦ ਲੈਣ ਦੇ ਨਿਯਮਾਂ ਕਾਰਨ ਉਨ੍ਹਾਂ ਨੂੰ ਇਹ ਕੋਸ਼ਿਸ਼ ਛੱਡਣੀ ਪਈ'

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੇ ਸ਼ੁਰੂ ਵਿੱਚ ਤਿੰਨ ਬੱਚਿਆਂ ਵਿੱਚੋਂ ਇੱਕ ਨੂੰ ਗੋਦ ਦੇਣ ਦੀ ਯੋਜਨਾ ਬਣਾਈ ਸੀ, ਪਰ ਗੋਦ ਲੈਣ ਦੇ ਸਖ਼ਤ ਨਿਯਮਾਂ ਕਾਰਨ ਉਨ੍ਹਾਂ ਨੂੰ ਪਿੱਛੇ ਹਟਣਾ ਪਿਆ।

ਕਮਿਸ਼ਨਰ ਨੇ ਦੱਸਿਆ, ''ਪਾਂਡੁਰੰਗਾ ਲੜਕੇ ਨੂੰ ਗੋਦ ਦੇਣਾ ਚਾਹੁੰਦਾ ਸੀ। ਜਨਮ ਸਰਟੀਫਿਕੇਟ ਪਹਿਲਾਂ ਹੀ ਉਸ ਦੇ ਨਾਮ 'ਤੇ ਸੀ ਅਤੇ ਗੋਦ ਲੈਣ ਦੇ ਨਿਯਮਾਂ ਕਾਰਨ ਉਨ੍ਹਾਂ ਨੂੰ ਇਹ ਕੋਸ਼ਿਸ਼ ਛੱਡਣੀ ਪਈ। ਉਨ੍ਹਾਂ ਨੇ ਪੁਣੇ ਦੇ ਕਾਰਪੋਰੇਸ਼ਨ ਦਫ਼ਤਰ ਜਾ ਕੇ ਜਨਮ ਸਰਟੀਫਿਕੇਟ ਵਿੱਚ ਬਦਲਾਅ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਇਹ ਸੰਭਵ ਨਹੀਂ ਹੋ ਸਕਿਆ।''

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪਾਂਡੁਰੰਗਾ ਨੇ ਸੋਚਿਆ ਕਿ ਜੇਕਰ ਉਹ ਅਖੀਰ ਪ੍ਰਾਚੀ ਨੂੰ ਮਾਰ ਦਿੰਦਾ ਹੈ, ਤਾਂ ਉਸ ਦੇ ਦੋ ਬੱਚੇ ਰਹਿ ਜਾਣਗੇ ਅਤੇ ਫਿਰ ਉਹ ਚੋਣ ਲੜ ਸਕੇਗਾ।

ਕਮਿਸ਼ਨਰ ਨੇ ਸਾਜ਼ਿਸ਼ ਦਾ ਖੁਲਾਸਾ ਕਰਦਿਆਂ ਦੱਸਿਆ, "ਉਹ ਬੱਚੀ ਨੂੰ ਪਾਂਡੁਰੰਗਾ ਦੇ ਮੋਟਰਸਾਈਕਲ 'ਤੇ ਲੈ ਕੇ ਨਿਕਲੇ। ਨਿਜ਼ਾਮਾਬਾਦ ਜਾਂਦੇ ਰਸਤੇ ਵਿੱਚ ਇਡਾਪੱਲੀ ਮੰਡਲ ਦੇ ਅੰਬਮ ਪਿੰਡ ਦੇ ਰਾਹ 'ਚ ਬੱਚੀ ਨੂੰ ਨਿਜ਼ਾਮਸਾਗਰ ਨਹਿਰ ਵਿੱਚ ਧੱਕਾ ਦੇ ਦਿੱਤਾ ਗਿਆ, ਜਿਸ ਨਾਲ ਉਸਦੀ ਮੌਤ ਹੋ ਗਈ।"

