ਦਿੱਲੀ ਦਾ ਅੰਜਲੀ ਕੇਸ: ਇੱਕ-ਇੱਕ ਮਿੰਟ ਦੀ ਪੜਤਾਲ ਅਤੇ ਕੁਝ ਅਣਸੁਲਝੇ ਸਵਾਲ

- ਲੇਖਕ, ਦਿਲਨਵਾਜ਼ ਪਾਸ਼ਾ
- ਰੋਲ, ਬੀਬੀਸੀ ਪੱਤਰਕਾਰ
ਕੰਝਾਵਲਾ ਕੇਸ ਵਿੱਚ ਦਿੱਲੀ ਪੁਲਿਸ ਨੇ ਵੀਰਵਾਰ ਨੂੰ ਪ੍ਰੈਸ ਕਾਨਫ਼ਰੰਸ ਕਰਕੇ ਹੁਣ ਤੱਕ ਦੀ ਜਾਂਚ ਬਾਰੇ ਜਾਣਕਾਰੀ ਦਿੱਤੀ ਹੈ। ਹੁਣ ਤੱਕ ਦੀ ਜਾਂਚ ਦੇ ਅਧਾਰ ’ਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਦੇ ਸੀਪੀ ਸਾਗਰਪ੍ਰੀਤ ਹੁੱਡਾ ਨੇ ਕੀ-ਕੀ ਜਾਣਕਾਰੀ ਦਿੱਤੀ ਹੈ, ਸਭ ਤੋਂ ਪਹਿਲਾਂ ਉਸ ਬਾਰੇ ਸੰਖੇਪ ਜਾਣਕਾਰੀ-
ਦਿੱਲੀ ਪੁਲਿਸ ਨੇ ਕੀ-ਕੀ ਦੱਸਿਆ-

ਦਿੱਲੀ ਪੁਲਿਸ ਮੁਤਾਬਕ:
- ਚਸ਼ਮਦੀਦ ਨਿਧੀ ਦਾ ਮੁਲਜ਼ਮਾਂ ਨਾਲ ਕੋਈ ਸਬੰਧ ਨਹੀਂ ਹੈ। ਉਸ ਦਾ ਬਿਆਨ ਦਰਜ ਕੀਤਾ ਗਿਆ ਹੈ, ਜਿਸ ਬਾਰੇ ਜਾਣਕਾਰੀ ਹਾਲੇ ਨਹੀਂ ਦਿੱਤੀ ਜਾ ਸਕਦੀ।
- ਸੀਸੀਟੀਵੀ ਦੇ ਅਧਾਰ ’ਤੇ ਦੋ ਹੋਰ ਲੋਕਾਂ ਬਾਰੇ ਜਾਣਕਾਰੀ ਮਿਲੀ ਹੈ। ਯਾਨੀ ਇਸ ਕੇਸ ਵਿੱਚ ਪੰਜ ਨਹੀਂ ਬਲਕਿ ਸੱਤ ਮੁਲਜ਼ਮ ਹਨ।
- ਬਾਕੀ ਦੇ ਦੋ ਮੁਲਜ਼ਮਾਂ ਨੇ ਸੱਚ ਲੁਕਾਉਣ ਦੀ ਕੋਸਿਸ਼ ਕੀਤੀ। ਮੁਲਜ਼ਮਾਂ ਨੂੰ ਬਚਾਉਣ ਦੀ ਕੋਸਿਸ਼ ਕੀਤੀ।
- ਕਾਰ ਦਾ ਮਾਲਕ ਆਸ਼ੂਤੋਸ਼ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਹੁਣ ਤੱਕ 6 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ
- ਪੁਲਿਸ ਨੂੰ ਫੋਰੈਂਸਿਕ ਰਿਪੋਰਟ ਦੀ ਉਡੀਕ ਹੈ। ਪੋਸਮਾਰਟਮ ਦੀ ਫਾਇਨਲ ਰਿਪੋਰਟ ਆਉਣੀ ਬਾਕੀ ਹੈ
- ਸੀਸੀਟੀਵੀ ਦੀ ਟਾਇੰਮਿੰਗ ਦਾ ਵਿਸ਼ਲੇਸ਼ਨ ਕੀਤਾ ਜਾ ਰਿਹਾ ਹੈ।
