ਇੰਡੀਆਜ਼ ਗੌਟ ਲੇਟੈਂਟ: ਕਿਉਂ ਬਣ ਰਿਹਾ ਅਸ਼ਲੀਲ ਕੰਟੈਂਟ ਤੇ ਕਾਰਵਾਈ ਹੋਣ 'ਤੇ ਕੀ ਕਹਿ ਰਹੇ ਹਨ ਇਸ ਪੇਸ਼ੇ ਨਾਲ ਜੁੜੇ ਲੋਕ

ਤਸਵੀਰ ਸਰੋਤ, @BeerBicepsGuy/maisamayhoon
- ਲੇਖਕ, ਅਭਿਨਵ ਗੋਇਲ
- ਰੋਲ, ਬੀਬੀਸੀ ਪੱਤਰਕਾਰ
ਯੂਟਿਊਬਰ ਅਤੇ ਕਾਮੇਡੀਅਨ ਸਮਯ ਰੈਨਾ ਦੇ ਸ਼ੋਅ 'ਇੰਡੀਆਜ਼ ਗੌਟ ਲੇਟੈਂਟ' ਨੂੰ ਲੈ ਕੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ।
ਹਾਲ ਹੀ ਵਿੱਚ ਰਿਲੀਜ਼ ਹੋਏ ਇਸ ਦੇ ਇੱਕ ਐਪੀਸੋਡ ਵਿੱਚ ਯੂਟਿਊਬਰ ਰਣਵੀਰ ਇਲਾਹਾਬਾਦੀਆ ਦੀ ਕੀਤੀ ਟਿੱਪਣੀ ਵਿਵਾਦ ਦਾ ਕੇਂਦਰ ਬਣੀ ਹੋਈ ਹੈ।
ਉਨ੍ਹਾਂ ਨੇ ਸ਼ੋਅ ਦੇ ਦੌਰਾਨ ਇੱਕ ਭਾਗੀਦਾਰ ਨੂੰ ਉਸਦੇ ਮਾਤਾ-ਪਿਤਾ ਦੇ ਨਿੱਜੀ ਸਬੰਧਾਂ ਬਾਰੇ ਇਤਰਾਜ਼ਯੋਗ ਸਵਾਲ ਪੁੱਛਿਆ, ਜਿਸਦੀ ਹਰ ਪਾਸੇ ਆਲੋਚਨਾ ਹੋ ਰਹੀ ਹੈ।
ਇਲਾਹਾਬਾਦੀਆ ਅਤੇ ਸ਼ੋਅ ਦੀ ਪੂਰੀ ਟੀਮ ਦੇ ਖ਼ਿਲਾਫ਼ ਕਈ ਸੂਬਿਆਂ ਵਿੱਚ ਐਫਆਈਆਰ ਤੱਕ ਦਰਜ ਹੋ ਗਈਆਂ ਹਨ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਯੂਟਿਊਬ ਨੂੰ ਨੋਟਿਸ ਭੇਜਣ ਤੋਂ ਬਾਅਦ ਇਸ ਐਪੀਸੋਡ ਨੂੰ ਹਟਾ ਦਿੱਤਾ ਗਿਆ ਹੈ।

ਵਿਵਾਦ ਵਧਣ ਤੋਂ ਬਾਅਦ ਰਣਵੀਰ ਇਲਾਹਾਬਾਦੀਆ ਨੇ ਮਾਫੀ ਮੰਗੀ ਹੈ। ਉਨ੍ਹਾਂ ਦਾ ਕਹਿਣਾ ਹੈ, "ਮੇਰਾ ਕੁਮੈਂਟ ਸਹੀ ਨਹੀਂ ਸੀ ਅਤੇ ਮਜ਼ਾਕੀਆ ਵੀ ਨਹੀਂ ਸੀ। ਕਾਮੇਡੀ ਮੇਰੀ ਵਿਸ਼ੇਸ਼ਤਾ ਨਹੀਂ ਹੈ..ਮੈਂ ਬਸ ਸਾਰਿਆਂ ਤੋਂ ਮਾਫੀ ਮੰਗਣਾ ਚਾਹੁੰਦਾ ਹਾਂ।"
ਯੂਟਿਊਬ ਜਾਂ ਸੋਸ਼ਲ ਮੀਡੀਆ 'ਤੇ ਅਸ਼ਲੀਲਤਾ ਫੈਲਾਉਣ ਦਾ ਇਲਜ਼ਾਮ ਸਿਰਫ 'ਇੰਡੀਆਜ਼ ਗੌਟ ਲੇਟੈਂਟ' ਉੱਪਰ ਹੀ ਨਹੀਂ ਲੱਗੇ ਹਨ। ਹਾਲ ਹੀ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਉੱਪਰ ਲੋਕਾਂ ਦਾ ਗੁੱਸਾ ਫੁੱਟਿਆ ਹੈ।
ਸਵਾਲ ਹੈ ਕਿ ਆਖਿਰ ਇਸ ਤਰ੍ਹਾਂ ਦਾ ਕੰਟੈਂਟ ਬਣਾਉਣ ਦੀ ਵਜ੍ਹਾ ਕੀ ਹੈ? ਇਸ ਦਾ ਸਮਾਜ ਉੱਪਰ ਕੀ ਅਸਰ ਪੈਂਦਾ ਹੈ? ਅਤੇ ਇਸ ਨਾਲ ਜੁੜੇ ਨਿਯਮ ਕਾਨੂੰਨ ਕੀ ਹਨ?
