ਪਟਿਆਲਾ ਦੀ ਲਾਅ ਯੂਨੀਵਰਸਿਟੀ 'ਚ ਵਿਦਿਆਰਥੀਆਂ ਦੇ ਵਾਈਸ ਚਾਂਸਲਰ ਖ਼ਿਲਾਫ਼ ਧਰਨੇ ਨੂੰ ਲੈ ਕੇ ਸਿਆਸਤ ਭਖ਼ੀ, ਕੀ ਬੋਲੇ ਵੀਸੀ

- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
ਪਟਿਆਲਾ ਦੀ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਵਿੱਚ ਉਪ-ਕੁਲਪਤੀ ਜੈ ਸ਼ੰਕਰ ਸਿੰਘ ਵਿਰੁੱਧ ਚੱਲ ਰਿਹਾ ਵਿਦਿਆਰਥੀਆਂ ਦਾ ਧਰਨਾ ਹਾਲੇ ਤੱਕ ਜਾਰੀ ਹੈ ਅਤੇ ਇਸ ਬਾਰੇ ਸਿਆਸੀ ਪ੍ਰਤੀਕਿਰਿਆਵਾਂ ਵੀ ਲਗਾਤਾਰ ਆ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਵਿਦਿਆਰਥੀਆਂ ਦਾ ਇਲਜ਼ਾਮ ਹੈ ਕਿ ਯੂਨੀਵਰਸਿਟੀ ਦੇ ਉਪ-ਕੁਲਪਤੀ ਵਿਦਿਆਰਥਣਾਂ ਨੂੰ ਸੂਚਿਤ ਕੀਤੇ ਬਿਨ੍ਹਾਂ ਐਤਵਾਰ ਉਨ੍ਹਾਂ ਦੇ ਹੋਸਟਲ ਵਿੱਚ ਪਹੁੰਚੇ ਸਨ ਅਤੇ ਉਨ੍ਹਾਂ ਦੇ ਕਮਰਿਆਂ ਦੀ ਤਲਾਸ਼ੀ ਲਈ ਸੀ।
ਇਸ ਮਾਮਲੇ ਉੱਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਟਵੀਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਉਨ੍ਹਾਂ ਲਿਖਿਆ, “ਪਟਿਆਲਾ ਦੀ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ 'ਚ ਵਾਈਸ ਚਾਂਸਲਰ ਵੱਲੋਂ ਵਿਦਿਆਰਥਣਾਂ ਨੂੰ ਬਿਨਾਂ ਦੱਸੇ ਉਨ੍ਹਾਂ ਦੇ ਕਮਰਿਆਂ 'ਚ ਦਾਖਲ ਹੋ ਕੇ ਉਨ੍ਹਾਂ ਦੇ ਕਮਰਿਆਂ ਦੀ ਚੈਕਿੰਗ ਕਰਨਾ ਅਤੇ ਉਨ੍ਹਾਂ ਦੇ ਪਹਿਰਾਵੇ ਨੂੰ ਲੈ ਕੇ ਵਿਦਿਆਰਥਣਾਂ 'ਤੇ ਅਸ਼ਲੀਲ ਟਿੱਪਣੀਆਂ ਕਰਨਾ ਬੇਹੱਦ ਸ਼ਰਮਨਾਕ ਹੈ।”
“ਮਹਿਲਾ ਕਮਿਸ਼ਨ ਨੂੰ ਇਸ ਮਾਮਲੇ ਦਾ ਨੋਟਿਸ ਲੈਣਾ ਚਾਹੀਦਾ ਹੈ ਅਤੇ ਵਾਈਸ ਚਾਂਸਲਰ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।”
ਵਿਦਿਆਰਥੀਆਂ ਦਾ ਇਹ ਧਰਨਾ ਐਤਵਾਰ ਸ਼ਾਮ 6 ਵਜੇ ਦੇ ਕਰੀਬ ਸ਼ੁਰੂ ਹੋਇਆ ਸੀ ਜੋ ਯੂਨੀਵਰਸਿਟੀ ਪ੍ਰਸ਼ਾਸ਼ਨ ਵਲੋਂ ਅਣਮਿੱਥੇ ਸਮੇਂ ਲਈ ਛੁੱਟੀਆ ਦਾ ਐਲਾਨ ਕਰਨ ਤੋਂ ਬਾਅਦ ਵੀ ਜਾਰੀ ਹੈ।
ਇਹ ਧਰਨਾ ਉਪ-ਕੁਲਪਤੀ ਦੇ ਦਫ਼ਤਰ ਦੇ ਬਾਹਰੋਂ ਸ਼ੁਰੂ ਹੋਇਆ ਸੀ। ਪਰ ਯੂਨੀਵਰਸਿਟੀ ਬੰਦ ਹੋਣ ਤੋਂ ਬਾਅਦ ਵਿਦਿਆਰਥੀ ਮੰਗਲਵਾਰ ਨੂੰ ਯੂਨੀਵਰਸਿਟੀ ਦੇ ਮੁੱਖ ਗੇਟ ਉੱਤੇ ਧਰਨਾ ਲਾ ਕੇ ਬੈਠ ਗਏ ਹਨ ।