- ਕਾਲ ਡਿਟੇਲ ਦੇ ਆਧਾਰ 'ਤੇ ਮ੍ਰਿਤਕ ਅੰਜਲੀ ਅਤੇ ਮੁਲਜ਼ਮਾਂ ਵਿੱਚਕਾਰ ਕੋਈ ਪੁਰਾਣਾ ਸਬੰਧ ਨਹੀਂ ਪਾਇਆ ਗਿਆ।
- ਬਾਕੀ ਹੋਰ ਪਹਿਲੂਆਂ ਦੀ ਜਾਂਚ ਕਰਕੇ ਪੁਲਿਸ ਜਲਦੀ ਹੀ ਚਾਰਜਸ਼ੀਟ ਦਾਖਿਲ ਕਰੇਗੀ।
- ਆਖਰੀ ਸੀਨ ਨੂੰ ਲੱਭਦੀ ਹੋਈ ਪੁਲਿਸ ਇਸ ਨਤੀਜੇ ’ਤੇ ਪਹੁੰਚੀ ਹੈ ਕਿ ਨਿਧੀ ਇਸ ਮਾਮਲੇ ਵਿੱਚ ਚਸ਼ਮਦੀਦ ਹੈ। ਧਾਰਾ 164 ਦੇ ਤਹਿਤ ਉਸ ਦੇ ਬਿਆਨ ਦਰਜ ਕੀਤੇ ਗਏ ਹਨ।
- ਘਟਨਾ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਨਹੀਂ ਦਿੱਤੀ ਗਈ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਦਾ ਕੀ ਕਾਰਨ ਸੀ।
- ਹੁਣ ਤੱਕ ਇਹ ਕਤਲ ਕੇਸ ਨਹੀਂ ਬਣ ਰਿਹਾ ਹੈ। ਬਿਨ੍ਹਾਂ ਸਬੂਤਾਂ ਦੇ ਧਾਰਾ 302 (ਹੱਤਿਆ) ਨਹੀਂ ਲਗਾਈ ਜਾ ਸਕਦੀ। ਮੌਜੂਦਾ ਸਬੂਤਾਂ ਦੇ ਅਧਾਰ ’ਤੇ ਧਾਰਾ 304 (ਗੈਰ ਇਰਾਦਾ ਕਤਲ) ਦਾ ਕੇਸ ਬਣਦਾ ਹੈ।
- ਪੁਲਿਸ ਦੀ ਭੂਮਿਕਾ ਨੂੰ ਲੈ ਕਿ ਅੰਦਰੂਨੀ ਜਾਂਚ ਹੋ ਰਹੀ ਹੈ ਕਿ ਇਹ ਮਨੁੱਖੀ ਗਲਤੀ ਹੈ ਜਾਂ ਕਾਰਵਾਈ ਵਿੱਚ ਗਲਤੀ ਹੋਈ ਹੈ। ਨਤੀਜੇ ਦੇ ਅਧਾਰ ਉਪਰ ਕਾਰਵਾਈ ਕੀਤੀ ਜਾਵੇਗੀ।
- ਮੌਕੇ 'ਤੇ ਮਿਲੀ ਸਕੂਟੀ ਦੇ ਅਧਾਰ ’ਤੇ ਪੁਲਿਸ ਇਸ ਦੇ ਮਾਲਕ ਦੇ ਘਰ ਤੱਕ ਪਹੁੰਚੀ। ਮ੍ਰਿਤਕ ਦੇਹ ਉਸ ਤੋਂ ਬਾਅਦ ਮਿਲੀ। ਪੁਲਿਸ ਵੱਲੋਂ ਕੋਈ ਅਣਗਹਿਲੀ ਸਾਹਮਣੇ ਨਹੀਂ ਆਈ।

ਤਸਵੀਰ ਸਰੋਤ, FAMILY HANDOUT

ਕੜੀਆਂ ਨੂੰ ਜੋੜਨ ਦੀ ਕੋਸ਼ਿਸ਼

ਤਸਵੀਰ ਸਰੋਤ, Getty Images
