ਘਰੋਂ ਭੱਜਣ ਮਗਰੋਂ ਗੁਆਚੇ ਭਰਾ-ਭੈਣ 13 ਸਾਲਾਂ ਬਾਅਦ ਆਪਣੀ ਮਾਂ ਨੂੰ ‘ਫ਼ਿਲਮੀ ਅੰਦਾਜ਼ ’ਚ ਮਿਲੇ

ਨੀਤੂ ਕੁਮਾਰੀ, ਬਬਲੂ. ਰਾਖੀ

ਤਸਵੀਰ ਸਰੋਤ, NARESH PARAS

ਤਸਵੀਰ ਕੈਪਸ਼ਨ, ਕਰੀਬ 13 ਸਾਲਾਂ ਬਾਅਦ ਵਾਪਸ ਪਰਤੇ ਆਪਣੇ ਬੱਚਿਆਂ - ਬਬਲੂ ਅਤੇ ਰਾਖੀ- ਦਾ ਸਵਾਗਤ ਕਰਦੇ ਹੋਏ ਨੀਤੂ ਕੁਮਾਰੀ
    • ਲੇਖਕ, ਗੀਤਾ ਪਾਂਡੇ
    • ਰੋਲ, ਬੀਬੀਸੀ ਪੱਤਰਕਾਰ

ਜੂਨ 2010 ਵਿੱਚ ਤਪਦੀ ਗਰਮੀ ਦੇ ਇੱਕ ਦਿਨ ਦੋ ਬੱਚੇ ਆਪਣੇ ਮਾਪਿਆਂ ਨਾਲ ਨਰਾਜ਼ ਹੋ ਕੇ ਘਰ ਛੱਡ ਕੇ ਚਲੇ ਗਏ।

ਉਹ ਇਸ ਗੱਲ ਕਾਰਨ ਨਰਾਜ਼ ਸਨ ਕਿ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਕੁੱਟਿਆ ਸੀ।

11 ਸਾਲਾ ਬੱਚੀ ਰਾਖੀ ਅਤੇ ਉਨ੍ਹਾਂ ਦੇ 7 ਸਾਲਾ ਭਰਾ ਬਬਲੂ ਨੇ ਆਪਣੇ ਨਾਨਾ- ਨਾਨੀ ਕੋਲ ਜਾਣ ਦੀ ਯੋਜਨਾ ਬਣਾਈ।

ਉਨ੍ਹਾਂ ਦੇ ਨਾਨਾ ਨਾਨੀ ਉਨ੍ਹਾਂ ਦੇ ਘਰ ਤੋਂ ਸਿਰਫ਼ ਇੱਕ ਕਿਲੋਮੀਟਰ ਦੀ ਦੂਰੀ ’ਤੇ ਹੀ ਰਹਿੰਦੇ ਸਨ। ਪਰ ਰਸਤਾ ਭਟਕ ਜਾਣ ਕਾਰਨ ਉਹ ਗੁਆਚ ਗਏ।

ਉਨ੍ਹਾਂ ਨੂੰ ਘਰ ਵਾਪਸ ਪਰਤਣ ਵਿੱਚ ਵਿੱਚ 13 ਸਾਲ ਤੋਂ ਵੱਧ ਦਾ ਸਮਾਂ ਲੱਗਿਆ।ਆਪਣੀ ਮਾਂ ਨੀਤੂ ਕੁਮਾਰੀ ਤੱਕ ਪਹੁੰਚਣ ਵਿੱਚ ਉਨ੍ਹਾਂ ਦੀ ਇੱਕ ਬੱਚਿਆਂ ਦੇ ਹੱਕਾਂ ਵਾਲੇ ਕਾਰਕੁਨ ਨੇ ਵੀ ਮਦਦ ਕੀਤੀ।

ਅਨਾਥ ਆਸ਼ਰਮਾਂ ਵਿੱਚ ਵੱਡੇ ਹੋਏ ਬਬਲੂ ਨੇ ਮੈਨੂੰ ਫੋਨ ’ਤੇ ਦੱਸਿਆ, ‘‘ਮੈਨੂੰ ਰੋਜ਼ਾਨਾ ਆਪਣੀ ਮਾਂ ਯਾਦ ਆਉਂਦੀ ਸੀ। ਮੈਂ ਹੁਣ ਬਹੁਤ ਖ਼ੁਸ਼ ਹਾਂ ਕਿ ਮੈਂ ਆਪਣੇ ਪਰਿਵਾਰ ਕੋਲ ਵਾਪਸ ਆ ਗਿਆ ਹਾਂ।’’

