ਦੀਵਾਲੀ : ਔਨਲਾਇਨ ਖਰੀਦਦਾਰੀ ਮੌਕੇ ਇਨ੍ਹਾਂ ਗੱਲਾਂ ਦਾ ਧਿਆਨ ਨਾ ਰੱਖਿਆ ਤਾਂ ਲੱਗ ਸਕਦਾ ਹੈ ਚੂਨਾ

    • ਲੇਖਕ, ਮੁਰੂਗੇਸ਼ ਮਦਾਕਨੂੰ
    • ਰੋਲ, ਬੀਬੀਸੀ ਪੱਤਰਕਾਰ

ਤਿਉਹਾਰਾਂ ਦੇ ਸੀਜ਼ਨ ਦੌਰਾਨ ਬਹੁਤ ਲੋਕਾਂ ਨੂੰ ਆਪਣੇ ਘਰ ਲਈ ਨਵੀਆਂ ਚੀਜ਼ਾਂ ਖ਼ਰੀਦਣ ਦਾ ਵਿਚਾਰ ਆਉਂਦਾ ਹੈ। ਕੋਈ ਫ਼ੋਨ ਖ਼ਰੀਦਨ ਦੀ ਤਿਆਰੀ ਕਰ ਰਿਹਾ ਹੁੰਦਾ ਹੈ ਤਾਂ ਕੋਈ ਟੀਵੀ, ਕਾਰ, ਜਾਂ ਫ਼ਰਿੱਜ ਖ਼ਰੀਦਣ ਦੀ ਯੋਜਨਾ ਬਣਾ ਰਿਹਾ ਹੁੰਦਾ ਹੈ।

ਅਕਤੂਬਰ-ਨਵੰਬਰ ਦੇ ਮਹੀਨੇ ਵਿੱਚ, ਜਦੋਂ ਭਾਰਤ ਵਿੱਚ ਤਿਉਹਾਰਾਂ ਦੇ ਦਿਨ ਆਉਂਦੇ ਹਨ, ਤਾਂ ਕਈ ਖਪਤਕਾਰ ਵਸਤੂਆਂ ਅਤੇ ਮੋਬਾਈਲ ਫੋਨਾਂ ਦੀਆਂ ਕੀਮਤਾਂ ’ਤੇ ਕੰਪਨੀਆਂ ਵਲੋਂ ਛੋਟ ਦਿੱਤੀ ਜਾਂਦੀ ਹੈ ਅਤੇ ਗਾਹਕ ਵੀ ਇਸ ਸੀਜ਼ਨ ਦੌਰਾਨ ਘੱਟ ਕੀਮਤ ਦੇ ਲਾਲਚ ਵਿੱਚ ਚੀਜ਼ਾਂ ਖ਼ਰੀਦਣ ਨੂੰ ਤਰਜ਼ੀਹ ਦਿੰਦੇ ਹਨ।

ਦੀਵਾਲੀ ਦੇ ਦਿਨਾਂ ਵਿੱਚ ਮੁਲਾਜ਼ਮਾਂ ਨੂੰ ਬੋਨਸ ਦਾ ਮਿਲਣਾ ਵੀ ਉਨ੍ਹਾਂ ਨੂੰ ਖ਼ਰੀਦਦਾਰੀ ਲਈ ਉਤਸ਼ਾਹਿਤ ਕਰਦਾ ਹੈ।

ਇੱਕ ਸਲਾਹਕਾਰ ਫਰਮ ਰੈੱਡਸੀਅਰ ਨੇ ਆਪਣੀ ਰਿਪੋਰਟ 'ਚ ਦੱਸਿਆ ਸੀ ਕਿ ਇਸ ਤਿਉਹਾਰਾਂ ਦੇ ਦਿਨਾਂ ਵਿੱਚ ਭਾਰਤ 'ਚ ਕੁੱਲ ਵਿਕਰੀ ਤਕਰੀਬਨ 90 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਜਾਵੇਗੀ।

ਕੰਪਨੀ ਨੇ ਇਹ ਵੀ ਕਿਹਾ ਕਿ ਇਕੱਲੇ ਤਿਉਹਾਰਾਂ ਦੇ ਸੀਜ਼ਨ ਵਿੱਚ 15 ਅਕਤੂਬਰ ਤੱਕ ਆਨਲਾਈਨ ਸੇਲ ਦੌਰਾਨ ਕੱਲ੍ਹ ਵਿਕਰੀ 47,000 ਕਰੋੜ ਰੁਪਏ ਸੀ।

