ਮੋਦੀ ਵੱਲੋਂ ਮਨਮੋਹਨ ਸਿੰਘ ਦੇ ਭਾਸ਼ਣ ਦਾ ਹਵਾਲਾ ਦੇ ਕੇ ਮੁਸਲਮਾਨਾਂ ਬਾਰੇ ਟਿੱਪਣੀ ਲਈ ਚੋਣ ਕਮਿਸ਼ਨ ’ਤੇ ਸਵਾਲ ਕਿਉਂ ਖੜ੍ਹੇ ਹੋਏ

ਤਸਵੀਰ ਸਰੋਤ, Getty Images
- ਲੇਖਕ, ਵਿਨੀਤ ਖਰੇ
- ਰੋਲ, ਬੀਬੀਸੀ ਪੱਤਰਕਾਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 21 ਅਪ੍ਰੈਲ ਨੂੰ ਰਾਜਸਥਾਨ ਦੇ ਬਾਂਸਵਾੜਾ ਵਾਲੇ ਭਾਸ਼ਣ ਤੋਂ ਬਾਅਦ ਚੋਣ ਕਮਿਸ਼ਨ ਦੀ ਭੂਮਿਕਾ ਉੱਤੇ ਲਗਾਤਾਰ ਸਵਾਲ ਖੜ੍ਹੇ ਹੋ ਰਹੇ ਹਨ।
ਪ੍ਰਧਾਨ ਮੰਤਰੀ ਮੋਦੀ ਦੇ ਦਾਅਵਿਆਂ ਦਾ ਰਾਹੁਲ ਗਾਂਧੀ ਸਣੇ ਪਾਰਟੀ ਦੇ ਕਈ ਆਗੂਆਂ ਨੇ ਵਿਰੋਧ ਕੀਤਾ ਹੈ ਅਤੇ ਉਨ੍ਹਾਂ ਨੂੰ 'ਝੂਠਾ' ਦੱਸਿਆ ਹੈ।
ਕਾਂਗਰਸ ਇਸ ਮਾਮਲੇ ਵਿੱਚ ਚੋਣ ਕਮਿਸ਼ਨ ਕੋਲ ਵੀ ਗਈ ਹੈ। ਭਾਜਪਾ ਦੇ ਖ਼ਿਲਾਫ਼ ਚੋਣ ਜ਼ਾਬਤਾ ਦੀ ਉਲੰਘਣਾ ਨਾਲ ਜੁੜੀਆਂ 16 ਸ਼ਿਕਾਇਤਾਂ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਇੱਕ ਪੁਰਾਣੇ ਭਾਸ਼ਣ ਦਾ ਹਵਾਲਾ ਦਿੰਦਿਆਂ ਮੁਸਲਮਾਨਾਂ ਉੱਤੇ ਟਿੱਪਣੀ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੂੰ ‘ਘੁਸਪੈਠੀਏ’ ਅਤੇ ‘ਵੱਧ ਬੱਚੇ ਪੈਦਾ ਕਰਨ ਵਾਲਾ’ ਕਿਹਾ ਗਿਆ ਸੀ।
ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਨੇ ਮਨਮੋਹਨ ਸਿੰਘ ਦੇ ਜਿਸ 18 ਸਾਲ ਪੁਰਾਣੇ ਭਾਸ਼ਣ ਦਾ ਜ਼ਿਕਰ ਕੀਤਾ ਹੈ ਉਸ ਵਿੱਚ ਮਨਮੋਹਨ ਸਿੰਘ ਨੇ ਮੁਸਲਮਾਨਾਂ ਨੂੰ ਪਹਿਲਾ ਹੱਕ ਦੇਣ ਦੀ ਗੱਲ ਨਹੀਂ ਕੀਤੀ ਸੀ।
