You’re viewing a text-only version of this website that uses less data. View the main version of the website including all images and videos.
'ਫ਼ੌਜੀ ਨੇ ਮੇਰੀ 8 ਸਾਲ ਦੀ ਭਤੀਜੀ ਦੇ ਸਾਹਮਣੇ ਮੇਰਾ ਬਲਾਤਕਾਰ ਕੀਤਾ': ਉਹ ਜੰਗ ਜਿਸਨੇ ਹਜ਼ਾਰਾਂ ਔਰਤਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ
ਚੇਤਾਵਨੀ: ਇਸ ਰਿਪੋਰਟ ਵਿੱਚ ਬਲਾਤਕਾਰ ਅਤੇ ਜਿਨਸੀ ਹਿੰਸਾ ਦੇ ਵੇਰਵੇ ਹਨ। ਨਿੱਜਤਾ ਅਤੇ ਸੁਰੱਖਿਆ ਦੀ ਰੱਖਿਆ ਲਈ ਪੀੜਤਾਂ ਦੇ ਨਾਮ ਬਦਲ ਦਿੱਤੇ ਗਏ ਹਨ।
ਏਨਾਤ ਆਪਣੀ ਅੱਠ ਸਾਲ ਦੀ ਭਤੀਜੀ ਨਾਲ ਘਰ ਸੀ ਜਦੋਂ ਇੱਕ ਐਤਵਾਰ ਅਚਾਨਕ ਸਵੇਰੇ ਕੁਝ ਫ਼ੌਜੀ ਆਏ।
ਇਥੋਪੀਆਈ ਫੌਜ ਇਸ ਸਾਲ 5 ਜਨਵਰੀ ਨੂੰ ਅਮਹਾਰਾ ਇਲਾਕੇ ਵਿੱਚ ਘਰਾਂ ਦੀ ਤਲਾਸ਼ੀ ਲੈ ਰਹੀ ਸੀ। ਇਹ ਛਾਪੇਮਾਰੀ ਫਾਨੋ ਵਜੋਂ ਜਾਣੇ ਜਾਂਦੇ ਸਥਾਨਕ ਮਿਲੀਸ਼ੀਆ ਵੱਲੋਂ ਸ਼ੁਰੂ ਕੀਤੀ ਗਈ ਵਧਦੀ ਬਗਾਵਤ 'ਤੇ ਕਾਰਵਾਈ ਦੇ ਹਿੱਸੇ ਵਜੋਂ ਸੀ।
ਏਨਾਤ ਨੇ ਬੀਬੀਸੀ ਨੂੰ ਦੱਸਿਆ ਕਿ ਤਿੰਨ ਆਦਮੀ, ਫੌਜੀ ਵਰਦੀ ਪਹਿਨੇ ਹੋਏ ਉਨ੍ਹਾਂ ਦੇ ਘਰ ਵਿੱਚ ਦਾਖਲ ਹੋਏ ਅਤੇ ਉਨ੍ਹਾਂ ਦੇ ਪਰਿਵਾਰਕ ਪਿਛੋਕੜ ਬਾਰੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਅਤੇ ਪੁੱਛਣ ਲੱਗੇ ਕਿ ਕੀ ਫੈਨੋ ਲੜਾਕਿਆਂ ਨੇ ਉਸ ਬੀਅਰ ਹਾਲ ਦਾ ਦੌਰਾ ਕੀਤਾ ਸੀ ਜਿੱਥੇ ਉਹ ਕੰਮ ਕਰਦੀ ਸੀ।
21 ਸਾਲਾ ਏਨਾਤ ਨੇ ਹਾਂ ਵਿੱਚ ਜਵਾਬ ਦਿੱਤਾ।
ਉਹ ਕਹਿੰਦੀ ਹੈ, "ਮੈਂ ਝੂਠ ਕਿਵੇਂ ਬੋਲ ਸਕਦੀ ਹਾਂ? ਅਸੀਂ ਸੱਚ ਕਿਵੇਂ ਲੁਕਾ ਸਕਦੇ ਹਾਂ?"
ਫਾਨੋ ਬਾਗ਼ੀ ਜ਼ਿਆਦਾਤਰ ਸਥਾਨਕ ਵਾਸੀ ਸਨ। ਸਥਾਨਕ ਭਾਸ਼ਾ ਵਿੱਚ, ਇਸਦਾ ਅਰਥ ਹੈ 'ਸਵੈ-ਸੇਵਕ ਯੋਧੇ'।
ਪਰ ਏਨਾਤ ਦੇ ਜਵਾਬ ਤੋਂ ਬਾਅਦ, ਸਭ ਕੁਝ ਬਦਲ ਗਿਆ।
ਏਨਾਤ ਕਹਿੰਦੀ ਹੈ ਕਿ ਫੌਜੀਆਂ ਨੇ ਪਹਿਲਾਂ ਉਸਦੀ ਬੇਇੱਜਤੀ ਕੀਤੀ ਅਤੇ ਜਦੋਂ ਉਸਦੀ ਛੋਟੀ ਭਤੀਜੀ ਰੋਣ ਲੱਗੀ, ਤਾਂ ਉਨ੍ਹਾਂ ਨੇ ਉਸਨੂੰ ਬੰਦੂਕ ਨਾਲ ਧਮਕੀ ਦਿੱਤੀ।
ਏਨਾਤ ਮੁਤਾਬਕ ਇੱਕ ਫੌਜੀ ਨੇ ਉਸਦੀ ਭਤੀਜੀ ਦੇ ਸਾਹਮਣੇ ਉਸਦਾ ਬਲਾਤਕਾਰ ਕੀਤਾ ਜਦੋਂਕਿ ਦੂਜੇ ਸਿਪਾਹੀ ਬਾਹਰ ਪਹਿਰਾ ਦੇ ਰਹੇ ਸਨ।
ਉਹ ਕਹਿੰਦੀ ਹੈ, "ਮੈਂ ਉਨ੍ਹਾਂ ਅੱਗੇ ਬੇਨਤੀ ਕੀਤੀ ਕਿ ਉਹ ਮੈਨੂੰ ਨੁਕਸਾਨ ਨਾ ਪਹੁੰਚਾਉਣ। ਮੈਂ ਉਨ੍ਹਾਂ ਅੱਗੇ ਬੇਨਤੀ ਕੀਤੀ। ਪਰ ਉਨ੍ਹਾਂ ਦੇ ਦਿਲਾਂ ਨੂੰ ਮੇਰੇ 'ਤੇ ਤਰਸ ਨਹੀਂ ਆਇਆ। ਉਨ੍ਹਾਂ ਨੇ ਮੇਰੀ ਬੇਇੱਜਤੀ ਕੀਤੀ।"
ਬਲਾਤਕਾਰ ਦੀਆਂ ਹਜ਼ਾਰਾਂ ਰਿਪੋਰਟਾਂ
