ਪੂਰਨਮਾਸ਼ੀ ਨੂੰ ਲੈ ਕੇ ਮਿੱਥਾਂ ਅਤੇ ਕਥਾਵਾਂ: ਕਿਤੇ ਲੋਕਾਂ ਦੇ 'ਬਘਿਆੜ' ਬਣਨ ਦੀ ਚਰਚਾ ਹੈ ਤੇ ਕਿਤੇ ਨੀਂਦ ਨਾ ਆਉਣ ਦੀ

ਪੂਰਨਮਾਸ਼ੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੰਗਲੈਂਡ ਵਿੱਚ ਗਲਾਸਟਨਬਰੀ ਟੋਰ ਉੱਤੇ ਪੂਰਾ ਚੰਦ ਚੜ੍ਹਦਾ ਹੋਇਆ
    • ਲੇਖਕ, ਜਰਮੀ ਹੋਵੈਲ
    • ਰੋਲ, ਬੀਬੀਸੀ ਪੱਤਰਕਾਰ

ਪੂਰਨਮਾਸ਼ੀ ਲਗਭਗ ਹਰੇਕ 29 ਦਿਨਾਂ ਬਾਅਦ ਆਉਂਦੀ ਹੈ, ਜਦੋਂ ਸੂਰਜ ਧਰਤੀ ਦੇ ਠੀਕ ਪਿਛਿਓਂ ਚੰਦਰਮਾ 'ਤੇ ਰੌਸ਼ਨੀ ਪਾਉਂਦਾ ਹੈ ਅਤੇ ਇਸ ਨਾਲ ਉਸ ਦਾ ਪੂਰਾ ਚਿਹਰਾ ਰੌਸ਼ਨ ਹੋ ਜਾਂਦਾ ਹੈ।

ਸ਼ੁੱਕਰਵਾਰ ਦੀ ਪੂਰਨਮਾਸ਼ੀ "ਸੁਪਰਮੂਨ" ਦੀ ਇੱਕ ਲੜੀ ਵਿੱਚ ਆਖ਼ਰੀ ਰਹੀ, ਜਦੋਂ ਚੰਦਰਮਾ ਆਮ ਨਾਲੋਂ 14 ਫੀਸਦ ਵੱਡਾ ਅਤੇ 30 ਫੀਸਦ ਵੱਧ ਚਮਕਦਾਰ ਦਿਖਾਈ ਦਿੱਤਾ।

ਅਖੌਤੀ ਸੁਪਰਮੂਨ ਸਾਲ ਵਿੱਚ ਸਿਰਫ਼ ਤਿੰਨ ਜਾਂ ਚਾਰ ਵਾਰ ਹੁੰਦੇ ਹਨ ਅਤੇ ਹਮੇਸ਼ਾ ਲਗਾਤਾਰ ਦਿਖਾਈ ਦਿੰਦੇ ਹਨ।

ਪੂਰਨਮਾਸ਼ੀ ਦੀ ਦੁਨੀਆ ਦੇ ਸੱਭਿਆਚਾਰਾਂ ਅਤੇ ਪਰੰਪਰਾਵਾਂ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਅਸੀਂ ਇਸ ਸੋਹਣੇ ਵਰਤਾਰੇ ਨਾਲ ਜੁੜੀਆਂ ਕੁਝ ਮਿੱਥਾਂ, ਗਤੀਵਿਧੀਆਂ ਅਤੇ ਅਰਥਾਂ 'ਤੇ ਇੱਕ ਨਜ਼ਰ ਮਾਰਦੇ ਹਾਂ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਸਾਡੇ ਪੁਰਖ਼ਿਆਂ ਲਈ ਪੂਰਨਮਾਸ਼ੀ ਕਿਵੇਂ ਮਹੱਤਵਪੂਰਨ ਸੀ?

