You’re viewing a text-only version of this website that uses less data. View the main version of the website including all images and videos.
ਜੇਐੱਨਯੂ ਵਿੱਚ ਬੀਬੀਸੀ ਦੀ ਦਸਤਾਵੇਜ਼ੀ ਫਿਲਮ ਦੀ ਸਕਰੀਨਿੰਗ, ਬਿਜਲੀ ਗੁਲ ਤੇ ਵਿਦਿਆਰਥੀਆਂ ’ਤੇ ਪਥਰਾਅ: ਗਰਾਊਂਡ ਰਿਪੋਰਟ
ਦਿੱਲੀ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਬੀਬੀਸੀ ਦੀ ਦਸਤਾਵੇਜ਼ੀ ਫਿਲਮ ‘ਇੰਡੀਆ: ਦਿ ਮੋਦੀ ਕੁਵਸ਼ਚਨ’ ਦੀ ਸਕਰੀਨਿੰਗ ਦੌਰਾਨ ਦਸਤਾਵੇਜ਼ੀ ਫਿਲਮ ਵੇਖਣ ਵਾਲੇ ਵਿਦਿਆਰਥੀਆਂ ਉੱਤੇ ਪਥਰਾਅ ਹੋਇਆ।
ਪਥਰਾਅ ਤੋਂ ਬਾਅਦ ਦਸਤਾਵੇਜ਼ੀ ਫਿਲਮ ਦੇਖ ਰਹੇ ਵਿਦਿਆਰਥੀਆਂ ਨੇ ਮਾਰਚ ਦੇ ਰੂਪ ਵਿੱਚ ਜੇਐੱਨਯੂ ਗੇਟ ਤੱਕ ਪ੍ਰਦਰਸ਼ਨ ਕੀਤਾ।
ਕੇਂਦਰ ਸਰਕਾਰ ਨੇ ਯੂਟਿਊਬ ਅਤੇ ਟਵਿੱਟਰ ਨੂੰ ਬੀਬੀਸੀ ਦੀ ਦਸਤਾਵੇਜ਼ੀ ਫਿਲਮ ‘ਇੰਡੀਆ: ਦਿ ਮੋਦੀ ਕੁਵਸ਼ਚਨ’ ਸ਼ੇਅਰ ਕਰਨ ਵਾਲੇ ਲਿੰਕ ਹਟਾਉਣ ਦਾ ਹੁਕਮ ਜਾਰੀ ਕੀਤਾ ਸੀ।
ਇਸ ਤੋਂ ਬਾਅਦ ਜੇਐੱਨਯੂ ਦੀ ਵਿਦਿਆਰਥੀ ਯੂਨੀਅਨ ਨੇ ਇਸ ਦਸਤਾਵੇਜ਼ੀ ਫਿਲਮ ਨੂੰ ਦਿਖਾਉਣ ਦਾ ਫੈਸਲਾ ਲਿਆ।
ਪਥਰਾਅ ਕਰਨ ਵਾਲੇ ਵਿਦਿਆਰਥੀ ਕੌਣ ਸਨ ਇਹ ਪਤਾ ਨਹੀਂ ਲੱਗ ਸਕਿਆ। ਇਸ ਘਟਨਾ ਵਿੱਚ ਕਈ ਵਿਦਿਆਰਥੀ ਜਖ਼ਮੀ ਹੋ ਗਏ। ਕਈਆਂ ਮੈਡੀਕਲ ਕਰਵਾਉਣ ਲਈ ਸਫ਼ਦਰਜੰਗ ਹਸਪਤਾਲ ਗਏ ਹਨ।
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਵੀ ਇਸ ਦਸਤਾਵੇਜ਼ੀ ਫ਼ਿਲਮ ਨੂੰ ਦਿਖਾਏ ਜਾਣ ਦੀ ਗੱਲ ਕਹੀ ਗਈ ਹੈ।