ਏਨਾਤ, ਜੋ ਕਿ ਇਥੋਪੀਆ ਦੇ ਦੂਜੇ ਸਭ ਤੋਂ ਵੱਡੇ ਅਮਹਾਰਾ ਨਸਲੀ ਸਮੂਹ ਤੋਂ ਹੈ, ਉਨ੍ਹਾਂ ਹਜ਼ਾਰਾਂ ਔਰਤਾਂ ਵਿੱਚੋਂ ਇੱਕ ਹੈ ਜਿਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਅਗਸਤ 2023 ਵਿੱਚ ਇਥੋਪੀਆਈ ਫੌਜ ਅਤੇ ਫਾਨੋ ਵਿਚਕਾਰ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਜਿਨਸੀ ਸ਼ੋਸ਼ਣ ਅਤੇ ਬਲਾਤਕਾਰ ਦਾ ਸ਼ਿਕਾਰ ਹੋਈਆਂ ਸਨ।
ਇਸ ਖੇਤਰ ਵਿੱਚ ਜਿਨਸੀ ਹਿੰਸਾ ਦਾ ਜ਼ਿਆਦਾਤਰ ਦਸਤਾਵੇਜ਼ੀਕਰਨ ਨਹੀਂ ਕੀਤਾ ਗਿਆ ਹੈ, ਪਰ ਬੀਬੀਸੀ ਨੇ ਜੋ ਅੰਕੜੇ ਇਕੱਠੇ ਕੀਤੇ ਹਨ, ਉਹ ਦਰਸਾਉਂਦੇ ਹਨ ਕਿ ਜੁਲਾਈ 2023 ਅਤੇ ਮਈ 2025 ਦੇ ਵਿਚਕਾਰ ਬਲਾਤਕਾਰ ਦੀਆਂ ਹਜ਼ਾਰਾਂ ਰਿਪੋਰਟਾਂ ਆਈਆਂ ਹਨ, ਜਿਨ੍ਹਾਂ ਦੀਆਂ ਪੀੜਤ ਅੱਠ ਸਾਲ ਦੀ ਉਮਰ ਤੋਂ ਲੈ ਕੇ 65 ਸਾਲ ਦੀ ਉਮਰ ਦੀਆਂ ਹਨ।
ਪਾਬੰਦੀਆਂ ਕਾਰਨ ਸੁਤੰਤਰ ਮੀਡੀਆ ਨੂੰ ਟਕਰਾਅ ਕਵਰ ਕਰਨ ਲਈ ਅਮਹਾਰਾ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ ਸੀ ਪਰ ਗੁਆਂਢੀ ਮੁਲਕ ਕੀਨੀਆ ਦੇ ਨੈਰੋਬੀ ਵਿੱਚ ਬੀਬੀਸੀ ਟੀਮ ਨੇ ਇਸ ਖੇਤਰ ਦੀਆਂ ਔਰਤਾਂ ਅਤੇ ਡਾਕਟਰਾਂ ਨਾਲ ਗੱਲ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ, ਜਿਸ ਨਾਲ ਸੰਕਟ ਦੇ ਮਨੁੱਖੀ ਪ੍ਰਭਾਵ ਬਾਰੇ ਇੱਕ ਲੋੜੀਂਦੀ ਅਤੇ ਅਹਿਮ ਸਮਝ ਬਣ ਸਕੀ।
ਇਹ ਟਕਰਾਅ ਉਦੋਂ ਸ਼ੁਰੂ ਹੋਇਆ ਜਦੋਂ ਸਰਕਾਰ ਨੇ ਖੇਤਰੀ ਲੜਾਕੂ ਸਮੂਹਾਂ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਵਿੱਚ ਅਮਹਾਰਾ ਦੇ ਸਮੂਹ ਵੀ ਸ਼ਾਮਲ ਸਨ, ਜਿਨ੍ਹਾਂ ਨੇ 2020-2022 ਦੇ ਘਰੇਲੂ ਯੁੱਧ ਦੌਰਾਨ ਫੌਜ ਨਾਲ ਲੜਾਈ ਲੜੀ ਸੀ।
ਫੈਨੋ ਲੜਾਕੂ ਸਰਕਾਰ ਦੇ ਹਾਲੀਆ ਕਦਮ ਕਾਰਨ ਬੇਚੈਨ ਸਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਉਨ੍ਹਾਂ ਨੂੰ ਨਿਹੱਥੇ ਕਰ ਦਿੱਤਾ ਜਾਂਦਾ ਹੈ, ਤਾਂ ਉਨ੍ਹਾਂ ਕੋਲ ਆਪਣਾ ਬਚਾਅ ਕਰਨ ਦਾ ਕੋਈ ਮੌਕਾ ਨਹੀਂ ਰਹੇਗਾ। ਇਹ ਧਿਆਨ ਦੇਣ ਯੋਗ ਹੈ ਕਿ ਮਨੁੱਖੀ ਅਧਿਕਾਰ ਸੰਗਠਨਾਂ ਮੁਤਾਬਕ, ਅਮਹਾਰਾ ਭਾਈਚਾਰੇ ਵਿਰੁੱਧ ਹਿੰਸਕ ਘਟਨਾਵਾਂ ਵਿੱਚ ਵਾਧਾ ਹੋਇਆ।
ਪਰ ਸਰਕਾਰੀ ਕਾਰਵਾਈਆਂ ਦੇ ਜਵਾਬ ਵਿੱਚ ਫਾਨੋ ਸਮੂਹ ਨੇ ਬਗਾਵਤ ਕਰ ਦਿੱਤੀ ਅਤੇ ਮੁੱਖ ਕਸਬਿਆਂ 'ਤੇ ਕਬਜ਼ਾ ਕਰ ਲਿਆ। ਉਨ੍ਹਾਂ ਦਾ ਦਾਅਵਾ ਹੈ ਕਿ ਉਹ ਖੇਤਰੀ ਖੁਦਮੁਖਤਿਆਰੀ ਲਈ ਲੜ ਰਹੇ ਹਨ ਅਤੇ ਆਪਣੇ ਭਾਈਚਾਰੇ ਦੀ ਰੱਖਿਆ ਕਰ ਰਹੇ ਹਨ।
ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲੇ
ਇਸ ਬਗ਼ਾਵਤ ਦੇ ਨਤੀਜੇ ਵਜੋਂ ਫੌਜ ਨੇ ਹਿੰਸਕ ਕਾਰਵਾਈ ਕੀਤੀ ਹੈ।
ਜਦੋਂ ਤੋਂ ਇਹ ਟਕਰਾਅ ਸ਼ੁਰੂ ਹੋਇਆ ਹੈ, ਦੋਵਾਂ ਧਿਰਾਂ 'ਤੇ ਕਈ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਇਲਜ਼ਾਮ ਲਗਾਏ ਗਏ ਹਨ, ਜਿਸ ਵਿੱਚ ਗੈਰ-ਨਿਆਇਕ ਕਤਲ, ਮਨਮਾਨੀ ਹਿਰਾਸਤ, ਜ਼ਬਰਦਸਤੀ ਉਜਾੜਾ, ਜਾਇਦਾਦ ਦੀ ਤਬਾਹੀ, ਲੁੱਟ-ਖਸੁੱਟ ਅਤੇ ਬਲਾਤਕਾਰ ਸਣੇ ਜਿਨਸੀ ਹਿੰਸਾ ਦੇ ਵਿਆਪਕ ਮਾਮਲੇ ਸ਼ਾਮਲ ਹਨ।
ਐਮਨੈਸਟੀ ਇੰਟਰਨੈਸ਼ਨਲ ਸਣੇ ਅਧਿਕਾਰ ਸਮੂਹਾਂ ਦਾ ਕਹਿਣਾ ਹੈ ਕਿ ਇਸ ਗੱਲ ਦੇ ਸਬੂਤ ਹਨ ਕਿ ਫੌਜ ਦੁਰਵਿਵਹਾਰ ਲਈ ਬਹੁਤ ਜ਼ਿਆਦਾ ਜ਼ਿੰਮੇਵਾਰ ਹੈ।
ਉਹ ਇਹ ਵੀ ਕਹਿੰਦੇ ਹਨ ਕਿ ਇਥੋਪੀਆ ਦੇ ਹੋਰ ਹਿੱਸਿਆਂ ਵਿੱਚ ਅਮਹਾਰਾ ਲੋਕਾਂ ਨੂੰ ਸੁਰੱਖਿਆ ਬਲਾਂ ਅਤੇ ਹੋਰ ਹਥਿਆਰਬੰਦ ਸਮੂਹਾਂ ਨੇ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਹੈ।
ਏਨਤ ਕਹਿੰਦੀ ਹੈ ਕਿ ਹਮਲਾ ਹੋਣ ਤੋਂ ਪਹਿਲਾਂ ਉਸ ਨੇ ਕਦੇ ਸੈਕਸ ਨਹੀਂ ਕੀਤਾ ਸੀ ਅਤੇ ਉਹ ਚਾਹੁੰਦੀ ਸੀ ਕਿ ਇੱਕ ਦਿਨ ਉਸਦੇ ਪਰਿਵਾਰ ਦੀਆਂ ਬਾਕੀ ਔਰਤਾਂ ਵਾਂਗ ਧਾਰਮਿਕ ਮਾਨਤਾਵਾਂ ਦੇ ਮੁਤਾਬਕ ਇੱਕ ਆਰਥੋਡਾਕਸ ਚਰਚ ਵਿੱਚ ਵਿਆਹ ਹੋਵੇ। ਇੱਥੋਂ ਦੇ ਲੋਕ ਆਪਣੀਆਂ ਈਸਾਈ ਮਾਨਤਾਵਾਂ ਤਹਿਤ ਮੰਨਦੇ ਹਨ ਕਿ ਵਿਆਹ ਤੋਂ ਪਹਿਲਾਂ ਸੈਕਸ ਨਹੀਂ ਕਰਨਾ ਚਾਹੀਦਾ।
ਉਹ ਕਹਿੰਦੀ ਹੈ, "ਉਸ ਦਿਨ ਤੋਂ ਪਹਿਲਾਂ, ਮੈਂ ਕਦੇ ਕਿਸੇ ਆਦਮੀ ਨੂੰ ਨਹੀਂ ਜਾਣਦੀ ਸੀ।"
"ਇਹ ਚੰਗਾ ਹੁੰਦਾ ਜੇਕਰ ਉਹ ਮੈਨੂੰ ਮਾਰ ਦਿੰਦੇ।"
'ਮੇਰੇ ਪਰਿਵਾਰ ਨੇ ਮੈਨੂੰ ਬੇਹੋਸ਼ ਪਾਇਆ'
18 ਸਾਲਾ ਟਾਈਗਿਸਟ ਪੱਛਮੀ ਗੋਜਾਮ ਦੀ ਰਹਿਣ ਵਾਲੀ, ਜੋ ਕਿ ਅਮਹਾਰਾ ਇਲਾਕੇ ਵਿੱਚ ਵੀ ਹੈ, ਹਮਲਾ ਹੋਣ ਤੋਂ ਪਹਿਲਾਂ ਆਪਣੇ ਪਰਿਵਾਰ ਦੇ ਛੋਟੇ ਜਿਹੇ ਰਵਾਇਤੀ ਚਾਹ ਬਣਾਉਣ ਦੇ ਕਾਰੋਬਰ ਦਾ ਕੰਮ ਕਰਦੀ ਸੀ।
ਉਹ ਦੱਸਦੀ ਹੈ ਕਿ ਕਿਵੇਂ, ਜਨਵਰੀ 2024 ਵਿੱਚ ਇੱਕ ਫੌਜੀ ਜੋ ਉਸਦਾ ਨਿਯਮਤ ਗਾਹਕ ਸੀ, ਨੇ ਉਸਨੂੰ ਛੂਹਣ ਦੀ ਕੋਸ਼ਿਸ਼ ਕੀਤੀ ਅਤੇ ਟਾਈਗਿਸਟ ਨੇ ਉਸ ਨੂੰ ਦੂਰ ਧੱਕ ਦਿੱਤਾ।
ਉਸਦਾ ਮੰਨਣਾ ਹੈ ਕਿ ਇਸੇ ਲਈ ਉਸਨੂੰ ਬਾਅਦ ਵਿੱਚ ਨਿਸ਼ਾਨਾ ਬਣਾਇਆ ਗਿਆ
ਉਹ ਦੱਸਦੀ ਹੈ ਕਿ ਉਸ ਸ਼ਾਮ ਨੂੰ ਬਾਅਦ ਵਿੱਚ, ਜਦੋਂ ਉਹ ਕੰਮ ਤੋਂ ਘਰ ਵਾਪਸ ਆ ਰਹੀ ਸੀ, ਤਾਂ ਤਿੰਨ ਫੌਜੀਆਂ ਜਿਨ੍ਹਾਂ ਵਿੱਚ ਉਹ ਆਦਮੀ ਵੀ ਸ਼ਾਮਲ ਸੀ ਜਿਸਨੇ ਉਸਨੂੰ ਛੂਹਿਆ ਸੀ, ਉਸ ਨੇ ਉਸਨੂੰ ਗਲੀ ਵਿੱਚ ਘਾਤ ਲਗਾ ਕੇ ਘੇਰ ਲਿਆ ਅਤੇ ਫੁੱਟਪਾਥ 'ਤੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ।