ਵਿਦਿਆਰਥੀਆਂ ਦਾ ਕਹਿਣਾ ਹੈ ਇਹ ਧਰਨਾ ਉਦੋਂ ਤੱਕ ਚੱਲਦਾ ਰਹੇਗਾ ਜਦੋਂ ਤੱਕ ਉਪ-ਕੁਲਪਤੀ ਜੈ ਸ਼ੰਕਰ ਸਿੰਘ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦੇ ਦਿੰਦੇ। ਵਿਦਿਆਰਥੀ ਉਪ-ਕੁਲਪਤੀ ਵਲੋਂ ਜਨਤਕ ਤੌਰ ਉੱਤੇ ਵਿਦਿਆਰਥੀਆਂ ਤੋਂ ਮੁਆਫ਼ੀ ਮੰਗੇ ਜਾਣ ਦੀ ਵੀ ਮੰਗ ਕਰ ਰਹੇ ਹਨ।

ਧਰਨੇ ਉੱਤੇ ਕਿਉਂ ਬੈਠੇ ਹਨ ਵਿਦਿਆਰਥੀ
ਉਪ-ਕੁਲਪਤੀ ਜੈ ਸ਼ੰਕਰ ਸਿੰਘ ਖ਼ਿਲਾਫ਼ ਵਿਦਿਆਰਥੀਆਂ ਦਾ ਧਰਨਾ ਜੈ ਸ਼ੰਕਰ ਦੇ ਐਤਵਾਰ ਨੂੰ ਯੂਨੀਵਰਸਿਟੀ ਦੇ ਕੁੜੀਆਂ ਦੇ ਇੱਕ ਹੋਸਟਲ ਵਿੱਚ ਤਲਾਸ਼ੀ ਲਈ ਪਹੁੰਚਣ ਤੋਂ ਬਾਅਦ ਸ਼ੁਰੂ ਹੋਇਆ ਸੀ।
ਵਿਦਿਆਰਥੀਆਂ ਦਾ ਦਾਅਵਾ ਹੈ ਕਿ ਉਪ-ਕੁਲਪਤੀ ਕੋਲ ਇਹ ਸ਼ਿਕਾਇਤ ਪਹੁੰਚੀ ਸੀ ਕਿ ਹੋਸਟਲ ਵਿੱਚ ਇੱਕ ਵਿਦਿਆਰਥੀ ਦੀ ਸਮਰੱਥਾ ਵਾਲੇ ਕਮਰਿਆਂ ਵਿੱਚ ਇੱਕ ਤੋਂ ਵੱਧ ਵਿਦਿਆਰਥੀ ਰਹਿ ਰਹੇ ਹਨ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਇੱਕ ਵਿਦਿਆਰਥਣ ਨੇ ਨਾਮ ਨਾ ਜ਼ਾਹਰ ਕਰਨ ਦੀ ਸ਼ਰਤ ਉੱਤੇ ਦੱਸਿਆ, "ਪਹਿਲਾਂ ਉਪ-ਕੁਲਪਤੀ ਹੋਸਟਲ ਵਿੱਚ ਆਏ ਸਨ। ਕਰੀਬ 3 ਵਜੇ ਉਹ ਹੋਸਟਲ ਦੀ ਮੈੱਸ ਵਿੱਚ ਦੇਖੇ ਗਏ ਸਨ। ਜਿੱਥੇ ਉਨ੍ਹਾਂ ਨੇ ਮੈੱਸ ਦਾ ਖਾਣਾ ਚੈੱਕ ਕੀਤਾ।”
“ਉਸਤੋਂ ਬਾਅਦ ਉਹ ਇੱਕ ਹੋਸਟਲ ਵਿੱਚ ਗਏ, ਜਿੱਥੇ ਜਾਣਾ ਪਹਿਲਾਂ ਤੈਅ ਨਹੀਂ ਸੀ। ਹੋਸਟਲ ਅੰਦਰ ਕੁੜੀਆਂ ਨੂੰ ਨਹੀਂ ਪਤਾ ਸੀ ਕਿ ਵਾਈਸ ਚਾਂਸਲਰ ਅਚਾਨਕ ਇਸ ਤਰ੍ਹਾਂ ਜਾਂਚ ਲਈ ਆਉਣਗੇ।"
ਵਿਦਿਆਰਥੀਆਂ ਦਾ ਇਲਜ਼ਾਮ ਹੈ ਕਿ, ਦਿੱਕਤ ਦੀ ਗੱਲ ਇਹ ਵੀ ਸੀ ਕਿ ਜਦੋਂ ਉਹ ਆਏ ਤਾਂ ਉਨ੍ਹਾਂ ਨਾਲ ਕੋਈ ਮਹਿਲਾ ਕਰਮੀ ਜਾਂ ਹੋਸਟਲ ਵਾਰਡਨ ਵੀ ਮੌਜੂਦ ਨਹੀਂ ਸੀ ਬਲਕਿ ਇੱਕ ਹੋਰ ਪੁਰਸ਼ ਸੁਰੱਖਿਆ ਕਰਮੀ ਨਾਲ ਸੀ।"
ਵਿਦਿਆਰਥਣਾ ਦਾ ਇਹ ਵੀ ਦਾਅਵਾ ਹੈ ਕਿ, "ਹੋਸਟਲ ਵਿੱਚ ਵਾਈਸ ਚਾਂਸਲਰ ਨੇ ਕੁੜੀਆਂ ਦੇ ਇੱਕ ਕਮਰੇ ਦੇ ਦਰਵਾਜ਼ੇ ਨੂੰ ਖੜਕਾਇਆ। ਜਦੋਂ ਤੱਕ ਕੋਈ ਜਵਾਬ ਆਉਂਦਾ ਉਦੋਂ ਤੱਕ ਉਹ ਅੰਦਰ ਦਾਖ਼ਲ ਹੋ ਚੁੱਕੇ ਸਨ। ਫ਼ਿਰ ਉਨ੍ਹਾਂ ਨੇ ਕਮਰੇ ਅੰਦਰ ਮੌਜੂਦ ਕੁੜੀਆਂ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ। ਵਿਦਿਆਰਥਣਾਂ ਦੇ ਕੱਪੜਿਆਂ ਬਾਰੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ।”
