ਗਾਂ ਤੇ ਮੱਝ ਵਰਗੇ ਦੁਧਾਰੂ ਪਸ਼ੂਆਂ ਵਿੱਚ ਬਾਂਝਪਨ ਕਦੋਂ ਹੁੰਦਾ ਹੈ, ਪਸ਼ੂ ਪਾਲਕਾਂ ਨੂੰ ਕੀ ਧਿਆਨ ਰੱਖਣਾ ਚਾਹੀਦਾ ਹੈ

    • ਲੇਖਕ, ਲਕਸ਼ਮੀ ਪਟੇਲ ਤੇ ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਸਣੇ ਭਾਰਤ ਦੇ ਕਈ ਸੂਬਿਆਂ ਦੇ ਲੱਖਾਂ ਪਸ਼ੂ ਪਾਲਕ ਦੁੱਧ ਉਤਪਾਦਨ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ। ਵਧੇਰੇ ਦੁੱਧ ਉਤਪਾਦਨ ਤੇ ਵੱਧ ਲਾਭ ਕਮਾਉਣ ਲਈ ਗਾਂ ਜਾਂ ਮੱਝ ਦਾ ਸਾਲ ਵਿੱਚ ਇੱਕ ਵਾਰ ਗਰਭਵਤੀ ਹੋਣਾ ਜ਼ਰੂਰੀ ਹੈ।

ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਗਾਂ ਜਾਂ ਮੱਝ ਵਿੱਚ ਕੋਈ ਦੋਸ਼ ਹੋਣ ਕਰ ਕੇ ਉਹ ਸਮੇਂ ਸਿਰ ਗਰਭ ਧਾਰਨ ਨਹੀਂ ਕਰ ਪਾਉਂਦੀ।

ਮਾਹਰਾਂ ਦਾ ਮੰਨਣਾ ਹੈ ਕਿ ਜ਼ਿਆਦਾਤਰ ਪਸ਼ੂ ਪੌਸ਼ਟਿਕ ਖਾਣੇ ਦੀ ਕਮੀ ਕਰਕੇ ਬਾਂਝਪਨ ਦਾ ਸ਼ਿਕਾਰ ਹੁੰਦੇ ਹਨ। ਹਾਲਾਂਕਿ, ਕੁਝ ਮਾਮਲਿਆਂ ਵਿੱਚ ਯੂਟਰਸ ਵਿੱਚ ਇਨਫੈਕਸ਼ਨ, ਹਾਰਮੋਨਲ ਸੰਤੁਲਨ ਵਰਗੇ ਕਾਰਨਾਂ ਕਰਕੇ ਉਹ ਗਰਭ ਧਾਰਨ ਨਹੀਂ ਕਰ ਪਾਉਂਦੀਆਂ, ਜਿਸ ਨੂੰ ਬਾਂਝਪਨ ਕਿਹਾ ਜਾਂਦਾ ਹੈ।

ਪਸ਼ੂਆਂ ਵਿੱਚ ਬਾਂਝਪਨ ਕੀ ਹੈ, ਇਸਦਾ ਕਾਰਨ ਕੀ ਹੁੰਦਾ ਹੈ ਤੇ ਮਾਹਰ ਇਸ ਬਾਰੇ ਕੀ ਕਹਿੰਦੇ ਹਨ, ਇਸ ਰਿਪੋਰਟ ਵਿੱਚ ਜਾਣਦੇ ਹਾਂ।

ਪਸ਼ੂਆਂ ਵਿੱਚ ਬਾਂਝਪਨ

ਮਾਹਰਾਂ ਮੁਤਾਬਕ ਪਸ਼ੂਆਂ ਦਾ ਗਰਭ ਧਾਰਨ ਚੱਕਰ 21 ਦਿਨਾਂ ਦਾ ਹੁੰਦਾ ਹੈ। ਮਾਦਾ ਪਸ਼ੂ ਬਾਲਗ਼ ਹੋਣ 'ਤੇ ਗਰਭਧਾਰਨ ਕਰਨ ਲਈ ਤਿਆਰ ਹੁੰਦੇ ਹਨ। ਇਹ ਗਰਭਧਾਰਨ ਚੱਕਰ ਹਰ 20-21 ਦਿਨਾਂ ਵਿੱਚ ਦੁਹਰਾਇਆ ਜਾਂਦਾ ਹੈ।

ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਸੀਜੀ ਚੌਧਰੀ ਨੇ ਬੀਬੀਸੀ ਨਾਲ ਕਰਦਿਆਂ ਕਿਹਾ, "ਜਦੋਂ ਕੋਈ ਮਾਦਾ ਪਸ਼ੂ ਗਰਭਵਰਤੀ ਹੋ ਜਾਂਦਾ ਹੈ, ਤਾਂ ਗਰਭਧਾਰਨ ਚੱਕਰ ਬੰਦ ਹੋ ਜਾਂਦਾ ਹੈ।"

ਪਸ਼ੂਆਂ ਦੇ ਡਾਕਟਰ ਮੌਲਿਕ ਸ਼ਰਮਾ ਪ੍ਰਜਨਨ ਸੁਧਾਰ ਪ੍ਰੋਗਰਾਮ ਨਾਲ ਜੁੜੇ ਹਨ।

ਡਾ. ਮੌਲਿਕ ਸ਼ਰਮਾ ਕਹਿੰਦੇ ਹਨ, "ਆਮ ਤੌਰ 'ਤੇ ਵੱਛੇ ਦੇ ਜਨਮ ਦੇ 60 ਤੋਂ 90 ਦਿਨ ਬਾਅਦ ਗਾਂ ਜਾਂ ਮੱਝ ਵਿੱਚ ਗਰਭਧਾਰਨ ਚੱਕਰ ਸ਼ੁਰੂ ਹੁੰਦਾ ਹੈ। ਗਾਂ ਦੀ ਵੱਛੀ ਦੋ ਸਾਲ ਬਾਅਦ ਜਦਕਿ ਮੱਝ ਦੀ ਕੱਟੀ 3 ਸਾਲ ਬਾਅਦ ਗਰਭਧਾਰਨ ਚੱਕਰ ਲਈ ਤਿਆਰ ਹੋ ਜਾਂਦੀ ਹੈ।"

ਪਸ਼ੂਆਂ ਵਿੱਚ ਬਾਂਝਪਨ ਬਾਰੇ ਗੱਲ ਕਰਦੇ ਹੋਏ ਡਾ. ਸੀਜੀ ਚੌਧਰੀ ਕਹਿੰਦੇ ਹਨ, "ਜੇਕਰ ਗਾਂ ਜਾਂ ਮੱਝ ਦਾ ਗਰਭਧਾਰਨ ਤੋਂ ਬਾਅਦ ਗਰਭਪਾਤ ਹੋ ਰਿਹਾ ਹੈ। ਜੇਕਰ ਉਹ ਵਾਰ-ਵਾਰ ਗਰਭਧਾਰਨ ਦੇ ਚੱਕਰ ਵਿੱਚ ਆਉਂਦੀ ਹੈ ਤੇ ਜੇਕਰ 3 ਵਾਰ ਪ੍ਰਜਨਨ ਕਰਵਾਉਣ ਤੋਂ ਬਾਅਦ ਵੀ ਉਹ ਗਰਭਧਾਰਨ ਨਹੀਂ ਕਰ ਪਾਉਂਦੀ, ਤਾਂ ਉਸ ਪਸ਼ੂ ਨੂੰ ਬਾਂਝ ਪਸ਼ੂਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ।"

