You’re viewing a text-only version of this website that uses less data. View the main version of the website including all images and videos.
ਜਦੋਂ ਇੱਕ ਡਾਕਟਰ ਉੱਤੇ ਹਜ਼ਾਰਾਂ ਔਰਤਾਂ ਦੀ ਨਸਬੰਦੀ ਕਰਨ ਦਾ ਝੂਠਾ ਇਲਜ਼ਾਮ ਲਗਿਆ
- ਲੇਖਕ, ਸੁਨੇਥ ਪਰੇਰਾ
- ਰੋਲ, ਬੀਬੀਸੀ ਵਰਲਡ ਸਰਵਿਸ
ਕੀ ਕੋਈ ਗੋਲੀ ਲੋਕਾਂ ਦੀ ਨਸਬੰਦੀ ਕਰ ਸਕਦੀ ਹੈ? ਜਾਂ ਕੀ ਔਰਤਾਂ ਦੇ ਅੰਡਰਗਾਰਮੈਂਟਸ 'ਤੇ ਕੋਈ ਜੈੱਲ ਲਗਾਉਣ ਨਾਲ ਅਜਿਹਾ ਸੰਭਵ ਹੋ ਸਕਦਾ ਹੈ?
ਜਾਂ ਕੀ ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਡਾਕਟਰ ਨੇ ਸੀਜ਼ੇਰੀਅਨ ਡਿਲੀਵਰੀ ਦੇ ਦੌਰਾਨ ਔਰਤਾਂ ਦੀ ਗੁਪਤ ਤੌਰ 'ਤੇ ਨਸਬੰਦੀ ਕਰ ਦਿੱਤੀ ਹੋਵੇ?
ਸ਼੍ਰੀਲੰਕਾ ਵਿੱਚ ਰਹਿ ਰਹੇ ਮੁਸਲਮਾਨ ਵਿਰੋਧੀ ਕੱਟੜ ਬੋਧੀ ਲੋਕਾਂ ਵਿੱਚ ਅਜਿਹੀਆਂ ਸਾਰੀਆਂ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੈ।
ਬਿਰਤਾਂਤ ਕੁਝ ਇਸ ਤਰ੍ਹਾਂ ਹੈ ਕਿ ਸ਼੍ਰੀਲੰਕਾ ਵਿੱਚ ਰਹਿਣ ਵਾਲਾ ਘੱਟ ਗਿਣਤੀ ਮੁਸਲਿਮ ਭਾਈਚਾਰਾ ਜਨਸੰਖਿਆ ਵਿੱਚ ਆਪਣੀ ਹਿੱਸੇਦਾਰੀ ਵਧਾਉਣ ਲਈ ਗੁਪਤ ਤੌਰ ’ਤੇ ਬਹੁਗਿਣਤੀ ਬੋਧੀ ਭਾਈਚਾਰੇ ਦੀਆਂ ਔਰਤਾਂ ਦੀ ਨਸਬੰਦੀ ਕਰ ਰਿਹਾ ਹੈ।
ਸ਼੍ਰੀਲੰਕਾ ਦੇ ਉੱਤਰ-ਪੱਛਮ ਦੇ ਕੁਰੁਨੇਗਲਾ ਕਸਬੇ ਦੇ ਇੱਕ ਡਾਕਟਰ ਮੁਹੰਮਦ ਸ਼ਫੀ 'ਤੇ ਵੀ ਅਜਿਹਾ ਹੀ ਅਵਿਸ਼ਵਾਸ਼ਯੋਗ ਇਲਜ਼ਾਮ ਲਗਾਇਆ ਗਿਆ ਸੀ।
ਮੁਹੰਮਦ ਸ਼ਫੀ ਨੇ ਬੀਬੀਸੀ ਨੂੰ ਦੱਸਿਆ, "ਮੈਂ ਇੱਕ ਮੁਸਲਮਾਨ ਹਾਂ ਅਤੇ ਮੇਰੇ 'ਤੇ 4,000 ਬੋਧੀ ਔਰਤਾਂ ਦੀ ਗੁਪਤ ਤਰੀਕੇ ਨਾਲ ਨਸਬੰਦੀ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ।"
ਸ਼ਫੀ ਦੇ ਖ਼ਿਲਾਫ਼ ਇਲਜ਼ਾਮ ਸੀ ਕਿ ਉਨ੍ਹਾਂ ਨੇ ਸੀ-ਸੈਕਸ਼ਨ ਆਪ੍ਰੇਸ਼ਨ ਦੌਰਾਨ ਔਰਤਾਂ ਦੀਆਂ ਫ਼ੈਲੋਪੀਅਨ ਟਿਊਬਾਂ ਨੂੰ ਸੰਕੁਚਿਤ ਕਰਨ ਲਈ ਇੱਕ ਯੰਤਰ ਦੀ ਵਰਤੋਂ ਕੀਤੀ, ਜਿਸ ਨਾਲ ਉਨ੍ਹਾਂ ਦੀ ਗਰਭ ਧਾਰਨ ਕਰਨ ਦੀ ਸਮਰੱਥਾ ਖ਼ਤਮ ਹੋ ਗਈ।
