ਪੰਜਾਬ 'ਚ ਨਸ਼ਾ ਤਸਕਰੀ ਦੇ ਮੁਲਜ਼ਮਾਂ ਦੇ ਘਰ ਢਾਹੁਣ ਲਈ ਚੱਲੀ 'ਬੁਲਡੋਜ਼ਰ ਮੁਹਿੰਮ' ਕੀ ਹੈ, ਪਰਿਵਾਰਾਂ ਨੇ ਕਾਰਵਾਈ 'ਤੇ ਕਿਹੜੇ ਸਵਾਲ ਖੜੇ ਕੀਤੇ

    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਲੁਧਿਆਣਾ ਦੇ ਤਲਵੰਡੀ ਪਿੰਡ ਵਿੱਚ ਪੁਲਿਸ ਵੱਲੋਂ ਇੱਕ ਬਜ਼ੁਰਗ ਜੋੜੇ ਦੇ ਘਰ 'ਤੇ ਬੁਲਡੋਜ਼ਰ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਹ ਕਾਰਵਾਈ 24 ਫਰਵਰੀ ਦੀ ਰਾਤ ਨੂੰ ਕੀਤੀ।

ਦਰਅਸਲ ਇਹ ਘਰ ਸੋਨੂੰ ਨਾਮ ਦੇ ਵਿਅਕਤੀ ਦਾ ਹੈ,ਜਿਸ ਉੱਤੇ ਨਸ਼ਾ ਤਸਕਰੀ ਕਰਨ ਦੇ ਇਲਜ਼ਾਮ ਹਨ। ਜਿਸ ਵੇਲੇ ਕਾਰਵਾਈ ਹੋਈ ਉਸ ਵੇਲੇ ਸੋਨੂੰ ਦੇ ਮਾਪੇ ਘਰ ਵਿੱਚ ਮੌਜੂਦ ਸਨ।

ਰਾਤ ਨੂੰ ਤਕਰੀਬਨ 10 ਵਜੇ ਪੰਜਾਬ ਪੁਲਿਸ ਬੁਲਡੋਜ਼ਰ ਲੈ ਕੇ ਘਰ ਪਹੁੰਚੀ ਅਤੇ ਇਸ ਮਗਰੋਂ ਕੁਝ ਸਮੇਂ ਤੱਕ ਚੱਲੀ ਕਰਵਾਈ ਵਿੱਚ ਪੁਲਿਸ ਨੇ ਇਸ ਘਰ ਦੀ ਕੰਧ ਢਹਿ-ਢੇਰੀ ਕਰ ਦਿੱਤੀ।

ਪੁਲਿਸ ਮੁਤਾਬਕ, ਸੋਨੂੰ ਉੱਤੇ ਨਸ਼ਾ ਤਸਕਰੀ ਦੇ ਛੇ ਪਰਚੇ ਦਰਜ ਹਨ। ਇਸ ਤੋਂ ਇਲਾਵਾ ਉਸ ਦੇ ਪਰਿਵਾਰਕ ਮੈਂਬਰਾਂ ਉੱਤੇ ਵੀ ਨਸ਼ਾ ਵੇਚਣ ਦਾ ਮਾਮਲਾ ਦਰਜ ਹੈ।

ਕਾਰਵਾਈ ਵਜੋਂ ਬੁਲਡੋਜ਼ਰ ਚਲਾ ਇਮਾਰਤਾਂ ਢਾਹੁਣ ਦੇ ਮਾਮਲੇ ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਸਣੇ ਕਈ ਸੂਬਿਆਂ ਵਿੱਚ ਸੁਣਨ ਨੂੰ ਮਿਲੇ ਹਨ।ਪਰ ਹੁਣ ਪੰਜਾਬ ਵਿੱਚ ਵੀ ਪੁਲਿਸ ਵੱਲੋਂ ਬੁਲਡੋਜ਼ਰ ਨਾਲ ਇਮਾਰਤ ਢਾਹੀਆਂ ਗਈਆਂ ਹਨ।

ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਦੋ ਮੈਂਬਰੀ ਬੈਂਚ ਨੇ ਨਵੰਬਰ, 2024 ਨੂੰ ਦੇਸ਼ ਵਿੱਚ ਬੁਲਡੋਜ਼ਰਾਂ ਨਾਲ ਜਾਇਦਾਦਾਂ ਨੂੰ ਢਾਹੁਣ ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ।

ਜਸਟਿਸ ਬੀਆਰ ਗਵਈ ਅਤੇ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ ਕਿਹਾ ਹੈ ਕਿ ਕਿਸੇ ਵਿਅਕਤੀ ਦੇ ਘਰ ਜਾਂ ਜਾਇਦਾਦ ਨੂੰ ਸਿਰਫ਼ ਇਸ ਲਈ ਢਾਹ ਦੇਣਾ ਕਿਉਂਕਿ ਉਸ 'ਤੇ ਅਪਰਾਧ ਦੇ ਇਲਜ਼ਾਮ ਹਨ, ਕਾਨੂੰਨ ਦੇ ਰਾਜ ਦੇ ਖ਼ਿਲਾਫ਼ ਹੈ।

ਸੁਪਰੀਮ ਕੋਰਟ ਨੇ ਇਹ ਦਿਸ਼ਾ-ਨਿਰਦੇਸ਼ ਬੁਲਡੋਜ਼ਰਾਂ ਨਾਲ ਘਰਾਂ ਨੂੰ ਢਾਹੁਣ ਵਿਰੁੱਧ ਦਾਇਰ ਪਟੀਸ਼ਨਾਂ 'ਤੇ ਸੁਣਵਾਈ ਕਰਦੇ ਹੋਏ ਦਿੱਤੇ ਸਨ।

ਪੰਜਾਬ ਪੁਲਿਸ ਹੁਣ ਤੱਕ ਨਸ਼ਾ ਤਸਕਰੀ ਦੇ ਮੁਲਜ਼ਮਾਂ ਦੇ 6 ਘਰਾਂ ਉੱਤੇ ਇਹ ਕਾਰਵਾਈ ਕਰ ਚੁੱਕੀ ਹੈ। ਲੁਧਿਆਣਾ ਵਿੱਚ 4 ਘਰਾਂ ਉੱਤੇ ਬੁਲਡੋਜ਼ਰ ਚਲਾਇਆ ਗਿਆ, ਜਦਕਿ ਪਟਿਆਲਾ ਅਤੇ ਰੋਪੜ ਵਿੱਚ ਇੱਕ-ਇੱਕ ਘਰ ਉੱਤੇ ਬੁਲਡੋਜ਼ਰ ਚੱਲਿਆ ਹੈ।

ਪੰਜਾਬ ਪੁਲਿਸ ਨੇ ਘਰਾਂ ਉੱਤੇ ਬੁਲਡੋਜ਼ਰ ਚਲਾਉਣ ਦੀ ਕਾਰਵਾਈ ਨੂੰ 'ਡਰੱਗ ਮਾਫੀਆ' ਖ਼ਿਲਾਫ਼ ਮੁਹਿੰਮ ਦੱਸਿਆ ਹੈ।

ਪੁਲਿਸ ਮੁਤਾਬਕ, ਉਹ ਤਸਕਰਾਂ ਵੱਲੋਂ ਨਸ਼ੇ ਦੀ ਤਸਕਰੀ ਕਰਕੇ ਬਣਾਈਆਂ ਜਾਇਦਾਦਾਂ ਨੂੰ ਢਹਿ-ਢੇਰੀ ਕਰ ਰਹੀ ਹੈ।