ਪਸ਼ੂਆਂ ਵਿੱਚ ਇਹ ਬਾਂਝਪਨ ਦੋ ਪ੍ਰਕਾਰ ਦੇ ਹੁੰਦੇ ਹਨ- ਸਥਾਈ ਤੇ ਅਸਥਾਈ।

ਡਾ. ਸੀਜੀ ਚੌਧਰੀ ਕਹਿੰਦੇ ਹਨ, ਜ਼ਿਆਦਾਤਰ ਮਾਮਲਿਆਂ ਵਿੱਚ ਅਸਥਾਈ ਬਾਂਝਪਨ ਹੁੰਦਾ ਹੈ।

"ਜੇਕਰ ਗਾਂ ਜਾਂ ਮੱਝ ਗਰਭਧਾਰਨ ਚੱਕਰ ਵਿੱਚ ਨਹੀਂ ਆਉਂਦੀ, ਗਰਭਧਾਰਨ ਚੱਕਰ ਵਿੱਚ ਆਉਣ ਤੋਂ ਬਾਅਦ ਵੀ ਗਰਭਵਤੀ ਨਹੀਂ ਹੋ ਸਕਦੀ ਜਾਂ ਗਰਭਵਤੀ ਹੋਣ ਤੋਂ ਬਾਅਦ ਗਰਭਪਾਤ ਹੋ ਜਾਵੇ, ਤਾਂ ਇਹ ਅਸਥਾਈ ਬਾਂਝਪਨ ਦੇ ਲੱਛਣ ਹਨ। ਜਿਸ ਦਾ ਇਲਾਜ ਸੰਭਾਵ ਹੈ।"

"ਪਰ ਬਹੁਤ ਘੱਟ ਮਾਮਲਿਆਂ ਵਿੱਚ ਜਿੱਥੇ ਜੈਨੇਟਿਕ ਦੋਸ਼ ਹੁੰਦਾ ਹੈ, ਉੱਥੇ ਸਥਾਈ ਬਾਂਝਪਨ ਦੇਖਿਆ ਜਾਂਦਾ ਹੈ। ਹਾਲਾਂਕਿ ਇਹ ਮਾਮਲੇ ਬਹੁਤ ਘੱਟ ਹਨ।"

ਪਸ਼ੂ ਪਾਲਕਾਂ ਦਾ ਕੀ ਕਹਿਣਾ ਹੈ?

ਪਸ਼ੂ ਪਾਲਕਾਂ ਦਾ ਕਹਿਣਾ ਹੈ ਕਿ ਹਾਲ ਹੀ ਦੇ ਦਿਨਾਂ ਵਿੱਚ ਗਾਂ ਜਾਂ ਮੱਝ ਦੇ ਸਮੇਂ ਸਿਰ ਗਰਭਵਤੀ ਨਾ ਹੋਣ ਦੀ ਸਮੱਸਿਆ ਵਧਦੀ ਜਾ ਰਹੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਅਨਾਜ ਤੇ ਚਾਰੇ ਦੀਆਂ ਉੱਚੀਆਂ ਕੀਮਤਾਂ ਕਰ ਕੇ ਪੌਸ਼ਟਿਕ ਖਾਣਾ ਮਹਿੰਗਾ ਪੈਂਦਾ ਹੈ।

ਪਿਛਲੇ 30 ਸਾਲਾਂ ਤੋਂ ਪਸ਼ੂ ਪਾਲਣ ਨਾਲ ਜੁੜੇ ਰਨਛੋੜਭਾਈ ਦੇਸਾਈ ਨੇ ਬੀਬੀਸੀ ਨੂੰ ਦੱਸਿਆ, "ਗਾਂ ਜਾਂ ਮੱਝ ਗਰਭਧਾਰਨ ਚੱਕਰ ਵਿੱਚ ਆ ਤਾਂ ਜਾਂਦੀਆਂ ਹਨ, ਪਰ ਗਰਭਵਤੀ ਨਹੀਂ ਹੁੰਦੀਆਂ। ਪਿਛਲੇ ਕੁਝ ਸਮੇਂ ਤੋਂ ਇਹ ਸਮੱਸਿਆ ਵਧਦੀ ਜਾ ਰਹੀ ਹੈ।"

