ਸੇਬੀ ਦੀ ਚੇਅਰਪਰਸਨ ਮਾਧਬੀ ਪੁਰੀ ਬੁਚ ਕੌਣ ਹਨ, ਜੋ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਸੁਰਖੀਆਂ ਵਿੱਚ ਆਏ

ਅਮਰੀਕੀ ਰਿਸਰਚ ਕੰਪਨੀ ਹਿੰਡਨਬਰਗ ਨੇ ਐਤਵਾਰ ਰਾਤ ਨੂੰ ਬਾਜ਼ਾਰ ਰੈਗੂਲੇਟਰ ਸੇਬੀ ਦੀ ਚੇਅਰਪਰਸਨ ਮਾਧਬੀ ਪੁਰੀ ਬੁਚ 'ਤੇ ਇੱਕ ਵਾਰ ਫਿਰ ਸਵਾਲ ਖੜ੍ਹੇ ਕੀਤੇ ਹਨ।

ਹਿੰਡਨਬਰਗ ਨੇ ਆਪਣੇ ਅਧਿਕਾਰਤ ਐਕਸ ਖਾਤੇ 'ਤੇ ਦਸਤਾਵੇਜ਼ਾਂ ਦੇ ਨਾਲ ਇੱਕ ਪੋਸਟ ਵਿੱਚ ਕੁਝ ਦਾਅਵੇ ਵੀ ਕੀਤੇ।

ਹਿੰਡਨਬਰਗ ਨੇ ਮਾਧਬੀ ਦੀ ਸਫਾਈ ਵਾਲੇ ਬਿਆਨ ਨੂੰ ਰੀ-ਟਵੀਟ ਕਰਦੇ ਹੋਏ ਲਿਖਿਆ, "ਸਾਡੀ ਰਿਪੋਰਟ 'ਤੇ ਸੇਬੀ ਦੀ ਚੇਅਰਪਰਸਨ ਮਾਧਬੀ ਬੁਚ ਦੀ ਪ੍ਰਤੀਕਿਰਿਆ ਵਿੱਚ ਕਈ ਜ਼ਰੂਰੀ ਗੱਲਾਂ ਸਵੀਕਾਰ ਕੀਤੀਆਂ ਗਈਆਂ ਹਨ ਅਤੇ ਕਈ ਨਵੇਂ ਮਹੱਤਵਪੂਰਨ ਸਵਾਲ ਵੀ ਉਠਾਏ ਗਏ ਹਨ।"

ਹਿੰਡਨਬਰਗ ਨੇ ਕਿਹਾ, “ਮਧਾਬੀ ਬੁਚ ਦੇ ਜਵਾਬ ਤੋਂ ਪੁਸ਼ਟੀ ਹੁੰਦੀ ਹੈ ਕਿ ਉਨ੍ਹਾਂ ਦਾ ਬਰਮੂਡਾ/ਮੌਰੀਸ਼ਸ਼ ਦੇ ਫੰਡ ਵਿੱਚ ਨਿਵੇਸ਼ ਸੀ। ਜਿਸ ਦਾ ਪੈਸਾ ਵਿਨੋਦ ਅਡਾਨੀ ਨੇ ਵਰਤਿਆ ਸੀ।”

“ਉਨ੍ਹਾਂ ਨੇ (ਮਾਧਬੀ) ਨੇ ਪੁਸ਼ਟੀ ਕੀਤੀ ਹੈ ਕਿ ਇਹ ਫੰਡ ਉਨ੍ਹਾਂ ਦੇ ਪਤੀ ਦੇ ਬਚਪਨ ਦੇ ਦੋਸਤ ਚਲਾਉਂਦੇ ਸਨ, ਜੋ ਉਸ ਸਮੇਂ ਅਦਾਨੀ ਦੇ ਡਾਇਰੈਕਟਰ ਸਨ।”