ਚੰਦਰਮਾ ਦੀ ਲੈਅ, ਇਸਦੇ ਨਿਯਮਤ ਪੜਾਵਾਂ ਦੇ ਵਧਣ ਅਤੇ ਘਟਣ ਨਾਲ, ਸਮੇਂ ਦਾ ਰਿਕਾਰਡ ਰੱਖਣ ਲਈ ਆਦਿ ਕਾਲ ਤੋਂ ਹੀ ਵਰਤੀ ਜਾਂਦੀ ਰਹੀ ਹੈ।

ਇਸ਼ਾਂਗੋ ਦੀ ਹੱਡੀ ਨੂੰ ਲੈ ਲਓ, ਜੋ 1957 ਵਿੱਚ ਆਧੁਨਿਕ ਲੋਕਤੰਤਰੀ ਗਣਰਾਜ ਕਾਂਗੋ ਵਿੱਚ ਮਿਲੀ ਹੈ।

ਹੱਡੀ, ਸੰਭਾਵਤ ਤੌਰ 'ਤੇ ਬਾਬੂਨ ਦੀ ਪਿੰਡਲੀ ਤੋਂ ਲਈ ਗਈ ਹੈ ਅਤੇ 20,000 ਸਾਲ ਤੋਂ ਵੱਧ ਪੁਰਾਣੀ ਮੰਨੀ ਜਾਂਦੀ ਹੈ, ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਕੈਲੰਡਰ ਦਾ ਇੱਕ ਸ਼ੁਰੂਆਤੀ ਰੂਪ ਹੈ।

ਬੇਲਜੀਅਮ ਦੇ ਭੂਵਿਗਿਆਨੀ ਵੱਲੋਂ ਖੋਜੀ ਗਈ ਹੱਡੀ ʼਤੇ ਵੱਖ-ਵੱਖ ਨਕਾਸ਼ੀ ਹੈ, ਉਨ੍ਹਾਂ ਵਿੱਚੋਂ ਕੁਝ ਹਲਕੇ ਘੇਰੇ, ਕਾਲੇ ਘੇਰੇ ਜਾਂ ਅੰਸ਼ਿਕ ਘੇਰੇ ਦੇ ਆਕਾਰ ਵਿੱਚ ਹਨ।

ਹਾਰਵਰਡ ਯੂਨੀਵਰਸਿਟੀ ਦੇ ਪੁਰਾਤਤਵ-ਵਿਗਿਆਨੀ ਅਲੈਗਜ਼ੈਂਡਰ ਮਾਰਸ਼ਕ ਨੇ ਅੰਦਾਜ਼ਾ ਲਗਾਇਆ ਹੈ ਕਿ ਇਹ ਚੰਦਰਮਾ ਦੇ ਵੱਖ-ਵੱਖ ਪੜਾਵਾਂ ਨੂੰ ਦਰਸਾਉਂਦੇ ਹਨ।

ਇਹ ਸੁਝਾਅ ਦਿੰਦੇ ਹਨ ਕਿ ਹੱਡੀ ਦੀ ਵਰਤੋਂ ਛੇ ਮਹੀਨਿਆਂ ਦੇ ਚੰਦਰ ਕੈਲੰਡਰ ਵਜੋਂ ਕੀਤੀ ਗਈ ਹੋਵੇਗੀ।

ਹਾਰਵੈਸਟ ਮੂਨ ਪੂਰਨਮਾਸ਼ੀ ਨੂੰ ਦਿੱਤਾ ਗਿਆ ਨਾਮ ਹੈ ਜੋ ਪਤਝੜ (ਸਤੰਬਰ ਦੇ ਅਖ਼ੀਰ ਜਾਂ ਅਕਤੂਬਰ ਦੇ ਸ਼ੁਰੂ ਵਿੱਚ) ਦੇ ਸਭ ਤੋਂ ਨੇੜੇ ਹੁੰਦਾ ਹੈ।