ਮੁਹੰਮਦ ਸ਼ਫੀ ਨੂੰ 24 ਮਈ 2019 ਨੂੰ ਅੱਤਵਾਦ ਨਾਲ ਸਬੰਧਤ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।
ਡਾਕਟਰ ਸ਼ਫੀ ਕਹਿੰਦੇ ਹਨ, “ਮੈਨੂੰ ਅਪਰਾਧੀਆਂ ਨਾਲ ਜੇਲ੍ਹ ਵਿੱਚ ਰੱਖਿਆ ਗਿਆ ਸੀ। ਮੈਂ ਸੋਚਿਆ ਕਿ ਮੇਰੇ ਨਾਲ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ? ਮੈਨੂੰ ਆਪਣੀ ਪਤਨੀ ਅਤੇ ਬੱਚਿਆਂ ਲਈ ਆਪਣੇ ਆਪ ਨੂੰ ਬਚਾਉਣਾ ਪਵੇਗਾ।"
ਤਿੰਨ ਬੱਚਿਆਂ ਦੇ ਪਿਤਾ ਮੁਹੰਮਦ ਸ਼ਫੀ ਨੂੰ 60 ਦਿਨਾਂ ਤੱਕ ਸਲਾਖਾਂ ਪਿੱਛੇ ਰਹਿਣਾ ਪਿਆ।
ਜੁਲਾਈ 2019 ਵਿੱਚ ਅਦਾਲਤ ਨੇ ਸ਼ਫੀ ਨੂੰ ਜ਼ਮਾਨਤ ਦੇ ਦਿੱਤੀ ਸੀ। ਪਰ ਚੱਲ ਰਹੀ ਜਾਂਚ ਕਾਰਨ ਉਨ੍ਹਾਂ ਨੂੰ ਜਬਰੀ ਛੁੱਟੀ 'ਤੇ ਭੇਜ ਦਿੱਤਾ ਗਿਆ।
ਇਸ ਸਾਲ ਮਈ 'ਚ ਸ਼੍ਰੀਲੰਕਾ ਦੇ ਸਿਹਤ ਮੰਤਰਾਲੇ ਨੇ ਮੁਹੰਮਦ ਸ਼ਫੀ ਨੂੰ ਉਸ 'ਤੇ ਲਗਾਏ ਗਏ ਇਲਜ਼ਾਮਾਂ ਨੂੰ ਸਾਬਤ ਕਰਨ ਲਈ ਸਬੂਤਾਂ ਦੀ ਘਾਟ ਕਾਰਨ ਗ੍ਰਿਫਤਾਰੀ ਤੋਂ ਚਾਰ ਸਾਲ ਬਾਅਦ ਉਨ੍ਹਾਂ ਨੂੰ ਅਹੁਦੇ 'ਤੇ ਵਾਪਸ ਭੇਜ ਦਿੱਤਾ ਸੀ।
ਈਸਟਰ ਐਤਵਾਰ ਬੰਬ ਧਮਾਕੇ
ਸ਼੍ਰੀਲੰਕਾ ਦੀ ਆਬਾਦੀ 2.2 ਕਰੋੜ ਹੈ, ਜਿਸ ਵਿੱਚ ਬੋਧੀ ਭਾਈਚਾਰੇ ਦਾ ਹਿੱਸਾ 70 ਫ਼ੀਸਦੀ, ਮੁਸਲਮਾਨਾਂ ਦਾ ਹਿੱਸਾ 10 ਫ਼ੀਸਦੀ, ਹਿੰਦੂਆਂ ਦਾ ਹਿੱਸਾ 12 ਫ਼ੀਸਦੀ ਅਤੇ ਈਸਾਈ ਭਾਈਚਾਰੇ ਦਾ ਹਿੱਸਾ ਸੱਤ ਫ਼ੀਸਦੀ ਹੈ।
ਇਨ੍ਹਾਂ ਇਲਜ਼ਾਮਾਂ ਤੋਂ ਪਹਿਲਾਂ ਡਾਕਟਰ ਸ਼ਫੀ ਦੀ ਜ਼ਿੰਦਗੀ ਸਾਰੇ ਭਾਈਚਾਰਿਆਂ ਤੋਂ ਆਉਣ ਵਾਲੇ ਮਰੀਜ਼ਾਂ ਦਾ ਇਲਾਜ ਕਰਨ ਵਿੱਚ ਬੀਤਦੀ ਹੈ।
ਪਰ 21 ਅਪ੍ਰੈਲ 2019 ਨੂੰ, ਈਸਟਰ ਐਤਵਾਰ ਨੂੰ, ਸੈਲਾਨੀਆਂ ਵਿੱਚ ਪ੍ਰਸਿੱਧ ਕਈ ਚਰਚਾਂ ਅਤੇ ਹੋਟਲਾਂ 'ਤੇ ਲੜੀਵਾਰ ਹਮਲੇ ਹੋਏ। ਇਸ ਹਮਲੇ ਵਿੱਚ 250 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਪਰ ਇਸ ਹਮਲੇ ਨੇ ਡਾਕਟਰ ਸ਼ਫੀ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਦਿੱਤੀ।
