You’re viewing a text-only version of this website that uses less data. View the main version of the website including all images and videos.
ਸਾਲ 2025: ਕਾਰ ਦੀ ਕੀਮਤ ਤੋਂ ਲੈ ਕੇ ਯੂਪੀਆਈ ਭੁਗਤਾਨ ਤੱਕ, ਅੱਜ ਤੋਂ ਬਦਲ ਜਾਣਗੀਆਂ ਇਹ 5 ਚੀਜ਼ਾਂ
ਸਾਲ 2025 ਦੀ ਸ਼ੁਰੂਆਤ ਦੇ ਨਾਲ ਹੀ ਆਮ ਲੋਕਾਂ ਦੇ ਜੀਵਨ ਵਿੱਚ ਕਈ ਵੱਡੇ ਬਦਲਾਅ ਦਸਤਕ ਦੇ ਚੁੱਕੇ ਹਨ।
ਇਹ ਬਦਲਾਅ ਰੋਜ਼ਾਨਾ ਦੇ ਲੈਣ-ਦੇਣ, ਵਾਹਨਾਂ ਦੀ ਖਰੀਦੋ-ਫਰੋਖਤ, ਪੈਨਸ਼ਨ ਨਿਯਮਾਂ, ਕਿਸਾਨਾਂ ਦੀ ਵਿੱਤੀ ਸਥਿਤੀ ਅਤੇ ਵਿਦੇਸ਼ ਯਾਤਰਾ ਨਾਲ ਜੁੜੇ ਨਿਯਮਾਂ 'ਤੇ ਸਿੱਧਾ ਅਸਰ ਪਾਉਣਗੇ।
ਇਨ੍ਹਾਂ ਨਵੀਆਂ ਤਬਦੀਲੀਆਂ ਦਾ ਸਿੱਧਾ ਅਸਰ ਹਰ ਵਰਗ ਦੇ ਲੋਕਾਂ ਦੀ ਜ਼ਿੰਦਗੀ 'ਤੇ ਪੈਣ ਵਾਲਾ ਹੈ।
ਅਜਿਹੇ 'ਚ ਆਓ ਜਾਣਦੇ ਹਾਂ ਕਿ ਇਸ ਸਾਲ ਦੀ ਸ਼ੁਰੂਆਤ ਨਾਲ ਕਿਹੜੇ-ਕਿਹੜੇ ਪੰਜ ਵੱਡੇ ਬਦਲਾਅ ਹੋਏ ਹਨ ਅਤੇ ਉਨ੍ਹਾਂ ਦਾ ਲੋਕਾਂ ਦੇ ਜੀਵਨ 'ਤੇ ਕੀ ਅਸਰ ਪਵੇਗਾ।
ਫੀਚਰ ਫੋਨ ਉਪਭੋਗਤਾਵਾਂ ਲਈ ਯੂਪੀਆਈ ਸੀਮਾ ਵਧੀ
ਸਮਾਰਟਫ਼ੋਨ ਦੀ ਬਜਾਏ ਫੀਚਰ ਫ਼ੋਨਾਂ ਰਾਹੀਂ ਯੂਪੀਆਈ ਲੈਣ-ਦੇਣ ਕਰਨ ਵਾਲੇ ਉਪਭੋਗਤਾਵਾਂ ਲਈ 1 ਜਨਵਰੀ, 2025 ਤੋਂ ਇਹ ਵਿਕਲਪ ਵਧੇਰੇ ਸੁਵਿਧਾਜਨਕ ਹੋ ਜਾਵੇਗਾ।
ਹੁਣ ਫੀਚਰ ਫ਼ੋਨਾਂ 'ਤੇ ਯੂਪੀਆਈ 123ਪੇਅ ਰਾਹੀਂ ਇੱਕ ਵਾਰ ਵਿੱਚ 10,000 ਰੁਪਏ ਤੱਕ ਦਾ ਲੈਣ-ਦੇਣ ਕੀਤਾ ਜਾ ਸਕਦਾ ਹੈ ।