ਸਾਲ ਦੇ ਇਸ ਸਮੇਂ ਸੂਰਜ ਡੁੱਬਣ ਮਗਰੋਂ ਚੰਦਰਮਾ ਚੜ੍ਹਦਾ ਹੈ, ਮਤਲਬ ਕਿ ਕਿਸਾਨ ਆਪਣੀਆਂ ਫ਼ਸਲਾਂ ਇਕੱਠੀਆਂ ਕਰਨ ਲਈ ਕਾਹਲੀ ਵਿੱਚ ਹੁੰਦੇ ਹਨ ਅਤੇ ਉਹ ਚੰਦਰਮਾ ਦੀ ਰੌਸ਼ਨੀ ਵਿੱਚ ਦੇਰ ਸ਼ਾਮ ਤੱਕ ਕੰਮ ਕਰਨਾ ਜਾਰੀ ਰੱਖ ਸਕਦੇ ਹਨ।

ਬੇਸ਼ੱਕ, ਅਜੋਕੇ ਸਮੇਂ ਵਿੱਚ ਜ਼ਿਆਦਾਤਰ ਇਲੈਕਟ੍ਰਿਕ ਲੈਂਪਾਂ ਦੀ ਵਰਤੋਂ ਕਰਦੇ ਹਨ।

ਬੇਲਜੀਅਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬ੍ਰਸੇਲਜ਼ ਵਿੱਚ ਇਸ਼ਾਂਗੋ ਹੱਡੀ ਦੀ ਇੱਕ ਵਿਸ਼ਾਲ ਪ੍ਰਤੀਕ੍ਰਿਤੀ, ਜਿੱਥੇ ਅਸਲੀ ਪੁਰਾਤਤਵ ਖੋਜ ਇੱਕ ਅਜਾਇਬ ਘਰ ਵਿੱਚ ਪ੍ਰਦਰਸ਼ਿਤ ਕੀਤੀ ਗਈ ਹੈ

ਪੂਰਨਮਾਸ਼ੀ 'ਤੇ ਕਿਹੜੇ ਤਿਉਹਾਰ ਮਨਾਏ ਜਾਂਦੇ ਹਨ?

ਚੀਨ ਵਿੱਚ, ਮੱਧ-ਪਤਝੜ ਤਿਉਹਾਰ - ਝੋਂਗਕੀ ਜੀ (ਜਿਸ ਨੂੰ ਚੰਦਰਮਾ ਤਿਉਹਾਰ ਵੀ ਕਿਹਾ ਜਾਂਦਾ ਹੈ) ਵਾਢੀ ਦੇ ਚੰਦਰਮਾ ਦੇ ਦਿਨ ਵਜੋਂ ਮਨਾਉਂਦੇ ਹਨ ਅਤੇ ਇਸ ਦਿਨ ਜਨਤਕ ਛੁੱਟੀ ਹੁੰਦੀ ਹੈ। ਇਹ ਤਿਉਹਾਰ 3,000 ਸਾਲ ਪੁਰਾਣਾ ਹੈ ਅਤੇ ਰਵਾਇਤੀ ਤੌਰ 'ਤੇ ਇੱਕ ਭਰਪੂਰ ਫ਼ਸਲ ਦੀ ਉਮੀਦ ਵਿੱਚ ਮਨਾਇਆ ਜਾਂਦਾ ਹੈ।

ਇਸੇ ਤਰ੍ਹਾਂ, ਕੋਰੀਆ ਵਿੱਚ, ਚੂਸੇਓਕ ਦਾ ਤਿਉਹਾਰ ਵਾਢੀ ਦੇ ਚੰਦਰਮਾ ਨਾਲ ਮੇਲ ਖਾਂਦਾ ਹੈ ਅਤੇ ਇਹ ਤਿੰਨ-ਦਿਨ ਦਾ ਸਮਾਗਮ ਹੁੰਦਾ ਹੈ। ਪਰਿਵਾਰ ਵਾਢੀ ਦਾ ਜਸ਼ਨ ਮਨਾਉਣ ਅਤੇ ਆਪਣੇ ਪੁਰਖਿਆਂ ਦੀ ਪੂਜਾ ਕਰਨ ਲਈ ਇਕੱਠੇ ਹੁੰਦੇ ਹਨ।