"ਗਰਭਧਾਰਨ ਚੱਕਰ ਵਿੱਚ ਆਉਣ ਤੋਂ ਬਾਅਦ ਗਾਂ ਜਾਂ ਮੱਝ ਗਰਭਵਤੀ ਹੋਵੇ ਜਾਂ ਨਾ ਹੋਵੇ ਪਰ ਉਸ ਦੇ ਅਸਰ ਕਰਕੇ ਦੁੱਧ ਉਤਪਾਦਨ ਘੱਟ ਹੋ ਜਾਂਦਾ ਹੈ ਤੇ ਲਗਭਗ 7 ਤੋਂ 8 ਮਹੀਨੇ ਬਾਅਦ ਉਹ ਨਾ ਤਾਂ ਗਰਭਧਾਰਨ ਕਰ ਸਕਦੀ ਹੈ ਤੇ ਨਾ ਹੀ ਦੁੱਧ ਦੇਣ ਦੀ ਸਥਿਤੀ ਵਿੱਚ ਹੁੰਦੀ ਹੈ।"

"ਪਰ ਜੇਕਰ ਉਹ ਗਰਭਵਤੀ ਨਹੀਂ ਹੁੰਦੀ ਜਾਂ ਦੇਰ ਨਾਲ ਹੁੰਦੀ ਹੈ ਤਾਂ ਪਸ਼ੂ ਪਾਲਕਾਂ ਨੂੰ ਲੰਬੇ ਸਮੇਂ ਤੱਕ ਨੁਕਸਾਨ ਝੱਲਣਾ ਪੈਂਦਾ ਹੈ। ਅਸੀਂ ਉਸ ਨੂੰ ਚਾਰਾ ਤੇ ਅਨਾਜ ਖੁਆਉਂਦੇ ਹਾਂ, ਪਰ ਸਾਨੂੰ ਸਮਝ ਨਹੀਂ ਆਉਂਦਾ ਕਿ ਗੜਬੜ ਕੀ ਹੈ।"

35 ਸਾਲਾਂ ਤੋਂ ਪਸ਼ੂ ਪਾਲਣ ਦੇ ਕਾਰੋਬਾਰ ਨਾਲ ਜੁੜੀ ਗੀਤਾ ਪਟੇਲ ਕਹਿੰਦੇ ਹਨ, "ਅੱਜਕੱਲ੍ਹ ਅਨਾਜ ਤੇ ਘਾਹ ਮਹਿੰਗਾ ਹੋ ਗਿਆ ਹੈ। ਡਾਕਟਰ ਕਹਿੰਦੇ ਹਨ ਕਿ ਜ਼ਿਆਦਾ ਅਨਾਜ ਖੁਆਓ, ਪਰ ਇਸ ਵਧਦੀ ਹੋਈ ਕੀਮਤ ਵਿੱਚ ਖਰਚ ਕੱਢਣਾ ਮੁਸ਼ਕਿਲ ਹੋ ਜਾਂਦਾ ਹੈ।"

"ਜੇਕਰ ਗਾਂ ਜਾਂ ਮੱਝ ਹਰ ਸਾਲ ਗਰਭਧਾਰਨ ਚੱਕਰ ਵਿੱਚ ਨਹੀਂ ਆਉਣਗੇ ਤਾਂ ਪਸ਼ੂ ਪਾਲਕ ਆਪਣਾ ਗੁਜ਼ਾਰਾ ਕਿਵੇਂ ਕਰਨਗੇ? ਜੇਕਰ ਗਾਂ ਜਾਂ ਮੱਝ ਬੁੱਢੀ ਹੋ ਜਾਵੇ ਤੇ ਗਰਭਧਾਰਨ ਨਾ ਕਰ ਸਕੇ ਤਾਂ ਵੀ ਸਾਨੂੰ ਉਨ੍ਹਾਂ ਨੂੰ ਖੁਆਉਣਾ ਪੈਂਦਾ ਹੈ। ਅਸੀਂ ਦਿਨ ਰਾਤ ਮਿਹਨਤ ਕਰਕੇ ਇਸ ਧੰਦੇ ਨੂੰ ਚਲਾਉਂਦੇ ਹਾਂ।"