ਕੀ ਕਹਿੰਦੇ ਹਨ ਇਸ ਪੇਸ਼ੇ ਨਾਲ ਜੁੜੇ ਲੋਕ
ਸਟੈਂਡਅਪ ਕਮੈਡੀਅਨ ਸੰਜੇ ਰਾਜੌਰਾ ਰਣਵੀਰ ਇਲਾਹਾਬਾਦੀਆ ਦੀ ਟਿੱਪਣੀ ਅਤੇ ਇੰਡੀਆਜ਼ ਗੌਟ ਲੇਟੈਂਟ ਸ਼ੋਅ ਦੇ ਕੰਟੈਂਟ ਨੂੰ ਕਮੇਡੀ ਨਹੀਂ ਮੰਨਦੇ।
ਬੀਬੀਸੀ ਨਾਲ ਗੱਲਬਾਤ ਵਿੱਚ ਉਹ ਕਹਿੰਦੇ ਹਨ, "ਜੋ ਚੱਲ ਰਿਹਾ ਹੈ, ਇਹ ਡਾਰਕ ਹਿਊਮਰ ਵੀ ਨਹੀਂ ਹੈ। ਜੇ ਤੁਸੀਂ ਜਾਤ ਦੀ ਗੱਲ ਕਰਦੇ ਹੋਏ ਬ੍ਰਾਹਮਣਵਾਦ 'ਤੇ ਜੋਕਸ ਬਣਾਓ ਜਾਂ ਹੋਲੋਕਾਸਟ ਦਾ ਜ਼ਿਕਰ ਕਰਦੇ ਹੋਏ ਤੁਸੀਂ ਪੀੜਤਾਂ ਦੇ ਪੱਖ ਵਿੱਚ ਖੜ੍ਹੇ ਹੋ ਕੇ ਜੋਕਸ ਬਣਾਓ ਤਾਂ ਇਸ ਨੂੰ ਡਾਰਕ ਹਿਊਮਰ ਜ਼ਰੂਰ ਕਿਹਾ ਜਾ ਸਕਦਾ ਹੈ ਪਰ ਜੋ ਇਸ ਸ਼ੋਅ ਵਿੱਚ ਹੋਇਆ ਉਹ ਡਾਰਕ ਹਿਊਮਰ ਵੀ ਨਹੀਂ ਹੈ।"
ਰਾਜੌਰਾ ਕਹਿੰਦੇ ਹਨ, "ਇਸ ਤਰ੍ਹਾਂ ਦਾ ਕੰਟੈਂਟ ਇੱਕ ਵੱਡੀ ਆਬਾਦੀ ਦੇ ਬੋਧਿਕ ਪੱਧਰ ਨੂੰ ਘੱਟ ਕਰ ਰਿਹਾ ਹੈ। ਉਹ ਆਬਾਦੀ ਇਸ ਤਰ੍ਹਾਂ ਦੇ ਕੰਟੈਂਟ ਤੋਂ ਖੁਸ਼ ਵੀ ਨਜ਼ਰ ਆਉਂਦੀ ਹੈ। ਮੈਨੂੰ ਹੈਰਾਨੀ ਹੁੰਦੀ ਹੈ ਕਿ ਲੋਕ ਇਸ ਤਰ੍ਹਾਂ ਦੇ ਸ਼ੋਅ ਨੂੰ ਦੇਖ ਕੇ ਦਹਾੜੇ ਮਾਰ ਕੇ ਹੱਸਦੇ ਹਨ।"

ਤਸਵੀਰ ਸਰੋਤ, @SamayRainaOfficial
ਹਾਲਾਂਕਿ ਰਾਜੌਰਾ ਇਸ ਮਾਮਲੇ ਵਿੱਚ ਐੱਫਆਈਆਰ ਕੀਤੇ ਜਾਣ ਦਾ ਵਿਰੋਧ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀ ਅਸ਼ਲੀਲਤਾ ਬਾਲੀਵੁੱਡ ਦੀਆਂ ਕਈ ਫਿਲਮਾਂ ਵਿੱਚ ਪਰੋਸੀ ਜਾ ਰਹੀ ਹੈ ਪਰ ਉੱਥੇ ਇਸ ਤਰ੍ਹਾਂ ਦਾ ਵਿਰੋਧ ਨਹੀਂ ਦੇਖਿਆ ਜਾਂਦਾ।
ਉੱਥੇ ਹੀ ਦੂਜੇ ਪਾਸੇ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਦੇ ਪਹਿਲੇ ਸੀਜ਼ਨ ਦੇ ਜੇਤੂ ਸੁਨੀਲ ਪਾਲ ਇਸ ਤਰ੍ਹਾਂ ਦਾ ਕੰਟੈਂਟ ਬਣਾਉਣ ਵਾਲੇ ਲੋਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਨ।
ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਉਹ ਕਹਿੰਦੇ ਹਨ, "ਜੋ ਗਾਲੀ ਗਲੋਚ ਕਰ ਰਹੇ ਹਨ, ਉਹ ਨਾ ਤਾਂ ਕਲਾਕਾਰ ਹਨ ਅਤੇ ਨਾ ਹੀ ਕਾਮੇਡੀਅਨ। ਲਾਫਟਰ ਨੂੰ ਦੁਨੀਆ ਦੀ ਸਭ ਤੋਂ ਵੱਡੀ ਦਵਾਈ ਦੱਸਿਆ ਗਿਆ ਹੈ ਪਰ ਇੱਥੇ ਇਹ ਲੋਕ ਇੰਨੀਆਂ ਘਟੀਆਂ ਗੱਲਾਂ ਕਰ ਰਹੇ ਹਨ, ਜੋ ਸਾਡੇ ਸਾਰਿਆਂ ਲਈ ਸ਼ਰਮ ਦੀ ਗੱਲ ਹੈ।"