'ਬੁਲਡੋਜ਼ਰ ਮੁਹਿੰਮ' ਦੀ ਸ਼ੁਰੂਆਤ ਕਿੱਥੋਂ ਕੀਤੀ ਗਈ ਹੈ

ਪੰਜਾਬ ਵਿੱਚ ਪੁਲਿਸ ਕਾਰਵਾਈ ਵਜੋਂ 'ਬੁਲਡੋਜ਼ਰ ਨਾਲ ਇਮਾਰਤਾਂ ਢਾਹੁਣ' ਦੀ ਸ਼ਰੂਆਤ ਲੁਧਿਆਣਾ ਦੇ ਤਲਵੰਡੀ ਪਿੰਡ ਤੋਂ 24 ਫ਼ਰਵਰੀ ਨੂੰ ਕੀਤੀ ਗਈ। ਇਸ ਦੇ ਅਗਲੇ ਹੀ ਦਿਨ ਪੁਲਿਸ ਨੇ ਲੁਧਿਆਣਾ ਦੇ ਹਿੰਮਤ ਨਗਰ ਵਿੱਚ ਸਥਿਤ ਇੱਕ ਹੋਰ ਘਰ ਉੱਤੇ ਕਾਰਵਾਈ ਕੀਤੀ। ਇਹ ਘਰ ਰਾਹੁਲ ਹੰਸ ਨਾਮ ਦੇ ਮੁਲਜ਼ਮ ਦਾ ਦੱਸਿਆ ਗਿਆ ਹੈ।

ਇਨ੍ਹਾਂ ਦੋ ਘਰਾਂ ਉੱਤੇ ਬੁਲਡੋਜ਼ਰ ਚਲਾਉਣ ਮਗਰੋਂ ਪੁਲਿਸ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਡਰੱਗ ਮਾਫੀਆ ਖ਼ਿਲਾਫ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਲੁਧਿਆਣਾ ਕਮਿਸ਼ਨਰੇਟ ਪੁਲਿਸ ਵੱਲੋਂ ਪਿੰਡ ਤਲਵੰਡੀ ਅਤੇ ਭਾਈ ਹਿੰਮਤ ਸਿੰਘ ਨਗਰ ਵਿਖੇ ਸਥਿਤ ਦੋ ਨਸ਼ਾ ਤਸਕਰੀ ਦੇ ਮੁਲਜ਼ਮਾਂ ਦੀਆਂ ਨਾਜਾਇਜ਼ ਜਾਇਦਾਦਾਂ ਨੂੰ ਢਹਿ-ਢੇਰੀ ਕੀਤਾ ਗਿਆ ਹੈ।

ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ 'ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਸਬੰਧਤ ਪਹਿਲਾਂ ਵੀ ਮਾਮਲੇ ਦਰਜ ਹਨ ਅਤੇ ਇਹ ਜਾਇਦਾਦਾਂ ਨਸ਼ੀਲੇ ਪਦਾਰਥਾਂ ਦੀ ਵਿਕਰੀ ਤੋਂ ਪ੍ਰਾਪਤ ਪੈਸੇ ਦੀ ਵਰਤੋਂ ਕਰਕੇ ਬਣਾਈਆਂ ਗਈਆਂ ਸਨ।

ਇਸ ਪੁਲਿਸ ਕਾਰਵਾਈ ਦੀ ਸ਼ੁਰੂਆਤ ਲੁਧਿਆਣਾ ਜ਼ਿਲ੍ਹੇ ਵਿੱਚੋਂ ਹੋਈ ਸੀ ਅਤੇ ਹੁਣ ਪਟਿਆਲਾ ਅਤੇ ਰੋਪੜ ਜ਼ਿਲ੍ਹੇ ਵਿੱਚ ਵੀ ਚੱਲ ਰਹੀ ਹੈ।

ਪੰਜਾਬ ਪੁਲਿਸ ਨੇ 28 ਫ਼ਰਵਰੀ ਨੂੰ ਪਟਿਆਲਾ ਅਤੇ ਰੋਪੜ ਵਿੱਚ ਵੀ ਨਸ਼ਾ ਤਸਕਰੀ ਦੇ ਮੁਲਾਜ਼ਮਾਂ ਦੇ ਘਰਾਂ ਢਾਹੇ ਗਏ ਸਨ।