ਪਹਿਲਾਂ ਇਹ ਸੀਮਾ ਪੰਜ ਹਜ਼ਾਰ ਰੁਪਏ ਸੀ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ ਅਕਤੂਬਰ 2024 ਵਿੱਚ ਇਸ ਦੇ ਨਾਲ ਸੰਬੰਧਤ ਇੱਕ ਸਰਕੂਲਰ ਜਾਰੀ ਕੀਤਾ ਸੀ।
ਇਸ ਦਾ ਫਾਇਦਾ ਉਨ੍ਹਾਂ ਲੋਕਾਂ ਨੂੰ ਮਿਲੇਗਾ, ਜਿਨ੍ਹਾਂ ਦੀ ਇੰਟਰਨੈੱਟ ਤੱਕ ਸੀਮਤ ਪਹੁੰਚ ਹੈ ਜਾਂ ਫਿਰ ਜੋ ਫੀਚਰ ਫੋਨ ਦੀ ਵਰਤੋਂ ਕਰਦੇ ਹਨ।
ਪੈਨਸ਼ਨ ਧਾਰਕਾਂ ਲਈ ਬਦਲੇ ਨਿਯਮ
ਈਪੀਐੱਫਓ ਪੈਨਸ਼ਨਰਾਂ ਲਈ ਜਨਵਰੀ 2025 ਤੋਂ ਨਵੇਂ ਨਿਯਮ ਲਾਗੂ ਹੋ ਗਏ ਹਨ , ਜਿਸ ਦੇ ਤਹਿਤ ਉਹ ਹੁਣ ਕਿਸੇ ਵੀ ਬੈਂਕ ਦੇ ATM ਤੋਂ ਆਪਣੀ ਪੈਨਸ਼ਨ ਕਢਵਾ ਸਕਦੇ ਹਨ ਅਤੇ ਇਸ ਲਈ ਕਿਸੇ ਵਾਧੂ ਤਸਦੀਕ ਦੀ ਲੋੜ ਨਹੀਂ ਹੋਵੇਗੀ।
ਸਰਕਾਰ ਨੇ 4 ਸਤੰਬਰ 2024 ਨੂੰ ਕਰਮਚਾਰੀ ਪੈਨਸ਼ਨ ਯੋਜਨਾ 1995 ਲਈ ਕੇਂਦਰੀ ਪੈਨਸ਼ਨ ਭੁਗਤਾਨ ਪ੍ਰਣਾਲੀ (ਸੀਪੀਪੀਐੱਸ) ਨੂੰ ਮਨਜ਼ੂਰੀ ਦਿੱਤੀ ਸੀ।
ਇਸ ਨਵੀਂ ਪ੍ਰਣਾਲੀ ਦਾ ਮਕਸਦ ਪੈਨਸ਼ਨ ਨਾਲ ਜੁੜੇ ਨਿਯਮਾਂ ਨੂੰ ਸਰਲ ਬਣਾਉਣਾ ਹੈ।
ਸੀਪੀਪੀਐੱਸ ਇਹ ਵੀ ਯਕੀਨੀ ਬਣਾਏਗਾ ਕਿ ਈਪੀਐੱਫ ਪੈਨਸ਼ਨਰਾਂ ਨੂੰ ਸਥਾਨ ਬਦਲਣ, ਬੈਂਕ ਬਦਲਣ ਜਾਂ ਸ਼ਾਖਾ ਬਦਲਣ ਦੇ ਮਾਮਲੇ ਵਿੱਚ ਕਿਸੇ ਵੀ ਦਫ਼ਤਰ ਵਿੱਚ ਜਾਣ ਅਤੇ ਅਰਜ਼ੀ ਦੇਣ ਦੀ ਲੋੜ ਨਾ ਪਵੇ।
ਇਹ ਪ੍ਰਣਾਲੀ ਉਨ੍ਹਾਂ ਪੈਨਸ਼ਨਰਾਂ ਲਈ ਵੱਡੀ ਰਾਹਤ ਸਾਬਤ ਹੋਵੇਗੀ, ਜੋ ਸੇਵਾਮੁਕਤੀ ਤੋਂ ਬਾਅਦ ਆਪਣੇ ਜੱਦੀ ਸ਼ਹਿਰ ਵਿੱਚ ਵਸ ਜਾਂਦੇ ਹਨ। ਇਸ ਫੈਸਲੇ ਨਾਲ 78 ਲੱਖ ਪੈਨਸ਼ਨਰਾਂ ਨੂੰ ਫਾਇਦਾ ਹੋਵੇਗਾ।