ਉਹ ਯਾਦ ਕਰਦੀ ਹੈ, "ਮੇਰੇ ਪਰਿਵਾਰ ਨੇ ਮੈਨੂੰ ਸੜਕ ਕਿਨਾਰੇ ਬੇਹੋਸ਼ ਪਾਇਆ।"
"ਉਹ ਮੈਨੂੰ ਕਲੀਨਿਕ ਲੈ ਗਏ, ਜਿੱਥੇ ਮੈਂ ਪੰਜ ਦਿਨ ਦਾਖਲ ਰਹੀ।"
ਟਾਈਗਿਸਟ ਕਹਿੰਦੀ ਹੈ ਕਿ ਹਮਲੇ ਤੋਂ ਬਾਅਦ ਉਹ ਆਪਣੇ ਘਰ ਤੋਂ ਬਾਹਰ ਨਹੀਂ ਨਿਕਲ ਸਕਦੀ, ਮਰਦਾਂ ਅਤੇ ਬਾਹਰੀ ਦੁਨੀਆਂ ਦੇ ਡਰ ਕਾਰਨ ਪਰੇਸ਼ਾਨ ਰਹਿੰਦੀ ਹੈ।
"ਮੇਰਾ ਡਰ ਮੈਨੂੰ ਕੰਮ 'ਤੇ ਜਾਣ ਤੋਂ ਰੋਕਦਾ ਹੈ। ਜਦੋਂ ਵੀ ਮੈਂ ਫੌਜੀਆਂ ਜਾਂ ਕਿਸੇ ਆਦਮੀ ਨੂੰ ਦੇਖਦੀ ਹਾਂ ਤਾਂ ਮੈਂ ਘਬਰਾ ਜਾਂਦੀ ਹਾਂ ਅਤੇ ਆਪਣੇ ਆਪ ਨੂੰ ਲੁਕਾ ਲੈਂਦੀ ਹਾਂ।"
ਉਹ ਆਪਣੀ ਜ਼ਿੰਦਗੀ ਤੋਂ ਪਿੱਛੇ ਹਟ ਗਈ ਅਤੇ ਉਸ ਨੇ ਆਪਣੀ ਮੰਗਣੀ ਤੋੜ ਦਿੱਤੀ।
ਉਹ ਕਹਿੰਦੀ ਹੈ ਕਿ ਉਸਨੇ ਕਦੇ ਵੀ ਆਪਣੇ ਮੰਗੇਤਰ ਨੂੰ ਨਹੀਂ ਦੱਸਿਆ ਕਿ ਕਿਉਂ ਜਾਂ ਕੀ ਹੋਇਆ।
ਨਿਰਾਸ਼ਾ ਨਾਲ ਘਿਰੀ ਹੋਈ ਟਾਈਗਿਸਟ ਨੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ, ਪਰ ਉਸਦੇ ਪਰਿਵਾਰ ਨੇ ਸਮੇਂ ਸਿਰ ਦਖ਼ਲ ਦੇ ਕੇ ਉਸਨੂੰ ਬਚਾਇਆ।
ਉਹ ਕਹਿੰਦੀ ਹੈ ਕਿ ਹਾਲਾਂਕਿ ਉਸ ਨੇ ਉਦੋਂ ਤਾਂ ਖੁਦਕੁਸ਼ੀ ਬਾਰੇ ਸੋਚਿਆ ਹੈ, ਪਰ ਉਸਨੇ ਆਪਣੇ ਪਰਿਵਾਰ ਨਾਲ ਵਾਅਦਾ ਕੀਤਾ ਹੈ ਕਿ ਉਹ ਦੁਬਾਰਾ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਨਹੀਂ ਕਰੇਗੀ।
'ਔਰਤ ਬਣ ਕੇ ਪੈਦਾ ਹੋਣਾ ਇੱਕ ਘਟੀਆ ਗੱਲ ਹੈ'
ਬੀਬੀਸੀ ਨੇ ਅਮਹਾਰਾ ਵਿੱਚ 43 ਸਿਹਤ ਕੇਂਦਰਾਂ ਜੋ ਕਿ ਇਲਾਕੇ ਦੇ ਸਾਰੇ ਸਿਹਤ ਕੇਂਦਰਾਂ ਦਾ ਤਕਰੀਬਨ 4 ਫ਼ੀਸਦ ਬਣਦਾ ਹੈ ਅਤੇ ਹੋਰ ਡਾਕਟਰੀ ਸਰੋਤਾਂ ਤੋਂ ਡਾਟਾ ਇਕੱਠਾ ਕੀਤਾ, ਤਾਂ ਜੋ ਕੀ ਹੋ ਰਿਹਾ ਹੈ ਦਾ ਇੱਕ ਖਾਕਾ ਤਿਆਰ ਕੀਤਾ ਜਾ ਸਕੇ।
ਇਨ੍ਹਾਂ ਕੇਂਦਰਾਂ 'ਤੇ 18 ਜੁਲਾਈ 2023 ਅਤੇ ਮਈ 2025 ਦੇ ਵਿਚਕਾਰ ਬਲਾਤਕਾਰ ਦੀਆਂ 2,697 ਰਿਪੋਰਟਾਂ ਆਈਆਂ। 45 ਫ਼ੀਸਦ ਮਾਮਲਿਆਂ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨਿਸ਼ਾਨਾ ਬਣਾਏ ਗਏ ਸਨ।
ਪੀੜਤਾਂ ਵਿੱਚੋਂ ਅੱਧੇ ਤੋਂ ਵੱਧ ਜਿਨਸੀ ਤੌਰ 'ਤੇ ਸੰਚਾਰਿਤ ਲਾਗਾਂ ਲਈ ਸਕਾਰਾਤਮਕ ਪਾਏ ਗਏ, ਜਦੋਂ ਕਿ ਬਹੁਤ ਸਾਰੀਆਂ ਬੱਚੀਆਂ ਗਰਭਵਤੀ ਵੀ ਸਨ ਅਤੇ ਗੰਭੀਰ ਮਾਨਸਿਕ ਸਦਮੇ ਦਾ ਸਾਹਮਣਾ ਕਰ ਰਹੀਆਂ ਸਨ।
ਬਹੁਤ ਸਾਰੀਆਂ ਔਰਤਾਂ ਨਾ ਤਾਂ ਅਪਰਾਧ ਦੀ ਰਿਪੋਰਟ ਕਰਦੀਆਂ ਹਨ ਅਤੇ ਨਾ ਹੀ ਇਲਾਜ ਕਰਵਾਉਂਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਸਮਾਜ ਵਿੱਚ ਕਲੰਕ ਦਾ ਡਰ ਹੁੰਦਾ ਹੈ ਅਤੇ ਉਹ ਡਰਦੀਆਂ ਹਨ ਕਿ ਉਹ ਗਰਭਵਤੀ ਹੋ ਗਈਆਂ ਹਨ ਜਾਂ ਕਿਸੇ ਜਿਨਸੀ ਬਿਮਾਰੀ ਦਾ ਸ਼ਿਕਾਰ ਹੋ ਗਈਆਂ ਹਨ।