ਦਸੰਬਰ ਦੇ ਅੰਤ ਵਿੱਚ ਉਨ੍ਹਾਂ ਦੇ ਮੁੜ ਮਿਲਣ ਦੀ ਵੀਡੀਓ ਵਿੱਚ ਦੇਖਿਆ ਗਿਆ ਕਿ ਨੀਤੂ ਬਬਲੂ ਦਾ ਘਰ ਆਉਣ ’ਤੇ ਸਵਾਗਤ ਕਰਦੇ ਹੋਏ ਰੋਂਦੇ ਹੋਏ ਉਸ ਨੂੰ ਘੁੱਟ ਕੇ ਗਲ ਨਾਲ ਲਾਉਂਦੀ ਹੈ । ਉਹ ਆਪਣੇ ਪੁੱਤ ਨੂੰ ਫਿਰ ਤੋਂ ਆਪਣੀਆਂ ਬਾਹਾਂ ਵਿੱਚ ਲੈਣ ਦੀ ਖੁਸ਼ੀ ਦੇਣ ਲਈ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਦੀ ਹੈ।

ਇਸ ਤੋਂ ਬਾਅਦ ਬਬਲੂ ਆਪਣੀ ਭੈਣ ਰਾਖੀ ਨੂੰ ਜੱਫੀ ਪਾਉਂਦਾ ਹੈ। ਰਾਖੀ ਦੋ ਦਿਨ ਪਹਿਲਾਂ ਹੀ ਘਰ ਪਰਤੀ ਸੀ।

ਹਾਲਾਂਕਿ ਭੈਣ-ਭਰਾ ਕੁਝ ਸਾਲਾਂ ਤੋਂ ਸੰਪਰਕ ਵਿੱਚ ਸਨ, ਪਰ ਉਹ ਇੱਕ ਦਹਾਕੇ ਤੋਂ ਵੱਧ ਸਮੇਂ ਬਾਅਦ ਆਪਸ ਵਿੱਚ ਮਿਲ ਰਹੇ ਸਨ।

ਵਿਛੋੜਾ

ਨੀਤੂ ਕੁਮਾਰੀ

ਤਸਵੀਰ ਸਰੋਤ, NARESH PARAS

ਤਸਵੀਰ ਕੈਪਸ਼ਨ, ਨੀਤੂ ਕੁਮਾਰੀ ਦੀ ਆਪਣੇ ਬੱਚਿਆਂ ਦੀਆਂ ਤਸਵੀਰਾਂ ਨਾਲ ਤਸਵੀਰ

ਬਬਲੂ ਅਤੇ ਰਾਖੀ ਆਪਣੀ ਮਾਂ ਨੀਤੂ ਕੁਮਾਰੀ ਅਤੇ ਪਿਤਾ ਸੰਤੋਸ਼ ਨਾਲ ਆਗਰਾ ਵਿੱਚ ਰਹਿੰਦੇ ਸਨ। ਇਹ ਦੋਵੇਂ ਜੋ ਦਿਹਾੜੀਦਾਰਾਂ ਵਜੋਂ ਕੰਮ ਕਰਦੇ ਹਨ।

16 ਜੂਨ 2010 ਨੂੰ ਨੀਤੂ ਨੂੰ ਕੋਈ ਕੰਮ ਨਹੀਂ ਮਿਲਿਆ ਸੀ।

ਉਸ ਨੇ ਆਪਣੀ ਇਹ ਨਿਰਾਸ਼ਾ ਜਾਂ ਭੜਾਸ ਆਪਣੀ ਧੀ ਰਾਖੀ ’ਤੇ ਕੱਢੀ ਅਤੇ ਉਸ ਨੂੰ ਰਸੋਈ ਵਿੱਚ ਵਰਤੇ ਜਾਣ ਵਾਲੇ ਲੋਹੇ ਦੇ ਚਿਮਟੇ ਨਾਲ ਕੁੱਟਿਆ।

ਆਪਣੀ ਮਾਂ ਦੇ ਕਿਸੇ ਕੰਮ ਲਈ ਘਰੋਂ ਬਾਹਰ ਜਾਣ ਮਗਰੋਂ ਰਾਖੀ ਅਤੇ ਬਬਲੂ ਘਰ ਛੱਡ ਕੇ ਚਲੇ ਗਏ।

ਬਬਲੂ ਦੱਸਦਾ ਹੈ, ‘‘ਜੇਕਰ ਮੈਂ ਚੰਗੀ ਤਰ੍ਹਾਂ ਪੜ੍ਹਾਈ ਨਹੀਂ ਕਰਦਾ ਸੀ ਤਾਂ ਮੇਰੇ ਪਿਤਾ ਜੀ ਵੀ ਮੈਨੂੰ ਕਈ ਵਾਰ ਕੁੱਟਦੇ ਸਨ, ਇਸ ਲਈ ਜਦੋਂ ਰਾਖੀ ਮੇਰੇ ਕੋਲ ਆਈ ਅਤੇ ਕਿਹਾ ਕਿ ਚਲੋ ਆਪਾਂ ਨਾਨੀ ਕੋਲ ਜਾ ਕੇ ਰਹਿੰਦੇ ਹਾਂ, ਤਾਂ ਮੈਂ ਉਸ ਨਾਲ ਸਹਿਮਤ ਹੋ ਗਿਆ।’’

