You’re viewing a text-only version of this website that uses less data. View the main version of the website including all images and videos.
ਪ੍ਰੋਫੈਸਰ ਬ੍ਰਿਜ ਨਾਰਾਇਣ: ਪਾਕਿਸਤਾਨ ਦੀ ਸਿਰਜਣਾ ਦੇ ਕੱਟੜ ਹਿੰਦੂ ਸਮਰਥਕ ਕਿਵੇਂ ਲਾਹੌਰ ਵਿੱਚ ਭੀੜ ਹੱਥੋਂ ਕਤਲ ਹੋਏ
- ਲੇਖਕ, ਵਕਾਰ ਮੁਸਤਫਾ
- ਰੋਲ, ਪੱਤਰਕਾਰ, ਖੋਜਕਰਤਾ
ਬ੍ਰਿਜ ਨਾਰਾਇਣ ਪਾਕਿਸਤਾਨ ਦੇ ਸਮਰਥਕ ਸਨ, ਉਨ੍ਹਾਂ ਨੇ ਪਾਕਿਸਤਾਨ 'ਚ ਹੀ ਰਹਿਣਾ ਸੀ।
ਇਸ ਲਈ ਜਦੋਂ 1947 ਵਿੱਚ ਭਾਰਤ ਦੀ ਆਜ਼ਾਦੀ ਅਤੇ ਵੰਡ ਦੇ ਐਲਾਨ ਤੋਂ ਬਾਅਦ ਦੰਗੇ ਭੜਕੇ ਤਾਂ ਲਾਹੌਰ ਦੇ ਅਰਥਸ਼ਾਸਤਰੀ ਬ੍ਰਿਜ ਨਾਰਾਇਣ ਨਿਕੋਲਸਨ ਰੋਡ 'ਤੇ ਆਪਣੇ ਘਰ ਤੋਂ ਬਾਹਰ ਆਏ ਅਤੇ ਦੰਗਾਕਾਰੀਆਂ ਨੂੰ ਦੁਕਾਨਾਂ ਅਤੇ ਘਰਾਂ ਨੂੰ ਅੱਗ ਨਾ ਲਗਾਉਣ ਲਈ ਮਨਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ 'ਇਹ ਹੁਣ ਪਾਕਿਸਤਾਨ ਦੀ ਜਾਇਦਾਦ ਹੈ।'
ਲਾਹੌਰ ਦੇ ਰਹਿਣ ਵਾਲੇ ਪ੍ਰੋਫੈਸਰ ਬ੍ਰਿਜ ਨਾਰਾਇਣ ਬਸਤੀਵਾਦੀ ਪੰਜਾਬ ਦੀ ਖੇਤੀਬਾੜੀ ਆਰਥਿਕਤਾ 'ਤੇ ਆਪਣੇ ਅਧਿਐਨ ਲਈ ਮਸ਼ਹੂਰ ਸਨ।
ਉਨ੍ਹਾਂ ਦਾ ਜਨਮ 1888 ਵਿੱਚ ਹੋਇਆ ਸੀ ਅਤੇ ਭਾਰਤ ਦੀ ਵੰਡ ਤੋਂ ਪਹਿਲਾਂ ਉਹ ਲਾਹੌਰ ਦੇ ਸਨਾਤਨ ਧਰਮ ਕਾਲਜ (ਬਾਅਦ ਵਿੱਚ ਐਮਏਓ ਕਾਲਜ) ਵਿੱਚ ਅਰਥ ਸ਼ਾਸਤਰ ਦੇ ਪ੍ਰੋਫੈਸਰ ਸਨ।
ਉਨ੍ਹਾਂ ਨੂੰ ਪੰਜਾਬ ਯੂਨੀਵਰਸਿਟੀ ਦੁਆਰਾ ਅਰਥ ਸ਼ਾਸਤਰ ਦਾ ਆਨਰੇਰੀ ਪ੍ਰੋਫੈਸਰ ਵੀ ਨਿਯੁਕਤ ਕੀਤਾ ਗਿਆ ਸੀ।