ਹਿੰਦੂ ਸੱਭਿਆਚਾਰ ਵਿੱਚ ਪੂਰੇ ਚੰਦਰਮਾ ਨੂੰ ਪੂਰਨਮਾਸ਼ੀ ਕਹਿੰਦੇ ਹਨ ਅਤੇ ਲੋਕ ਅਰਦਾਸਾਂ ਕਰਦੇ ਹਨ ਤੇ ਵਰਤ ਰੱਖਦੇ ਹਨ। ਕਾਰਤਿਕ ਦੀ ਪੂਰਨਮਾਸ਼ੀ ਨਵੰਬਰ ਵਿੱਚ ਆਉਂਦਾ ਹੈ, ਹਿੰਦੂ ਕੈਲੰਡਰ ਵਿੱਚ ਇਹ ਇੱਕ ਪਵਿੱਤਰ ਮਹੀਨਾ ਹੁੰਦਾ ਹੈ।

ਇਹ ਦਿਨ ਭਗਵਾਨ ਸ਼ਿਵ ਦੀ ਰਾਖ਼ਸ ਤ੍ਰਿਪੁਰਾਸੁਰ ʼਤੇ ਜਿੱਤ ਅਤੇ ਭਗਵਾਨ ਵਿਸ਼ਣੂ ਦੇ ਮਤਸਯ ਦੇ ਰੂਪ ਵਿੱਚ ਪਹਿਲੇ ਅਵਤਾਰ ਦਾ ਪ੍ਰਤੀਕ ਹੈ। ਇਸ ਦਿਨ ਨਦੀਆਂ ਵਿੱਚ ਇਸ਼ਨਾਨ ਕਰਨਾ ਅਤੇ ਮਿੱਟੀ ਦੇ ਦੀਵੇ ਬਾਲਣਾ ਸ਼ਾਮਿਲ ਹੈ।

ਕੋਰੀਆ ਦੇ ਲੋਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੁਸੇਓਕ ਦੌਰਾਨ ਕੋਰੀਅਨ ਵਾਢੀ ਲਈ ਧੰਨਵਾਦ ਕਰਦੇ ਹਨ ਅਤੇ ਆਪਣੇ ਪੁਰਖਿਆਂ ਦੀ ਪੂਜਾ ਕਰਦੇ ਹਨ

ਬੁੱਧ ਮਤ ਵਿੱਚ ਲੋਕ ਮੰਨਦੇ ਹਨ ਕਿ ਬੁੱਧ ਦਾ ਜਨਮ 2500 ਸਾਲ ਪਹਿਲਾਂ ਪੂਰਨਮਾਸ਼ੀ ਵਾਲੇ ਦਿਨ ਹੋਇਆ ਸੀ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਉਨ੍ਹਾਂ ਗਿਆਨ ਦੀ ਪ੍ਰਾਪਤੀ ਹੋਈ ਅਤੇ ਉਨ੍ਹਾਂ ਦਾ ਦੇਹਾਂਤ ਵੀ ਪੂਰਨਮਾਸ਼ੀ ਵਾਲੇ ਦਿਨ ਹੀ ਹੋਇਆ ਸੀ।

ਇਨ੍ਹਾਂ ਘਟਨਾਵਾਂ ਨੂੰ ਬੁੱਧ ਪੂਰਨਿਮਾ ਵਜੋਂ ਮਨਾਇਆ ਜਾਂਦਾ ਹੈ, ਜੋ ਆਮ ਤੌਰ ʼਤੇ ਅਪ੍ਰੈਲ ਜਾਂ ਮਈ ਵਿੱਚ ਪੂਰਨਮਾਸ਼ੀ ਵਾਲੇ ਦਿਨ ਹੁੰਦੀ ਹੈ।

ਸ਼੍ਰੀਲੰਕਾ ਵਿੱਚ ਹਰ ਮਹੀਨੇ ਦੀ ਪੂਰਨਮਾਸ਼ੀ ਨੂੰ ਜਨਤਕ ਛੁੱਟੀ ਹੁੰਦੀ ਹੈ, ਜਿਸ ਨੂੰ ਪੋਇਆ ਕਿਹਾ ਜਾਂਦਾ ਹੈ। ਇਸ ਦਿਨ ਸ਼ਰਾਬ ਅਤੇ ਮਾਸ ਦੀ ਵਿਕਰੀ ਕਰਨ ਦੀ ਮਨਾਹੀ ਹੁੰਦੀ ਹੈ।

ਬਾਲੀ ਵਿੱਚ ਪੂਰਨਮਾਸ਼ੀ ਨੂੰ ਪੂਰਨਾਮਾ ਵਜੋਂ ਮਨਾਇਆ ਜਾਂਦਾ ਹੈ। ਮਾਨਤਾ ਹੈ ਕਿ ਦੇਵੀ-ਦੇਵਤੇ ਇਸ ਦਿਨ ਧਰਤੀ ʼਤੇ ਉਤਰਦੇ ਹਨ ਅਤੇ ਆਪਣਾ ਆਸ਼ਿਰਵਾਦ ਦਿੰਦੇ ਹਨ।

ਪੂਰਨਮਾਸ਼ੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1935 ਵਿੱਚ ਰਿਲੀਜ਼ ਹੋਈ ਵੇਅਰਲੁਲਫ ਆਫ਼ ਲੰਡਨ ਵਰਗੀਆਂ ਡਰਾਉਣੀਆਂ ਫਿਲਮਾਂ ਦਾ ਧੰਨਵਾਦ ਵਜੋਂ ਵੇਅਰਵੁਲਫ ਮਿੱਥ ਆਧੁਨਿਕ ਸਮੇਂ ਵਿੱਚ ਵੀ ਕਾਇਮ ਹੈ

ਮੁਸਲਮਾਨਾਂ ਨੂੰ ਪੂਰਨਮਾਸ਼ੀ ਦੌਰਾਨ ਤਿੰਨ ਦਿਨ ਵਰਤ ਰੱਖਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

ਇਸ ਨੂੰ ਚਿੱਟੇ ਦਿਨ ਜਾਂ ਅਲ-ਅਯਾਮ ਅਲ-ਬਿਦ ਵਜੋਂ ਜਾਣਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਪੈਗੰਬਰ ਮੁਹੰਮਦ ਨੇ ਹਨੇਰੀਆਂ ਰਾਤਾਂ ਨੂੰ ਰੌਸ਼ਨ ਕਰਨ ਲਈ ਅੱਲ੍ਹਾ ਦਾ ਧੰਨਵਾਦ ਕਰਨ ਲਈ ਇਨ੍ਹਾਂ ਦਿਨਾਂ 'ਤੇ ਵਰਤ ਰੱਖਿਆ ਸੀ।

ਈਸਾਈ ਧਰਮ ਵਿੱਚ, ਈਸਟਰ ਬਸੰਤ ਸਮਰੂਪ ਤੋਂ ਬਾਅਦ ਪਹਿਲੇ ਪੂਰਨਮਾਸ਼ੀ ਤੋਂ ਬਾਅਦ ਪਹਿਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ।

ਮੈਕਸੀਕੋ ਅਤੇ ਕੁਝ ਹੋਰ ਲਾਤੀਨੀ ਅਮਰੀਕੀ ਦੇਸ਼ਾਂ ਵਿੱਚ, ਨੇਟਿਵ ਅਮਰੀਕਨ "ਮੂਨ ਡਾਂਸ" ਨੂੰ ਮੁੜ ਸੁਰਜੀਤ ਕੀਤਾ ਗਿਆ ਹੈ, ਜਿਸ ਵਿੱਚ ਔਰਤਾਂ ਪੂਰਨਮਾਸ਼ੀ 'ਤੇ ਇਕੱਠੇ ਹੁੰਦੀਆਂ ਹਨ, ਤਿੰਨ ਦਿਨ ਚੱਲਣ ਵਾਲੇ ਤਿਉਹਾਰ ਵਿੱਚ ਨੱਚਣ ਅਤੇ ਪੂਜਾ ਕਰਨ ਲਈ।

ਬਾਲੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਾਲੀ ਵਿੱਚ ਪੂਰਨਾਮਾ 'ਤੇ, ਲੋਕ ਦੇਵੀ-ਦੇਵਤਿਆਂ ਨੂੰ ਚੜ੍ਹਾਵਾ ਚੜ੍ਹਾਉਂਦੇ ਹਨ

ਪੂਰਨਮਾਸ਼ੀ ਨੂੰ ਲੈ ਕੇ ਕਿਹੜੀਆਂ ਮਿੱਥਾਂ ਅਤੇ ਕਥਾਵਾਂ ਹਨ

ਯੂਰਪ ਵਿੱਚ, ਪੁਰਾਣੇ ਸਮੇਂ ਤੋਂ, ਪੂਰਨਮਾਸ਼ੀ ਨੂੰ ਕੁਝ ਲੋਕਾਂ ਵਿੱਚ ਪਾਗ਼ਲਪਨ ਪੈਦਾ ਕਰਨ ਵਾਲਾ ਦਿਨ ਮੰਨਿਆ ਜਾਂਦਾ ਰਿਹਾ ਹੈ। "ਲਿਊਨੈਸੀ" ਸ਼ਬਦ ਲੂਨਾ ਤੋਂ ਲਿਆ ਗਿਆ ਹੈ ਅਤੇ ਇਹ ਚੰਦਰਮਾ ਲਈ ਲਾਤੀਨੀ ਸ਼ਬਦ ਹੈ।

ਪੂਰਾ ਚੰਦਰਮਾ ਬੇਕਾਬੂ ਵਿਵਹਾਰ ਨੂੰ ਵਧਾਵਾ ਦੇਣ ਵਾਲੀ ਧਾਰਨਾ ਨੇ ਵੇਰਵੁਲਫਜ਼ ਦੀ ਮਿੱਥ ਨੂੰ ਜਨਮ ਦਿੱਤਾ। ਵੇਅਰਵੁਲਫ, ਇੱਕ ਅਜਿਹੇ ਸ਼ਖ਼ਸ ਜੋ ਅਣਇੱਛਤ ਰੂਪ ਵਿੱਚ ਬਘਿਆੜਾਂ ਵਿੱਚ ਬਦਲ ਜਾਂਦੇ ਹਨ ਅਤੇ ਪੂਰੇ ਚੰਦਰਮਾ ਦੀਆਂ ਰਾਤਾਂ ਨੂੰ ਆਪਣੇ ਭਾਈਚਾਰਿਆਂ ਨੂੰ ਡਰਾਉਂਦੇ ਹਨ।

ਈਸਵੀ ਪੂਰਵ ਚੌਥੀ ਸਦੀ ਵਿੱਚ, ਯੂਨਾਨੀ ਇਤਿਹਾਸਕਾਰ ਹੇਰੋਡੋਟਸ ਨੇ ਸਿਥੀਆ (ਜੋ ਹੁਣ ਰੂਸ ਵਿੱਚ ਹੈ) ਦੇ ਇੱਕ ਕਬੀਲੇ ਬਾਰੇ ਲਿਖਿਆ, ਜਿਸ ਨੂੰ ਨਿਊਰੀ ਕਿਹਾ ਜਾਂਦਾ ਹੈ ਅਤੇ ਦਾਅਵਾ ਕੀਤਾ ਕਿ ਉਹ ਹਰ ਸਾਲ ਕਈ ਦਿਨਾਂ ਤੱਕ ਬਘਿਆੜਾਂ ਵਿੱਚ ਬਦਲ ਜਾਂਦੇ ਹਨ।