31 ਦਸੰਬਰ ਦੀ ਰਾਤ ਨੂੰ ਉੱਤਰ ਪੱਛਮੀ ਦਿੱਲੀ ਦੇ ਸੁਲਤਾਨਪੁਰੀ ਇਲਾਕੇ ਵਿੱਚ 20 ਸਾਲਾ ਅੰਜਲੀ ਦੀ ਮੌਤ ਤੋਂ ਬਾਅਦ ਪੁਲਿਸ ਦੀ ਪ੍ਰਤੀਕਿਰਿਆ ਅਤੇ ਸ਼ੁਰੂਆਤੀ ਜਾਂਚ ਉਪਰ ਸਵਾਲ ਉੱਠ ਰਹੇ ਹਨ।
ਪੁਲਿਸ ਮੁਤਾਬਕ, ਸਕੂਟੀ ਸਵਾਰ ਕੁੜੀ ਸੁਲਤਾਨਪੁਰੀ ਦੇ ਕ੍ਰਿਸ਼ਨਾ ਵਿਹਾਰ ਇਲਾਕੇ ਵਿੱਚ ਹਾਦਸੇ ਦਾ ਸ਼ਿਕਾਰ ਹੋਈ ਸੀ।
ਉਸ ਦਾ ਸਰੀਰ ਗੱਡੀ ਵਿੱਚ ਫਸ ਗਿਆ ਸੀ।
ਲਾਸ਼ ਏਥੋਂ ਕਰੀਬ 14 ਕਿਲੋਮੀਟਰ ਦੂਰ ਕੰਝਵਾਲਾ ਥਾਣੇ ਅਧੀਨ ਜੌਂਤਾ ਪਿੰਡ ਵਿੱਚ ਮਿਲੀ ਸੀ।
ਘਟਨਾ ਦੀ ਜਾਣਕਾਰੀ ਜਨਤਕ ਹੋਣ ਤੋਂ ਕੁਝ ਘੰਟੇ ਬਾਅਦ ਹੀ ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਇਸ ਨੂੰ ਹਾਦਸਾ ਦੱਸਿਆ ਸੀ।

ਇਸ ਦੇ ਨਾਲ ਹੀ ਕਾਰ ਵਿੱਚ ਸਵਾਰ ਪੰਜ ਲੋਕਾਂ ਦੀ ਜਾਣਕਾਰੀ ਦਿੱਤੀ ਗਈ ਸੀ।
ਇਹਨਾਂ ਸਭ ਉਪਰ ਗੈਰ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਪੁਲਿਸ ਦਾ ਕਹਿਣਾ ਹੈ ਕਿ ਪੰਜ ਨਹੀਂ ਬਲਕਿ ਸੱਤ ਮੁਲਜ਼ਮ ਹਨ।
ਸ਼ੁਰੂਆਤ ਵਿੱਚ ਕਿਹਾ ਗਿਆ ਸੀ ਕਿ ਘਟਨਾ ਦੀ ਕੋਈ ਸੀਸੀਟੀਵੀ ਫੁਟੇਜ ਅਤੇ ਗਵਾਹ ਨਹੀਂ ਹੈ ਪਰ ਮੰਗਲਵਾਰ ਨੂੰ ਇੱਕ ਕੁੜੀ ਨਿਧੀ ਸਾਹਮਣੇ ਆਈ ਜਿਸ ਨੇ ਦਾਅਵਾ ਕੀਤਾ ਕਿ ਘਟਨਾ ਸਮੇਂ ਉਹ ਸਕੂਟੀ ’ਤੇ ਸਵਾਰ ਸੀ ਅਤੇ ਡਰ ਕਾਰਨ ਚੁੱਪ ਸੀ।
ਨਿਧੀ ਨੇ ਦਾਅਵਾ ਕੀਤਾ ਕਿ ਮਾਰੀ ਗਈ ਕੁੜੀ ਉਸ ਦੀ ਦੋਸਤ ਸੀ ਅਤੇ ਸਕੂਟੀ ਨਾਲ ਕਾਰ ਦੀ ਟੱਕਰ ਤੋਂ ਬਾਅਦ ਉਹ ਗੱਡੀ ਵਿੱਚ ਫਸ ਗਈ ਸੀ।

ਘਟਨਾ ਕਿੱਥੇ ਵਾਪਰੀ, ਸੀਸੀਟੀਵੀ ਫੁਟੇਜ ਕਿਉਂ ਨਹੀਂ?