ਲੁਧਿਆਣਾ ਵਿੱਚ ਕਿੱਥੇ-ਕਿੱਥੇ ਚੱਲਿਆ ਬੁਲਡੋਜ਼ਰ

ਲੁਧਿਆਣਾ ਵਿੱਚ ਹੁਣ ਤੱਕ ਪੁਲਿਸ ਨੇ ਚਾਰ ਘਰਾਂ ਉੱਤੇ ਬੁਲਡੋਜ਼ਰ ਨਾਲ ਕਾਰਵਾਈ ਕੀਤੀ ਹੈ।

  • 24 ਫਰਵਰੀ ਦੀ ਰਾਤ ਨੂੰ ਪਿੰਡ ਤਲਵੰਡੀ ਵਿੱਚ ਮੁਲਜ਼ਮ ਸੋਨੂੰ ਦੇ ਘਰ ਉੱਤੇ ਕਾਰਵਾਈ ਹੋਈ
  • -25 ਫਰਵਰੀ ਨੂੰ ਦੁੱਗਰੀ ਨੇੜੇ ਭਾਈ ਹਿੰਮਤ ਸਿੰਘ ਨਗਰ ਦੀ ਗਲੀ ਨੰਬਰ 6 ਦੇ ਰਹਿਣ ਵਾਲੇ ਰਾਹੁਲ ਹੰਸ ਦੇ ਘਰ
  • 26 ਫਰਵਰੀ ਨੂੰ ਬਿਮਲਾ ਦੇਵੀ ਵਾਸੀ ਨਿਊ ਹਰੀ ਕ੍ਰਿਸ਼ਨਾ ਕਲੋਨੀ, ਨੇੜੇ ਇੰਦਰਾ ਮਾਰਕਿਟ ਟਰਾਂਸਪੋਰਟ ਨਗਰ ਦੇ ਘਰ
  • 27 ਫਰਵਰੀ ਨੂੰ ਜਗਰਾਓਂ ਨੇੜੇ ਸਥਿਤ ਪਿੰਡ ਨਾਰੰਗਵਾਲ ਵਿੱਚ ਰਹਿੰਦੇ ਇੱਕ ਮੁਲਜ਼ਮ ਜੋੜੇ ਦੇ ਘਰ ਉੱਤੇ ਕਾਰਵਾਈ ਕੀਤੀ ਗਈ

ਪੰਜਾਬ ਪੁਲਿਸ ਨੇ 'ਬੁਲਡੋਜ਼ਰ ਮੁਹਿੰਮ' ਬਾਰੇ ਕੀ ਦੱਸਿਆ ਹੈ?

ਪੰਜਾਬ ਪੁਲਿਸ ਮੁਤਾਬਕ ਉਨ੍ਹਾਂ ਨੇ 'ਡਰੱਗ ਮਾਫ਼ੀਏ' ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਵਿੱਚ ਨਸ਼ਾ ਤਸਕਰਾਂ ਵੱਲੋਂ ਨਸ਼ਾ ਤਸਕਰੀ ਜ਼ਰੀਏ ਬਣਾਈ ਜਾਇਦਾਦ ਜਾਂ ਨਸ਼ਾ ਤਸਕਰਾਂ ਦੀ ਅਣ-ਅਧਿਕਾਰਤ ਜਾਇਦਾਦਾਂ ਨੂੰ ਢਹਿ-ਢੇਰੀ ਕੀਤਾ ਜਾਵੇਗਾ।

ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਦੱਸਿਆ ਨਸ਼ਾ ਤਸਕਰੀ ਦੇ ਮੁਲਾਜ਼ਮਾਂ ਦੀਆਂ ਉਹ ਸਾਰੀਆਂ ਜਾਇਦਾਦਾਂ ਜੋ ਜਾਂ ਤਾਂ ਗੈਰ-ਕਾਨੂੰਨੀ ਹਨ ਜਾਂ ਨਸ਼ੀਲੇ ਪਦਾਰਥਾਂ ਦੇ ਪੈਸੇ ਦੀ ਵਰਤੋਂ ਕਰਕੇ ਬਣਾਈਆਂ ਗਈਆਂ ਹਨ, ਆਉਣ ਵਾਲੇ ਦਿਨਾਂ ਵਿੱਚ ਢਾਹ ਦਿੱਤੀਆਂ ਜਾਣਗੀਆਂ।

ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਵਚਨਬੱਧਤਾ ਦਿੱਤੀ ਹੈ।

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜਦੋਂ ਤੱਕ ਨਸ਼ੀਲੇ ਪਦਾਰਥਾਂ ਦਾ ਪੂਰੀ ਤਰ੍ਹਾਂ ਖ਼ਾਤਮਾ ਨਹੀਂ ਹੋ ਜਾਂਦਾ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਲੋਕਾਂ ਲਈ ਕੋਈ ਨਰਮੀ ਨਹੀਂ ਵਰਤੀ ਜਾਵੇਗੀ।

ਮੁਲਜ਼ਮਾਂ ਉੱਤੇ ਕਿੰਨੇ ਕੇਸ ਦਰਜ

ਲੁਧਿਆਣਾ ਕਮਿਸ਼ਨਰੇਟ ਪੁਲਿਸ ਮੁਤਾਬਕ, ਮੁਲਜ਼ਮ ਸੋਨੂੰ ਅਤੇ ਉਸਦੇ ਪਰਿਵਾਰਕ ਮੈਂਬਰਾਂ ਉੱਤੇ ਨਸ਼ਾ ਤਸਕਰੀ ਦੇ 6 ਕੇਸ ਦਰਜ ਹਨ ਜਦਕਿ ਰਾਹੁਲ ਉੱਤੇ ਇੱਕ ਕੇਸ ਦਰਜ ਹੈ।

ਇਸ ਤੋਂ ਇਲਾਵਾ ਟਰਾਂਸਪੋਰਟ ਰੋਡ ਉੱਤੇ ਸਥਿਤ ਨਿਊ ਹਰੀ ਕ੍ਰਿਸ਼ਨਾ ਕਾਲੋਨੀ ਦੀ ਵਸਨੀਕ ਬਿਮਲਾ ਦੇਵੀ ਉੱਤੇ ਨਸ਼ਾ ਤਸਕਰੀ ਦੇ ਤਿੰਨ ਕੇਸ ਦਰਜ ਹਨ। ਨਾਰੰਗਵਾਲ ਦੇ ਵਸਨੀਕ ਜੋੜੇ ਉੱਤੇ ਨਸ਼ਾ ਤਸਕਰੀ ਦੇ ਇਲਜ਼ਾਮਾਂ ਤਹਿਤ ਤਿੰਨ ਕੇਸ ਦਰਜ ਹਨ।

ਪੁਲਿਸ ਨੇ ਜਾਣਕਾਰੀ ਦਿੱਤੀ ਕਿ ਬਿਮਲਾ ਦੇਵੀ ਖ਼ਿਲਾਫ਼ ਐਨਡੀਪੀਐਸ ਐਕਟ ਦੇ ਤਹਿਤ ਲੁਧਿਆਣਾ ਦੇ ਥਾਣਾ ਮੋਤੀ ਨਗਰ ਵਿੱਚ 3 ਮੁਕੱਦਮੇ ਦਰਜ ਹਨ।

ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ, "ਲੁਧਿਆਣਾ ਕਮਿਸ਼ਨਰੇਟ ਪੁਲਿਸ ਦੀ ਟੀਮ ਵੱਲੋਂ ਪਿੰਡ ਤਲਵੰਡੀ ਦੇ ਸੋਨੂੰ ਅਤੇ ਦੁੱਗਰੀ ਨੇੜੇ ਭਾਈ ਹਿੰਮਤ ਸਿੰਘ ਨਗਰ ਦੀ ਗਲੀ ਨੰਬਰ 6 ਦੇ ਰਹਿਣ ਵਾਲੇ ਰਾਹੁਲ ਹੰਸ ਦੀਆਂ ਨਾਜਾਇਜ਼ ਜਾਇਦਾਦਾਂ ਨੂੰ ਢਾਹਿਆ ਗਿਆ ਹੈ।''

