ਅਮਰੀਕਾ 'ਚ ਗੁਰਪਤਵੰਤ ਪਨੂੰ ਦੇ ਕਤਲ ਦੀ ਕੋਸ਼ਿਸ਼ ਦੀ ਕਥਿਤ ਸਾਜ਼ਿਸ਼ ਬਾਰੇ ਅਮਰੀਕੀ ਸਰਵੇ ਨੇ ਕੀ ਕੀਤਾ ਖੁਲਾਸਾ

    • ਲੇਖਕ, ਸੌਤਿਕ ਬਿਸਵਾਸ
    • ਰੋਲ, ਭਾਰਤੀ ਪ੍ਰਤੀਨਿਧੀ

ਇੱਕ ਨਵੇਂ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਭਾਰਤੀ ਅਮਰੀਕਨ ਭਾਰਤ ਦੇ ਭਵਿੱਖ ਬਾਰੇ ਆਸ਼ਾਵਾਦੀ ਹੋ ਰਹੇ ਹਨ, ਪਰ ਡੌਨਲਡ ਟਰੰਪ ਦੇ ਦੂਜੀ ਵਾਰ ਸੱਤਾ ਵਿੱਚ ਆਉਣ ਤੋਂ ਬਾਅਦ ਅਮਰੀਕਾ-ਭਾਰਤ ਸਬੰਧਾਂ ਨੂੰ ਲੈ ਕੇ ਉਨ੍ਹਾਂ ਵਿੱਚ ਗਹਿਰੀਆਂ ਚਿੰਤਾਵਾਂ ਹਨ।

ਅਕਤੂਬਰ ਵਿੱਚ ਕਾਰਨੇਗੀ ਐਂਡੋਮੈਂਟ ਫਾਰ ਇੰਟਰਨੈਸ਼ਨਲ ਪੀਸ ਅਤੇ YouGov ਦੁਆਰਾ ਕਰਵਾਏ ਗਏ 2024 ਦੇ ਭਾਰਤੀ-ਅਮਰੀਕਨ ਸਰਵੇਖਣ ਵਿੱਚ ਭਾਰਤੀ-ਅਮਰੀਕਨ ਰਾਜਨੀਤਿਕ ਦ੍ਰਿਸ਼ਟੀਕੋਣ ਦੀ ਪੜਤਾਲ ਕੀਤੀ ਗਈ।

ਪਿਛਲੇ ਸਾਲ ਭਾਰਤ ਅਤੇ ਅਮਰੀਕਾ ਵਿੱਚ ਦੋ ਮਹੱਤਵਪੂਰਨ ਚੋਣਾਂ ਹੋਈਆਂ, ਜਿਸ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਭਾਈਵਾਲੀ ਮਜ਼ਬੂਤ ਹੋਈ, ਪਰ ਕਦੇ ਕਦਾਈਂ ਤਣਾਅਪੂਰਨ ਵੀ ਰਹੀ।

ਭਾਰਤੀ ਅਰਬਪਤੀ ਗੌਤਮ ਅਡਾਨੀ ਦੇ ਖਿਲਾਫ਼ ਅਮਰੀਕੀ ਅਦਾਲਤ ਵੱਲੋਂ ਇਲਜ਼ਾਮ ਤੈਅ ਕਰਨੇ ਅਤੇ ਅਮਰੀਕੀ ਧਰਤੀ 'ਤੇ ਭਾਰਤ ਦੀ ਹਮਾਇਤ ਨਾਲ ਹੱਤਿਆ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮਾਂ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧ ਗਿਆ।

ਅਮਰੀਕਾ ਵਿੱਚ 50 ਲੱਖ ਤੋਂ ਜ਼ਿਆਦਾ ਭਾਰਤੀ ਮੂਲ ਦੇ ਲੋਕਾਂ ਨਾਲ ਸਰਵੇਖਣ ਵਿੱਚ ਕੁਝ ਮੁੱਖ ਸਵਾਲ ਪੁੱਛੇ ਗਏ।

ਅਮਰੀਕਾ ਵਿਚ ਰਹਿ ਰਹੇ ਭਾਰਤੀ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਦੇ ਅਮਰੀਕਾ-ਭਾਰਤ ਸਬੰਧਾਂ ਨੂੰ ਸੰਭਾਲਣ ਦੇ ਤਰੀਕੇ ਨੂੰ ਕਿਵੇਂ ਦੇਖਦੇ ਹਨ?

ਕੀ ਉਹ ਡੋਨਾਲਡ ਟਰੰਪ ਨੂੰ ਬਿਹਤਰ ਵਿਕਲਪ ਮੰਨਦੇ ਹਨ? ਅਤੇ ਉਹ 2024 ਦੀਆਂ ਚੋਣਾਂ ਤੋਂ ਬਾਅਦ ਭਾਰਤ ਦੀ ਦਿਸ਼ਾ ਦਾ ਮੁਲਾਂਕਣ ਕਿਵੇਂ ਕਰਦੇ ਹਨ?