ਐਫ਼ਆਈਆਰ ਮੁਤਾਬਕ, ਇਹ ਘਟਨਾ ਸੁਲਤਾਨਪੁਰੀ ਥਾਣੇ ਦੇ ਅਧੀਨ ਕ੍ਰਿਸ਼ਨਾ ਵਿਹਾਰ ਇਲਾਕੇ ਵਿੱਚ ਵਾਪਰੀ ਸੀ।
ਬੀਬੀਸੀ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ।
ਇਥੇ ਕਈ ਚਸ਼ਮਦੀਦ ਮਿਲੇ ਜਿੰਨਾ ਨੇ ਪੁਲਿਸ ਨੂੰ ਸਕੂਟੀ ਚੁੱਕਦੇ ਹੋਏ ਦੇਖਿਆ।
ਇੱਕ ਥਾਂ ’ਤੇ ਲੋਕਾਂ ਨੂੰ ਸਕੂਟੀ ਵਰਗੀ ਚੀਜ਼ ਦੇ ਟੁੱਕੜੇ ਵੀ ਮਿਲੇ।
ਹਾਦਸੇ ਵਾਲੀ ਥਾਂ ਸੁਲਤਾਨਪੁਰੀ ਥਾਣੇ ਤੋਂ 900 ਮੀਟਰ ਦੂਰ ਸੀ।
ਕ੍ਰਿਸ਼ਨਾ ਵਿਹਾਰ ਇਲਾਕੇ ਦੀ ਇਹ ਗਲੀ 190 ਮੀਟਰ ਲੰਮੀ ਹੈ ਅਤੇ ਇਸ ਅੰਦਰ ਚਾਰ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ।
ਬੀਬੀਸੀ ਨੇ ਇਹਨਾਂ ਕੈਮਰਿਆਂ ਦੀ ਪੜਤਾਲ ਕੀਤੀ ਅਤੇ ਘਟਨਾ ਦੀਆਂ ਕੜੀਆਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ।
ਇਹਨਾਂ ਚਾਰਾਂ ਕੈਮਰਿਆਂ ਦਾ ਟਾਇਮ ਸਟੈਂਪ ਅਲੱਗ-ਅਲੱਗ ਹੈ। ਪਰ ਫਰੇਮ ਦਰ ਫਰੇਮ ਫੁਟੇਜ ਨੂੰ ਦੇਖਣ ਅਤੇ ਉਥੇ ਮੌਜੂਦ ਤੱਥਾਂ ਨੂੰ ਜੋੜਨ ਨਾਲ ਕੀ ਸਮਝ ਆਉਂਦਾ ਹੈ?
ਕਿਉਂਕਿ ਸਾਰੇ ਸੀਸੀਟੀਵੀ ਕੈਮਰਿਆਂ ਦਾ ਟਾਈਮ ਸਟੈਂਪ ਅਲੱਗ-ਅਲੱਗ ਹੈ ਅਤੇ ਸਮਾਂ ਅੱਗੇ ਪਿੱਛੇ ਹੈ ਤਾਂ ਇਸ ਲਈ ਫੁਟੇਜ ਦੇ ਅਧਾਰ ’ਤੇ ਘਟਨਾ ਦੇ ਸਹੀ ਸਮੇਂ ਦਾ ਪਤਾ ਨਹੀਂ ਲੱਗ ਸਕਦਾ।
ਪਰ ਸੀਸੀਟੀਵੀ ਦਾ ਟਾਇਮ ਸਟੈਂਪ ਅਤੇ ਪੁਲਿਸ ਦਾ ਦਾਅਵਾ ਮੈਚ ਕਰਦੇ ਹਨ।
ਇਸ ਹਿਸਾਬ ਨਾਲ ਮੰਨਿਆ ਜਾ ਰਿਹਾ ਹੈ ਕਿ ਘਟਨਾ ਰਾਤ ਦੋ ਵੱਜ ਕੇ 5 ਮਿੰਟ ’ਤੇ ਹੋਈ।
ਹਾਦਸੇ ਤੋਂ ਪਹਿਲਾਂ ਅਤੇ ਬਾਅਦ ਦੀ ਫੁਟੇਜ ਹੈ। ਇਸ ਵਿੱਚ ਸਕੂਟੀ ਉਪਰ ਦੋ ਕੁੜੀਆਂ ਹਨ ਅਤੇ ਬਲੇਨੋ ਕਾਰ ਉੱਥੋਂ ਨਿਕਲਦੀ ਦਿਖਾਈ ਦੇ ਰਹੀ ਹੈ।
ਪਰ ਕੋਈ ਵੀ ਐਸੀ ਫੁਟੇਜ ਨਹੀਂ ਹੈ ਕਿ ਜਿਸ ਵਿੱਚ ਕਾਰ ਸਕੂਟੀ ਦੀ ਟੱਕਰ ਜਾਂ ਹਾਦਸੇ ਦੀ ਘਟਨਾ ਹੋਵੇ।

ਘਟਨਾ ਵਾਲੀ ਥਾਂ ’ਤੇ ਕਾਰ ਹੇਠਾਂ ਕੁੜੀ ਕਿਉਂ ਨਹੀਂ ਦਿਸੀ?
