ਜਸਟਿਨ ਟਰੂਡੋ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਰਮਿਆਨ ਬਹਿਸ, ਵੀਡੀਓ ਵਾਇਰਲ

ਤਸਵੀਰ ਸਰੋਤ, Getty Images
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦੋਵਾਂ ਦੇਸਾਂ ਦੇ ਆਗੂਆਂ ਦਰਮਿਆਨ ਇੱਕ ਦੂਜੇ ਨਾਲ ਨੋਕ-ਝੋਕ ਹੁੰਦੀ ਨਜ਼ਰ ਆ ਰਹੀ ਹੈ।
ਵੀਡੀਓ ਵਿੱਚ ਚੀਨ ਦੇ ਰਾਸ਼ਟਰਪਤੀ ਸ਼ਿਕਾਇਤ ਕਰਨ ਦੇ ਅੰਦਾਜ਼ ਵਿੱਚ ਟਰੂਡੋ ਨੂੰ ਕੁਝ ਕਹਿੰਦੇ ਨਜ਼ਰ ਆ ਰਹੇ ਹਨ।
ਸ਼ੀ ਕਹਿੰਦੇ ਸੁਣਾਈ ਦਿੰਦੇ ਹਨ, “ਸਾਡੇ ਦਰਮਿਆਨ ਜੋ ਵੀ ਚਰਚਾ ਹੋਈ ਉਹ ਅਖ਼ਬਾਰ ਵਿੱਚ ਲੀਕ ਹੋ ਗਈ, ਇਹ ਠੀਕ ਨਹੀਂ ਹੈ...ਤੇ ਗੱਲਬਾਤ ਦਾ ਇਹ ਕੋਈ ਤਰੀਕਾ ਨਹੀਂ ਸੀ”
“ਜੇ ਤੁਸੀਂ ਸੱਚੇ ਹੋ, ਤਾਂ ਸਾਨੂੰ ਇੱਕ ਦੂਜੇ ਨਾਲ ਮਾਣਯੋਗ ਤਰੀਕੇ ਨਾਲ ਗੱਲ ਕਰਨੀ ਚਾਹੀਦੀ ਹੈ, ਨਹੀਂ ਤਾਂ ਇਹ ਕਹਿਣਾ ਔਖਾ ਹੈ ਕਿ ਨਤੀਜਾ ਕੀ ਹੋਵੇਗਾ।”
ਇੰਡੋਨੇਸ਼ੀਆ ਦੇ ਬਾਲੀ ਦਾ ਵੀਡੀਓ
ਦੋਵੇਂ ਆਗੂਆਂ ਵਿੱਚ ਹੋਈ ਗੱਲਬਾਤ ਦੀ ਵੀਡੀਓ ਇੰਡੋਨੇਸ਼ੀਆਂ ਦੇ ਸ਼ਹਿਰ ਬਾਲੀ ਵਿੱਚ ਚੱਲ ਰਹੇ ਜੀ-20 ਸੰਮੇਲਨ ਦੇ ਆਖ਼ਰੀ ਦਿਨ ਦੀ ਹੈ।
ਇਸ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਆਰਾਮ ਨਾਲ ਜਵਾਬ ਦਿੰਦੇ ਹਨ,“ਕੈਨੇਡਾ ਵਿੱਚ ਅਸੀਂ ਸੁਤੰਤਰ ਤੇ ਖੁੱਲ੍ਹੀ ਗੱਲਬਾਤ ਵਿੱਚ ਯਕੀਨ ਰੱਖਦੇ ਹਾਂ ਤੇ ਅਸੀਂ ਅਜਿਹਾ ਅੱਗੇ ਵੀ ਜਾਰੀ ਰੱਖਾਂਗੇ।”
“ਅਸੀਂ ਸਕਾਰਾਤਮਕ ਤੌਰ ’ਤੇ ਇਕੱਠਿਆਂ ਕੰਮ ਕਰਨ ਦੀ ਦਿਸ਼ਾ ਵਿੱਚ ਅੱਗੇ ਵੱਧਾਗੇਂ, ਪਰ ਚੀਜ਼ਾਂ ਅਜਿਹੀਆਂ ਵੀ ਹੋਣਗੀਆਂ ਜਿਨ੍ਹਾਂ ’ਤੇ ਅਸੀਂ ਅਸਿਹਮਤ ਹੋਵਾਂਗੇ।”
ਟਰੂਡੋ ਨੇ ਇਸ ਜਵਾਬ ਤੋਂ ਬਾਅਦ ਦੋਵਾਂ ਦੇਸਾਂ ਦੇ ਆਗੂਆਂ ਨੂੰ ਹੱਥ ਮਿਲਾਕੇ ਆਪੋ-ਆਪਣੀ ਰਾਹੇ ਪੈਂਦੇ ਦੇਖਿਆ ਗਿਆ।
ਜਾਂਦੇਂ-ਜਾਂਦੇ ਚੀਨ ਦੇ ਰਾਸ਼ਟਰਪਤੀ ਨੂੰ ਇਹ ਕਹਿੰਦੇ ਸੁਣਿਆ ਗਿਆ,“ਬਹੁਤ ਵਧੀਆਂ, ਪਰ ਪਹਿਲਾਂ ਅਜਿਹੇ ਹਾਲਾਤ ਬਣਾਓ।”

