You’re viewing a text-only version of this website that uses less data. View the main version of the website including all images and videos.
'ਫੌਜੀ ਇਨਸਾਫ਼ ਤਾਂ ਇੰਝ ਹੈ ਜਿਸ ਵਿੱਚ ਆਪ ਹੀ ਮੁੱਦਈ, ਆਪ ਹੀ ਗਵਾਹ ਤੇ ਆਪ ਹੀ ਜੱਜ'- ਪਾਕਿਸਤਾਨ ਤੋਂ ਵਲੌਗ
- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
ਕੋਈ ਡੇਢ ਸਾਲ ਪਹਿਲਾਂ ਲਾਹੌਰ ਦੇ ਕੋਰ ਕਮਾਂਡਰ ਦੇ ਘਰ 'ਤੇ ਇੱਕ ਜੱਥੇ ਨੇ ਹਮਲਾ ਕੀਤਾ, ਕਾਰਾਂ ਭੰਨੀਆਂ, ਫ਼ਰਨੀਚਰ ਸਾੜਿਆ। ਕੋਈ ਗੁਲਦਾਨ 'ਤੇ ਗੁਲਦਸਤੇ ਲੈ ਕੇ ਤੁਰ ਪਿਆ। ਇੱਕ ਮੁੰਡੇ ਨੇ ਕੋਰ ਕਮਾਂਡਰ ਦਾ ਪਾਲਤੂ ਮੋਰ ਚੁੱਕ ਲਿਆ।
ਇਮਰਾਨ ਖ਼ਾਨ ਨੂੰ ਪਿਆਰ ਕਰਨ ਵਾਲਿਆ ਦਾ ਖ਼ਿਆਲ ਸੀ ਕਿ ਸਾਡਾ ਖ਼ਾਨ ਜੇਲ੍ਹ ਗਿਆ ਹੈ, ਅਸੀਂ ਹੁਣ ਸਾਰਾ ਕੁਝ ਸਾੜ ਕੇ ਸਵਾਹ ਕਰ ਦੇਵਾਂਗੇ। ਜਨਰਲ ਹੈੱਡਕੁਆਰਟਰ ਦੇ ਗੇਟ 'ਤੇ ਆ ਗਏ, ਕਿਤੇ ਕੋਈ ਜ਼ਹਾਜ ਜਾ ਟੈਂਕ ਦਾ ਢਾਂਚਾ ਨਜ਼ਰ ਆਇਆ, ਉਸ ਨੂੰ ਪੈ ਗਏ।
ਇਨ੍ਹਾਂ ਵਿਚਾਰਿਆਂ ਦਾ ਖ਼ਿਆਲ ਸੀ ਕਿ ਉਹ ਛੋਟਾ-ਮੋਟਾ ਇਨਕਲਾਬ ਲਿਆ ਰਹੇ ਨੇ, ਹਕੂਮਤ ਡਰ ਕੇ ਖ਼ਾਨ ਨੂੰ ਛੱਡ ਦੇਵੇਗੀ 'ਤੇ ਫੇਰ ਬੱਸ ਮੌਜਾਂ-ਹੀ-ਮੌਜਾਂ 'ਤੇ ਜਿਵੇਂ ਉਰਦੂ ਵਿੱਚ ਕਹਿੰਦੇ ਨੇ ਕਿ ਰਾਜ ਕਰੇਗੀਖਲ-ਕੇ-ਖੁਦਾ।