ਪਸ਼ੂਆਂ ਵਿੱਚ ਬਾਂਝਪਨ ਦਾ ਮੁੱਖ ਕਾਰਨ

ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਵਿੱਚ ਪਸ਼ੂ ਮਾਦਾ ਰੋਗ ਅਤੇ ਜੱਚਾ-ਬੱਚਾ ਵਿਭਾਗ ਦੇ ਮੁਖੀ ਡਾ. ਅਸ਼ਵਨੀ ਕੁਮਾਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਦੁਧਾਰੂ ਪਸ਼ੂਆਂ ਵਿੱਚ ਬਾਂਝਪਨ ਜਾਂ ਪ੍ਰਜਣਨ ਦੀ ਸਮੱਸਿਆ ਦੀ ਦਰ 30 ਫ਼ੀਸਦ ਦੇ ਕਰੀਬ ਹੈ।

ਉਹ ਕਹਿੰਦੇ ਹਨ, "ਮੁੱਖ ਤੌਰ ਐਨੇਸਟ੍ਰਸ ਅਤੇ ਰੀਪੀਟ ਬਰੀਡਿੰਗ ਦੋ ਮੁੱਖ ਪ੍ਰਜਨਨ ਸਮੱਸਿਆਵਾਂ ਹਨ ਜੋ ਦੁਧਾਰੂ ਪਸ਼ੂਆਂ ਵਿੱਚ ਬਾਂਝਪਨ ਦਾ ਕਾਰਨ ਬਣਦੀਆਂ ਹਨ। ਐਨੇਸਟ੍ਰਸ (ਪ੍ਰਜਣਨ ਅਕਿਰਿਆ਼ਸ਼ੀਲਤਾ) ਦੀ ਸਮੱਸਿਆ 20 ਤੋਂ 30% ਮੱਝਾਂ ਅਤੇ ਗਾਵਾਂ ਵਿੱਚ ਹੈ ਜਦਕਿ ਰੀਪੀਟ ਬਰੀਡਿੰਗ 35 ਤੋਂ 40% ਮੱਝਾਂ ਅਤੇ ਗਾਵਾਂ ਵਿੱਚ ਆਉਂਦੀ ਹੈ।"

ਉਹ ਕਹਿੰਦੇ ਹਨ ਇਨ੍ਹਾਂ ਸਮੱਸਿਆਵਾਂ ਦੇ ਕਾਰਨ ਫਿਜ਼ੀਓਲੋਜੀਕਲ ਯਾਨਿ ਕਿ ਸਰੀਰਕ ਰੋਗ, ਪਥੋਲਜੀਕਲ ਯਾਨਿ ਕਿ ਰੋਗ, ਨਿਊਟ੍ਰੀਸ਼ਨ ਯਾਨਿ ਕਿ ਖੁਰਾਕੀ ਤੇ ਮੈਨੇਜਮੈਂਟ ਯਾਨਿ ਕਿ ਪ੍ਰਬੰਧਨ ਹੁੰਦੇ ਹਨ।"

"ਸਰੀਰਕ ਕਾਰਨਾਂ ਵਿੱਚ ਪਸ਼ੂਆਂ ਦੇ ਜਣੇਪੇ ਮਗਰੋਂ 45 ਤੋਂ 60 ਦਿਨ ਬਾਅਦ ਹੀਟ ਵਿੱਚ ਨਾ ਆਉਣਾ ਹੈ, ਕਈ ਵਾਰੀ ਇਹ ਸਮਾਂ ਮਹੀਨਿਆਂ ਤੱਕ ਵੀ ਚੱਲਿਆ ਜਾਂਦਾ ਹੈ।"

"ਸਰੀਰਕ ਕਾਰਨਾਂ ਵਿੱਚ ਦੂਜਾ ਵਿਕਾਰ ਪਰਸਿਸਟੈਂਟ ਕਾਰਪਸ ਲੁੱਟਿਅਮ (ਸੀਐੱਲ) ਹੈ। ਅੰਡਕੋਸ਼ ਉੱਤੇ ਕਾਰਪਸ ਲੁੱਟਿਅਮ ਦੀ ਬਣਤਰ ਲਗਾਤਾਰ ਬਣੇ ਰਹਿਣ ਕਾਰਨ ਵੀ ਪਸ਼ੂ ਪ੍ਰਜਣਨ ਲਈ ਤਿਆਰ ਨਹੀਂ ਹੁੰਦਾ।"

