ਔਰਤਾਂ 'ਚ ਚਿੱਟੇ ਪਾਣੀ ਦੀ ਸਮੱਸਿਆ ਕਿਉਂ ਹੁੰਦੀ ਹੈ, ਬਚਾਅ ਕਿਵੇਂ ਕੀਤਾ ਜਾ ਸਕਦਾ ਹੈ

ਤਸਵੀਰ ਸਰੋਤ, Getty Images
ਵਜਾਈਨਲ ਹੈਲਥ ਬਾਰੇ ਤਾਂ ਹਰ ਕੋਈ ਜਾਣਨਾ ਚਾਹੁੰਦਾ ਹੈ, ਪਰ ਉਹ ਇਹ ਨਹੀਂ ਜਾਣਦੇ ਕਿ ਕਿਸ ਨਾਲ ਗੱਲ ਕੀਤੀ ਜਾਵੇ।
ਅੱਜ ਦੇ ਇਸ ਲੇਖ ’ਚ ਅਸੀਂ ਯੋਨੀ ’ਚ ਪਾਣੀ ਪੈਣ (Vaginal Discharge) ਬਾਰੇ ਗੱਲ ਕਰਾਂਗੇ। ਇਸ ਨੂੰ ਲਿਓਕੋਰੀਆ ਵੀ ਕਿਹਾ ਜਾਂਦਾ ਹੈ।
ਇਸ ਦੇ ਨਾਲ ਹੀ ‘ਗੱਲ ਤੁਹਾਡੀ ਸਿਹਤ ਦੀ’ ਸੀਰੀਜ਼ ਤਹਿਤ ਯੋਨੀ ’ਚ ਪਾਣੀ ਪੈਣ ਅਤੇ ਉਸ ਦੀ ਲਾਗ ਤੋਂ ਬਚਣ ਦੇ ਤਰੀਕਿਆਂ ਬਾਰੇ ਵੀ ਦੱਸਾਂਗੇ।
ਇਸਤਰੀ ਰੋਗਾਂ ਦੇ ਮਾਹਰ ਡਾਕਟਰ ਸ਼ਿਵਾਨੀ ਗਰਗ ਕੋਲੋਂ 'ਵਜਾਈਨਲ ਹੈਲਥ' ਨੂੰ ਠੀਕ ਰੱਖਣ ਅਤੇ ਯੋਨੀ ਦੀ ਲਾਗ ਤੋਂ ਬਚਣ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਜਾਣੋ।
ਕੀ ਲਿਓਕੋਰੀਆ ਆਮ ਗੱਲ ਹੈ?

ਤਸਵੀਰ ਸਰੋਤ, EMMA RUSSELL/BBC
ਔਰਤਾਂ ’ਚ ਕੁਝ ਹੱਦ ਤੱਕ ਯੋਨੀ ’ਚ ਪਾਣੀ ਪੈਣਾ ਆਮ ਗੱਲ ਹੈ, ਕਿਉਂਕਿ ਵਜਾਈਨਲ ਡਿਸਚਾਰਜ ਦੇ ਜ਼ਰੀਏ ਸਰੀਰ ਅੰਦਰ ਦੇ ਬੈਕਟੀਰੀਆ ਬਾਹਰ ਨਿਕਲਦੇ ਹਨ ਅਤੇ ਇਸ ਨਾਲ ਡੈੱਡ ਸੈੱਲ ਵੀ ਹਟਦੇ ਹਨ।
ਇਹ ਜੋਂ ਆਮ ਸਰੀਰਕ ਡਿਸਚਾਰਜ ਜਾਂ ਯੋਨੀ ’ਚੋਂ ਪਾਣੀ ਨਿਕਲਦਾ ਹੈੈ, ਇਹ ਇੱਕ ਆਮ ਤਰਲ ਹੁੰਦਾ ਹੈ। ਇਸ ਦੀ ਨਾ ਤਾਂ ਕੋਈ ਬਦਬੂ ਹੁੰਦੀ ਹੈ ਅਤੇ ਨਾ ਹੀ ਇਹ ਕਿਸੇ ਸਮੱਸਿਆ ਦੀ ਆਮਦ ਹੁੰਦੀ ਹੈ।
ਕਿਸ ਸਥਿਤੀ ’ਚ ਯੋਨੀ ’ਚ ਪਾਣੀ ਪੈਣਾ ਕਿਸੇ ਸਮੱਸਿਆ ਦੀ ਘੰਟੀ ਹੋ ਸਕਦਾ ਹੈ?