ਐੱਨਐੱਸਯੂਆਈ (ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ) ਨੇ ਇੱਕ ਟਵੀਟ ਕਰਕੇ ਲਿਖਿਆ, 'ਐੱਨਐੱਸਯੂਆਈ ਚੰਡੀਗੜ੍ਹ ਨੇ ਪੰਜਾਬ ਯੂਨੀਵਰਸਿਟੀ ਵਿੱਚ ਬੀਬੀਸੀ ਦੀ ਦਸਤਾਵੇਜ਼ੀ ਫ਼ਿਲਮ ਦਿਖਾਉਣ ਦਾ ਆਯੋਜਨ ਕੀਤਾ।'
ਜਾਮੀਆ ਮਿਲੀਆ ਇਸਲਾਮੀਆ 'ਚ ਵੀ ਵਧਿਆ ਤਣਾਅ
ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਕੁਝ ਵਿਦਿਆਰਥੀਆਂ ਵੱਲੋਂ ਵੀ ਦਸਤਾਵੇਜ਼ੀ ਫ਼ਿਲਮ ਦਿਖਾਏ ਜਾਣ ਦੀ ਤਿਆਰੀ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ, ਯੂਨੀਵਰਸਿਟੀ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।
ਖ਼ਬਰ ਏਜੰਸੀ ਐਐੱਨਆਈ ਦੇ ਇੱਕ ਟਵੀਟ ਮੁਤਾਬਕ, ਇਸ ਦੌਰਾਨ ਪੁਲਿਸ ਨੇ ਯੂਨੀਵਰਸਿਟੀ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਕੁਝ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਵੀ ਲਿਆ।
ਹਾਲਾਂਕਿ ਯੂਨੀਵਰਸਿਟੀ ਵੱਲੋਂ ਇੱਕ ਪੱਤਰ ਜਾਰੀ ਕਰਕੇ ਸਪਸ਼ਟ ਕੀਤਾ ਗਿਆ ਹੈ ਕਿ ਕੈਂਪਸ ਵਿੱਚ ਵਿਦਿਆਰਥੀਆਂ ਦੀ ਕੋਈ ਵੀ ਮੀਟਿੰਗ ਜਾਂ ਕਿਸੇ ਵੀ ਫਿਲਮ ਦੀ ਸਕ੍ਰੀਨਿੰਗ ਬਿਨਾਂ ਇਜਾਜ਼ਤ ਨਹੀਂ ਕੀਤੀ ਜਾ ਸਕਦੀ।
ਪੱਤਰ 'ਚ ਇਹ ਵੀ ਕਿਹਾ ਗਿਆ ਹੈ ਕਿ ਸ਼ਾਂਤੀਪੂਰਨ ਅਕਾਦਮਿਕ ਮਾਹੌਲ ਨੂੰ ਖ਼ਰਾਬ ਕਰਨ ਲਈ ਸਵਾਰਥੀ ਹਿੱਤ ਰੱਖਣ ਵਾਲੇ ਲੋਕਾਂ/ਸੰਸਥਾਵਾਂ ਨੂੰ ਰੋਕਣ ਲਈ ਯੂਨੀਵਰਸਿਟੀ ਸਾਰੇ ਉਪਾਅ ਕਰ ਰਹੀ ਹੈ।