ਉਹ ਅੱਗੇ ਦੱਸਦੇ ਹਨ, "ਪਥੋਲਜੀਕਲ ਕਾਰਨਾਂ ਵਿੱਚ ਅੰਡਕੋਸ਼ ਉੱਤੇ ਗੱਠ ਦਾ ਬਣਨਾ, ਬੱਚੇਦਾਨੀ ਦੀ ਲਾਗ ਅਤੇ ਅੰਡਕੋਸ਼ ਵਿਕਾਰ ਹਨ। ਇਸ ਕਾਰਨ ਵੀ ਪਸ਼ੂ ਪ੍ਰਜਣਨ ਲਈ ਤਿਆਰ ਨਹੀਂ ਹੁੰਦੇ।"

"ਪ੍ਰਬੰਧਕ ਕਾਰਨਾਂ ਵਿੱਚ ਪਸ਼ੂਆਂ ਦੇ ਪ੍ਰਜਣਨ ਲਈ ਤਿਆਰ ਹੋਣ ਦੇ ਬਾਵਜੂਦ ਪਸ਼ੂ ਪਾਲਕਾਂ ਨੂੰ ਪਤਾ ਨਾ ਲੱਗਣਾ, ਪਸ਼ੂਆਂ ਦੇ ਆਪਣੇ ਬੱਚਿਆਂ ਨੂੰ ਲੰਬਾ ਸਮਾਂ ਦੁੱਧ ਚੁੰਘਾਉਣ ਅਤੇ ਮੌਸਮੀ ਤਣਾਅ ਸ਼ਾਮਲ ਹਨ।"

"ਜਿੰਨਾ ਵੱਧ ਸਮਾਂ ਬੱਚਾ ਮੱਝ ਜਾਂ ਗਾਂ ਦਾ ਦੁੱਧ ਚੁੰਘਦਾ ਹੈ, ਪਸ਼ੂ ਓਨੀ ਦੇਰੀ ਨਾਲ ਪ੍ਰਜਣਨ ਲਈ ਤਿਆਰ ਹੁੰਦਾ ਹੈ। ਇਸ ਤੋਂ ਇਲਾਵਾ ਮੌਸਮੀ ਤਣਾਅ ਦਾ ਅਸਰ ਵੀ ਹੁੰਦਾ ਹੈ। ਇਸ ਤੋਂ ਇਲਾਵਾ ਜੇਕਰ ਪਸ਼ੂਆਂ ਨੂੰ ਸੰਤੁਲਿਤ ਮਾਤਰਾ ਵਿੱਚ ਖੁਰਾਕ ਨਹੀਂ ਮਿਲਦੀ ਤਾਂ ਉਨ੍ਹਾਂ ਦੀ ਪ੍ਰਜਣਨ ਸ਼ਕਤੀ ਉੱਤੇ ਅਸਰ ਪੈਂਦਾ ਹੈ।"

ਪ੍ਰੋਫ਼ੈਸਰ ਅਸ਼ਵਨੀ ਦਾਅਵਾ ਕਰਦੇ ਹਨ ਕਿ ਪੰਜਾਬ ਵਿੱਚ 25 ਲੱਖ ਦੇ ਕਰੀਬ ਗਾਵਾਂ ਹਨ ਅਤੇ 40 ਤੋਂ 50 ਲੱਖ ਦਰਮਿਆਨ ਮੱਝਾਂ ਦੀ ਗਿਣਤੀ ਹੈ।