ਡਾਕਟਰ ਜੀ.ਆਰ. ਮਦਨ ਆਪਣੀ ਕਿਤਾਬ 'ਇਕਨੌਮਿਕ ਥਿੰਕਿੰਗ ਇਨ ਇੰਡੀਆ' ਵਿੱਚ ਲਿਖਦੇ ਹਨ ਕਿ ਉਪ-ਮਹਾਂਦੀਪ ਦੀ ਵੰਡ ਤੋਂ ਪਹਿਲਾਂ ਪ੍ਰੋਫੈਸਰ ਬ੍ਰਿਜ ਨਾਰਾਇਣ ਨੂੰ '20ਵੀਂ ਸਦੀ ਦੇ ਮੋਹਰੀ ਅਰਥਸ਼ਾਸਤਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ'।
ਉਹ ਪੱਛਮੀ ਦੇਸ਼ਾਂ ਦੀਆਂ ਕੁਝ ਯੂਨੀਵਰਸਿਟੀਆਂ ਵਿੱਚ ਆਰਥਿਕ ਸਮੱਸਿਆਵਾਂ 'ਤੇ ਭਾਸ਼ਣ ਦਿੰਦੇ ਸਨ ਅਤੇ ਇਸੇ ਵਿਸ਼ੇ 'ਤੇ ਉਨ੍ਹਾਂ ਨੇ 15 ਤੋਂ ਵੱਧ ਕਿਤਾਬਾਂ ਲਿਖੀਆਂ ਸਨ। ਉਨ੍ਹਾਂ ਦੇ ਲੇਖ ਵੱਖ-ਵੱਖ ਅਖਬਾਰਾਂ ਅਤੇ ਰਸਾਲਿਆਂ ਵਿੱਚ ਵੀ ਪ੍ਰਕਾਸ਼ਿਤ ਹੋਏ ਸਨ।
ਪਰ ਜਿਨਾਹ ਦੀ 'ਟੂ ਨੇਸ਼ਨ ਥੀਓਰੀ' ਲਈ ਉਨ੍ਹਾਂ ਦਾ ਸਮਰਥਨ ਅਤੇ ਗਾਂਧੀ ਜੀ ਦਾ ਵਿਰੋਧ ਵੀ ਉਨ੍ਹਾਂ ਦੀ ਪ੍ਰਸਿੱਧੀ ਦਾ ਇੱਕ ਕਾਰਨ ਸੀ।
ਡਾਕਟਰ ਜੀ.ਆਰ. ਮਦਨ ਲਿਖਦੇ ਹਨ ਕਿ ਪ੍ਰੋਫੈਸਰ ਨਾਰਾਇਣ ਨੇ 'ਗਾਂਧੀ ਜੀ ਦੇ 'ਚਰਖਾ ਅਰਥ ਸ਼ਾਸਤਰ' ਦਾ ਖੁੱਲ੍ਹ ਕੇ ਵਿਰੋਧ ਕੀਤਾ।'
ਚਰਖਾ ਅਰਥ ਸ਼ਾਸਤਰ, ਮਹਾਤਮਾ ਗਾਂਧੀ ਨਾਲ ਜੁੜੀ ਵਿਚਾਰਧਾਰਾ ਹੈ ਜੋ ਸਵਦੇਸ਼ੀ, ਸਵੈ-ਨਿਰਭਰਤਾ ਅਤੇ ਪੇਂਡੂ ਭਾਰਤ ਦੇ ਆਰਥਿਕ ਸਸ਼ਕਤੀਕਰਨ 'ਤੇ ਕੇਂਦ੍ਰਿਤ ਹੈ।
ਪਾਕਿਸਤਾਨ ਦੀ ਸਿਰਜਣਾ ਦੇ 'ਪੱਕੇ ਸਮਰਥਕ'
ਪੱਤਰਕਾਰ, ਲੇਖਕ ਅਤੇ ਕਵੀ ਗੋਪਾਲ ਮਿੱਤਲ ਨੇ ਆਪਣੀ ਕਿਤਾਬ ''ਲਾਹੌਰ ਕਾ ਜੋ ਜ਼ਿਕਰ ਕਿਯਾ'' ਵਿੱਚ ਦੱਸਿਆ ਹੈ ਕਿ ਜਿੱਥੇ ਜ਼ਿਆਦਾਤਰ ਅਰਥਸ਼ਾਸਤਰੀਆਂ ਕਹਿੰਦੇ ਸਨ ਕਿ ਪਾਕਿਸਤਾਨ ਕਦੇ ਵੀ ਆਰਥਿਕ ਤੌਰ 'ਤੇ ਸਥਿਰ ਨਹੀਂ ਹੋਵੇਗਾ ਅਤੇ ਇਸਦਾ ਵਜੂਦ ਬਹੁਤ ਅਸਥਿਰ ਹੈ, ਉੱਥੇ ਹੀ ਪ੍ਰੋਫੈਸਰ ਬ੍ਰਿਜ ਨਾਰਾਇਣ ਨੇ ਇਸ ਵਿਚਾਰ ਦਾ ਸਮਰਥਨ ਕਰਦੇ ਹੋਏ ਕਈ ਲੇਖ ਲਿਖੇ ਸਨ ਕਿ ਪਾਕਿਸਤਾਨ ਆਰਥਿਕ ਤੌਰ 'ਤੇ ਸਵੈ-ਨਿਰਭਰ ਹੋਵੇਗਾ।