ਉਨ੍ਹਾਂ ਦਾ ਕਹਿਣਾ ਹੈ, "ਚਾਰ ਗਾਲਾਂ ਦੇ ਕੇ ਇਸ ਤਰ੍ਹਾਂ ਦੇ ਲੋਕ ਵੱਡੇ-ਵੱਡੇ ਪਲੇਟਫਾਰਮ ਤੱਕ ਪਹੁੰਚ ਜਾਂਦੇ ਹਨ। ਵਿਊਜ਼ ਅਤੇ ਪੈਸਿਆਂ ਦੇ ਲਈ ਨੰਗੇਪਣ 'ਤੇ ਉਤਰ ਰਹੇ ਹਨ। ਉਨ੍ਹਾਂ ਦੀ ਵਜ੍ਹਾ ਕਾਰਨ ਸਾਡੇ ਵਰਗੇ ਕਲਾਕਾਰਾਂ ਉੱਪਰ ਬਹੁਤ ਦਬਾਅ ਹੈ। ਸਾਡੇ ਕਮੇਡੀ ਦੇ ਸ਼ੋਅ ਘੱਟ ਗਏ ਹਨ। ਨਿੱਜੀ ਤੌਰ 'ਤੇ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ।"
ਟਿੱਪਣੀਕਾਰ ਆਲੋਕ ਪੁਰਾਣਿਕ ਵੀ ਕੁਝ ਅਜਿਹਾ ਹੀ ਕਹਿੰਦੇ ਹਨ। ਉਨ੍ਹਾਂ ਦਾ ਵੀ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਸ਼ੋਅ ਜ਼ਿਆਦਾ ਪੈਸਾ ਕਮਾਉਣ ਅਤੇ ਵਿਊਜ਼ ਦੇ ਲਾਲਚ ਵਿੱਚ ਬਣਾਏ ਜਾ ਰਹੇ ਹਨ।
ਉਹ ਕਹਿੰਦੇ ਹਨ, "ਸਮੱਸਿਆ ਕਿਤੇ ਜ਼ਿਆਦਾ ਵੱਡੀ ਹੈ। ਪਿਛਲੇ ਕੁਝ ਸਾਲਾਂ ਵਿੱਚ ਸਟੈਂਡਅਪ ਕਾਮੇਡੀ ਦਾ ਇੱਕ ਸਰਕਲ ਬਣ ਗਿਆ ਹੈ। ਜਿਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਹੁੰਦਾ ਹੈ, ਉਹ ਉਸ ਸਰਕਲ ਤੱਕ ਸਵਿਕਾਰੀ ਜਾ ਸਕਦੀ ਹੈ ਪਰ ਜਦੋਂ ਉਹ ਇੱਕ ਵੱਡੇ ਜਨਤਕ ਪਲੈਟਫਾਰਮ 'ਤੇ ਆਉਂਦੀ ਹੈ ਤਾਂ ਲੋਕਾਂ ਨੂੰ ਹੈਰਾਨੀ ਹੁੰਦੀ ਹੈ।"
ਪੁਰਾਣਿਕ ਕਹਿੰਦੇ ਹਨ, "ਤਿੱਖੀ ਤੋਂ ਤਿੱਖੀ ਗੱਲ ਵੀ ਨਰਮ ਭਾਸ਼ਾ ਵਿੱਚ ਕਹੀ ਜਾ ਸਕਦੀ ਹੈ। ਲੋਕਾਂ ਨੂੰ ਹਸਾਉਣਾ ਅਤੇ ਟਿੱਪਣੀ ਜਾਂ ਜੋਕ ਬਣਾਉਣਾ ਕਿਸੇ ਸਰਜਰੀ ਵਾਂਗ ਹੁੰਦਾ ਹੈ। ਇੱਕ ਇੰਚ ਦਾ ਕੱਟ ਉੱਪਰ ਤੋਂ ਹੇਠਾਂ ਹੋ ਜਾਵੇ ਤਾਂ ਚੀਜ਼ਾਂ ਬਦਲ ਜਾਂਦੀਆਂ ਹਨ।"
ਉਨ੍ਹਾਂ ਦਾ ਕਹਿਣਾ ਹੈ, "ਕਾਸ਼ੀਨਾਥ ਤੋਂ ਲੈ ਕੇ ਮੰਟੋ ਤੱਕ ਬਹੁਤ ਅਜਿਹੇ ਲੇਖਕ ਹੋਏ ਹਨ, ਜਿਨ੍ਹਾਂ ਦੇ ਕੰਮ ਵਿੱਚ ਗਾਲਾਂ ਦਿਖਦੀਆਂ ਹਨ ਪਰ ਉੱਥੇ ਉਹ ਗਾਲਾਂ ਪਾਤਰ ਦੇ ਫਰੇਮ ਵਿੱਚ ਆ ਰਹੀਆਂ ਹਨ, ਜੋ ਸੁਭਾਵਿਕ ਲੱਗਦੀਆਂ ਹਨ। ਲਿਖਣ ਦੀ ਆਜ਼ਾਦੀ ਦੇ ਨਾਮ ਉੱਪਰ ਤੁਸੀਂ ਗਾਲਾਂ ਦੇ ਕੇ ਬਚ ਨਹੀਂ ਸਕਦੇ।"
ਆਲੋਕ ਪੁਰਾਣਿਕ ਦੀਆਂ ਗੱਲਾਂ ਤੋਂ ਸਟੈਂਡਅਪ ਕਾਮੇਡੀਅਨ ਵਿਸ਼ਾਲ ਜਾਦੌਨ ਵੱਖਰੀ ਰਾਏ ਰੱਖਦੇ ਹਨ।