ਕਿਹਾ ਜਾਂਦਾ ਹੈ ਕਿ ਇਨ੍ਹਾਂ ਹਮਲਿਆਂ ਨੂੰ ਇਸਲਾਮਿਕ ਸਟੇਟ ਨਾਲ ਜੁੜੇ ਕੱਟੜਪੰਥੀਆਂ ਵੱਲੋਂ ਕਰਵਾਇਆ ਦੱਸਿਆ ਜਾ ਰਿਹਾ ਸੀ।
2009 ਵਿੱਚ ਵੱਖਵਾਦੀ ਸੰਗਠਨ ਤਾਮਿਲ ਟਾਈਗਰਜ਼ ਦੇ ਨਾਲ ਭਿਆਨਕ ਘਰੇਲੂ ਜੰਗ ਖ਼ਤਮ ਹੋਣ ਤੋਂ ਬਾਅਦ ਇਹ ਸਭ ਤੋਂ ਘਾਤਕ ਹਮਲਾ ਸੀ।
ਇਸ ਹਮਲੇ ਕਾਰਨ ਸ਼੍ਰੀਲੰਕਾ ਵਿੱਚ ਮੁਸਲਿਮ ਵਿਰੋਧੀ ਭਾਵਨਾਵਾਂ ਦਾ ਤੇਜ਼ੀ ਨਾਲ ਫ਼ੈਲਾਅ ਹੋਇਆ।
ਜਵਾਬ ਵਿੱਚ ਮੁਸਲਮਾਨਾਂ ਦੀਆਂ ਮਸਜਿਦਾਂ, ਘਰਾਂ ਅਤੇ ਦੁਕਾਨਾਂ ਨੂੰ ਅੱਗ ਲਾ ਦਿੱਤੀ ਗਈ। ਇੰਨਾ ਹੀ ਨਹੀਂ ਭੀੜ ਨੇ ਇੱਕ ਮੁਸਲਮਾਨ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।
ਡਾਕਟਰ ਮੁਹੰਮਦ ਸ਼ਫੀ ਦੇ ਮਾਮਲੇ ਬਾਰੇ ਖਾਸ ਗੱਲਾਂ:
- ਸ਼੍ਰੀਲੰਕਾ ਵਿੱਚ ਦਸੰਬਰ 2019 ਦੀਆਂ ਚੋਣਾਂ ਤੋਂ ਪਹਿਲਾਂ ਮੁਸਲਿਮ ਵਿਰੋਧੀ ਭਾਵਨਾਵਾਂ ਆਪਣੇ ਸਿਖ਼ਰ 'ਤੇ ਸਨ
- ਇੱਕ ਮੁਸਲਮਾਨ ਡਾਕਟਰ ਉੱਤੇ ਹਜ਼ਾਰਾਂ ਬੋਧੀ ਔਰਤਾਂ ਦੀ ਨਸਬੰਦੀ ਕਰਨ ਦਾ ਝੂਠਾ ਇਲਜ਼ਾਮ ਲੱਗਿਆ ਸੀ
- ਮੁਹੰਮਦ ਸ਼ਫੀ ਨੂੰ 24 ਮਈ 2019 ਨੂੰ ਅੱਤਵਾਦ ਨਾਲ ਸਬੰਧਤ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ
- ਸ਼੍ਰੀਲੰਕਾ ਦੇ ਅਪਰਾਧਿਕ ਜਾਂਚ ਵਿਭਾਗ ਨੇ ਕਿਹਾ ਕਿ ਡਾਕਟਰ ਸ਼ਫੀ ਵਿਰੁੱਧ ਕੋਈ ਸਬੂਤ ਨਹੀਂ ਮਿਲਿਆ ਹੈ
- ਸਟੇਟ ਇੰਟੈਲੀਜੈਂਸ ਸਰਵਿਸ ਮੁਤਾਬਕ ਸ਼ਫੀ ਦੇ ਕਿਸੇ ਅੱਤਵਾਦੀ ਗਤੀਵਿਧੀ 'ਚ ਸ਼ਾਮਲ ਹੋਣ ਦਾ ਕੋਈ ਸਬੂਤ ਨਹੀਂ ਹੈ
- ਇਸ ਮਾਮਲੇ ਨੂੰ ਲੈ ਕੇ ਮੀਡੀਆ ਦੀ ਰਿਪੋਰਟਿੰਗ ਉਪਰ ਵੀ ਸਵਾਲ ਖੜੇ ਹੋਏ ਹਨ
ਝੂਠਾ ਇਲਜ਼ਾਮ
ਈਸਟਰ ਸੰਡੇ ਦੇ ਬੰਬ ਧਮਾਕਿਆਂ ਤੋਂ ਇੱਕ ਮਹੀਨੇ ਬਾਅਦ, ਸ਼੍ਰੀਲੰਕਾ ਦੇ ਇੱਕ ਮੁੱਖ ਅਖ਼ਬਾਰ, ਦਿਵੈਨਾ ਨੇ ਇੱਕ ਫਰੰਟ-ਪੇਜ ਲੇਖ ਪ੍ਰਕਾਸ਼ਿਤ ਕੀਤਾ ਜਿਸ ਵਿੱਚ ਇਲਜ਼ਾਮ ਲਗਾਇਆ ਗਿਆ ਸੀ ਕਿ "ਤੌਹੀਦ ਜਮਾਤ ਦੇ ਇੱਕ ਡਾਕਟਰ ਨੇ 4,000 ਸਿੰਹਲੀ ਬੋਧੀ ਮਾਵਾਂ ਦੀ ਨਸਬੰਦੀ ਕੀਤੀ ਸੀ।"