ਵਿਦਿਆਰਣਥਾਂ ਦਾ ਕਹਿਣਾ ਹੈ ਕਿ ਵੀਸੀ ਦੀ ਅਜਿਹੀ ਗਤੀਵਿਧੀ ਉਨ੍ਹਾਂ ਦੀ ਨਿੱਜਤਾ ਦੇ ਅਧਿਕਾਰ ਦੀ ਉਲੰਘਣਾ ਹੈ। ਅਤੇ ਇਸ ਤੋਂ ਬਾਅਦ ਹੀ ਵਿਦਿਆਰਥਣਾਂ ਨੇ ਵੀਸੀ ਦੇ ਅਸਤੀਫ਼ੇ ਦੀ ਮੰਗ ਕਰਦਿਆਂ 22 ਸਤੰਬਰ ਨੂੰ ਉਨ੍ਹਾਂ ਖ਼ਿਲਾਫ਼ ਧਰਨਾ ਲਾਇਆ ਸੀ।
ਸੋਮਵਾਰ ਜਦੋਂ ਬੀਬੀਸੀ ਦੀ ਟੀਮ ਧਰਨਾ ਸਥਲ ਉੱਤੇ ਪਹੁੰਚੀ ਉਸ ਸਮੇਂ ਵਿਦਿਆਰਥੀ ਯੂਨੀਵਰਸਿਟੀ ਦੇ ਅੰਦਰ ਹੀ ਪ੍ਰਦਰਸ਼ਨ ਕਰ ਰਹੇ ਸਨ, ਯੂਨੀਵਰਸਿਟੀ ਦੇ ਮੇਨ ਗੇਟ ਉੱਤੇ ਸੁੰਨ ਪਸਰੀ ਹੋਈ ਸੀ। ਮੀਡੀਆ ਨੂੰ ਅੰਦਰ ਜਾਣ ਦੀ ਇਜ਼ਾਜਤ ਨਹੀਂ ਸੀ ਦਿੱਤੀ ਜਾ ਰਹੀ।
ਇੰਨਾ ਹੀ ਨਹੀਂ ਵਿਦਿਆਰਥੀਆਂ ਨੂੰ ਵੀ ਬਾਹਰ ਆਉਣ ਤੋਂ ਮਨਾਂ ਕੀਤਾ ਜਾ ਰਿਹਾ ਸੀ ਹਾਲਾਂਕਿ ਬਾਅਦ ਵਿੱਚ ਇਸ ਦੀ ਇਜ਼ਾਜਤ ਦੇ ਦਿੱਤੀ ਗਈ ਸੀ।

ਤਸਵੀਰ ਸਰੋਤ, Gurminder Singh Grewal/BBC
ਸੋਮਵਾਰ ਨੂੰ ਬੰਦ ਕਰ ਦਿੱਤੀ ਗਈ ਯੂਨੀਵਰਸਿਟੀ
ਐਤਵਾਰ ਸਾਰੀ ਰਾਤ ਚੱਲੇ ਵਿਰੋਧ ਪ੍ਰਦਰਸ਼ਨ ਨੂੰ ਦੇਖਦਿਆਂ ਸੋਮਵਾਰ ਸਵੇਰ ਨੂੰ ਉਪ-ਕੁਲਪਤੀ ਜੈ ਸ਼ੰਕਰ ਸਿੰਘ ਖ਼ੁਦ ਧਰਨੇ ਵਾਲੀ ਥਾਂ ਪਹੁੰਚੇ ਸਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਸਲਾ ਸੁਲਝਾਉਣ ਲਈ ਕਿਹਾ।
ਵਿਦਿਆਰਥਣਾਂ ਨੇ ਰੋਂਦਿਆਂ ਹੋਇਆਂ ਉਪ-ਕੁਲਪਤੀ ਨੂੰ ਸਵਾਲ ਜਵਾਬ ਕੀਤੇ। ਪਰ ਵੀਸੀ ਨੇ ਵਿਦਿਆਰਥੀਆਂ ਨੂੰ ਆਪਣੀਆਂ ਸਾਰੀਆਂ ਮੰਗਾਂ ਲਿਖ਼ਤੀ ਰੂਪ ਵਿੱਚ ਦੇਣ ਲਈ ਕਿਹਾ।
ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਕਲਾਸਾਂ ਦਾ ਬਾਈਕਾਟ ਕਰ ਦਿੱਤਾ ਅਤੇ ਦੁਪਹਿਰ ਤੱਕ ਪ੍ਰਦਰਸ਼ਨ ਚੱਲਦਾ ਰਿਹਾ।
ਉਸੇ ਦਿਨ ਕਰੀਬ 3 ਵਜੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਇੱਕ ਲਿਖਤੀ ਨੋਟੀਫਿਕੇਸ਼ਨ ਜਾਰੀ ਕਰਕੇ ਯੂਨੀਵਰਸਿਟੀ ਅਗਲੇ ਹੁਕਮਾਂ ਤੱਕ ਬੰਦ ਕੀਤੇ ਜਾਣ ਦੇ ਹੁਕਮ ਜਾਰੀ ਕਰ ਦਿੱਤੇ।
ਨੋਟੀਫਿਕੇਸ਼ਨ ਵਿੱਚ ਇਹ ਵੀ ਲਿਖਿਆ ਗਿਆ ਕਿ, "ਯੂਨੀਵਰਸਿਟੀ ਪ੍ਰਸ਼ਾਸਨ ਨੇ ਮਸਲੇ ਦਾ ਹੱਲ ਕੱਢਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ, ਵਿਦਿਆਰਥੀਆਂ ਨੂੰ ਕਮੇਟੀ ਨਾਲ ਗੱਲਬਾਤ ਲਈ ਬੁਲਾਇਆ ਗਿਆ ਸੀ ਪਰ ਵਿਦਿਆਰਥੀ ਨਹੀਂ ਪਹੁੰਚੇ।"