ਬੀਬੀਸੀ ਨੇ ਹਾਦਸੇ ਵਾਲੀ ਥਾਂ ਤੋਂ 20 ਮੀਟਰ ਅਤੇ 50 ਮੀਟਰ ਅੱਗੇ ਦੀ ਸੀਸੀਟੀਵੀ ਫੁਟੇਜ ਦੇਖੀ ਹੈ।
ਇਸ 'ਚ ਸਕੂਟੀ 'ਤੇ ਸਵਾਰ ਦੋ ਕੁੜੀਆਂ ਇਕ ਪਾਸੇ ਤੋਂ ਅਤੇ ਬਲੇਨੋ ਕਾਰ ਦੂਜੇ ਪਾਸੇ ਤੋਂ ਆਉਂਦੀਆਂ ਦਿਖਾਈ ਦੇ ਰਹੀਆਂ ਹਨ।
ਸੀਸੀਟੀਵੀ ਦੀ ਇਹ ਵੀਡੀਓ ਹਾਦਸੇ ਵਾਲੀ ਥਾਂ ਤੋਂ ਕੁਝ ਕਦਮ ਅੱਗੇ ਦੀ ਹੈ।
ਯਾਨੀ ਹਾਦਸੇ ਤੋਂ ਕੁਝ ਸੈਕਿੰਡ ਬਾਅਦ ਇਹ ਸੀਸੀਟੀਵੀ ਲੱਗੇ ਹੋਏ ਹਨ ਪਰ ਇਹਨਾਂ ਵਿੱਚ ਕੁੜੀ ਬਲੇਨੋ ਕਾਰ ਦੇ ਥੱਲੇ ਜਾਂ ਸਾਈਡ ਉੱਤੇ ਨਜ਼ਰ ਨਹੀਂ ਆਉਂਦੀ।
ਸੀਸੀਟੀਵੀ ਬਹੁਤ ਸਪੱਸ਼ਟ ਨਹੀਂ ਹਨ। ਪਰ ਫਰੇਮ ਦਰ ਫਰੇਮ ਦੇਖ ਕੇ ਵੀ ਕਾਰ ਦੇ ਹੇਠਾਂ ਕਿਸੇ ਕੁੜੀ ਦੇ ਹੋਣ ਦਾ ਕੋਈ ਨਿਸ਼ਾਨ ਨਹੀਂ ਹੈ।
ਮਤਲਬ ਜੇਕਰ ਇਹ ਕੁੜੀ ਉਸ ਸਮੇਂ ਕਾਰ ਦੇ ਹੇਠਾਂ ਸੀ ਤਾਂ ਉਹ ਇਸ ਤਰ੍ਹਾਂ ਫਸੀ ਹੋਈ ਸੀ ਕਿ ਫੁਟੇਜ 'ਚ ਉਸ ਦਾ ਕੋਈ ਹਿੱਸਾ ਨਜ਼ਰ ਨਹੀਂ ਆ ਰਿਹਾ।

ਪੀਸੀਆਰ ਨੇ ਬਲੇਨੋ ਦਾ ਪਿੱਛਾ ਕਿਉਂ ਨਹੀਂ ਕੀਤਾ?
ਘਟਨਾ ਦੀ ਸੀਸੀਟੀਵੀ ਫੁਟੇਜ, ਜੋ ਬੀਬੀਸੀ ਨੇ ਦੇਖੀ ਉਸ ਵਿੱਚ ਇੱਕ ਪੁਲਿਸ ਪੀਸੀਆਰ ਵੈਨ ਵੀ ਘਟਨਾ ਸਥਾਨ 'ਤੇ ਦਿਖਾਈ ਦੇ ਰਹੀ ਹੈ।
ਪੀਸੀਆਰ ਵੈਨ ਦੀ ਜੋ ਫੁਟੇਜ ਨਿਊਜ਼ ਚੈਨਲਾਂ 'ਤੇ ਚੱਲ ਰਹੀ ਹੈ ਉਸ ਤੋਂ ਸਵਾਲ ਇਹ ਉੱਠ ਰਿਹਾ ਹੈ ਕਿ ਜੇਕਰ ਇਹ ਵੈਨ ਹਾਦਸੇ ਦੇ ਸਮੇਂ ਆਲੇ-ਦੁਆਲੇ ਸੀ ਤਾਂ ਪੁਲਿਸ ਮੁਲਾਜ਼ਮਾਂ ਨੇ ਉਸੇ ਸਮੇਂ ਕਾਰਵਾਈ ਕਿਉਂ ਨਹੀਂ ਕੀਤੀ?