ਕੇਰੂਰ ਪਿੰਡ ਉਸ ਜਗ੍ਹਾ ਤੋਂ ਲਗਭਗ 65 ਕਿਲੋਮੀਟਰ ਦੂਰ ਹੈ ਜਿੱਥੇ ਇਹ ਕਤਲ ਹੋਇਆ ਸੀ। ਪੁਲਿਸ ਨੇ ਉਹ ਮੋਟਰਸਾਈਕਲ ਜ਼ਬਤ ਕਰ ਲਿਆ ਹੈ ਜਿਸ 'ਤੇ ਲੜਕੀ ਨੂੰ ਘਰੋਂ ਲਿਜਾਇਆ ਗਿਆ ਸੀ।

'ਮੈਂ ਆਪਣੇ ਪਿਤਾ ਨੂੰ ਬਹੁਤ ਪਸੰਦ ਕਰਦੀ ਹਾਂ'

ਸਪਲੈਂਡਰ ਮੋਟਰਸਾਈਕਲ

ਤਸਵੀਰ ਸਰੋਤ, Nizambad police

ਤਸਵੀਰ ਕੈਪਸ਼ਨ, ਇਸ ਮੋਟਰਸਾਈਕਲ 'ਤੇ ਬੈਠਾ ਕੇ ਬੱਚੀ ਨੂੰ ਬਾਹਰ ਲਿਆਂਦਾ ਗਿਆ ਸੀ।

ਸੀ.ਆਈ.,ਬੋਧਨ ਰੂਰਲ ਵਿਜੇ ਬਾਬੂ ਨੇ ਬੀਬੀਸੀ ਨੂੰ ਦੱਸਿਆ ਕਿ ਤਿੰਨ ਬੱਚਿਆਂ ਵਿੱਚੋਂ ਪ੍ਰਾਚੀ ਨੂੰ ਹੀ ਮਾਰਨ ਦਾ ਇੱਕ ਪੁਖ਼ਤਾ ਕਾਰਨ ਸੀ।

ਉਨ੍ਹਾਂ ਕਿਹਾ, "ਪ੍ਰਾਚੀ ਆਪਣੇ ਪਿਤਾ ਪਾਂਡੁਰੰਗਾ ਨੂੰ ਬਹੁਤ ਪਿਆਰ ਕਰਦੀ ਸੀ। ਉਹ ਤੁਰੰਤ ਉਸ ਕੋਲ ਚਲੀ ਜਾਂਦੀ ਸੀ ਅਤੇ ਜੋ ਵੀ ਉਹ ਕਹਿੰਦਾ ਸੀ, ਉਹੀ ਕਰਦੀ ਸੀ। ਦੂਜਾ ਬੱਚਾ ਜ਼ਿਆਦਾਤਰ ਸਮਾਂ ਆਪਣੀ ਮਾਂ ਨਾਲ ਰਹਿੰਦਾ ਸੀ। ਪਾਂਡੁਰੰਗਾ ਆਪਣੇ ਪੁੱਤਰ ਨੂੰ ਵਾਰਸ ਮੰਨਦਾ ਸੀ ਅਤੇ ਉਸ ਨੂੰ ਮਾਰਨਾ ਨਹੀਂ ਚਾਹੁੰਦਾ ਸੀ।"

ਪਾਂਡੁਰੰਗਾ ਨੇ ਦੱਸਿਆ ਕਿ ਉਹ ਬੱਚੀ ਨੂੰ ਇਹ ਸੋਚ ਕੇ ਘਰੋਂ ਦੂਰ ਲੈ ਗਿਆ ਸੀ ਕਿ ਪ੍ਰਾਚੀ ਉਸ ਨੂੰ ਬਹੁਤ ਪਿਆਰ ਕਰਦੀ ਹੈ, ਇਸ ਲਈ ਉਹ ਬਿਨਾਂ ਕੁਝ ਕਹੇ ਉਸ ਦੇ ਨਾਲ ਚਲੀ ਜਾਵੇਗੀ।

