ਇੱਕ ਇਨਸਾਨ ਦੀ ਚਮੜੀ ਕਿੰਨੀਆਂ ਜਾਨਾਂ ਬਚਾ ਸਕਦੀ ਹੈ, ਭਾਰਤ ’ਚ ਕਿਵੇਂ ਹੁੰਦੀ ਹੈ ਚਮੜੀ ਦਾਨ

    • ਲੇਖਕ, ਸੁਸ਼ੀਲਾ ਸਿੰਘ
    • ਰੋਲ, ਬੀਬੀਸੀ ਪੱਤਰਕਾਰ

11 ਦਸੰਬਰ, 2023 ਦੀ ਸ਼ਾਮ ਦਾ ਸਮਾਂ ਸੀ। ਭੋਪਾਲ ਦੇ ਕਰੋਂਦ ਇਲਾਕੇ ’ਚ ਸੱਤ ਸਾਲਾ ਚਿਤਰਾਂਸ਼ ਆਪਣੇ ਘਰ ਦੀ ਛੱਤ ’ਤੇ ਖੇਡ ਰਿਹਾ ਸੀ ਅਤੇ ਉਸੇ ਛੱਤ ਤੋਂ ਇੱਕ ਹਾਈ ਟੈਂਸ਼ਨ ਦੀ ਤਾਰ ਲੰਘ ਰਹੀ ਸੀ।

ਚਿਤਰਾਂਸ਼ ਦੀ ਮਾਂ ਮਨੀਸ਼ਾ ਦਾਂਗੀ ਵੀ ਉੱਥੇ ਹੀ ਕੱਪੜੇ ਸੁਕਾ ਰਹੇ ਸਨ। ਅਚਾਨਕ ਹੀ ਬਹੁਤ ਜ਼ੋਰ ਨਾਲ ਧਮਾਕਾ ਹੋਇਆ ਅਤੇ ਜਦੋਂ ਮਨੀਸ਼ਾ ਨੇ ਮੁੜ ਕੇ ਵੇਖਿਆ ਤਾਂ ਉਹ ਹੈਰਾਨ-ਪਰੇਸ਼ਾਨ ਰਹਿ ਗਈ।

ਉਸ ਨੇ ਚੀਕ ਮਾਰੀ ਅਤੇ ਤੇਜ਼ੀ ਨਾਲ ਚਿਤਰਾਂਸ਼ ਨੂੰ ਫੜਿਆ ਅਤੇ ਆਪਣੇ ਇੱਕ ਗੁਆਂਢੀ ਦੀ ਮਦਦ ਨਾਲ ਉਸ ਨੂੰ ਹਸਪਤਾਲ ਲੈ ਕੇ ਗਈ।

ਚਿਤਰਾਂਸ਼ ਦੇ ਪਿਤਾ ਗਜੇਂਦਰ ਦਾਂਗੀ ਦਾ ਕਹਿਣਾ ਹੈ, “ਅਸੀਂ ਇਸ ਘਰ ’ਚ ਇੱਕ ਦਿਨ ਪਹਿਲਾਂ ਹੀ ਸ਼ਿਫਟ ਹੋਏ ਸੀ। ਮੇਰਾ ਬੱਚਾ ਲੋਹੇ ਦੀ ਰਾਡ ਨਾਲ ਛੱਤ ’ਤੇ ਖੇਡ ਰਿਹਾ ਸੀ। ਉਹ ਰਾਡ ਹਾਈ ਟੈਂਸ਼ਨ ਦੀ ਤਾਰ ਨਾਲ ਟਕਰਾਈ ਅਤੇ ਉਸ ’ਚੋਂ ਚੰਗਿਆੜੀ ਨਿਕਲੀ, ਜਿਸ ਨਾਲ ਚਿਤਰਾਂਸ਼ ਸੜ ਗਿਆ।”