ਕੈਨੇਡਾ ਤੇ ਚੀਨ ਦਰਮਿਆਨ ਤਣਾਅ
- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇੰਡੋਨੇਸ਼ੀਆ ਦੇ ਬਾਲੀ ਵਿੱਚ ਹੋਏ ਜੀ-20 ਸੰਮੇਲਨ ਕੀਤੀ ਸ਼ਿਰਕਤ
- ਦੋਵਾਂ ਆਗੂਆਂ ਦਰਮਿਆਨ ਨਰਮ ਅੰਦਾਜ਼ ’ਚ ਬਹਿਸ ਦੀ ਇੱਕ ਵੀਡੀਓ ਹੋਈ ਵਾਇਰਲ
- 2018 ਵਿੱਚ ਕੈਨੇਡਾ ਵਲੋਂ ਚੀਨੀ ਕੰਪਨੀ ਹੁਆਵੇਈ ਟੈਕਨਾਲੋਜੀਜ਼ ਦੇ ਐਗਜ਼ੀਕਿਊਟਿਵ ਡਾਇਰੈਕਟਰ ਮੇਂਗ ਵਾਂਝੂ ਨੂੰ ਨਜ਼ਰਬੰਦ ਕੀਤਾ ਗਿਆ ਸੀ
- ਜਵਾਬੀ ਕਾਰਵਾਈ ਵਿੱਚ ਬੀਜਿੰਗ ਨੇ ਜਸੂਸੀ ਦੇ ਇਲਜ਼ਾਮਾਂ ਤਹਿਤ ਕੈਨੇਡਾ ਦੇ ਜੋ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰ ਲਿਆ।
- ਬਾਅਦ ਵਿੱਚ ਤਿੰਨਾਂ ਨੂੰ ਰਿਹਾਅ ਕਰ ਦਿੱਤਾ ਗਿਆ।

ਬਾਲੀ ਵਿੱਚ ਚੱਲ ਰਹੇ ਜੀ20 ਸੰਮੇਲਨ ਵਿੱਚ ਦੋਵਾਂ ਆਗੂਆਂ ਦਰਮਿਆਨ ਹੋਈ ਇਸ ਗੱਲਬਾਤ ਨੂੰ ਉਥੇ ਮੌਜੂਦ ਇੱਕ ਕੈਮਰਾਮੈਨ ਨੇ ਕੈਦ ਕਰ ਲਿਆ।

ਤਸਵੀਰ ਸਰੋਤ, ADITYA RAJ KAUL/TWITTER

ਇਹ ਵੀ ਪੜ੍ਹੋ-


ਤਸਵੀਰ ਸਰੋਤ, Getty Images
ਚੀਨ ਦਾ ਕੈਨੇਡਾ ਦੀਆਂ ਚੋਣਾਂ ਵਿੱਚ ਦਖ਼ਲ ਚਿੰਤਾਜਨਕ
ਟਰੂ਼ਡੋ ਨੇ ਮੰਗਲਵਾਰ ਨੂੰ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਦੱਸਿਆ ਸੀ ਕਿ ਟਰੂਡੋ ਨੇ ਕੈਨੇਡਾ ਦੀਆਂ ਚੋਣਾਂ ਦੌਰਾਨ ਚੀਨੀ ਦਖ਼ਲ ਨੂੰ ਲੈ ਕੇ ਆਪਣੀ ਚਿੰਤਾ ਜਿਨਪਿੰਗ ਸਾਹਮਣੇ ਜ਼ਾਹਰ ਕੀਤੀ ਸੀ।
ਮੀਡੀਆ ਵਿੱਚ ਆਈਆਂ ਖ਼ਬਰਾਂ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਸੀ ਕਿ 10 ਮਿੰਟ ਤੱਕ ਇਸ ਗੱਲਬਾਤ ਵਿੱਚ ਟਰੂਡੋ ਨੇ ਰੂਸ-ਯੁਕਰੇਨ ਸੰਕਟ, ਉੱਤਰੀ ਕੋਰੀਆ ਦੇ ਹਾਲਾਤ ਤੇ ਜਲਵਾਯੂ ਬਦਲਾਅ ਦਾ ਮੁੱਦਾ ਵੀ ਚੁੱਕਿਆ ਸੀ।

ਤਸਵੀਰ ਸਰੋਤ, Getty Images
ਕੈਨੇਡੈ ਤੇ ਚੀਨ ਦਰਮਿਆਨ ਤਣਾਅ
ਚੀਨ ਤੇ ਕੈਨੇਡਾ ਦਰਮਿਆਨ ਤਣਾਅ ਉਸ ਸਮੇਂ ਉਜਾਗਰ ਹੋਇਆ ਜਦੋਂ ਸਾਲ 2018 ਵਿੱਚ ਕੈਨੇਡਾ ਵਲੋਂ ਹੁਆਵੇਈ ਟੈਕਨਾਲੋਜੀਜ਼ ਦੇ ਐਗਜ਼ੀਕਿਊਟਿਵ ਮੇਂਗ ਵਾਂਝੂ ਨੂੰ ਨਜ਼ਰਬੰਦ ਕੀਤਾ ਗਿਆ ਸੀ ਤੇ ਜਵਾਬ ਵਿੱਚ ਬੀਜਿੰਗ ਨੇ ਜਸੂਸੀ ਦੇ ਇਲਜ਼ਾਮਾਂ ਤਹਿਤ ਕੈਨੇਡਾ ਦੇ ਜੋ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਬਾਅਦ ਵਿੱਚ ਤਿੰਨਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਪਰ ਹਾਲ ਹੀ ਵਿੱਚ ਹਾਈਡਰੋ-ਕਿਊਬੈਕ ਦੇ ਇੱਕ ਕਰਮਚਾਰੀ, ਯੂਸ਼ੇਂਗ ਵੈਂਗ ਦੀ ਗ੍ਰਿਫਤਾਰੀ ਤੋਂ ਬਾਅਦ ਤਣਾਅ ਮੁੜ ਸ਼ੁਰੂ ਹੋ ਗਿਆ, ਵੈਂਗ ’ਤੇ ਜਾਸੂਸੀ ਦਾ ਇਲਜ਼ਾਮ ਲਗਾਇਆ ਗਿਆ ਸੀ।
ਕੈਨੇਡਾ ਦੀ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ “ਵੈਂਗ ਨੇ ਵਪਾਰਕ ਭੇਦਾਂ ਦਾ ਪਲੰਦਾ ਇਕੱਠਾ ਕੀਤਾ ਗਿਆ ਤਾਂ ਜੋ ਪੀਪਲਜ਼ ਰੀਪਬਲਿਕ ਆਫ਼ ਚਾਈਨਾ ਨੂੰ ਲਾਭ ਪਹੁੰਚਾਇਆ ਜਾ ਸਕੇ ਤੇ ਕੈਨੇਡਾ ਦੇ ਵਿੱਤੀ ਹਿੱਤਾਂ ਨੂੰ ਨੁਕਸਾਨ ਪਹੁੰਚੇ।"
ਟਰੂਡੋ ਅਤੇ ਰਾਸ਼ਟਰਪਤੀ ਸ਼ੀ ਇੰਡੋਨੇਸ਼ੀਆ ਜੀ-20 ਸੰਮੇਲਨ ਵਿੱਚ ਸ਼ਾਮਿਲ ਹੋਣ ਲਈ ਇੰਡੋਨੇਸ਼ੀਆ ਦੇ ਟਾਪੂ ਬਾਲੀ ਵਿੱਚ ਪਹੁੰਚੇ ਹੋਏ ਸਨ।
ਜੀ 20 ਸੰਮੇਲਨ ਕੀ ਹੈ, ਜਿਥੇ ਕੈਨੇਡਾ ਤੇ ਚੀਨ ਦੇ ਆਗੂ ਮਿਲੇ
ਜੀ-20 ਜਾਂ ਗਰੁੱਪ ਆਫ਼ 20 ਦੁਨੀਆਂ ਦੀਆਂ 20 ਸਭ ਦੇ ਸਭ ਤੋਂ ਵੱਡੇ ਅਰਥਚਾਰਿਆਂ ਦਾ ਸਮੂਹ ਹੈ ਜੋ ਸੰਸਾਰ ਦੇ ਅਰਥਚਾਰੇ ਦੀ ਦਿਸ਼ਾ ਅਤੇ ਦਸ਼ਾ ਤੈਅ ਕਰਦਾ ਹੈ। ਜੀ-20 ਸ਼ਿਖ਼ਰ ਸੰਮੇਲਨ ਦੌਰਾਨ ਸੰਸਾਰ ਦੇ ਅਰਥਚਾਰੇ ਦਾ ਏਜੰਡਾ ਤੈਅ ਕੀਤਾ ਜਾਂਦੇ ਹੈ। ਇਸ ਵਿੱਚ ਦੁਨੀਆ ਦੇ ਸਭ ਤੋਂ ਮਜ਼ਬੂਤ ਅਰਥਚਾਰੇ ਵਾਲੇ 19 ਦੇਸ਼ ਅਤੇ ਯੂਰਪੀ ਸੰਘ ਸ਼ਾਮਲ ਹਨ। ਇਹ 19 ਦੇਸ਼ ਹਨ – ਬ੍ਰਿਟੇਨ, ਅਮਰੀਕਾ, ਭਾਰਤ, ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਇੰਡੋਨੇਸ਼ੀਆ, ਇਟਲੀ, ਜਪਾਨ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫ਼ਰੀਕਾ, ਦੱਖਣੀ ਕੋਰੀਆ ਅਤੇ ਤੁਰਕੀ। ਦੁਨੀਆਂ ਭਰ ਦਾ 85 ਫ਼ੀਸਦ ਕਾਰੋਬਾਰ ਜੀ20 ਮੈਂਬਰ ਦੇਸਾਂ ਵਿੱਚ ਹੀ ਹੁੰਦਾ ਹੈ। ਇੰਨਾ ਹੀ ਨਹੀਂ, ਦੁਨੀਆਂ ਦੀ ਦੋ-ਤਿਹਾਈ ਆਬਾਦੀ ਵੀ ਜੀ20 ਮੁਲਕਾਂ ’ਚ ਹੀ ਰਹਿੰਦੀ ਹੈ।