ਇਹ ਜਾਣਨਾ ਬਹੁਤ ਹੀ ਜ਼ਰੂਰੀ ਹੈ ਕਿ ਯੋਨੀ ’ਚ ਪਾਣੀ ਪੈਣ ਦੀ ਕਿਹੜੀ ਸਥਿਤੀ ਠੀਕ ਨਹੀਂ ਹੈ ਅਤੇ ਉਹ ਲਾਗ ਪ੍ਰਭਾਵਿਤ ਹੈ।
ਜੇਕਰ ਡਿਸਚਾਰਜ ਬਹੁਤ ਜ਼ਿਆਦਾ ਮਾਤਰਾ ’ਚ ਹੋ ਰਿਹਾ ਹੈ ਜਾਂ ਫਿਰ ਉਸ ’ਚੋਂ ਬਦਬੂ ਆ ਰਹੀ ਹੋਵੇ ਜਾਂ ਫਿਰ ਉਸ ਕਰਕੇ ਤੁਹਾਨੂੰ ਯੋਨੀ ਦੇ ਖੇਤਰ ’ਚ ਖਾਰਸ਼ ਹੋਵੇ ਅਤੇ ਨਾਲ ਹੀ ਪੇਸ਼ਾਬ ਕਰਨ ਮੌਕੇ ਦਿੱਕਤ ਹੋਵੇ ਅਤੇ ਪੇਸ਼ਾਬ ਵਾਰ-ਵਾਰ ਆਵੇ ਜਾਂ ਫਿਰ ਢਿੱਡ ਦੇ ਹੇਠਲੇ ਹਿੱਸੇ ’ਚ ਦਰਦ ਹੋਵੇ ਜਾਂ ਪਿੱਠ ਦਰਦ ਹੋਵੇ..ਤਾਂ ਇਹ ਸਾਰੇ ਲੱਛਣ ਇਹ ਦਰਸਾਉਂਦੇ ਹਨ ਕਿ ਤੁਹਾਡਾ ਵਜਾਈਨਲ ਡਿਸਚਾਰਜ ਲਾਗ ਪ੍ਰਭਾਵਿਤ ਹੈ।
ਅਜਿਹੀ ਸੂਰਤ ’ਚ ਤੁਰੰਤ ਡਾਕਟਰ ਜਾਂ ਇਸਤਰੀ ਰੋਗ ਮਾਹਰ ਦੀ ਸਲਾਹ ਲੈਣਾ ਜ਼ਰੂਰੀ ਹੋ ਜਾਂਦਾ ਹੈ।
ਵਜਾਈਨਲ ਡਿਸਚਾਰਜ ਲਾਗ ਕਾਰਨ ਕਿਵੇਂ ਪ੍ਰਭਾਵਿਤ ਹੁੰਦਾ ਹੈ?

ਤਸਵੀਰ ਸਰੋਤ, EMMA RUSSELL/BBC
ਯੋਨੀ ਵਾਲੇ ਖੇਤਰ ’ਚ ਕੁਝ ਅਜਿਹੇ ਬੈਕਟੀਰੀਆ ਜਾਂ ਚੰਗੇ ਸੈੱਲ ਹੁੰਦੇ ਹਨ ਜੋ ਕਿ ਸਾਨੂੰ ਯੋਨੀ ਦੀ ਲਾਗ ਦੇ ਖ਼ਤਰੇ ਤੋਂ ਬਚਾਉਂਦੇ ਹਨ।
ਪਰ ਜਦੋਂ ਸਰੀਰ ’ਚ ਇਹ ਬੈਕਟੀਰੀਆ ਅਸੰਤੁਲਿਤ ਹੋ ਜਾਂਦੇ ਹਨ ਤਾਂ ਲਾਗ ਵਾਰ-ਵਾਰ ਹੋਣ ਲੱਗ ਜਾਂਦੀ ਹੈ ਅਤੇ ਇਹ ਸਮੱਸਿਆ ਆ ਜਾਂਦੀ ਹੈ।

ਸਰੀਰ ’ਚ ਬੈਕਟੀਰੀਆ ਅਸੁੰਤਲਨ ਕਿਉਂ ਹੁੰਦਾ ਹੈ ?