ਇੱਥੇ ਰਿਪੋਰਟ ਦੇ ਕੁਝ ਮੁੱਖ ਸਿੱਟੇ ਸਾਹਮਣੇ ਆਏ ਹਨ ਜੋ 1,206 ਭਾਰਤੀ-ਅਮਰੀਕਨ ਬਾਲਗ ਨਿਵਾਸੀਆਂ ਦੇ ਰਾਸ਼ਟਰੀ ਪੱਧਰ 'ਤੇ ਕੀਤੇ ਗਏ ਔਨਲਾਈਨ ਸਰਵੇਖਣ 'ਤੇ ਆਧਾਰਿਤ ਹਨ।

ਭਾਰਤ ਸਬੰਧੀ ਟਰੰਪ ਬਨਾਮ ਬਾਇਡਨ

ਅਮਰੀਕਾ ਵਿੱਚ ਰਹਿੰਦੇ ਭਾਰਤੀਆਂ ਨੇ ਟਰੰਪ ਦੇ ਪਹਿਲੇ ਕਾਰਜਕਾਲ ਦੀ ਤੁਲਨਾ ਵਿੱਚ ਅਮਰੀਕਾ-ਭਾਰਤ ਸਬੰਧਾਂ ਨੂੰ ਲੈ ਕੇ ਬਾਇਡਨ ਪ੍ਰਸ਼ਾਸਨ ਨੂੰ ਵਧੇਰੇ ਅਨੁਕੂਲ ਮੰਨਿਆ ਹੈ।

ਪੋਲਿੰਗ ਦੌਰਾਨ ਟਰੰਪ ਦੇ ਦੂਜੇ ਕਾਰਜਕਾਲ ਦੀ ਤੁਲਨਾ ਵਿੱਚ ਸੰਭਾਵਿਤ ਰਾਸ਼ਟਰਪਤੀ ਵਜੋਂ ਕਮਲਾ ਹੈਰਿਸ ਪ੍ਰਸ਼ਾਸਨ ਨੂੰ ਦੁਵੱਲੇ ਸਬੰਧਾਂ ਲਈ ਬਿਹਤਰ ਮੰਨਿਆ ਗਿਆ।

ਪੱਖਪਾਤੀ ਧਰੁਵੀਕਰਨ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। 66 ਫ਼ੀਸਦ ਭਾਰਤੀ-ਅਮਰੀਕਨ ਰਿਪਬਲੀਕਨ ਮੰਨਦੇ ਹਨ ਕਿ ਟਰੰਪ ਅਮਰੀਕਾ-ਭਾਰਤ ਸਬੰਧਾਂ ਲਈ ਬਿਹਤਰ ਸਨ, ਜਦੋਂ ਕਿ ਸਿਰਫ਼ 8 ਫ਼ੀਸਦ ਡੈਮੋਕ੍ਰੇਟਸ ਇਸ ਨਾਲ ਸਹਿਮਤ ਹਨ।

ਇਸ ਦੇ ਉਲਟ, 15% ਰਿਪਬਲਿਕਨਾਂ ਦੇ ਮੁਕਾਬਲੇ ਅੱਧੇ ਭਾਰਤੀ-ਅਮਰੀਕਨ ਡੈਮੋਕ੍ਰੇਟਸ ਬਾਇਡਨ ਦੇ ਹੱਕ ਵਿੱਚ ਹਨ।

ਕਿਉਂਕਿ ਜ਼ਿਆਦਾਤਰ ਭਾਰਤੀ ਅਮਰੀਕਨ ਡੈਮੋਕ੍ਰੇਟ ਹਨ, ਇਸ ਨਾਲ ਬਾਇਡਨ ਨੂੰ ਸਮੁੱਚਾ ਵਾਧਾ ਮਿਲਦਾ ਹੈ।

ਵ੍ਹਾਈਟ ਹਾਊਸ ਵਿਖੇ ਫਰਵਰੀ ਵਿੱਚ ਹੋਈ ਮੀਟਿੰਗ ਦੌਰਾਨ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋਵਾਂ ਨੇ ਇੱਕ-ਦੂਜੇ ਦੀ ਅਗਵਾਈ ਦੀ ਪ੍ਰਸ਼ੰਸਾ ਕੀਤੀ, ਪਰ ਟਰੰਪ ਨੇ ਭਾਰਤ ਦੇ ਉੱਚ ਵਪਾਰਕ ਟੈਰਿਫ ਦੀ ਆਲੋਚਨਾ ਕਰਦੇ ਹੋਏ ਇਸ ਨੂੰ 'ਵੱਡੀ ਸਮੱਸਿਆ' ਕਰਾਰ ਦਿੱਤਾ।

