ਗੁਆਂਢੀ ਦੇਸ਼ ਭਾਰਤੀ ਕ੍ਰਿਕਟ ਬੋਰਡ ਤੋਂ ਨਾਖ਼ੁਸ਼ ਕਿਉਂ ਨਜ਼ਰ ਆ ਰਹੇ ਹਨ?

ਜੈ ਸ਼ਾਹ ਤੇ ਰਾਜੀਵ ਸ਼ੁਕਲਾ

ਤਸਵੀਰ ਸਰੋਤ, INDRANIL MUKHERJEE/AFP via Getty Images

ਤਸਵੀਰ ਕੈਪਸ਼ਨ, ਬੀਸੀਸੀਆਈ ਦੇ ਜਨਰਲ ਸਕੱਤਰ ਜੈ ਸ਼ਾਹ ਤੇ ਉੱਪ ਪ੍ਰਧਾਨ ਰਾਜੀਵ ਸ਼ੁਕਲਾ
    • ਲੇਖਕ, ਜਾਹਨਵੀ ਮੂਲੇ
    • ਰੋਲ, ਬੀਬੀਸੀ ਪੱਤਰਕਾਰ

ਵਨਡੇ ਵਿਸ਼ਵ ਕੱਪ ਖ਼ਤਮ ਹੋ ਗਿਆ। ਭਾਰਤ ਹੱਥ ਟਰਾਫੀ ਨਹੀਂ ਆਈ ਪਰ ਇਸ ਦੀ ਟੀਮ ਦਾ ਦਬਦਬਾ ਸਾਰੇ ਪਾਸੇ ਰਿਹਾ।

ਜਿੱਥੇ ਟੂਰਨਾਮੈਂਟ ਨੇ ਕ੍ਰਿਕਟ ਦੇ ਮੈਦਾਨ 'ਤੇ ਭਾਰਤੀਆਂ ਅਤੇ ਆਸਟ੍ਰੇਲੀਆਈਆ ਦੀ ਤਾਕਤ ਦਾ ਪ੍ਰਦਰਸ਼ਨ ਕੀਤਾ, ਉੱਥੇ ਇਸ ਨੇ ਕ੍ਰਿਕਟ ਭਾਈਚਾਰੇ ਦੇ ਅੰਦਰ ਕੁਝ ਦਰਾਰਾਂ ਅਤੇ ਫ਼ਾਸਲੇ ਵੀ ਸਾਹਮਣੇ ਲਿਆਂਦੇ।

ਭਾਰਤੀ ਕ੍ਰਿਕਟ ਬੋਰਡ ਨੂੰ ਤਾਂ ਖ਼ਾਸ ਤੌਰ ’ਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਇਸ ਨਾਲ ਸਵਾਲ ਉੱਠਦਾ ਹੈ ਕਿ ਕੀ ਭਾਰਤ ਦੇ ਗੁਆਂਢੀ ਦੇਸ਼ ਬੀਸੀਸੀਆਈ ਤੋਂ ਨਾਖੁਸ਼ ਹਨ?

ਅਫ਼ਗਾਨਿਸਤਾਨ ਅਤੇ ਨੇਪਾਲ ਨੂੰ ਛੱਡ ਕੇ, ਤਿੰਨ ਹੋਰ ਪ੍ਰਮੁੱਖ ਦੱਖਣ ਏਸ਼ੀਆਈ ਦੇਸ਼ਾਂ ਜਿਵੇਂ ਪਾਕਿਸਤਾਨ, ਸ਼੍ਰੀਲੰਕਾ ਅਤੇ ਬੰਗਲਾਦੇਸ਼ ਦੇ ਸਾਬਕਾ ਖਿਡਾਰੀਆਂ ਅਤੇ ਪ੍ਰਸ਼ਾਸਕਾਂ ਨੇ ਹਾਲ ਹੀ ਵਿੱਚ ਭਾਰਤੀ ਕ੍ਰਿਕਟ ਬੋਰਡ ਪ੍ਰਤੀ ਆਪਣੀ ਨਾਖੁਸ਼ੀ ਜ਼ਾਹਰ ਕੀਤੀ ਹੈ।

