'ਪੇਂਡੂ ਦੰਗਲ': ਆਪ, ਅਕਾਲੀ ਦਲ ਅਤੇ ਕਾਂਗਰਸ ਨੇ ਕਿੱਥੋਂ ਮਾਰੀ ਬਾਜ਼ੀ, 2027 ਦੀਆਂ ਵਿਧਾਨ ਸਭਾ ਚੋਣਾਂ ਉੱਤੇ ਇਹ ਨਤੀਜੇ ਕਿਵੇਂ ਅਸਰ ਪਾਉਣਗੇ

 ਬਰਿੰਦਰ ਕੁਮਾਰ ਗੋਇਲ

ਤਸਵੀਰ ਸਰੋਤ, Dpro Sangrur

ਤਸਵੀਰ ਕੈਪਸ਼ਨ, ਕੈਬਨਿਟ ਮੰਤਰ ਬਰਿੰਦਰ ਕੁਮਾਰ ਗੋਇਲ ਜੇਤੂ ਉਮੀਦਵਾਰਾਂ ਨਾਲ
    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਨੇ 'ਪੇਂਡੂ ਦੰਗਲ' ਵਜੋਂ ਜਾਣੀਆਂ ਜਾਂਦੀਆਂ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਵੱਡੀ ਜਿੱਤ ਹਾਸਿਲ ਕੀਤੀ ਹੈ।

17 ਦਸੰਬਰ ਨੂੰ ਐਲਾਨੇ ਨਤੀਜਿਆਂ ਵਿੱਚ 'ਆਪ' ਨੇ ਜ਼ਿਲ੍ਹਾ ਪਰਿਸ਼ਦ ਦੇ 218 ਜ਼ੋਨਾਂ, ਕਾਂਗਰਸ ਨੇ 62, ਅਕਾਲੀਆਂ ਨੇ 46 ਜ਼ੋਨਾਂ, ਬੀਐੱਸਪੀ ਨੇ 3 ਜ਼ੋਨਾਂ, ਭਾਜਪਾ ਨੇ 7 ਅਤੇ ਆਜ਼ਾਦ ਉਮੀਦਵਾਰਾਂ ਨੇ 10 ਜ਼ੋਨਾਂ ਉੱਤੇ ਜਿੱਤ ਹਾਸਿਲ ਕੀਤੀ ਹੈ।

ਅਕਾਲੀ ਦਲ ਨੇ ਬਠਿੰਡਾ ਜ਼ਿਲ੍ਹੇ ਵਿੱਚ ਜ਼ਿਲ੍ਹਾ ਪਰਿਸ਼ਦ ਦੇ ਸਭ ਤੋਂ ਵੱਧ 13 ਜ਼ੋਨਾਂ ਵਿੱਚ ਜਿੱਤ ਦਰਜ ਕੀਤੀ। ਇਸ ਜ਼ਿਲ੍ਹੇ ਦੇ ਕੁੱਲ 17 ਜ਼ੋਨਾਂ ਵਿੱਚੋਂ 4 'ਆਪ' ਨੇ ਜਿੱਤੇ ਜਦਕਿ ਕਾਂਗਰਸ ਦਾ ਖਾਤਾ ਵੀ ਨਹੀਂ ਖੁੱਲ੍ਹ ਸਕਿਆ।

ਇਸੇ ਤਰ੍ਹਾਂ ਫਰੀਦਕੋਟ ਜ਼ਿਲ੍ਹੇ ਦੇ ਜ਼ਿਲ੍ਹਾ ਪਰਿਸ਼ਦ ਜ਼ੋਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਧ ਉਮੀਦਵਾਰ ਜਿੱਤੇ ਹਨ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ ਦੀਆਂ ਚਰਚਿਤ ਘਟਨਾਵਾਂ ਇਸੇ ਜ਼ਿਲ੍ਹੇ ਵਿੱਚ ਵਾਪਰੀਆਂ ਸਨ। ਫ਼ਰੀਦਕੋਟ ਜ਼ਿਲ੍ਹੇ ਦੇ 10 ਜ਼ੋਨਾਂ ਵਿੱਚੋਂ 5 ਅਕਾਲੀ ਦਲ ਨੇ ਜਿੱਤੇ ਹਨ।

ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਵਿੱਚ ਕਾਂਗਰਸ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਨਵਾਂ ਸ਼ਹਿਰ ਅਤੇ ਫ਼ਿਰੋਜ਼ਪੁਰ ਵਿੱਚ ਰਿਹਾ। ਜਿੱਥੇ ਉਸ ਨੇ ਜ਼ਿਲ੍ਹਾ ਪਰਿਸ਼ਦ ਦੇ 10 ਜ਼ੋਨਾਂ ਵਿੱਚੋਂ 6 ਜ਼ੋਨ ਜਿੱਤੇ। ਬਾਕੀ 4 ਜ਼ੋਨਾਂ ਉੱਤੇ 'ਆਪ' ਨੇ ਜਿੱਤ ਦਰਜ ਕੀਤੀ। ਫ਼ਿਰੋਜ਼ਪੁਰ ਦੇ 14 ਜ਼ੋਨਾਂ ਵਿੱਚੋਂ ਸਭ ਤੋਂ ਵੱਧ ਕਾਂਗਰਸ ਦੇ 6 ਉਮੀਦਵਾਰ ਜਿੱਤੇ।

ਇਸੇ ਤਰ੍ਹਾਂ ਪੰਚਾਇਤ ਸੰਮਤੀ ਦੇ ਐਲਾਨੇ ਨਤੀਜਿਆਂ ਮੁਤਾਬਕ 'ਆਪ' ਨੇ 1531 ਜ਼ੋਨਾਂ, ਕਾਂਗਰਸ ਨੇ 612, ਅਕਾਲੀਆਂ ਨੇ 445 ਜ਼ੋਨਾਂ, ਬੀਜੇਪੀ ਨੇ 73 ਜ਼ੋਨਾਂ, ਬੀਐੱਸਪੀ ਨੇ 28 ਅਤੇ ਆਜ਼ਾਦ ਉਮੀਦਵਾਰਾਂ ਨੇ 144 ਜ਼ੋਨਾਂ ਉੱਤੇ ਕਬਜ਼ਾ ਕੀਤਾ।

ਜ਼ਿਲ੍ਹਾ ਪਰਿਸ਼ਦ ਦੇ 346 ਜ਼ੋਨਾਂ ਅਤੇ ਪੰਚਾਇਤ ਸੰਮਤੀ ਦੇ 2838 ਜ਼ੋਨਾਂ ਵਾਸਤੇ 14 ਦਸੰਬਰ ਨੂੰ ਵੋਟਾਂ ਪਈਆਂ ਸਨ।

ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੇਂਡੂ ਚੋਣਾਂ ਨੂੰ ਇੱਕ ਮਹੱਤਵਪੂਰਨ ਪ੍ਰੀਖਿਆ ਵਜੋਂ ਦੇਖਿਆ ਜਾ ਰਿਹਾ ਸੀ।

ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਕੀ ਹਨ

ਸੰਵਿਧਾਨ ਦੀ 73ਵੀਂ ਸੋਧ ਨਾਲ ਸਥਾਨਕ ਸ਼ਾਸਨ ਚਲਾਉਣ ਲਈ ਤਿੰਨ ਪੱਧਰੀ ਲੋਕਤੰਤਰਿਕ ਢਾਂਚਾ ਸਥਾਪਿਤ ਕੀਤਾ ਗਿਆ ਸੀ। ਇਸ ਢਾਂਚੇ ਵਿੱਚ ਪਿੰਡ ਪੱਧਰ ਉੱਤੇ ਗ੍ਰਾਮ ਪੰਚਾਇਤ, ਬਲਾਕ ਪੱਧਰ ਉੱਤੇ ਬਲਾਕ ਸੰਮਤੀ, ਜਿਸ ਨੂੰ ਬਲਾਕ ਸੰਮਤੀ ਵੀ ਕਹਿੰਦੇ ਹਨ ਅਤੇ ਜ਼ਿਲਾ ਪੱਧਰ ਉੱਤੇ ਚੁਣੀ ਹੋਈ ਜ਼ਿਲ੍ਹਾ ਪਰਿਸ਼ਦ ਸ਼ਾਮਲ ਹੈ।