ਇੱਕ ਡਾਕਟਰੀ ਮਾਹਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੀਬੀਸੀ ਨਾਲ ਗੱਲ ਕੀਤੀ। ਉਸ ਮੁਤਾਬਕ, ਇਸੇ ਲਈ ਮੈਡੀਕਲ ਸੈਂਟਰਾਂ ਵਿੱਚ ਆਉਣ ਵਾਲੀਆਂ ਪ੍ਰਭਾਵਿਤ ਔਰਤਾਂ ਦੀ ਗਿਣਤੀ ਅਪਰਾਧ ਦਰ ਨੂੰ ਪੂਰੀ ਤਰ੍ਹਾਂ ਨਹੀਂ ਦਰਸਾਉਂਦੀ।
ਲੈਮਲਿਮ ਉਨ੍ਹਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਕਦੇ ਵੀ ਆਪਣੇ ਬਲਾਤਕਾਰ ਦੀ ਰਿਪੋਰਟ ਨਹੀਂ ਕੀਤੀ ਜਾਂ ਡਾਕਟਰੀ ਇਲਾਜ ਨਹੀਂ ਕਰਵਾਇਆ, ਇਹ ਜਾਣ ਕੇ ਡਰੀ ਹੋਈ ਹੈ ਕਿ ਉਸਨੂੰ ਐੱਚਆਈਵੀ ਵਰਗਾ ਜਿਨਸੀ ਤੌਰ 'ਤੇ ਸੰਚਾਰਿਤ ਇਨਫੈਕਸ਼ਨ ਹੋ ਸਕਦਾ ਹੈ।
ਦੱਖਣੀ ਗੋਂਡਰ ਦੀ ਰਹਿਣ ਵਾਲੀ 23 ਸਾਲਾ ਲੈਮਲਿਮ ਕਹਿੰਦੀ ਹੈ ਕਿ ਸਰਕਾਰੀ ਫੌਜੀ 6 ਜਨਵਰੀ ਨੂੰ ਜਾਣਕਾਰੀ ਮੰਗਣ ਲਈ ਉਸਦੇ ਘਰ ਵਿੱਚ ਦਾਖਲ ਹੋਏ, ਜੋ ਕਿ ਇੱਕ ਆਮ ਫੌਜੀ ਅਭਿਆਸ ਸੀ।
ਉਹ ਕਹਿੰਦੀ ਹੈ ਕਿ ਜਦੋਂ ਉਸਨੇ ਉਨ੍ਹਾਂ ਨੂੰ ਉਹ ਨਹੀਂ ਦਿੱਤਾ ਜੋ ਉਹ ਚਾਹੁੰਦੇ ਸਨ, ਤਾਂ ਇੱਕ ਫੌਜੀ ਨੇ ਉਸ ਨਾਲ ਬਲਾਤਕਾਰ ਕੀਤਾ।
ਲੇਮਲੇਮ ਕਹਿੰਦੀ ਹੈ, "ਉਸਨੇ ਮੈਨੂੰ ਧਮਕੀ ਦਿੱਤੀ, ਕਿਹਾ, 'ਜੇ ਤੂੰ ਚੀਕਾਂ ਮਾਰੀਆਂ, ਤਾਂ ਤੇਰੇ ਲਈ ਇੱਕ ਗੋਲੀ ਕਾਫ਼ੀ।' "
"ਮੈਂ ਪੂਰਾ ਮਹੀਨਾ ਲਗਾਤਾਰ ਰੋਂਦੀ ਰਹੀ। ਮੈਂ ਖਾ ਨਹੀਂ ਸਕੀ। ਮੈਂ ਸਿਰਫ਼ ਰੋਈ। ਮੈਂ ਤੁਰ ਵੀ ਨਹੀਂ ਪਾ ਰਹੀ ਸੀ ਅਤੇ ਮੈਂ ਬੁਰੀ ਤਰ੍ਹਾਂ ਬਿਮਾਰ ਹੋ ਗਈ।"
ਉਹ ਕਹਿੰਦੀ ਹੈ ਕਿ ਹਮਲੇ ਨੇ ਉਸਨੂੰ ਚਰਚ ਤੋਂ ਦੂਰ ਕਰ ਦਿੱਤਾ ਹੈ, ਉਸ ਨੂੰ ਲੱਗਣ ਲੱਗਿਆ ਕਿ ਲੋਕ ਉਸ ਦੀਆਂ ਗੱਲਾਂ ਬਣਾਉਂਦੇ ਹੋਣਗੇ।
ਲੇਮਲੇਮ ਇਹ ਦੱਸਦੇ ਹਨ ਕਿ ਹਮਲੇ ਦੇ ਸਦਮੇ ਨੇ ਉਸਨੂੰ ਔਰਤ ਹੋਣ ਬਾਰੇ ਕਿਵੇਂ ਮਹਿਸੂਸ ਕਰਵਾਇਆ ਹੈ।
ਉਨ੍ਹਾਂ ਕਿਹਾ,"ਔਰਤ ਦੇ ਰੂਪ ਵਿੱਚ ਪੈਦਾ ਹੋਣਾ ਘਿਣਾਉਣਾ ਹੈ। ਜੇ ਮੈਂ ਮਰਦ ਹੁੰਦੀ, ਤਾਂ ਉਹ ਮੈਨੂੰ ਕੁੱਟ ਕੇ ਚਲੇ ਜਾਂਦੇ, ਉਹ ਮੇਰੀ ਜ਼ਿੰਦਗੀ ਨੂੰ ਇਸ ਤਰ੍ਹਾਂ ਤਬਾਹ ਨਾ ਕਰਦੇ।"
ਜਿਨਸੀ ਹਿੰਸਾ ਅਤੇ ਐੱਚਆਈਵੀ ਦੇ ਕੇਸ
ਬੀਬੀਸੀ ਨਾਲ ਗੱਲ ਕਰਨ ਵਾਲੇ ਡਾਕਟਰਾਂ ਨੇ ਕਿਹਾ ਕਿ ਟਕਰਾਅ ਸ਼ੁਰੂ ਹੋਣ ਤੋਂ ਬਾਅਦ ਜਿਨਸੀ ਹਿੰਸਾ ਵਧੀ ਹੈ।
ਇੱਕ ਡਾਕਟਰ ਕਿਹਾ, "ਉਹ ਕੰਬਦੇ ਹੋਏ ਆਉਂਦੇ ਹਨ, ਇੰਨੇ ਡਰੇ ਹੋਏ ਹਨ ਕਿ ਬੋਲਣ ਤੋਂ ਵੀ ਨਹੀਂ ਡਰਦੇ,"
ਫਿਰ ਵੀ ਜੋ ਲੋਕ ਅੱਗੇ ਆਉਂਦੇ ਹਨ ਉਹ ਆਪਣੇ ਹਮਲਾਵਰਾਂ ਦੇ ਨਾਮ ਲੈਣ ਤੋਂ ਝਿਜਕਦੇ ਹਨ ਅਤੇ ਬਹੁਤ ਘੱਟ ਹੀ ਇਨਸਾਫ਼ ਦੀ ਮੰਗ ਕਰਦੇ ਹਨ, ਕਿਉਂਕਿ ਇਸ ਟਕਰਾਅ ਕਾਰਨ ਕਾਨੂੰਨ ਵਿਵਸਥਾ ਵਿਗੜ ਗਈ ਹੈ। ਪਰ ਜ਼ਿਆਦਾਤਰ ਪੀੜਤ ਜੋ ਡਾਕਟਰੀ ਸਹਾਇਤਾ ਲੈਂਣ ਲਈ ਸਾਹਮਣੇ ਆਉਂਦੀਆਂ ਹਨ ਉਹ ਗਰਭ ਅਵਸਥਾ ਦੇ ਡਰ ਤੋਂ ਬਾਹਰ ਆਉਂਦੀਆਂ ਹਨ।