''ਸੋਨੂੰ ਅਤੇ ਉਸਦਾ ਪਰਿਵਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਛੇ ਮਾਮਲਿਆਂ ਵਿੱਚ ਸ਼ਾਮਲ ਹਨ ਅਤੇ ਰਾਹੁਲ ਨੂੰ 2024 ਵਿੱਚ ਦੁੱਗਰੀ ਪੁਲਿਸ ਨੇ 41000 ਤੋਂ ਵੱਧ ਗੋਲੀਆਂ ਅਤੇ 2.15 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕਰਨ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ।"

ਮੁਲਜ਼ਮਾਂ ਦੇ ਪਰਿਵਾਰ ਮੈਂਬਰਾਂ ਨੇ ਕੀ ਕਿਹਾ

ਸੋਨੂੰ ਦੇ ਭਤੀਜੇ ਕ੍ਰਿਸ਼ ਨੇ ਕਿਹਾ, "ਮੇਰੇ ਦਾਦਾ-ਦਾਦੀ ਚਾਚੇ ਦੇ ਘਰ ਵਿੱਚ ਸੌਣ ਦੀ ਤਿਆਰੀ ਵਿੱਚ ਸਨ ਜਦੋਂ ਬੁਲਡੋਜ਼ਰ ਘਰ ਦੇ ਬਾਹਰ ਆ ਗਿਆ ਅਤੇ ਘਰ ਦੀ ਕੰਧ ਢਾਹੁਣੀ ਸ਼ੁਰੂ ਕਰ ਦਿੱਤੀ।"

"ਉਹ ਆ ਕੇ ਸਿੱਧਾ ਬਲਡੋਜਰ ਕੰਧਾਂ ਵਿੱਚ ਮਾਰਨ ਲੱਗ ਪਏ। ਅਸੀਂ ਉਹਨਾਂ ਨੂੰ ਪੁੱਛਿਆ ਤੁਹਾਡੇ ਕੋਲ ਇਸ ਬਾਰੇ ਕੋਈ ਆਰਡਰ ਹੈ। ਪਰ ਉਹਨਾਂ ਨੇ ਸਾਨੂੰ ਕੋਈ ਆਰਡਰ ਨਹੀਂ ਦਿਖਾਇਆ।"

ਕ੍ਰਿਸ਼ ਨੇ ਕਿਹਾ, "ਮੈਂ ਸੈਲੂਨ ਅਤੇ ਕੁਕਿੰਗ ਦਾ ਕੰਮ ਕਰਦਾ ਹਾਂ। ਮੇਰੇ ਪਿਤਾ ਟਰੈਕਟਰ ਟਰਾਲੀ ਚਲਾਉਂਦੇ ਹਨ। ਮੇਰੇ ਚਾਚਾ ਜੀ ਵੀ ਉਨ੍ਹਾਂ ਨਾਲ ਜਾਂਦੇ ਹਨ। ਅਸੀਂ 20-21 ਸਾਲਾਂ ਤੋਂ ਇਹ ਕੰਮ ਕਰ ਰਹੇ ਹਾਂ। ਕੀ ਇੰਨੇ ਸਾਲਾਂ ਵਿੱਚ ਅਸੀਂ ਘਰ ਪਾਉਣ ਜੋਗੇ ਵੀ ਨਹੀਂ ਹੋਏ ਹੋਵਾਂਗੇ।''

ਕ੍ਰਿਸ਼ ਨੇ ਅੱਗੇ ਕਿਹਾ, ''ਜ਼ਰੂਰੀ ਤਾਂ ਨਹੀਂ ਇਹ ਘਰ ਦੋ ਨੰਬਰ ਦੇ ਪੈਸੇ ਨਾਲ ਹੀ ਬਣਿਆ ਹੋਵੇ। ਅਸੀਂ ਸਾਲ 2014-15 ਵਿੱਚ ਇਹ ਮਕਾਨ ਬਣਾਉਣੇ ਸ਼ੁਰੂ ਕੀਤੇ ਸੀ। ਅਸੀਂ ਕੁਝ ਪੈਸੇ ਵਿਆਜ ਉੱਤੇ ਲਏ, ਕੁਝ ਉਧਾਰ ਲਏ ਅਤੇ ਕੁਝ ਕਮੇਟੀਆਂ ਪਾਈਆਂ। ਬਾਕੀ ਅਸੀਂ ਆਪ ਵੀ ਕੰਮ ਕਰਦੇ ਹਾਂ।"