ਪੰਚਾਇਤ ਸਮਿਤੀ ਖ਼ੁਦ ਇੱਕ ਕਾਰਜਕਾਰਨੀ ਸੰਸਥਾ ਹੈ ਅਤੇ ਬੀਡੀਓ/ਬੀਡੀਪੀਓ ਦਾ ਕੰਮ ਉਨ੍ਹਾਂ ਦੀ ਮਦਦ ਕਰਨਾ ਹੁੰਦਾ ਹੈ।

ਉਸੇ ਤਰ੍ਹਾਂ ਜ਼ਿਲ੍ਹਾ ਪਰਿਸ਼ਦ ਵੀ ਇੱਕ ਕਾਰਜਕਾਰੀ ਸੰਸਥਾ ਹੈ। ਉਹ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਅਗਵਾਈ ਵਿੱਚ ਕੰਮ ਕਰਦੀ ਹੈ।

ਇਨ੍ਹਾਂ ਚੁਣੀਆਂ ਹੋਈਆਂ ਸੰਸਥਾਵਾਂ ਨੂੰ ਫੰਡ ਪੈਦਾ ਕਰਨ ਤੇ ਕੇਂਦਰ ਸਰਕਾਰ ਤੋਂ ਆਉਂਦੇ ਪੈਸੇ ਦੀ ਵਰਤੋਂ ਕਰਨ ਦੇ ਸਾਰੇ ਅਧਿਕਾਰ ਹੁੰਦੇ ਹਨ। ਕਿਹੜੇ ਪੈਸੇ ਕਿੱਥੇ ਲਾਉਣੇ ਹਨ, ਕਿਵੇਂ ਵਿਕਾਸ ਕਰਨਾ, ਇਹ ਸੰਸਥਾਵਾਂ ਫ਼ੈਸਲਾ ਕਰ ਸਕਦੀਆਂ ਹਨ।

ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਦੇ 346 ਜ਼ੋਨ ਅਤੇ ਪੰਚਾਇਤ ਸੰਮਤੀ ਦੇ 2838 ਜ਼ੋਨ ਹਨ। ਇਹ ਜ਼ੋਨ ਇੱਕ ਤਰ੍ਹਾਂ ਨਾਲ ਹਲਕੇ ਹਨ। ਇਹਨਾਂ ਜ਼ੋਨਾਂ/ਹਲਕਿਆਂ ਤੋਂ ਉਮੀਦਵਾਰਾਂ ਚੋਣ ਮੈਦਾਨ ਵਿੱਚ ਉੱਤਰਦੇ ਹਨ।

ਪਿੰਡ ਦੇ ਲੋਕ ਵੋਟਾਂ ਰਾਹੀਂ ਆਪਣੀ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਜ਼ੋਨ ਦਾ ਨੁਮਾਇੰਦਾ ਚੁਣਦੇ ਹਨ। ਇਨ੍ਹਾਂ ਚੋਣਾਂ ਵਿੱਚ ਬੈਲਟ ਪੇਪਰ ਰਾਹੀਂ ਵੋਟਾਂ ਪੈਂਦੀਆਂ ਹਨ।

ਬਲਾਕ ਸੰਮਤੀ ਇੱਕ ਤਰ੍ਹਾਂ ਨਾਲ ਬਲਾਕ ਪੱਧਰ ਦੀ ਪੰਚਾਇਤ ਹੁੰਦੀ ਹੈ। ਇੱਕ ਬਲਾਕ ਕੋਈ ਪਿੰਡ ਦਾ ਸਮੂਹ ਹੁੰਦਾ ਹੈ। ਇਹ ਜ਼ਿਲ੍ਹਾ ਪਰਿਸ਼ਦ ਅਤੇ ਗ੍ਰਾਮ ਪੰਚਾਇਤ ਵਿਚਕਾਰ ਦੀ ਇਕਾਈ ਹੈ।