ਕਿਹਾ ਗਿਆ, “ਇਹ ਜਾਣਕਾਰੀ ਸਬੂਤਾਂ ਨਾਲ ਸਾਹਮਣੇ ਆਈ ਹੈ। ਇਸ ਡਾਕਟਰ ਨੂੰ ਫੜਨ ਲਈ ਵਿਆਪਕ ਜਾਂਚ ਕੀਤੀ ਜਾ ਰਹੀ ਹੈ।”
ਨੈਸ਼ਨਲ ਤੌਹੀਦ ਜਮਾਤ ਈਸਟਰ ਸੰਡੇ ਦੇ ਹਮਲਿਆਂ ਲਈ ਜ਼ਿੰਮੇਵਾਰ ਦੋ ਇਸਲਾਮੀ ਸਮੂਹਾਂ ਵਿੱਚੋਂ ਇੱਕ ਸੀ।
ਇਸ ਅਖ਼ਬਾਰ ਨੇ ਨਾ ਤਾਂ ਆਪਣੇ ਦਾਅਵੇ ਦੇ ਸਰੋਤ ਦਾ ਜ਼ਿਕਰ ਕੀਤਾ ਅਤੇ ਨਾ ਹੀ ਆਪਣੀ ਰਿਪੋਰਟ ਵਿੱਚ ਡਾਕਟਰ ਸ਼ਫੀ ਦੀ ਪਛਾਣ ਦਾ ਖ਼ੁਲਾਸਾ ਕੀਤਾ ਸੀ।
ਪਰ ਕੁਝ ਸਮੇਂ ਬਾਅਦ ਕਿਸੇ ਨੇ ਫੇਸਬੁੱਕ ’ਤੇ ਡਾਕਟਰ ਸ਼ਫੀ ਦੀ ਤਸਵੀਰ, ਉਨ੍ਹਾਂ 'ਤੇ ਲੱਗੇ ਇਲਜ਼ਾਮ ਅਤੇ ਉਨ੍ਹਾਂ ਦੀ ਲੋਕੇਸ਼ਨ ਜਨਤਕ ਕਰ ਦਿੱਤੀ।
ਉਹ ਕਹਿੰਦੇ ਹਨ, "ਇਹ ਪਹਿਲੀ ਵਾਰ ਸੀ ਜਦੋਂ ਮੇਰਾ ਨਾਮ ਜਨਤਕ ਤੌਰ 'ਤੇ ਇਸ ਦਾਅਵੇ ਨਾਲ ਜੁੜਿਆ ਸੀ।"
ਡਾਕਟਰ ਸ਼ਫੀ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਆਪਣੇ ਸਾਥੀਆਂ ਅਤੇ ਸੀਨੀਅਰ ਅਧਿਕਾਰੀਆਂ ਨਾਲ ਕੁਰੁਨੇਗਲਾ ਟੀਚਿੰਗ ਹਸਪਤਾਲ ਦੇ ਡਾਇਰੈਕਟਰ ਡਾਕਟਰ ਸ਼ਰਤ ਵੀਰਬੰਦਰਾ ਕੋਲ ਗਏ।
ਉਹ ਸੋਸ਼ਲ ਮੀਡੀਆ 'ਤੇ ਆਪਣੇ 'ਤੇ ਲਗਾਏ ਗਏ ਝੂਠੇ ਇਲਜ਼ਾਮਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦੇ ਸਨ ਅਤੇ ਆਪਣੀ ਜਾਨ ਨੂੰ ਖ਼ਤਰੇ ਬਾਰੇ ਚਿੰਤਾ ਪ੍ਰਗਟ ਕਰਨਾ ਚਾਹੁੰਦੇ ਸਨ।
ਪਰ ਡਾਕਟਰ ਵੀਰਬੰਦਰਾ ਨੇ ਕਿਹਾ ਕਿ ਉਹ ਹਸਪਤਾਲ ਨਾਲ ਸਬੰਧਤ ਮਾਮਲਿਆਂ ਵਿੱਚ ਹੀ ਕੁਝ ਕਰ ਸਕਦੇ ਹਨ।
ਦੋ ਦਿਨ ਬਾਅਦ ਡਾਕਟਰ ਸ਼ਫੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਉਹ ਦੱਸਦੇ ਹਨ, "ਮੈਨੂੰ ਬਿਨਾਂ ਕਿਸੇ ਵਾਰੰਟ ਦੇ ਥਾਣੇ ਲਿਜਾਇਆ ਗਿਆ ਅਤੇ ਜੇਲ੍ਹ ਭੇਜ ਦਿੱਤਾ ਗਿਆ ਤਾਂ ਜੋ ਸਮਾਜ ਵਿੱਚ ਅਸ਼ਾਂਤੀ ਨਾ ਹੋਵੇ।"
'ਮੀਡੀਆ ਵਲੋਂ ਫ਼ੈਲਾਈ ਗਈ ਨਫ਼ਰਤ'
ਟੀਵੀ ਚੈਨਲਾਂ ਵੱਲੋਂ ਇਸ ਮੁੱਦੇ ਨੂੰ ਉਠਾਏ ਜਾਣ ਤੋਂ ਬਾਅਦ ਇਸ 'ਤੇ ਚਰਚਾ ਵਧ ਗਈ ਅਤੇ ਸੋਸ਼ਲ ਮੀਡੀਆ 'ਤੇ ਇਹ ਝੂਠਾ ਇਲਜ਼ਾਮ ਵਾਇਰਲ ਹੋਣ ਲੱਗਿਆ।