ਘੱਟ ਕੀਮਤਾਂ ਦਾ ਲਾਲਚ

ਕਿਸੇ ਬ੍ਰਾਂਡ ਕੰਪਨੀ ਦਾ ਉਤਪਾਦ ਵੱਧ ਕੀਮਤ 'ਤੇ ਖ਼ਰੀਦਣ ਦੀ ਬਜਾਇ, ਕੀ ਤੁਸੀਂ ਉਹੀ ਉਤਪਾਦ ਘੱਟ ਕੀਮਤ 'ਤੇ ਖ਼ਰੀਦ ਸਕਦੇ ਹੋ?

ਇੱਕ ਗੱਲ ਨੂੰ ਲੈ ਕੇ ਬਹੁਤ ਲੋਕ ਦੁਚਿੱਤੀ ਵਿੱਚ ਰਹਿੰਦੇ ਹਨ ਕਿ ਆਨਲਾਈਨ ਖ਼ਰੀਦਦਾਰੀ ਫ਼ਾਇਦੇਮੰਦ ਹੋਵੇਗੀ ਜਾਂ ਫ਼ਿਰ ਬਾਜ਼ਾਰ ਵਿੱਚ ਜਾ ਕੇ ਦੇਖ-ਪਰਖ਼ ਕੇ ਚੀਜ਼ਾਂ ਖ਼ਰੀਦਣਾ ਲਾਭਦਾਇਕ ਹੋਵੇਗਾ।

ਅਜਿਹੀ ਸਥਿਤੀ ਵਿੱਚ ਘਰੇਲੂ ਉਪਕਰਨਾਂ ਨੂੰ ਖ਼ਰੀਦਣ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਆਨਲਾਈਨ ਉਤਪਾਦ ਖ਼ਰੀਦਣ ਵੇਲੇ ਇੰਨਾਂ ਚੀਜ਼ਾਂ ’ਤੇ ਧਿਆਨ ਦਿਓ

ਆਨਲਾਈਨ ਦੇ ਕਈ ਫ਼ਾਇਦੇ ਤਾਂ ਹਨ, ਤੁਸੀਂ ਆਪਣੇ ਘਰ ਵਿੱਚ ਸੋਫ਼ੇ ਉੱਤੇ ਅਰਾਮ ਨਾਲ ਬੈਠੇ ਬਿਨ੍ਹਾਂ ਸਮਾਂ ਗੁਆਏ ਕੋਈ ਵੀ ਚੀਜ਼ ਖ਼ਰੀਦ ਸਕਦੇ ਹੋ।

ਇਹੀ ਸਭ ਤੋਂ ਵੱਡਾ ਕਾਰਨ ਹੈ ਕਿ ਲੋਕ ਆਨਲਾਈਨ ਸ਼ਾਪਿੰਗ ਨੂੰ ਤਰਜ਼ੀਹ ਦਿੰਦੇ ਹਨ।

ਨਾਲ ਹੀ, ਵਿਅਕਤੀਗਤ ਤੌਰ 'ਤੇ ਸਟੋਰ 'ਤੇ ਜਾਣਾ ਅਤੇ ਕਿਸੇ ਆਈਟਮ ਨੂੰ ਵੇਖਣਾ ਅਤੇ ਖ਼ਰੀਦੇ ਬਿਨਾਂ ਵਾਪਸ ਆਉਣਾ ਕਈ ਵਾਰ ਸ਼ਰਮਿੰਦਗੀ ਦਾ ਕਾਰਨ ਹੋ ਸਕਦਾ ਹੈ।

ਚੇਨੱਈ ਸਥਿਤ ਵਿੱਤੀ ਸਲਾਹਕਾਰ ਸਤੀਸ਼ ਕੁਮਾਰ ਦਾ ਕਹਿਣਾ ਹੈ ਕਿ ਚੀਜ਼ਾਂ ਆਨਲਾਈਨ ਖ਼ਰੀਦਣਾ ਅਜਿਹੀਆਂ ਸ਼ਰਮਿੰਦਗੀ ਭਰੀਆਂ ਸਥਿਤੀਆਂ ਤੋਂ ਬਚਾ ਦਿੰਦਾ ਹੈ।