ਮਨੀਸ਼ਾ ਨੇ ਦੱਸਿਆ, “ਮੇਰੇ ਅਤੇ ਮੇਰੀ ਪਤਨੀ ਕੋਲ ਇਸ ਬਾਰੇ ਕੁਝ ਵੀ ਕਹਿਣ ਲਈ ਸ਼ਬਦ ਹੀ ਨਹੀਂ ਸਨ ਕਿਉਂਕਿ ਆਪਣੇ ਬੱਚੇ ਨੂੰ ਇਸ ਹਾਲਤ ’ਚ ਵੇਖਣਾ ਸਾਡੇ ਲਈ ਬਹੁਤ ਹੀ ਮੁਸ਼ਕਲ ਸੀ।”

ਇਸ ਬੱਚੇ ਦਾ ਇਲਾਜ ਕਰਨ ਵਾਲੇ ਕਾਸਮੈਟਿਕ ਅਤੇ ਪਲਾਸਟਿਕ ਸਰਜਨ ਡਾਕਟਰ ਸੁਨੀਲ ਰਾਠੌਰ ਬਾਂਸਲ ਦਾ ਕਹਿਣਾ ਹੈ, “ਜਦੋਂ ਇਹ ਬੱਚਾ ਸਾਡੇ ਕੋਲ ਆਇਆ ਸੀ, ਉਸ ਸਮੇਂ ਇਸ ਦਾ 60% ਸਰੀਰ ਸੜ ਚੁੱਕਿਆ ਸੀ। ਸਿਰਫ ਪਿੱਠ ਅਤੇ ਲੱਤਾਂ ਦੀ ਚਮੜੀ ਸਲਾਮਤ ਸੀ। ਇਹ ਬੱਚਾ ਕਈ ਦਿਨਾਂ ਤੱਕ ਵੈਂਟੀਲੇਟਰ ’ਤੇ ਰਿਹਾ।”

ਚਮੜੀ ਦਾਨ ਕਰਨ ’ਚ ਝਿਜਕ

ਉਹ ਅੱਗੇ ਦੱਸਦੇ ਹਨ, “ਅਸੀਂ ਬੱਚੇ ਦੇ ਜ਼ਖਮ ’ਤੇ ਪਹਿਲਾਂ ਉਸ ਦੀ ਹੀ ਚਮੜੀ ਨਾਲ ਗ੍ਰਾਫਟਿੰਗ ਕੀਤੀ ਪਰ ਸਕਿਨ ਨਾਕਾਫ਼ੀ ਸੀ। ਇਸ ਤੋਂ ਬਾਅਦ ਅਸੀਂ ਪਿਤਾ ਦੀ ਕਾਊਂਸਲਿੰਗ ਕੀਤੀ ਅਤੇ ਉਨ੍ਹਾਂ ਦੇ ਇੱਕ ਪੈਰ ਤੋਂ ਮਾਸ ਲਿਆ।"

"ਅਸੀਂ ਬੱਚੇ ਦੇ ਇੱਕ ਹੱਥ ਦੀ ਚਮੜੀ ਨੂੰ ਬਚਾਇਆ ਤਾਂ ਕਿ ਅੱਗੇ ਲਗਾਇਆ ਜਾ ਸਕੇ। ਅਜੇ ਵੀ ਬੱਚੇ ਦੀ ਡਰੈਸਿੰਗ ਹੋ ਰਹੀ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੱਥਾਂ ਦੀ ਚਮੜੀ ਚਿਪਕੇ ਨਾ, ਪਰ ਭਵਿੱਖ ’ਚ ਵੀ ਬੱਚੇ ਨੂੰ ਸਰਜਰੀ ਦੀ ਜ਼ਰੂਰਤ ਪਵੇਗੀ।”

ਡਾ. ਸੁਨੀਲ ਰਾਠੌਰ ਬਾਂਸਲ ਦਾ ਕਹਿਣਾ ਹੈ, “ਆਮ ਤੌਰ ’ਤੇ ਵੇਖਿਆ ਗਿਆ ਹੈ ਕਿ ਜਦੋਂ ਬੱਚਿਆਂ ਦੇ ਨਾਲ ਅਜਿਹੀਆਂ ਅਣਸੁਖਾਂਵੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਮਾਪੇ ਖ਼ਾਸ ਕਰਕੇ ਪਿਤਾ ਆਪਣੀ ਚਮੜੀ ਦਾਨ ਕਰਨ ਲਈ ਤਿਆਰ ਹੋ ਜਾਂਦੇ ਹਨ, ਪਰ ਜੇਕਰ ਬਾਲਗ਼ ਹੋਣ ਤਾਂ ਲੋਕ ਚਮੜੀ ਦਾਨ ਕਰਨ ਤੋਂ ਝਿਜਕਦੇ ਹਨ।”