ਕਤਲ ਦੀ ਸਾਜ਼ਿਸ਼ ਦੇ ਇਲਜ਼ਾਮਾਂ ’ਤੇ ਵਿਵਾਦ

ਅਮਰੀਕੀ ਧਰਤੀ 'ਤੇ ਇੱਕ ਵੱਖਵਾਦੀ ਦੀ ਹੱਤਿਆ ਕਰਨ ਦੀ ਕਥਿਤ ਭਾਰਤੀ ਸਾਜ਼ਿਸ਼ ਬਾਰੇ ਸਰਵੇ ਵਿੱਚ ਪੁੱਛੇ ਲੋਕਾਂ ਨੂੰ ਜ਼ਿਆਦਾ ਜਾਣਕਾਰੀ ਨਹੀਂ ਸੀ, ਸਿਰਫ਼ ਅੱਧੇ ਉੱਤਰਦਾਤਾਵਾਂ ਨੂੰ ਹੀ ਇਸ ਦੀ ਜਾਣਕਾਰੀ ਸੀ।

ਅਕਤੂਬਰ ਵਿੱਚ ਅਮਰੀਕਾ ਨੇ ਇੱਕ ਸਾਬਕਾ ਭਾਰਤੀ ਖੂਫ਼ੀਆ ਅਧਿਕਾਰੀ 'ਤੇ ਆਜ਼ਾਦ ਸਿੱਖ ਰਾਜ, ਖਾਲਿਸਤਾਨ ਲਈ ਅਮਰੀਕਾ-ਆਧਾਰਿਤ ਸਮਰਥਕ ਗੁਰਪਤਵੰਤ ਸਿੰਘ ਪੰਨੂ ਦੀ ਕਥਿਤ ਤੌਰ 'ਤੇ ਹੱਤਿਆ ਦੀ ਸਾਜ਼ਿਸ਼ ਰਚਣ ਅਤੇ ਮਨੀ ਲਾਂਡਰਿੰਗ ਦਾ ਇਲਜ਼ਾਮ ਲਗਾਇਆ ਸੀ।

ਇਹ ਪਹਿਲੀ ਵਾਰ ਹੈ ਜਦੋਂ ਭਾਰਤ ਸਰਕਾਰ ਉੱਤੇ ਵੱਖਵਾਦੀ ਦੀ ਹੱਤਿਆ ਦੀ ਕੋਸ਼ਿਸ਼ ਵਿੱਚ ਸਿੱਧੇ ਤੌਰ 'ਤੇ ਸ਼ਾਮਲ ਹੋਣ ਦੇ ਇਲਜ਼ਾਮ ਲਗਾਏ ਗਏ ਹਨ। ਭਾਰਤ ਨੇ ਇਸ ਸਬੰਧੀ ਕਿਹਾ ਹੈ ਕਿ ਉਹ ਅਮਰੀਕਾ ਦੀ ਜਾਂਚ ਵਿੱਚ ਸਹਿਯੋਗ ਕਰ ਰਿਹਾ ਹੈ।

ਜਨਵਰੀ ਵਿੱਚ ਅਮਰੀਕਾ ਦੇ ਇਲਜ਼ਾਮਾਂ ਦੀ ਜਾਂਚ ਕਰਨ ਲਈ ਭਾਰਤ ਦੁਆਰਾ ਗਠਿਤ ਇੱਕ ਪੈਨਲ ਨੇ ਇੱਕ ਅਗਿਆਤ ਵਿਅਕਤੀ ਖਿਲਾਫ਼ ਕਾਨੂੰਨੀ ਕਾਰਵਾਈ ਦੀ ਸਿਫਾਰਸ਼ ਕੀਤੀ ਸੀ, ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਸਾਬਕਾ ਖੁਫ਼ੀਆ ਏਜੰਟ ਹੈ।

ਸਰਵੇਖਣ ਦੇ ਉੱਤਰਦਾਤਾਵਾਂ ਦੀ ਇੱਕ ਛੋਟੀ ਬਹੁਗਿਣਤੀ ਨੇ ਕਿਹਾ ਕਿ ਭਾਰਤ ਵੱਲੋਂ 'ਅਜਿਹੀ ਕਾਰਵਾਈ ਕਰਨਾ ਜਾਇਜ਼ ਨਹੀਂ ਹੋਵੇਗਾ ਅਤੇ ਜੇਕਰ ਸਥਿਤੀ ਨੂੰ ਉਲਟਾ ਦਿੱਤਾ ਗਿਆ ਤਾਂ ਅਮਰੀਕਾ ਬਾਰੇ ਵੀ ਉਨ੍ਹਾਂ ਦੀ ਇਹੀ ਭਾਵਨਾ ਹੋਵੇਗੀ।