ਜਦੋਂ ਉਹ ਰਾਹ ਭਟਕ ਗਏ ਤਾਂ ਇੱਕ ਰਿਕਸ਼ਾ ਚਾਲਕ ਨੇ ਉਨ੍ਹਾਂ ਨੂੰ ਰੇਲਵੇ ਸਟੇਸ਼ਨ ਤੱਕ ਛੱਡ ਦਿੱਤਾ।

ਉੱਥੇ, ਜਦੋਂ ਇਹ ਬੱਚੇ ਇੱਕ ਰੇਲਗੱਡੀ ਵਿੱਚ ਚੜ੍ਹੇ ਤਾਂ ਉਨ੍ਹਾਂ ਨੂੰ ਬੱਚਿਆਂ ਦੀ ਭਲਾਈ ਲਈ ਕੰਮ ਕਰਨ ਵਾਲੀ ਇੱਕ ਔਰਤ ਨੇ ਦੇਖ ਲਿਆ।

ਜਦੋਂ ਰੇਲਗੱਡੀ ਉਨ੍ਹਾਂ ਦੇ ਘਰ ਤੋਂ ਲਗਭਗ 250 ਕਿਲੋਮੀਟਰ ਦੂਰ ਇੱਕ ਸ਼ਹਿਰ ਮੇਰਠ ਪਹੁੰਚੀ, ਤਾਂ ਉਸ ਔਰਤ ਨੇ ਉਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜੋ ਉਨ੍ਹਾਂ ਨੂੰ ਇੱਕ ਸਰਕਾਰੀ ਅਨਾਥ ਆਸ਼ਰਮ ਵਿੱਚ ਲੈ ਗਏ।

ਬਬਲੂ ਕਹਿੰਦਾ ਹੈ, ‘‘ਅਸੀਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਘਰ ਜਾਣਾ ਚਾਹੁੰਦੇ ਹਾਂ, ਅਸੀਂ ਉਨ੍ਹਾਂ ਨੂੰ ਆਪਣੇ ਮਾਪਿਆਂ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਜਾਂ ਅਨਾਥ ਆਸ਼ਰਮ ਦੇ ਅਧਿਕਾਰੀਆਂ ਨੇ ਸਾਡੇ ਪਰਿਵਾਰ ਦੀ ਕੋਈ ਭਾਲ ਨਹੀਂ ਕੀਤੀ।’’

ਇੱਕ ਸਾਲ ਬਾਅਦ ਭੈਣ-ਭਰਾ ਵੀ ਵੱਖ ਹੋ ਗਏ। ਰਾਖੀ ਨੂੰ ਦਿੱਲੀ ਦੇ ਨੇੜੇ ਇੱਕ ਐੱਨਜੀਓ ਵੱਲੋਂ ਚਲਾਏ ਜਾ ਰਹੇ ਲੜਕੀਆਂ ਦੇ ਅਨਾਥ ਆਸ਼ਰਮ ਵਿੱਚ ਭੇਜਿਆ ਗਿਆ।

ਕੁਝ ਸਾਲਾਂ ਬਾਅਦ ਬਬਲੂ ਨੂੰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਇੱਕ ਹੋਰ ਸਰਕਾਰੀ ਅਨਾਥ ਆਸ਼ਰਮ ਵਿੱਚ ਭੇਜ ਦਿੱਤਾ ਗਿਆ।

ਵਿੱਛੜੇ ਭੈਣ-ਭਰਾ ਦਾ ਦੁਬਾਰਾ ਮਿਲਾਪ

ਜਦੋਂ ਵੀ ਕੋਈ ਵੱਡਾ ਅਫ਼ਸਰ, ਸਮਾਜਿਕ ਕਾਰਕੁਨ ਜਾਂ ਪੱਤਰਕਾਰ ਅਨਾਥ ਆਸ਼ਰਮ ਆਉਂਦੇ ਸਨ ਤਾਂ ਬਬਲੂ ਉਨ੍ਹਾਂ ਨੂੰ ਆਪਣੀ ਭੈਣ ਰਾਖੀ ਬਾਰੇ ਇਸ ਉਮੀਦ ਨਾਲ ਦੱਸਦਾ ਸੀ ਕਿ ਉਹ ਰਾਖੀ ਨੂੰ ਦੁਬਾਰਾ ਮਿਲ ਸਕੇਗਾ।

ਪਰ ਉਸ ਦੀ ਆਸ ਨੂੰ ਬੂਰ ਸਾਲ 2017 ਵਿੱਚ ਜਾ ਕੇ ਪਿਆ।

ਆਸ਼ਰਮ ਵਿੱਚ ਇੱਕ ਨਵੀਂ ਆਈ ਨਿਗਰਾਨ ਨੇ ਉਸ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ ਜਦੋਂ ਬਬਲੂ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦੀ ਭੈਣ ਰਾਖੀ ਨੂੰ ਦਿੱਲੀ ਦੇ ਨੇੜੇ ਵੱਡੀਆਂ ਲੜਕੀਆਂ ਦੇ ਕਿਸੇ ਅਨਾਥ ਆਸ਼ਰਮ ਵਿੱਚ ਭੇਜਿਆ ਗਿਆ ਹੈ।