ਡਾਕਟਰ ਸ਼ਫੀ ਕਹਿੰਦੇ ਹਨ, “ਮੈਨੂੰ ਫ਼ਸਾਇਆ ਗਿਆ ਸੀ। ਮੈਨੂੰ ਜਨਤਕ ਤੌਰ 'ਤੇ ਅੱਤਵਾਦੀ ਕਰਾਰ ਦਿੱਤਾ ਗਿਆ ਸੀ। ਜ਼ਹਿਰੀਲੇ ਟੀਵੀ ਚੈਨਲਾਂ ਅਤੇ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਹੋਈਆਂ ਜਾਅਲੀ ਖ਼ਬਰਾਂ ਨੇ ਇੱਕ ਤਰ੍ਹਾਂ ਨਾਲ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੀ।”
ਬੋਧੀ ਭਿਕਸ਼ੂਆਂ ਨੇ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਜਿੱਥੇ ਡਾਕਟਰ ਸ਼ਫੀ ਦੀ ਪਤਨੀ ਫਾਤਿਮਾ ਇਮਾਰਾ ਵੀ ਕੰਮ ਕਰਦੀ ਸੀ।
ਉਹ ਕਹਿੰਦੇ ਹਨ, “ਮੇਰੀ ਪਤਨੀ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ। ਉਹ ਸਾਡੇ ਬੱਚਿਆਂ ਦੀ ਜਾਨ ਲਈ ਡਰੀ ਹੋਈ ਸੀ।"
ਡਾਕਟਰ ਸ਼ਫੀ ਦਾ ਕਹਿਣਾ ਹੈ ਕਿ ਇਸ ਮੁੱਦੇ ਕਾਰਨ ਉਨ੍ਹਾਂ ਦੀ ਪਤਨੀ ਨੂੰ ਵੀ ਨੌਕਰੀ ਛੱਡਣੀ ਪਈ ਸੀ।
ਉਹ ਕਹਿੰਦੇ ਹਨ, “ਮੇਰੀ ਵੱਡੀ ਧੀ ਇਮਤਿਹਾਨਾਂ ਦੀ ਤਿਆਰੀ ਕਰ ਰਹੀ ਸੀ ਅਤੇ ਸਕੂਲ ਜਾਣਾ ਚਾਹੁੰਦੀ ਸੀ। ਪਰ ਅਸੀਂ ਜਨਤਕ ਗੁੱਸੇ ਕਾਰਨ ਅਜਿਹਾ ਨਹੀਂ ਕਰ ਸਕੇ। ਉਹ ਬਹੁਤ ਉਦਾਸ ਸੀ ਅਤੇ ਸਾਨੂੰ ਆਪਣੇ ਬੱਚਿਆਂ ਲਈ ਨਵੇਂ ਸਕੂਲ ਲੱਭਣੇ ਪਏ।”
ਡਾਕਟਰ ਸ਼ਫੀ ਦੀ ਗ੍ਰਿਫ਼ਤਾਰੀ ਤੋਂ ਬਾਅਦ, ਉਨ੍ਹਾਂ ਦੀ ਪਤਨੀ ਅਤੇ ਦੋਵਾਂ ਦੇ ਤਿੰਨ ਬੱਚਿਆਂ ਨੂੰ ਕੋਲੰਬੋ ਜਾਣਾ ਪਿਆ। ਉਦੋਂ ਤੋਂ ਉਨ੍ਹਾਂ ਦੇ ਬੱਚੇ ਤਿੰਨ ਵੱਖ-ਵੱਖ ਸਕੂਲਾਂ ਵਿੱਚ ਪੜ੍ਹਨ ਜਾ ਰਹੇ ਹਨ।
ਡਾਕਟਰ ਸ਼ਫੀ ਕਹਿੰਦੇ ਹਨ, “ਮੇਰੀ ਪਤਨੀ ਅਤੇ ਬੱਚਿਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਭੱਜਣਾ ਪੈਂਦਾ ਸੀ। ਅਤੇ ਉਨ੍ਹਾਂ ਕੋਲ ਇਸ ਲਈ ਪੈਸੇ ਵੀ ਨਹੀਂ ਸਨ ਕਿਉਂਕਿ ਮੇਰੇ ਖਾਤੇ ਫ੍ਰੀਜ਼ ਕਰ ਦਿੱਤੇ ਗਏ ਸਨ।"
ਹਾਲਾਂਕਿ, ਕਰੀਬ 800 ਔਰਤਾਂ ਨੇ ਡਾਕਟਰ ਸ਼ਫੀ ਖ਼ਿਲਾਫ਼ ਬਿਆਨ ਦਰਜ ਕਰਵਾਏ, ਜਿਸ ਨੂੰ ਹਸਪਤਾਲ ਪ੍ਰਸ਼ਾਸਨ ਨੇ ਸ਼ਿਕਾਇਤਾਂ ਵਜੋਂ ਦਰਜ ਕੀਤਾ ਹੈ।