ਵਾਹਨ ਦੀਆਂ ਕੀਮਤਾਂ ਵਿੱਚ ਬਦਲਾਅ
ਜਨਵਰੀ 2025 ਤੋਂ ਕਈ ਕਾਰਾਂ ਅਤੇ ਵਾਹਨਾਂ ਦੀਆਂ ਕੀਮਤਾਂ ਵਿੱਚ ਵਾਧਾ ਲਾਗੂ ਹੋ ਗਿਆ ਹੈ। ਇਨ੍ਹਾਂ ਵਿੱਚ ਛੋਟੇ ਹੈਚਬੈਕ ਤੋਂ ਲੈ ਕੇ ਲਗਜ਼ਰੀ ਮਾਡਲ ਤੱਕ ਦੀਆਂ ਗੱਡੀਆਂ ਸ਼ਾਮਲ ਹਨ।
ਕਾਰ ਕੰਪਨੀਆਂ ਦਾ ਕਹਿਣਾ ਹੈ ਕਿ ਇਹ ਕਦਮ ਨਿਰਮਾਣ ਲਾਗਤ ਅਤੇ ਸੰਚਾਲਨ ਖਰਚਿਆਂ ਕਾਰਨ ਚੁੱਕਿਆ ਗਿਆ ਹੈ।
ਮਾਰੂਤੀ ਸੁਜ਼ੂਕੀ, ਹੁੰਡਈ, ਮਹਿੰਦਰਾ ਅਤੇ ਐਮਜੀ ਵਰਗੀਆਂ ਵੱਡੀਆਂ ਆਟੋਮੋਬਾਈਲ ਕੰਪਨੀਆਂ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਵਾਹਨਾਂ ਦੀਆਂ ਕੀਮਤਾਂ ਵਿੱਚ ਦੋ ਤੋਂ ਚਾਰ ਫੀਸਦੀ ਵਾਧਾ ਕਰ ਰਹੀਆਂ ਹਨ।
ਕਿਸਾਨਾਂ ਦੇ ਕਰਜ਼ਿਆਂ ਸਬੰਧੀ ਨਵੇਂ ਨਿਯਮ
ਜਨਵਰੀ ਤੋਂ ਰਿਜ਼ਰਵ ਬੈਂਕ ਨੇ ਕਿਸਾਨਾਂ ਲਈ ਵੱਡਾ ਬਦਲਾਅ ਕੀਤਾ ਹੈ। ਹੁਣ ਕਿਸਾਨ ਬਿਨਾਂ ਗਰੰਟੀ ਦੇ ਬੈਂਕ ਤੋਂ 2 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਣਗੇ, ਜੋ ਪਹਿਲਾਂ 1.60 ਲੱਖ ਰੁਪਏ ਤੱਕ ਸੀਮਤ ਹੁੰਦਾ ਸੀ।
ਹੁਣ 2 ਲੱਖ ਰੁਪਏ ਤੱਕ ਦੇ ਕਰਜ਼ੇ ਲਈ ਨਾ ਤਾਂ ਸੁਰੱਖਿਆ ਦੀ ਲੋੜ ਹੋਵੇਗੀ ਅਤੇ ਨਾ ਹੀ ਮਾਰਜਿਨ ਦੀ।
ਇਸ ਬਦਲਾਅ ਨਾਲ ਕਿਸਾਨਾਂ ਲਈ ਕਰਜ਼ਾ ਲੈਣਾ ਆਸਾਨ ਹੋ ਜਾਵੇਗਾ ਅਤੇ ਖੇਤੀ ਦੀਆਂ ਵਧਦੀਆਂ ਲਾਗਤਾਂ ਨਾਲ ਨਿਜਠੱਨ ਵਿੱਚ ਮਦਦ ਮਿਲੇਗੀ।