ਆਪਣੀ ਕਿਤਾਬ 'ਦਿ ਪੰਜਾਬ ਬਿਲਟ, ਪਾਰਟੀਸ਼ਨਡ ਐਂਡ ਕਲੀਨਜ਼ਡ: ਅਨਰੇਵਲਿੰਗ ਦ 1947 ਟ੍ਰੈਜੇਡੀ ਥਰੂ ਸੀਕਰੇਟ ਬ੍ਰਿਟਿਸ਼ ਰਿਪੋਰਟਸ ਐਂਡ ਫਸਟ-ਪਰਸਨ ਅਕਾਊਂਟਸ' ਵਿੱਚ ਪਾਕਿਸਤਾਨੀ ਮੂਲ ਦੇ ਸਵੀਡਿਸ਼ ਖੋਜਕਰਤਾ ਇਸ਼ਤਿਆਕ ਅਹਿਮਦ ਨੇ 1999 ਵਿੱਚ ਦਿੱਲੀ ਵਿੱਚ ਸੋਮ ਆਨੰਦ ਦੀਆਂ ਇਨ੍ਹਾਂ ਟਿੱਪਣੀਆਂ ਦਾ ਜ਼ਿਕਰ ਕੀਤਾ ਹੈ: 'ਪ੍ਰੋਫੈਸਰ ਬ੍ਰਿਜ ਨਾਰਾਇਣ ਨੇ ਪਾਕਿਸਤਾਨ ਦੀ ਮੰਗ ਦਾ ਬਚਾਅ ਕੀਤਾ ਅਤੇ ਇੱਕ ਵਿਆਪਕ ਤਰਕ ਦਿੱਤਾ ਕਿ ਪਾਕਿਸਤਾਨ ਇੱਕ ਵਿਹਾਰਕ ਸਟੇਟ ਹੋਵੇਗਾ।'
ਪਾਕਿਸਤਾਨ ਦੀ ਸਿਰਜਣਾ ਤੋਂ ਪਹਿਲਾਂ ਮਾਡਲ ਟਾਊਨ, ਲਾਹੌਰ ਵਿੱਚ ਆਪਣੇ ਮਾਪਿਆਂ ਨਾਲ ਰਹਿਣ ਵਾਲੇ ਸੋਮ ਆਨੰਦ ਨੇ ਕਿਹਾ ਕਿ ਪ੍ਰੋਫੈਸਰ ਬ੍ਰਿਜ ਨਾਰਾਇਣ ਪਾਕਿਸਤਾਨ ਦੇ ਵਿਚਾਰ ਦੇ "ਪ੍ਰਬਲ ਸਮਰਥਕ" ਸਨ।
ਉਹ ਅਖ਼ਬਾਰਾਂ 'ਚ ਲੇਖ ਲਿਖਦੇ ਸਨ ਜਿਨ੍ਹਾਂ ਵਿੱਚ ਉਹ "ਅਰਥਸ਼ਾਸਤਰ ਦੇ ਆਪਣੇ ਵਿਸ਼ਾਲ ਗਿਆਨ ਦੇ ਅਧਾਰ 'ਤੇ ਇਹ ਸਾਬਤ ਕਰਦੇ ਸਨ ਕਿ ਪਾਕਿਸਤਾਨ ਇੱਕ ਸਫਲ ਅਤੇ ਟਿਕਾਊ ਰਾਸ਼ਟਰ ਹੋਵੇਗਾ।''
''ਕਿਹਾ ਜਾਂਦਾ ਹੈ ਕਿ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਨੇ ਉਨ੍ਹਾਂ ਨੂੰ ਪਾਕਿਸਤਾਨ 'ਚ ਹੀ ਰਹਿਣ ਲਈ ਕਿਹਾ ਸੀ ਅਤੇ ਉਹ ਪਾਕਿਸਤਾਨ ਦੀ ਸੇਵਾ 'ਚ ਆਪਣਾ ਜੀਵਨ ਸਮਰਪਿਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਸਨ।"