ਸ਼ਿਕਾਇਤ ਦੀ ਕਾਪੀ

ਤਸਵੀਰ ਸਰੋਤ, NARESH PARAS

ਤਸਵੀਰ ਕੈਪਸ਼ਨ, 2010 ਵਿੱਚ ਆਪਣੇ ਬੱਚਿਆਂ ਦੇ ਗੁਆਚਣ ਬਾਰੇ ਬਬਲੂ ਅਤੇ ਰਾਖੀ ਵੱਲੋਂ ਕੀਤੀ ਗਈ ਸ਼ਿਕਾਇਤ ਦੀ ਕਾਪੀ

ਬਬਲੂ ਦੱਸਦੇ ਹਨ, ‘‘ਉਨ੍ਹਾਂ ਨੇ ਨੋਇਡਾ ਅਤੇ ਗ੍ਰੇਟਰ ਨੋਇਡਾ ਦੇ ਹਰ ਇੱਕ ਅਨਾਥ ਆਸ਼ਰਮ ਵਿੱਚ ਫੋਨ ਕਰਕੇ ਪੁੱਛਿਆ ਕਿ ਕੀ ਉਨ੍ਹਾਂ ਦੇ ਉੱਥੇ ਕੋਈ ਰਾਖੀ ਨਾਂ ਦੀ ਲੜਕੀ ਹੈ ਅਤੇ ਬਹੁਤ ਕੋਸ਼ਿਸ਼ਾਂ ਤੋਂ ਬਾਅਦ, ਉਨ੍ਹਾਂ ਨੇ ਰਾਖੀ ਨੂੰ ਲੱਭ ਲਿਆ।’’

ਉਹ ਅੱਗੇ ਕਹਿੰਦੇ ਹਨ, ‘‘ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਭੈਣ-ਭਰਾ ਨੂੰ ਅਲੱਗ ਕਰਨਾ ਬਹੁਤ ਬੇਰਹਿਮੀ ਵਾਲਾ ਕੰਮ ਹੈ। ਭੈਣਾਂ-ਭਰਾਵਾਂ ਨੂੰ ਇੱਕ ਦੂਜੇ ਦੇ ਨੇੜੇ ਕੇਂਦਰਾਂ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਅਲੱਗ ਕਰਨਾ ਸਹੀ ਨਹੀਂ ਹੈ।’’

ਇੱਕ ਵਾਰ ਜਦੋਂ ਭੈਣ-ਭਰਾ ਦੁਬਾਰਾ ਮਿਲ ਗਏ, ਤਾਂ ਉਹ ਅਕਸਰ ਫੋਨ ’ਤੇ ਗੱਲ ਕਰਦੇ ਸਨ। ਪਰ ਜਦੋਂ ਵੀ ਗੱਲਬਾਤ ਉਨ੍ਹਾਂ ਦੇ ਪਰਿਵਾਰ ਨੂੰ ਲੱਭਣ ਵੱਲ ਮੁੜਦੀ ਤਾਂ ਰਾਖੀ ਨੂੰ ਡਰ ਲੱਗਦਾ ਸੀ।

ਰਾਖੀ ਨੇ ਮੈਨੂੰ ਦੱਸਿਆ, ‘13 ਸਾਲ ਕੋਈ ਥੋੜ੍ਹਾ ਸਮਾਂ ਨਹੀਂ ਹੈ ਅਤੇ ਮੈਨੂੰ ਬਹੁਤ ਘੱਟ ਉਮੀਦ ਸੀ ਕਿ ਅਸੀਂ ਮਾਂ ਨੂੰ ਲੱਭ ਸਕਾਂਗੇ।’’

ਬਬਲੂ ਨੂੰ ਅਜਿਹਾ ਕੋਈ ਸ਼ੰਕਾ ਨਹੀਂ ਸੀ।

ਬਬਲੂ ਨੇ ਦੱਸਿਆ, ‘‘ਰਾਖੀ ਨੂੰ ਲੱਭ ਕੇ ਮੈਨੂੰ ਬਹੁਤ ਖੁਸ਼ੀ ਹੋਈ ਸੀ ਅਤੇ ਮੈਨੂੰ ਇਹ ਵੀ ਵਿਸ਼ਵਾਸ ਸੀ ਕਿ ਹੁਣ ਮੈਂ ਆਪਣੀ ਮਾਂ ਨੂੰ ਵੀ ਲੱਭ ਸਕਾਂਗਾ।’’