ਉਹ ਸਲਾਹ ਦਿੰਦੇ ਹਨ, “ਜੇਕਰ ਤੁਸੀਂ ਔਨਲਾਈਨ ਉਤਪਾਦ ਖ਼ਰੀਦ ਰਹੇ ਹੋ, ਤਾਂ ਦੋ ਜਾਂ ਤਿੰਨ ਆਨਲਾਈਨ ਸਾਈਟਾਂ 'ਤੇ ਜਾਣਾ ਚਾਹੀਦਾ ਹੈ ਅਤੇ ਕੀਮਤਾਂ ਦੀ ਤੁਲਨਾ ਕਰਨੀ ਚਾਹੀਦੀ ਹੈ।”

ਜੇ ਸੰਭਵ ਹੋਵੇ ਤਾਂ ਤੁਸੀਂ ਸਟੋਰਾਂ 'ਤੇ ਵੀ ਜਾ ਸਕਦੇ ਹੋ ਅਤੇ ਕੀਮਤ ਅਤੇ ਉਨ੍ਹਾਂ ਉਤਪਾਦਾਂ ਉੱਤੇ ਮੌਜੂਦ ਆਫ਼ਰਜ਼ ਨੂੰ ਵੀ ਦੇਖ ਸਕਦੇ ਹੋ।

ਸਤੀਸ਼ ਕੁਮਾਰ ਕਹਿੰਦੇ ਹਨ,“ਕਈ ਵਾਰ ਕੁਝ ਉਤਪਾਦ ਆਨਲਾਈਨ ਪੋਰਟਲ ਨਾਲੋਂ ਬਾਜ਼ਾਰ ਵਿੱਚ ਵਧੇਰੇ ਛੋਟ 'ਤੇ ਉਪਲਬਧ ਹੋ ਸਕਦੇ ਹਨ।”

“ਸ਼ਾਇਦ ਜੇ ਤੁਸੀਂ ਬਾਜ਼ਾਰ ਤੋਂ ਚੀਜ਼ਾਂ ਖ਼ਰੀਦਣ ਦੀ ਯੋਜਨਾ ਬਣਾਉਂਦੇ ਹੋ, ਤਾਂ ਤੁਹਾਡੀ ਰੇਟ ਨੂੰ ਘੱਟ ਕਰਨ ਦੀ ਕਲਾ ਕੰਮ ਆ ਸਕਦੀ ਹੈ।”

ਸਤੀਸ਼ ਕੁਮਾਰ ਕਹਿੰਦੇ ਹਨ,“ਘਰ ਤੋਂ ਪੁਰਾਣੀਆਂ ਚੀਜ਼ਾਂ ਦੇ ਕੇ ਨਵੀਆਂ ਚੀਜ਼ਾਂ ਖ਼ਰੀਦਦੇ ਹੋ ਤਾਂ ਖ਼ਰੀਦਦਾਰੀ ਦੀ ਲਾਗਤ ਨੂੰ ਵੀ ਕਾਫ਼ੀ ਘਟਾ ਸਕਦੇ ਹੋ। ”

ਉਹ ਇਹ ਵੀ ਸਲਾਹ ਦਿੰਦੇ ਹਨ ਕਿ ਕੋਈ ਉਤਪਾਦ ਮਹਿਜ਼ ਇਸ ਲਈ ਨਾ ਖ਼ਰੀਦੋ ਕਿਉਂਕਿ ਇਹ ਆਨਲਾਈਨ ਸਸਤਾ ਹੈ, ਪਰ ਗਾਹਕਾਂ ਵਲੋਂ ਦਿੱਤੀ ਰੇਟਿੰਗ ਅਤੇ ਸਮੀਖਿਆਵਾਂ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

ਸਸਤੀ ਕੀਮਤ ਵਾਲਾ ਉਤਪਾਦ ਬਨਾਮ ਬਿਹਤਰ ਗੁਣਵੱਤਾ ਵਾਲਾ ਮਹਿੰਗਾ ਉਤਪਾਦ ਦੋਵਾਂ ਵਿੱਚੋਂ ਕਿਹੜਾ ਖ਼ਰੀਦਣਾ ਹੈ?