ਇਜ਼ਰਾਇਲ ਅਤੇ ਫਲਸਤੀਨ ਦੇ ਵਿਸ਼ੇ ਬਾਰੇ ਕੀ ਰਾਇ

ਭਾਰਤੀ ਅਮਰੀਕਨ ਪਾਰਟੀ ਲਾਈਨਾਂ ਦੇ ਆਧਾਰ 'ਤੇ ਵੰਡੇ ਹੋਏ ਹਨ, ਡੈਮੋਕ੍ਰੇਟਸ ਫਲਸਤੀਨੀਆਂ ਪ੍ਰਤੀ ਜ਼ਿਆਦਾ ਹਮਦਰਦੀ ਪ੍ਰਗਟ ਕਰਦੇ ਹਨ, ਜਦੋਂਕਿ ਰਿਪਬਲਿਕਨ ਇਜ਼ਰਾਈਲ ਦੇ ਪੱਖ ਵਿੱਚ ਹਨ।

10 ਵਿੱਚੋਂ ਚਾਰ ਉੱਤਰਦਾਤਾਵਾਂ ਦਾ ਮੰਨਣਾ ਹੈ ਕਿ ਇਜ਼ਰਾਈਲ-ਫਲਸਤੀਨ ਦੇ ਚੱਲ ਰਹੇ ਸੰਘਰਸ਼ ਵਿੱਚ ਬਾਇਡਨ ਇਜ਼ਰਾਈਲ ਦੇ ਬਹੁਤ ਜ਼ਿਆਦਾ ਸਮਰਥਕ ਰਹੇ ਹਨ।

ਅਕਤੂਬਰ 2023 ਵਿੱਚ ਗਾਜ਼ਾ ਤੋਂ ਹਮਾਸ ਦੇ ਲੜਾਕਿਆਂ ਦੁਆਰਾ ਕੀਤੇ ਗਏ ਹਮਲੇ ਵਿੱਚ ਇਜ਼ਰਾਈਲ ਦੇ ਅੰਦਰ ਲਗਭਗ 1,200 ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਜ਼ਿਆਦਾਤਰ ਨਾਗਰਿਕ ਸਨ ਅਤੇ 251 ਲੋਕਾਂ ਨੂੰ ਬੰਧਕ ਬਣਾਇਆ ਗਿਆ ਸੀ। ਜ਼ਿਆਦਾਤਰ ਨੂੰ ਜੰਗਬੰਦੀ ਸਮਝੌਤਿਆਂ ਜਾਂ ਹੋਰ ਪ੍ਰਬੰਧਾਂ ਤਹਿਤ ਰਿਹਾਅ ਕਰ ਦਿੱਤਾ ਗਿਆ ਹੈ।

ਹਮਾਸ ਦੁਆਰਾ ਸੰਚਾਲਿਤ ਸਿਹਤ ਮੰਤਰਾਲੇ ਦੇ ਅਨੁਸਾਰ, ਇਜ਼ਰਾਈਲ ਦੇ ਫੌਜੀ ਹਮਲੇ ਵਿੱਚ ਗਾਜ਼ਾ ਵਿੱਚ 48,000 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ।

ਨਾਜ਼ੁਕ ਜੰਗਬੰਦੀ ਨੂੰ ਵਧਾਉਣ ਲਈ ਗੱਲਬਾਤ, ਜਿਸ ਦਾ ਪਹਿਲਾ ਪੜਾਅ 1 ਮਾਰਚ ਨੂੰ ਖਤਮ ਹੋਇਆ ਸੀ, ਜਿਸ ਦੀ ਸੋਮਵਾਰ ਨੂੰ ਕਤਰ ਵਿੱਚ ਫਿਰ ਤੋਂ ਸ਼ੁਰੂ ਹੋਣ ਦੀ ਉਮੀਦ ਹੈ।

ਭਾਰਤ ਦੇ ਭਵਿੱਖ ਬਾਰੇ ਕੀ ਰਾਇ

47 ਫ਼ੀਸਦੀ ਭਾਰਤੀ ਅਮਰੀਕਨਾਂ ਦਾ ਮੰਨਣਾ ਹੈ ਕਿ ਭਾਰਤ ਸਹੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ, ਜੋ ਚਾਰ ਸਾਲ ਪਹਿਲਾਂ ਦੇ ਮੁਕਾਬਲੇ 10 ਫੀਸਦੀ ਵੱਧ ਹੈ।

ਪ੍ਰਧਾਨ ਮੰਤਰੀ ਵਜੋਂ ਮੋਦੀ ਦੀ ਕਾਰਗੁਜ਼ਾਰੀ ਨੂੰ ਵੀ ਓਨੀ ਹੀ ਗਿਣਤੀ ਵਿੱਚ ਲੋਕ ਪਸੰਦ ਕਰਦੇ ਹਨ। ਇਸ ਤੋਂ ਇਲਾਵਾ 10 ਵਿੱਚੋਂ ਚਾਰ ਉੱਤਰਦਾਤਾ ਮਹਿਸੂਸ ਕਰਦੇ ਹਨ ਕਿ ਭਾਰਤ ਦੀਆਂ 2024 ਦੀਆਂ ਚੋਣਾਂ ਜਿਨ੍ਹਾਂ ਵਿੱਚ ਮੋਦੀ ਦੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ, ਇਹ ਦੇਸ਼ ਨੂੰ ਵਧੇਰੇ ਲੋਕਤੰਤਰੀ ਬਣਾਵੇਗਾ।