ਤਸਵੀਰ ਸਰੋਤ, Getty Images
ਬੈਕਟੀਰੀਆ ਦੇ ਅਸੰਤੁਲਨ ਦੇ ਕਾਰਨਾਂ ’ਚ ਸਾਡਾ ਖਾਣ-ਪਾਣ, ਜੰਕ ਫੂਡ, ਬਾਹਰ ਦਾ ਖਾਣਾ, ਪਾਣੀ ਘੱਟ ਪੀਣਾ, ਗਲਤ ਢੰਗ ਨਾਲ ਖਾਣਾ ਆਦਿ ਮੁੱਖ ਹਨ।
ਇਸ ਤੋਂ ਇਲਾਵਾ ਜੇਕਰ ਸਰੀਰ ਦੀ ਚੰਗੀ ਤਰ੍ਹਾਂ ਨਾਲ ਸਾਫ਼-ਸਫਾਈ ਨਾ ਰੱਖੀ ਜਾਵੇ, ਜਨਤਕ ਪਖਾਨਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਸ ਦਾ ਅਸਰ ਪੈਂਦਾ ਹੈ।
ਇੱਕ ਤੋਂ ਵੱਧ ਲੋਕਾਂ ਨਾਲ ਜਿਨਸੀ ਸੰਬੰਧ ਕਾਇਮ ਕਰਨਾ ਅਤੇ ਅਸੁਰੱਖਿਅਤ ਸਰੀਰਕ ਸੰਬੰਧ ਬਣਾਉਣਾ ਯੋਨੀ ਦੀ ਲਾਗ ਅਤੇ ਬੈਕਟੀਰੀਆ ਦੇ ਅਸੰਤੁਲਨ ਨੂੰ ਉਤਸ਼ਾਹਿਤ ਕਰਦੇ ਹਨ।
ਇਨ੍ਹਾਂ ਕਾਰਨਾਂ ਤੋਂ ਇਲਾਵਾ ਹੋਰ ਵੀ ਕਈ ਅਜਿਹੇ ਕਾਰਨ ਹਨ ਜੋ ਕਿ ਯੋਨੀ ਦੀ ਲਾਗ ਦਾ ਕਾਰਨ ਬਣਦੇ ਹਨ।
ਜਿਵੇਂ ਕਿ ਜੇਕਰ ਕੋਪਰਟੀ (ਗਰਭ ਨਿਰੋਧ ਦਾ ਇੱਕ ਤਰੀਕਾ) ਲੰਮੇ ਸਮੇਂ ਤੱਕ ਰੱਖੀ ਜਾਵੇ ਤਾਂ ਉਹ ਵੀ ਲਾਗ ਦਾ ਕਾਰਨ ਬਣ ਸਕਦੀ ਹੈ।
ਜੇਕਰ ਟੈਮਪੋਨਜ਼ (tampons) (ਮਹਾਵਾਰੀ ਦੌਰਾਣ ਖੂਨ ਦੇ ਵਹਾਅ ਨੂੰ ਰੋਕਣ ਵਾਲਾ ਇੱਕ ਯੰਤਰ) ਨੂੰ ਜਲਦੀ ਨਾ ਹਟਾਇਆ ਜਾਵੇ ਤਾਂ ਉਹ ਵੀ ਲਾਗ ਦਾ ਕਾਰਨ ਬਣ ਸਕਦਾ ਹੈ।
ਇਸ ਲਈ ਇੰਨ੍ਹਾਂ ਨਿੱਕੀਆਂ-ਨਿੱਕੀਆਂ ਗੱਲਾਂ ਵੱਲ ਧਿਆਨ ਦੇ ਕੇ ਅਸੀਂ ਯੋਨੀ ਦੀ ਲਾਗ ਤੋਂ ਬਚਾਅ ਕਰ ਸਕਦੇ ਹਾਂ।
ਵਜਾਈਨਲ ਡਿਸਚਾਰਜ ਕਿੰਨੀ ਤਰ੍ਹਾਂ ਦਾ ਹੁੰਦਾ ਹੈ?