ਸਕ੍ਰੀਨਿੰਗ ਤੋਂ ਪਹਿਲਾਂ ਬੱਤੀ ਚਲੀ ਗਈ
ਇਹ ਡਾਕਿਊਮੈਂਟਰੀ ਨਰਮਦਾ ਹਾਸਟਲ ਦੇ ਪਿੱਛੇ ਜੇਐੱਨਯੂ ਵਿਦਿਆਰਥੀ ਯੂਨੀਅਨ ਦੇ ਦਫ਼ਤਰ ਵਿੱਚ ਰਾਤ ਨੌ ਵਜੇ ਦਿਖਾਈ ਜਾਣੀ ਸੀ। ਜੇਐੱਨਯੂ ਦੀ ਵਿਦਿਆਰਥੀ ਯੂਨੀਅਨ ਨੇ ਸਕਰੀਨਿੰਗ ਦਾ ਐਲਾਨ ਇੱਕ ਦਿਨ ਪਹਿਲਾਂ ਕੀਤਾ ਸੀ।
ਇਸ ਤੋਂ ਬਾਅਦ ਜੇਐੱਨਯੂ ਪ੍ਰਸ਼ਾਸਨ ਨੇ ਅਡਵਾਇਜ਼ਰੀ ਜਾਰੀ ਕਰਕੇ ਕਿਹਾ ਸੀ ਕਿ ਡਾਕੂਮੈਂਟਰੀ ਦਿਖਾਉਣ ਦੀ ਪ੍ਰਵਾਨਗਦੀ ਨਹੀਂ ਲਈ ਗਈ ਹੈ ਤੇ ਵਿਦਿਆਰਥੀਆਂ ਨੂੰ ਸਲਾਹ ਹੈ ਇਸ ਪ੍ਰੋਗਰਾਮ ਨੂੰ ਰੱਦ ਕਰ ਦੇਣ।
ਅਜਿਹਾ ਨਾ ਕਰਨ ਦੇ ਸੂਰਤੇ ਹਾਲ ਬਣਦੀ ਅਨੁਸ਼ਾਸਨੀ ਕਾਰਵਾਈ ਕਰਨ ਦੀ ਗੱਲ ਵੀ ਆਖੀ ਗਈ ਸੀ।
ਸਕਰੀਨਿੰਗ ਤੋਂ ਪਹਿਲਾਂ ਪੂਰੇ ਕੈਂਪਸ ਦੀ ਬਿਜਲੀ 8.30 ਵਜੇ ਗੁਲ ਹੋ ਗਈ ਸੀ। ਮੌਜੂਦਾ ਵਿਦਿਆਰਥੀਆਂ ਦਾ ਦਾਅਵਾ ਹੈ ਕਿ ਪ੍ਰਸ਼ਾਸਨ ਨੇ ਬਿਜਲੀ ਕੱਟ ਦਿੱਤੀ ਹੈ। ਸਕਰੀਨਿੰਗ ਤੋਂ ਠੀਕ ਪਹਿਲਾਂ ਬਿਜਲੀ ਗੁਲ ਹੋਣ ਕਾਰਨ ਜੇਐੱਨਯੂ ਪ੍ਰਸ਼ਾਸਨ ਦੀ ਪ੍ਰਤੀਕਿਰੀਆ ਨਹੀਂ ਮਿਲ ਸਕੀ ਹੈ।
ਬਿਜਲੀ ਨਾ ਹੋਣ ਕਾਰਨ ਵਿਦਿਆਰਥੀਆਂ ਵਿੱਚ ਨਰਾਜ਼ਗੀ ਸੀ।
ਜੇਐੱਨਯੂ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਨੇ ਬੀਬੀਸੀ ਨੂੰ ਕਿਹਾ, “ਮੋਦੀ ਸਰਕਾਰ ਪਬਲਿਕ ਸਕਰੀਨਿੰਗ ਰੋਕ ਸਕਦੀ ਹੈ ਪਰ ਪਬਲਿਕ ਵਿਊਈਂਗ ਨਹੀਂ ਰੋਕ ਸਕਦੀ ਹੈ।”
ਹਨੇਰੇ ਵਿੱਚ ਵਿਦਿਆਰਥੀਆਂ ਦੇ ਪੱਥਰ ਮਾਰੇ ਗਏ