ਗਲੀ ਵਿੱਚ ਲੱਗੇ ਚਾਰ ਸੀਸੀਟੀਵੀ ਦੀ ਫੁਟੇਜ ਮੁਤਾਬਕ ਬਲੇਨੋ ਕਾਰ ਦੇ ਗਲੀ ਵਿੱਚ ਦਾਖਲ ਹੋਣ ਤੋਂ ਠੀਕ 30 ਸਕਿੰਟਾਂ ਬਾਅਦ ਪੀਸੀਆਰ ਕਾਰ ਵੀ ਉਸੇ ਗਲੀ ਵਿੱਚ ਦਾਖ਼ਲ ਹੋ ਜਾਂਦੀ ਹੈ।
ਟਾਈਮ ਸਟੈਂਪ ਦੇ ਅਨੁਸਾਰ, ਬਲੇਨੋ ਦੁਪਹਿਰ 2.37 ਵਜੇ ਸੱਜੇ ਪਾਸੇ ਤੋਂ ਗਲੀ ਵਿੱਚ ਦਾਖਲ ਹੁੰਦੀ ਹੈ, ਪੀਸੀਆਰ ਵੈਨ 2 ਵਜ ਕੇ 1 ਮਿੰਟ .07 ਸੈਕਿੰਡ ’ਤੇ ਦਾਖਲ ਹੁੰਦੀ ਹੈ।
ਯਾਨੀ ਪੀਸੀਆਰ ਸ਼ੱਕੀ ਬਲੇਨੋ ਦੇ ਤੀਹ ਸਕਿੰਟਾਂ ਬਾਅਦ ਉਸੇ ਗਲੀ ਵਿੱਚ ਦਾਖਲ ਹੁੰਦਾ ਹੈ।
ਇੱਕ ਹੋਰ ਸੀਸੀਟੀਵੀ ਫੁਟੇਜ, ਜੋ ਕਿ ਕਥਿਤ ਦੁਰਘਟਨਾ ਵਾਲੀ ਥਾਂ ਤੋਂ ਕਰੀਬ 20 ਮੀਟਰ ਅੱਗੇ ਹੈ, ਉਸ ਵਿੱਚ ਵੀ ਪੀਸੀਆਰ ਵੈਨ ਦਿਖਾਈ ਦਿੰਦੀ ਹੈ।
ਹਾਲਾਂਕਿ ਪੀਸੀਆਰ ਕਿੰਨੇ ਸਮੇਂ ਬਾਅਦ ਲੰਘੀ ਸੀ, ਇਸ ਬਾਰੇ ਟਾਇਮ ਸਟੈਂਪ ਤੋਂ ਕੁਝ ਸਪੱਸ਼ਟ ਨਹੀਂ ਹੁੰਦਾ।
ਪੁਲਿਸ ਮੁਤਾਬਕ, “ਪੀਸੀਆਰ ਨੇ ਘਟਨਾ ਵਾਲੀ ਥਾਂ ਉਪਰ ਸਕੂਟੀ ਦੇਖੀ। ਉਸ ਦੇ ਨੰਬਰ ਦੇ ਅਧਾਰ ’ਤੇ ਪੁਲਿਸ ਮਾਲਕ ਦੇ ਘਰ ਤੱਕ ਪਹੁੰਚੀ। ਇਸੇ ਅਧਾਰ ਉਪਰ ਕੁੜੀ ਦੀ ਲਾਸ਼ ਮਿਲਣ ਤੋਂ ਬਾਅਦ ਉਸ ਦੀ ਮਾਂ ਨੂੰ ਪੁਲਿਸ ਨੇ ਬੁਲਾਇਆ ਅਤੇ ਲਾਸ਼ ਦੀ ਪਹਿਚਾਣ ਕਰਵਾਈ।”

ਸਹੇਲੀ ਕਿਵੇਂ ਬਣੀ ਬੁਝਾਰਤ ?