ਯੂਰਪ ਵਿੱਚ, 15ਵੀਂ ਅਤੇ 17ਵੀਂ ਸਦੀ ਦੇ ਵਿਚਕਾਰ ਬਹੁਤ ਸਾਰੇ ਲੋਕਾਂ 'ਤੇ ਬਘਿਆੜ ਹੋਣ ਦਾ ਇਲਜ਼ਾਮ ਲੱਗਾ ਸੀ।

ਸਭ ਤੋਂ ਬਦਨਾਮ ਕੇਸਾਂ ਵਿੱਚੋਂ ਇੱਕ ਜਰਮਨੀ ਵਿੱਚ ਇੱਕ ਜ਼ਿਮੀਂਦਾਰ ਪੀਟਰ ਸਟੱਬੇ (ਜਾਂ ਸਟੰਪ) ਦਾ ਸੀ, ਜੋ 1589 ਵਿੱਚ ਹੋਇਆ ਸੀ।

ਸਥਾਨਕ ਸ਼ਿਕਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਉਸ ਨੂੰ ਇੱਕ ਬਘਿਆੜ ਤੋਂ ਮਨੁੱਖ ਵਿੱਚ ਬਦਲਦੇ ਦੇਖਿਆ ਸੀ। ਤਸੀਹੇ ਦਿੱਤੇ ਜਾਣ ਤੋਂ ਬਾਅਦ ਪੀਟਰ ਨੇ ਇੱਕ ਜਾਦੂਈ ਬੈਲਟ ਰੱਖਣ ਦਾ ਇਕਬਾਲ ਕੀਤਾ ਜਿਸ ਦੀ ਵਰਤੋਂ ਕਰ ਕੇ ਉਹ ਵੇਅਰਵੁਲਫ ਵਿੱਚ ਬਦਲ ਜਾਂਦਾ ਸੀ, ਜਿਸ ਨਾਲ ਉਹ ਲੋਕਾਂ ਦਾ ਸ਼ਿਕਾਰ ਕਰ ਸਕਦਾ ਸੀ ਅਤੇ ਉਨ੍ਹਾਂ ਨੂੰ ਖਾ ਸਕਦਾ ਸੀ।

ਪੂਰਨਮਾਸ਼ੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਧਿਐਨ ਦਰਸਾਉਂਦੇ ਹਨ ਕਿ ਜਦੋਂ ਪੂਰਨਮਾਸ਼ੀ ਹੁੰਦੀ ਹੈ ਤਾਂ ਅਸੀਂ ਘੱਟ ਚੰਗੀ ਤਰ੍ਹਾਂ ਸੌਂਦੇ ਹਾਂ

ਪੂਰਨਮਾਸ਼ੀ ਰੋਜ਼ਾਨਾ ਦੀ ਜ਼ਿੰਦਗੀ ਨੂੰ ਵੀ ਪ੍ਰਭਾਵਿਤ ਕਰਦੀ ਹੈ

ਕਈਆਂ ਦਾ ਮੰਨਣਾ ਹੈ ਕਿ ਪੂਰਨ ਚੰਦਰਮਾ ਨੀਂਦ ਨੂੰ ਵੀ ਪ੍ਰਭਾਵਿਤ ਕਰਦਾ ਹੈ।

ਅਧਿਐਨ ਦਰਸਾਉਂਦੇ ਹਨ ਕਿ ਪੂਰਨਮਾਸ਼ੀ ਦੇ ਦੌਰਾਨ ਜਾਂ ਇਸ ਦੇ ਆਲੇ-ਦੁਆਲੇ, ਲੋਕਾਂ ਨੂੰ ਸੌਣ ਲਈ ਜ਼ਿਆਦਾ ਸਮਾਂ ਲੱਗਦਾ ਹੈ, ਡੂੰਘੀ ਨੀਂਦ ਘੱਟ ਲੈਂਦੇ ਹਨ, ਘੱਟ ਸਮੇਂ ਲਈ ਸੌਂਦੇ ਹਨ ਅਤੇ ਉਨ੍ਹਾਂ ਦੇ ਸਿਸਟਮ ਵਿੱਚ ਮੈਲਾਟੋਨਿਨ ਦਾ ਹਾਰਮੋਨ ਪੱਧਰ ਘੱਟ ਹੁੰਦਾ ਹੈ ਅਤੇ ਇਹ ਹਾਰਮੋਨ ਨੀਂਦ ਵਿੱਚ ਸਹਾਇਤਾ ਕਰਦਾ ਹੈ।