ਬਿਜਲੀ ਜਾਣ ਤੋਂ ਬਾਅਦ ਵੱਡੇ ਪਰਦੇ ’ਤੇ ਡਾਕੂਮੈਂਟਰੀ ਨਹੀਂ ਸੀ ਦਿਖਾਈ ਜਾ ਸਕਦੀ। ਪਰ ਵਿਦਿਆਰਥੀ ਸੰਘ ਦੇ ਲੋਕਾਂ ਨੇ ਵਿਦਿਆਰਥੀਆਂ ਨੂੰ ਏ ਫੋਰ ਸਾਈਜ਼ ਪੇਪਰ ’ਤੇ ਛਪੇ ਕਿਉਆਰ ਕੋਡ ਵੰਡਣੇ ਸ਼ੁਰੂ ਕਰ ਦਿੱਤੇ। ਇਸ ਦੀ ਮਦਦ ਨਾਲ ਵਿਦਿਆਰਥੀ ਆਪੋ ਆਪਣੇ ਫ਼ੋਨਾਂ ’ਤੇ ਦਸਤਾਵੇਜ਼ੀ ਦੇਖ ਸਕਦੇ ਸਨ।
ਕੁਝ ਵਿਦਿਆਰਥੀਆਂ ਨੇ ਜੇਐੱਨਯੂ ਵਿਦਿਆਰਥੀ ਯੂਨੀਅਨ ਦੇ ਦਫ਼ਤਰ ਦੇ ਬਾਹਰ ਦਰੀ ਵਿਛਾ ਕੇ ਦਸਤਾਵੇਜ਼ੀ ਫਿਲਮ ਵੇਖਣ ਦੀ ਕੋਸ਼ਿਸ਼ ਕੀਤੀ ਪਰ ਇੰਟਰਨੈੱਟ ਸਪੀਡ ਘੱਟ ਹੋਣ ਕਾਰਨ ਵਿਦਿਆਰਥੀਆਂ ਨੂੰ ਕਾਫ਼ੀ ਮੁਸ਼ਕਿਲ ਆਈ।
ਇਸ ਤੋਂ ਬਾਅਦ ਕਈ ਵਿਦਿਆਰਥੀ ਆਪਣੇ-ਆਪਣੇ ਕਮਰਿਆਂ ਤੋਂ ਲੈਪਟਾਪ ਲੈ ਕੇ ਆਏ ਅਤੇ ਛੋਟੇ-ਛੋਟੇ ਗਰੁੱਪ ਬਣਾ ਕੇ ਫਿਲਮ ਵੇਖਣ ਲੱਗੇ। ਹਾਲਾਂਕਿ ਇੰਟਰਨੈੱਟ ਦੀ ਸਪੀਡ ਹੌਲੀ ਹੋਣ ਕਾਰਨ ਦਸਤਾਵੇਜ਼ੀ ਫਿਲਮ ਰੁਕ-ਰੁਕ ਕੇ ਹੀ ਚੱਲੀ।
ਅੰਦਾਜ਼ੇ ਮੁਤਾਬਕ ਵਿਦਿਆਰਥੀ ਯੂਨੀਅਨ ਦੇ ਦਫ਼ਤਰ ਦੇ ਬਾਹਰ ਕਰੀਬ 300 ਵਿਦਿਆਰਥੀ ਦਸਤਾਵੇਜ਼ੀ ਫਿਲਮ ਵੇਖਣ ਪਹੁੰਚੇ ਸਨ।
ਉਸੇ ਸਮੇਂ ਹੀ ਦਿੱਲੀ ਪੁਲਿਸ ਦੇ ਜਵਾਨ ਵੀ ਸਿਵਿਲ ਡਰੈਸ ਵਿੱਚ ਦੇਖੇ ਗਏ।
ਹਾਲਾਂਕਿ ਸਿਵਿਲ ਡਰੈਸ ਵਿੱਚ ਸੁਰੱਖਿਆ ਕਰਮੀ ਸੱਤ ਵਜੇ ਤੋਂ ਹੀ ਦਸਤਾਵੇਜ਼ੀ ਦਿਖਾਏ ਜਾਣ ਵਾਲੀ ਥਾਂ ਦੇ ਆਲੇ ਦੁਆਲੇ ਘੁੰਮਦੇ ਦੇਖੇ ਗਏ ਸਨ। ਕਈ ਸੁਰੱਖਿਆ ਕਰਮੀਆਂ ਦੇ ਹੱਥਾਂ ਵਿੱਚ ਦਿੱਲੀ ਪੁਲਿਸ ਦੀਆਂ ਟੋਪੀਆਂ ਸਾਫ਼ ਨਜ਼ਰ ਆ ਰਹੀਆਂ ਸਨ।
10 ਵੱਜਕੇ 20 ਮਿੰਟ ਉੱਤੇ ਅਚਾਨਕ ਦਸਤਾਵੇਜ਼ੀ ਦੇਖ ਰਹੇ ਵਿਦਿਆਰਥੀਆਂ ਉੱਤੇ ਪੱਥਰਬਾਜ਼ੀ ਹੋਣ ਲੱਗੀ।