ਇੱਕ ਨਜ਼ਰ ਉਸ ਸਭ ’ਤੇ ਮਾਰਦੇ ਹਾਂ ਜੋ ਕੁਝ ਇਸ ਦੌਰਾਨ ਵਾਪਰਿਆ।

ਵਿਸ਼ਵ ਕੱਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਸ਼ਵ ਕੱਪ ਦੌਰਾਨ ਭਾਰਤੀ ਦਰਸ਼ਕ

ਰਣਤੁੰਗਾ ਨੇ ਜੈ ਸ਼ਾਹ ਦੀ ਨਿੰਦਾ ਕੀਤੀ

ਹਾਲ ਹੀ ਵਿੱਚ ਸ਼੍ਰੀਲੰਕਾ ਦੇ ਸਾਬਕਾ ਕ੍ਰਿਕਟਰ ਅਰਜੁਨ ਰਣਤੁੰਗਾ ਨੇ ਬੀਸੀਸੀਆਈ ਸਕੱਤਰ ਜੈ ਸ਼ਾਹ ਉੱਤੇ ਸ਼੍ਰੀਲੰਕਾ ਕ੍ਰਿਕਟ ਬੋਰਡ (ਐੱਸਐੱਲਸੀ) ਦੇ ਮਾਮਲਿਆਂ ਨੂੰ ਪ੍ਰਭਾਵਿਤ ਕਰਨ ਦੇ ਇਲਜ਼ਾਮ ਲਾਏ ਸਨ।

ਉਸ ਸਮੇਂ ਸ਼੍ਰੀਲੰਕਾ ਸਰਕਾਰ ਨੇ ਰਸਮੀ ਤੌਰ ’ਤੇ ਸਪੱਸ਼ਟੀਕਰਨ ਜਾਰੀ ਕੀਤਾ ਹੈ।

ਐੱਸਐੱਲਸੀ ਕੁਝ ਸਮੇਂ ਤੋਂ ਦਿੱਕਤਾਂ ਦਾ ਸਾਹਮਣਾ ਕਰ ਰਹੀ ਹੈ। ਪਰ ਵਿਸ਼ਵ ਕੱਪ ਵਿੱਚ ਉਨ੍ਹਾਂ ਦੀ ਟੀਮ ਦੀ ਹਾਰ ਤੋਂ ਬਾਅਦ, ਰੌਲਾ ਪਿਆ ਅਤੇ ਸਰਕਾਰੀ ਦਖਲਅੰਦਾਜ਼ੀ ਦਾ ਨਤੀਜਾ ਇਹ ਨਿਕਲਿਆ ਕਿ ਆਈਸੀਸੀ ਨੇ ਸ਼੍ਰੀਲੰਕਾ ਬੋਰਡ ਨੂੰ ਸਾਰੇ ਕ੍ਰਿਕਟ ਮਾਮਲਿਆਂ ਤੋਂ ਮੁਅੱਤਲ ਕਰ ਦਿੱਤਾ ਹੈ।

ਪੂਰੇ ਮਾਮਲੇ 'ਤੇ ਟਿੱਪਣੀ ਕਰਦਿਆਂ ਰਣਤੁੰਗਾ ਨੇ ਕਿਹਾ, "ਐੱਸਐੱਲਸੀ ਅਧਿਕਾਰੀਆਂ ਅਤੇ ਜੈ ਸ਼ਾਹ ਦੇ ਵਿਚਕਾਰ ਸਬੰਧਾਂ ਦੇ ਕਾਰਨ, ਉਹ (ਬੀਸੀਸੀਆਈ) ਇਸ ਪ੍ਰਭਾਵ ਵਿੱਚ ਹਨ ਕਿ ਐੱਸਐੱਲਸੀ ਉਨ੍ਹਾਂ ਦੇ ਕੰਟਰੋਲ ਵਿੱਚ ਹੈ ਅਤੇ ਉਹ ਇਸ ਨੂੰ ਕੁਚਲ ਸਕਦੇ ਹਨ।"