ਪਰ 27 ਜੂਨ, 2019 ਨੂੰ ਸ਼੍ਰੀਲੰਕਾ ਦੇ ਅਪਰਾਧਿਕ ਜਾਂਚ ਵਿਭਾਗ ਨੇ ਅਦਾਲਤ ਨੂੰ ਦੱਸਿਆ ਕਿ ਗੁਪਤ ਨਸਬੰਦੀ ਨਾਲ ਸਬੰਧਤ ਇਲਜ਼ਾਮਾਂ ਦੇ ਸਬੰਧ ਵਿੱਚ ਡਾਕਟਰ ਸ਼ਫੀ ਵਿਰੁੱਧ ਕੋਈ ਸਬੂਤ ਨਹੀਂ ਮਿਲਿਆ ਹੈ।
ਇਸ ਦੇ ਨਾਲ ਹੀ ਸਟੇਟ ਇੰਟੈਲੀਜੈਂਸ ਸਰਵਿਸ ਸਮੇਤ ਕਈ ਖੁਫ਼ੀਆਂ ਏਜੰਸੀਆਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਨੇ ਕਿਹਾ ਕਿ ਸ਼ਫੀ ਦੇ ਕਿਸੇ ਅੱਤਵਾਦੀ ਗਤੀਵਿਧੀ 'ਚ ਸ਼ਾਮਲ ਹੋਣ ਦਾ ਕੋਈ ਸਬੂਤ ਨਹੀਂ ਹੈ।
ਚੋਣ ਮੁਹਿੰਮ
ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੇ ਭਰਾ, ਸਾਬਕਾ ਰੱਖਿਆ ਮੁਖੀ ਗੋਟਾਬਾਯਾ ਰਾਜਪਕਸ਼ੇ ਨੇ ਕਿਹਾ ਹੈ ਕਿ ਉਹ ਈਸਟਰ ਸੰਡੇ ਦੇ ਲੜੀਵਾਰ ਧਮਾਕਿਆਂ ਤੋਂ ਬਾਅਦ ਰਾਸ਼ਟਰਪਤੀ ਦੀ ਚੋਣ ਲੜਨਗੇ ਅਤੇ ਇਸਲਾਮਿਕ ਕੱਟੜਵਾਦ ਦੇ ਫ਼ੈਲਣ ਤੋਂ ਰੋਕਣਗੇ।
ਦਸੰਬਰ 2019 ਦੀਆਂ ਚੋਣਾਂ ਤੋਂ ਪਹਿਲਾਂ ਮੁਸਲਿਮ ਵਿਰੋਧੀ ਭਾਵਨਾਵਾਂ ਆਪਣੇ ਸਿਖ਼ਰ 'ਤੇ ਸਨ।
ਡਾਕਟਰ ਸ਼ਫੀ ਕਹਿੰਦੇ ਹਨ, “ਨਸਲਵਾਦ ਇੱਕ ਕਿਸਮ ਦਾ ਨਸ਼ਾ ਹੈ। ਬਦਕਿਸਮਤੀ ਨਾਲ ਜੋ ਲੋਕ ਨਸਲਵਾਦ ਦੇ ਨਸ਼ੇ ਵਿੱਚ ਹਨ ਉਹ ਇਸ ਬਾਰੇ ਮਾਣ ਨਾਲ ਗੱਲ ਕਰਦੇ ਹਨ।”
ਉਨ੍ਹਾਂ ਕਿਹਾ, 'ਸ਼੍ਰੀਲੰਕਾ ਦੇ ਸਿਆਸਤਦਾਨਾਂ ਨੇ ਮੈਨੂੰ ਬਦਨਾਮ ਕੀਤਾ ਹੈ ਅਤੇ ਇਹ ਅਜਿਹਾ ਸਦਮਾ ਹੈ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।'
ਨਸਬੰਦੀ ਗੋਲੀਆਂ ਅਤੇ ਜੈੱਲ
ਇਹ ਸਾਜ਼ਿਸ਼ ਸਿਧਾਂਤ ਪਹਿਲਾਂ ਵੀ ਕਈ ਮੌਕਿਆਂ 'ਤੇ ਸਾਹਮਣੇ ਆ ਚੁੱਕਾ ਹੈ ਕਿ ਮੁਸਲਮਾਨ ਨਸਬੰਦੀ ਰਾਹੀਂ ਸ੍ਰੀਲੰਕਾ 'ਚ ਆਪਣਾ ਦਬਦਬਾ ਕਾਇਮ ਕਰਨਾ ਚਾਹੁੰਦੇ ਹਨ।
2018 ਵਿੱਚ, ਇੱਕ ਮੁਸਲਿਮ ਰੈਸਟੋਰੈਂਟ ਦੇ ਮਾਲਕ ਉੱਤੇ ਬੋਧੀ ਗਾਹਕਾਂ ਦੇ ਭੋਜਨ ਵਿੱਚ ਨਸਬੰਦੀ ਦੀਆਂ ਗੋਲੀਆਂ ਮਿਲਾਉਣ ਦੇ ਇਲਜ਼ਾਮ ਲਗਾਏ ਗਏ ਸਨ।
ਇਨ੍ਹਾਂ ਇਲਜ਼ਾਮਾਂ ਕਾਰਨ ਪੂਰਬੀ ਸ਼੍ਰੀਲੰਕਾ ਦੇ ਅਮਪਾਰਾ 'ਚ ਬੋਧੀ ਭਾਈਚਾਰੇ ਦੇ ਲੋਕਾਂ ਵੱਲੋਂ ਮੁਸਲਮਾਨਾਂ ਦੇ ਰੈਸਟੋਰੈਂਟਾਂ ਅਤੇ ਦੁਕਾਨਾਂ 'ਤੇ ਹਿੰਸਕ ਹਮਲੇ ਕੀਤੇ ਗਏ।