ਅੰਜਲੀ ਦੀ ਸਹੇਲੀ ਨਿਧੀ ਦੀਆਂ ਗੱਲਾਂ ਬੁਝਾਰਤ ਬਣ ਗਈਆਂ ਹਨ।
ਨਿਧੀ ਸੁਲਤਾਨਪੁਰੀ ਥਾਣੇ ਤੋਂ 300 ਮੀਟਰ ਅਤੇ ਘਟਨਾ ਵਾਲੀ ਥਾਂ ਤੋਂ 1100 ਮੀਟਰ ਦੂਰ ਰਹਿੰਦੀ ਹੈ।
ਨਿਧੀ ਨੇ ਦਾਅਵਾ ਕੀਤਾ ਕਿ ਘਟਨਾ ਤੋਂ ਬਾਅਦ ਉਹ ਡਰ ਗਈ ਸੀ ਅਤੇ ਬਿਨਾਂ ਕਿਸੇ ਨੂੰ ਦੱਸੇ ਘਰ ਚਲੀ ਗਈ ਸੀ।
ਸੀਸੀਟੀਵੀ ਵਿੱਚ ਹੋਟਲ ਦੇ ਬਾਹਰ ਅੰਜਲੀ ਨਾਲ ਇੱਕ ਕੁੜੀ ਦਿਖਾਈ ਦੇ ਰਹੀ ਹੈ ਜਿਸ ਨੂੰ ਨਿਧੀ ਮੰਨਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਨਿਧੀ ਸੁਲਤਾਨਪੁਰੀ ਬਲਾਕ- ਸੀ ਵਿੱਚ ਇਕੱਲੀ ਰਹਿੰਦੀ ਹੈ। ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ।
ਅੰਜਲੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਿਧੀ ਬਾਰੇ ਕੁਝ ਪਤਾ ਨਹੀਂ ਹੈ ਅਤੇ ਨਾ ਹੀ ਕਦੇ ਉਹ ਉਹਨਾਂ ਦੇ ਘਰ ਆਈ ਸੀ।
ਅੰਜਲੀ ਦੇ ਪਰਿਵਾਰ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਨਿਧੀ ਉਪਰ ਝੂਠ ਬੋਲਣ ਦੇ ਇਲਜ਼ਾਮ ਵੀ ਲਗਾਏ।

ਘਟਨਾ ਦੀਆਂ ਜੋ ਤਸਵੀਰਾਂ ਹੁਣ ਤੱਕ ਸਾਫ਼ ਹੋਈਆਂ
ਬੀਬੀਸੀ ਨੇ 31 ਦਸੰਬਰ ਦੀ ਰਾਤ ਅਤੇ 1 ਜਨਵਰੀ ਦੀ ਸਵੇਰ ਦੀਆਂ ਘਟਨਾਵਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ।
ਜੋ ਤਸਵੀਰ ਸਪੱਸ਼ਟ ਹੋ ਚੁੱਕੀ ਹੈ, ਉਸ ਮੁਤਾਬਕ-
- ਅੰਜਲੀ ਸ਼ਾਮ ਨੂੰ ਘਰੋਂ ਚਲੀ ਗਈ ਸੀ।
- ਉਸ ਨੇ ਆਪਣੀ ਮਾਂ ਨੂੰ ਕਿਹਾ ਸੀ ਕਿ ਉਹ ਦੇਰ ਰਾਤ ਵਾਪਸ ਆਵੇਗੀ।
- ਉਸ ਨੇ ਆਖਰੀ ਵਾਰ ਆਪਣੀ ਮਾਂ ਨਾਲ ਰਾਤ 8.29 ਵਜੇ ਗੱਲ ਕੀਤੀ ਸੀ।
- ਹੋਟਲ ਦੀ ਫੁਟੇਜ ਤੋਂ ਪਤਾ ਲੱਗਦਾ ਹੈ ਕਿ ਅੰਜਲੀ ਕਿਸੇ ਹੋਰ ਕੁੜੀ ਨਾਲ ਹੋਟਲ ’ਤੇ ਗਈ ਸੀ।
- ਸੀਸੀਟੀਵੀ ਫੁਟੇਜ ਅਤੇ ਹੋਟਲ ਸਟਾਫ਼ ਮੁਤਾਬਕ ਦੋਵਾਂ ਵਿਚਾਲੇ ਕੁਝ ਝਗੜਾ ਹੋਇਆ ਸੀ।
- ਫੁਟੇਜ 'ਚ ਕੁੜੀਆਂ 1.32 ਵਜੇ ਹੋਟਲ ਤੋਂ ਨਿਕਲਦੀਆਂ ਦਿਖਾਈ ਦੇ ਰਹੀਆਂ ਹਨ।