ਪੰਚਾਇਤ ਸੰਮਤੀ ਦੇ ਜਿੱਤੇ ਹੋਏ ਮੈਂਬਰ ਆਪਣੇ ਵਿੱਚੋਂ ਇੱਕ ਚੇਅਰਮੈਨ ਚੁਣਦੇ ਹਨ। ਬਲਾਕ ਸੰਮਤੀ ਦਾ ਕੰਮ ਆਪਣੇ ਬਲਾਕ ਦਾ ਵਿਕਾਸ ਕਰਨਾ ਹੁੰਦਾ ਹੈ।

ਇਸ ਤਰ੍ਹਾਂ ਜ਼ਿਲ੍ਹਾ ਪਰਿਸ਼ਦ ਪੰਚਾਇਤੀ ਰਾਜ ਪ੍ਰਣਾਲੀ ਦੀ ਜ਼ਿਲ੍ਹਾ ਪੱਧਰ ਦੀ ਇਕਾਈ ਹੈ। ਜ਼ਿਲ੍ਹਾ ਪਰਿਸ਼ਦ ਦੇ ਚੁਣੇ ਹੋਏ ਮੈਂਬਰ ਆਪਣੇ ਵਿੱਚ ਇੱਕ ਚੇਅਰਮੈਨ ਚੁਣਦੇ ਹਨ। ਜ਼ਿਲ੍ਹਾ ਪਰਿਸ਼ਦ ਦਾ ਕੰਮ ਜ਼ਿਲ੍ਹਾ ਪੱਧਰ ਉੱਤੇ ਵਿਕਾਸ ਕਰਨਾ ਹੁੰਦਾ ਹੈ।

ਆਜ਼ਾਦ ਉਮੀਦਵਾਰ ਮਨਦੀਪ ਕੌਰ ਸਰਟੀਫਿਕੇਟ ਹਾਸਲ ਕਰਦੇ ਹੋਏ

ਤਸਵੀਰ ਸਰੋਤ, Gurpreet Singh Sekhon/FB

ਤਸਵੀਰ ਕੈਪਸ਼ਨ, ਆਜ਼ਾਦ ਉਮੀਦਵਾਰ ਮਨਦੀਪ ਕੌਰ ਸਰਟੀਫਿਕੇਟ ਹਾਸਲ ਕਰਦੇ ਹੋਏ

'ਪੇਂਡੂ ਦੰਗਲ' ਦਾ 2027 ਵਿਧਾਨ ਸਭਾ ਚੋਣਾਂ ਉੱਤੇ ਅਸਰ

ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਸੇਵਾਮੁਕਤ ਪ੍ਰੋਫੈਸਰ ਖ਼ਾਲਿਦ ਮੁਹੰਮਦ ਨੇ ਕਿਹਾ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਨੂੰ ਸਾਰੀਆਂ ਪਾਰਟੀਆਂ ਨੇ ਸਾਲ 2027 ਵਿਧਾਨ ਸਭਾ ਚੋਣਾਂ ਦੀ ਤਿਆਰੀ ਵਜੋਂ ਲਿਆ ਸੀ।

"ਇਨ੍ਹਾਂ ਚੋਣਾਂ ਦੇ ਨਤੀਜਿਆਂ ਦਾ ਅਸਰ ਪੰਜਾਬ ਦੇ ਲੋਕਾਂ ਉੱਤੇ ਮਨੋਵਿਗਿਆਨਕ ਤੌਰ 'ਤੇ ਪਵੇਗਾ। ਚੋਣਾਂ ਦੇ ਨਤੀਜਿਆਂ ਦਾ ਸਬੰਧ ਇਕੱਲੇ ਵੋਟਾਂ ਨਾਲ ਨਹੀਂ ਸਗੋਂ ਬਿਰਤਾਂਤ ਨਾਲ ਵੀ ਹੁੰਦਾ ਹੈ।"