'ਉਨ੍ਹਾਂ ਨੂੰ ਪੱਕਾ ਯਕੀਨ ਸੀ ਕਿ ਜਿਨਾਹ ਇੱਕ ਲੋਕਤੰਤਰੀ ਰਾਜ ਦੀ ਸਥਾਪਨਾ ਕਰਨਾ ਚਾਹੁੰਦੇ ਸਨ ਜਿੱਥੇ ਗੈਰ-ਮੁਸਲਮਾਨਾਂ ਨੂੰ ਬਰਾਬਰ ਅਧਿਕਾਰ ਪ੍ਰਾਪਤ ਹੋਣਗੇ।'
ਸੋਮ ਆਨੰਦ ਕਹਿੰਦੇ ਹਨ, "ਮਈ 1947 ਤੋਂ ਹੀ ਹਿੰਦੂ ਵੱਡੀ ਗਿਣਤੀ ਵਿੱਚ ਪਰਵਾਸ ਕਰ ਰਹੇ ਸਨ ਅਤੇ 15 ਅਗਸਤ ਤੱਕ ਸਿਰਫ ਦਸ ਹਜ਼ਾਰ ਹੀ ਬਚੇ ਸਨ, ਉਮੀਦ ਸੀ ਕਿ ਸਥਿਤੀ ਸੁਧਰੇਗੀ ਅਤੇ ਉਹ ਪਾਕਿਸਤਾਨ ਵਿੱਚ ਰਹਿ ਸਕਣਗੇ, ਕਿਉਂਕਿ ਉਨ੍ਹਾਂ ਦੀਆਂ ਜੜਾਂ ਉੱਥੇ ਹੀ ਸਨ।"
"ਪਰ ਜਿਵੇਂ ਹੀ ਰੈੱਡਕਲਿਫ ਐਵਾਰਡ ਸਾਹਮਣੇ ਆਇਆ, ਅਪਰਾਧੀ ਤੱਤਾਂ ਨੇ ਕਤਲੇਆਮ ਅਤੇ ਲੁੱਟ-ਖਸੁੱਟ ਸ਼ੁਰੂ ਕਰ ਦਿੱਤੀ। ਇਸਨੇ ਜਿਨਾਹ ਦੀ ਧਰਮ ਨਿਰਪੱਖ ਵਿਚਾਰਧਾਰਾ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਦੀਆਂ ਉਮੀਦਾਂ ਨੂੰ ਤੋੜ ਦਿੱਤਾ।"
ਹਾਲਾਂਕਿ, ਪ੍ਰੋਫੈਸਰ ਨਾਰਾਇਣ 'ਆਪਣੇ ਰੁਖ 'ਤੇ ਕਾਇਮ ਰਹੇ ਅਤੇ ਕਿਹਾ ਕਿ ਪਾਕਿਸਤਾਨ ਉਨ੍ਹਾਂ ਦੀ ਅਸਲ ਮਾਤ ਭੂਮੀ ਹੈ ਅਤੇ ਇਸ ਲਈ ਉਨ੍ਹਾਂ ਦੇ ਜਾਣ ਦਾ ਕੋਈ ਕਾਰਨ ਨਹੀਂ ਹੈ।'
ਲਾਹੌਰ 'ਚ ਦੰਗੇ: 'ਉਹ ਕਾਫ਼ਿਰ ਹੈ, ਉਸਨੂੰ ਮਾਰ ਦਿਓ'
ਖੁਸ਼ਵੰਤ ਸਿੰਘ ਆਪਣੀ ਸਵੈ-ਜੀਵਨੀ, 'ਟਰੂਥ, ਲਵ ਐਂਡ ਏ ਲਿਟਿਲ ਮਾਲਿਸ: ਐਨ ਆਟੋਬਾਇਓਗ੍ਰਾਫੀ' ਵਿੱਚ ਲਿਖਦੇ ਹਨ ਕਿ ਲਾਹੌਰ 'ਚ ਦੰਗਿਆਂ ਦੀ ਚੰਗਿਆੜੀ ਸਿੱਖ ਆਗੂ ਮਾਸਟਰ ਤਾਰਾ ਸਿੰਘ ਨੇ ਲਗਾਈ ਸੀ, ਜਦੋਂ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਭਵਨ ਦੇ ਬਾਹਰ ਨਾਟਕੀ ਢੰਗ ਨਾਲ ਆਪਣੀ ਬੈਲਟ ਤੋਂ ਕਿਰਪਾਨ ਕੱਢੀ ਅਤੇ ਚੀਕੇ: 'ਪਾਕਿਸਤਾਨ ਮੁਰਦਾਬਾਦ!'