ਉਹ ਕਹਿੰਦੇ ਹਨ, "ਦੇਸ਼ ਵਿੱਚ ਸਿਆਸੀ ਪਾਰਟੀਆਂ ਨਾਲ ਜੁੜੇ ਕਈ ਲੋਕ ਜਨਤਕ ਤੌਰ 'ਤੇ ਗਾਲਾਂ ਅਤੇ ਨਫਰਤ ਫੈਲਾਉਣ ਦਾ ਕੰਮ ਕਰਦੇ ਹਨ ਪਰ ਉਨ੍ਹਾਂ ਦੇ ਖ਼ਿਲਾਫ਼ ਕੁਝ ਨਹੀਂ ਹੁੰਦਾ।"
ਜਾਦੌਨ ਕਹਿੰਦੇ ਹਨ, "ਸਮਯ ਰੈਨਾ ਸ਼ੋਅ ਦੇ ਜਿਸ ਕੰਟੈਂਟ 'ਤੇ ਵਿਵਾਦ ਹੋ ਰਿਹਾ ਹੈ, ਉਹ ਪੈਸੇ ਦੇ ਕੇ ਹੀ ਦੇਖਿਆ ਜਾ ਸਕਦਾ ਹੈ। ਇਸ ਦਾ ਮਤਲਬ ਹੈ ਕਿ ਲੋਕ ਉੱਥੇ ਆਪਣੀ ਇੱਛਾ ਨਾਲ ਜਾ ਰਹੇ ਹਨ। ਮੈਂ ਵੀ ਸਟੈਂਡਅਪ ਦੇ ਸਮੇਂ ਗਾਲੀ ਗਲੋਚ ਕਰਦਾ ਹਾਂ, ਸੈਕਸ, ਮਹਿਲਾਵਾਂ, ਪੀਰੀਅਡਜ਼ ਅਤੇ ਮਾਤਾ-ਪਿਤਾ ਦੀ ਗੱਲ ਕਰਦਾ ਹਾਂ।"
ਉਹ ਕਹਿੰਦੇ ਹਨ, "ਓਟੀਟੀ ਵੱਡਾ ਪਲੇਟਫਾਰਮ ਹੈ, ਉਨ੍ਹਾਂ ਨੂੰ ਟਾਰਗੇਟ ਕਰਨਾ ਮੁਸ਼ਕਲ ਹੈ। ਸਾਡੇ ਵਰਗੇ ਸਟੈਂਡਅਪ ਕਾਮੇਡੀਅਨ ਨੂੰ ਕੋਈ ਵੀ ਕੁਝ ਬੋਲ ਦਿੰਦਾ ਹੈ। ਮੈਂ ਗੰਦੀ ਅਤੇ ਡਾਰਕ ਦੋਵੇਂ ਗੱਲਾਂ ਕਰਦਾ ਹਾਂ, ਪਰ ਤੁਹਾਡੇ ਕੰਟੈਂਟ 'ਤੇ ਲੋਕ ਹੱਸ ਰਹੇ ਹਨ ਤਾਂ ਫਿਰ ਲੋਕ ਦੁਖੀ ਨਹੀਂ ਹੁੰਦੇ।"
ਹਾਲਾਂਕਿ ਜਾਦੌਨ ਇਹ ਗੱਲ ਵੀ ਕਹਿੰਦੇ ਹਨ ਕਿ ਲੋਕ ਜ਼ਿਆਦਾ ਲਾਈਕ ਅਤੇ ਵਾਇਰਲ ਹੋਣ ਦੇ ਲਈ ਵੀ ਇਸ ਤਰ੍ਹਾਂ ਦੇ ਕੰਟੈਂਟ ਨੂੰ ਵਧਾਉਂਦੇ ਹਨ।
ਉਥੇ ਹੀ 'ਭਗਤ ਰਾਮ' ਨਾਮ ਦਾ ਯੂਟਿਊਬ ਚੈਨਲ ਵਾਲੇ ਰਵਿੰਦਰ ਚੌਧਰੀ ਦਾ ਮੰਨਣਾ ਹੈ ਕਿ ਇਸ ਮਾਮਲੇ ਵਿੱਚ ਐੱਫਆਈਆਰ ਦਾ ਹੋਣਾ, ਆਵਾਜ਼ਾਂ ਨੂੰ ਦਬਾਉਣ ਵਰਗਾ ਹੈ।
ਉਹ ਕਹਿੰਦੇ ਹਨ, "ਇਹ ਕੰਟੈਂਟ ਅਸ਼ਲੀਲ ਸ਼੍ਰੇਣੀ ਵਿੱਚ ਆਉਂਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਐਫਆਈਆਰ ਕਰ ਦਿਓ। ਅੱਜ-ਕੱਲ੍ਹ ਭਾਵਨਾਵਾਂ ਨੂੰ ਠੇਸ ਪਹੁੰਚਣ ਦਾ ਕਾਫੀ ਟਰੈਂਡ ਹੈ। ਉਹ ਲੋਕ ਵੀ ਦੁਖੀ ਹੋ ਰਹੇ ਹਨ, ਜੋ ਖੁਦ ਗਾਲਾਂ ਕੱਢਦੇ ਹਨ।"
ਰਵਿੰਦਰ ਇੱਕ ਯੂ-ਟਿਊਬ ਕਲਿੱਪ ਦਾ ਜ਼ਿਕਰ ਕਰਦੇ ਹੋਏ ਕਹਿੰਦੇ ਹਨ, "ਜਿਸ ਕੰਟੈਂਟ ਨੂੰ ਲੈ ਕੇ ਵਿਵਾਦ ਹੋ ਰਿਹਾ ਹੈ, ਉਸ ਨੂੰ ਇੱਕ ਪੱਛਮੀ ਦੇਸ਼ ਦੇ ਯੂਟਿਊਬ ਤੋਂ ਚੁੱਕਿਆ ਗਿਆ ਹੈ। ਜ਼ਿਆਦਾਤਰ ਸਟੈਂਡਅਪ ਕਾਮੇਡੀਅਨ ਦੂਜਿਆਂ ਦਾ ਕੰਟੈਂਟ ਚੁੱਕ ਰਹੇ ਹਨ, ਜੋ ਭਾਰਤ ਦੇ ਹਿਸਾਬ ਨਾਲ ਨਹੀਂ ਚੱਲ ਪਾਉਂਦਾ ਅਤੇ ਕਦੇ-ਕਦੇ ਵੱਡੇ ਵਿਵਾਦ ਦੀ ਵਜ੍ਹਾ ਬਣ ਜਾਂਦਾ ਹੈ।"
ਕੀ ਕਹਿੰਦਾ ਹੈ ਭਾਰਤੀ ਕਾਨੂੰਨ?