ਬਬਲੂ ਨੇ ਦੱਸਿਆ ਕਿ ਜਿਹੜੀਆਂ ਥਾਵਾਂ ’ਤੇ ਉਹ ਰਹਿੰਦਾ ਸੀ, ਉਨ੍ਹਾਂ ’ਚੋਂ ਇੱਕ ਥਾਂ ਅਜਿਹੀ ਸੀ ਜਿੱਥੇ ਨਿਗਰਾਨ ਅਤੇ ਉਸ ਤੋਂ ਵੱਡੀ ਉਮਰ ਦੇ ਮੁੰਡੇ ਅਕਸਰ ਉਸ ਨੂੰ ਮਾਰਦੇ ਸਨ।

ਉਸ ਦਾ ਕਹਿਣਾ ਹੈ ਕਿ ਉਸ ਨੇ ਦੋ ਵਾਰ ਭੱਜਣ ਦੀ ਕੋਸ਼ਿਸ਼ ਕੀਤੀ ਪਰ ਫਿਰ ਡਰ ਕੇ ਵਾਪਸ ਆ ਗਿਆ।

ਦੂਜੇ ਪਾਸੇ ਰਾਖੀ ਦਾ ਕਹਿਣਾ ਹੈ ਕਿ ਜਿਸ ਐੱਨਜੀਓ ਵਿੱਚ ਉਹ ਵੱਡੀ ਹੋਈ, ਉਨ੍ਹਾਂ ਨੇ ਉਸ ਦੀ ਚੰਗੀ ਦੇਖਭਾਲ ਕੀਤੀ ਹੈ।

ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਸੋਚਦੀ ਹੈ ਕਿ ਜੇ ਉਹ ਘਰ ਵਿੱਚ ਰਹਿੰਦੀ ਤਾਂ ਉਸ ਦੀ ਜ਼ਿੰਦਗੀ ਅਲੱਗ ਹੁੰਦੀ।

ਉਹ ਕਹਿੰਦੇ ਹਨ, ‘‘ਮੇਰਾ ਮੰਨਣਾ ਹੈ ਕਿ ਜੋ ਕੁਝ ਵੀ ਹੁੰਦਾ ਹੈ ਉਹ ਹਮੇਸ਼ਾ ਚੰਗੇ ਲਈ ਹੁੰਦਾ ਹੈ ਅਤੇ ਹੋ ਸਕਦਾ ਹੈ ਕਿ ਘਰ ਤੋਂ ਦੂਰ ਮੇਰੀ ਜ਼ਿੰਦਗੀ ਬਿਹਤਰ ਰਹੀ ਹੋਵੇ।’’

ਉਹ ਅੱਗੇ ਕਹਿੰਦੇ ਹਨ, ‘‘ਮੇਰਾ ਉਨ੍ਹਾਂ ਨਾਲ ਕੋਈ ਰਿਸ਼ਤਾ ਨਾਤਾ ਨਹੀਂ ਸੀ, ਪਰ ਫਿਰ ਵੀ ਉਹ ਮੇਰੀ ਚੰਗੀ ਤਰ੍ਹਾਂ ਦੇਖਭਾਲ ਕਰਦੇ ਸਨ। ਮੈਨੂੰ ਕਦੇ ਕਿਸੇ ਨੇ ਨਹੀਂ ਮਾਰਿਆ। ਮੇਰੇ ਨਾਲ ਚੰਗਾ ਸਲੂਕ ਕੀਤਾ ਗਿਆ। ਮੈਂ ਇੱਕ ਚੰਗੇ ਸਕੂਲ ਵਿੱਚ ਪੜ੍ਹਨ ਗਈ, ਮੇਰੇ ਕੋਲ ਚੰਗੀਆਂ ਸਿਹਤ ਸੰਭਾਲ ਸਹੂਲਤਾਂ ਅਤੇ ਹੋਰ ਉਹ ਸਾਰੀਆਂ ਸਹੂਲਤਾਂ ਸਨ ਜੋ ਇੱਕ ਵੱਡੇ ਸ਼ਹਿਰ ਵਿੱਚ ਮਿਲਦੀਆਂ ਹਨ।’’

ਪਰਿਵਾਰ ਨੂੰ ਦੁਬਾਰਾ ਮਿਲਾਉਣ ਵਾਲਾ ਕਾਰਕੁਨ

 ਨਰੇਸ਼ ਪਾਰਸ

ਤਸਵੀਰ ਸਰੋਤ, NARESH PARAS

ਤਸਵੀਰ ਕੈਪਸ਼ਨ, ਜਦੋਂ ਨਰੇਸ਼ ਪਾਰਸ ਨੇ ਨੀਤੂ ਕੁਮਾਰੀ ਦੀ ਬਬਲੂ ਨਾਲ ਵੀਡੀਓ ਕਾਲ ਕਰਵਾਈ ਤਾਂ ਉਹ ਆਪਣੇ ਹੰਝੂ ਰੋਕ ਨਾ ਸਕੇ