ਡਾਕਟਰ ਸ਼ਫੀ ਦੀ ਗ੍ਰਿਫ਼ਤਾਰੀ ਤੋਂ ਬਾਅਦ, ਪ੍ਰਸਿੱਧ ਬੋਧੀ ਭਿਕਸ਼ੂ ਵਰਕਾਗੋਡਾ ਸ੍ਰੀ ਗਿਆਨਰਤਨ ਨੇ ਜਨਤਕ ਤੌਰ 'ਤੇ ਮੁਸਲਮਾਨਾਂ ਨੂੰ ਪੱਥਰ ਮਾਰਨ ਅਤੇ ਮੁਸਲਮਾਨਾਂ ਦੀਆਂ ਦੁਕਾਨਾਂ ਅਤੇ ਖਾਣ-ਪੀਣ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਸੀ।
ਇਸੇ ਤਰ੍ਹਾਂ ਦਾ ਇੱਕ ਹੋਰ ਦਾਅਵਾ ਕੀਤਾ ਗਿਆ ਸੀ ਕਿ ਮੁਸਲਮਾਨ ਜੋ ਕੱਪੜੇ ਦੀਆਂ ਦੁਕਾਨਾਂ ਦੇ ਮਾਲਕ ਹਨ, ਬੋਧੀ ਔਰਤਾਂ ਦੇ ਅੰਡਰਗਾਰਮੈਂਟਸ 'ਤੇ ਨਸਬੰਦੀ ਜੈੱਲ ਲਗਾਉਂਦੇ ਹਨ।
ਜਿਵੇਂ ਹੀ ਇਹ ਅਫ਼ਵਾਹ ਸੋਸ਼ਲ ਮੀਡੀਆ 'ਤੇ ਫ਼ੈਲੀ, ਕੱਟੜਪੰਥੀ ਬੋਧੀਆਂ ਨੇ ਮੁਸਲਮਾਨਾਂ ਦੀਆਂ ਦੁਕਾਨਾਂ ਦੇ ਬਾਈਕਾਟ ਦਾ ਸੱਦਾ ਦਿੱਤਾ। ਇਸ ਦੇ ਨਾਲ ਹੀ ਅਜਿਹੀਆਂ ਦੁਕਾਨਾਂ 'ਤੇ ਹਮਲਾ ਕੀਤਾ ਗਿਆ।
ਅਮਪਾਰਾ ਵਿੱਚ ਹਿੰਸਾ ਤੋਂ ਬਾਅਦ, ਸੰਯੁਕਤ ਰਾਸ਼ਟਰ ਨੂੰ ਇੱਕ ਸਪੱਸ਼ਟੀਕਰਨ ਜਾਰੀ ਕਰਨਾ ਪਿਆ ਕਿ ਇੱਥੇ ਕੋਈ ਵੀ ਨਸ਼ੀਲੇ ਪਦਾਰਥ ਜਾਂ ਜੈੱਲ ਨਹੀਂ ਹਨ ਜੋ ਨਸਬੰਦੀ ਦਾ ਕਾਰਨ ਬਣ ਸਕਦੇ ਹਨ।
ਮੀਡੀਆ ਦੀ ਨੈਤਿਕਤਾ
ਸ਼੍ਰੀਲੰਕਾਈ ਯੰਗ ਜਰਨਲਿਸਟ ਐਸੋਸੀਏਸ਼ਨ ਸਣੇ ਕੁਝ ਹੋਰ ਸਮੂਹਾਂ ਨੇ ਸਥਾਨਕ ਅਖਬਾਰਾਂ, ਟੀਵੀ ਚੈਨਲਾਂ ਅਤੇ ਵੈੱਬਸਾਈਟਾਂ 'ਤੇ ਇਸ ਤਰ੍ਹਾਂ ਦੀ ਰਿਪੋਰਟਿੰਗ ਵਿਰੁੱਧ ਆਵਾਜ਼ ਉਠਾਈ।
ਨੌਜਵਾਨ ਪੱਤਰਕਾਰਾਂ ਦੀ ਐਸੋਸੀਏਸ਼ਨ ਦੇ ਚੇਅਰਮੈਨ ਥਰਿੰਡੂ ਜੈਵਰਧਨ ਦੇ ਮੁਤਾਬਕ, ਉਸ ਸਮੇਂ ਇਸ ਮਾਮਲੇ 'ਤੇ ਬਹੁਤ ਸਾਰੇ ਤੱਥਾਂ ਵਾਲੇ ਖੋਜੀ ਲੇਖ ਪ੍ਰਕਾਸ਼ਤ ਨਹੀਂ ਹੋਏ ਸਨ।
ਬੀਬੀਸੀ ਨੇ ਬਹੁਤ ਸਾਰੇ ਸਥਾਨਕ ਪੱਤਰਕਾਰਾਂ ਨਾਲ ਗੱਲ ਕੀਤੀ ਹੈ ਜਿਨ੍ਹਾਂ ਵਿੱਚ ਦੋਵਾਂ ਪੱਖਾਂ ਦੀ ਗੱਲ ਸ਼ਾਮਲ ਕੀਤੀ ਗਈ ਸੀ ਪਰ ਛਾਪੇ ਨਹੀਂ ਸਨ ਗਏ।
ਉਹ ਕਹਿੰਦੇ ਹਨ ਕਿ ਲੇਖ ਪ੍ਰਕਾਸ਼ਿਤ ਨਾ ਹੋਣ ਦਾ ਕਾਰਨ ਸੀ ਕਿ ਸੰਪਾਦਕਾਂ ਨੂੰ ਲੱਗਦਾ ਸੀ ਕਿ ਇਹ 'ਪਾਠਕਾਂ ਨੂੰ ਨਾਰਾਜ਼ ਕਰ ਸਕਦਾ ਹੈ ਅਤੇ ਅਖ਼ਬਾਰ ਦੀ ਵਿਕਰੀ ਨੂੰ ਪ੍ਰਭਾਵਿਤ ਕਰ ਸਕਦਾ ਹੈ'।