ਤਸਵੀਰ ਸਰੋਤ, Getty Images
ਸਮੇਂ-ਸਮੇਂ 'ਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਅਸ਼ਲੀਲ ਕੰਟੈਂਟ ਬਣਾਉਣ ਵਾਲੇ ਸੋਸ਼ਲ ਮੀਡੀਆ ਅਕਾਊਂਟਸ ਅਤੇ ਪ੍ਰਸਾਰਿਤ ਕਰਨ ਵਾਲੇ ਓਟੀਟੀ ਪਲੇਟਫਾਰਮ 'ਤੇ ਕਾਰਵਾਈ ਕਰਦਾ ਹੈ।
ਮਾਰਚ 2024 ਵਿੱਚ ਮੰਤਰਾਲੇ ਨੇ ਅਸ਼ਲੀਲ ਕੰਟੈਂਟ ਬਣਾਉਣ ਅਤੇ ਪ੍ਰਸਾਰਿਤ ਕਰਨ ਵਾਲੇ 18 ਓਟੀਟੀ ਪਲੇਟਫਾਰਮ, 19 ਵੈੱਬਸਾਈਟ, 10 ਐਪ ਅਤੇ 57 ਸੋਸ਼ਲ ਮੀਡੀਆ ਅਕਾਊਂਟਸ ਨੂੰ ਬਲੌਕ ਕਰਵਾਇਆ ਸੀ। ਸੋਸ਼ਲ ਮੀਡੀਆ ਅਕਾਊਂਟਸ ਵਿੱਚ 12 ਚੈਨਲ ਯੂਟਿਊਬ ਦੇ ਸਨ।
ਇਹ ਕਾਰਵਾਈ ਕਰਦੇ ਹੋਏ ਤਤਕਾਲੀ ਸੂਚਨਾ ਪ੍ਰਸਾਰਨ ਮੰਤਰੀ ਅਨੁਰਾਗ ਸਿੰਘ ਠਾਕੁਰ ਦਾ ਕਹਿਣਾ ਸੀ ਕਿ ਕ੍ਰਿਏਟਿਵ ਐਕਸਪ੍ਰੈਸ਼ਨ ਦੇ ਨਾਮ 'ਤੇ ਅਸ਼ਲੀਲਤਾ ਨਹੀਂ ਫੈਲਾਈ ਜਾ ਸਕਦੀ।
ਉਸ ਸਮੇਂ ਇਹ ਫ਼ੈਸਲਾ ਸੂਚਨਾ ਤਕਨਾਲੋਜੀ ਐਕਟ 2000 ਦੀਆਂ ਧਾਰਾਵਾਂ ਤਹਿਤ ਲਿਆ ਗਿਆ ਸੀ।
ਸੁਪਰੀਮ ਕੋਰਟ ਦੇ ਐਡਵੋਕੇਟ ਦਿਨੇਸ਼ ਜੋਤਵਾਨੀ ਕਹਿੰਦੇ ਹਨ, "ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ ਅਤੇ ਵੱਟਸਐਪ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਦੇ ਨਿਯਮਾਂ ਦੀ ਪਾਲਣਾ ਕਰਨੀ ਹੁੰਦੀ ਹੈ। ਮੰਤਰਾਲਾ ਸਮੇਂ-ਸਮੇਂ 'ਤੇ ਇਨ੍ਹਾਂ ਪਲੇਟਫਾਰਮਾਂ ਨੂੰ ਸਮਨ ਜਾਰੀ ਕਰਦਾ ਹੈ, ਜੋ ਉਨ੍ਹਾਂ ਨੂੰ ਭਾਰਤ ਵਿੱਚ ਮੰਨਣੇ ਪੈਂਦੇ ਹਨ।"
ਉਹ ਕਹਿੰਦੇ ਹਨ, "ਭਾਰਤੀ ਨਿਆਂ ਸੰਹਿਤਾ ਦੀ ਧਾਰਾ 294 ਅਤੇ 296 ਦੇ ਤਹਿਤ ਅਸ਼ਲੀਲਤਾ ਕਰਨ ਅਤੇ ਫੈਲਾਉਣਾ ਅਪਰਾਧ ਹੈ। ਧਾਰਾ 294 ਵਿੱਚ ਪਹਿਲੀ ਵਾਰ ਅਪਰਾਧ ਕਰਨ 'ਤੇ ਦੋ ਸਾਲ ਤੱਕ ਦੀ ਸਜ਼ਾ ਅਤੇ ਦੂਜੀ ਵਾਰ ਕਰਨ 'ਤੇ ਪੰਜ ਸਾਲ ਤੱਕ ਸਜ਼ਾ ਦੀ ਵਿਵਸਥਾ ਹੈ। ਉਥੇ ਹੀ ਧਾਰਾ 296 ਵਿੱਚ ਤਿੰਨ ਮਹੀਨੇ ਤੱਕ ਸਜ਼ਾ ਦੀ ਵਿਵਸਥਾ ਹੈ। ਦੋਵੇਂ ਧਾਰਾਵਾਂ ਵਿੱਚ ਜੁਰਮਾਨਾ ਵੀ ਲਗਾਇਆ ਜਾਂਦਾ ਹੈ।"
ਜੋਤਵਾਨੀ ਦਾ ਕਹਿਣਾ ਹੈ ਕਿ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਰਣਵੀਰ ਇਲਾਹਾਬਾਦੀਆ ਦੇ ਨਾਲ-ਨਾਲ ਸਮਯ ਰੈਨਾ ਅਤੇ ਸ਼ੋਅ ਪ੍ਰੋਡਿਊਸ ਕਰਨ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ, ਕਿਉਂਕਿ ਕਈ ਸੂਬਿਆਂ ਵਿੱਚ ਉਨ੍ਹਾਂ ਖ਼ਿਲਾਫ਼ ਐਫਆਈਆਰ ਦਰਜ ਕਰਵਾਈਆਂ ਗਈਆਂ ਹਨ।