“ਜੈ ਸ਼ਾਹ ਸ਼੍ਰੀਲੰਕਾ ਕ੍ਰਿਕਟ ਬੋਰਡ ਚਲਾ ਰਿਹਾ ਹੈ। ਜੈ ਸ਼ਾਹ ਦੇ ਦਬਾਅ ਕਾਰਨ ਐੱਸਐੱਲਸੀ ਬਰਬਾਦ ਹੋ ਰਹੀ ਹੈ।”

“ਭਾਰਤ ਵਿੱਚ ਇੱਕ ਵਿਅਕਤੀ ਸ਼੍ਰੀਲੰਕਾ ਕ੍ਰਿਕਟ ਨੂੰ ਬਰਬਾਦ ਕਰ ਰਿਹਾ ਹੈ। ਤੇ ਉਹ ਸਿਰਫ ਆਪਣੇ ਪਿਤਾ, ਜੋ ਭਾਰਤ ਦੇ ਗ੍ਰਹਿ ਮੰਤਰੀ ਹਨ, ਦੇ ਕਾਰਨ ਤਾਕਤਵਰ ਹਨ।''

ਜ਼ਿਕਰਯੋਗ ਹੈ ਕਿ ਸ਼ਾਹ ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਧਾਨ ਵੀ ਹਨ।

ਰਣਤੁੰਗਾ ਦੀਆਂ ਟਿੱਪਣੀਆਂ ਤੋਂ ਫ਼ੌਰਨ ਬਾਅਦ ਸ਼੍ਰੀਲੰਕਾ ਸਰਕਾਰ ਨੇ ਰਸਮੀ ਮੁਆਫੀ ਮੰਗ ਲਈ ਸੀ।

ਉਨ੍ਹਾਂ ਦੀ ਮੰਤਰੀ ਕੰਚਨਾ ਵਿਜੇਸੇਕਰਾ ਨੇ ਇਸ ਮਾਮਲੇ ਨੂੰ ਸੰਸਦ 'ਚ ਵਿੱਚ ਉਠਾਇਆ ਸੀ।

ਉਨ੍ਹਾਂ ਨੇ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸੰਸਥਾਵਾਂ ਦੀਆਂ ਘਾਟਾਂ ਲਈ ਇਲਜ਼ਾਮ ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਧਾਨ ਜਾਂ ਹੋਰ ਦੇਸ਼ਾਂ ਸਿਰ ਨਹੀਂ ਮੜ੍ਹਿਆ ਜਾ ਸਕਦਾ।

ਕ੍ਰਿਕਟ ਪ੍ਰਸ਼ੰਸਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ-ਆਸਟ੍ਰੇਲੀਆ ਦਰਮਿਆਨ ਫ਼ਾਈਨਲ ਮੁਕਾਬਲਾ ਦੇਖਣ ਪਹੁੰਚੇ ਕ੍ਰਿਕਟ ਪ੍ਰਸ਼ੰਸਕ

'ਆਈਸੀਸੀ ਵਿਸ਼ਵ ਕੱਪ ਜੋ ਬੀਸੀਸੀਆਈ ਦਾ ਟੂਰਨਾਮੈਂਟ ਲੱਗਿਆ?'

ਆਮ ਤੌਰ 'ਤੇ ਆਈਸੀਸੀ ਵਿਸ਼ਵ ਕੱਪ ਵਿੱਚ, ਦੁਨੀਆ ਭਰ ਦੇ ਪ੍ਰਸ਼ੰਸਕ ਵੱਡੀ ਗਿਣਤੀ ਵਿੱਚ ਆਪਣੀਆਂ ਟੀਮਾਂ ਦਾ ਸਮਰਥਨ ਕਰਨ ਲਈ ਆਉਂਦੇ ਹਨ।