ਸਰਵੇਖਣ ਵਿੱਚ ਪਾਇਆ ਗਿਆ ਕਿ ਬਹੁਤ ਭਾਰਤੀ ਅਮਰੀਕਨ ਮੋਦੀ ਦਾ ਸਮਰਥਨ ਕਰਦੇ ਹਨ ਅਤੇ ਮੰਨਦੇ ਹਨ ਕਿ ਭਾਰਤ ਸਹੀ ਰਸਤੇ 'ਤੇ ਹੈ, ਫਿਰ ਵੀ ਉਨ੍ਹਾਂ ਵਿੱਚੋਂ ਅੱਧੇ ਲੋਕ ਅਮਰੀਕੀ ਧਰਤੀ 'ਤੇ ਕਥਿਤ ਹੱਤਿਆ ਦੀ ਕੋਸ਼ਿਸ਼ ਤੋਂ ਅਣਜਾਣ ਹਨ।

ਕੀ ਇਹ ਸੂਚਨਾ ਤੱਕ ਪਹੁੰਚ ਵਿੱਚ ਅੰਤਰ, ਚੋਣਵੇਂ ਮੁੱਦਿਆਂ ਨਾਲ ਜੁੜਨਾ ਜਾਂ ਵਿਆਪਕ ਰਾਸ਼ਟਰਵਾਦੀ ਭਾਵਨਾ ਦੇ ਪੱਖ ਵਿੱਚ ਕੁਝ ਕਾਰਵਾਈਆਂ ਨੂੰ ਨਜ਼ਰਅੰਦਾਜ਼ ਕਰਨ ਦੀ ਪ੍ਰਵਿਰਤੀ ਨੂੰ ਦਰਸਾਉਂਦਾ ਹੈ?

ਅਧਿਐਨ ਦੇ ਸਹਿ-ਲੇਖਕ ਮਿਲਨ ਵੈਸ਼ਨਵ ਨੇ ਕਿਹਾ, ''ਇਸ ਦਾ ਸਹੀ ਕਾਰਨ ਦੱਸਣਾ ਔਖਾ ਹੈ, ਪਰ ਸਾਡਾ ਮੰਨਣਾ ਹੈ ਕਿ ਇਸ ਦਾ ਸਬੰਧ ਚੋਣਵੇਂ ਮੁੱਦਿਆਂ ਨਾਲ ਜੁੜਨ ਨਾਲ ਹੈ।''

ਕਾਰਨੇਗੀ ਦੁਆਰਾ 2020 ਵਿੱਚ ਇਕੱਤਰ ਕੀਤੇ ਗਏ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਲਗਭਗ 60% ਭਾਰਤੀ ਅਮਰੀਕਨ ਨਿਯਮਤ ਤੌਰ 'ਤੇ ਸਰਕਾਰ ਅਤੇ ਜਨਤਕ ਮਾਮਲਿਆਂ 'ਤੇ ਨਜ਼ਰ ਰੱਖਦੇ ਹਨ, ਜਦੋਂਕਿ ਇੱਕ ਮਹੱਤਵਪੂਰਨ ਹਿੱਸਾ ''ਸਿਰਫ਼ ਥੋੜ੍ਹੇ ਸਮੇਂ ਲਈ' ਇਸ ਵਿੱਚ ਸ਼ਾਮਲ ਹੁੰਦਾ ਹੈ।

ਵੈਸ਼ਨਵ ਨੇ ਕਿਹਾ, ''ਅਕਸਰ ਲੋਕ ਖ਼ਬਰਾਂ, ਸੋਸ਼ਲ ਮੀਡੀਆ ਅਤੇ ਦੋਸਤਾਂ ਅਤੇ ਪਰਿਵਾਰ ਨਾਲ ਗੱਲਬਾਤ ਦੇ ਆਧਾਰ 'ਤੇ ਵਿਆਪਕ ਧਾਰਨਾ ਬਣਾ ਲੈਂਦੇ ਹਨ। ਹਾਲ ਹੀ ਵਿੱਚ ਅਮਰੀਕਾ ਵਿੱਚ ਖ਼ਬਰਾਂ ਦੇ ਆਏ ਹੜ੍ਹ ਨੂੰ ਦੇਖਦੇ ਹੋਏ, ਇਹ ਪੂਰੀ ਤਰ੍ਹਾਂ ਹੈਰਾਨੀਜਨਕ ਨਹੀਂ ਹੈ ਕਿ 'ਭਾੜੇ ਲਈ ਕਤਲ' ਦੀ ਸਾਜ਼ਿਸ਼ ਭਾਈਚਾਰੇ ਦੇ ਇੱਕ ਵੱਡੇ ਵਰਗ ਤੱਕ ਨਹੀਂ ਪਹੁੰਚ ਸਕੀ ਹੋਵੇਗੀ।''