ਐਤਵਾਰ ਸ਼ਾਮ ਨੂੰ, ਸੇਬੀ ਦੀ ਚੇਅਰਪਰਸਨ ਮਾਧਬੀ ਪੁਰੀ ਬੁਚ ਅਤੇ ਉਨ੍ਹਾਂ ਦੇ ਪਤੀ ਧਵਲ ਬੁਚ ਨੇ ਦੋ ਪੰਨਿਆਂ ਦਾ ਬਿਆਨ ਜਾਰੀ ਕਰ ਕੇ ਹਿੰਡਨਬਰਗ ਦੇ ਦਾਅਵਿਆਂ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ।

ਉਨ੍ਹਾਂ ਨੇ ਕਿਹਾ ਸੀ ਕਿ ਰਿਪੋਰਟ ਵਿੱਚ ਜਿਸ ਫੰਡ ਦਾ ਜ਼ਿਕਰ ਕੀਤਾ ਗਿਆ ਹੈ, ਉਸ ਵਿੱਚ 2015 ਵਿੱਚ ਨਿਵੇਸ਼ ਕੀਤਾ ਗਿਆ ਸੀ ਅਤੇ ਇਹ ਮਾਧਬੀ ਦੇ ਸੇਬੀ ਦਾ ਮੈਂਬਰ ਬਣਨ ਤੋਂ ਦੋ ਸਾਲ ਪਹਿਲਾਂ ਦੀ ਗੱਲ ਹੈ।

ਇਸ ਤੋਂ ਪਹਿਲਾਂ ਅਮਰੀਕੀ ਸ਼ਾਰਟ ਸੇਲਰ ਫੰਡ 'ਹਿੰਡਨਬਰਗ' ਨੇ ਆਪਣੀ ਰਿਪੋਰਟ 'ਚ ਦਾਅਵਾ ਕੀਤਾ ਹੈ ਕਿ ਸੇਬੀ ਦੀ ਚੇਅਰਪਰਸਨ ਮਾਧਬੀ ਪੁਰੀ ਬੁਚ ਅਤੇ ਉਨ੍ਹਾਂ ਦੇ ਪਤੀ ਧਵਲ ਬੁਚ ਦੀ ਆਫਸ਼ੋਰ ਕੰਪਨੀਆਂ 'ਚ ਹਿੱਸੇਦਾਰੀ ਰਹੀ ਹੈ ਜੋ ਅਡਾਨੀ ਗਰੁੱਪ ਦੀਆਂ ਵਿੱਤੀ ਬੇਨਿਯਮੀਆਂ ਨਾਲ ਜੁੜੀਆਂ ਹੋਈਆਂ ਸਨ।

ਹਿੰਡਨਬਰਗ ਨੇ ਇਹ ਇਲਜ਼ਾਮ ਵਿਸਲਬਲੋਅਰ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ ਲਗਾਇਆ ਹੈ।

ਮਾਧਬੀ ਪੁਰੀ ਬੁਚ ਕੌਣ ਹੈ?

ਮਾਧਬੀ ਪੁਰੀ ਬੁਚ ਨੇ ਆਈਆਈਐੱਮ ਅਹਿਮਦਾਬਾਦ ਤੋਂ ਐੱਮਬੀਏ ਦੀ ਪੜ੍ਹਾਈ ਕੀਤੀ ਹੈ। ਉਨ੍ਹਾਂ ਨੇ ਦਿੱਲੀ ਦੇ ਸੇਂਟ ਸਟੀਫਨ ਕਾਲਜ ਤੋਂ ਗਣਿਤ ਵਿੱਚ ਗ੍ਰੈਜੂਏਸ਼ਨ ਕੀਤੀ ਹੈ।