ਘਰੇਲੂ ਹਿੰਸਾ ਦੀ ਸ਼ਿਕਾਰ ਅਤੇ ਬਰਨ ਸਰਵਾਈਵਰ ਸਨੇਹਾ ਜਾਵਲੇ ਦਾ ਕਹਿਣਾ ਹੈ, “ਜੋ ਲੋਕ ਕਿਸੇ ਘਟਨਾ ਦੇ ਕਾਰਨ ਸੜ ਜਾਂਦੇ ਹਨ ਤਾਂ ਉਹ ਵੈਸੇ ਵੀ ਸਦਮੇ ਅਤੇ ਦਰਦ ਨੂੰ ਝੱਲ ਰਹੇ ਹੁੰਦੇ ਹਨ।"

"ਅਜਿਹੇ ’ਚ ਉਨ੍ਹਾਂ ਦੇ ਹੀ ਸਰੀਰ ’ਚੋਂ ਚਮੜੀ ਲੈਣਾ, ਉਨ੍ਹਾਂ ਦੇ ਲਈ ਵਧੇਰੇ ਦਰਦਨਾਕ ਹੋ ਸਕਦਾ ਹੈ। ਅਜਿਹੀ ਸਥਿਤੀ ’ਚ ਰਿਸ਼ਤੇਦਾਰਾਂ ਅਤੇ ਲੋਕਾਂ ਨੂੰ ਅੱਗੇ ਆ ਕੇ ਸਕਿਨ ਦਾਨ ਕਰਨਾ ਚਾਹੀਦਾ ਹੈ।”

ਸਨੇਹਾ ਅੱਗੇ ਕਹਿੰਦੇ ਹਨ ਕਿ ਉਨ੍ਹਾਂ ਦੇ ਸਰੀਰ ਦਾ 40 ਫੀਸਦੀ ਹਿੱਸਾ ਸੜ ਗਿਆ ਸੀ ਅਤੇ ਉਨ੍ਹਾਂ ਦੇ ਲਈ ਕੋਈ ਵੀ ਚਮੜੀ ਦਾਨ ਕਰਨ ਲਈ ਨਹੀਂ ਆਇਆ ਸੀ। ਉਨ੍ਹਾਂ ਦੇ ਆਪਣੇ ਸਰੀਰ ਤੋਂ ਹੀ ਚਮੜੀ ਲੈ ਕੇ ਲਗਾਈ ਗਈ ਸੀ।

ਪਰ ਜੇਕਰ ਕੋਈ ਹੋਰ ਸਨੇਹਾ ਲਈ ਚਮੜੀ ਦਾਨ ਕਰ ਦਿੰਦਾ ਤਾਂ ਉਹ ਇਸ ਦਰਦ ਤੋਂ ਕਿਸੇ ਹੱਦ ਤੱਕ ਬਚ ਸਕਦੇ ਸਨ ਅਤੇ ਉਹ ਠੀਕ ਵੀ ਜਲਦੀ ਹੋ ਜਾਂਦੇ।