ਭਾਰਤੀ ਅਮਰੀਕਨ, ਟਰੰਪ ਬਾਰੇ ਸੁਚੇਤ ਰਹਿੰਦੇ ਹਨ ਅਤੇ ਆਮ ਤੌਰ 'ਤੇ ਅਮਰੀਕਾ-ਭਾਰਤ ਸਬੰਧਾਂ ਲਈ ਬਾਇਡਨ ਜਾਂ ਹੈਰਿਸ ਦਾ ਪੱਖ ਲੈਂਦੇ ਹਨ, ਪਰ ਦੂਜੇ ਪਾਸੇ ਉਹ ਭਾਰਤ ਵਿੱਚ ਮੋਦੀ ਦੀ ਵਾਪਸੀ ਦਾ ਜ਼ੋਰਦਾਰ ਸਮਰਥਨ ਕਰਦੇ ਹਨ।

ਮੋਦੀ ਦੀਆਂ ਰਾਸ਼ਟਰਵਾਦੀ ਨੀਤੀਆਂ ਦੇ ਮੱਦੇਨਜ਼ਰ, ਇਸ ਤਰ੍ਹਾਂ ਮੁੱਦਿਆਂ ਤੋਂ ਪਰੇ ਹੋਣ ਦੇ ਕੀ ਕਾਰਨ ਹਨ? ਕੀ ਇਹ ਵਿਚਾਰਧਾਰਾ ਨਾਲੋਂ ਜ਼ਿਆਦਾ ਵਿਅਕਤੀਗਤ ਪ੍ਰਭਾਵ ਤੋਂ ਪ੍ਰੇਰਿਤ ਹੈ?

ਮਿਲਨ ਵੈਸ਼ਨਵ ਨੇ ਕਿਹਾ, ''ਇਹ 'ਜਿੱਥੇ ਤੁਸੀਂ ਬੈਠਦੇ ਹੋ, ਉੱਥੇ ਹੀ ਤੁਸੀਂ ਖੜ੍ਹੇ ਹੁੰਦੇ ਹੋ' ਵਾਲਾ ਮਾਮਲਾ ਹੈ।''

ਉਨ੍ਹਾਂ ਨੇ ਸਬੰਧਿਤ ਅਧਿਐਨ ਵਿੱਚ ਕਿਹਾ, ''ਅਸੀਂ ਇਸ ਪ੍ਰਸ਼ਨ ਦਾ ਗਹਿਰਾਈ ਨਾਲ ਅਧਿਐਨ ਕੀਤਾ ਹੈ ਅਤੇ ਸਿੱਟਾ ਕੱਢਿਆ ਹੈ ਕਿ ਭਾਰਤੀ ਅਮਰੀਕੀ ਆਮ ਤੌਰ 'ਤੇ ਭਾਰਤ ਦੇ ਮੁਕਾਬਲੇ ਅਮਰੀਕਾ ਦੇ ਨੀਤੀਗਤ ਮੁੱਦਿਆਂ 'ਤੇ ਜ਼ਿਆਦਾ ਉਦਾਰ ਵਿਚਾਰ ਰੱਖਦੇ ਹਨ।''

''ਉਦਾਹਰਨ ਵਜੋਂ, ਮੁਸਲਿਮ ਭਾਰਤੀ-ਅਮਰੀਕਨ ਜੋ ਭਾਰਤ ਅਤੇ ਅਮਰੀਕਾ ਦੋਵਾਂ ਵਿੱਚ ਘੱਟ ਗਿਣਤੀ ਹਨ, ਉਹ ਲਗਾਤਾਰ ਜ਼ਿਆਦਾ ਉਦਾਰਵਾਦੀ ਦ੍ਰਿਸ਼ਟੀਕੋਣ ਰੱਖਦੇ ਹਨ, ਉੱਥੇ ਹੀ ਹਿੰਦੂ ਭਾਰਤੀ-ਅਮਰੀਕਨ ਅਮਰੀਕਾ ਵਿੱਚ ਉਦਾਰਵਾਦੀ ਵਿਚਾਰ ਪ੍ਰਗਟ ਕਰਦੇ ਹਨ (ਜਿੱਥੇ ਉਹ ਘੱਟ ਗਿਣਤੀ ਹਨ), ਪਰ ਭਾਰਤ ਵਿੱਚ ਜ਼ਿਆਦਾ ਰੂੜੀਵਾਦੀ ਰੁਖ਼ ਰੱਖਦੇ ਹਨ, ਜਿੱਥੇ ਉਹ ਬਹੁਗਿਣਤੀ ਹਨ।''