ਸਿੰਘ, ਜੋ ਉਸ ਸਮੇਂ ਲਾਹੌਰ ਵਿੱਚ ਸਨ, ਲਿਖਦੇ ਹਨ ਕਿ "ਇਹ ਤੇਲ ਨਾਲ ਭਰੇ ਕਮਰੇ ਵਿੱਚ ਇੱਕ ਬਲ਼ਦੀ ਹੋਈ ਮਾਚਿਸ ਦੀ ਤੀਲੀ ਸੁੱਟਣ ਵਰਗਾ ਸੀ। ਸਾਰੇ ਸੂਬੇ ਵਿੱਚ ਫਿਰਕੂ ਦੰਗੇ ਭੜਕ ਉੱਠੇ।"
ਪੱਤਰਕਾਰ, ਲੇਖਕ ਅਤੇ ਕਵੀ ਗੋਪਾਲ ਮਿੱਤਲ ਦੇ ਅਨੁਸਾਰ, ਇਸ ਬਾਰੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਗਈਆਂ ਕਿ ਕੀ ਦੰਗੇ ਯੋਜਨਾਬੱਧ ਸਨ ਜਾਂ ਆਪਣੇ ਆਪ ਹੀ ਭੜਕ ਗਏ ਸਨ।
ਉਹ ਆਪਣੀ ਕਿਤਾਬ 'ਲਾਹੌਰ ਕਾ ਜੋ ਜ਼ਿਕਰ ਕੀਆ' ਵਿੱਚ ਲਿਖਦੇ ਹਨ, "ਹਾਲਾਂਕਿ, ਇਹ ਸਮਝ ਨਹੀਂ ਆਇਆ ਕਿ ਜੇ ਦੰਗੇ ਯੋਜਨਾਬੱਧ ਸਨ ਤਾਂ ਇੰਨੀਆਂ ਦੁਕਾਨਾਂ ਅਤੇ ਘਰ ਜੋ ਪਾਕਿਸਤਾਨ ਦੀ ਜਾਇਦਾਦ ਸਨ, ਕਿਉਂ ਸਾੜ ਦਿੱਤੇ ਗਏ? ਜਦੋਂ ਦੰਗਾਕਾਰੀਆਂ ਨੇ ਉਸ ਕਲੋਨੀ 'ਤੇ ਹਮਲਾ ਕੀਤਾ ਜਿੱਥੇ ਪ੍ਰੋਫੈਸਰ ਬ੍ਰਿਜ ਨਾਰਾਇਣ ਰਹਿੰਦੇ ਸਨ, ਤਾਂ ਉਨ੍ਹਾਂ ਨੇ ਇਹੀ ਦਲੀਲ ਦੇ ਕੇ ਉਨ੍ਹਾਂ ਨੂੰ ਅੱਗਜ਼ਨੀ ਅਤੇ ਕਤਲ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ।"
ਖੋਜਕਰਤਾ ਇਸ਼ਤਿਆਕ ਅਹਿਮਦ ਨੇ ਆਪਣੀ ਕਿਤਾਬ ਵਿੱਚ ਦੱਸਿਆ ਹੈ ਕਿ ਲਾਹੌਰ ਵਿੱਚ ਚੱਲ ਰਹੇ ਦੰਗਿਆਂ ਦੌਰਾਨ ਪ੍ਰੋਫੈਸਰ ਨਾਰਾਇਣ ਦੀ ਹੱਤਿਆ ਕਿਵੇਂ ਕੀਤੀ ਗਈ।
ਉਨ੍ਹਾਂ ਨੇ ਸੋਮ ਆਨੰਦ ਦੇ ਹਵਾਲੇ ਨਾਲ ਲਿਖਿਆ ਹੈ, "ਇੱਕ ਭੀੜ ਉਸ ਇਲਾਕੇ ਵਿੱਚ ਪਹੁੰਚੀ ਜਿੱਥੇ ਉਹ ਰਹਿੰਦੇ ਹਨ। ਇਹ (ਭੀੜ) ਖਾਲੀ ਪਏ ਹਿੰਦੂਆਂ ਅਤੇ ਸਿੱਖਾਂ ਦੇ ਘਰਾਂ ਨੂੰ ਸਾੜ ਰਹੀ ਸੀ ਅਤੇ ਲੁੱਟ ਰਹੀ ਸੀ।"