"ਸਾਰੀਆਂ ਪਾਰਟੀਆਂ ਆਪੋ-ਆਪਣੇ ਹਿਸਾਬ ਨਾਲ ਇਨ੍ਹਾਂ ਨਤੀਜਿਆਂ ਦੀ ਵਿਆਖਿਆ ਕਰਨਗੀਆਂ। 'ਆਪ' ਵਿਆਖਿਆ ਕਰੇਗੀ ਕਿ ਉਹ ਸਭ ਤੋਂ ਅੱਗੇ ਹੈ। ਲੋਕ ਉਸਦੀਆਂ ਨੀਤੀਆਂ ਨੂੰ ਪਸੰਦ ਕਰਦੇ ਹਨ। ਉਹ ਮਾਝੇ ਅਤੇ ਮਾਲਵੇ ਵਿੱਚ ਮੋਹਰੀ ਰਹੀ ਹੈ। 'ਆਪ' ਇਸ ਬਿਰਤਾਂਤ ਨੂੰ 2027 ਵਿਧਾਨ ਸਭਾ ਚੋਣਾਂ ਵਾਸਤੇ ਵਰਤੇਗੀ।"

ਪ੍ਰੋਫੈਸਰ ਖ਼ਾਲਿਦ ਕਹਿੰਦੇ ਹਨ, "ਅਕਾਲੀ ਦਲ ਨੇ ਵੀ ਇਨ੍ਹਾਂ ਚੋਣਾਂ ਵਿੱਚ ਪਿਛਲੀਆਂ ਕਈ ਚੋਣਾਂ ਦਾ ਮੁਕਾਬਲੇ ਬਿਹਤਰ ਪ੍ਰਦਰਸ਼ਨ ਕੀਤਾ ਹੈ। ਲੋਕ ਉਨ੍ਹਾਂ ਨਾਲ ਦੁਬਾਰਾ ਜੁੜਨ ਲੱਗ ਪਏ ਹਨ। ਉਹ ਇਹੀ ਬਿਰਤਾਂਤ ਸਿਰਜਣਗੇ ਕਿ ਲੋਕ ਉਨ੍ਹਾਂ ਨੂੰ ਸਵੀਕਾਰ ਕਰ ਰਹੇ ਹਨ।"

"ਕਾਂਗਰਸ ਵੀ ਆਪਣੇ ਪ੍ਰਦਰਸ਼ਨ ਤੋਂ ਖੁਸ਼ ਹੈ। ਕਾਂਗਰਸ ਬਾਕੀ ਵਿਰੋਧੀ ਪਾਰਟੀਆਂ ਦੇ ਮੁਕਾਬਲੇ ਖੁਦ ਨੂੰ ਵੱਡਾ ਦਾਅਵੇਦਾਰ ਮੰਨਦੀ ਹੈ। ਪਰ ਮੇਰੇ ਨਿੱਜੀ ਰਾਏ ਹੈ ਕਿ ਕਾਂਗਰਸ ਦੀ ਅੰਦਰੂਨੀ ਧੜੇਬੰਦੀ ਉਸ ਵਾਸਤੇ ਵੱਡੀ ਚੁਣੌਤੀ ਹੈ।"

"ਇਸ ਤਰ੍ਹਾਂ ਸਾਰੀਆਂ ਪਾਰਟੀਆਂ ਨੇ ਇਨ੍ਹਾਂ ਚੋਣਾਂ ਜ਼ਰੀਏ ਆਗਾਮੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਲਈ ਹੈ।"