ਕ੍ਰਿਸ਼ ਨੇ ਇਲਜ਼ਾਮ ਲਾਇਆ ਕਿ ਉਸ ਦੇ ਚਾਚੇ ਉੱਤੇ ਨਸ਼ਾ ਤਸਕਰੀ ਦੇ ਪਰਚੇ ਅਤੇ ਉਨ੍ਹਾਂ ਦੇ ਘਰ ਉੱਤੇ ਬਲਡੋਜ਼ਰ ਨਾਲ ਕਾਰਵਾਈ ਪਿੰਡ ਵਾਸੀਆਂ ਵੱਲੋਂ ਇੱਕ ਸਾਜ਼ਿਸ਼ ਤਹਿਤ ਕਰਵਾਈ ਗਈ ਹੈ।

ਉਨ੍ਹਾਂ ਦੱਸਿਆ, "ਪੁਲਿਸ ਨੇ ਕੁਝ ਸਮੇਂ ਪਹਿਲਾਂ ਮੇਰੇ ਚਾਚੇ ਦੇ ਘਰ ਨੂੰ 'ਫਰੀਜ' ਕਰਨ ਸਬੰਧੀ ਘਰ ਦੇ ਬਾਹਰ ਇੱਕ ਨੋਟਿਸ ਲਗਾਇਆ ਸੀ। ਜਿਸਦੇ ਖਿਲਾਫ਼ ਅਸੀਂ ਦਿੱਲੀ ਵਿੱਚ ਅਪੀਲ ਪਾਈ ਹੋਈ ਹੈ। ਇਹ ਅਪੀਲ ਸੁਣਵਾਈ ਅਧੀਨ ਹੈ। ਪਰ ਅਪੀਲ ਉੱਤੇ ਫ਼ੈਸਲਾ ਆਉਣ ਤੋਂ ਪਹਿਲਾਂ ਹੀ ਬੁਲਡੋਜ਼ਰ ਨਾਲ ਕਾਰਵਾਈ ਕਰ ਦਿੱਤੀ ਗਈ।"

ਸੋਨੂੰ ਦੀ ਮਾਂ ਨੇ ਕਿਹਾ, "ਅਸੀਂ ਨਸ਼ਾ ਨਹੀਂ ਵੇਚਦੇ। ਮੇਰੇ ਪੁੱਤ ਉੱਤੇ ਇੱਕ ਪਰਚਾ ਹੈ। ਮੇਰੀ ਬੇਨਤੀ ਹੈ ਕਿ ਸਾਡਾ ਘਰ ਨਾ ਤੋੜਿਆ ਜਾਵੇ।"

ਹੋਰ ਕਿੰਨੇ ਮੁਲਜ਼ਮਾਂ ਉੱਤੇ ਹੋਵੇਗੀ ਕਾਰਵਾਈ

ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਦੱਸਿਆ ਕਿ ਪੁਲਿਸ ਨੇ ਪੁਲਿਸ ਕਮਿਸ਼ਨਰੇਟ ਲੁਧਿਆਣਾ ਅਧੀਨ ਆਉਂਦੇ ਖੇਤਰਾਂ ਵਿੱਚ ਰਹਿਣ ਵਾਲੇ ਕੁੱਲ 78 ਅਜਿਹੇ ਤਸਕਰੀ ਦੇ ਮੁਲਜ਼ਮਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਉੱਤੇ ਇਹ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਇਹ ਵੀ ਕਿਹਾ ਕਿ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਲੁਧਿਆਣਾ ਨਗਰ ਨਿਗਮ ਨੂੰ ਹੋਰ ਵੇਰਵੇ ਮੰਗਦੇ ਹੋਏ ਪੱਤਰ ਲਿਖਿਆ ਹੈ। ਨਸ਼ਿਆਂ ਨਾਲ ਕੀਤੀ ਗਈ ਕਮਾਈ ਨਾਲ ਖਰੀਦੀਆਂ ਗਈਆਂ ਗੱਡੀਆਂ ਵੀ ਪੁਲਿਸ ਵੱਲੋਂ ਜ਼ਬਤ ਕੀਤੀਆਂ ਜਾਣਗੀਆਂ।