ਉਹ ਕਹਿੰਦੇ ਹਨ, "ਇਨ੍ਹਾਂ ਧਾਰਾਵਾਂ ਵਿੱਚ ਬੇਲ ਤਾਂ ਮਿਲ ਜਾਵੇਗੀ ਪਰ ਉਨ੍ਹਾਂ ਨੂੰ ਟਰਾਇਲ 'ਤੇ ਜਾਣਾ ਪਵੇਗਾ। ਸੁਪਰੀਮ ਕੋਰਟ ਕੋਲ ਇਹ ਸ਼ਕਤੀ ਹੈ ਕਿ ਉਹ ਵੱਖ-ਵੱਖ ਰਾਜਾਂ ਵਿੱਚ ਦਰਜ ਐਫਆਈਆਰ ਨੂੰ ਕੰਸੋਲਿਡੇਟ ਕਰ ਕੇ ਇੱਕ ਐਫਆਈਆਰ ਕਰ ਸਕਦਾ ਹੈ ਨਹੀਂ ਤਾਂ ਉਨ੍ਹਾਂ ਹਰ ਰਾਜ ਵਿੱਚ ਜਾ ਕੇ ਬੇਲ ਲੈਣੀ ਪਵੇਗੀ।"
ਜੋਤਵਾਨੀ ਦਾ ਕਹਿਣਾ ਹੈ ਕਿ ਜੇ ਇਲੈਕਟ੍ਰਾਨਿਕ ਰੂਪ ਵਿੱਚ ਕੋਈ ਅਜਿਹਾ ਕੰਟੈਂਟ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਕਰਦਾ ਹੈ ਜੋ ਅਸ਼ਲੀਲ ਹੈ, ਤਾਂ ਉਸ ਨੂੰ ਆਈਟੀ ਐਕਟ ਦੇ ਸੈਕਸ਼ਨ 67 ਦੇ ਤਹਿਤ ਵੀ ਬੁੱਕ ਕੀਤਾ ਜਾ ਸਕਦਾ ਹੈ।
ਇਸ ਧਾਰਾ ਦੇ ਤਹਿਤ ਪੰਜ ਲੱਖ ਰੁਪਏ ਦਾ ਜੁਰਮਾਨਾ ਅਤੇ ਤਿੰਨ ਸਾਲ ਦੀ ਸਜ਼ਾ ਦੀ ਵਿਵਸਥਾ ਹੈ।
ਕਿਸ ਗੱਲ ਦੀ ਹੈ ਚਿੰਤਾ?

ਤਸਵੀਰ ਸਰੋਤ, Getty Images
ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਸਮਾਜਸ਼ਾਤਰ ਦੇ ਪ੍ਰੋਫੈਸਰ ਸੁਰਿੰਦਰ ਸਿੰਘ ਜੋਧਕਾ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਵਿੱਚ ਨੈਤਿਕ ਪੁਜ਼ੀਸ਼ਨ ਲੈਣਾ ਸੌਖਾ ਨਹੀਂ ਹੈ।
ਉਹ ਕਹਿੰਦੇ ਹਨ, "ਇਸ ਤਰ੍ਹਾਂ ਦਾ ਕੰਟੈਂਟ ਸਾਡੇ ਸਮਾਜ ਦੀ ਸੱਚਾਈ ਨੂੰ ਦੱਸਦਾ ਹੈ ਲੱਖਾਂ ਦੀ ਗਿਣਤੀ ਵਿੱਚ ਲੋਕ ਉਨ੍ਹਾਂ ਨੂੰ ਸੁਣ ਰਹੇ ਹਨ, ਜੋ ਕਿ ਦੱਸਦਾ ਹੈ ਕਿ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਫਰਕ ਇੰਨਾ ਹੈ ਕਿ ਹੁਣ ਇਹ ਜਨਤਕ ਤੌਰ 'ਤੇ ਹੋਣ ਲੱਗਾ ਹੈ।"
ਜੋਧਕਾ ਕਹਿੰਦੇ ਹਨ, "ਸੋਸ਼ਲ ਮੀਡੀਆ ਨੇ ਸਮਾਜ ਨੂੰ ਬਦਲ ਦਿੱਤਾ ਹੈ। ਪਹਿਲਾਂ ਲੋਕ ਆਪਸ ਵਿੱਚ ਮਿਲ ਕੇ ਇੱਕ-ਦੂਜੇ ਨਾਲ ਗੱਲਾਂ ਕਰਦੇ ਸਨ। ਹੁਣ ਨਿਊ ਲਿਬਰਲ ਕੈਪੀਟਲਜ਼ਮ ਆ ਗਿਆ ਹੈ। ਹਰ ਕਿਸੇ ਨੂੰ ਆਪਣੇ ਨਾਲ ਮਤਲਬ ਹੈ। ਮਿਡਲ ਕਲਾਸ ਦੀ ਚਿੰਤਾ ਵਧ ਰਹੀ ਹੈ। ਉਨ੍ਹਾਂ ਕੋਲ ਸਿਆਸੀ ਅੰਦੋਲਨਾਂ ਅਤੇ ਉਸ ਤਰ੍ਹਾਂ ਦੀਆਂ ਗੱਲਾਂ ਲਈ ਸਮਾਂ ਨਹੀਂ ਹੈ।"