ਮਰੀਜ਼ ਦੀ ਜ਼ਿੰਦਗੀ ਦੇ ਲਈ ਸਕਿਨ ਦਾਨ ਦੀ ਅਹਿਮੀਅਤ ਨੂੰ ਸਮਝਾਉਂਦੇ ਹੋਏ ਡਾਕਟਰ ਸੁਨੀਲ ਕੇਸਵਾਨੀ ਦਾ ਕਹਿਣਾ ਹੈ ਕਿ ਸਕਿਨ ਜਾਂ ਚਮੜੀ ਸਰੀਰ ਦਾ ਇੱਕ ਵੱਡਾ ਅੰਗ ਹੈ ਅਤੇ ਇੱਕ ਵਿਅਕਤੀ ਨੂੰ ਬਾਹਰੀ ਸੰਕਰਮਣ/ਲਾਗ, ਗਰਮੀ, ਠੰਢ ਅਤੇ ਸਰੀਰ ’ਚ ਮੌਜੂਦ ਤਰਲ ਪਦਾਰਥ ਨੂੰ ਲੀਕ ਹੋਣ ਤੋਂ ਰੋਕਦਾ ਹੈ ਤੇ ਚਮੜੀ ਇੱਕ ਤਰ੍ਹਾਂ ਨਾਲ ਸੁਰੱਖਿਆ ਦਾ ਕੰਮ ਕਰਦੀ ਹੈ।

ਡਾਕਟਰ ਸੁਨੀਲ ਕੇਸਵਾਨੀ ਨੈਸ਼ਨਲ ਬਰਨਜ਼ ਸੈਂਟਰ ’ਚ ਮੈਡੀਕਲ ਡਾਇਰੈਕਟਰ, ਪਲਾਸਟਿਕ ਐਂਡ ਕਾਸਮੈਟਿਕ ਸਰਜਨ ਮੁੰਬਈ ਦੇ ਰਹਿਣ ਵਾਲੇ ਹਨ।

ਡਾਕਟਰ ਕੇਸਵਾਨੀ ਨੇ ਬੀਬੀਸੀ ਨੂੰ ਦੱਸਿਆ, “ਜਦੋਂ ਕਿਸੇ ਮਰਦ ਜਾਂ ਔਰਤ ਦੀ ਚਮੜੀ ਸੜ ਜਾਂਦੀ ਹੈ ਤਾਂ ਉਸ ਨੂੰ ਇਹ ਸੁਰੱਖਿਆ ਮਿਲਣੀ ਬੰਦ ਹੋ ਜਾਂਦੀ ਹੈ।"

"ਇਸ ਕਰਕੇ ਬੈਕਟੀਰੀਆ ਉਸ ਦੇ ਸਰੀਰ ’ਚ ਆਸਾਨੀ ਨਾਲ ਦਾਖਲ ਹੋ ਜਾਂਦੇ ਹਨ ਅਤੇ ਉਹ ਲਾਗ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਲਈ ਚਮੜੀ ਦਾਨ ਕਰਨੀ ਚਾਹੀਦੀ ਹੈ ਤਾਂ ਜੋ ਪੀੜਤ ਲੋਕਾਂ ਦੀ ਜਾਨ ਬਚਾਈ ਜਾ ਸਕੇ।”

ਭਾਰਤ ’ਚ ਲੋਕਾਂ ਦੇ ਸੜਨ ਦੀਆਂ ਘਟਨਾਵਾਂ

ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਹਰ ਸਾਲ ਭਾਰਤ ’ਚ 10 ਲੱਖ ਲੋਕ ਘੱਟ ਜਾਂ ਗੰਭੀਰ ਰੂਪ ਨਾਲ ਸੜਨ ਦਾ ਸ਼ਿਕਾਰ ਹੁੰਦੇ ਹਨ।

ਸਫ਼ਦਰਜੰਗ ਹਸਪਤਾਲ ’ਚ (ਬਰਨ ਐਂਡ ਪਲਾਸਟਿਕ) ਵਿਭਾਗ ਦੇ ਐੱਚਓਡੀ ਡਾ. ਸ਼ਲਭ ਕੁਮਾਰ ਦਾ ਕਹਿਣਾ ਹੈ ਕਿ ਅੰਕੜਿਆਂ ’ਤੇ ਝਾਤ ਮਾਰੀ ਜਾਵੇ ਤਾਂ ਕਈ ਮਾਮਲੇ ਅਜਿਹੇ ਹਨ ਜੋ ਕਿ ਰਜਿਸਟਰ ਹੀ ਨਹੀਂ ਹੁੰਦੇ ਹਨ, ਕਿਉਂਕਿ ਮਰੀਜ਼ ਕਿਸੇ ਛੋਟੇ ਕਲੀਨਿਕ ’ਚ ਚਲੇ ਜਾਂਦੇ ਹਨ।