ਦੂਸਰੇ ਹਮਲਾ ਹੋਣ ਤੋਂ ਬਹੁਤ ਦੇਰ ਬਾਅਦ ਇਲਾਜ ਦੀ ਮੰਗ ਕਰਦੇ ਹਨ, ਜਿਸ ਸਮੇਂ ਤੱਕ ਉਹਨਾਂ ਨੂੰ ਹੋਏ STIs, ਜਿਵੇਂ ਕਿ HIV, ਲਈ ਕੁਝ ਦਵਾਈਆਂ ਹੁਣ ਪ੍ਰਭਾਵਸ਼ਾਲੀ ਨਹੀਂ ਰਹਿੰਦੀਆਂ।
ਇਲਾਜ ਦੀ ਮੰਗ ਕਰਨ ਵਾਲੇ ਹੋਰ ਲੋਕ ਉਹ ਹਨ ਜੋ ਹਾਦਸੇ ਤੋਂ ਬਹੁਤ ਬਾਅਦ ਮੈਡੀਕਲ ਸੈਂਟਰ ਆਉਂਦੇ ਹਨ ਅਤੇ ਉਹ ਜੋ ਜਿਨਸੀ ਤੌਰ 'ਤੇ ਸੰਚਾਰਿਤ ਲਾਗਾਂ ਅਤੇ ਐੱਚਆਈਵੀ ਦੇ ਇਲਾਜ ਲਈ ਕਲੀਨਿਕ ਆਉਂਦੇ ਹਨ ਪਰ ਉਦੋਂ ਤੱਕ ਦੇਰ ਹੋ ਚੁੱਕੀ ਹੁੰਦੀ ਹੈ ਅਤੇ ਦਵਾਈ ਬਹੁਤ ਪ੍ਰਭਾਵਸ਼ਾਲੀ ਨਹੀਂ ਰਹਿੰਦੀ ਹੈ।
ਐੱਚਆਈਵੀ ਵਰਗੇ ਇਨਫੈਕਸ਼ਨਾਂ ਨੂੰ ਲਾਗ਼ ਪ੍ਰਭਾਵਿਤ ਵਿਅਕਤੀ ਤੋਂ ਸੰਚਾਰਿਤ ਹੋਣ ਤੋਂ ਤੁਰੰਤ ਬਾਅਦ ਪੋਸਟ-ਐਕਸਪੋਜ਼ਰ ਪ੍ਰੋਫਾਈਲੈਕਸਿਸ ਦੁਆਰਾ ਰੋਕਿਆ ਜਾ ਸਕਦਾ ਹੈ।
ਇੱਕ ਹੋਰ ਡਾਕਟਰ ਮੁਤਾਬਕ ਬਹੁਤ ਸਾਰੇ ਪੀੜਤਾਂ ਦਾ ਕਹਿਣਾ ਹੈ ਕਿ ਟਕਰਾਅ ਕਾਰਨ ਆਵਾਜਾਈ ਵਿੱਚ ਵਿਘਨ ਅਤੇ ਸੜਕਾਂ 'ਤੇ ਰੁਕਾਵਟਾਂ ਦੇ ਕਾਰਨ ਉਹ ਤੁਰੰਤ ਇਲਾਜ ਤੱਕ ਪਹੁੰਚ ਕਰਨ ਵਿੱਚ ਅਸਮਰੱਥ ਹਨ।
ਇੱਕ ਸੀਨੀਅਰ ਡਾਕਟਰ ਨੇ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਜਨਤਕ ਸਿਹਤ ਅਤੇ ਸਮਾਜਿਕ ਸੰਕਟ ਮੰਡਰਾ ਰਿਹਾ ਹੈ।
ਸਿਹਤ ਕੇਂਦਰਾਂ ਵੱਲੋਂ ਇਕੱਠੀ ਕੀਤੀ ਗਈ ਜਾਣਕਾਰੀ ਦੇ ਆਧਾਰ 'ਤੇ ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਸੰਕੇਤ ਮਿਲ ਰਹੇ ਹਨ ਕਿ ਐੱਚਆਈਵੀ ਦੀ ਲਾਗ਼ ਵਧ ਸਕਦੀ ਹੈ ਅਤੇ ਮਾਨਸਿਕ ਸਿਹਤ ਅਤੇ ਮਨੋਵਿਗਿਆਨਕ ਸਮੱਸਿਆਵਾਂ ਵਿਨਾਸ਼ਕਾਰੀ ਪੱਧਰ ਤੱਕ ਪਹੁੰਚ ਸਕਦੀਆਂ ਹਨ।"
ਉਨ੍ਹਾਂ ਕਿਹਾ ਕਿ ਧਿਆਨ ਵਿੱਚ ਆਇਆ ਹੈ ਕਿ ਕੁਝ ਪੀੜਤਾਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ।
2022 ਵਿੱਚ ਇਥੋਪੀਆ ਦੇ ਸਿਹਤ ਮੰਤਰਾਲੇ ਦੇ ਅੰਕੜਿਆਂ ਤੋਂ ਪਤਾ ਲੱਗਿਆ ਕਿ ਇਸ ਖੇਤਰ ਵਿੱਚ ਐੱਚਆਈਵੀ ਦੀ ਦਰ ਪ੍ਰਤੀ 100 ਲੋਕਾਂ ਵਿੱਚ ਤਕਰੀਬਨ 1.1 ਸੀ ਜੋ ਕਿ ਰਾਸ਼ਟਰੀ ਔਸਤ ਤੋਂ ਵੱਧ ਹੈ।
ਜਦੋਂ ਕਿ ਟਕਰਾਅ ਦੌਰਾਨ ਦੋਵਾਂ ਧਿਰਾਂ ਵੱਲੋਂ ਹਮਲੇ ਕੀਤੇ ਗਏ ਹਨ ਮੈਡੀਕਲ ਸਟਾਫ਼ ਨੇ ਰਿਪੋਰਟ ਦਿੱਤੀ ਹੈ ਕਿ ਇਥੋਪੀਆਈ ਫ਼ੌਜ ਦੇ ਕਰਮਚਾਰੀਆਂ ਨੂੰ ਫਾਨੋ ਮਿਲੀਸ਼ੀਆ ਨਾਲੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।