ਜੈਵਰਧਨ ਦਾ ਕਹਿਣਾ ਹੈ ਕਿ ਮੁੱਖ ਧਾਰਾ ਦੇ ਮੀਡੀਆ ਅਤੇ ਸੋਸ਼ਲ ਮੀਡੀਆ 'ਤੇ ਡਾਕਟਰ ਸ਼ਫੀ ਦੇ ਖ਼ਿਲਾਫ਼ ਨਫ਼ਰਤੀ ਮੁਹਿੰਮ ਦੇ ਕਾਰਨ, ਬੋਧੀ ਭਿਕਸ਼ੂਆਂ ਵੱਲੋਂ ਮੁਸਲਮਾਨਾਂ ਨੂੰ ਪੱਥਰ ਮਾਰ ਕੇ ਮਾਰਨ ਦੀਆਂ ਕਾਲਾਂ ਆਈਆਂ ਸਨ। ਅਤੇ ਇਹ ਸਭ ਕੁਝ ਬਿਨਾਂ ਕਿਸੇ ਕਾਰਨ ਹੋ ਰਿਹਾ ਸੀ।
ਉਹ ਕਹਿੰਦੇ ਹਨ, “ਸਾਨੂੰ ਪਤਾ ਲੱਗਾ ਕਿ ਡਾਕਟਰ ਸ਼ਫੀ ਦੇ ਖ਼ਿਲਾਫ਼ ਬਿਆਨ ਦਰਜ ਕਰਵਾਉਣ ਵਾਲੀਆਂ ਔਰਤਾਂ ਵਿੱਚੋਂ ਸਿਰਫ਼ 168 ਔਰਤਾਂ ਨੂੰ ਗਰਭਵਤੀ ਹੋਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਹ ਖ਼ਬਰ ਸੁਣ ਕੇ ਹੋਰ ਔਰਤਾਂ ਅੱਗੇ ਆਈਆਂ।”
“ਉਹ ਸਿਰਫ਼ ਇਹ ਚਾਹੁੰਦੀਆਂ ਸਨ ਕਿ ਉਸ ਦੀ ਜਾਂਚ ਹੋਣੀ ਚਾਹੀਦੀ ਹੈ। ਸਾਡੇ ਕੋਲ ਸਾਰੇ ਸ਼ਿਕਾਇਤਕਰਤਾਵਾਂ ਦੀ ਸੂਚੀ ਹੈ ਅਤੇ ਅਸੀਂ ਪੁਸ਼ਟੀ ਕੀਤੀ ਹੈ ਕਿ ਡਾਕਟਰ ਸ਼ਫੀ ਦੀ ਗ੍ਰਿਫ਼ਤਾਰੀ ਤੋਂ ਬਾਅਦ 120 ਔਰਤਾਂ ਨੇ ਬੱਚੇ ਨੂੰ ਜਨਮ ਦਿੱਤਾ ਹੈ।”
ਨਿਰਦੋਸ਼ ਸਾਬਤ ਹੋਣਾ
ਇਸ ਮਾਮਲੇ 'ਚ ਆਪਣੀ ਬੇਗੁਨਾਹੀ ਸਾਬਤ ਕਰਨ ਤੋਂ ਬਾਅਦ ਡਾਕਟਰ ਸ਼ਫੀ ਨੇ ਇਸ ਸਾਲ ਮਈ ਮਹੀਨੇ ਤੋਂ ਕੁਰੁਨੇਗਲਾ ਟੀਚਿੰਗ ਹਸਪਤਾਲ 'ਚ ਇੱਕ ਵਾਰ ਫ਼ਿਰ ਆਪਣੀ ਜ਼ਿੰਮੇਵਾਰੀ ਸੰਭਾਲ ਲਈ ਹੈ।
ਉਨ੍ਹਾਂ ਨੂੰ ਪਿਛਲੇ ਤਿੰਨ ਸਾਲਾਂ ਦੀ ਤਨਖ਼ਾਹ ਵਜੋਂ 27 ਲੱਖ ਰੁਪਏ ਦਿੱਤੇ ਗਏ ਹਨ, ਜੋ ਡਾਕਟਰ ਸ਼ਫੀ ਨੇ ਸਿਹਤ ਮੰਤਰਾਲੇ ਨੂੰ ਦਾਨ ਕੀਤੇ ਹਨ ਤਾਂ ਜੋ ਦਵਾਈਆਂ ਖਰੀਦੀਆਂ ਜਾ ਸਕਣ।
ਬਹੁਤ ਸਾਰੇ ਸ਼੍ਰੀਲੰਕਾ ਦੇ ਡਾਕਟਰ ਬਿਹਤਰ ਜੀਵਨ ਪੱਧਰ ਲਈ ਦੂਜੇ ਦੇਸ਼ਾਂ ਵਿੱਚ ਜਾ ਰਹੇ ਹਨ। ਪਰ ਡਾਕਟਰ ਸ਼ਫੀ ਸ੍ਰੀਲੰਕਾ ਵਿੱਚ ਰਹਿ ਕੇ ਉਸੇ ਹਸਪਤਾਲ ਵਿੱਚ ਕੰਮ ਕਰਨਾ ਚਾਹੁੰਦੇ ਹੈ ਜਿੱਥੇ ਉਨਾਂ ਉੱਤੇ ਇਲਜ਼ਾਮ ਲਗਾਏ ਗਏ ਸਨ।
ਉਹ ਕਹਿੰਦੇ ਹਨ, “ਮੇਰੇ ਪਰਿਵਾਰ ਨੇ ਮੈਨੂੰ ਅਜਿਹਾ ਕਰਨ ਤੋਂ ਮਨਾ ਕੀਤਾ ਸੀ। ਪਰ ਮੈਨੂੰ ਪਤਾ ਹੈ ਕਿ ਮੇਰੇ ਕੋਲ ਆਪਣੀ ਬੇਗੁਨਾਹੀ ਨੂੰ ਸਾਬਤ ਕਰਨ ਦਾ ਇੱਕੋ ਇੱਕ ਤਰੀਕਾ ਹੈ ਉਸੇ ਹਸਪਤਾਲ ਵਿੱਚ ਵਾਪਸ ਜਾਣਾ ਅਤੇ ਦੁਬਾਰਾ ਉਹੀ ਕੰਮ ਕਰਨਾ ਹੈ।"