ਕੁਝ ਲੋਕ ਗੁਣਵੱਤਾ ਵਾਲੇ ਮਹਿੰਗੇ ਉਤਪਾਦਾਂ ਦੀ ਬਜਾਇ ਸਸਤੇ ਉਤਪਾਦ ਖ਼ਰੀਦਣ ਨੂੰ ਤਰਜੀਹ ਦਿੰਦੇ ਹਨ।

ਇਸ ਬਾਰੇ ਗੱਲ ਕਰਦਿਆਂ ਸਤੀਸ਼ ਕੁਮਾਰ ਨੇ ਕਿਹਾ, “ਬਹੁਤ ਸਾਰੇ ਲੋਕ ਘੱਟ ਗੁਣਾਂ ਦੇ ਉਤਪਾਦ ਖ਼ਰੀਦਦੇ ਹਨ ਕਿਉਂਕਿ ਉਹ ਸਸਤੇ ਹੁੰਦੇ ਹਨ।

ਉਦਾਹਰਣ ਦੇ ਲਈ, ਜੇਕਰ ਤੁਸੀਂ ਕਿਸੇ ਬ੍ਰਾਂਡ ਦਾ 40 ਇੰਚ ਦਾ ਟੀਵੀ ਖ਼ਰੀਦਣਾ ਚਾਹੁੰਦੇ ਹੋ, ਤਾਂ ਤੁਹਾਨੂੰ 30 ਹਜ਼ਾਰ ਰੁਪਏ ਤੋਂ ਵੱਧ ਖਰਚ ਕਰਨਾ ਪਵੇਗਾ।

ਪਰ ਜਦੋਂ ਕੋਈ ਘੱਟ ਜਾਣਿਆ-ਪਛਾਣਿਆ ਬ੍ਰਾਂਡ ਉਹੀ ਟੀਵੀ 12,000 ਜਾਂ 13,000 ਰੁਪਏ ਵਿੱਚ ਵੇਚਦਾ ਹੈ, ਤਾਂ ਬਹੁਤ ਸਾਰੇ ਲੋਕ ਇਸ ਨੂੰ ਖ਼ਰੀਦਣ ਵਿੱਚ ਦਿਲਚਸਪੀ ਦਿਖਾਉਂਦੇ ਹਨ।

ਨਾਲ ਹੀ, ਕਿਉਂਕਿ ਕੀਮਤ ਘੱਟ ਹੈ, ਖਪਤਕਾਰ ਇਸ ਨੂੰ ਇੱਕ ਵਾਰ ਅਜ਼ਮਾਉਣ ਦੀ ਸੋਚਣ ਲੱਗਦੇ ਹਨ।

ਪਰ ਸਤੀਸ਼ ਕੁਮਾਰ ਸੁਝਾਅ ਦਿੰਦੇ ਹਨ, ਬ੍ਰਾਂਡ ਦਾ ਉਤਪਾਦ ਖ਼ਰੀਦਣਾ ਬਿਹਤਰ ਹੈ ਭਾਵੇਂ ਉਹ ਥੋੜ੍ਹੇ ਮਹਿੰਗੇ ਹੋਣ, ਕਿਉਂਕਿ ਇਹ ਲੰਬੇ ਸਮੇਂ ਤੱਕ ਚੱਲਣ ਵਾਲੇ ਉਤਪਾਦ ਹੁੰਦੇ ਹਨ।

“ਸਸਤੇ ਉਤਪਾਦ ਮੁਕਾਬਲਤਨ ਕਿਸੇ ਬ੍ਰਾਂਡ ਵਾਲੇ ਉਤਪਾਦ ਦੇ ਘੱਟ ਕੁਸ਼ਲਤਾ ਨਾਲ ਥੋੜ੍ਹਾ ਸਮਾਂ ਚੱਲਦੇ ਹਨ ਅਤੇ ਗਾਹਕ ਨੂੰ ਵਾਰ-ਵਾਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।”