ਸੇਬੀ ਦੀ ਵੈੱਬਸਾਈਟ ਦੇ ਅਨੁਸਾਰ, ਮਾਧਬੀ ਪੁਰੀ ਬੁਚ 2 ਮਾਰਚ, 2022 ਤੋਂ ਸੇਬੀ ਦੀ ਚੇਅਰਪਰਸਨ ਹੈ।

ਮਾਧਬੀ ਪੁਰੀ ਨੇ 4 ਅਕਤੂਬਰ 2021 ਤੱਕ ਸੇਬੀ ਦੇ ਪੂਰੇ ਸਮੇਂ ਦੇ ਮੈਂਬਰ ਵਜੋਂ ਕੰਮ ਕੀਤਾ।

ਇਸ ਸਮੇਂ ਦੌਰਾਨ, ਮਧਾਬੀ ਕੋਲ ਮਾਰਕੀਟ ਰੈਗੂਲੇਸ਼ਨ ਵਿਭਾਗ, ਮਾਰਕੀਟ ਇੰਟਰਮੀਡੀਅਰੀ ਰੈਗੂਲੇਸ਼ਨ ਅਤੇ ਨਿਗਰਾਨੀ ਵਿਭਾਗ ਦੀ ਜ਼ਿੰਮੇਵਾਰੀ ਸੀ।

ਪੂਰੇ ਸਮੇਂ ਦੇ ਮੈਂਬਰ ਵਜੋਂ, ਮਾਧਬੀ ਨੇ ਏਕੀਕ੍ਰਿਤ ਨਿਗਰਾਨੀ ਵਿਭਾਗ, ਨਿਵੇਸ਼ ਪ੍ਰਬੰਧਨ ਵਿਭਾਗ ਵਰਗੇ ਕਈ ਮਹੱਤਵਪੂਰਨ ਵਿਭਾਗਾਂ ਨੂੰ ਸੰਭਾਲਿਆ ਹੈ।

ਮਾਧਬੀ ਨੇ ਕਿਹੜੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਿਆ

ਮਾਧਬੀ ਬੁਚ ਨੇ ਸ਼ੰਘਾਈ ਵਿੱਚ ਨਿਊ ਡਿਵੈਲਪਮੈਂਟ ਬੈਂਕ ਵਿੱਚ ਸਲਾਹਕਾਰ ਵਜੋਂ ਵੀ ਕੰਮ ਕੀਤਾ ਹੈ।

ਮਾਧਬੀ ਬੁਚ ਨੇ ਪ੍ਰਾਈਵੇਟ ਇਕੁਇਟੀ ਫਰਮ ‘ਗ੍ਰੇਟਰ ਪੈਸੀਫਿਕ ਕੈਪੀਟਲ’ ਦੇ ਸਿੰਗਾਪੁਰ ਦਫ਼ਤਰ ਦੇ ਮੁਖੀ ਵਜੋਂ ਵੀ ਕੰਮ ਕੀਤਾ।

ਉਨ੍ਹਾਂ ਨੇ ਆਈਸੀਆਈਸੀਆਈ ਸਕਿਓਰਿਟੀਜ਼ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਆਈਸੀਆਈਸੀਆਈ ਬੈਂਕ ਦੇ ਬੋਰਡ ਵਿੱਚ ਕਾਰਜਕਾਰੀ ਨਿਰਦੇਸ਼ਕ ਦਾ ਅਹੁਦਾ ਵੀ ਸੰਭਾਲਿਆ ਹੈ।

ਬੁੱਚ ਨੇ ਵੱਖ-ਵੱਖ ਕੰਪਨੀਆਂ ਦੇ ਬੋਰਡਾਂ 'ਤੇ ਗ਼ੈਰ-ਕਾਰਜਕਾਰੀ ਨਿਰਦੇਸ਼ਕ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ।