ਅਜਿਹੀ ਸਥਿਤੀ ’ਚ ਸੜਨ ਵਾਲੇ ਲੋਕਾਂ ਦੇ ਸਹੀ ਅੰਕੜੇ ਪੂਰੀ ਤਰ੍ਹਾਂ ਨਾਲ ਸਾਹਮਣੇ ਨਹੀਂ ਆਉਂਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹਸਪਤਾਲ ’ਚ ਇੱਕ ਸਾਲ ’ਚ ਤਕਰੀਬਨ 7 ਹਜ਼ਾਰ ਤੋਂ ਵੀ ਜ਼ਿਆਦਾ ਸੜਨ ਵਾਲੇ ਮਰੀਜ਼ ਆਉਂਦੇ ਹਨ, ਜਿਸ ’ਚ ਰਸੋਈਘਰ ’ਚ ਵਾਪਰੇ ਹਾਦਸਿਆਂ ਕਾਰਨ ਸੜਨ ਦੇ ਜ਼ਿਆਦਾ ਮਾਮਲੇ ਦਰਜ ਹੁੰਦੇ ਹਨ।

ਇਸ ਤੋਂ ਇਲਾਵਾ ਫੈਕਟਰੀ ਜਾਂ ਕਿਸੇ ਹੋਰ ਥਾਂ ’ਤੇ ਵਾਪਰਨ ਵਾਲੀਆਂ ਘਟਨਾਵਾਂ ਅਤੇ ਐਸਿਡ ਸਰਵਾਈਵਰ ਵੀ ਹਨ।

ਡਾਕਟਰਾਂ ਦੱਸਦੇ ਹਨ ਕਿ ਭਾਰਤ ’ਚ ਕੋਈ ਵੀ ਜ਼ਿੰਦਾ ਵਿਅਕਤੀ ਆਪਣੀ ਚਮੜੀ ਦਾਨ ਨਹੀਂ ਕਰ ਸਕਦਾ ਹੈ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਇਹ ਗ਼ੈਰ-ਕਾਨੂੰਨੀ ਹੈ।

ਭਾਰਤ ’ਚ ਸਕਿਨ ਬੈਂਕ

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡਾ. ਸੁਨੀਲ ਕੇਸਵਾਨੀ ਦੱਸਦੇ ਹਨ, “ਭਾਰਤ ’ਚ ਸਕਿਨ ਬੈਂਕਾਂ ਦੀ ਗਿਣਤੀ ਬਹੁਤ ਘੱਟ ਹੈ। ਜਿਨ੍ਹਾਂ ਇਲਾਕਿਆਂ ’ਚ ਇਹ ਮੌਜੂਦ ਨਹੀਂ ਹਨ, ਉੱਥੇ ਜ਼ਿੰਦਾ ਵਿਅਕਤੀ ਵੀ ਆਪਣੀ ਚਮੜੀ ਦਾਨ ਕਰ ਸਕਦੇ ਹਨ।”

ਅਜਿਹੇ ’ਚ ਭੋਪਾਲ ’ਚ ਗਜੇਂਦਰ ਵੱਲੋਂ ਆਪਣੇ ਪੁੱਤਰ ਨੂੰ ਚਮੜੀ ਦਾਨ ਕਰਨਾ ਗ਼ੈਰ-ਕਾਨੂੰਨੀ ਨਹੀਂ ਹੈ, ਕਿਉਂਕਿ ਉੱਥੇ ਕੋਈ ਸਕਿਨ ਬੈਂਕ ਨਹੀਂ ਹੈ।

ਡਾ. ਕੇਸਵਾਨੀ ਅੱਗੇ ਦੱਸਦੇ ਹਨ ਕਿ ਜੇਕਰ ਪਿਛਲੇ ਮਹੀਨੇ ਤੱਕ ਦਾ ਅੰਕੜਾ ਵੇਖਿਆ ਜਾਵੇ ਤਾਂ ਭਾਰਤ ’ਚ ਹੁਣ ਤੱਕ 27 ਸਕਿਨ ਬੈਂਕ ਖੁੱਲ੍ਹ ਚੁੱਕੇ ਹਨ।