ਮਨਮੋਹਨ ਸਿੰਘ ਨੇ 2006 ਵਿੱਚ ਕਿਹਾ ਸੀ, “ਅਨੁਸੂਚਿਤ ਜਾਤਾਂ ਅਤੇ ਜਨਜਾਤੀਆਂ ਨੂੰ ਮੁੜ ਖੜ੍ਹਾ ਕਰਨ ਦੀ ਲੋੜ ਹੈ। ਨਵੀਆਂ ਯੋਜਨਾਵਾਂ ਲਿਆ ਇਹ ਯਕੀਨੀ ਬਣਾਉਣਾ ਪਵੇਗਾ ਕਿ ਘੱਟਗਿਣਤੀਆਂ ਦਾ ਅਤੇ ਖ਼ਾਸ ਕਰਕੇ ਮੁਸਲਮਾਨਾਂ ਦਾ ਭਲਾ ਹੋ ਸਕੇ, ਵਿਕਾਸ ਦਾ ਫਾਇਦਾ ਮਿਲ ਸਕੇ, ਇਨ੍ਹਾਂ ਸਾਰਿਆਂ ਦਾ ਸਰੋਤਾਂ ਉੱਤੇ ਪਹਿਲਾ ਦਾਅਵਾ ਹੋਣਾ ਚਾਹੀਦਾ ਹੈ।”
ਮਨਮੋਹਨ ਸਿੰਘ ਨੇ ਅੰਗ੍ਰੇਜ਼ੀ ਵਿੱਚ ਦਿੱਤੇ ਗਏ ਭਾਸ਼ਣ ਵਿੱਚ ਕਲੇਮ ਸ਼ਬਦ ਦੀ ਵਰਤੋਂ ਕੀਤੀ ਸੀ।
ਪੀਐੱਮ ਮੋਦੀ ਦੇ ਬਿਆਨ ਦਾ ਵਿਰੋਧ ਇਹ ਕਹਿ ਕੇ ਵੀ ਕੀਤਾ ਜਾ ਰਿਹਾ ਹੈ ਕਿ ਉਹ ਕਿਵੇਂ ਦੇਸ਼ ਦੇ ਤਕਰੀਬਨ 20 ਕਰੋੜ ਮੁਸਲਮਾਨਾਂ ਦੇ ਲਈ ‘ਘੁਸਪੈਠੀਆ’ ਸ਼ਬਦ ਦੀ ਵਰਤੋਂ ਕਰ ਸਕਦੇ ਹਨ।
ਸਿਆਸੀ ਸ਼ਿਕਾਇਤਾਂ ਤੋਂ ਇਲਾਵਾ 17 ਹਜ਼ਾਰ ਤੋਂ ਵੱਧ ਆਮ ਨਾਗਰਿਕਾਂ ਨੇ ਵੀ ਚੋਣ ਕਮਿਸ਼ਨ ਤੋਂ ਇਹ ਮੰਗ ਕੀਤੀ ਹੈ ਇਸ ‘ਹੇਟ ਸਪੀਚ’ ਦੇ ਲਈ ਪੀਐੱਮ ਮੋਦੀ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ।
ਇਸ ਸਾਰੇ ਵਿਰੋਧ ਦੇ ਕੇਂਦਰ ਵਿੱਚ ਇੱਕ ਵਾਰੀ ਫਿਰ ਚੋਣ ਕਮਿਸ਼ਨ ਦੀ ਭੂਮਿਕਾ ਉੱਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।

ਤਸਵੀਰ ਸਰੋਤ, X/Jairam Ramesh
ਚੋਣ ਕਮਿਸ਼ਨ ਦੀ ਭੂਮਿਕਾ ਅਤੇ ਭਾਜਪਾ ਦੇ ਖਿਲਾਫ਼ ਸ਼ਿਕਾਇਤਾਂ
ਲੋਕ ਸਭਾ ਚੋਣਾਂ 2024 ਦੇ ਤਹਿਤ ਦੇਸ਼ ਵਿੱਚ ਚੋਣ ਜ਼ਾਬਤਾ ਲੱਗਾ ਹੋਇਆ ਹੈ।
ਚੋਣ ਕਮਿਸ਼ਨ ਦੇ ਵੱਲੋਂ ਲਾਗੂ ਕੀਤੇ ਗਏ ਚੋਣ ਜ਼ਾਬਤੇ ਦੇ ਮੁਤਾਬਕ ਚੋਣ ਪ੍ਰਚਾਰ ਦੇ ਦੌਰਾਨ ਨਾ ਤਾਂ ਧਾਰਮਿਕ ਪ੍ਰਤੀਕਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਧਰਮ, ਸੰਪਰਦਾ ਅਤੇ ਜਾਤ ਦੇ ਅਧਾਰ ਉੱਤੇ ਵੋਟ ਪਾਉਣ ਦੀ ਅਪੀਲ ਕੀਤੀ ਜਾ ਸਕਦੀ ਹੈ।