ਇਹ ਪੱਧਰ ਉਥੇ ਸਥਿਤ ਟੇਫ਼ਲਾਜ਼ ਕੈਨਟੀਨ ਨੇੜਿਓਂ ਮਾਰੇ ਜਾ ਰਹੇ ਸਨ।
ਪੱਥਰਾਂ ਨੇ ਨਾਲ ਨਾਲ ਵਿਦਿਆਰਥੀਆਂ ਉੱਥੇ ਇੱਟਾਂ ਵੀ ਸੁੱਟੀਆਂ ਗਈਆਂ। ਪੱਥਰਬਾਜੀ ਸ਼ੁਰੂ ਹੁੰਦਿਆਂ ਹੀ ਵਿਦਿਆਰਥੀਆਂ ਵਿੱਚ ਭਗਦੜ ਮੱਚ ਗਈ ਤੇ ਵਿਦਿਆਰਥੀ ਦਸਤਾਵੇਜ਼ੀ ਛੱਡ ਭੱਜਣ ਲੱਗੇ।
ਪੰਜ ਮਿੰਟਾਂ ਦੇ ਅੰਦਰ ਅੰਦਰ ਹੀ ਵਿਦਿਆਰਥੀ ਸੰਘ ਦੇ ਦਫ਼ਤਰ ਦੇ ਬਾਹਰ ਸਾਰੀ ਜਗ੍ਹਾ ਖਾਲੀ ਹੋ ਗਈ।
ਉਥੇ ਮੌਜੂਦ ਵਿਦਿਆਰਥੀ ਜੇਐੱਨਯੂ ਦੇ ਮੁੱਖ ਦਫ਼ਤਰ ਬਾਹਰ ਮਾਰਚ ਕੱਢਕੇ ਨਾਹਰੇਬਾਜ਼ੀ ਕਰਨ ਲੱਗੇ।
ਜੇਐੱਨਯੂ ਦੇ ਮੁੱਖ ਦਰਵਾਜ਼ੇ ’ਤੇ ਵੀ ਪਥਰਾਅ ਹੋਇਆ
ਵਿਦਿਆਰਥੀ ਸੰਘ ਦੇ ਦਫ਼ਤਰ ਤੋਂ ਜੇਐੱਨਯੂ ਦਾ ਮੁੱਖ ਦਰਵਾਜ਼ਾ ਕਰੀਬ ਪੰਜ ਸੌ ਮੀਟਰ ਦੂਰ ਹੈ। ਰਾਤ ਨੂੰ ਕਰੀਬ 11 ਵਜੇ ਗੰਗਾ ਢਾਬੇ ਨੂੰ ਪਰ ਕਰਦਿਆਂ ਵਿਦਿਆਰਥੀ ਮੁੱਖ ਦਰਵਾਜ਼ੇ ਵਲੋਂ ਪਹੁੰਚੇ ਤਾਂ ਉੱਥੇ ਇੱਕ ਵਾਰ ਫ਼ਿਰ ਤੋਂ ਪਥਰਾਅ ਸ਼ੁਰੂ ਹੋਇਆ।
ਗੰਗਾ ਢਾਬੇ ਵਲੋਂ ਕਰੀਬਰ 20-30 ਵਿਦਿਆਰਥੀ ਦਾ ਇੱਕ ਗੁੱਟ ਪੱਥਰ ਮਾਰ ਰਿਹਾ ਸੀ। ਜਦੋਂ ਵਿਦਿਆਰਥੀਆਂ ਨੇ ਪੱਥਰ ਮਾਰਨ ਵਾਲਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਝਾੜੀਆਂ ਪਿੱਛੇ ਲੁਕ ਗਏ।
ਜੇਐੱਨਯੂ ਦੇ ਮੁੱਖ ਦਰਵਾਜ਼ੇ ’ਤੇ ਮੌਜੂਦ ਵਿਦਿਆਰਥੀ ਪ੍ਰਵੀਣ ਨੇ ਬੀਬੀਸੀ ਨੂੰ ਦੱਸਿਆ,“ਉਹ ਲੋਕ ਜੁੱਤੀਆਂ ਪਹਿਨਕੇ ਲੱਤਾਂ ਮਾਰ ਰਹੇ ਸਨ।ਉਨ੍ਹਾਂ ਨੇ ਮੈਨੂੰ ਕਿੱਕ ਮਾਰ, ਮੈਂ ਪੁੱਛਿਆ ਕਿ ਕਿਉਂ ਮਾਰ ਰਹੇ ਹੋ, ਉਨ੍ਹਾਂ ਨੇ ਕਿਹਾ ਤੁਸੀਂ ਅੱਗੇ ਵੱਧਦੇ ਰਹੋ।”