ਯੂਨੀਵਰਸਿਟੀ ਨੂੰ ਬੰਦ ਕਰ ਦਿੱਤਾ ਗਿਆ ਸੀ, ਪਰ ਵਿਦਿਆਰਥੀਆਂ ਨੇ ਘਰ ਜਾਣ ਤੋਂ ਇਨਕਾਰ ਕਰ ਦਿੱਤਾ।
ਸ਼ਾਮ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਗੱਲਬਾਤ ਲਈ ਸੱਦਾ ਭੇਜਿਆ ਪਰ ਵਿਦਿਆਰਥੀ ਨੇ ਜਵਾਬ ਵਿੱਚ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਜੋ ਵੀ ਗੱਲ ਕਰਨਾ ਚਾਹੁੰਦਾ ਹੈ, ਧਰਨੇ ਵਾਲੀ ਥਾਂ ਉੱਤੇ ਸਾਰੇ ਵਿਦਿਆਰਥੀਆਂ ਦੇ ਸਾਹਮਣੇ ਹੀ ਕਰੇ ਨਾ ਕਿ ਗਿਣਤੀ ਦੇ ਚੋਣਵੇਂ ਵਿਦਿਆਰਥੀਆਂ ਨਾਲ।
ਇਸ ਸਾਰੇ ਘਟਨਾਕ੍ਰਮ ਦੌਰਾਨ ਯੂਨੀਵਰਸਿਟੀ ਵਲੋਂ ਹੋਸਟਲ ਮੈੱਸ ਨੂੰ ਛੱਡ ਕੇ ਬਾਕੀ ਸਾਰੇ ਕੰਟੀਨ, ਕੈਫੇ, ਰਜਿਸਟਰਾਰ ਦਫ਼ਤਰ, ਪੀਣ ਵਾਲੇ ਪਾਣੀ ਦੇ ਕੂਲਰ ਕੂਲਰ, ਪੈਖਾਨੇ ਸਭ ਬੰਦ ਕਰ ਦਿੱਤਾ ਗਿਆ।
ਜਿਸ ਦੇ ਚਲਦਿਆਂ ਵਿਦਿਆਰਥੀਆਂ ਨੇ ਧਰਨੇ ਦੀ ਥਾਂ ਬਦਲੀ ਅਤੇ ਯੂਨੀਵਰਸਿਟੀ ਦੇ ਮੁੱਖ ਗੇਟ ਉੱਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।

ਤਸਵੀਰ ਸਰੋਤ, Gurminder Singh Grewal/BBC
ਵਿਦਿਆਰਥੀਆਂ ਦੇ ਇਲਜ਼ਾਮ
ਬੀਬੀਸੀ ਨਾਲ ਗੱਲਬਾਤ ਦੌਰਾਨ ਵਿਦਿਆਰਥਣਾਂ ਨੇ ਕਿਹਾ, "ਸਾਡੇ ਨਾਮ, ਪਛਾਣ ਜਨਤਕ ਨਾ ਕੀਤੀ ਜਾਣ, ਨਹੀਂ ਤਾਂ ਸਾਡੇ ਉੱਤੇ ਕਾਰਵਾਈ ਕੀਤੀ ਜਾ ਸਕਦੀ ਹੈ। ਸਾਡੇ ਨੰਬਰ ਕੱਟੇ ਜਾ ਸਕਦੇ ਹਨ, ਸਾਨੂੰ ਸਸਪੈਂਡ ਕੀਤਾ ਜਾ ਸਕਦਾ ਹੈ। ਯਾਨੀ ਇਸ ਘਟਨਾਕ੍ਰਮ ਦਾ ਸਾਡੇ ਭਵਿੱਖ ਉੱਤੇ ਅਸਰ ਪੈ ਸਕਦਾ ਹੈ।"
ਇੱਕ ਵਿਦਿਆਰਥਣ ਨੇ ਰੋਂਦਿਆਂ ਹੋਇਆਂ ਆਪਣਾ ਤਜ਼ਰਬਾ ਦੱਸਦਿਆਂ ਕਿਹਾ, "ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਵਿਦਿਆਰਥੀ ਵੀ ਸੀ ਜੈ ਸ਼ੰਕਰ ਖ਼ਿਲਾਫ਼ ਗੁੱਸੇ ਵਿੱਚ ਆਏ ਹੋਣ। ਇੱਕ ਵਾਰ ਮੈਂ 1 ਲੱਖ 40 ਹਜ਼ਾਰ ਰੁਪਏ ਫੀਸ ਭਰਨੀ ਸੀ ਕਿਸੇ ਕਾਰਨ ਫੀਸ ਦੇਣ ਵਿੱਚ ਦੇਰੀ ਹੋ ਗਈ ਤਾਂ ਮੈਨੂੰ ਪੂਰੀ ਕਲਾਸ ਦੇ ਸਾਹਮਣੇ ਸੁਣਾਇਆ ਗਿਆ ਕਿ ਤੁਸੀਂ ਫੀਸ ਕਿਉਂ ਨਹੀਂ ਭਰੀ।"