ਤਸਵੀਰ ਸਰੋਤ, Getty Images
ਯੋਨੀ ’ਚ ਪਾਣੀ ਪੈਣਾ ਕਈ ਤਰ੍ਹਾਂ ਦਾ ਹੁੰਦਾ ਹੈ। ਜੇਕਰ ਤਰਲ ਪਦਾਰਥ ਸਾਫ਼ ਹੈ ਅਤੇ ਉਸ ’ਚੋਂ ਕਿਸੇ ਵੀ ਤਰ੍ਹਾਂ ਦੀ ਬਦਬੂ ਨਹੀਂ ਆ ਰਹੀ ਹੈ ਅਤੇ ਨਾ ਹੀ ਕੋਈ ਹੋਰ ਲੱਛਣ ਵਿਖਾਈ ਦੇਵੇ ਤਾਂ ਉਹ ਡਿਸਚਾਰਜ ਪੂਰੀ ਤਰ੍ਹਾਂ ਨਾਲ ਸਾਧਾਰਨ ਹੁੰਦਾ ਹੈ।
ਇਸ ਸਥਿਤੀ ’ਚ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ।
ਜੇਕਰ ਯੋਨੀ ’ਚ ਪੈਣ ਵਾਲਾ ਪਾਣੀ ਸਫ਼ੈਦ ਰੰਗ ਦਾ ਹੈ, ਬਹੁਤ ਸੰਘਣਾ ਹੈ ਅਤੇ ਇਸ ਨਾਲ ਖਾਰਸ਼ ਵੀ ਹੋ ਰਹੀ ਹੈ ਤਾਂ ਇਹ ਡਿਸਚਾਰਜ ਠੀਕ ਨਹੀਂ ਹੈ।
ਜੇਕਰ ਹਰੇ ਜਾਂ ਪੀਲੇ ਰੰਗ ਦਾ ਪਾਣੀ ਪੈਂਦਾ ਹੈ ਜਾਂ ਫਿਰ ਵਾਰ-ਵਾਰ ਰੰਗ ਬਦਲਦਾ ਹੈ ਤਾਂ ਉਹ ਡਿਸਚਾਰਜ ਵੀ ਠੀਕ ਨਹੀਂ ਹੈ।
ਇਸ ਤੋਂ ਇਲਾਵਾ ਜੇਕਰ ਜਿਨਸੀ ਸੰਬੰਧ ਬਣਾਉਣ ਤੋਂ ਬਾਅਦ ਖੂਨ ਆਉਂਦਾ ਹੈ ਤਾਂ ਉਹ ਵੀ ਯੋਨੀ ਦੀ ਲਾਗ ਦਾ ਲੱਛਣ ਹੋ ਸਕਦਾ ਹੈ।
ਯੋਨੀ ਨੂੰ ਤੰਦਰੁਸਤ ਕਿਵੇਂ ਰੱਖਿਆ ਜਾ ਸਕਦਾ ਹੈ?

ਤਸਵੀਰ ਸਰੋਤ, EMMA RUSSELL/BBC
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜਦੋਂ ਵੀ ਤੁਸੀਂ ਯੋਨੀ ਦੇ ਖੇਤਰ ਦੀ ਸਾਫ ਸਫਾਈ ਕਰਦੇ ਹੋ ਤਾਂ ਇੱਕ ਵਾਰ ਹੀ ਕਰੋ ਅਤੇ ਇਸ ਦੇ ਲਈ ਥੋੜਾ ਗਰਮ ਪਾਣੀ ਵਰਤੋ।
ਸਫਾਈ ਕਰਦੇ ਸਮੇਂ ਕੋਈ ਤੇਜ਼ ਰਸਾਇਣ ਦੀ ਵਰਤੋਂ ਨਾ ਕਰੋ ਜਿਵੇਂ ਕਿ ਬਾਜ਼ਾਰ ’ਚ ਇਸ ਸਬੰਧੀ ਬਹੁਤ ਸਾਰੇ ਕੈਮੀਕਲ ਮੌਜੂਦ ਹਨ, ਉਨ੍ਹਾਂ ਦੀ ਵਰਤੋਂ ਬਿਲਕੁੱਲ ਵੀ ਨਹੀਂ ਕਰਨੀ ਹੈ।
ਸਿਰਫ ਘੱਟ ਰਸਾਇਣਕ ਸਾਬਣ ਅਤੇ ਥੋੜਾ ਗਰਮ ਪਾਣੀ ਵਰਤਣਾ ਚਾਹੀਦਾ ਹੈ।
ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ?