ਭਾਰਤ ’ਚ ਇਹ ਜ਼ਿਆਦਾਤਰ ਮਹਾਰਾਸ਼ਟਰ ਅਤੇ ਦੱਖਣੀ ਸੂਬਿਆਂ ’ਚ ਹਨ। ਉੱਥੇ ਹੀ ਰਾਜਧਾਨੀ ਦਿੱਲੀ ਦੇ ਸਫ਼ਦਰਜੰਗ ਹਸਪਤਾਲ ’ਚ ਉੱਤਰ ਭਾਰਤ ਦਾ ਪਹਿਲਾ ਸਕਿਨ ਬੈਂਕ ਖੁੱਲ੍ਹਿਆ ਸੀ, ਪਰ ਹੁਣ ਕਈ ਸੂਬਿਆਂ ’ਚ ਅਜਿਹੇ ਸਕਿਨ ਬੈਂਕ ਖੁੱਲ੍ਹ ਚੁੱਕੇ ਹਨ।

ਚਮੜੀ ਦਾਨ ਕੌਣ ਕਰ ਸਕਦਾ ਹੈ

  • ਕਿਸੇ ਮ੍ਰਿਤਕ ਵਿਅਕਤੀ ਦੀ ਚਮੜੀ ਦਾਨ ਲਈ ਦਿੱਤੀ ਜਾ ਸਕਦੀ ਹੈ।
  • ਮ੍ਰਿਤਕ ਵਿਅਕਤੀ ਦੀ ਚਮੜੀ ਉਸ ਦੇ ਦੇਹਾਂਤ ਤੋਂ 6-8 ਘੰਟਿਆਂ ਦੇ ਅੰਦਰ-ਅੰਦਰ ਲਈ ਜਾ ਸਕਦੀ ਹੈ।
  • ਚਮੜੀ ਦਾਨ ਕਰਨ ਵਾਲੇ ਵਿਅਕਤੀ ਦੀ ਉਮਰ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਹੈ।
  • ਉਸ ਨੂੰ ਕਿਸੇ ਵੀ ਤਰ੍ਹਾਂ ਦਾ ਚਮੜੀ ਰੋਗ ਨਹੀਂ ਹੋਣਾ ਚਾਹੀਦਾ ਹੈ।
  • ਚਮੜੀ ਦਾਨ ਕਰਨ ਵਾਲਾ ਵਿਅਕਤੀ ਚਮੜੀ ਦੇ ਕੈਂਸਰ ਤੋਂ ਪੀੜਤ ਨਹੀਂ ਹੋਣਾ ਚਾਹੀਦਾ ਹੈ।
  • 100 ਸਾਲ ਦਾ ਵਿਅਕਤੀ ਵੀ ਚਮੜੀ ਦਾਨ ਕਰ ਸਕਦਾ ਹੈ।
  • ਦਾਨ ਕਰਨ ਵਾਲਾ ਵਿਅਕਤੀ ਐੱਚਆਈਵੀ, ਹੈਪੇਟਾਈਟਸ ਬੀ ਅਤੇ ਸੀ ਤੋਂ ਪੀੜਤ ਨਹੀਂ ਹੋਣਾ ਚਾਹੀਦਾ ਹੈ।

ਸਕਿਨ ਬੈਂਕ ’ਚ ਚਮੜੀ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾਂਦਾ ਹੈ?