ਇਸ ਤੋਂ ਇਲਾਵਾ ਪ੍ਰਦਰਸ਼ਨ ਕਰਦੀਆਂ ਵਿਦਿਆਰਥਣਾਂ ਨੇ ਤਾਜ਼ਾ ਘਟਨਾ ਬਾਰੇ ਕਿਹਾ, “ਹੋਸਟਲ ਦੇ ਅੰਦਰ ਕਿਸੇ ਵੀ ਪੁਰਸ਼ ਨੂੰ ਆਉਣ ਦੀ ਇਜਾਜ਼ਤ ਨਹੀਂ ਹੈ। ਸਾਡੇ ਮਾਪਿਆਂ ਨੂੰ ਵੀ ਨਹੀਂ, ਕੋਈ ਕੰਮ ਹੋਵੇ ਤਾਂ ਵਾਰਡਨ ਦੀ ਨਿਗਰਾਨੀ ਵਿੱਚ ਮਕੈਨਿਕ ਜਾਂ ਕੋਈ ਹੋਰ ਕੰਮ ਕਰਨ ਵਾਲਾ ਵਿਅਕਤੀ ਜਰੂਰ ਆਉਂਦਾ ਹੈ। ਪਰ ਇਸ ਤਰ੍ਹਾਂ ਵੀ ਕਿਸੇ ਦੇ ਆਉਣ ਤੋਂ ਪਹਿਲਾਂ ਸਾਨੂੰ ਸੂਚਿਤ ਕੀਤਾ ਜਾਂਦਾ ਹੈ।"
ਉਨ੍ਹਾਂ ਦਾ ਇਲਜ਼ਾਮ ਹੈ ਕਿ, “ਪਰ ਇਸ ਵਾਰ ਉਪ ਕੁਲਪਤੀ ਜੈ ਸ਼ੰਕਰ ਸਿੰਘ ਨੇ ਹੋਸਟਲ ਦੌਰੇ ਬਾਰੇ ਪਹਿਲਾਂ ਕੋਈ ਸੂਚਨਾ ਨਹੀਂ ਦਿੱਤੀ ਸੀ।”
ਉਨ੍ਹਾਂ ਕਿਹਾ ਕਿ ਵੀਸੀ ਦੇ ਹੋਸਟਲ ਵਿੱਚ ਆਉਣ ਤੋਂ ਬਾਅਦ ਕੁੜੀਆਂ ਦੀ ਅਸਹਿਜ ਮਹਿਸੂਸ ਕੀਤਾ ਅਤੇ ਇਸ ਅਸਹਿਜਤਾ ਵਿੱਚੋਂ ਹੀ ਰੋਸ ਉਪਜਿਆ।
ਹੁਣ ਵਿਦਿਆਰਥੀ ਉਪ-ਕੁਲਪਤੀ ਜੈ ਸ਼ੰਕਰ ਸਿੰਘ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ ਅਤੇ ਨਾਲ ਹੀ ਵੀਸੀ ਵਲੋਂ ਜਨਤਕ ਤੌਰ ਉੱਤੇ ਮੁਆਫ਼ੀ ਦੀ ਵੀ ਮੰਗ ਕਰ ਰਹੇ ਹਨ।

ਤਸਵੀਰ ਸਰੋਤ, Rajiv Gandhi National University of Law, Punjab/FB
ਇਲਜ਼ਾਮਾਂ ਉੱਤੇ ਉਪ-ਕੁਲਪਤੀ ਜੈ ਸ਼ੰਕਰ ਸਿੰਘ ਨੇ ਕੀ ਕਿਹਾ
ਵੀਸੀ ਜੈ ਸ਼ੰਕਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਸਾਡਾ ਪਹਿਲਾ ਕੰਮ ਹੈ। ਇਹ ਛੋਟੇ ਬੱਚੇ ਹਨ, ਇਨ੍ਹਾਂ ਦਾ ਚੰਗਾ ਭਵਿੱਖ ਹੈ। 22-23 ਸਾਲ ਦੀ ਉਮਰ ਦੇ ਬੱਚੇ ਹਨ। ਅਸੀਂ ਬੱਚਿਆਂ ਦੀ ਸੁਰੱਖਿਆ, ਉਨ੍ਹਾਂ ਦੀ ਅਕਾਦਮਿਕ ਪੜ੍ਹਾਈ ਨੂੰ ਬਿਹਤਰੀਨ ਬਣਾਵਾਂਗੇ।
ਉਨ੍ਹਾਂ ਕੁੜੀਆਂ ਦੇ ਹੋਸਟਲ ਵਿੱਚ ਜਾਣ ਦੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ,“ਮੈਂ ਕਦੇ ਕੁੜੀਆਂ ਦੇ ਹੋਸਟਲ ਨਹੀਂ ਗਿਆ। ਲਾਅ ਦੇ ਪਹਿਲੇ ਸਾਲ ਵਿੱਚ ਕੁੜੀਆਂ ਦੀ ਗਿਣਤੀ ਮੁੰਡਿਆਂ ਦੇ ਮੁਕਾਬਲੇ ਵੱਧ ਹੈ। ਅਸੀਂ ਮਜ਼ਬੂਰੀਵਸ ਇੱਕ ਵਿਦਿਆਰਥਣ ਦੀ ਸਮਰੱਥਾ ਵਾਲੇ ਕਮਰੇ ਵਿੱਚ 2 ਵਿਦਿਆਰਥਣਾਂ ਨੂੰ ਰੱਖ ਰਹੇ ਹਾਂ।”
“ਉਨ੍ਹਾਂ ਬੱਚਿਆਂ ਦੀ ਮੇਜ਼ ਅਤੇ ਅਲਮਾਰੀ ਦੀ ਸਮੱਸਿਆ ਸੀ ਅਤੇ ਉਨ੍ਹਾਂ ਨੇ ਹੀ ਕਿਹਾ ਸੀ ਕਿ ਸਰ ਆ ਕੇ ਦੇਖੋ ਕਿ ਅਸੀਂ ਇਹ ਸਮਾਨ ਰੱਖੀਏ ਕਿੱਥੇ, ਜਦੋਂ ਇੱਥੇ ਜਗ੍ਹਾ ਹੀ ਨਹੀਂ ਹੈ?”