ਚੋਣ ਜ਼ਾਬਤੇ ਦੇ ਮੁਤਾਬਕ ਕਿਸੇ ਵੀ ਧਾਰਮਿਕ ਜਾ ਜਾਤ ਸਮੂਹ ਦੇ ਖਿਲਾਫ਼ ਨਫ਼ਰਤ ਫੈਲਾਉਣ ਵਾਲੇ ਭਾਸ਼ਣ ਦੇਣ ਜਾਂ ਨਾਅਰੇ ਲਾਉਣ ਉੱਤੇ ਵੀ ਰੋਕ ਹੈ।
ਇਨ੍ਹਾਂ ਨਿਯਮਾਂ ਦਾ ਹਵਾਲਾ ਦਿੰਦਿਆਂ ਵਿਰੋਧੀ ਧਿਰ ਅਤੇ ਸੋਸ਼ਲ ਮੀਡੀਆ ਉੱਤੇ ਕੁਝ ਲੋਕ ਪੀਐੱਮ ਮੋਦੀ ਉੱਤੇ ਕਾਰਵਾਈ ਦੀ ਮੰਗ ਕਰ ਰਹੇ ਹਨ।
ਕਾਂਗਰਸੀ ਆਗੂਆਂ ਨੇ ਸੋਮਵਾਰ ਸ਼ਾਮ ਨੂੰ ਚੋਣ ਕਮਿਸ਼ਨ ਦਾ ਰੁਖ਼ ਕੀਤਾ।
ਜੈਰਾਮ ਰਮੇਸ਼ ਨੇ ਕਿਹਾ, ਅਸੀਂ ਜਨਪ੍ਰਤੀਨਿਧ ਕਾਨੂੰਨ 1951 ਬਾਰੇ ਸੁਪਰੀਮ ਕੋਰਟ ਦੇ ਫ਼ੈਸਲਿਆਂ ਅਤੇ ਚੋਣ ਜ਼ਾਬਤੇ ਦੀ ਉਲੰਘਣਾ ਵਾਲੀਆਂ 16 ਸ਼ਿਕਾਇਤਾਂ ਚੋਣ ਕਮਿਸ਼ਨ ਨੂੰ ਦਿੱਤੀਆਂ ਹਨ।
ਕਾਂਗਰਸ ਨੇ ਉਮੀਦ ਜਤਾਈ ਹੈ ਕਿ ਇਨ੍ਹਾਂ ਸ਼ਿਕਾਇਤਾਂ ਉੱਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ, ਇਹ ਸ਼ਿਕਾਇਤਾਂ 18 ਤੋਂ 22 ਅਪ੍ਰੈਲ ਵਿੱਚ ਦਰਜ ਕਰਵਾਈਆਂ ਗਈਆਂ ਹਨ।
ਚੋਣ ਕਮਿਸ਼ਨ ਕੋਲ ਗਈਆਂ ਮੁੱਖ ਸ਼ਿਕਾਇਤਾਂ

ਤਸਵੀਰ ਸਰੋਤ, Getty Images
- ਸਿੱਖਿਆ ਵਿਭਾਗ ਦੇ ਵੱਲੋਂ ਚੋਣ ਜ਼ਾਬਤੇ ਦੇ ਦੌਰਾਨ ਯੂਜੀਸੀ ਵਿੱਚ ਨਿਯੁਕਤ ਭਾਜਪਾ ਉਮੀਦਵਾਰ ਤਪਨ ਸਿੰਘ ਗੋਗੋਈ ਦਾ ਵੋਟਰਾਂ ਨੂੰ ਪੈਸੇ ਵੰਡਣਾ
- ਯੂਪੀ ਵਿੱਚ ਸਰਕਾਰੀ ਸਕੀਮ ਦੇ ਪ੍ਰਚਾਰ ਵਿੱਚ ਪੀਐੱਮ ਮੋਦੀ ਦੀ ਤਸਵੀਰ ਦੀ ਵਰਤੋਂ ਕਰਨਾ
- ਚੋਣ ਪ੍ਰਚਾਰ ਵਿੱਚ ਧਾਰਮਿਕ ਛਵੀਆਂ ਅਤੇ ਰਾਮ ਮੰਦਿਰ ਦੀ ਵਰਤੋਂ ਕਰਨਾ।
- ਕੇਰਲ ਵਿੱਚ ਮੌਕ ਚੋਣ ਦੇ ਦੌਰਾਨ ਈਵੀਐੱਮ ਮਸ਼ੀਨਾਂ ਵਿੱਚ ਗੜਬੜ