ਮਾਧਵੀ ਪੁਰੀ ਨੇ ਸੇਬੀ ਦੀ ਚੇਅਰਮੈਨ ਬਣਨ ਤੋਂ ਬਾਅਦ ਆਈਆਈਐੱਮ ਅਹਿਮਦਾਬਾਦ ਦੇ ਕਨਵੋਕੇਸ਼ਨ ਸਮਾਗਮ ਵਿੱਚ ਕਿਹਾ ਸੀ, “ਮੈਂ ਪਿਛਲੇ 35 ਸਾਲਾਂ ਦਾ ਬਹੁਤ ਆਨੰਦ ਮਾਣਿਆ ਹੈ। ਮੈਨੂੰ ਕਈ ਤਰ੍ਹਾਂ ਦੇ ਕੰਮ ਕਰਨ ਦਾ ਮੌਕਾ ਮਿਲਿਆ। ਮੈਂ ਨਵੇਂ ਕਾਰੋਬਾਰ ਖੜ੍ਹੇ ਕੀਤੇ।”

"ਮੈਂ ਕਦੇ ਕੋਸ਼ਿਸ਼ ਕਰਨਾ ਨਹੀਂ ਛੱਡਦੀ। ਮੇਰੇ ਸਾਥੀ ਅਕਸਰ ਕਹਿੰਦੇ ਹਨ ਕਿ ਮੇਰੇ ਨਾਲ ਕਿਸੇ ਮੁੱਦੇ ਨੂੰ ਹੱਲ ਕਰਨਾ ਪਿਆਜ਼ ਤੋਂ ਛਿੱਲੜ ਨੂੰ ਲਾਹੁਣ ਵਰਗਾ ਹੈ, ਇਸ ਨਾਲ ਹਰ ਕਿਸੇ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ। ਪਰ ਜਦੋਂ ਤੁਸੀਂ ਛਿੱਲੜ ਨੂੰ ਲਾਹ ਦਿੰਦੇ ਹੋ, ਤਾਂ ਤੁਹਾਨੂੰ ਅਖ਼ੀਰ ਦੇਖਣ ਵਿੱਚ ਕੋਈ ਸਮੱਸਿਆ ਨਹੀਂ ਰਹਿੰਦੀ।”

ਮਾਧਬੀ ਪੁਰੀ ਦਾ ਕਰੀਅਰ

ਅੰਗਰੇਜ਼ੀ ਅਖ਼ਬਾਰ ਇਕਨਾਮਿਕ ਟਾਈਮਜ਼ ਮੁਤਾਬਕ ਸਾਲ 1966 'ਚ ਜਨਮੀ ਮਾਧਬੀ ਪੁਰੀ ਦਾ ਬਚਪਨ ਮੁੰਬਈ 'ਚ ਬੀਤਿਆ। ਉਸਨੇ ਆਪਣੀ ਸਕੂਲੀ ਪੜ੍ਹਾਈ ਮੁੰਬਈ ਵਿੱਚ ਪੂਰੀ ਕੀਤੀ।

ਵਿੱਤ ਦੇ ਖੇਤਰ ਵਿੱਚ ਉਨ੍ਹਾਂ ਦੀ ਯਾਤਰਾ ਸਾਲ 1989 ਵਿੱਚ ਸ਼ੁਰੂ ਹੋਈ, ਜਦੋਂ ਉਹ ਆਈਸੀਆਈਸੀਆਈ ਬੈਂਕ ਨਾਲ ਜੁੜੀ ਹੋਈ ਸੀ।

ਆਈਸੀਆਈਸੀਆਈ ਵਿੱਚ ਬੁਚ ਨੇ ਆਪਣੇ ਕਾਰਜਕਾਲ ਦੌਰਾਨ ਨਿਵੇਸ਼ ਬੈਂਕਿੰਗ ਤੋਂ ਲੈ ਕੇ ਮਾਰਕੀਟਿੰਗ ਅਤੇ ਉਤਪਾਦ ਵਿਕਾਸ ਤੱਕ ਕਈ ਭੂਮਿਕਾਵਾਂ ਨਿਭਾਈਆਂ।