ਪੁਲਿਸ ਨੇ ਦੱਸਿਆ ਕਿ ਪਾਂਡੁਰੰਗਾ ਨੇ ਜਾਂਚ ਦੌਰਾਨ ਕਬੂਲਿਆ ਕਿ ਜੇਕਰ ਉਹ ਲੜਕੀ ਨੂੰ ਮਹਾਰਾਸ਼ਟਰ ਵਿੱਚ ਮਾਰਦਾ ਤਾਂ ਉਸ ਦੀ ਪਛਾਣ ਹੋਣ ਦਾ ਡਰ ਸੀ, ਜਦਕਿ ਗੁਆਂਢੀ ਰਾਜ ਵਿੱਚ ਮਾਰਨ ਨਾਲ ਇਸ ਨੂੰ ਇੱਕ ਹਾਦਸੇ ਵਜੋਂ ਦਿਖਾਇਆ ਜਾ ਸਕਦਾ ਸੀ।

ਪੁਲਿਸ ਅਨੁਸਾਰ ਬੱਚੀ ਨੂੰ ਮਾਰਨ ਤੋਂ ਬਾਅਦ ਪਾਂਡੁਰੰਗਾ ਦੀ ਯੋਜਨਾ ਗੁੰਮਸ਼ੁਦਗੀ ਦਾ ਕੇਸ ਦਰਜ ਕਰਵਾਉਣ, ਉਸ ਦੀ ਮੌਤ ਦਾ ਨਾਟਕ ਰਚਣ ਅਤੇ ਫਿਰ ਚੋਣ ਲੜਨ ਦੀ ਸੀ।

ਨਿਜ਼ਾਮਾਬਾਦ ਦੇ ਪੁਲਿਸ ਕਮਿਸ਼ਨਰ ਸਾਈ ਚੈਤੰਨਿਆ ਨੇ ਦੱਸਿਆ ਕਿ ਗਣੇਸ਼ ਸ਼ਿੰਦੇ ਦੀ ਪਛਾਣ ਪਾਂਡੁਰੰਗਾ ਦੇ ਸਾਥੀ ਵਜੋਂ ਹੋਈ ਹੈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਬੀਬੀਸੀ ਮੁਲਜ਼ਮਾਂ, ਪਾਂਡੁਰੰਗਾ ਅਤੇ ਗਣੇਸ਼ ਸ਼ਿੰਦੇ ਦੇ ਪਰਿਵਾਰਾਂ ਦਾ ਪੱਖ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਜਾਣਕਾਰੀ ਮਿਲਦੇ ਹੀ ਇੱਥੇ ਅਪਡੇਟ ਕੀਤੀ ਜਾਵੇਗੀ।

ਦੋ ਤੋਂ ਵੱਧ ਬੱਚਿਆਂ ਵਾਲੇ ਵਿਅਕਤੀਆਂ ਦੇ ਸਥਾਨਕ ਚੋਣਾਂ ਲੜਨ ਲਈ ਅਯੋਗ ਹੋਣ ਦਾ ਨਿਯਮ ਪਹਿਲਾਂ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਿੱਚ ਵੀ ਸੀ। ਹਾਲ ਹੀ ਵਿੱਚ ਦੋਵਾਂ ਰਾਜਾਂ ਵਿੱਚ ਇਨ੍ਹਾਂ ਨਿਯਮਾਂ ਵਿੱਚ ਸੋਧ ਕੀਤੀ ਗਈ ਹੈ। ਜਿੱਥੇ ਤੇਲੰਗਾਨਾ ਵਿੱਚ ਇਹ ਨਿਯਮ ਕੁਝ ਸਥਾਨਕ ਚੋਣਾਂ ਲਈ ਲਾਗੂ ਸੀ, ਉੱਥੇ ਹੀ ਦੂਜੀਆਂ ਚੋਣਾਂ ਲਈ ਇਸ ਨੂੰ ਹਟਾ ਦਿੱਤਾ ਗਿਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)