- ਚੋਣ ਮੁਹਿੰਮ ਦੌਰਾਨ ਫੌਜ ਦੀਆਂ ਤਸਵੀਰਾਂ ਦੀ ਭਾਜਪਾ ਵੱਲੋਂ ਵਰਤੋਂ
ਚੋਣ ਕਮਿਸ਼ਨ ਦੀ ਵਿਰੋਧੀ ਧਿਰਾਂ ਉੱਤੇ ਕਿਹੋ ਜਿਹੀ ਕਾਰਵਾਈ
ਚੋਣ ਕਮਿਸ਼ਨ ਦੇ ਵੱਲੋਂ ਇਨ੍ਹਾਂ ਸ਼ਿਕਾਇਤਾਂ ਉੱਤੇ ਹਾਲੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਇਸ ਦੇ ਨਾਲ ਹੀ ਚੋਣ ਕਮਿਸ਼ਨ ਦੇ ਵੱਲੋਂ ਪੀਐੱਮ ਮੋਦੀ ਦੇ ਬਿਆਨਾਂ 'ਤੇ ਕਿਸੇ ਤਰੀਕੇ ਦਾ ਨੋਟਿਸ ਦਿੱਤੇ ਜਾਣ ਜਾਂ ਕਾਰਵਾਈ ਕਰਨ ਦੀ ਜਾਣਕਾਰੀ ਵੀ ਸਾਹਮਣੇ ਨਹੀਂ ਆਈ ਹੈ।
ਇਸ ਤੋਂ ਪਹਿਲਾਂ ਬੀਤੇ ਮਹੀਨੇ ਮਾਰਚ ਵਿੱਚ ਟੀਐੱਮਸੀ ਵੱਲੋਂ ਸੰਸਦ ਮੈਂਬਰ ਸਾਕੇਤ ਗੋਖਲੇ ਨੇ ਚੋਣ ਕਮਿਸ਼ਨ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਖ਼ਿਲਾਫ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ।
ਸਾਕੇਤ ਗੋਖਲੇ ਨੇ ਕਿਹਾ ਸੀ ਕਿ ਪੀਐੱਮ ਮੋਦੀ ਨੇ ਚੋਣ ਰੈਲੀ ਵਿੱਚ ਹਿੱਸਾ ਲੈਣ ਦੇ ਲਈ ਹਵਾਈ ਫੌਜ ਦੇ ਹੈਲੀਕਾਪਟਰ ਦੀ ਵਰਤੋਂ ਕੀਤੀ ਹੈ।
ਟੀਐੱਮਸੀ ਦੀ ਇਸ ਸ਼ਿਕਾਇਤ ਉੱਤੇ ਚੋਣ ਕਮਿਸ਼ਨ ਦੇ ਵੱਲੋਂ ਕਿਸੇ ਤਰੀਕੇ ਦੀ ਕੋਈ ਵੀ ਕਾਰਵਾਈ ਕੀਤੇ ਜਾਣ ਦੀ ਗੱਲ ਸਾਹਮਣੇ ਨਹੀਂ ਆਈ ਹੈ।
ਕੁਝ ਲੋਕ ਭਾਜਪਾ ਦੇ ਮਾਮਲਿਆਂ ਵਿੱਚ ਚੋਣ ਕਮਿਸ਼ਨ ਦੀ ਇਸ ਢਿੱਲੀ ਕਾਰਜਗੁਜ਼ਾਰੀ ਨੂੰ ਵਿਰੋਧੀਆਂ ਦੇ ਮਾਮਲੇ ਵਿੱਚ ਵੱਧ ਸਰਗਰਮੀ ਦਿਖਾਏ ਜਾਣ ਨਾਲ ਜੋੜ ਕੇ ਵੇਖ ਰਹੇ ਹਨ।

ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਦੇ ਮੁਤਾਬਕ ਨਵੰਬਰ 2023 ਵਿੱਚ ਰਾਹੁਲ ਗਾਂਧੀ ਨੇ ਜਦੋਂ ਬਿਨਾ ਨਾਮ ਲਏ ਪ੍ਰਧਾਨ ਮੰਤਰੀ ਮੋਦੀ ਦੇ ਲਈ ‘ਪਨੌਤੀ’ ਸ਼ਬਦ ਦੀ ਵਰਤੋਂ ਕੀਤੀ ਸੀ ਉਦੋਂ ਚੋਣ ਕਮਿਸ਼ਨ ਨੇ ਰਾਹੁਲ ਗਾਂਧੀ ਨੂੰ ਨੋਟਿਸ ਜਾਰੀ ਕੀਤਾ ਸੀ।