“ਮਾੜੀ ਗੁਣਵੱਤਾ ਵਾਲੇ ਖ਼ਰੀਦੇ ਉਤਪਾਦ ਦੇ ਜਲਦੀ ਖ਼ਰਾਬ ਹੋਣ ਦਾ ਡਰ ਰਹਿੰਦਾ ਹੈ ਅਤੇ ਉਸ ਦੀ ਰਿਪੇਅਰ ਕਰਵਾਉਣ ਵਿੱਚ ਵੀ ਉਨ੍ਹਾਂ ਹੀ ਖ਼ਰਚ ਹੋ ਜਾਂਦਾ ਹੈ। ਇਸ ਤੋਂ ਬਿਹਤਰ ਹੈ ਕਿ ਤੁਸੀਂ ਕਿਸੇ ਜਾਣੇ-ਪਛਾਣੇ ਬ੍ਰਾਂਡ ਦਾ ਉਤਪਾਦ ਹੀ ਖ਼ਰੀਦੋ।”

ਸਤੀਸ਼ ਕਹਿੰਦੇ ਹਨ, ਹਾਲੇ ਵੀ ਬਹੁਤ ਸਾਰੇ ਲੋਕ ਦੁਕਾਨਾਂ 'ਤੇ ਜਾ ਕੇ ਚੀਜ਼ਾਂ ਖ਼ਰੀਦਣ 'ਚ ਜ਼ਿਆਦਾ ਦਿਲਚਸਪੀ ਰੱਖਦੇ ਹਨ।

ਉਹ ਕਹਿੰਦੇ ਹਨ, “ਬਹੁਤ ਸਾਰੇ ਲੋਕ ਚੀਜ਼ਾਂ ਨੂੰ ਜਾਂਚਣ ਅਤੇ ਛੂਹਣ ਤੋਂ ਬਾਅਦ ਖ਼ਰੀਦਣਾ ਪਸੰਦ ਕਰਦੇ ਹਨ। ਭਾਵੇਂ ਤੁਸੀਂ ਆਨਲਾਈਨ ਦੋ ਪਹੀਆ ਵਾਹਨ ਖ਼ਰੀਦ ਸਕਦੇ ਹੋ, ਪਰ ਲੋਕ ਤਰਜ਼ੀਹ ਦੇਣਗੇ ਕਿ ਉਹ ਵਿਅਕਤੀਗਤ ਤੌਰ 'ਤੇ ਦੇਖ ਕੇ ਵਾਹਨ ਖਰੀਦਣ।”

"ਹਾਲਾਂਕਿ ਤੁਸੀਂ ਆਨਲਾਈਨ ਉਤਪਾਦ ਖ਼ਰੀਦ ਸਕਦੇ ਹੋ, ਕਈ ਵਾਰ ਉਤਪਾਦ ਤੁਹਾਡੇ ਤੱਕ ਪਹੁੰਚਣ ਵਿੱਚ 4-5 ਦਿਨ ਲੱਗ ਜਾਂਦੇ ਹਨ। ਪਰ ਆਫਲਾਈਨ ਸਟੋਰਾਂ ਵਿੱਚ ਤੁਸੀਂ ਉਨ੍ਹਾਂ ਨੂੰ ਉਸੇ ਦਿਨ ਘਰ ਲੈ ਜਾ ਸਕਦੇ ਹੋ।”

ਇਸੇ ਤਰ੍ਹਾਂ, ਕਈ ਵਾਰ ਆਨਲਾਈਨ ਖ਼ਰੀਦੀ ਚੀਜ਼ ਜੇਕਰ ਠੀਕ ਨਹੀਂ ਨਿਕਲੀ ਤਾਂ ਕੁਝ ਲੋਕਾਂ ਨੂੰ ਆਨਲਾਈਨ ਕੰਪਨੀ ਜਾਂ ਕਿਸੇ ਖਾਸ ਉਤਪਾਦ ਦੇ ਨਿਰਮਾਤਾ ਨਾਲ ਫ਼ੋਨ 'ਤੇ ਸੰਪਰਕ ਕਰਨ ਵਿੱਚ ਮੁਸ਼ਕਿਲ ਆਉਂਦੀ ਹੈ।

ਸਤੀਸ਼ ਕਹਿੰਦੇ ਹਨ,“ਉਹ ਸੋਚਦੇ ਹਨ ਕਿ ਜੇਕਰ ਉਨ੍ਹਾਂ ਨੂੰ ਸਟੋਰ ਵਿੱਚ ਚੀਜ਼ਾਂ ਖ਼ਰੀਦਣ ਵੇਲੇ ਕੋਈ ਸਮੱਸਿਆ ਆਉਂਦੀ ਹੈ, ਤਾਂ ਉਹ ਸਟੋਰ ਵਿੱਚ ਜਾ ਕੇ ਇਸ ਨੂੰ ਠੀਕ ਕਰਵਾ ਸਕਦੇ ਹਨ।"