ਤਸਵੀਰ ਸਰੋਤ, NARENDRA MODI/TWITTER
ਹਰ ਸਾਲ ਹੋਣ ਵਾਲਾ ਜੀ-20 ਸੰਮੇਲਨ 2008 ਦੀ ਆਰਥਿਕ ਮੰਦੀ ਦੇ ਬਾਅਦ ਸ਼ੁਰੂ ਹੋਇਆ ਸੀ। ਸ਼ੁਰੂਆਤੀ ਸਾਲਾਂ ’ਚ ਜੀ-20 ਸੰਮੇਲਨ ’ਚ ਕੌਮਾਂਤਰੀ ਵਪਾਰ ਅਤੇ ਆਰਥਿਕ ਟੀਚਿਆਂ ਨੂੰ ਲੈ ਕੇ ਦੇਸ਼ਾਂ ਵਿਚਾਲੇ ਗੱਲਬਾਤ ਹੋਈ। ਅੱਗੇ ਚੱਲ ਕੇ ਜਿਵੇਂ-ਜਿਵੇਂ ਸੰਸਾਰ ਦੇ ਮੁੱਦੇ ਬਦਲੇ, ਜੀ-20 ਦਾ ਏਜੰਡਾ ਵੀ ਬਦਲਦਾ ਗਿਆ। ਇਸ ’ਚ ਜਲਵਾਯੂ ਪਰਿਵਰਤਨ ਅਤੇ ਕੌਮਾਂਤਰੀ ਅੱਤਵਾਦ ਵਰਗੇ ਮੁੱਦਿਆਂ ’ਤੇ ਵੀ ਚਰਚਾ ਹੋਣ ਲੱਗੀ
ਇਸ ਸਾਲ ਇੰਡੋਨੇਸ਼ੀਆ ਵਲੋਂ ਜੀ 20 ਸੰਮੇਲਨ ਦੀ ਨੁਮਾਇੰਦਗੀ ਕੀਤੀ ਗਈ ਤੇ 2023 ਦੇ ਸੰਮੇਲਨ ਦੀ ਪ੍ਰਧਾਨਗੀ ਅਧਿਕਾਰਿਤ ਤੌਰ ’ਤੇ ਭਾਰਤ ਨੂੰ ਸੌਂਪੀ ਗਈ ਹੈ।