ਹਾਲ ਹੀ ਵਿੱਚ ਕਾਂਗਰਸੀ ਆਗੂ ਰਣਦੀਪ ਸੂਰਜੇਵਾਲਾ ਨੇ ਹੇਮਾ ਮਾਲਿਨੀ ਉੱਤੇ ਜਿਹੜੀ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਇਸ ਦੀ ਸ਼ਿਕਾਇਤ ਮਿਲਣ ਉੱਤੇ ਚੋਣ ਕਮਿਸ਼ਨ ਨੇ ਉਨ੍ਹਾਂ ਦੇ ਚੋਣ ਪ੍ਰਚਾਰ ਕਰਨ ਉੱਤੇ 48 ਘੰਟਿਆਂ ਦੀ ਰੋਕ ਲਗਾਈ ਸੀ।
ਹਾਲਾਂਕਿ 16 ਅਪ੍ਰੈਲ ਨੂੰ ਚੋਣ ਕਮਿਸ਼ਨ ਨੇ ਚੋਣ ਜ਼ਾਬਤਾ ਲੱਗਣ ਦਾ ਇੱਕ ਮਹੀਨਾ ਪੂਰਾ ਹੋਣ ਉੱਤੇ ਬਿਆਨ ਜਾਰੀ ਕੀਤਾ ਸੀ।
ਚੋਣ ਕਮਿਸ਼ਨ ਦੇ ਮੁਤਾਬਕ ਕਰੀਬ 200 ਸ਼ਿਾਇਤਾਂ ਚੋਣ ਕਮਿਸ਼ਨ ਦੇ ਕੋਲ ਆਈਆਂ ਹਨ। ਇਨ੍ਹਾਂ ਵਿੱਚੋਂ 169 ਉੱਤੇ ਕਾਰਵਾਈ ਹੋਈ ਹੈ।ਭਾਜਪਾ ਵੱਲੋਂ ਜਿਹੜੀਆਂ 51 ਸ਼ਿਕਾਇਤਾਂ ਕਰਵਾਈਆਂ ਗਈਆਂ ਉਨ੍ਹਾਂ ਵਿੱਚੋਂ 38 ਉੱਤੇ ਕਾਰਵਾਈ ਹੋਈ ਹੈ।
ਕਾਂਗਰਸ ਦੇ ਵੱਲੋਂ 59 ਸ਼ਿਕਾਇਤਾਂ ਆਈਆਂ, ਜਿਨ੍ਹਾਂ ਵਿੱਚ 51 ਮਾਮਲਿਆਂ ਵਿੱਚ ਕਾਰਵਾਈ ਕੀਤੀ ਗਈ ਹੈ।
ਦੂਜੇ ਸਿਆਸੀ ਦਲਾਂ ਦੇ ਵੱਲੋਂ 90 ਸ਼ਿਕਾਇਤਾਂ ਆਈਆਂ ਜਿਨ੍ਹਾਂ ਵਿੱਚ 80 ਮਾਮਲਿਆਂ ਵਿੱਚ ਕਾਰਵਾਈ ਕੀਤੀ ਗਈ ਹੈ।
ਚੋਣ ਕਮਿਸ਼ਨ ਦੇ ਵੱਲੋਂ ਕਾਂਗਰਸ, ਆਮ ਆਦਮੀ ਪਾਰਟੀ ਦੀਆਂ ਸ਼ਿਕਾਇਤਾਂ ਉੱਤੇ ਕਾਰਵਾਈ ਕਰਨ ਦੀ ਗੱਲ ਵੀ ਕਹੀ ਗਈ ਹੈ।
ਇਨ੍ਹਾਂ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਵੱਟਸਐਪ ਉੱਤੇ ਸਰਕਾਰ ਦੇ ਵੱਲੋਂ ਵਿਕਸਿਤ ਭਾਰਤ ਦਾ ਸੁਨੇਹਾ ਭੇਜਣ ਉੱਤੇ ਰੋਕ ਲਗਾਉਣਾ, ਕਾਂਗਰਸ ਦੀ ਸ਼ਿਕਾਇਤ ਉੱਤੇ ਹਾਈਵੇ, ਪੈਟ੍ਰੋਲ ਪੰਪ ਜਿਹੀਆਂ ਥਾਵਾਂ ਉੱਤੇ ਨਿਯਮਾਂ ਦੇ ਮੁਤਾਬਕ ਪ੍ਰਚਾਰ ਕਰਨ ਜਿਹੇ ਨਿਰਦੇਸ਼ ਦੇਣ ਦੀ ਗੱਲ ਦੱਸੀ ਗਈ ਹੈ।