ਉੱਧਰ ਡਾ. ਮੌਲਿਕ ਸ਼ਰਮਾ ਨੇ ਬੀਬੀਸੀ ਨਾਲ ਗੱਲ ਕਰਦੇ ਹੋਏ ਕਿਹਾ, "ਪਸ਼ੂਆਂ ਦੇ ਗਰਭਧਾਰਨ ਨਾ ਕਰ ਸਕਣ ਦੇ 90 ਫੀਸਦ ਤੋਂ ਵੱਧ ਮਾਮਲਿਆਂ ਦਾ ਕਾਰਨ ਪੌਸ਼ਟਿਕ ਖਾਣੇ ਦੀ ਕਮੀ ਹੁੰਦੀ ਹੈ। ਜਦਕਿ 5 ਤੋਂ 10 ਫ਼ੀਸਦ ਮਾਮਲਿਆਂ ਵਿੱਚ ਪਸ਼ੂ ਦੇ ਯੂਟਰਸ ਵਿੱਚ ਇਨਫੈਕਸ਼ਨ ਜਾਂ ਕੋਈ ਹੋਰ ਬਿਮਾਰੀ ਹੁੰਦੀ ਹੈ।"

ਡਾਕਟਰਾਂ ਮੁਤਾਬਕ ਪਸ਼ੂਆਂ ਵਿੱਚ ਹਾਰਮੋਨਲ ਅਸੰਤੁਲਨ ਦੇ ਕਾਰਨ ਵੀ ਗਰਭਧਾਰਨ ਵਿੱਚ ਸਮੱਸਿਆ ਆ ਸਕਦੀ ਹੈ।

ਪਸ਼ੂ ਪਾਲਕਾਂ ਨੂੰ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ

ਇਸ ਬਾਰੇ ਗੱਲ ਕਰਦੇ ਗੋਏ ਡਾ. ਮੌਲਿਕ ਸ਼ਰਮਾ ਕਹਿੰਦੇ ਹਨ, "ਮਵੇਸ਼ੀਆਂ ਬੱਚੇ ਦੇ ਜਨਮ ਦੇ ਸਮੇਂ ਤੋਂ ਹੀ ਉਸ ਨੂੰ ਦੁੱਧ ਤੇ ਅਨਾਜ ਖੁਆਉਣਾ ਚਾਹੀਦਾ ਹੈ। ਡਾਕਟਰ ਦੀ ਸਲਾਹ ਦੇ ਮੁਤਾਬਕ ਉਸ ਨੂੰ ਦਵਾਈਆਂ ਤੇ ਟੀਕਾ ਲਗਵਾਉਣਾ ਚਾਹੀਦਾ ਹੈ।"

"ਜੇਕਰ ਲੋੜੀਂਦੀ ਦੇਖਭਾਲ ਤੇ ਪੌਸ਼ਟਿਕ ਭੋਜਨ ਦਿੱਤਾ ਜਾਵੇ, ਤਾਂ ਗਾਂ ਜਾਂ ਮੱਝ 15 ਹਫ਼ਤੇ ਤੱਕ ਗਰਭਧਾਰਨ ਕਰ ਸਕਦੀ ਹੈ ਅਤੇ ਜੇਕਰ ਲੋੜੀਂਦੀ ਦੇਖਭਾਲ ਨਾ ਕੀਤੀ ਜਾਵੇ, ਤਾਂ ਅਜਿਹੇ ਮਾਮਲੇ ਵੀ ਹਨ ਜਿੱਥੇ ਗਾਂ ਜਾਂ ਮੱਝ ਦੋ ਜਾਂ ਤਿੰਨ ਹਫ਼ਤੇ ਬਾਅਦ ਵੀ ਗਰਭਧਾਰਨ ਨਹੀਂ ਕਰ ਪਾਉਂਦੀ।"

ਡਾ. ਚੌਧਰੀ ਕਹਿੰਦੇ ਹਨ ਕਿ ਨਕਲੀ ਗਰਭਧਾਰਨ ਚੰਗੀ ਸਮਝ ਵਾਲੇ ਮਾਹਰ ਰਾਹੀਂ ਹੀ ਕਰਵਾਇਆ ਜਾਣਾ ਚਾਹੀਦਾ ਹੈ। ਨਕਲੀ ਗਰਭਧਾਰਨ ਕਰਵਾਉਣ ਵਾਲੇ ਸ਼ਖ਼ਸ ਨੂੰ ਸਫ਼ਾਈ ਬਣਾਈ ਰੱਖਣੀ ਚਾਹੀਦੀ ਹੈ।