ਇੱਕ ਸਰਕਾਰੀ ਕਰਮਚਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਗੱਲ ਕਰਦਿਆਂ ਪੁਸ਼ਟੀ ਕੀਤੀ ਕਿ ਇਹ ਸਥਿਤੀ ਅਜਿਹੀ ਹੀ ਸੀ।
ਬਲਾਤਕਾਰ ਦੀਆਂ ਜ਼ਿਆਦਾਤਰ ਘਟਨਾਵਾਂ ਸ਼ਹਿਰੀ ਖੇਤਰਾਂ ਵਿੱਚ ਰਿਪੋਰਟ ਕੀਤੀਆਂ ਗਈਆਂ ਹਨ ਜਿੱਥੇ ਫੌਜ ਦੇ ਅੱਡੇ ਹਨ ਅਤੇ ਕੰਟਰੋਲ ਹੈ।
ਹਾਲਾਂਕਿ ਮਾਹਰ ਦੱਸਦੇ ਹਨ ਕਿ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕਾਂ ਕੋਲ ਇਲਾਜ ਤੱਕ ਬਿਹਤਰ ਪਹੁੰਚ ਹੈ ਇਸ ਲਈ ਉਨ੍ਹਾਂ ਨੂੰ ਮਦਦ ਮਿਲਣ ਅਤੇ ਹਮਲਿਆਂ ਦੀ ਰਿਪੋਰਟ ਕਰਨ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਬੀਬੀਸੀ ਫੈਨੋ ਲੜਾਕਿਆਂ ਦੇ ਹਮਲਿਆਂ ਦੇ ਕਿਸੇ ਵੀ ਪੀੜਤ ਦਾ ਇੰਟਰਵਿਊ ਨਹੀਂ ਲੈ ਸਕਿਆ ਕਿਉਂਕਿ ਉਨ੍ਹਾਂ ਥਾਵਾਂ ਤੱਕ ਸੀਮਤ ਪਹੁੰਚ ਸੀ ਜਿੱਥੇ ਮਿਲੀਸ਼ੀਆ ਸਥਿਤ ਹੈ।
ਜੂਨ 2024 ਵਿੱਚ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਹਾਈ ਕਮਿਸ਼ਨਰ ਦਫ਼ਤਰ ਨੇ ਰਿਪੋਰਟ ਦਿੱਤੀ ਕਿ ਇਥੋਪੀਅਨ ਨੈਸ਼ਨਲ ਡਿਫੈਂਸ ਫੋਰਸ, ਜਿਸ ਵਿੱਚ ਫ਼ੌਜ ਵੀ ਸ਼ਾਮਲ ਹੈ ਨੇ ਫਾਨੋ ਮਿਲੀਸ਼ੀਆ ਨਾਲ ਟਕਰਾਅ ਦੌਰਾਨ ਅਮਹਾਰਾ ਇਲਾਕੇ ਵਿੱਚ ਜਿਨਸੀ ਹਿੰਸਾ ਕੀਤੀ ਹੈ, ਜਿਸ ਵਿੱਚ ਨਾਬਾਲਗਾਂ ਵਿਰੁੱਧ ਹਿੰਸਾ ਵੀ ਸ਼ਾਮਲ ਹੈ।
ਬੀਬੀਸੀ ਨੇ ਇਥੋਪੀਆ ਦੇ ਰੱਖਿਆ ਮੰਤਰਾਲੇ ਤੋਂ ਇਲਜ਼ਾਮਾਂ ਦਾ ਜਵਾਬ ਮੰਗਿਆ, ਪਰ ਮਹੀਨਿਆਂ ਦੀ ਉਡੀਕ ਦੇ ਬਾਵਜੂਦ ਸਾਨੂੰ ਕੋਈ ਜਵਾਬ ਨਹੀਂ ਮਿਲਿਆ।
ਖੇਤਰੀ ਅਧਿਕਾਰੀਆਂ ਤੋਂ ਵਿਸਤ੍ਰਿਤ ਜਾਣਕਾਰੀ ਲਈ ਬੀਬੀਸੀ ਦੀਆਂ ਵਾਰ-ਵਾਰ ਕੀਤੀਆਂ ਬੇਨਤੀਆਂ ਵੀ ਅਸਫ਼ਲ ਰਹੀਆਂ।
ਇੱਕ ਫੈਨੋ ਆਗੂ ਐਸਰੇਸ ਮਾਰੇ ਦਮਤੀ ਨੇ ਬੀਬੀਸੀ ਨੂੰ ਦੱਸਿਆ ਕਿ ਸਮੂਹ ਆਪਣੇ ਲੜਾਕਿਆਂ ਦੁਆਰਾ ਕੀਤੀ ਗਈ ਅਜਿਹੀ ਕਿਸੇ ਵੀ ਗਤੀਵਿਧੀ ਤੋਂ ਅਣਜਾਣ ਸੀ। ਉਸਨੇ ਕਿਹਾ ਕਿ ਉਨ੍ਹਾਂ ਵਿਰੁੱਧ ਕੋਈ ਇਲਜ਼ਾਮ ਨਹੀਂ ਹਨ ਅਤੇ ਉਨ੍ਹਾਂ ਨੇ ਖ਼ੁਦ ਅਪਰਾਧਾਂ ਵਿੱਚ ਸ਼ਾਮਲ ਮੈਂਬਰਾਂ ਨੂੰ ਸਖ਼ਤ ਸਜ਼ਾਵਾਂ ਦੇਣ ਦਾ ਫੈਸਲਾ ਕੀਤਾ ਹੈ।
ਬੀਬੀਸੀ ਨੂੰ ਪਤਾ ਲੱਗਿਆ ਹੈ ਕਿ ਅਮਹਾਰਾ ਵਿੱਚ ਔਰਤਾਂ ਵਿਰੁੱਧ ਸੰਘਰਸ਼ ਨਾਲ ਸਬੰਧਤ ਜਿਨਸੀ ਹਿੰਸਾ ਦੀ ਇਥੋਪੀਆ ਦੀ ਬਹਿਰ ਡਾਰ ਯੂਨੀਵਰਸਿਟੀ ਦੀ ਅਗਵਾਈ ਵਿੱਚ ਸਰਕਾਰ ਵੱਲੋਂ ਕਮਿਸ਼ਨਡ ਜਾਂਚ ਸ਼ੁਰੂ ਹੋ ਗਈ ਹੈ, ਜਿਸ ਦੇ ਨਤੀਜੇ ਆਉਣ ਵਾਲੇ ਮਹੀਨਿਆਂ ਵਿੱਚ ਜਨਤਕ ਤੌਰ 'ਤੇ ਜਾਰੀ ਕੀਤੇ ਜਾਣ ਦੀ ਉਮੀਦ ਹੈ।