ਡਾ. ਸੁਨੀਲ ਕੇਸਵਾਨੀ ਅਤੇ ਡਾ. ਸ਼ਲਭ ਕੁਮਾਰ ਦਾ ਕਹਿਣਾ ਹੈ ਕਿ ਸਕਿਨ ਬੈਂਕ ’ਚ ਇੱਕ ਰਸਾਇਣ ਦੀ ਵਰਤੋਂ ਹੁੰਦੀ ਹੈ, ਜਿਸ ਨੂੰ ਗਲਾਈਸਰੋਲ ( Glycerol) ਕਿਹਾ ਜਾਂਦਾ ਹੈ।

ਇਸ ਰਸਾਇਣ ’ਚ 4 ਤੋਂ 6 ਡਿਗਰੀ ਸੈਲਸੀਅਸ ਤਾਪਮਾਨ ’ਤੇ 45 ਦਿਨਾਂ ਤੱਕ ਚਮੜੀ ਦੀ ਪ੍ਰੋਸੈਸਿੰਗ ਕੀਤੀ ਜਾਂਦੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨੂੰ ਪੰਜ ਸਾਲਾਂ ਤੱਕ ਸੰਭਾਲ ਕੇ ਰੱਖਿਆ ਜਾ ਸਕਦਾ ਹੈ, ਪਰ ਇੰਨੇ ਸਮੇਂ ਤੱਕ ਬਚਦੀ ਹੀ ਨਹੀਂ ਹੈ, ਕਿਉਂਕਿ ਇਸ ਦੀ ਮੰਗ ਹੀ ਬਹੁਤ ਜ਼ਿਆਦਾ ਹੈ।

ਸਕਿਨ ਟਰਾਂਸਪਲਾਂਟ ਆਸਾਨ ਹੈ

ਡਾਕਟਰਾਂ ਦੇ ਅਨੁਸਾਰ ਜਿਗਰ ਜਾਂ ਕਿਡਨੀ ਟਰਾਂਸਪਲਾਂਟ ਦੇ ਲਈ ਜਿੱਥੇ ਰਿਸੀਵਰ (ਜੋ ਪ੍ਰਾਪਤ ਕਰਦਾ ਹੈ) ਅਤੇ ਡੋਨਰ ਵਿਚਾਲੇ ਟਿਸ਼ੂ ਦਾ ਮੇਲ ਹੋਣਾ ਬਹੁਤ ਲਾਜ਼ਮੀ ਹੁੰਦਾ ਹੈ, ਉੱਥੇ ਹੀ ਸਕਿਨ ਟ੍ਰਾਂਸਪਲਾਂਟ ਦੇ ਲਈ ਇਸ ਦੀ ਜ਼ਰੂਰਤ ਨਹੀਂ ਹੁੰਦੀ ਹੈ।

ਡਾ. ਸੁਨੀਲ ਰਾਠੌਰ ਬਾਂਸਲ ਦਾ ਕਹਿਣਾ ਹੈ ਕਿ ਇਸ ਨੂੰ ਵੀ ਪਲਾਸਟਿਕ ਸਰਜਰੀ ਕਿਹਾ ਜਾਂਦਾ ਹੈ, ਪਰ ਇਸ ਨੂੰ ਸੁੰਦਰ ਬਣਾਉਣ ਲਈ ਨਹੀਂ ਕੀਤਾ ਜਾਂਦਾ, ਸਗੋਂ ਜ਼ਿੰਦਗੀ ਬਚਾਉਣ ਦੇ ਲਈ ਸਕਿਨ ਗ੍ਰਾਫਟਿੰਗ ਕੀਤੀ ਜਾਂਦੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਚਮੜੀ ਦੀਆਂ ਦੋ ਪਰਤਾਂ ਹੁੰਦੀਆਂ ਹਨ, ਐਪੀਡਰਮਿਸ ਅਤੇ ਡਰਮਿਸ। ਇਨ੍ਹਾਂ ਦੇ ਹੀ ਉੱਪਰਲੇ ਹਿੱਸੇ ਨੂੰ ਸਕਿਨ ਟਰਾਂਸਪਲਾਂਟ ਦੇ ਲਈ ਕੱਢਿਆ ਜਾਂਦਾ ਹੈ।