- ਰਾਤ ਦੋ ਵਜੇ ਦੇ ਕਰੀਬ ਅੰਜਲੀ ਅਤੇ ਇੱਕ ਹੋਰ ਕੁੜੀ ਹਾਦਸੇ ਵਾਲੀ ਥਾਂ ਦੇ ਕੋਲ ਸਕੂਟੀ 'ਤੇ ਸਵਾਰ ਦਿਖਾਈ ਦਿੰਦੀਆਂ ਹਨ। ਹੋਟਲ ਅਤੇ ਘਟਨਾ ਸਥਾਨ ਵਿਚਕਾਰ ਕਰੀਬ ਢਾਈ ਕਿਲੋਮੀਟਰ ਦੀ ਦੂਰੀ ਹੈ।
- ਇਸ ਦੌਰਾਨ ਹੀ ਸ਼ੱਕੀ ਬਲੇਨੋ ਕਾਰ ਅਤੇ ਪੁਲਿਸ ਦੀ ਪੀਸੀਆਰ ਘਟਨਾ ਵਾਲੀ ਥਾਂ ਨੇੜੇ ਦਿਖਾਈ ਦਿੰਦੀਆਂ ਹਨ।
- ਸੀਸੀਟੀਵੀ ਫੁਟੇਜ ਵਿੱਚ ਮੁਲਜ਼ਮ ਕੰਝਾਵਲਾ ਤੋਂ ਜੌਂਤਾ ਪਿੰਡ ਵੱਲ ਕਾਰ ਚਲਾਉਂਦੇ ਹੋਏ ਦਿਖਾਈ ਦੇ ਰਹੇ ਹਨ।
- ਸਵੇਰੇ 3.17 ਵਜੇ ਇੱਕ ਫੁਟੇਜ ਵਿੱਚ ਸ਼ੱਕੀ ਬਲੇਨੋ ਕਾਰ ਨੂੰ ਯੂ-ਟਰਨ ਲੈਂਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਦੇ ਹੇਠਾਂ ਕੁਝ ਦਿਖਾਈ ਦੇ ਰਿਹਾ ਹੈ।
- ਕਰੀਬ 3.30 ਵਜੇ ਅੰਜਲੀ ਦੀ ਲਾਸ਼ ਮੌਕੇ ਤੋਂ 13.1 ਕਿਲੋਮੀਟਰ ਦੂਰ ਬਲੇਨੋ ਕਾਰ ਦੇ ਹੇਠਾਂ ਤੋਂ ਯੂ-ਟਰਨ ਨਾਲ ਡਿੱਗਦੀ ਹੈ। ਕੁਝ ਸਮੇਂ ਬਾਅਦ ਕੰਝਾਵਲਾ ਪੁਲਿਸ ਨੂੰ ਸੜਕ ’ਤੇ ਕੁੜੀ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲਦੀ ਹੈ।
- ਸਵੇਰੇ 4.51 ਵਜੇ ਕਾਰ ਸਵਾਰਾਂ ਨੇ ਘਟਨਾ ਵਾਲੀ ਥਾਂ ਤੋਂ ਕਰੀਬ 14.5 ਕਿਲੋਮੀਟਰ ਦੂਰ ਰੋਹਿਣੀ ਦੇ ਸੈਕਟਰ-1 ਦੀ ਪਾਰਕਿੰਗ ਵਿੱਚ ਕਾਰ ਖੜ੍ਹੀ ਕਰ ਦਿੱਤੀ।
- ਸਵੇਰੇ 6:55 ਵਜੇ ਪੁਲਿਸ ਦੀ ਟੀਮ ਪਾਰਕਿੰਗ ਵਿੱਚ ਕਾਰ ਦੇ ਕੋਲ ਪਹੁੰਚਦੀ ਹੈ।
- ਕਰੀਬ ਡੇਢ ਘੰਟੇ ਬਾਅਦ ਐਫਐਸਐਲ ਦੀ ਟੀਮ ਮੌਕੇ ’ਤੇ ਪਹੁੰਚੀ
- ਕਾਰ ’ਚੋਂ ਫੋਰੈਂਸਿਕ ਸਬੂਤ ਇਕੱਠੇ ਕੀਤੇ ਜਾਂਦੇ ਹਨ।
- ਚਸ਼ਮਦੀਦਾਂ ਮੁਤਾਬਕ ਏਥੇ ਦਿੱਲੀ ਪੁਲਿਸ ਦੀ ਟੀਮ ਨੇ ਪੂਰੀ ਜਾਂਚ ਕੀਤੀ।
- ਇਸ ਦੌਰਾਨ ਦਿੱਲੀ ਪੁਲਿਸ ਨੇ ਕਾਰ ਵਿੱਚ ਸਵਾਰ ਸਾਰੇ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ।
- ਇਹਨਾਂ ਨੇ ਇਹ ਕਾਰ ਰੋਹਿਣੀ ਸੈਕਟਰ-1 ਵਿੱਚ ਰਹਿੰਦੇ ਆਪਣੇ ਦੋਸਤ ਤੋਂ ਇਹ ਕਹਿ ਕੇ ਉਧਾਰ ਲਈ ਸੀ ਕਿ ਇੱਕ ਐਮਰਜੈਂਸੀ ਹੈ।
- ਮੈਡੀਕਲ ਬੋਰਡ ਨੇ ਆਪਣੀ ਪੋਸਟਮਾਰਟਮ ਰਿਪੋਰਟ ਵਿੱਚ ਅੰਜਲੀ ਨਾਲ ਬਲਾਤਕਾਰ ਜਾਂ ਜਿਨਸੀ ਹਿੰਸਾ ਦੀ ਪੁਸ਼ਟੀ ਨਹੀਂ ਕੀਤੀ ਹੈ।