ਪੰਜ ਮੈਂਬਰੀ ਕੈਬਨਿਟ ਕਮੇਟੀ ਦਾ ਗਠਨ

ਪੰਜਾਬ ਸਰਕਾਰ ਨੇ ਵੀਰਵਾਰ ਨੂੰ ਸੂਬੇ ਵਿੱਚ ਨਸ਼ਿਆਂ ਦੇ ਕਾਰੋਬਾਰ ਵਿਰੁੱਧ ਚੱਲ ਰਹੀ ਕਾਰਵਾਈ ਦੀ ਨਿਗਰਾਨੀ ਲਈ ਕੈਬਨਿਟ ਮੰਤਰੀਆਂ ਦੀ ਪੰਜ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਹੈ।

ਕੈਬਿਨਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਾਲੀ ਕਮੇਟੀ, ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਅਤੇ ਨਸ਼ਾ ਛੁਡਾਊ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਪੁਲਿਸ ਅਤੇ ਸਿਹਤ ਵਿਭਾਗਾਂ ਵੱਲੋਂ ਚੁੱਕੇ ਗਏ ਕਦਮਾਂ ਦੀ ਨਿਗਰਾਨੀ ਕਰੇਗੀ।

ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ, ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਅਮਨ ਅਰੋੜਾ, ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ, ਇਸ ਕਮੇਟੀ ਦੇ ਮੈਂਬਰ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਡਿਪਟੀ ਕਮਿਸ਼ਨਰਾਂ (ਡੀਸੀ) ਅਤੇ ਸੀਨੀਅਰ ਪੁਲਿਸ ਸੁਪਰਡੈਂਟਾਂ (ਐਸਐਸਪੀ) ਦੀ ਇੱਕ ਮੀਟਿੰਗ ਬੁਲਾਈ ਗਈ ਸੀ। ਇਸ ਮੀਟਿੰਗ ਵਿੱਚ ਵਿੱਤ ਮੰਤਰੀ ਚੀਮਾ, ਕਮੇਟੀ ਦੇ ਹੋਰ ਮੈਂਬਰ ਵੀ ਮੌਜੂਦ ਰਹੇ।

ਮੀਟਿੰਗ ਤੋਂ ਬਾਅਦ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਨਸ਼ਾ ਤਸਕਰਾਂ ਦੇ ਘਰ ਢਾਹੇ ਗਏ ਹਨ ਅਤੇ ਅਜਿਹਾ ਪੰਜਾਬ ਵਿੱਚ ਪਹਿਲੀ ਵਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਅੱਜ ਅਹਿਦ ਲਿਆ ਹੈ ਕਿ ਅਸੀਂ ਨਸ਼ੇ ਨੂੰ ਪੰਜਾਬ ਵਿੱਚੋਂ ਜੜ੍ਹ ਤੋਂ ਖ਼ਤਮ ਕਰਕੇ ਰਹਾਂਗੇ।

ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਨੇ ਨਸ਼ੇ ਖ਼ਿਲਾਫ ਵੱਡੀ ਜੰਗ ਛੇੜੀ ਹੋਈ ਹੈ।

ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਕਿਹਾ,"ਹੁਣ ਨਸ਼ੇ ਦੀਆਂ ਕਮਾਈਆਂ ਨਾਲ ਘਰ ਨਹੀਂ ਬਣਨੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)