ਉਨ੍ਹਾਂ ਦੇ ਅਨੁਸਾਰ ਚਮੜੀ ਦਾਨ ਕਰਨ ਵਾਲੇ ਨੂੰ-

  • ਪੈਦਲ ਚੱਲਣ ’ਚ ਦਿੱਕਤ ਆਉਂਦੀ ਹੈ।
  • ਜ਼ਖਮ ਭਰਨ ’ਚ ਤਿੰਨ ਹਫ਼ਤੇ ਲੱਗਦੇ ਹਨ।
  • ਦੋ ਹਫ਼ਤਿਆਂ ’ਚ ਦਰਦ ਦੂਰ ਹੋ ਜਾਂਦਾ ਹੈ।
  • ਉਸ ਤੋਂ ਬਾਅਦ ਉਹ ਆਪਣੇ ਨਿੱਤ ਦੇ ਕੰਮ ਪਹਿਲਾਂ ਵਾਂਗ ਕਰ ਸਕਦੇ ਹਨ।

ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ

ਡਾਕਟਰਾਂ ਦਾ ਕਹਿਣਾ ਹੈ ਕਿ ਸਕਿਨ ਟਰਾਂਸਪਲਾਂਟ ਨਾਲ ਕਿਸੇ ਅੰਗ ਜਾਂ ਮਾਸਪੇਸ਼ੀ ’ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਹੈ ਅਤੇ ਇਸ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਸਰੀਰਕ ਕਮਜ਼ੋਰੀ ਵੀ ਮਹਿਸੂਸ ਨਹੀਂ ਹੁੰਦੀ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਸਕਿਨ ਦਾਨ ਸਬੰਧੀ ਸਮਾਜ ’ਚ ਜਿੱਥੇ ਜਾਗਰੂਕਤਾ ਦੀ ਘਾਟ ਹੈ, ਉੱਥੇ ਹੀ ਸਰਕਾਰ ਨੂੰ ਰਾਸ਼ਟਰੀ ਸਿਹਤ ਨੀਤੀ ’ਚ ਵੀ ਬਦਲਾਅ ਲਿਆਉਣ ਦੀ ਜ਼ਰੂਰਤ ਹੈ।

ਡਾ. ਸੁਨੀਲ ਕੇਸਵਾਨੀ ਦਾ ਕਹਿਣਾ ਹੈ ਕਿ ਜਦੋਂ ਕੋਈ ਵਿਅਕਤੀ ਅਜਿਹੀ ਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਇਸ ਦੇ ਇਲਾਜ ’ਚ ਲੱਖਾਂ ਦਾ ਖਰਚਾ ਆਉਂਦਾ ਹੈ, ਇਸ ਲਈ ਉਨ੍ਹਾਂ ਨੂੰ ਫੰਡ ਵਧਾਉਣੇ ਚਾਹੀਦੇ ਹਨ।

ਦਿੱਲੀ ਸਥਿਤ ਆਰਗਨ ਇੰਡੀਆ ਦੇ ਡਾ. ਸੌਰਭ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕਿਡਨੀ, ਅੱਖਾਂ ਜਾਂ ਫਿਰ ਸਰੀਰ ਦਾਨ ਸਬੰਧੀ ਜ਼ਿਆਦਾ ਫੋਨ ਆਉਂਦੇ ਹਨ, ਪਰ ਸਕਿਨ ਸਬੰਧੀ ਨਹੀਂ ਆਉਂਦੇ ਹਨ, ਕਿਉਂਕਿ ਜਾਗਰੂਕਤਾ ਦੀ ਘਾਟ ਹੈ, ਪਰ ਉਹ ਖੁਦ ਇਸ ਸਬੰਧੀ ਜਾਣਕਾਰੀ ਦੇ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਹਨ।

ਮਾਹਰਾਂ ਦਾ ਕਹਿਣਾ ਹੈ ਕਿ ਇੱਕ ਮ੍ਰਿਤਕ ਸਰੀਰ ਨਾਲ 8 ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ।

ਅਜਿਹੇ ’ਚ ਸਕੂਲਾਂ, ਕਾਲਜਾਂ, ਵੱਖ-ਵੱਖ ਅਦਾਰਿਆਂ ’ਚ ਜਾ ਕੇ ਅਤੇ ਸਵੈ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਤਾਂ ਜੋ ਪੀੜਤ ਲੋਕਾਂ ਦੀ ਜਾਨ ਬਚਾਈ ਜਾ ਸਕੇ ।