ਲੇਕਿਨ ਇਹ ਪੋਲਾ ਜਿਹਾ ਇਨਕਲਾਬ ਪੁੱਠਾ ਪੈ ਗਿਆ। ਫ਼ੌਜ ਨੇ ਕਿਹਾ ਇਹ ਤਾਂ ਸਾਡੇ ਨਾਲ ਕੀਹੋ ਗਿਆ ਹੈ। ਅਸੀਂ 'ਤੇ ਇਸ ਮੁਲਕ ਨੂੰ ਸਾਂਭ ਕੇ ਬੈਠੇ ਸੀ, ਨਹੀਂ 'ਤੇ ਇਸ ਨੇ ਤਾਂ ਕਦੋਂ ਦਾ ਇਰਾਕ ਤੇ ਲੀਬੀਆ ਬਣਿਆ ਹੋਣਾ ਸੀ।ਤੁਸੀਂ ਕਿਹੜੇ ਲੋਕ ਹੋ, ਜਿਹੜੇ ਸਾਡੇ ਹੀ ਗਲ਼ ਨੂੰ ਪੈ ਗਏ ਹੋ, ਜਿਸ ਨੇ ਕੋਰ ਕਮਾਂਡਰ ਦੇ ਘਰੋਂ ਫ਼ਰੀਜ ਖੋਲ੍ਹ ਕੇ ਕੋਰਮਾ ਖਾਂਦਾ, ਉਹ ਦਹਿਸ਼ਤਗਰਦ, ਜਿਸ ਨੇ ਵਰਦੀ ਦੀ ਬੇਜ਼ਤੀ ਕੀਤੀ, ਉਹ ਕੌਮ 'ਤੇ ਮੁਲਕ ਦਾ ਦੁਸ਼ਮਣ ਨੰਬਰ ਵਨ।
ਫ਼ੌਜ ਨੇ ਨਾਲ ਇਹ ਵੀ ਨਾਅਰਾ ਮਾਰਿਆ ਕਿ ਹਮਲਾ ਸਾਡੇ 'ਤੇ ਹੋਇਆ ਅਤੇ ਹੁਣ ਇਨਸਾਫ ਵੀ ਅਸੀਂ ਕਰਾਂਗੇ, ਤੁਸੀਂ ਆਪਣੇ ਕਾਨੂੰਨ 'ਤੇ ਆਪਣੀਆਂ ਅਦਾਲਤਾਂ ਆਪਣੇ ਕੋਲ ਹੀ ਰੱਖੋ।
ਹੁਣ ਫ਼ੌਜੀ ਇਨਸਾਫ਼ ਹੋਵੇਗਾ, ਫੌਜੀ ਅਦਾਲਤਾਂ ਬਣੀਆਂ, ਸਜ਼ਾਵਾਂ ਹੋਈਆਂ, ਹੁਣ ਕੁਝ ਵਿਚਾਰਿਆਂ ਦੀਆਂ ਸਜ਼ਾਵਾਂ ਮਾਫ਼ ਹੋਈਆਂ ਹਨ।
ਹੁਣ ਹਕੂਮਤ 'ਚ ਬੈਠੇ ਇਮਰਾਨ ਖ਼ਾਨ ਦੇ ਵੈਰੀਆਂ ਨੇ ਰੌਲ਼ਾ ਪਾ ਦਿੱਤਾ ਹੈ ਕਿ ਇਹ ਮਾਫ਼ੀ ਕਿਉਂ ਦਿੱਤੀ ਗਈ ਹੈ। ਜਦੋਂ ਇਮਰਾਨ ਖ਼ਾਨ ਦੀ ਹਕੂਮਤ ਸੀ 'ਤੇ ਉਹ ਵੀ ਵਿਰੋਧੀਆਂ ਨੂੰ ਕਾਬੂ ਵਿੱਚ ਕਰਨ ਲਈ ਫ਼ੌਜ ਦਾ ਹੀ ਇਸਤੇਮਾਲ ਕਰਦੇ ਸੀ।
ਹੁਣ ਹਕੂਮਤ ਫ਼ੌਜ ਨੂੰ ਹਲਾਸ਼ੇਰੀ ਦੇ ਰਹੀ ਹੈ ਕਿ ਪੀਟੀਆਈ ਵਾਲਿਆਂ ਨੂੰ ਖੱਲੇ ਮਾਰੋ, ਭਿਓ ਭਿਓ ਕੇ ਮਾਰੋ, ਕਹੋ ਕਿ 100 ਜੁੱਤੀਆਂ ਮਾਰਨੀਆਂ ਹਨ 'ਤੇ 99 'ਤੇ ਆਉਣ 'ਤੇ ਗਿਣਤੀ ਭੁੱਲ ਜਾਵੋ, ਇੱਕ ਤੋਂ ਫਿਰ ਸ਼ੁਰੂ ਕਰੋ।
ਫ਼ੌਜੀ ਇਨਸਾਫ਼ ਵੈਸੇ ਵੀ ਜੁੱਤੀਆਂ ਮਾਰਨ ਦਾ ਹੀ ਨਾਮ ਹੈ, ਆਪ ਹੀ ਮੁੱਦਈ, ਆਪ ਹੀ ਗਵਾਹ 'ਤੇ ਆਪ ਹੀ ਜੱਜ।