ਸਾਰੀਆਂ ਪਾਰਟੀਆਂ ਸੰਤੁਸ਼ਟ

ਰਾਜਨੀਤੀ ਸ਼ਾਸਤਰ ਦੇ ਸਾਬਕਾ ਸਹਾਇਕ ਪ੍ਰੋਫੈਸਰ ਜਤਿੰਦਰ ਸਿੰਘ ਨੇ ਕਿਹਾ, "ਇੱਕ ਤਰ੍ਹਾਂ ਨਾਲ ਸਾਰੀਆਂ ਪਾਰਟੀਆਂ ਆਪਣੇ ਪ੍ਰਦਰਸ਼ਨ ਤੋਂ ਸੰਤੁਸ਼ਟ ਹਨ। ਆਮ ਤੌਰ ਉੱਤੇ ਜ਼ਿਮਨੀ ਚੋਣਾਂ ਅਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਸੱਤਾਧਾਰੀ ਪਾਰਟੀ ਦਾ ਪੱਲੜਾ ਭਾਰੀ ਰਹਿੰਦਾ ਹੈ ਅਤੇ 'ਆਪ' ਇਹ ਰਿਵਾਇਤ ਜਾਰੀ ਰੱਖਣ ਵਿੱਚ ਕਾਮਯਾਬ ਰਹੀ ਹੈ।"

"ਕਾਂਗਰਸ ਆਪਣੇ ਪ੍ਰਦਰਸ਼ਨ ਤੋਂ ਖੁਸ਼ ਹੈ। ਅਕਾਲੀ ਦਲ ਨੇ ਵੀ ਆਪਣੇ ਰਿਵਾਇਤੀ ਖੇਤਰ ਵਿੱਚ ਪੈਰ ਪਸਾਰੇ ਹਨ। ਭਾਜਪਾ ਨੇ ਵੀ ਪੇਂਡੂ ਚੋਣਾਂ ਵਿੱਚ ਜਿੱਤ ਦਾ ਸਵਾਦ ਚੱਖਿਆ ਹੈ।"

ਸੰਕੇਤਕ ਚੋਣਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜ਼ਿਲ੍ਹਾ ਪਰਿਸ਼ਦ ਦੇ 346 ਜ਼ੋਨਾਂ ਅਤੇ ਪੰਚਾਇਤ ਸੰਮਤੀ ਦੇ 2838 ਜ਼ੋਨਾਂ ਵਾਸਤੇ 14 ਦਸੰਬਰ ਨੂੰ ਵੋਟਾਂ ਪਈਆਂ ਸਨ।

ਸੱਤਾ ਧਿਰ ਦੇ ਕਿਹੜੇ ਆਗੂਆਂ ਨੂੰ ਨਾਮੋਸ਼ੀ ਝੱਲਣੀ ਪਈ

ਭਾਵੇਂ ਆਮ ਆਦਮੀ ਪਾਰਟੀ ਨੇ ਇਨ੍ਹਾਂ ਚੋਣਾਂ ਵਿੱਚ ਵੱਡੀ ਜਿੱਤ ਹਾਸਿਲ ਕੀਤੀ ਪਰ ਫਿਰ ਵੀ ਸੱਤਾਧਾਰੀ ਪਾਰਟੀ ਦੇ ਕਈ ਦਿੱਗਜ ਆਗੂਆਂ ਨੂੰ ਨਾਮੋਸ਼ੀ ਵੀ ਝੱਲਣੀ ਪਈ ਹੈ।

ਸਾਬਕਾ ਮੰਤਰੀ ਅਤੇ 'ਆਪ' ਦੇ ਬੁਲਾਰੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇ ਜੱਦੀ ਪਿੰਡ ਜਗਦੇਵ ਕਲਾਂ ਵਿੱਚ ਆਪ ਪੱਛੜ ਗਈ। ਉਨ੍ਹਾਂ ਦੇ ਪਿੰਡ ਵਿੱਚ ਅਕਾਲੀ ਦਲ ਨੂੰ ਵੱਧ ਵੋਟਾਂ ਮਿਲੀਆਂ ਹਨ।

'ਆਪ' ਦੇ ਵਿਧਾਇਕ ਅਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਆਪਣੇ ਜੱਦੀ ਪਿੰਡ ਸੰਧਵਾਂ ਵਿੱਚ ਆਪ ਨੂੰ ਘੱਟ ਵੋਟਾਂ ਮਿਲੀਆਂ।

ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਜੱਦੀ ਪਿੰਡ ਕੁਰੜ ਵਿੱਚ ਵੀ ਸੱਤਾਧਾਰੀ ਧਿਰ ਪੱਛੜ ਗਈ। ਇਸੇ ਤਰ੍ਹਾਂ ਭਵਾਨੀਗੜ੍ਹ ਹਲਕੇ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਜੱਦੀ ਪਿੰਡ ਭਰਾਜ ਵਿੱਚੋਂ ਵੀ 'ਆਪ' ਹਾਰ ਗਈ।

'ਕਾਂਗਰਸ ਨਤੀਜਿਆਂ ਤੋਂ ਸੰਤੁਸ਼ਟ'

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਉਹ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਤੋਂ ਬਿਲਕੁਲ ਵੀ ਹੈਰਾਨ ਨਹੀਂ ਹਨ। ਉਹ ਸੂਬੇ ਭਰ ਵਿੱਚ ਪਾਰਟੀ ਉਮੀਦਵਾਰਾਂ ਦੇ ਪ੍ਰਦਰਸ਼ਨ ਤੋਂ ਸੰਤੁਸ਼ਟ ਹਨ।

ਉਨ੍ਹਾਂ ਇਲਜ਼ਾਮ ਲਾਇਆ ਕਿ ਸੱਤਾਧਾਰੀ ਪਾਰਟੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਡਰਾ-ਧਮਕਾ ਕੇ, ਜ਼ਬਰਦਸਤੀ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਰੋਕ ਕੇ, ਉਨ੍ਹਾਂ ਦੇ ਪ੍ਰਚਾਰ ਵਿੱਚ ਰੁਕਾਵਟ ਪਾ ਕੇ ਅਤੇ ਅਖ਼ੀਰ ਵਿੱਚ ਨਤੀਜਿਆਂ ਨੂੰ ਪ੍ਰਭਾਵਿਤ ਕਰਕੇ ਚੋਣ ਪ੍ਰਕਿਰਿਆ ਨੂੰ ਸ਼ੁਰੂ ਤੋਂ ਹੀ ਹਾਈਜੈਕ ਕਰ ਲਿਆ ਸੀ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਸਲ ਲੜਾਈ ਵਿਧਾਨ ਸਭਾ ਚੋਣਾਂ ਦੌਰਾਨ ਲੜੀ ਜਾਵੇਗੀ, ਜਦੋਂ 'ਆਪ' ਨੂੰ ਪ੍ਰਸ਼ਾਸਨ ਜਾਂ ਪੁਲਿਸ ਤੋਂ ਕਿਸੇ ਵੀ ਤਰ੍ਹਾਂ ਦਾ ਸਮਰਥਨ ਨਹੀਂ ਮਿਲੇਗਾ।

ਪੇਂਡੂ ਦੰਗਲ

'ਲੋਕਾਂ ਨੇ ਕੰਮਾਂ ਉੱਤੇ ਮੋਹਰ ਲਾਈ'

'ਆਪ' ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਕਿਹਾ, "ਚੋਣਾਂ ਦੇ ਨਤੀਜਿਆਂ ਤੋਂ ਸਪੱਸ਼ਟ ਹੈ ਕਿ ਪੰਜਾਬ ਦਾ ਇੱਕ ਤਰਫ਼ਾਂ ਝੁਕਾਅ ਆਮ ਆਦਮੀ ਪਾਰਟੀ ਅਤੇ ਪਾਰਟੀ ਦੀਆਂ ਨੀਤੀਆਂ ਵੱਲ ਹੈ।"

"ਅਸੀਂ ਆਪਣੇ ਪੌਣੇ ਚਾਰ ਸਾਲ ਦੇ ਕੰਮਾਂ ਨੂੰ ਲੈ ਕੇ ਲੋਕਾਂ ਦੀ ਕਚਹਿਰੀ ਵਿੱਚ ਗਏ ਸੀ ਅਤੇ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਉੱਤੇ ਮੋਹਰ ਲਗਾ ਦਿੱਤੀ ਹੈ।"