ਉਨ੍ਹਾਂ ਦੀ ਅਗਵਾਈ ਦੀ ਵਿਸ਼ੇਸ਼ਤਾ ਉਦੋਂ ਸਾਹਮਣੇ ਆਈ ਜਦੋਂ ਉਹ 2009 ਵਿੱਚ ਆਈਸੀਆਈਸੀਆਈ ਸਕਿਓਰਿਟੀਜ਼ ਦੀ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਬਣਨ ਵਾਲੀ ਪਹਿਲੀ ਔਰਤ ਬਣੀ।

ਮਾਧਬੀ ਦੀ ਅਗਵਾਈ ਹੇਠ ਆਈਸੀਆਈਸੀਆਈ ਸਕਿਓਰਿਟੀਜ਼ ਨੇ ਵੱਡੀ ਸਫ਼ਲਤਾ ਹਾਸਲ ਕੀਤੀ। ਜਿਸ ਵਿੱਚ ਮਾਰਕੀਟ ਸ਼ੇਅਰ ਵਧਾਉਣਾ ਅਤੇ ਨਵੇਂ ਨਿਵੇਸ਼ ਉਤਪਾਦਾਂ ਨੂੰ ਲਾਗੂ ਕਰਨਾ ਸ਼ਾਮਲ ਹੈ। ਲੀਡਰਸ਼ਿਪ ਪ੍ਰਤੀ ਉਨ੍ਹਾਂ ਦੀ ਪਹੁੰਚ ਜੋਖ਼ਮ ਪ੍ਰਬੰਧਨ ਅਤੇ ਸੰਚਾਲਨ ਕੁਸ਼ਲਤਾ 'ਤੇ ਕੇਂਦ੍ਰਿਤ ਸੀ।

ਆਈਸੀਆਈਸੀਆਈ ਛੱਡਣ ਤੋਂ ਬਾਅਦ, ਬੁਚ ਨੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੇ ਕੰਮ ਦਾ ਵਿਸਥਾਰ ਕੀਤਾ। ਉਸਨੇ ਸ਼ੰਘਾਈ ਵਿੱਚ ਨਿਊ ਡਿਵੈਲਪਮੈਂਟ ਬੈਂਕ ਵਿੱਚ ਇੱਕ ਸਲਾਹਕਾਰ ਵਜੋਂ ਕੰਮ ਕੀਤਾ ਅਤੇ ਇੱਕ ਪ੍ਰਾਈਵੇਟ ਇਕੁਇਟੀ ਫਰਮ, ਗ੍ਰੇਟਰ ਪੈਸੀਫਿਕ ਕੈਪੀਟਲ ਦੇ ਸਿੰਗਾਪੁਰ ਦਫਤਰ ਦੀ ਅਗਵਾਈ ਕੀਤੀ।

ਆਈਸੀਆਈਸੀਆਈ ਛੱਡਣ ਤੋਂ ਬਾਅਦ, ਬੁਚ ਨੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੇ ਕੰਮ ਦਾ ਵਿਸਥਾਰ ਕੀਤਾ।

ਉਨ੍ਹਾਂ ਨੇ ਸ਼ੰਘਾਈ ਵਿੱਚ ਨਿਊ ਡਿਵੈਲਪਮੈਂਟ ਬੈਂਕ ਵਿੱਚ ਇੱਕ ਸਲਾਹਕਾਰ ਵਜੋਂ ਕੰਮ ਕੀਤਾ ਅਤੇ ਇੱਕ ਪ੍ਰਾਈਵੇਟ ਇਕੁਇਟੀ ਫਰਮ, ਗ੍ਰੇਟਰ ਪੈਸੀਫਿਕ ਕੈਪੀਟਲ ਦੇ ਸਿੰਗਾਪੁਰ ਦਫ਼ਤਰ ਦਾ ਜ਼ਿੰਮਾ ਸਾਂਭਿਆ।