ਉਨ੍ਹਾਂ ਦਾ ਕਹਿਣਾ ਹੈ, "ਇਸ ਕਾਰਨ ਜੋ ਥਾਂ ਖਾਲੀ ਹੋਈ ਹੈ, ਉਹ ਇਸ ਤਰ੍ਹਾਂ ਦੇ ਕੰਟੈਂਟ ਨੇ ਲੈ ਲਈ ਹੈ, ਹਰ ਕੋਈ ਮੋਬਾਈਲ ਲੈ ਕੇ ਬੈਠਾ ਹੈ, ਜਿਸ ਨਾਲ ਉਸਦੀ ਖਪਤ ਵੱਧ ਰਹੀ ਹੈ।"
ਵਿਵਾਦ ਵਿਚਾਲੇ ਉਹ ਇੱਕ ਵੱਡੀ ਚਿੰਤਾ ਜ਼ਾਹਰ ਕਰਦੇ ਹਨ, ਉਨ੍ਹਾਂ ਦਾ ਮੰਨਣਾ ਹੈ, "ਵਿਵਾਦ ਤੋਂ ਬਾਅਦ ਸਮਾਜ ਵਿੱਚ ਇੱਕ ਓਪੀਨੀਅਨ ਬਣ ਜਾਂਦਾ ਹੈ ਕਿ ਸੋਸ਼ਲ ਮੀਡੀਆ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ, ਜਿਸ ਨਾਲ ਸੱਤਾ ਨੂੰ ਇੱਕ ਅਜਿਹਾ ਮੌਕਾ ਮਿਲਦਾ ਹੈ ਜਿਸ ਨਾਲ ਉਹ ਕਾਨੂੰਨ ਬਣਾ ਪਾਉਂਦੀ ਹੈ। ਇਸ ਪ੍ਰਕਿਰਿਆ ਵਿੱਚ ਜਿਨ੍ਹਾਂ ਕੋਲ ਬਹੁਮਤ ਹੁੰਦਾ ਹੈ, ਉਨ੍ਹਾਂ ਦੀ ਨੈਤਿਕਤਾ ਭਾਰੂ ਹੋ ਜਾਂਦੀ ਹੈ ਅਤੇ ਸਮਾਜ ਦੇ ਡੈਮੋਕ੍ਰੇਟਿਕ ਓਪੀਨੀਅਨ ਦੀ ਥਾਂ ਨਹੀਂ ਬਚਦੀ।"
ਜੋਧਕਾ ਦਾ ਕਹਿਣਾ ਹੈ ਕਿ ਜੇਕਰ ਇਹ ਮਾਮਲਾ ਇਸ ਦਿਸ਼ਾ ਵੱਲ ਵਧਦਾ ਹੈ ਤਾਂ ਇਹ ਖਾਸ ਕਰਕੇ ਔਰਤਾਂ ਖਿਲਾਫ਼ ਜਾਵੇਗਾ, ਕਿਉਂਕਿ ਨੈਤਿਕਤਾ ਦੇ ਦਾਇਰੇ ਵਿੱਚ ਉਹ ਸੋਸ਼ਲ਼ ਮੀਡੀਆ 'ਤੇ ਖੁੱਲ੍ਹ ਕੇ ਸੈਕਸ਼ੁਐਲਿਟੀ ਦੀ ਗੱਲ ਨਹੀਂ ਕਰਸ ਸਕਣਗੇ ਅਤੇ ਮੈਰੀਟਲ ਰੇਪ ਵਰਗੀਆਂ ਚੀਜ਼ਾਂ, ਸੱਭਿਅਤ ਦਾ ਦਾਇਰੇ ਨੂੰ ਕਦੇ ਨਹੀਂ ਤੋੜ ਸਕੇਗੀ।
ਉਹ ਕਹਿੰਦੇ ਹਨ, "ਕੀ ਕਾਰਨ ਹੈ ਕਿ ਇਨ੍ਹਾਂ ਚੀਜ਼ਾਂ ਦੇ ਪ੍ਰਤੀ ਲੋਕ ਇੰਨੇ ਆਕਰਸ਼ਿਤ ਹੋ ਰਹੇ ਹਨ। ਇੱਕ ਗੰਭੀਰ ਰਿਸਰਚ ਦੀ ਲੋੜ ਹੈ, ਜਿਸ ਵਿੱਚ ਉਨ੍ਹਾਂ ਲੋਕਾਂ ਨੂੰ ਪੁੱਛਿਆ ਜਾਵੇ ਕਿ ਉਹ ਕਿਉਂ ਇਸ ਤਰ੍ਹਾਂ ਦੇ ਪ੍ਰੋਗ੍ਰਾਮ ਦੇਖਦੇ ਹਨ ਅਤੇ ਉਨ੍ਹਾਂ ਨੂੰ ਇਸ ਵਿੱਚ ਕੀ ਚੰਗਾ ਲਗਦਾ ਹੈ। ਤਾਂ ਹੀ ਅਸੀਂ ਕਿਸੇ ਨਤੀਜੇ ਉੱਤੇ ਪਹੁੰਚ ਸਕਾਂਗੇ।"
ਬੱਚਿਆਂ ਉੱਤੇ ਕਿੰਨਾ ਅਸਰ?

ਤਸਵੀਰ ਸਰੋਤ, Getty Images
ਸਰ ਗੰਗਾਰਾਮ ਹਸਪਤਾਲ ਵਿੱਚ ਨਿਊਰੋ ਸਰਜਨ ਅਤੇ ਮਨੋਵਿਗਿਆਨਕ ਡਾਕਟਰ ਰੀਚਾ ਸਿੰਘ ਦਾ ਮੰਨਣਾ ਹੈ ਕਿ ਅਸ਼ਲੀਲਤਾ ਨਾਲ ਭਰੇ ਕੰਟੈਂਟ ਦਾ ਸਭ ਤੋਂ ਵੱਧ ਅਸਰ ਉਨ੍ਹਾਂ ਬੱਚਿਆਂ ਉੱਤੇ ਪੈਂਦਾ ਹੈ ਜਿਨ੍ਹਾਂ ਦੀ ਉਮਰ 13 ਤੋਂ 20 ਸਾਲ ਹੈ।
ਉਹ ਕਹਿੰਦੇ ਹਨ, "ਇਸ ਉਮਰ ਵਿੱਚ ਬੱਤਿਆਂ ਦੇ ਸਰੀਰ ਵਿੱਚ ਬਦਲਾਅ ਹੁੰਦੇ ਹਨ। ਸਰੀਰਕ ਬਦਲਾਅ ਤਾਂ ਦਿਖਾਈ ਦਿੰਦੇ ਹਨ ਪਰ ਮਾਨਸਿਕ ਬਦਲਾਅ ਉਸ ਤਰੀਕੇ ਨਾਲ ਦਿਖਾਈ ਨਹੀਂ ਦਿੰਦੇ। ਇਸ ਸਮੇਂ ਹਾਰਮੋਨਜ਼ ਵਿੱਚ ਬਦਲਾਅ ਹੁੰਦਾ ਹੈ, ਜਿਸ ਕਾਰਨ ਬੱਚੇ ਆਪਣੇ ਦੋਸਤਾਂ ਦੀਆਂ ਗੱਲਾਂ ਵਧੇਰੇ ਮੰਨਣ ਲੱਗਦੇ ਹਨ।"