ਡਾ. ਚੌਧਰੀ ਕਹਿੰਦੇ ਹਨ, "ਨਕਲੀ ਗਰਭਧਾਰਨ ਦੇ ਤਿੰਨ ਮਹੀਨੇ ਬਾਅਦ ਡਾਕਟਰ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ ਕਿ ਪਸ਼ੂ ਗਰਭਵਤੀ ਹੈ ਜਾਂ ਨਹੀਂ। ਕੁਝ ਮਾਮਲਿਆਂ ਵਿੱਚ ਪਸ਼ੂ ਪਾਲਕਾਂ ਨੂੰ 9 ਮਹੀਨੇ ਬਾਅਦ ਪਤਾ ਚਲਦਾ ਹੈ ਕਿ ਪਸ਼ੂ ਗਰਭਵਤੀ ਨਹੀਂ ਹੈ, ਅਜਿਹੇ ਵਿੱਚ ਪਸ਼ੂ ਪਾਲਕਾਂ ਨੂੰ ਨੁਕਸਾਨ ਹੁੰਦਾ ਹੈ। ਜੇਕਰ ਸਹੀ ਸਮੇਂ 'ਤੇ ਜਾਂਚ ਹੋ ਜਾਵੇ ਤਾਂ ਸਹੀ ਸਮੇਂ 'ਤੇ ਇਲਾਜ ਹੋ ਸਕਦਾ ਹੈ।"

ਡਾ. ਮੌਲਿਕ ਸ਼ਰਮਾ ਕਹਿੰਦੇ ਹਨ, "ਪਸ਼ੂਆਂ ਨੂੰ ਸਮੇਂ-ਸਮੇਂ 'ਤੇ ਕੀੜੇ ਮਾਰਨ ਵਾਲੀਆਂ ਗੋਲੀਆਂ ਦੇਣੀਆਂ ਚਾਹੀਦੀਆਂ ਹਨ। ਜਿਸ ਵਿੱਚ ਬਾਲਗ ਪਸ਼ੂਆਂ ਨੂੰ ਹਰ ਮਹੀਨੇ ਕੀੜੇ ਮਾਰਨ ਵਾਲੀਆਂ ਗੋਲੀਆਂ ਦੇਣੀਆਂ ਚਾਹੀਦੀਆਂ ਹਨ। ਪਸ਼ੂਆਂ ਵਿੱਚ ਕੀੜੇ ਹੋਣ ਕਰਕੇ ਵੀ ਉਨ੍ਹਾਂ ਵਿੱਚ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ।"

ਪਸ਼ੂਆਂ ਵਿੱਚ ਪੋਸ਼ਕ ਤੱਤਾਂ ਦੀ ਕਮੀ ਬਾਰੇ ਡਾ. ਮੌਲਿਕ ਸ਼ਰਮਾ ਕਹਿੰਦੇ ਹਨ, "ਅੱਜਕੱਲ੍ਹ ਵਧੇਰੇ ਉਤਪਾਦਨ ਹਾਸਲ ਕਰਨ ਲਈ ਮਿੱਟੀ ਵਿੱਚ ਰਸਾਇਣਕ ਖਾਦਾਂ ਦੀ ਵੱਡੇ ਪੱਧਰ ਉੱਤੇ ਵਰਤੋਂ ਕੀਤੀ ਜਾਂਦੀ ਹੈ। ਇਸ ਨਾਲ ਚਾਰੇ ਵਿੱਚ ਪੋਸ਼ਕ ਤੱਤ ਘੱਟ ਹੋ ਰਹੇ ਹਨ। ਪਸ਼ੂ ਨੂੰ ਡਾਕਟਰ ਦੀ ਸਲਾਹ ਦੇ ਨਾਲ ਹੀ ਅਨਾਜ ਜਾਂ ਹੋਰ ਪੌਸ਼ਟਿਕ ਚਾਰਾ ਅਤੇ ਖਣਿਜ ਭਰਪੂਰ ਖਾਣਾ ਦੇਣਾ ਚਾਹੀਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)