ਵੈਸ਼ਨਵ ਨੇ ਕਿਹਾ, ''ਦੂਜੇ ਸ਼ਬਦਾਂ ਵਿੱਚ ਕਿਸੇ ਵਿਅਕਤੀ ਦੀ ਬਹੁਗਿਣਤੀ ਜਾਂ ਘੱਟਗਿਣਤੀ ਸਥਿਤੀ ਉਸ ਦੇ ਰਾਜਨੀਤਿਕ ਵਿਚਾਰਾਂ ਨੂੰ ਆਕਾਰ ਦੇਣ ਵਿੱਚ ਮੁੱਖ ਭੂਮਿਕਾ ਨਿਭਾਉਂਦੀ ਹੈ।''

ਜੇਕਰ ਭਾਰਤੀ ਅਮਰੀਕਨ ਟਰੰਪ ਨੂੰ ਦੁਵੱਲੇ ਸਬੰਧਾਂ ਲਈ ਖ਼ਤਰੇ ਵਜੋਂ ਦੇਖਦੇ ਹਨ, ਤਾਂ ਉਨ੍ਹਾਂ ਨੇ ਉਨ੍ਹਾਂ ਦੇ ਪਹਿਲੇ ਕਾਰਜਕਾਲ ਦੌਰਾਨ ਉਨ੍ਹਾਂ ਦਾ ਸਵਾਗਤ ਕਿਉਂ ਕੀਤਾ, ਜਿਵੇਂ ਕਿ 'ਹਾਊਡੀ ਮੋਦੀ' ਵਰਗੇ ਸਮਾਗਮਾਂ ਵਿੱਚ ਦੇਖਿਆ ਗਿਆ ਸੀ?

ਕੀ ਟਰੰਪ ਪ੍ਰਤੀ ਉਨ੍ਹਾਂ ਦੀ ਰਾਇ ਉਨ੍ਹਾਂ ਦੀਆਂ ਨੀਤੀਆਂ ਦੇ ਕਾਰਨ ਬਦਲ ਗਈ ਹੈ, ਜਾਂ ਕੀ ਇਹ ਰਾਜਨੀਤਿਕ ਧਾਰਨਾਵਾਂ ਵਿੱਚ ਬਦਲਾਅ ਦੇ ਕਾਰਨ ਹੈ?

ਮਿਲਨ ਵੈਸ਼ਨਵ ਨੇ ਕਿਹਾ, ''ਸਾਨੂੰ ਇੱਕ ਘਟਨਾ ਜਾਂ ਭਾਰਤੀ-ਅਮਰੀਕਨ ਆਬਾਦੀ ਦੇ ਇੱਕ ਹਿੱਸੇ ਤੋਂ ਵੀ ਆਮ ਧਾਰਨਾ ਨਹੀਂ ਬਣਾਉਣੀ ਚਾਹੀਦੀ।”

“'ਹਾਊਡੀ ਮੋਦੀ' ਵਿੱਚ 50,000 ਤੋਂ ਵੱਧ ਭਾਰਤੀ ਅਮਰੀਕਨ ਸਭ ਤੋਂ ਪਹਿਲਾਂ ਮੋਦੀ ਨੂੰ ਦੇਖਣ ਲਈ ਇਕੱਠੇ ਹੋਏ ਸਨ, ਨਾ ਕਿ ਟਰੰਪ ਨੂੰ ਦੇਖਣ ਲਈ। ਯਾਦ ਕਰੋ ਕਿ ਟਰੰਪ ਨੂੰ ਇਸ ਵਿੱਚ ਬਾਅਦ ਵਿੱਚ ਸ਼ਾਮਲ ਕੀਤਾ ਗਿਆ ਸੀ।"

''ਦੂਜਾ, ਇਹ ਵੰਨ-ਸੁਵੰਨਾ ਡਾਇਸਪੋਰਾ ਹੈ ਜਿਸ ਵਿੱਚ ਵੱਖ ਵੱਖ ਰਾਜਨੀਤਿਕ ਵਿਚਾਰ ਹਨ। ਜਦੋਂ ਕਿ ਇੱਕ ਬਹੁਤ ਵੱਡੀ ਘੱਟ ਗਿਣਤੀ ਵਜੋਂ ਭਾਰਤੀ ਅਮਰੀਕਨ ਲੋਕ ਡੈਮੋਕ੍ਰੇਟਿਕ ਪਾਰਟੀ ਵੱਲ ਬਹੁਤ ਜ਼ਿਆਦਾ ਝੁਕਾਅ ਰੱਖਦੇ ਹਨ। ਸਾਡਾ ਅਨੁਮਾਨ ਸੀ ਕਿ 2024 ਵਿੱਚ ਲਗਭਗ 30% ਟਰੰਪ ਦੇ ਅਧੀਨ ਰਿਪਬਲਿਕਨਾਂ ਦਾ ਸਮਰਥਨ ਕਰਨਗੇ।''