ਫ਼ੌਜੀ ਇਨਸਾਫ਼ ਇੰਝ ਹੈ, ਜਿਵੇਂ ਫ਼ੌਜੀ ਸੰਗੀਤ ਹੁੰਦਾ ਹੈ ਜਾ ਫ਼ੌਜੀ ਇੰਟੈਲੀਜੈਂਸ।
ਤੁਸੀਂ ਕਿਸੇ ਕੌਮੀ ਦਿਨ 'ਤੇ ਫ਼ੌਜੀ ਬੈਂਡ ਜ਼ਰੂਰ ਸੁਣਿਆ ਹੋਵੇਗਾ, ਸੁਰ-ਤਾਲ ਉਹ ਪੂਰਾ ਕੱਢ ਲੈਂਦੇ ਹਨ ਪਰ ਮਕਸਦ ਤੁਹਾਡਾ ਜੀਅ ਰੁਝਾਉਂਣਾ ਨਹੀਂ ਹੁੰਦਾ, ਬਲਕਿ ਇਹ ਹੁੰਦਾ ਹੈ ਕਿ ਫ਼ੌਜੀ ਆਪਣੇ ਤਾਲ ਦੇ ਨਾਲ ਆਪਣੇ ਬੂਟ ਦੀ ਚਾਲ ਰਲਾਉਣ 'ਤੇ ਸਿੱਧਾ ਇੱਕ ਲਾਇਨ ਵਿੱਚ ਮਾਰਚ ਕਰਦੇ ਜਾਣ।
ਫ਼ੌਜੀ ਇੰਟੈਲੀਜੈਂਸ ਵੀ ਕੁਝ ਇਸ ਤਰ੍ਹਾਂ ਦੀ ਹੀ ਬਲਾ ਹੈ ਕਿ ਤੁਸੀਂ ਸਿਆਸਤਦਾਨਾਂ 'ਤੇ ਜੱਜਾਂ ਦੇ ਬੈਡਰੂਮਾਂ ਵਿੱਚ ਵੜ ਕੇ ਕੈਮਰੇ ਲਗਾ ਸਕਦੇ ਹੋ, ਧੀਆਂ ਭੈਣਾਂ ਦੀਆਂ ਵਟਸਅੱਪ ਕਾਲਾਂ ਰਿਕਾਰਡ ਕਰ ਸਕਦੇ ਹੋ, ਪਰ ਤੁਹਾਡੀ ਇੰਟੈਲੀਜੈਂਸ ਇੰਨੀ ਇਟੈਲੀਜੈਂਟ ਨਹੀਂ, ਕਿ ਇਹ ਦੱਸ ਸਕੇ ਇਹ ਜੱਥਾ ਤੁਹਾਡੇ ਵੱਡੇ ਜਨਰਲ ਦੇ ਗੇਟ 'ਤੇ ਪਹੁੰਚ ਗਿਆ ਹੈ।
ਜਿਹੜੇ ਅੱਜ ਫ਼ੌਜੀ ਇਨਸਾਫ਼ ਦੀਆਂ ਜੁੱਤੀਆਂ ਆਪਣੇ ਵੈਰੀਆਂ ਨੂੰ ਪਵਾ ਰਹੇ ਹਨ, ਇਹ ਜੁੱਤੀਆਂ ਉਨ੍ਹਾਂ ਨੂੰ ਪਹਿਲਾਂ ਵੀ ਪਈਆਂ ਨੇ ਤੇ ਦੁਬਾਰਾ ਫਿਰ ਪੈ ਸਕਦੀਆਂ ਹਨ।
ਅਜੇ ਤੇ ਮੁਲਕ ਵਿੱਚ ਫ਼ੌਜੀ ਇਨਸਾਫ਼ ਹੋ ਰਿਹਾ ਹੈ, ਫ਼ੌਜੀ ਇੰਟੈਲੀਜੈਂਸ ਸਾਡੇ ਦਿਮਾਗਾਂ ਨੂੰ ਕੰਟਰੋਲ ਕਰਨ 'ਤੇ ਲੱਗੀ ਹੈ, ਫੌਜੀ ਬੈਂਡ ਵੱਜ ਰਿਹਾ ਹੈ 'ਤੇ ਪੂਰੀ ਕੌਮ ਮਾਰਚ ਕਰਨ 'ਤੇ ਲੱਗੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