ਜਦੋਂ ਚੋਣ ਕਮਿਸ਼ਨ ਦੇ ਦਿਖਾਈ ਸਖ਼ਤੀ

ਤਸਵੀਰ ਸਰੋਤ, Getty Images
ਇਹ ਵਾਕਿਆ 1984 ਦਾ ਹੈ ਜਦੋਂ ਭੜਕਾਊ ਭਾਸ਼ਣ ਦੇ ਲਈ ਸ਼ਿਵ ਸੈਨਾ ਦੇ ਸੰਸਥਾਪਕ ਬਾਲ ਠਾਕਰੇ ਉੱਤੇ ਛੇ ਸਾਲ ਦੇ ਲਈ ਚੋਣ ਲੜਨ ਅਤੇ ਵੋਟ ਦੇਣ ਉੱਤੇ ਪਾਬੰਦੀ ਲਗਾ ਦਿੱਤੀ ਸੀ।
ਚੋਣ ਕਮਿਸ਼ਨ ਦੀ ਸਿਫ਼ਾਰਿਸ਼ ਕਰਨ ਉੱਤੇ ਤੱਤਕਾਲੀ ਰਾਸ਼ਟਰਪਤੀ ਕੇਆਰ ਨਰਾਇਣਨ ਨੇ 1999 ਵਿੱਚ 6 ਸਾਲਾਂ ਦੇ ਲਈ ਬਾਲ ਠਾਕਰੇ ਦੇ ਵੋਟ ਦੇ ਅਧਿਕਾਰ ਉੱਤੇ ਰੋਕ ਲਗਾ ਦਿੱਤੀ ਸੀ।
ਚੋਣ ਪ੍ਰਚਾਰ ਦੇ ਦੌਰਾਨ ਬਾਲ ਠਾਕਰੇ ਨੇ ਕਿਹਾ ਸੀ ਕਿ ‘ਮੈਨੂੰ ਮੁਸਲਮਾਨਾਂ ਦੀਆਂ ਵੋਟਾਂ ਨਹੀਂ ਚਾਹੀਦੀਆਂ।’
ਇਸ ਬਿਆਨ ਦੇ ਕਾਰਨ ਉਨ੍ਹਾਂ ਨੂੰ ਸਜ਼ਾ ਮਿਲੀ ਸੀ।
ਪੀਐੱਮ ਮੋਦੀ ਦੇ ਭਾਸ਼ਣ ਉੱਤੇ ਜਾਣਕਾਰਾਂ ਦੀ ਰਾਇ

ਤਸਵੀਰ ਸਰੋਤ, Getty Images
ਚੋਣਾਂ ਉੱਤੇ ਨਿਗਾਹ ਰੱਖਣ ਵਾਲੀ ਸੰਸਥਾ ਏਡੀਆਰ ਦੇ ਪ੍ਰੋਫ਼ੈਸਰ ਜਗਦੀਪ ਛੋਕਰ ਨੇ ਇੱਕ ਚਿੱਠੀ ਵਿੱਚ ਚੋਣ ਕਮਿਸ਼ਨ ਨੂੰ ਲਿਖਿਆ ਕਿ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ ਚੋਣ ਜ਼ਾਬਤੇ ਅਤੇ ਲੋਕ ਪ੍ਰਤਿਨਿਧਤਾ ਐਕਟ 1995 ਦੀ ਧਾਰਾ 123(3), 123(ਏ), ਅਤੇ 125 ਅਤੇ ਭਾਰਤੀ ਦੰਡਾਵਲੀ ਦੀ ਧਾਰਾ(ਆਈਪੀਸੀ) ਦੀ ਧਾਰਾ 153(ਏ) ਦੀ ਉਲੰਘਣਾ ਹੈ ਅਤੇ ਉਨ੍ਹਾਂ ਨੇ ਜਲਦੀ ਕਾਰਵਾਈ ਦੀ ਮੰਗ ਕੀਤੀ ਹੈ।
ਸੀਐੱਸਡੀਐੱਸ ਦੇ ਹਿਲਾਲ ਅਹਿਮਦ ਦੇ ਮੁਤਾਬਕ ਇਹ ਭਾਸ਼ਣ ਪ੍ਰਧਾਨ ਮੰਤਰੀ ਦੇ ਪਹਿਲਾਂ ਦਿੱਤੇ ਭਾਸ਼ਣਾ ਜਿਹਾ ਨਹੀਂ ਹੈ।