1 ਜਾਂ 5 ਸਟਾਰ ਹੋਣ ਦਾ ਕੀ ਅਸਰ ਪੈਂਦਾ ਹੈ

ਤੁਸੀਂ ਫਰਿੱਜ, ਵਾਸ਼ਿੰਗ ਮਸ਼ੀਨ ਆਦਿ ਵਰਗੇ ਉਪਕਰਨਾਂ 'ਤੇ 2 ਸਟਾਰ, 5 ਸਟਾਰ ਸਟਿੱਕਰ ਦੇਖੇ ਹੋਣੇ ਹਨ।

ਅੰਨਾਮਾਲਾਈ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਵਿਭਾਗ ਦੇ ਇਲੈਕਟ੍ਰਾਨਿਕਸ ਅਤੇ ਇੰਸਟਰੂਮੈਂਟੇਸ਼ਨ ਵਿਭਾਗ ਦੇ ਪ੍ਰੋਫੈਸਰ ਡਾਕਟਰ ਜੀ ਸ਼ਕਤੀਵੇਲ ਦਾ ਕਹਿਣਾ ਹੈ ਕਿ ਘਰੇਲੂ ਉਪਕਰਨਾਂ ਨੂੰ ਖ਼ਰੀਦਣ ਤੋਂ ਪਹਿਲਾਂ ਇਸ ਨੂੰ ਕਿੰਨੇ ਸਟਾਰ ਮਿਲੇ ਹਨ ਇਸ ’ਤੇ ਵਿਚਾਰ ਕਰਨਾ ਮਹੱਤਵਪੂਰਨ ਹੈ।

"ਇਹ ਰੇਟਿੰਗ ਬਿਊਰੋ ਆਫ਼ ਐਨਰਜੀ ਐਫੀਸ਼ੈਂਸੀ (ਬੀਈਈ), ਭਾਰਤ ਸਰਕਾਰ ਵਲੋਂ ਨਿਯੰਤਰਿਤ ਕੀਤੀ ਜਾਂਦੀ ਹੈ।"

5 ਸਟਾਰ ਰੇਟ ਵਾਲੇ ਉਤਪਾਦਾਂ ਦੇ ਮੁਕਾਬਲੇ 2 ਸਟਾਰ ਉਤਪਾਦ ਖ਼ਰੀਦਣ 'ਤੇ ਤੁਹਾਡੀ ਕੀਮਤ ਘੱਟ ਹੁੰਦੀ ਹੈ।

ਹਾਲਾਂਕਿ, ਜਦੋਂ ਤੁਸੀਂ ਉੱਚ ਸਟਾਰ ਰੇਟਿੰਗ ਵਾਲੇ ਉਤਪਾਦ ਖ਼ਰੀਦਦੇ ਹੋ, ਤਾਂ ਇਹ ਉਤਪਾਦ 1 ਸਟਾਰ ਜਾਂ 2 ਸਟਾਰ ਉਤਪਾਦਾਂ ਨਾਲੋਂ ਬਹੁਤ ਘੱਟ ਊਰਜਾ ਦੀ ਖਪਤ ਕਰਦੇ ਹਨ। ਬਿਜਲੀ ਖਪਤ ਘੱਟ ਹੋਣ ਦੇ ਨਾਲ ਨਾਲ ਇਹ ਉਤਪਾਦ ਲੰਬੇ ਸਮੇਂ ਤੱਕ ਉਹ ਬਿਹਤਰ ਕੰਮ ਕਰਨਗੇ।

ਸ਼ਕਤੀਵੇਲ ਕਹਿੰਦੇ ਹਨ,“ ਭਵਿੱਖ ਵਿੱਚ ਈ-ਵੇਸਟ ਇੱਕ ਵੱਡੀ ਸਮੱਸਿਆ ਹੋਵੇਗੀ। ਇਸ ਲਈ ਰੀਸਾਈਕਲੇਬਲ ਚੀਜ਼ਾਂ ਖ਼ਰੀਦਣਾ ਨਾ ਸਿਰਫ਼ ਕਿਸੇ ਵਿਅਕਤੀ ਲਈ, ਸਗੋਂ ਸਮਾਜ ਲਈ ਵੀ ਲਾਭਦਾਇਕ ਹੈ।