ਭਾਰਤ ਪਰਤਣ 'ਤੇ, ਬੁਚ ਨੇ ਆਈਡੀਆ ਸੈਲੂਲਰ ਲਿਮਿਟੇਡ ਅਤੇ ਐੱਨਆਈਆਈਟੀ ਲਿਮਟਿਡ ਸਮੇਤ ਕਈ ਕੰਪਨੀਆਂ ਦੇ ਬੋਰਡਾਂ ਵਿੱਚ ਇੱਕ ਗ਼ੈਰ-ਕਾਰਜਕਾਰੀ ਨਿਰਦੇਸ਼ਕ ਵਜੋਂ ਸੇਵਾ ਕੀਤੀ।

ਉਨ੍ਹਾਂ ਦੀ ਇਨ੍ਹਾਂ ਤਜ਼ਰਬਿਆਂ ਨੇ ਉਨ੍ਹਾਂ ਨੂੰ ਸਾਲ 2017 ਵਿੱਚ ਸੇਬੀ ਦਾ ਹੋਲ ਟਾਈਮ ਮੈਂਬਰ (ਡਬਲਯੂਟੀਓ) ਬਣਨ ਵਿੱਚ ਮਦਦ ਕੀਤੀ। ਜਿੱਥੇ ਉਨ੍ਹਾਂ ਨੇ ਨਿਗਰਾਨੀ ਅਤੇ ਮਿਉਚੁਅਲ ਫੰਡਾਂ ਵਰਗੇ ਵੱਡੇ ਪੋਰਟਫੋਲੀਓ ਦਾ ਪ੍ਰਬੰਧਨ ਕੀਤਾ।

ਸੇਬੀ ਦੀ ਅਗਵਾਈ ਕਰਨ ਵਾਲੀ ਪਹਿਲੀ ਔਰਤ

ਇਕਨਾਮਿਕ ਟਾਈਮਜ਼ ਦੇ ਮੁਤਾਬਕ, ਸੇਬੀ ਦੇ ਤਤਕਾਲੀ ਚੇਅਰਮੈਨ ਅਜੇ ਤਿਆਗੀ ਦੇ ਨਾਲ ਉਨ੍ਹਾਂ ਦੇ ਚੰਗੇ ਸਹਿਯੋਗ ਨੇ ਉਨ੍ਹਾਂ ਦੇ ਪ੍ਰਭਾਵ ਨੂੰ ਹੋਰ ਮਜ਼ਬੂਤ ਕੀਤਾ।

ਮਾਰਚ 2022 ਵਿੱਚ, ਬੁਚ ਸੇਬੀ ਦੀ ਅਗਵਾਈ ਕਰਨ ਵਾਲੀ ਪਹਿਲੀ ਔਰਤ ਬਣ ਗਈ।

ਅਖ਼ਬਾਰ ਦੇ ਅਨੁਸਾਰ, ਸੇਬੀ ਵਿੱਚ ਉਨ੍ਹਾਂ ਦੀ ਅਗਵਾਈ ਨੈਸ਼ਨਲ ਇੰਸਟੀਚਿਊਟ ਆਫ ਸਕਿਓਰਿਟੀਜ਼ ਮਾਰਕਿਟ (ਐੱਨਆਈਐੱਸਐੱਮ) ਦੇ ਵਿਸਥਾਰ ਵਿੱਚ ਅਤੇ ਭਾਰਤ ਦੇ ਵਿੱਤੀ ਬਾਜ਼ਾਰਾਂ ਨੂੰ ਆਧੁਨਿਕ ਬਣਾਉਣ ਦੇ ਉਦੇਸ਼ ਨਾਲ ਨੀਤੀਗਤ ਸੁਧਾਰਾਂ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।