ਇੱਕ ਹੋਰ ਵਿਦਿਆਰਥੀ ਨੇ ਬੀਬੀਸੀ ਨੂੰ ਦੱਸਿਆ,“ਮੈਂ ਹੌਸਟਲ ਜਾ ਰਿਹਾ ਸੀ। ਪੰਜ ਛੇ ਲੋਕਾਂ ਨੇ ਮਿਲਕੇ ਇੱਕ ਮੁੰਡੇ ਨੂੰ ਮਾਰਿਆ। ਉਥੇ ਸਕਿਉਰਿਟੀ ਗਾਰਡ ਖੜੇ ਸਨ। ਮੈਂ ਉਨ੍ਹਾਂ ਨੂੰ ਕਿਹਾ ਕਿ ਦੇਖੋ ਕੀ ਹੋ ਰਿਹਾ ਹੈ। ਤਦੇ ਇੱਕ ਮੁੰਡਾ ਦੌੜਾ ਹੋਇਆ ਮੇਰੇ ਕੋਲ ਆਇਆ ਤੇ ਮੇਰੇ ਮੁੰਹ ’ਤੇ ਮੁੱਕਾ ਮਾਰ ਕੇ ਭੱਜ ਗਿਆ।”
ਪੱਥਰਬਾਜ਼ੀ ਕਿਸ ਨੇ ਕੀਤੀ
ਜੇਐੱਨਯੂ ਦੇ ਮੁੱਖ ਦਰਵਾਜ਼ੇ ਕੋਲ ਪੱਥਰਬਾਜ਼ੀ ਦੀ ਘਟਨਾ ਤਿੰਨ ਵਾਰ ਹੋਈ। ਪੱਥਰ ਚਲਾਉਣ ਵਾਲੇ ਗੁੱਟ ਮਾਸਕ ਤੇ ਕੱਪੜੇ ਨਾਲ ਮੂੰਹ ਢੱਕਿਆ ਹੋਇਆ ਸੀ।
ਵਿਦਿਆਰਥੀਆਂ ਨੇ ਉਨ੍ਹਾਂ ਨੂੰ ਇਹ ਕਹਿੰਦਿਆ ਸੁਣਿਆ, ਕਿ ਫ਼ੋਨ ਦੀ ਟਾਰਚ ਲਾਈਟ ਨਾਲ ਜਲਾਈ ਜਾਵੇ।
ਯੁਨੀਵਰਸਿਟੀ ਦਾ ਸਕਿਉਰਿਟੀ ਸਟਾਫ਼ ਵੀ ਉੱਥੇ ਹੀ ਮੌਜੂਦ ਸੀ ਪਰ ਕੋਈ ਕੁਝ ਨਾ ਕਰ ਸਕਿਆ।
ਕੈਂਪਸ ਦੇ ਬਾਹਰ ਦਿੱਲੀ ਪੁਲਿਸ ਦੀਆਂ ਗੱਡੀਆਂ ਵੀ ਖੜ੍ਹੀਆਂ ਸਨ ਪਰ ਕਿਸੇ ਨੇ ਕੁਝ ਨਾ ਕੀਤਾ।
ਦੋ ਐਪੀਸੋਡ ਦੀ ਦਸਤਾਵੇਜ਼ੀ ਫਿਲਮ
ਬੀਬੀਸੀ ਨੇ ਦੋ ਐਪੀਸੋਡ ਦੀ ਇੱਕ ਦਸਤਾਵੇਜ਼ੀ ਫਿਲਮ ਬਣਾਈ ਹੈ ਜਿਸ ਦਾ ਨਾਮ ਹੈ ‘ਇੰਡੀਆ: ਦਿ ਮੋਦੀ ਕੁਵਸ਼ਚਨ’। ਇਸ ਦਾ ਪਹਿਲਾ ਐਪੀਸੋਡ 17 ਜਨਵਰੀ ਨੂੰ ਬਰਤਾਨੀਆ ਵਿੱਚ ਪ੍ਰਸਾਰਿਤ ਹੋ ਚੁੱਕਿਆ ਹੈ। ਇਸ ਦਾ ਅਗਲਾ ਐਪੀਸੋਡ 24 ਜਨਵਰੀ ਨੂੰ ਪ੍ਰਸਾਰਿਤ ਹੋਣ ਜਾ ਰਿਹਾ ਹੈ।