ਉਹ ਕਹਿੰਦੇ ਹਨ, “ਪ੍ਰਧਾਨ ਮੰਤਰੀ ਮੋਦੀ ਪਹਿਲਾਂ ਵੀ ਹਿੰਦੂ, ਹਿੰਦੁਤਵ, ਮੁਸਲਮਾਨ ਜਿਹੇ ਸ਼ਬਦਾਂ ਦੀ ਵਰਤੋਂ ਬਾਰੇ ਕਾਫੀ ਸਾਵਧਾਨ ਰਹੇ ਹਨ, ਆਪਣੇ 10 ਸਾਲਾਂ ਦੇ ਕਾਰਜਕਾਲ ਵਿੱਚ ਉਨ੍ਹਾਂ ਨੇ ਤਿੰਨ ਜਾਂ ਚਾਰ ਵਾਰੀ ਹਿੰਦੁਤਵ ਜਾਂ ਮੁਸਲਿਮ ਸ਼ਬਦਾ ਦੀ ਵਰਤੋਂ ਕੀਤੀ ਗਈ ਹੈ ਪਰ ਅਜਿਹਾ ਨਹੀਂ ਹੈ ਕਿ ਉਹ ਆਪਣੇ ਵੋਟਰਾਂ ਨੂੰ ਇਸ਼ਾਰਾ ਨਹੀਂ ਦਿੰਦੇ ਹਨ ਕਿ ਉਹ ਕੀ ਕਹਿਣਾ ਚਾਹ ਰਹੇ ਹਨ।”
ਉਹ ਦੱਸਦੇ ਹਨ, “ਭਾਜਪਾ ਦੇ ਤਿੰਨ ਤਰੀਕੇ ਦੇ ਵੋਟਰ ਹਨ, ਪਹਿਲੇ ਪੱਕੇ ਵੋਟਰ, ਦੂਜੇ ਜਿਹੜੇ ਪਹਿਲਾਂ ਦੂਜੀ ਪਾਰਟੀਆਂ ਨੂੰ ਵੋਟ ਦਿੰਦੇ ਸਨ ਅਤੇ ਹੁਣ ਭਾਜਪਾ ਨੂੰ ਵੋਟ ਦਿੰਦੇ ਹਨ ਅਤੇ ਤੀਜੇ ਫਲੋਟਿੰਗ ਵੋਟਰ ਜੋ ਕਿਸੇ ਨੂੰ ਵੀ ਵੋਟ ਦਿੰਦੇ ਹਨ।”
ਉਨ੍ਹਾਂ ਅੱਗੇ ਕਿਹਾ, “ਮੋਦੀ ਇਸ ਤਰੀਕੇ ਨਾਲ ਆਪਣੀ ਗੱਲ ਰੱਖਦੇ ਹਨ ਤਾਂ ਜੋ ਉਨ੍ਹਾਂ ਦੀ ਗੱਲ ਹਰ ਤਰ੍ਹਾਂ ਦੇ ਵੋਟਰਾਂ ਤੱਕ ਪਹੁੰਚੇ, ਅਜਿਹੇ ਮਹੱਤਵਪੂਰਨ ਸਮੇਂ ਜਦੋਂ ਵੋਟਿੰਗ ਫ਼ੀਸਦ ਘਟੀ ਹੈ ਪ੍ਰਧਾਨ ਮੰਤਰੀ ਮੋਦੀ ਦਾ ਇਹ ਭਾਸ਼ਣ ਦਰਸਾਉਂਦਾ ਹੈ ਕਿ ਪਾਰਟੀ ਆਪਣੀ ਮੂਲ ਸਿਆਸਤ ਵੱਲ ਜਾ ਰਹੀ ਹੈ ਅਤੇ ਇਹ ਆਪਣੇ ਆਪ ਵਿੱਚ ਬੇਹੱਦ ਰੋਚਕ ਹੈ, ਇਹ ਇਸ ਨੂੰ ਇੱਕ ਤਰ੍ਹਾਂ ਦੇਖਣ ਦਾ ਤਰੀਕਾ ਹੈ।”
ਹਿਲਾਲ ਅਹਿਮਦ ਦੇ ਮੁਤਾਬਕ, “ਭਾਜਪਾ ਦੇ ਮੈਨੀਫ਼ੈਸਟੋ ਵਿੱਚ ਵੈੱਲਫੇਅਰ ਸਕੀਮਾਂ ਹਨ, ਵਿਕਾਸ ਦੀਆਂ ਯੋਜਨਾਵਾਂ ਹਨ ਪਰ ਹਿੰਦੁਤਵ ਦਾ ਜ਼ਿਆਦਾ ਜ਼ਿਕਰ ਨਹੀ ਹੈ ਅਤੇ ਇਸ ਤਾਜ਼ਾ ਭਾਸ਼ਣ ਦਾ ਬਚੀ ਹੋਈ ਵੋਟਿੰਗ ਉੱਤੇ ਗਹਿਰਾ ਅਸਰ ਪਵੇਗਾ।”

ਤਸਵੀਰ ਸਰੋਤ, Getty Images