“ਉਨ੍ਹਾਂ ਬੱਚੀਆਂ ਦੀ ਲਗਾਤਾਰ ਸ਼ਿਕਾਇਥ ਆ ਰਹੀ ਸੀ। ਅਸੀਂ ਹੋਸਟਲ ਦੀ ਮੁੱਖ-ਵਾਰਡਨ ਅਤੇ ਮਹਿਲਾ ਸੁਰੱਖਿਆ ਕਰਮੀ ਦੇ ਨਾਲ ਉਨ੍ਹਾਂ ਕਮਰਿਆਂ ਵਿੱਚ ਹੀ ਗਏ ਜਿਨ੍ਹਾਂ ਦੀ ਸ਼ਿਕਾਇਤ ਆ ਰਹੀ ਸੀ। ਉਹ ਕੁੜੀਆਂ ਵੀ ਨਾਲ ਮੌਜੂਦ ਸਨ। ਖ਼ੁਦ ਸਾਨੂੰ ਲੈ ਕੇ ਗਈਆਂ ਅਤੇ ਉਨ੍ਹਾਂ ਦੇ ਕਮਰਿਆਂ ਤੋਂ ਇਲਾਵਾ ਅਸੀਂ ਕਿਸੇ ਹੋਰ ਕਮਰੇ ਵਿੱਚ ਨਹੀਂ ਗਏ।”
ਉਨ੍ਹਾਂ ਕਿਹਾ ਕਿ ਉਹ ਦੁਪਿਹਰ ਦੇ ਸਮੇਂ ਗਏ ਹਨ ਨਾ ਕਿ ਰਾਤ ਨੂੰ ਅਤੇ ਵਿਦਿਆਰਥੀਆਂ ਦੇ ਬੁਲਾਏ ਉੱਤੇ ਉਨ੍ਹਾਂ ਦੀ ਸਮੱਸਿਆ ਸਮਝਣ ਲਈ ਉਨ੍ਹਾਂ ਦੇ ਕਮਰੇ ਵਿੱਚ ਜਾਣਾ ਕਿਸੇ ਵੀ ਰੂਪ ਵਿੱਚ ਗੁਨਾਹ ਨਹੀਂ ਹੈ।
ਵੀਸੀ ਨੇ ਕਿਹਾ ਕਿ,“ਅਸੀਂ ਵਿਦਿਆਰਥੀਆਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।”
ਉਨ੍ਹਾਂ ਵਿਦਿਆਰਥੀਆਂ ਵਲੋਂ ਜਨਤਕ ਤੌਰ ਉੱਤੇ ਮੁਆਫ਼ੀ ਦੀ ਮੰਗ ਬਾਰੇ ਕਿਹਾ,“ਮੁਆਫ਼ੀ ਦਾ ਕੋਈ ਸੁਆਲ ਹੀ ਨਹੀਂ ਹੈ।”
“ਯੂਨੀਵਰਸਿਟੀ ਉੱਤੇ ਹਾਈਕੋਰਟ ਦਾ ਅਧਿਕਾਰ ਹੈ ਅਤੇ ਸਾਰੇ ਘਟਨਾਕ੍ਰਮ ਬਾਰੇ ਹਾਈਕੋਰਟ ਨੂੰ ਜਾਣਕਾਰੀ ਦੇ ਰਹੇ ਹਾਂ।”
ਪ੍ਰੋਫ਼ੈਸਰ ਜੈ ਸ਼ੰਕਰ ਸਿੰਘ ਨੇ 22 ਮਾਰਚ 2024 ਨੂੰ ਰਾਜੀਵ ਗਾਂਧੀ ਯੂਨੀਵਰਸਿਟੀ ਦੇ ਉੱਪ-ਕੁਲਪਤੀ ਵਜੋਂ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਉਹ ਇਲਾਹਾਬਾਦ ਯੂਨੀਵਰਸਿਟੀ ਵਿੱਚ ਕਾਨੂੰਨ ਵਿਭਾਗ ਦੇ ਡੀਨ ਸਨ।

ਤਸਵੀਰ ਸਰੋਤ, Priyanka Gandhi Vadra/X
ਕਾਂਗਰਸ ਆਗੂਆਂ ਦੇ ਨਿਸ਼ਾਨੇ ਉੱਤੇ ਵੀਸੀ
ਅੱਜ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਵੀ ਟਵੀਟ ਕਰਕੇ ਉਪ-ਕੁਲਪਤੀ ਉੱਤੇ ਕਾਰਵਾਈ ਦੀ ਮੰਗ ਕੀਤੀ ਹੈ।
ਪ੍ਰਿਅੰਕਾ ਗਾਂਧੀ ਨੇ ਲਿਖਿਆ, "ਪਟਿਆਲਾ ਦੀ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ 'ਚ ਵਾਈਸ-ਚਾਂਸਲਰ ਵੱਲੋਂ ਵਿਦਿਆਰਥਣਾਂ ਨੂੰ ਬਿਨਾਂ ਦੱਸੇ ਉਨ੍ਹਾਂ ਦੇ ਕਮਰਿਆਂ 'ਚ ਦਾਖਲ ਹੋ ਕੇ ਉਨ੍ਹਾਂ ਦੇ ਕਮਰਿਆਂ ਦੀ ਜਾਂਚ ਕਰਨਾ ਅਤੇ ਉਨ੍ਹਾਂ ਦੇ ਪਹਿਰਾਵੇ ਨੂੰ ਲੈ ਕੇ ਵਿਦਿਆਰਥਣਾਂ 'ਤੇ ਅਸ਼ਲੀਲ ਟਿੱਪਣੀਆਂ ਕਰਨਾ ਬੇਹੱਦ ਸ਼ਰਮਨਾਕ ਹੈ।”