ਆਈਟਮ ਦਾ ਆਕਾਰ ਮਹੱਤਵਪੂਰਨ ਹੈ

ਘਰੇਲੂ ਉਪਕਰਣਾਂ ਬਾਰੇ ਧਿਆਨ ਦੇਣ ਵਾਲੀ ਇੱਕ ਹੋਰ ਮਹੱਤਵਪੂਰਣ ਗੱਲ ਹੈ ਕਿ ਉਨ੍ਹਾਂ ਦਾ ਆਕਾਰ ਕੀ ਹੈ।

ਇਸ ਬਾਰੇ ਗੱਲ ਕਰਦਿਆਂ ਸ਼ਕਤੀਵੇਲ ਨੇ ਕਿਹਾ, “ਕੁਝ ਲੋਕ ਆਪਣੇ ਘਰ ਦੇ ਹਾਲ ਵਿੱਚ ਲਗਾਉਣ ਲਈ ਇੱਕ ਵੱਡਾ ਟੀਵੀ ਖ਼ਰੀਦਣਾ ਚਾਹੁਣਗੇ।”

“ਪਰ ਜੇਕਰ ਤੁਹਾਡਾ ਕਮਰਾ ਛੋਟਾ ਹੈ ਤਾਂ ਤੁਹਾਡੀ ਪਸੰਦ ਇੱਕ ਛੋਟਾ ਟੀਵੀ ਹੋਵੇਗਾ, ਵੱਡਾ ਟੀਵੀ ਖ਼ਰੀਦਣ ਨਾਲ ਪੈਸੇ ਅਤੇ ਜਗ੍ਹਾ ਦੀ ਬਰਬਾਦ ਹੀ ਜਾਵੇਗੀ।”

ਉਹ ਕਹਿੰਦੇ ਹਨ,“ਨਾਲ ਹੀ, ਇੱਕ ਛੋਟੇ ਪਰਿਵਾਰ ਲਈ, ਵੱਡੇ ਆਕਾਰ ਦੇ ਫਰਿੱਜ ਜ਼ਰੂਰੀ ਨਹੀਂ ਹਨ। ਇਹ ਘਰ ਦੀ ਜਗ੍ਹਾ 'ਤੇ ਹੀ ਕਬਜ਼ਾ ਕਰੇਗੀ।”

ਲੋੜ ਦੀ ਚੀਜ਼ ਹੀ ਖ਼ਰੀਦੋ

“ਕੁਝ ਲੋਕ ਅਜਿਹੀ ਤਕਨੀਕ ਦੇ ਐਡਵਾਂਸ ਉਤਪਾਦ ਖ਼ਰੀਦ ਲੈਂਦੇ ਹਨ ਕਿ ਉਨ੍ਹਾਂ ਨੂੰ ਸਾਰੀਆਂ ਸਹੂਲਤਾਂ ਦੀ ਵਰਤੋਂ ਕਰਨੀ ਹੀ ਨਹੀਂ ਆਉਂਦੀ।”

ਸ਼ਕਤੀਵੇਲ ਕਹਿੰਦੇ ਹਨ, "ਲੋਕ ਅਜਿਹੀਆਂ ਚੀਜ਼ਾਂ ਖ਼ਰੀਦਣ ਲਈ ਬਹੁਤ ਸਾਰਾ ਪੈਸਾ ਖ਼ਰਚ ਕਰਦੇ ਹਨ, ਪਰ ਅਜਿਹੇ ਉਤਪਾਦ ਖ਼ਰੀਦਣ ਦੀ ਬਜਾਇ ਸਾਨੂੰ ਆਪਣੀ ਲੋੜ ਮੁਤਾਬਕ ਚੀਜ਼ ਲੈਣੀ ਚਾਹੀਦੀ ਹੈ ਅਤੇ ਇਸ ਨਾਲ ਸਾਡੇ ਪੈਸੇ ਵੀ ਬਚ ਜਾਣਗੇ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)