ਦਸਤਾਵੇਜ਼ੀ ਫਿਲਮ ਦਾ ਪਹਿਲਾ ਭਾਗ ਨਰਿੰਦਰ ਮੋਦੀ ਦੀ ਸ਼ੁਰੂਆਤੀ ਸਿਆਸੀ ਪਾਰੀ ਬਾਰੇ ਦੱਸਦਾ ਹੈ ਕਿ ਕਿਵੇਂ ਉਹ ਸਿਆਸਤ ਵਿੱਚ ਆਏ ਤੇ ਭਾਰਤੀ ਜਨਤਾ ਪਾਰਟੀ ਵਿੱਚ ਕਿਵੇਂ ਉਨ੍ਹਾਂ ਦਾ ਕੱਦ ਵਧਿਆ ਤੇ ਉਹ ਗੁਜਰਾਤ ਦੇ ਮੁੱਖ ਮੰਤਰੀ ਬਣੇ।
ਇਹ ਦਸਤਾਵੇਜ਼ੀ ਫਿਲਮ ਇੱਕ ਅਣਪ੍ਰਕਾਸ਼ਿਤ ਰਿਪੋਰਟ ਉੱਤੇ ਚਾਨਣਾ ਪਾਉਂਦੀ ਹੈ ਜਿਸ ਨੂੰ ਬੀਬੀਸੀ ਨੇ ਬ੍ਰਿਟਿਸ਼ ਫੌਰਨ ਆਫਿਸ ਤੋਂ ਹਾਸਲ ਕੀਤਾ ਹੈ।
ਇਸ ਦਸਤਾਵੇਜ਼ੀ ਫਿਲਮ ਵਿੱਚ ਨਰਿੰਦਰ ਮੋਦੀ ਦੇ ਮੁੱਖ ਮੰਤਰੀ ਰਹਿੰਦਿਆਂ ਹੋਇਆਂ ਗੁਜਰਾਤ ਵਿੱਚ ਸਾਲ 2002 ਵਿੱਚ ਹੋਈ ਹਿੰਸਾ ਬਾਰੇ ਉਨ੍ਹਾਂ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕੇ ਗਏ ਹਨ।
ਇਸ ਰਿਪੋਰਟ ਨੂੰ ਬ੍ਰਿਟਿਸ਼ ਵਿਦੇਸ਼ ਸੇਵਾ ਦੇ ਅਫ਼ਸਰਾਂ ਵਲੋਂ ਤਿਆਰ ਕੀਤਾ ਗਿਆ ਸੀ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੋਦੀ ਸਿੱਧੇ ਤੌਰ ਉੱਤੇ ‘ਸਜ਼ਾ ਦਾ ਭੈਅ ਨਾ ਹੋਣ ਦਾ ਮਾਹੌਲ’ ਪੈਦਾ ਕਰਨ ਲਈ ਜ਼ਿੰਮੇਵਾਰ ਸਨ ਇਸੇ ਕਾਰਨ ਸਾਲ 2002 ਵਿੱਚ ਹਿੰਸਾ ਹੋਈ।
ਨਰਿੰਦਰ ਮੋਦੀ ਕਾਫੀ ਪਹਿਲਾਂ ਹੀ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ ਕਰ ਚੁੱਕੇ ਹਨ ਕਿ ਉਹ ਕਿਸੇ ਵੀ ਤਰੀਕੇ ਨਾਲ ਹਿੰਸਾ ਲਈ ਜ਼ਿੰਮੇਵਾਰ ਸਨ।
ਇੱਕ ਬ੍ਰਿਟਿਸ਼ ਕੂਟਨੀਤਕ ਨੇ ਬੀਬੀਸੀ ਨਾਲ ਗੱਲਬਾਤ ਕੀਤੀ ਹੈ ਜਿਸ ਨੇ ਬ੍ਰਿਟਿਸ਼ ਫੌਰਨ ਆਫਿਸ ਲਈ ਰਿਪੋਰਟ ਲਿਖੀ ਸੀ ਤੇ ਉਹ ਆਪਣੀ ਰਿਪੋਰਟ ਦੇ ਨਤੀਜਿਆਂ ਨਾਲ ਅਜੇ ਵੀ ਖੜ੍ਹੇ ਹਨ।