“ਵਿਦਿਆਰਥਣਾਂ ਨੇ ਮੀਡੀਆ ਨੂੰ ਜੋ ਗੱਲਾਂ ਦੱਸੀਆਂ ਹਨ, ਉਹ ਬੇਹੱਦ ਇਤਰਾਜ਼ਯੋਗ ਹਨ। ਕੁੜੀਆਂ ਆਪਣੇ ਭੋਜਨ, ਕੱਪੜੇ ਅਤੇ ਕੋਰਸ ਦੀ ਚੋਣ ਦਾ ਫ਼ੈਸਲਾ ਖੁਦ ਕਰਨ ਦੇ ਸਮਰੱਥ ਹਨ। ਅਧਿਕਾਰਾਂ ਦੀ ਦੁਰਵਰਤੋਂ ਕਰਦੇ ਹੋਏ ਕੁੜੀਆਂ ਦੀ ਨਿੱਜਤਾ ਦੀ ਉਲੰਘਣਾ ਅਸਵੀਕਾਰਨਯੋਗ ਹੈ।”
“ਮਹਿਲਾ ਕਮਿਸ਼ਨ ਨੂੰ ਇਸ ਮਾਮਲੇ ਦਾ ਨੋਟਿਸ ਲੈਣਾ ਚਾਹੀਦਾ ਹੈ ਅਤੇ ਵਾਈਸ ਚਾਂਸਲਰ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।"
ਹਾਲਾਂਕਿ ਇਸਤੋਂ ਪਹਿਲਾਂ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਪਹਿਲਾਂ ਹੀ ਰਿਪੋਰਟ ਤਲਬ ਕਰ ਚੁੱਕੀ ਹੈ।
ਇਸ ਬਾਰੇ ਮੰਗਲਵਾਰ ਰਾਤ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ।
ਉਨ੍ਹਾਂ ਲਿਖਿਆ,"ਉਚੇਰੀ ਸਿੱਖਿਆ ਵਿਭਾਗ ਨੇ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਵਿੱਚ ਚਲ ਰਹੇ ਵਿਦਿਆਰਥੀਆਂ ਦੇ ਧਰਨੇ ਸਬੰਧੀ ਯੂਨੀਵਰਸਿਟੀ ਦੇ ਰਜਿਸਟਰਾਰ ਤੋਂ ਰਿਪੋਰਟ ਤਲਬ ਕੀਤੀ ਹੈ। ਮੈਂ ਵਿਦਿਆਰਥੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਇਨਸਾਫ਼ ਕੀਤਾ ਜਾਵੇਗਾ।"

ਤਸਵੀਰ ਸਰੋਤ, Harjot Singh Bains/X
ਕਾਂਗਰਸੀ ਆਗੂਆਂ ਦੀਆਂ ਟਿਪਣੀਆਂ
ਪ੍ਰਿਅੰਕਾ ਗਾਂਧੀ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਲੀਡਰ ਸ਼ਸ਼ੀ ਥਰੂਰ ਨੇ ਮੰਗਲਵਾਰ ਸ਼ਾਮ ਨੂੰ ਇਸ ਮਾਮਲੇ ਵਿੱਚ ਟਵੀਟ ਕਰਕੇ ਵਾਈਸ ਚਾਂਸਲਰ ਨੂੰ ਅਹੁਦਾ ਛੱਡਣ ਬਾਰੇ ਕਿਹਾ।
ਸ਼ਸ਼ੀ ਥਰੂਰ ਨੇ ਲਿਖਿਆ, "ਇਹ ਪੜ੍ਹ ਕੇ ਦੁੱਖ ਹੋਇਆ ਹੈ ਕਿ ਪਟਿਆਲਾ ਦੀ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਨੂੰ ਅਜਿਹੇ ਸਮੇਂ ਬੰਦ ਕਰ ਦਿੱਤਾ ਗਿਆ ਹੈ ਜਦੋਂ ਵਿਦਿਆਰਥੀਆਂ ਨੇ ਵਾਈਸ ਚਾਂਸਲਰ ਦੇ ਅਸਤੀਫੇ ਦੀ ਮੰਗ ਕੀਤੀ ।”
“ਇਸ ਤੋਂ ਪਹਿਲਾਂ ਵਾਈਸ ਚਾਂਸਲਰ ਨੇ 'ਅੱਧੀ ਰਾਤ ਤੋਂ ਬਾਅਦ ਸ਼ਰਾਬ ਪੀਣ' ਦੀ ਜਾਂਚ ਕਰਨ ਲਈ ਬਿਨ੍ਹਾਂ ਦੱਸੇ ਹੋਸਟਲ ਦਾ ਦੌਰਾ ਕੀਤਾ ਫਿਰ ਵਿਦਿਆਰਥਣਾਂ ਬਾਰੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ।"
"ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਇੱਕ ਲਾਅ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਆਪਣੇ ਵਿਦਿਆਰਥੀਆਂ ਦੇ ਨਿੱਜਤਾ ਦੇ ਸੰਵਿਧਾਨਕ ਅਧਿਕਾਰ ਤੋਂ ਪੂਰੀ ਤਰ੍ਹਾਂ ਅਣਜਾਣ ਹੈ।”
“ਸਰਕਾਰ ਨੂੰ ਤੁਰੰਤ ਇਸ ਮਾਮਲੇ ਵਿੱਚ ਇੱਕ ਜਾਂਚ ਕਮਿਸ਼ਨ ਨਿਯੁਕਤ ਕਰਨਾ ਚਾਹੀਦਾ ਹੈ ਅਤੇ ਵੀਸੀ ਨੂੰ ਉਦੋਂ ਤੱਕ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਜਦੋਂ ਤੱਕ ਇਸ ਕਮਿਸ਼ਨ ਵੱਲੋਂ ਜਾਂਚ ਦੇ ਨਤੀਜੇ ਜਾਰੀ ਨਹੀਂ ਕੀਤੇ ਜਾਂਦੇ।"
ਕਾਂਗਰਸ ਹੀ ਨਹੀਂ ਸੁਪਰੀਮ ਕੋਰਟ ਦੀ ਸੀਨੀਅਰ ਵਕੀਲ ਕਰੁਣਾ ਨੰਦੀ ਨੇ ਵੀ ਇਸ ਮਾਮਲੇ ਵਿੱਚ ਪ੍ਰੀਕਿਰਿਆ ਦਿੱਤੀ ਹੈ।
ਉਨ੍ਹਾਂ ਨੇ ਐਕਸ ਉੱਤੇ ਸਾਂਝੀ ਕੀਤੀ ਪੋਸਟ ਵਿੱਚ ਲਿਖਿਆ, "ਜੇਕਰ ਆਰਜੀਐੱਨਯੂਐੱਲ ਦੇ ਵਾਈਸ ਚਾਂਸਲਰ ਖ਼ਿਲਾਫ਼ ਲੱਗੇ ਇਲਜ਼ਾਮ ਸੱਚ ਹਨ ਤਾਂ ਉਹ ਡਰਾਉਣੇ ਹਨ। ਤੁਰੰਤ ਜਾਂਚ ਕਮੇਟੀ ਦਾ ਗਠਨ ਕੀਤਾ ਜਾਵੇ, ਜਦਕਿ ਉਪ ਕੁਲਪਤੀ ਨੂੰ ਅੰਤਰਿਮ ਛੁੱਟੀ ਲੈਣ ਲਈ ਕਿਹਾ ਜਾਵੇ।"

ਤਸਵੀਰ ਸਰੋਤ, Raj Lali Gill/FB
ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਨੇ ਜਤਾਈ ਆਸ
ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਵੀ ਅੱਜ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਮਿਲੇ ਉਨ੍ਹਾਂ ਕਿਹਾ,“ਵਿਦਿਆਰਥੀਆਂ ਨੇ ਆਪਣੀਆਂ ਮੁਸ਼ਕਿਲਾਂ ਬਾਰੇ ਮੇਰੇ ਨਾਲ ਗੱਲ ਕੀਤੀ ਹੈ। ਜਿਨ੍ਹਾਂ ਚੀਜ਼ਾਂ ਉੱਤੇ ਉਨ੍ਹਾਂ ਨੂੰ ਇਤਰਾਜ਼ ਸੀ ਅਤੇ ਜਿਹੜੀਆਂ ਸੁਵਿਧਾਵਾਂ ਉਹ ਚਾਹੁੰਦੇ ਸਨ ਉਨ੍ਹਾਂ ਬਾਰੇ ਵੀ ਗੱਲ ਹੋਈ ਹੈ।”
“ਮੈਂ ਵਿਦਿਆਰਥਣਾਂ ਨੂੰ ਨਿਆਂ ਦਾ ਭਰੋਸਾ ਦੁਆਇਆ ਅਤੇ ਫ਼ਿਰ ਵੀਸੀ ਨਾਲ ਗੱਲ ਕਰਕੇ ਉਨ੍ਹਾਂ ਦਾ ਪੱਖ ਸੁਣਿਆਂ। ਕੁਝ ਮਹਿਲਾ ਪ੍ਰੋਫ਼ੈਸਰਾਂ ਦੀਆਂ ਵੀ ਸ਼ਿਕਾਇਤਾਂ ਵੀ ਸਨ ਉਹ ਵੀ ਸੁਣੀਆਂ ਹਨ।”
“ਇਹ ਸਹਿਮਤੀ ਬਣੀ ਹੈ ਕਿ ਵਿਦਿਆਰਥੀ ਆਪਣੇ ਪ੍ਰਤੀਨਿਧੀ ਚੁਣਨਗੇ ਅਤੇ ਜਿਹੜੇ ਹੋਰ ਮੈਂਬਰ ਵਿਦਿਆਰਥੀ ਕਹਿਣਗੇ ਉਨ੍ਹਾਂ ਨਾਲ ਮਿਲਕੇ ਇੱਕ ਕਮੇਟੀ ਬਣੇਗੀ ਜੋ ਵਿਦਿਆਰਥੀਆਂ ਦਾ ਪੱਖ ਰੱਖੇਗੀ। ਆਸ ਹੈ ਕਿ ਇਹ ਮਾਮਲਾ ਜਲਦੀ ਹੱਲ ਹੋ ਜਾਵੇਗਾ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