20 ਦਸੰਬਰ ਨੂੰ ਬੱਚਿਆਂ ਦੇ ਹੱਕਾਂ ਲਈ ਕੰਮ ਕਰਨ ਵਾਲੇ ਕਾਰਕੁਨ ਨਰੇਸ਼ ਪਾਰਸ ਨੂੰ ਬਬਲੂ ਦਾ ਫੋਨ ਆਇਆ, ਆਗਰਾ ਦੇ ਪਿਛੋਕੜ ਵਾਲੇ ਨਰੇਸ਼ ਹੁਣ ਬੈਂਗਲੁਰੂ ਵਿੱਚ ਰਹਿੰਦੇ ਹਨ ਅਤੇ ਉੱਥੇ ਹੀ ਨੌਕਰੀ ਕਰਦੇ ਹਨ।

ਬਬਲੂ ਨੇ ਉਨ੍ਹਾਂ ਨੂੰ ਪੁੱਛਿਆ,‘‘ਤੁਸੀਂ ਬਹੁਤ ਸਾਰੇ ਪਰਿਵਾਰਾਂ ਨੂੰ ਦੁਬਾਰਾ ਮਿਲਾਇਆ ਹੈ, ਕੀ ਤੁਸੀਂ ਮੇਰੇ ਪਰਿਵਾਰ ਨੂੰ ਲੱਭਣ ਵਿੱਚ ਮੇਰੀ ਮਦਦ ਕਰ ਸਕਦੇ ਹੋ?’’

ਨਰੇਸ਼ ਪਾਰਸ ਜੋ 2007 ਤੋਂ ਬੱਚਿਆਂ ਨਾਲ ਕੰਮ ਕਰ ਰਹੇ ਹਨ, ਉਹ ਕਹਿੰਦੇ ਹਨ ਕਿ ਇਹ ਕੋਈ ਸਾਧਾਰਨ ਮਾਮਲਾ ਨਹੀਂ ਸੀ।

ਭੈਣ-ਭਰਾ ਨੂੰ ਆਪਣੇ ਪਿਤਾ ਦਾ ਨਾਮ ਯਾਦ ਨਹੀਂ ਸੀ ਅਤੇ ਉਨ੍ਹਾਂ ਦੇ ਸਰਕਾਰੀ ਆਧਾਰ ਕਾਰਡਾਂ ’ਤੇ ਉਨ੍ਹਾਂ ਦੇ ਨਾਂ ਅਲੱਗ-ਅਲੱਗ ਸਨ।

ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਹ ਕਿਸ ਸੂਬੇ ਜਾਂ ਜ਼ਿਲ੍ਹੇ ਤੋਂ ਆਏ ਹਨ ਅਤੇ ਉਨ੍ਹਾਂ ਦੇ ਅਨਾਥ ਆਸ਼ਰਮ ਦੇ ਰਿਕਾਰਡ ਵਿੱਚ ਕਿਹਾ ਗਿਆ ਹੈ ਕਿ ਉਹ ਛੱਤੀਸਗੜ੍ਹ ਦੇ ਸ਼ਹਿਰ ਬਿਲਾਸਪੁਰ ਤੋਂ ਸਨ।

ਬਿਲਾਸਪੁਰ ਵਿੱਚ ਅਨਾਥ ਆਸ਼ਰਮਾਂ ਅਤੇ ਪੁਲਿਸ ਨੂੰ ਨਰੇਸ਼ ਪਾਰਸ ਵੱਲੋਂ ਕੀਤੇ ਗਏ ਫੋਨ ਦਾ ਕੋਈ ਨਤੀਜਾ ਨਹੀਂ ਨਿਕਲਿਆ।

ਇਸ ਪਾਸੇ ਵੱਲ ਇੱਕ ਸਫ਼ਲਤਾ ਉਦੋਂ ਮਿਲੀ ਜਦੋਂ ਬਬਲੂ ਨੂੰ ਇਹ ਯਾਦ ਆਇਆ ਜਿਸ ਸਟੇਸ਼ਨ ਤੋਂ ਉਹ ਟਰੇਨ ਵਿੱਚ ਚੜ੍ਹਿਆ ਸੀ ਉਸ ਦੇ ਬਾਹਰ ਰੇਲਵੇ ਇੰਜਣ ਦਾ ਇੱਕ ਮਾਡਲ ਖੜ੍ਹਾ ਹੋਇਆ ਸੀ।

ਪਾਰਸ ਦੱਸਦੇ ਹਨ, ‘‘ਮੈਨੂੰ ਪਤਾ ਸੀ ਕਿ ਇਹ ਆਗਰਾ ਦਾ ਛਾਉਣੀ ਸਟੇਸ਼ਨ ਹੋਵੇਗਾ।’’

ਸ਼ਹਿਰ ਦੇ ਪੁਲਿਸ ਰਿਕਾਰਡ ਨੂੰ ਦੇਖਦਿਆਂ, ਉਨ੍ਹਾਂ ਨੂੰ ਇਹ ਲੱਭਿਆ ਕਿ ਜਗਦੀਸ਼ਪੁਰਾ ਪੁਲਿਸ ਸਟੇਸ਼ਨ ’ਤੇ ਇਸ ਭੈਣ-ਭਰਾ ਦੇ ਪਿਤਾ ਨੇ ਜੂਨ 2010 ਵਿੱਚ ਸ਼ਿਕਾਇਤ ਦਰਜ ਕਰਵਾਈ ਸੀ।