ਭਾਰਤ ਦਾ ਸੁਪਰੀਮ ਕੋਰਟ ਪਹਿਲਾਂ ਹੀ ਮੋਦੀ ਦੀ ਇਸ ਮਾਮਲੇ ਵਿੱਚ ਸ਼ਮੂਲੀਅਤ ਨੂੰ ਲੈ ਕੇ ਉਨ੍ਹਾਂ ਨੂੰ ਬਰੀ ਕਰ ਚੁੱਕਿਆ ਹੈ।
ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇੱਕ ਪ੍ਰੈੱਸ ਵਾਰਤਾ ਵਿੱਚ ਜਵਾਬ ਦਿੰਦਿਆਂ ਕਿਹਾ, “ਮੈਂ ਇੱਥੇ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਇਹ ਇੱਕ ਪ੍ਰਾਪੇਗੰਡਾ ਫਿਲਮ ਹੈ ਜੋ ਇੱਕ ਖ਼ਾਸ ਤਰੀਕੇ ਦੇ ਗੈਰ-ਭਰੋਸੇਯੋਗ ਬਿਰਤਾਂਤ ਨੂੰ ਦੱਸਦੀ ਹੈ।”
“ਇਸ ਵਿੱਚ ਪੱਖਪਾਤ, ਤੱਥਾਂ ਤੋਂ ਪਰੇ ਜਾ ਕੇ ਕੀਤੀ ਗੱਲ ਤੇ ਬਸਤੀਵਾਦੀ ਮਾਨਸਿਕਤਾ ਸਾਫ ਨਜ਼ਰ ਆ ਰਹੀ ਹੈ। ਇਹ ਫਿਲਮ ਜਾਂ ਦਸਤਾਵੇਜ਼ੀ ਫਿਲਮ ਉਸ ਸੰਸਥਾ ਅਤੇ ਉਨ੍ਹਾਂ ਲੋਕਾਂ ਬਾਰੇ ਦੱਸਦੀ ਹੈ ਜੋ ਇਸ ਬਿਰਤਾਂਤ ਨੂੰ ਦੁਬਾਰਾ ਪੇਸ਼ ਕਰਨਾ ਚਾਹ ਰਹੇ ਹਨ।”
ਇਸ ਦਸਤਾਵੇਜ਼ੀ ਫਿਲਮ ਨੂੰ ਸਰਕਾਰ ਨਾਲ ਜੁੜੇ ਕਈ ਲੋਕਾਂ ਨੇ ਗਲਤ ਪ੍ਰਚਾਰ ਅਤੇ ਬਸਤੀਵਾਦੀ ਮਾਨਸਿਕਤਾ ਤੋਂ ਪ੍ਰੇਰਿਤ ਦੱਸਿਆ ਹੈ। ਬੀਬੀਸੀ ਦਾ ਕਹਿਣਾ ਹੈ ਕਿ ਇਹ ਡੂੰਘਿਆਈ ਨਾਲ ਜਾਂਚ-ਪਰਖਣ ਤੋਂ ਬਾਅਦ ਬੀਬੀਸੀ ਦੇ ਸੰਪਾਦਕੀ ਮਿਆਰਾਂ ਦੇ ਅਨੁਸਾਰ ਬਣਾਈ ਗਈ ਹੈ।
ਇਸ ਤੋਂ ਪਹਿਲਾਂ ਹੈਦਾਰਾਬਾਦ ਸੈਂਟਰਲ ਯੂਨੀਵਰਸਿਟੀ ਤੇ ਕੇਰਲ ਵਿੱਚ ਕੁਝ ਕੈਂਪਸਾਂ ਵਿੱਚ ਵਿਦਿਆਰਥੀਆਂ ਨੇ ਇਸ ਦਸਤਾਵੇਜ਼ੀ ਫਿਲਮ ਦੀ ਸਕਰੀਨਿੰਗ ਕੀਤੀ ਹੈ ਜਦਕਿ ਕਈ ਹੋਰ ਯੂਨੀਵਰਸਿਟੀ ਕੈਂਪਸਾਂ ਵਿੱਚ ਵਿਦਿਆਰਥੀ ਯੂਨੀਅਨ ਸਮੂਹਕ ਤੌਰ ਉੱਤੇ ਵੀਡੀਓ ਦੇਖਣ ਦਾ ਆਯੋਜਨ ਕਰਨ ਦਾ ਐਲਾਨ ਕਰ ਚੁੱਕੇ ਹਨ।