"ਨਾਰਾਇਣ ਉਨ੍ਹਾਂ ਕੋਲ ਗਏ ਅਤੇ ਕਿਹਾ ਕਿ ਅਜਿਹਾ ਨਾ ਕਰੋ ਕਿਉਂਕਿ ਇਹ ਹੁਣ ਪਾਕਿਸਤਾਨ ਦੀ ਜਾਇਦਾਦ ਹੈ। ਪਹਿਲਾ ਸਮੂਹ ਉਸ ਦੀਆਂ ਗੱਲਾਂ ਤੋਂ ਸਹਿਮਤ ਹੋ ਗਿਆ ਅਤੇ ਚਲਾ ਗਿਆ। ਕੁਝ ਸਮੇਂ ਬਾਅਦ ਹੋਰ ਗੁੰਡੇ ਆਏ ਅਤੇ ਅੱਗਜ਼ਨੀ ਅਤੇ ਲੁੱਟਮਾਰ ਸ਼ੁਰੂ ਕਰ ਦਿੱਤੀ। ਨਾਰਾਇਣ ਫਿਰ ਉਨ੍ਹਾਂ ਕੋਲ ਗਏ ਅਤੇ ਉਹੀ ਗੱਲ ਦੁਹਰਾਈ।"
"ਪਰ ਉਨ੍ਹਾਂ ਵਿੱਚੋਂ ਇੱਕ ਚੀਕਿਆ: 'ਇਹ ਇੱਕ ਕਾਫ਼ਿਰ ਹੈ, ਇਸ ਨੂੰ ਮਾਰ ਦਿਓ'"
ਇਸ 'ਚ ਲਿਖਿਆ ਹੈ, "ਭੀੜ ਉਨ੍ਹਾਂ 'ਤੇ ਟੁੱਟ ਪਈ ਅਤੇ ਪਾਕਿਸਤਾਨ ਦੇ ਸਭ ਤੋਂ ਪ੍ਰਬਲ ਸਮਰਥਕ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
ਹੋਰ ਇਤਿਹਾਸਕਾਰਾਂ ਨੇ ਵੀ ਆਪਣੀਆਂ ਕਿਤਾਬਾਂ ਵਿੱਚ ਇਸ ਘਟਨਾ ਬਾਰੇ ਲਿਖਿਆ ਹੈ।
'ਦ ਕੌਫੀ ਹਾਊਸ ਆਫ਼ ਲਾਹੌਰ: ਏ ਮੈਮੇਓਰ 1942-57' ਵਿੱਚ ਇਤਿਹਾਸਕਾਰ ਕੇ ਕੇ ਅਜ਼ੀਜ਼ ਲਿਖਦੇ ਹਨ ਕਿ ਪ੍ਰੋਫੈਸਰ ਬ੍ਰਿਜ ਨਾਰਾਇਣ ਇੱਕੋ-ਇੱਕ ਹਿੰਦੂ ਵਿਦਵਾਨ ਸਨ ਜੋ ਕਾਂਗਰਸ ਦੇ ਦਾਅਵਿਆਂ ਦੇ ਉਲਟ, ਇਹ ਵਿਚਾਰ ਰੱਖਦੇ ਸਨ ਕਿ ਪਾਕਿਸਤਾਨ ਇੱਕ ਆਰਥਿਕ ਤੌਰ 'ਤੇ ਪ੍ਰੈਕਟਿਕਲ ਸਟੇਟ ਹੋਵੇਗਾ।
'ਉਹ ਆਪਣੀਆਂ ਕਲਾਸਾਂ ਅਤੇ ਸੈਮੀਨਾਰਾਂ ਵਿੱਚ ਇਸਨੂੰ ਦੁਹਰਾਉਂਦੇ ਸਨ ਅਤੇ ਜਨਤਕ ਮੀਟਿੰਗਾਂ ਵਿੱਚ ਵੀ ਇਸ 'ਤੇ ਜ਼ੋਰ ਦਿੰਦੇ ਸਨ।'
ਕੇ ਕੇ ਅਜ਼ੀਜ਼ ਲਿਖਦੇ ਹਨ, "ਜਦੋਂ ਇੱਕ ਭੀੜ ਉਨ੍ਹਾਂ ਦੇ ਘਰ ਨੂੰ ਅੱਗ ਲਗਾਉਣ ਦੇ ਇਰਾਦੇ ਨਾਲ ਆਈ ਤਾਂ ਬ੍ਰਿਜ ਨਾਰਾਇਣ ਨੇ ਗਲੀ ਵਿੱਚ ਆਪਣੇ ਦਰਵਾਜ਼ੇ 'ਤੇ ਉਨ੍ਹਾਂ ਦਾ ਸਾਹਮਣਾ ਕੀਤਾ ਅਤੇ ਕਿਹਾ ਕਿ ਕੁਝ ਦਿਨਾਂ ਵਿੱਚ ਇਹ ਸਾਰੇ ਘਰ ਪਾਕਿਸਤਾਨ ਦੀ ਜਾਇਦਾਦ ਬਣ ਜਾਣਗੇ ਅਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਅਸਲ ਵਿੱਚ ਪਾਕਿਸਤਾਨ ਨੂੰ ਨੁਕਸਾਨ ਪਹੁੰਚਾਉਣਾ ਹੋਵੇਗਾ। ਉਨ੍ਹਾਂ ਦੇ ਸ਼ਬਦਾਂ ਨੇ ਪਹਿਲੀ ਵਾਰ ਆਈ ਭੀੜ ਨੂੰ ਭਰੋਸਾ ਦਿੱਤਾ ਅਤੇ ਉਹ ਤਿੱਤਰ-ਬਿੱਤਰ ਹੋ ਗਏ।"
"ਪਰ ਕੁਝ ਸਮੇਂ ਬਾਅਦ ਭੀੜ ਫਿਰ ਇਕੱਠੀ ਹੋ ਗਈ। ਇਸ ਵਾਰ ਪ੍ਰੋਫੈਸਰ ਉਨ੍ਹਾਂ ਨੂੰ ਮਨਾ ਨਹੀਂ ਸਕੇ। ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਲਾਇਬ੍ਰੇਰੀ ਸੁਆਹ ਹੋ ਗਈ।"
ਕਾਲਜ ਦੀ ਅਦਲਾ-ਬਦਲੀ
ਗੋਪਾਲ ਮਿੱਤਲ ਲਿਖਦੇ ਹਨ ਕਿ ਲਾਹੌਰ ਦੇ ਸਨਾਤਨ ਧਰਮ ਕਾਲਜ ਦੇ ਪ੍ਰੋਫੈਸਰ ਬ੍ਰਿਜ ਨਾਰਾਇਣ ਨੇ ਪਾਕਿਸਤਾਨ ਵਿੱਚ ਰਹਿਣ ਦਾ ਫੈਸਲਾ ਕੀਤਾ ਸੀ ਅਤੇ ਉਹ "ਨਿਰਪੱਖਤਾ ਵਿੱਚ ਵਿਸ਼ਵਾਸ ਰੱਖਣ ਵਾਲੇ ਪੱਕੇ ਮੁਸਲਿਮ ਲੀਗ ਸਮਰਥਕ" ਸਨ।
ਗੋਪਾਲ ਮਿੱਤਲ ਪੂਰਬੀ ਪੰਜਾਬ ਤੋਂ ਸਨ, ਪਰ ਉਨ੍ਹਾਂ ਨੇ ਲਾਹੌਰ ਨੂੰ ਵੀ ਆਪਣਾ ਘਰ ਬਣਾਇਆ ਅਤੇ ਆਪਣਾ ਜ਼ਿਆਦਾਤਰ ਸਮਾਂ ਆਪਣੇ ਮੁਸਲਿਮ ਸਾਥੀਆਂ ਨਾਲ ਬਿਤਾਇਆ।
ਉਹ ਲਿਖਦੇ ਹਨ ਕਿ ਪ੍ਰੋਫੈਸਰ ਨਾਰਾਇਣ ਦਾ ਕਤਲ "ਮੇਰੇ ਲਈ ਇੱਕ ਵੱਡਾ ਝਟਕਾ ਸੀ। ਉਹ ਮੇਰੇ ਅਧਿਆਪਕ ਸਨ ਅਤੇ ਮੇਰੇ ਸੁਭਾਅ ਦੇ ਨਿਰਮਾਣ 'ਤੇ ਉਨ੍ਹਾਂ ਦਾ ਬਹੁਤ ਪ੍ਰਭਾਵ ਸੀ।"
"ਮੇਰਾ ਪਰਿਵਾਰ ਤਾਂ ਪਹਿਲਾਂ ਹੀ ਲਾਹੌਰ ਵਿੱਚ ਰੁਕਣ ਲਈ ਤਿਆਰ ਨਹੀਂ ਸੀ, ਹੁਣ ਮੇਰੇ ਕਦਮ ਵੀ ਲੜਖੜਾ ਗਏ। ਜਦੋਂ ਅੰਮ੍ਰਿਤਸਰ ਜਾਣ ਵਾਲਾ ਆਖਰੀ ਕਾਫ਼ਲਾ ਲਾਹੌਰ ਤੋਂ ਰਵਾਨਾ ਹੋਇਆ ਤਾਂ ਮੈਂ ਵੀ ਬੱਸ ਵਿੱਚ ਸਵਾਰ ਹੋ ਗਿਆ। ਜਦੋਂ ਕਾਫ਼ਲਾ ਅੰਮ੍ਰਿਤਸਰ ਪਹੁੰਚਿਆ ਤਾਂ ਉੱਥੇ ਵੀ ਸੜੇ ਹੋਏ ਘਰ ਦਿਖਾਈ ਦੇ ਰਹੇ ਸਨ। ਲਾਹੌਰ 'ਚ ਤਾਂ ਮੇਰੇ ਮੱਥੇ 'ਤੇ ਸ਼ਹਾਦਤ ਦੀ ਰੌਸ਼ਨੀ ਨਹੀਂ ਪਈ ਸੀ, ਪਰ ਇੱਥੇ ਆ ਕੇ ਪਛਤਾਵੇ ਦੀਆਂ ਬੂੰਦਾਂ ਜ਼ਰੂਰ ਉੱਭਰ ਆਈਆਂ।"
ਗੋਪਾਲ ਮਿੱਤਲ ਨੇ ਲਿਖਿਆ ਕਿ 'ਕਾਰਵਾਂ ਅਸਤ-ਵਿਅਸਤ ਹਾਲਤ ਵਿੱਚ ਆਇਆ ਸੀ, ਪਰ ਇੰਝ ਲੱਗ ਰਿਹਾ ਸੀ ਜਿਵੇਂ ਲੁਟੇਰੇ ਵੀ ਇਸ ਵਿੱਚ ਸ਼ਾਮਲ ਹੋਣ। ਕਿਸੇ ਦਾ ਟਰੰਕ ਗਾਇਬ ਸੀ, ਕਿਸੇ ਦਾ ਬਿਸਤਰਾ ਗਾਇਬ ਸੀ।'
ਗੋਪਾਲ ਮਿੱਤਲ ਦੇ ਅਨੁਸਾਰ, ਇਹ ਬਹੁਤ ਸੰਭਵ ਸੀ ਕਿ 'ਜੇਕਰ ਪ੍ਰੋਫੈਸਰ ਬ੍ਰਿਜ ਨਾਰਾਇਣ ਜ਼ਿੰਦਾ ਹੁੰਦੇ ਤਾਂ ਪਾਕਿਸਤਾਨ ਦੀ ਆਰਥਿਕ ਸਥਿਰਤਾ ਦਾ ਕੰਮ ਉਨ੍ਹਾਂ ਨੂੰ ਸੌਂਪਿਆ ਜਾਂਦਾ, ਪਰ ਕਿਸਮਤ ਨੂੰ ਇਹ ਮਨਜ਼ੂਰ ਨਹੀਂ ਸੀ।'
ਉਨ੍ਹਾਂ ਲਿਖਿਆ ਕਿ ਪ੍ਰੋਫੈਸਰ ਬ੍ਰਿਜ ਨਾਰਾਇਣ ਦੀਆਂ ਅਸਥੀਆਂ ਉਸੇ ਪਾਕਿਸਤਾਨ ਦੀ ਮਿੱਟੀ ਵਿੱਚ ਮਿਲੀਆਂ, ਜਿਸਨੂੰ ਉਹ ਪਿਆਰ ਕਰਦੇ ਸਨ।
'ਆਜ਼ਾਦੀ ਤੋਂ ਬਾਅਦ, 1916 ਵਿੱਚ ਲਾਹੌਰ ਵਿੱਚ ਸਥਾਪਿਤ ਸਨਾਤਨ ਧਰਮ ਕਾਲਜ ਨੂੰ ਭਾਰਤ ਦੇ ਅੰਬਾਲਾ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਅਤੇ 1933 ਵਿੱਚ ਅੰਮ੍ਰਿਤਸਰ ਵਿੱਚ ਸਥਾਪਿਤ ਮੁਹੰਮਦਨ ਐਂਗਲੋ-ਓਰੀਐਂਟਲ (ਆਈਏਓ) ਕਾਲਜ ਨੂੰ ਲਾਹੌਰ, ਪਾਕਿਸਤਾਨ ਵਿੱਚ ਉਸੇ ਇਮਾਰਤ ਵਿੱਚ ਤਬਦੀਲ ਕਰ ਦਿੱਤਾ ਗਿਆ ਜਿੱਥੇ ਪ੍ਰੋਫੈਸਰ ਬ੍ਰਿਜ ਨਾਰਾਇਣ ਪੜ੍ਹਾਉਂਦੇ ਸਨ।'
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