ਪਰ ਜਦੋਂ ਉਨ੍ਹਾਂ ਨੇ ਪਰਿਵਾਰ ਦੀ ਭਾਲ ਕੀਤੀ ਗਈ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਉੱਥੇ ਕਿਰਾਏ 'ਤੇ ਰਹਿੰਦੇ ਸਨ ਅਤੇ ਕਿਤੇੇ ਹੋਰ ਚਲੇ ਗਏ ਸਨ।

ਫਿਰ ਰਾਖੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੂੰ ਯਾਦ ਹੈ ਕਿ ਉਸ ਦੀ ਮਾਂ ਦਾ ਨਾਂ ਨੀਤੂ ਹੈ ਅਤੇ ਉਨ੍ਹਾਂ ਦੀ ਗਰਦਨ ’ਤੇ ਸੜਨ ਕਾਰਨ ਹੋਏ ਜ਼ਖ਼ਮ ਦਾ ਦਾ ਨਿਸ਼ਾਨ ਹੈ।

ਇਸ ਦੇ ਬਾਅਦ ਪਾਰਸ ਲੇਬਰ ਚੌਂਕ ਗਏ। ਇਹ ਆਗਰਾ ਵਿੱਚ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਦਿਹਾੜੀ ਮਜ਼ਦੂਰ ਕੰਮ ਲੱਭਣ ਦੀ ਉਮੀਦ ਵਿੱਚ ਹਰ ਸਵੇਰ ਇਕੱਠੇ ਹੁੰਦੇ ਹਨ।

ਉਨ੍ਹਾਂ ਨੂੰ ਨੀਤੂ ਤਾਂ ਨਹੀਂ ਮਿਲੀ, ਪਰ ਉੱਥੇ ਮੌਜੂਦ ਕੁਝ ਮਜ਼ਦੂਰਾਂ ਨੇ ਦੱਸਿਆ ਕਿ ਉਹ ਉਸ ਨੂੰ ਜਾਣਦੇ ਹਨ ਅਤੇ ਉਸ ਤੱਕ ਸੁਨੇਹਾ ਪਹੁੰਚਾ ਦੇਣਗੇ।

ਜਿਵੇਂ ਹੀ ਨੀਤੂ ਕੁਮਾਰੀ ਨੂੰ ਪਤਾ ਲੱਗਾ ਕਿ ਉਸ ਦੇ ਬੱਚੇ ਮਿਲ ਗਏ ਹਨ, ਉਹ ਪੁਲਿਸ ਕੋਲ ਗਈ, ਜਿਨ੍ਹਾਂ ਨੇ ਪਾਰਸ ਨਾਲ ਸੰਪਰਕ ਕੀਤਾ।

13 ਸਾਲਾਂ ਬਾਅਦ ਦੁਬਾਰਾ ਹੋਇਆ ਮਿਲਾਪ

ਨੀਤੂ ਕੁਮਾਰੀ. ਬਬਲੂ, ਰਾਖੀ

ਤਸਵੀਰ ਸਰੋਤ, NARESH PARAS

ਤਸਵੀਰ ਕੈਪਸ਼ਨ, ਨੀਤੂ ਕੁਮਾਰੀ ਦੀ ਬਬਲੂ, ਰਾਖੀ ਅਤੇ ਨਰੇਸ਼ ਪਾਰਸ ਨਾਲ ਤਸਵੀਰ

ਜਦੋਂ ਪਾਰਸ ਨੀਤੂ ਨੂੰ ਮਿਲਣ ਗਏ ਤਾਂ ਉਸ ਨੇ ਉਨ੍ਹਾਂ ਨੂੰ ਬੱਚਿਆਂ ਦੀਆਂ ਤਸਵੀਰਾਂ ਅਤੇ ਪੁਲਿਸ ਸ਼ਿਕਾਇਤ ਦੀ ਕਾਪੀ ਦਿਖਾਈ।

ਜਦੋਂ ਉਨ੍ਹਾਂ ਨੇ ਉਸ ਨੂੰ ਬਬਲੂ ਅਤੇ ਰਾਖੀ ਨਾਲ ਵੀਡੀਓ ਕਾਲ ’ਤੇ ਮਿਲਾਇਆ ਤਾਂ ਸਾਰਿਆਂ ਨੇ ਇੱਕ-ਦੂਜੇ ਨੂੰ ਪਛਾਣ ਲਿਆ।