ਅਮਰੀਕਾ ਅਤੇ ਥਾਈਲੈਂਡ ਦੇ ਵੀਜ਼ਾ ਨਿਯਮਾਂ 'ਚ ਬਦਲਾਅ
ਅਮਰੀਕਾ ਜਾਣ ਵਾਲਿਆਂ ਲਈ 1 ਜਨਵਰੀ 2025 ਤੋਂ ਇੱਕ ਨਵਾ ਨਿਯਮ ਪ੍ਰਭਾਵੀ ਹੋਇਆ ਹੈ।
ਹੁਣ ਅਮਰੀਕੀ ਦੂਤਾਵਾਸ ਗੈਰ-ਪ੍ਰਵਾਸੀ ਭਾਰਤੀ ਵੀਜ਼ਾ ਬਿਨੈਕਾਰਾਂ ਨੂੰ ਬਿਨਾਂ ਕਿਸੇ ਵਾਧੂ ਫੀਸ ਦੇ ਸਿਰਫ ਇੱਕ ਵਾਰ ਹੀ ਆਪਣੀ ਅਪੋਇੰਟਮੈਂਟ ਨੂੰ ਮੁੜ ਤਹਿ ਕਰਨ ਦੀ ਆਗਿਆ ਦੇਵੇਗਾ।
ਇਸ ਤੋਂ ਪਹਿਲਾਂ ਬਿਨੈਕਾਰ ਬਿਨਾਂ ਕਿਸੇ ਵਾਧੂ ਫੀਸ ਦੇ ਆਪਣੀ ਅਪੋਇੰਟਮੈਂਟ ਨੂੰ ਤਿੰਨ ਵਾਰ ਮੁੜ ਤਹਿ ਕਰ ਸਕਦੇ ਸਨ।
ਹੁਣ ਜੇਕਰ ਕੋਈ ਬਿਨੈਕਾਰ ਦੂਜੀ ਵਾਰ ਅਪੋਇੰਟਮੈਂਟ ਰੀ-ਸ਼ਡਿਊਲ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਦੁਬਾਰਾ ਵੀਜ਼ਾ ਅਪਲਾਈ ਕਰਨਾ ਹੋਵੇਗਾ ਅਤੇ ਫੀਸ ਵੀ ਦੁਬਾਰਾ ਅਦਾ ਕਰਨੀ ਪਵੇਗੀ।
ਵੀਜ਼ਾ ਨਾਲ ਸਬੰਧਤ ਇੱਕ ਹੋਰ ਮਹੱਤਵਪੂਰਨ ਬਦਲਾਅ ਵਿੱਚ, ਹੁਣ 1 ਜਨਵਰੀ, 2025 ਤੋਂ, ਥਾਈਲੈਂਡ ਨੇ ਆਪਣੇ ਦੇਸ਼ ਵਿੱਚ ਆਉਣ ਵਾਲੇ ਸੈਲਾਨੀਆਂ ਲਈ ਈ-ਵੀਜ਼ਾ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ।
ਹੁਣ ਭਾਰਤੀਆਂ ਸਮੇਤ ਸਾਰੇ ਦੇਸ਼ਾਂ ਦੇ ਬਿਨੈਕਾਰ ਆਪਣੀ ਵੀਜ਼ਾ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਹੀ ਪੂਰੀ ਕਰ ਸਕਦੇ ਹਨ।
ਇਸ ਲਈ ਅਰਜ਼ੀ ਥਾਈਲੈਂਡ ਦੀ ਅਧਿਕਾਰਤ ਵੈੱਬਸਾਈਟ 'ਤੇ ਦਿੱਤੀ ਜਾ ਸਕਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