2021 ਵਿੱਚ ਜਦੋਂ ਫ਼ੌਜ ਅਤੇ ਇਸਦੇ ਸਹਿਯੋਗੀਆਂ ਜਿਨ੍ਹਾਂ ਵਿੱਚ ਉਸ ਸਮੇਂ ਫੈਨੋ ਵੀ ਸ਼ਾਮਲ ਸੀ ਨੂੰ ਟਾਈਗ੍ਰੇ ਸੰਘਰਸ਼ ਵਿੱਚ ਆਪਣੇ ਵਿਵਹਾਰ 'ਤੇ ਇਸੇ ਤਰ੍ਹਾਂ ਦੇ ਇਲਜ਼ਾਮਾਂ ਦਾ ਸਾਹਮਣਾ ਕਰਨਾ ਪਿਆ ਸੀ। ਉਸ ਸਮੇਂ ਸਰਕਾਰ ਨੇ ਬਲਾਤਕਾਰ ਦੀ ਵਰਤੋਂ ਦੀ ਨਿੰਦਾ ਕੀਤੀ ਪਰ ਦਾਅਵਿਆਂ ਨੂੰ 'ਪੱਖਪਾਤੀ ਅਤੇ ਨੁਕਸਦਾਰ' ਕਰਾਰ ਦੇ ਕੇ ਖਾਰਜ ਕਰ ਦਿੱਤਾ।
ਅੱਜ ਤੱਕ, ਅਪਰਾਧੀਆਂ ਵਿਰੁੱਧ ਕੋਈ ਅਧਿਕਾਰਤ ਕਾਰਵਾਈ ਜਨਤਕ ਤੌਰ 'ਤੇ ਨਹੀਂ ਕੀਤੀ ਗਈ ਹੈ।
ਐਮਨੈਸਟੀ ਇੰਟਰਨੈਸ਼ਨਲ ਨੇ ਇਥੋਪੀਆ ਦੀ ਫੌਜ ਵਿੱਚ ਸਜ਼ਾ ਤੋਂ ਬਚਣ ਦੇ ਇੱਕ ਨਿਰੰਤਰ ਪੈਟਰਨ 'ਤੇ ਚਿੰਤਾਵਾਂ ਜ਼ਾਹਰ ਕੀਤੀਆਂ ਹਨ।
ਸੰਗਠਨ ਦੇ ਖੇਤਰੀ ਖੋਜਕਰਤਾ, ਹੈਮਾਨੋਟ ਅਸ਼ੇਨਾਫੀ ਕਹਿੰਦੇ ਹਨ, "ਮੁਲਜ਼ਮਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਕੋਈ ਸਾਰਥਕ ਯਤਨ ਨਹੀਂ ਹੋ ਰਹੇ ਹਨ।"
"ਉਹ ਅਜੇ ਵੀ ਲੜ ਰਹੇ ਹਨ, ਉਹ ਅਜੇ ਵੀ ਬਾਹਰ ਹਨ ਅਤੇ ਉਨ੍ਹਾਂ ਨੇ ਜੋ ਕੀਤਾ ਹੈ, ਉਸਦਾ ਕੋਈ ਨਤੀਜਾ ਨਹੀਂ ਨਿਕਲਿਆ...ਇਸ ਜੀਵਨ ਬਦਲਣ ਵਾਲੇ ਅਨੁਭਵ ਵਿੱਚੋਂ ਲੰਘੇ ਬਚੇ ਲੋਕ ਨਿਆਂ ਦੇ ਹੱਕਦਾਰ ਹਨ।"
ਏਨਾਤ ਲਈ, ਉਸਦੇ ਹਮਲੇ ਦੇ ਨਤੀਜੇ ਬਹੁਤ ਦੂਰਗਾਮੀ ਰਹੇ ਹਨ।
ਹਮਲੇ ਤੋਂ ਇੱਕ ਮਹੀਨੇ ਬਾਅਦ, ਉਹ ਹਮਲੇ ਦੇ ਸਦਮੇ ਤੋਂ ਬਚਣ ਲਈ ਆਪਣੇ ਪਿੰਡ ਤੋਂ ਚਲੀ ਗਈ।
ਉਦੋਂ ਉਸਨੂੰ ਪਤਾ ਲੱਗਿਆ ਕਿ ਉਹ ਬਲਾਤਕਾਰ ਦੇ ਨਤੀਜੇ ਵਜੋਂ ਗਰਭਵਤੀ ਸੀ।
ਉਹ ਯਾਦ ਕਰਦੀ ਹੈ, "ਮੈਨੂੰ ਉਲਟੀਆਂ ਆਉਣ ਲੱਗ ਪਈਆਂ।"
ਉਸਨੇ ਗਰਭਪਾਤ ਕਰਵਾਉਣ ਬਾਰੇ ਸੋਚਿਆ, ਜਿਸ ਦੀ ਕਿ ਇਥੋਪੀਆ ਵਿੱਚ ਕਾਨੂੰਨੀ ਤੌਰ 'ਤੇ ਗਰਭ ਅਵਸਥਾ ਦੇ 12 ਹਫ਼ਤਿਆਂ ਤੱਕ ਦੀ ਇਜਾਜ਼ਤ ਹੈ, ਜੇਕਰ ਕਿਸੇ ਔਰਤ ਨਾਲ ਬਲਾਤਕਾਰ ਹੁੰਦਾ ਹੈ, ਪਰ ਉਹ ਡਰ ਗਈ।
"ਮੈਂ ਰੱਬ ਤੋਂ ਡਰਦੀ ਸੀ ਅਤੇ ਮੈਨੂੰ ਆਪਣੀ ਮਾਂ ਲਈ ਦੁੱਖ ਹੁੰਦਾ ਸੀ। ਜੇ ਮੈਂ ਗਰਭਪਾਤ ਦੌਰਾਨ ਮਰ ਗਈ ਤਾਂ ਉਸਦਾ ਕੀ ਬਣੇਗਾ?"
ਤਿੰਨ ਦਿਨਾਂ ਦੀ ਜਣੇਪਾ ਪੀੜਾਂ ਤੋਂ ਬਾਅਦ ਉਸਨੇ ਸਤੰਬਰ ਦੇ ਸ਼ੁਰੂ ਵਿੱਚ ਇੱਕ ਧੀ ਨੂੰ ਜਨਮ ਦਿੱਤਾ।
ਉਸ ਨਾਲ ਜੋ ਵੀ ਹੋਇਆ, ਉਸ ਦੇ ਬਾਵਜੂਦ ਏਨਾਤ ਬੱਚੇ ਨੂੰ 'ਰੱਬ ਵੱਲੋਂ ਤੋਹਫ਼ਾ' ਮੰਨਦੀ ਹੈ।
ਪਰ ਉਹ ਇਸ ਵੇਲੇ ਇੱਕ ਰਿਸ਼ਤੇਦਾਰ ਨਾਲ ਰਹਿ ਰਹੀ ਹੈ ਅਤੇ ਕੰਮ ਕਰਨ ਤੋਂ ਅਸਮਰੱਥ ਹੈ ਕਿਉਂਕਿ ਉਸਨੂੰ ਆਪਣੀ ਧੀ ਦੀ ਦੇਖਭਾਲ ਕਰਨੀ ਪੈਂਦੀ ਹੈ। ਉਸਨੂੰ ਭਵਿੱਖ ਦੀ ਚਿੰਤਾ ਹੈ ਕਿ ਉਹ ਆਪਣਾ ਅਤੇ ਆਪਣੇ ਬੱਚੇ ਦਾ ਪਾਲਣ-ਪੋਸ਼ਣ ਕਿਵੇਂ ਕਰੇਗੀ।
ਉਹ ਅੱਗੇ ਕਹਿੰਦੀ ਹੈ, "ਜੇਕਰ ਇਹੀ ਉਹ ਹੈ ਜੋ ਜੀਉਣਾ ਮੰਨਿਆ ਜਾਂਦਾ ਹੈ, ਤਾਂ ਹਾਂ, ਮੈਂ ਜੀ ਰਹੀ ਹਾਂ।"
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)