ਮਾਧਬੀ ਦੇ ਪਤੀ ਧਵਲ ਬੁਚ ਦਾ ਵੀ ਖ਼ਾਸ ਕਰੀਅਰ ਰਿਹਾ ਹੈ।

ਹਾਲਾਂਕਿ ਉਹ ਜਨਤਕ ਤੌਰ ’ਤੇ ਚਰਚਾ 'ਚ ਘੱਟ ਰਹੇ ਹਨ।

ਮਾਧਬੀ ਵਾਂਗ, ਉਨ੍ਹਾਂ ਦੀ ਪੇਸ਼ੇਵਰ ਯਾਤਰਾ ਕਾਰਪੋਰੇਟ ਜਗਤ ਵਿੱਚ ਮਹੱਤਵਪੂਰਨ ਪ੍ਰਾਪਤੀਆਂ ਦੁਆਰਾ ਦਰਸਾਈ ਗਈ ਹੈ। ਹਾਲਾਂਕਿ, ਹਿੰਡਨਬਰਗ ਰਿਸਰਚ ਦੁਆਰਾ ਉਨ੍ਹਾਂ ਨੂੰ ਅਡਾਨੀ ਸਮੂਹ ਨਾਲ ਜੋੜਨ ਦੇ ਹਾਲ ਹੀ ਦੇ ਇਲਜ਼ਾਮਾਂ ਨੇ ਉਨ੍ਹਾਂ ਨੂੰ ਸੁਰਖੀਆਂ ਵਿੱਚ ਲਿਆ ਦਿੱਤਾ ਹੈ।

ਅੰਗਰੇਜ਼ੀ ਅਖਬਾਰ ਬਿਜ਼ਨਸ ਸਟੈਂਡਰਡ ਦੇ ਅਨੁਸਾਰ, ਧਵਲ ਬੁਚ ਆਈਆਈਟੀ ਦਿੱਲੀ ਦੇ ਸਾਬਕਾ ਵਿਦਿਆਰਥੀ ਹੈ।

ਧਵਲ ਪ੍ਰਾਈਵੇਟ ਇਕੁਇਟੀ (ਪੀਈ) ਪ੍ਰਮੁੱਖ ਬਲੈਕਸਟੋਨ ਅਤੇ ਸਲਾਹਕਾਰ ਫਰਮ ਅਲਵਾਰੇਜ਼ ਐਂਡ ਮਾਰਸਲ ਦੇ ਸੀਨੀਅਰ ਸਲਾਹਕਾਰ ਹਨ। ਉਹ ਖਿਡਾਰੀਆਂ ਲਈ ਕੱਪੜੇ ਬਣਾਉਣ ਵਾਲੇ ਬ੍ਰਾਂਡ ਗਿਲਡਨ ਵਿੱਚ ਇੱਕ ਗ਼ੈਰ-ਕਾਰਕਾਰੀ ਨਿਦੇਸ਼ਕ ਵੀ ਹਨ।

ਉਨ੍ਹਾਂ ਦਾ ਕਾਰਪੋਰੇਟ ਕਰੀਅਰ ਤਿੰਨ ਦਹਾਕਿਆਂ ਤੋਂ ਪੁਰਾਣਾ ਹੈ।

ਸਾਲ 2013 ਵਿੱਚ, ਧਵਲ ਅਤੇ ਮਾਧਵੀ ਨੇ ਸਿੰਗਾਪੁਰ ਵਿੱਚ 'ਅਗੋਰਾ ਐਡਵਾਈਜ਼ਰੀ', ਇੱਕ ਵਿੱਤੀ ਸੇਵਾ ਸਲਾਹਕਾਰ ਦੀ ਸਥਾਪਨਾ ਕੀਤੀ।

ਇਸ ਦਾ ਉਦੇਸ਼ ਇਨਕਿਊਬੇਸ਼ਨ, ਨਿਵੇਸ਼ ਅਤੇ ਸਲਾਹਕਾਰ ਦੁਆਰਾ ਪ੍ਰਭਾਵਸ਼ਾਲੀ ਕਾਰੋਬਾਰਾਂ ਦਾ ਸਮਰਥਨ ਕਰਨਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)