ਇਸ ਤੋਂ ਇਲਾਵਾ ਉਨ੍ਹਾਂ ਨੇ ਦਾਅਵਾ ਕੀਤਾ, "ਪਿਛਲੇ 20-25 ਸਾਲਾਂ ਦੇ ਇਤਿਹਾਸ ਦੀਆਂ ਸਭ ਤੋਂ ਸ਼ਾਂਤੀਪੂਰਨ, ਅਜ਼ਾਦ ਅਤੇ ਨਿਰਪੱਖ ਚੋਣਾਂ ਹਨ।"

ਸਭ ਤੋਂ ਚਰਚਿਤ ਮੁਹਿੰਮ ਦੇ ਕੀ ਨਤੀਜੇ ਨਿਕਲੇ

ਇਨ੍ਹਾਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਸਭ ਤੋਂ ਵੱਧ ਚਰਚਾ ਅਪਰਾਧਿਕ ਪਿਛੋਕੜ ਤੋਂ ਸਿਆਸਤ ਵਿੱਚ ਆਏ ਗੁਰਪ੍ਰੀਤ ਸਿੰਘ ਸੇਖੋਂ ਦੀ ਪਤਨੀ ਅਤੇ ਉਸਦੀ ਰਿਸ਼ਤੇਦਾਰ ਦੀ ਹੋਈ।

ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਸੇਖੋਂ ਦੇ ਧੜੇ ਦੇ ਕਈ ਅਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਸਨ।

ਗੁਰਪ੍ਰੀਤ ਸੇਖੋਂ ਦੀ ਪਤਨੀ ਮਨਦੀਪ ਕੌਰ ਬਜੀਦਪੁਰ ਜ਼ੋਨ ਅਤੇ ਰਿਸ਼ਤੇਦਾਰ ਕੁਲਜੀਤ ਕੌਰ ਫਿਰੋਜ਼ਸ਼ਾਹ ਜ਼ੋਨ ਤੋਂ ਜ਼ਿਲ੍ਹਾ ਪਰਿਸ਼ਦ ਦੀ ਚੋਣ ਲੜ ਰਹੀ ਸੀ। ਇਹ ਦੋਵੇਂ ਉਮੀਦਵਾਰ ਵੱਡੇ ਫ਼ਰਕ ਨਾਲ ਜਿੱਤੇ।

ਅਕਾਲੀ ਦਲ ਵੱਲੋਂ 'ਅਪਰਾਧਿਕ ਪਿਛੋਕੜ' ਵਾਲੇ ਸੇਖੋਂ ਧੜੇ ਨੂੰ ਹਿਮਾਇਤ

ਇਸ ਤੋਂ ਇਲਾਵਾ ਸੇਖੋਂ ਧੜੇ ਦੇ ਕਈ ਅਜ਼ਾਦ ਉਮੀਦਵਾਰ ਵੀ ਚੋਣ ਜਿੱਤਣ ਵਿੱਚ ਕਾਮਯਾਬ ਰਹੇ।

ਸੇਖੋਂ ਦੇ ਵਕੀਲ ਅਰਸ਼ ਰੰਧਾਵਾ ਨੇ ਦਾਅਵਾ ਕੀਤਾ, "ਸੇਖੋਂ ਧੜੇ ਦੇ 10 ਉਮੀਦਵਾਰ ਬਲਾਕ ਸੰਮਤੀ ਚੋਣਾਂ ਜਿੱਤੇ ਹਨ। ਇਹਨਾਂ ਸਾਰੇ ਉਮੀਦਵਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ ਪ੍ਰਾਪਤ ਸੀ।"

ਇਸ ਤੋਂ ਇਲਾਵਾ ਜਦੋਂ ਸੇਖੋਂ ਨੂੰ ਫ਼ਿਰੋਜ਼ਪੁਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਗਲ ਟੀਮ ਨੇ ਹੀ ਉਨ੍ਹਾਂ ਦਾ ਕੇਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਲੜਿਆ ਸੀ। ਜਿਸ ਮਗਰੋਂ ਅਦਾਲਤ ਨੇ ਸੇਖੋਂ ਦੀ ਰਿਹਾਈ ਦੇ ਹੁਕਮ ਦਿੱਤੇ ਸਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)