ਡਾ. ਰੀਚਾ ਕਹਿੰਦੇ ਹਨ, "ਉਮਰ ਦੇ ਇਸ ਪੜਾਅ ਉੱਤੇ ਬੱਚੇ ਖ਼ੁਦ ਨੂੰ ਸਪੈਸ਼ਲ ਸਮਝਦੇ ਹਨ। ਜਦੋਂ ਬੱਚੇ ਦੇਖਦੇ ਹਨ ਕਿ ਕੋਈ ਸ਼ਖਸ ਗਾਲ ਕੱਢ ਕੇ ਜਾਂ ਫਿਰ ਅਸ਼ਲੀਲ ਗੱਲਾਂ ਕਰਕੇ ਕੂਲ ਲੱਗ ਰਿਹਾ ਹੈ ਅਤੇ ਲੋਕ ਉਸ ਨੂੰ ਪਸੰਦ ਕਰ ਰਹੇ ਹਨ ਤਾਂ ਉਹ ਵੀ ਉਸ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸਦਾ ਅਸਰ ਇਹ ਹੁੰਦਾ ਹੈ ਕਿ ਜਿਨ੍ਹਾਂ ਘਰਾਂ ਵਿੱਚ ਗਾਲ ਨਹੀਂ ਵੀ ਕੱਢੀ ਜਾਂਦੀ, ਉੱਥੋਂ ਤੱਕ ਇਹ ਪਹੁੰਚ ਜਾਂਦੀ ਹੈ।"
ਉਨ੍ਹਾਂ ਦਾ ਕਹਿਣਾ ਹੈ, "ਅਜਿਹੀ ਸਥਿਤੀ ਵਿੱਚ ਬੱਚੇ ਆਪਣੀ ਦਿਸ਼ਾ ਤੋਂ ਭਟਕ ਜਾਂਦੇ ਹਨ ਅਤੇ ਉਨ੍ਹਾਂ ਦੇ ਅੰਦਰ ਜੋਖਣ ਚੁੱਕਣ ਦਾ ਵਿਹਾਰ ਮਜ਼ਬੂਤ ਹੁੰਦਾ ਹੈ, ਜਿਸ ਕਾਰਨ ਕਈ ਵਾਰ ਜਾਨ ਤੱਕ ਚਲੀ ਜਾਂਦੀ ਹੈ।"
ਕਹਿੰਦੇ ਹਨ ਕਿ ਬਾਲਗ ਅਵਸਥਾ ਦੀ ਉਮਰ ਵਿੱਚ ਬੱਚਾ ਜੋ ਦੇਖਦਾ ਹੈ, ਉਹੀ ਸਿੱਖਦਾ ਹੈ।
ਡਾ. ਸਮਰਾਟ ਕਰ ਦਾ ਕਹਿਣਾ ਹੈ, "ਬੱਚਿਆਂ ਨੂੰ ਅਸ਼ਲੀਲ ਕੰਟੈਂਟ ਦੇਖਣ ਲਈ ਪ੍ਰਾਈਵੇਸੀ ਦੀ ਲੋੜ ਹੁੰਦੀ ਹੈ ਜਿਸ ਕਾਰਨ ਉਹ ਮਾਂ-ਪਿਓ ਤੋਂ ਦੂਰ ਹੋਣ ਲਗਦਾ ਹੈ। ਇਸ ਤਰ੍ਹਾਂ ਦਾ ਵਧੇਰੇ ਕੰਟੈਂਟ ਦੇਖਣ ਉੱਤੇ ਬੱਚਾ ਪਲਾਨਿੰਗ ਦੀ ਸਟੇਜ ਉੱਤੇ ਵੀ ਪਹੁੰਚ ਜਾਂਦਾ ਹੈ ਅਤੇ ਉਹ ਵੱਡੇ ਜੁਰਮ ਨੂੰ ਵੀ ਅੰਜਾਮ ਦੇ ਸਕਦਾ ਹੈ।"
ਉਹ ਕਹਿੰਦੇ ਹਨ, "ਮਾਤਾ-ਪਿਤਾ ਬੋਲਦੇ ਹਨ ਕਿ ਮੇਰੇ ਬੱਚੇ ਅਸ਼ਲੀਲ ਕੰਟੈਂਟ ਵਧੇਰੇ ਦੇਖਦੇ ਹਨ। ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਪਤਾ ਲਗਦਾ ਹੈ ਕਿ ਮਾਤਾ-ਪਿਤਾ ਘਰ ਵਿੱਚ ਜ਼ਿਆਦਾ ਮੋਬਾਈਲ ਚਲਾਉਂਦੇ ਹਨ। ਉਸ ਨੂੰ ਵੇਖ ਕੇ ਬੱਚਾ ਫੌਲੋ ਕਰਦਾ ਹੈ। ਕਈ ਮਾਮਲਿਆਂ ਵਿੱਚ ਮਾਤਾ-ਪਿਤਾ ਆਪਣਾ ਫੋਨ ਬੱਚਿਆਂ ਨੂੰ ਦਿੰਦੇ ਹਨ, ਜਿਸ ਕਾਰਨ ਉਨ੍ਹਾਂ ਦੀ ਪ੍ਰੋਫਾਈਲ ਉੱਤੇ ਦਿਖ ਰਿਹਾ ਕੰਟੈਂਟ ਬੱਚਿਆਂ ਤੱਕ ਪਹੁੰਚ ਜਾਂਦਾ ਹੈ।"
ਡਾਕਟਰ ਸਮਰਾਟ ਦਾ ਕਹਿਣਾ ਹੈ, "ਇਸ ਨਾਲ ਬੱਚਿਆਂ ਵਿੱਚ ਹਾਰਟ ਬੀਟ ਵਧਣਾ, ਐਂਗਜ਼ਾਇਟੀ ਅਤੇ ਪੈਨਿਕ ਅਟੈਕ ਵਧਦੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