ਭਾਰਤੀ ਅਮਰੀਕਨ ਡੈਮੋਕ੍ਰੇਟਿਕ ਪਾਰਟੀ ਪ੍ਰਤੀ ਵਚਨਬੱਧ ਹਨ, ਪਰ ਉਨ੍ਹਾਂ ਦਾ ਲਗਾਅ ਘਟ ਗਿਆ ਹੈ। ਪਿਛਲੇ ਸਾਲ ਹੋਏ ਇੱਕ ਸਰਵੇਖਣ ਵਿੱਚ ਪਾਇਆ ਗਿਆ ਕਿ ਲਗਭਗ 47% ਲੋਕ ਡੈਮੋਕ੍ਰੇਟਸ ਵਜੋਂ ਪਛਾਣ ਰੱਖਦੇ ਹਨ, ਜੋ 2020 ਵਿੱਚ 56% ਤੋਂ ਘੱਟ ਹੈ।

ਕੀ ਭਾਰਤੀ-ਅਮਰੀਕਨਾਂ ਨੂੰ ਦੋਵਾਂ ਦੇਸ਼ਾਂ ਵਿੱਚ ਸਿਆਸੀ ਘਟਨਾਕ੍ਰਮ ਦੀ ਸੂਖਮ ਸਮਝ ਹੈ, ਜਾਂ ਕੀ ਉਨ੍ਹਾਂ ਦੇ ਵਿਚਾਰ ਡਾਇਸਪੋਰਾ-ਸੰਚਾਲਿਤ ਬਿਰਤਾਂਤਾਂ ਅਤੇ ਮੀਡੀਆ ਦੇ ਚੈਂਬਰਾਂ ਤੋਂ ਜ਼ਿਆਦਾ ਪ੍ਰਭਾਵਿਤ ਹਨ?

ਵੈਸ਼ਨਵ ਨੇ ਕਿਹਾ ਕਿ 2020 ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਭਾਰਤ ਬਾਰੇ ਜਾਣਕਾਰੀ ਦਾ ਮੁੱਢਲਾ ਸਰੋਤ ਆਨਲਾਈਨ ਖ਼ਬਰਾਂ ਸਨ, ਇਸ ਤੋਂ ਬਾਅਦ ਟੈਲੀਵਿਜ਼ਨ, ਸੋਸ਼ਲ ਮੀਡੀਆ ਅਤੇ ਮੌਖਿਕ ਸੰਚਾਰ ਦਾ ਸਥਾਨ ਆਉਂਦਾ ਹੈ। ਸੋਸ਼ਲ ਮੀਡੀਆ ਵਿੱਚ ਯੂਟਿਊਬ, ਫੇਸਬੁੱਕ ਅਤੇ ਵਟਸਐਪ ਸਭ ਤੋਂ ਆਮ ਪਲੈਟਫਾਰਮ ਸਨ।

''ਭਾਰਤ ਨਾਲ ਸਿੱਧੇ ਸਬੰਧ ਸੀਮਤ ਹਨ, ਵਿਦੇਸ਼ ਵਿੱਚ ਪੈਦਾ ਹੋਏ ਭਾਰਤੀ ਅਮਰੀਕਨ ਆਮ ਤੌਰ 'ਤੇ ਅਮਰੀਕਾ ਵਿੱਚ ਪੈਦਾ ਹੋਏ ਲੋਕਾਂ ਨਾਲੋਂ ਜ਼ਿਆਦਾ ਜੁੜੇ ਹੋਏ ਹਨ।

''ਅਜਿਹਾ ਕਹਿਣ ਤੋਂ ਬਾਅਦ, ਕਿਸੇ ਨੂੰ ਇਸ ਤੱਥ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਕਿ ਸੱਭਿਆਚਾਰਕ ਸੰਪਰਕ ਦੇ ਬੰਧਨ ਕਾਫ਼ੀ ਮਜ਼ਬੂਤ ਹਨ, ਇੱਥੋਂ ਤੱਕ ਕਿ ਦੂਜੀ ਅਤੇ ਤੀਜੀ ਪੀੜ੍ਹੀ ਦੇ ਭਾਰਤੀ ਅਮਰੀਕਨਾਂ ਦੇ ਸਬੰਧ ਵਿੱਚ ਵੀ।''

ਅੰਤ ਵਿੱਚ, ਸਰਵੇਖਣ ਭਾਰਤੀ-ਅਮਰੀਕਨ ਭਾਈਚਾਰੇ ਦੀ ਇੱਕ ਗੁੰਝਲਦਾਰ ਤਸਵੀਰ ਨੂੰ ਰੇਖਾਂਕਿਤ ਕਰਦਾ ਹੈ ਜੋ ਚੋਣਵੇਂ ਲਗਾਅ, ਬਦਲਦੀਆਂ ਸਿਆਸੀ ਫਿਜ਼ਾਵਾਂ ਅਤੇ ਵੱਖੋ-ਵੱਖਰੇ ਨਿੱਜੀ ਤਜਰਬਿਆਂ ਦੇ ਮਿਸ਼ਰਣ ਨਾਲ ਆਕਾਰ ਲੈਂਦੀ ਹੈ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)