ਵਿਰੋਧੀ ਧਿਰ ਦੇ ਆਗੂ ਕੀ ਬੋਲੇ
ਪੀਐੱਮ ਦੇ ਇਸ ਭਾਸ਼ਣ ਉੱਤੇ ਵਿਰੋਧੀ ਧਿਰ ਦੇ ਆਗੂਆਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।
ਕਾਂਗਰਸ ਦੇ ਮੁਖੀ ਮਲਿਕਾਰਜੁਨ ਖੜਗੇ ਨੇ ਕਿਹਾ, “ਮੋਦੀ ਜੀ ਨੇ ਜੋ ਕਿਹਾ ਉਹ ਹੇਟ ਸਪੀਚ ਹੈ, ਧਿਆਨ ਭਟਕਾਉਣ ਦੀ ਸੋਚੀ ਸਮਝੀ ਚਾਲ ਹੈ, ਸਾਡਾ ਘੋਸ਼ਣਾ ਪੱਤਰ ਹਰੇਕ ਭਾਰਤੀ ਦੇ ਲਈ ਹੈ, ਇਹ ਸਾਰਿਆਂ ਦੀ ਬਰਾਬਰੀ ਦੀ ਗੱਲ ਕਰਦਾ ਹੈ, ਸਾਰਿਆਂ ਦੇ ਲਈ ਨਿਆਂ ਦੀ ਗੱਲ ਕਰਦਾ ਹੈ, ਕਾਂਗਰਸ ਦਾ ਨਿਆਂ ਪੱਤਰ ਸੱਚ ਦੀ ਬੁਨਿਆਦ ਉੱਤੇ ਟਿਕਿਆ ਹੈ।”
ਖੱਬੇ ਪੱਖੀ ਆਗੂ ਸੀਤਾਰਾਮ ਯੇਚੁਰੀ ਨੇ ਕਿਹਾ, “ਇਹ ਭਿਆਨਕ ਹੈ, ਚੋਣ ਕਮਿਸ਼ਨ ਦਾ ਚੁੱਪ ਰਹਿਣਾ ਹੋਰ ਭਿਆਨਕ ਹੈ, ਮੋਦੀ ਦਾ ਭੜਕਾਉਣ ਵਾਲਾ ਭਾਸ਼ਣ ਚੋਣ ਜ਼ਾਬਤੇ ਅਤੇ ਸੁਪਰੀਮ ਕੋਰਟ ਦੇ ਹੇਟ ਸਪੀਚ ਬਾਰੇ ਫ਼ੈਸਲਿਆਂ ਦਾ ਉਲੰਘਣ ਹੈ।”
ਭਾਰਤੀ ਕਮਿਊਨਿਸਟ ਪਾਰਟੀ(ਮਾਲੇ) ਨੇ ਕਿਹਾ, “ਪ੍ਰਧਾਨ ਮੰਤਰੀ ਦਾ ਭਾਸ਼ਣ ਬੇਹੱਦ ਜ਼ਹਿਰੀਲਾ, ਫ਼ਿਰਕੂਵਾਦ ਅਤੇ ਨਫ਼ਰਤ ਨਾਲ ਭਰਿਆ ਹੋਇਆ ਹੈ, ਇਸ ਮਕਸਦ ਭਾਰਤ ਦੀ ਜਨਤਾ ਵਿੱਚ ਧਰਮ ਦੇ ਅਧਾਰ ਉੱਤੇ ਦੁਸ਼ਮਣੀ ਨੂੰ ਵਧਾਉਣਾ ਹੈ।”
ਭਾਜਾਪ ਦੇ ਬੁਲਾਰੇ ਗੌਰਵ ਭਾਟੀਆ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ, “ਇੰਡੀਆ ਅਲਾਇੰਸ ਦੇ ਲਈ ਜੋ ਭਾਰਤ ਵਿੱਚ ਗ਼ੈਰ ਕਾਨੂੰਨੀ ਢੰਗ ਨਾਲ ਵੜਦੇ ਹਨ ਉਹ ਦੇਸ਼ ਦੀ ਜਨਤਾ ਤੋਂ ਵੱਧ ਮਹੱਤਵਪੂਰਨ ਹਨ, ਜੇਕਰ ਉਹ ਮੁਸਲਮਾਨ ਹੋਣ ਤਾਂ ਬਿਨਾ ਲੁਕਾਏ ਇਹ ਗੱਲ ਕਹਿਣ ਦੇ ਲਈ ਬਹੁਤ ਹਿੰਮਤ ਚਾਹੀਦੀ ਹੈ।”