ਤਸਵੀਰ ਸਰੋਤ, Getty Images
ਪੇਸ਼ਾਬ ਕਰਨ ਤੋਂ ਬਾਅਦ ਇਸ ਖੇਤਰ ਨੂੰ ਪਾਣੀ ਨਾਲ ਧੋਵੋ ਅਤੇ ਫਿਰ ਕਿਸੇ ਸਾਫ ਸੂਤੀ ਕੱਪੜੇ ਨਾਲ ਸੁੱਕਾ ਕਰੋ, ਕਿਉਂਕਿ ਜਿੰਨ੍ਹੀ ਦੇਰ ਤੱਕ ਯੋਨੀ ਦਾ ਖੇਤਰ ਗਿੱਲਾ ਰਹੇਗਾ, ਉਨ੍ਹਾਂ ਹੀ ਲਾਗ ਦਾ ਖ਼ਤਰਾ ਵੀ ਵੱਧ ਜਾਵੇਗਾ ਹੈ।
ਸੂਤੀ ਕੱਪੜੇ ਨਾਲ ਯੋਨੀ ਦੇ ਆਸ-ਪਾਸ ਦੇ ਖੇਤਰ ਨੂੰ ਸੁੱਕਾ ਕਰਦੇ ਸਮੇਂ ਹਲਕੇ ਹੱਥਾਂ ਨਾਲ ਸਾਫ ਕਰਨਾ ਹੈ, ਨਾ ਕਿ ਰਗੜਨਾ।
ਕਦੇ ਵੀ ਪਿੱਛੇ ਤੋਂ ਅੱਗੇ ਵੱਲ ਨੂੰ ਸਾਫ ਨਹੀਂ ਕਰਨਾ ਹੈ। ਹਮੇਸ਼ਾਂ ਅੱਗੇ ਤੋਂ ਪਿੱਛੇ ਵੱਲ ਨੂੰ ਸਾਫ ਕਰਨਾ ਹੈ, ਕਿਉਂਕਿ ਏਨਲ ਖੇਤਰ ਦੇ ਬੈਕਟੀਰੀਆ ਯੋਨੀ ਦੇ ਖੇਤਰ ’ਚ ਦਾਖਲ ਹੋ ਸਕਦੇ ਹਨ।
ਇਸ ਤੋਂ ਇਲਾਵਾ ਜਦੋਂ ਵੀ ਤੁਸੀਂ ਜਿਨਸੀ ਸੰਬੰਧ ਬਣਾਓ ਤਾਂ ਉਸ ਤੋਂ ਪਹਿਲਾਂ ਅਤੇ ਬਾਅਦ ’ਚ ਪੇਸ਼ਾਬ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਪੇਸ਼ਾਬ ਅਤੇ ਯੋਨੀ ਦੀ ਲਾਗ ਦਾ ਖ਼ਤਰਾ ਘੱਟ ਰਹੇ।
ਇਸ ਸਭ ਦੇ ਨਾਲ-ਨਾਲ ਇਸ ਗੱਲ ਦਾ ਪਤਾ ਹੋਣਾ ਬਹੁਤ ਹੀ ਜ਼ਰੂਰੀ ਹੈ ਕਿ ਕਿਹੜਾ ਵਜਾਈਨਲ ਡਿਸਚਾਰਜ ਲਾਗ ਪ੍ਰਭਾਵਿਤ ਹੈ ਤਾਂ ਜੋ ਤੋਂ ਸਮਾਂ ਰਹਿੰਦਿਆਂ ਤੁਸੀਂ ਇਸ ਦੇ ਮਾਹਰ ਡਾਕਟਰ ਨਾਲ ਸੰਪਰਕ ਕਰ ਸਕੋ।
ਯੋਨੀ ਦੀ ਲਾਗ ਵਾਰ ਵਾਰ ਲੰਮੇ ਸਮੇਂ ਤੱਕ ਹੁੰਦੀ ਰਹਿੰਦੀ ਹੈ ਅਤੇ ਅੱਗੇ ਜਾ ਕੇ ਇਹ ਕਈ ਮੁਸ਼ਕਲਾਂ ਨੂੰ ਸੱਦਾ ਦੇ ਸਕਦੀ ਹੈ।
ਕੀ ਖਾਣਾ-ਪੀਣਾ ਚਾਹੀਦਾ ਹੈ?
ਤੁਹਾਨੂੰ ਆਪਣੇ ਖਾਣ-ਪਾਣ ’ਚ ਪ੍ਰੋਬਾਇਓਟਿਕ ਪਦਾਰਥ ਜ਼ਰੂਰ ਲੈਣੇ ਚਾਹੀਦੇ ਹਨ ਜਿਵੇਂ ਕਿ ਦਹੀਂ ਅਤੇ ਲੱਸੀ ਆਦਿ।
ਇਹ ਯੋਨੀ ਦੀ ਤੰਦਰੁਸਤੀ ਨੂੰ ਕਾਇਮ ਰੱਖਣ ’ਚ ਮਦਦ ਕਰਦੇ ਹਨ ਅਤੇ ਚੰਗੇ ਬੈਕਟੀਰੀਆ ਨੂੰ ਉਤਸ਼ਾਹਿਤ ਕਰਦੇ ਹਨ।
ਇਸ ਲਈ ਯੋਨੀ ਦੀ ਸਾਫ ਸਫਾਈ ਵੱਲ ਖਾਸ ਧਿਆਨ ਦੇਣਾ ਬਹੁਤ ਹੀ ਜ਼ਰੂਰੀ ਹੈ।