ਅਧਿਐਨ ਵਿੱਚ ਸ਼ਾਮਲ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਘੱਟ ਤਸੱਲੀਬਖਸ਼ ਨੀਂਦ ਆਉਂਦੀ ਹੈ ਬੇਸ਼ੱਕ ਉਹ ਪੂਰਨਮਾਸ਼ੀ ਦੀ ਰੌਸ਼ਨੀ ਤੋਂ ਬਚਣ ਲਈ ਸੀਲਬੰਦ ਕਮਰਿਆਂ ਵਿੱਚ ਵੀ ਕਿਉਂ ਨਾ ਸੌਣ।

ਕਈ ਮਾਲੀ ਪੂਰਨਮਾਸ਼ੀ ਦੇ ਸਮੇਂ ਬੀਜ ਅਤੇ ਕਲਮਾਂ ਲਗਾਉਂਦੇ ਹਨ (ਜਿਵੇਂ ਕਿ ਬਾਲੀ ਵਿੱਚ ਪੂਰਨਾਮਾ ਦੇ ਦੌਰਾਨ ਕਰਦੇ ਹਨ) ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਚੰਦਰਮਾ ਮਿੱਟੀ ਨੂੰ ਸੁਧਾਰਦਾ ਹੈ।

ਜਦੋਂ ਪੂਰਨਮਾਸ਼ੀ ਹੁੰਦੀ ਹੈ, ਤਾਂ ਚੰਦਰਮਾ ਦਾ ਗਰੈਵੀਟੇਸ਼ਨਲ ਬਲ ਧਰਤੀ ਦੇ ਇੱਕ ਪਾਸੇ ਖਿੱਚਦਾ ਹੈ ਜਦਕਿ ਸੂਰਜ ਦਾ ਗਰੈਵੀਟੇਸ਼ਨਲ ਬਲ ਦੂਜੇ ਪਾਸੇ ਖਿੱਚਦਾ ਹੈ।

ਵਧੇਰੇ ਤੀਬਰ ਜਵਾਰਭਾਟੇ ਦੇ ਨਾਲ, ਇਹ ਧਰਤੀ ਦੀ ਸਤਹ 'ਤੇ ਵਧੇਰੇ ਨਮੀ ਨੂੰ ਖਿੱਚਣ ਲਈ ਵੀ ਮੰਨਿਆ ਜਾਂਦਾ ਹੈ।

2000 ਵਿੱਚ ਯੂਕੇ ਦੇ ਬ੍ਰੈਡਫੋਰਡ ਵਿੱਚ ਹੋਏ ਇੱਕ ਅਧਿਐਨ ਅਨੁਸਾਰ, ਪੂਰਨਮਾਸ਼ੀ ਦੌਰਾਨ ਜਾਨਵਰਾਂ ਦੇ ਕੱਟਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।

ਅਧਿਐਨ ਵਿੱਚ ਦੇਖਿਆ ਗਿਆ ਕਿ 1997 ਅਤੇ 1999 ਦੇ ਵਿਚਕਾਰ, ਪੂਰਨਮਾਸ਼ੀ ਦੇ ਨੇੜਲੇ ਦਿਨਾਂ ਵਿੱਚ ਜਾਨਵਰਾਂ ਦੇ ਕੱਟਣ ਕਾਰਨ ਹਸਪਤਾਲ ਪਹੁੰਚੇ ਲੋਕਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ।

ਨਿਰਾਸ਼ਾਜਨਕ ਤੌਰ 'ਤੇ, ਵੇਅਰਵੁਲਵਜ਼ ਵੱਲੋਂ ਕੱਟੇ ਜਾਣ ਦਾ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)