ਨੀਤੂ ਕੁਮਾਰੀ ਨੇ ਪਾਰਸ ਨੂੰ ਦੱਸਿਆ ਕਿ ਉਨ੍ਹਾਂ ਨੂੰ ‘‘ਰਾਖੀ ਨੂੰ ਕੁੱਟਣ ’ਤੇ ਬਹੁਤ ਅਫ਼ਸੋਸ ਹੈ’’ ਅਤੇ ਆਪਣੇ ਬੱਚਿਆਂ ਨੂੰ ਲੱਭਣ ਲਈ ਉਨ੍ਹਾਂ ਨੇ ਆਪਣੇ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਬਾਰੇ ਵੀ ਦੱਸਿਆ।

ਨੀਤੂ ਨੇ ਉਨ੍ਹਾਂ ਨੂੰ ਦੱਸਿਆ, ‘‘ਮੈਨੂੰ ਕਿਸੇ ਨੇ ਇਹ ਦੱਸਿਆ ਕਿ ਮੇਰੇ ਬੱਚੇ ਪਟਨਾ (ਬਿਹਾਰ ਦੀ ਰਾਜਧਾਨੀ) ਦੀਆਂ ਸੜਕਾਂ 'ਤੇ ਭੀਖ ਮੰਗਦੇ ਦੇਖੇ ਗਏ ਹਨ, ਇਸ ਮਗਰੋਂ ਮੈਂ ਕੁਝ ਪੈਸੇ ਉਧਾਰ ਲਏ ਅਤੇ ਪਟਨਾ ਗਈ। ਮੈਂ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਮੰਦਰਾਂ, ਮਸਜਿਦਾਂ, ਗੁਰਦੁਆਰਿਆਂ ਅਤੇ ਚਰਚਾਂ ਵਿੱਚ ਮੱਥੇ ਟੇਕੇ ਤੇ ਅਰਦਾਸਾਂ ਕੀਤੀਆਂ।’’

ਆਪਣੇ ਪੁੱਤ ਅਤੇ ਧੀ ਨਾਲ ਭਾਵੁਕ ਅਤੇ ਹੰਝੂਆਂ ਭਰੇ ਦੁਬਾਰਾ ਮਿਲਾਪ ਬਾਰੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਨਵੀਂ ਜ਼ਿੰਦਗੀ ਮਿਲੀ ਹੈ।

ਰਾਖੀ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਮਹਿਸੂਸ ਹੋਇਆ ਜਿਵੇਂ ਕਿ ਉਹ ‘‘ਕਿਸੇ ਫਿਲਮ ਵਿੱਚ’’ ਸੀ ਕਿਉਂਕਿ ਉਸ ਨੂੰ ਕਦੇ ਵੀ ਆਪਣੀ ਮਾਂ ਨੂੰ ਦੁਬਾਰਾ ਮਿਲਣ ਦੀ ਉਮੀਦ ਨਹੀਂ ਸੀ।

ਉਨ੍ਹਾਂ ਨੇ ਅੱਗੇ ਕਿਹਾ, ‘‘ਮੈਂ ਬਹੁਤ ਖੁਸ਼ ਹਾਂ।’’

ਬਬਲੂ ਦਾ ਕਹਿਣਾ ਹੈ ਕਿ ਉਸ ਦੀਆਂ ਭਾਵਨਾਵਾਂ ‘ਰਲੀਆਂ ਮਿਲੀਆਂ’ ਹਨ।

ਉਨ੍ਹਾਂ ਨੇ ਕਿਹਾ, ‘‘ਇਹ ਬਹੁਤ ਹੀ ਹੈਰਾਨੀਜਨਕ ਕਿ ਪਾਰਸ ਨੇ ਮੇਰੇ ਪਰਿਵਾਰ ਨੂੰ ਬੱਸ ਇੱਕ ਹਫ਼ਤੇ ਵਿੱਚ ਲੱਭ ਲਿਆ। ਮੈਂ ਪੁਲਿਸ ਅਤੇ ਐੱਨਜੀਓ ਵਰਕਰਾਂ ਤੋਂ ਨਾਰਾਜ਼ ਹਾਂ ਜਿਨ੍ਹਾਂ ਨੇ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਮੇਰੀ ਮਦਦ ਨਹੀਂ ਕੀਤੀ, ਪਰ ਮੈਂ ਆਪਣੀ ਮਾਂ ਨਾਲ ਗੱਲ ਕਰਕੇ ਬਹੁਤ ਖੁਸ਼ ਹਾਂ।’’

ਬਬਲੂ ਨੇ ਅੱਗੇ ਕਿਹਾ, “ਮਾਂ ਰੋਂਦੀ ਹੋਈ ਕਹਿ ਰਹੀ ਸੀ, ‘ਤੁਸੀਂ ਮੈਨੂੰ ਕਿਉਂ ਛੱਡ ਦਿੱਤਾ?’ ਮੈਂ ਉਨ੍ਹਾਂ ਨੂੰ ਕਿਹਾ, ਮੈਂ ਹੁਣ ਤੁਹਾਨੂੰ ਕਦੇ ਨਹੀਂ ਛੱਡਣਾ ਚਾਹੁੰਦਾ ਸੀ। ਮੈਂ ਗੁਆਚ ਗਿਆ ਸੀ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)