ਪਰ ਕਿਉਂਕਿ ਬਹੁਤ ਸਾਰੇ ਪਾਕਿਸਤਾਨੀ ਪ੍ਰਸ਼ੰਸਕਾਂ ਨੂੰ ਵੀਜ਼ਾ ਨਹੀਂ ਮਿਲ ਸਕਿਆ ਇਸ ਲਈ ਉਹ ਆਪਣੀ ਟੀਮ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਨਹੀਂ ਆ ਸਕੇ।

14 ਅਕਤੂਬਰ ਨੂੰ ਜਦੋਂ ਭਾਰਤ-ਪਾਕਿਸਤਾਨ ਦਰਮਿਆਨ ਮੈਚ ਹੋਇਆ ਤਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ 'ਨੀਲੇ ਰੰਗ ਦਾ ਸੈਲਾਬ' ਗਿਆ ਲੱਗਦਾ ਸੀ, ਭਾਰਤੀ ਟੀਮ ਦੇ ਪ੍ਰਸ਼ੰਸਕ ਨੀਲੀਆਂ ਜਰਸੀਆ ਪਹਿਨਕੇ ਟੀਮ ਦੇ ਸਮਰਥਨ ਵਿੱਚ ਪਹੁੰਚੇ ਸਨ।

ਖੇਡ 'ਤੇ ਟਿੱਪਣੀ ਕਰਦੇ ਹੋਏ, ਪਾਕਿਸਤਾਨ ਦੀ ਟੀਮ ਦੇ ਨਿਰਦੇਸ਼ਕ ਮਿਕੀ ਆਰਥਰ ਨੇ ਕਿਹਾ ਸੀ, "ਇਮਾਨਦਾਰੀ ਨਾਲ ਕਹਾਂ ਤਾਂ ਇਸ ਵਿੱਚ ਆਈਸੀਸੀ ਈਵੈਂਟ ਵਰਗਾ ਨਹੀਂ ਲੱਗਦਾ ਸੀ।"

“ਇਹ ਇੱਕ ਦੁਵੱਲੀ ਲੜੀ ਵਾਂਗ ਲੱਗ ਰਿਹਾ ਸੀ, ਯਾਨੀ ਬੀਸੀਸੀਆਈ ਈਵੈਂਟ ਵਰਗਾ ਸੀ।”

ਵਿਸ਼ਵ ਕੱਪ
ਤਸਵੀਰ ਕੈਪਸ਼ਨ, ਵਿਸ਼ਵ ਕੱਪ ਦੌਰਾਨ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਪਹਿਲੇ ਪੰਜ ਖਿਡਾਰੀਆਂ ਵਿੱਚ ਤਿੰਨ ਭਾਰਤੀ ਹਨ

ਆਰਥਰ ਨੇ ਪਾਕਿਸਤਾਨ ਵਿੱਚ ਖੇਡਾਂ ਲਈ ਕੌਮੀ ਤਰਾਨਾ ਬਣ ਚੁੱਕੇ ਗੀਤ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ, "ਮੈਂ 'ਦਿਲ ਦਿਲ ਪਾਕਿਸਤਾਨ' ਨੂੰ ਮਾਈਕ੍ਰੋਫੋਨਾਂ ਰਾਹੀਂ ਬਹੁਤਾ ਨਹੀਂ ਸੁਣਿਆ।"

ਕੁਝ ਦਿਨਾਂ ਬਾਅਦ, ਜਦੋਂ ਪਾਕਿਸਤਾਨ ਅਫ਼ਗਾਨਿਸਤਾਨ ਤੋਂ ਹਾਰ ਗਿਆ, ਇੰਗਲੈਂਡ ਦੇ ਸਾਬਕਾ ਕਪਤਾਨ ਨੇ ਕਿਹਾ, 'ਮੇਰਾ ਮੰਨਣਾ ਹੈ 'ਦਿਲ ਦਿਲ' ਪਾਕਿਸਤਾਨ ਚੇਨਈ ਵਿੱਚ ਨਹੀਂ ਵਾਪਰ ਸਕਿਆ।'

ਇਸ ਤੋਂ ਇਲਾਵਾ, ਕੁਝ ਸਾਬਕਾ ਪਾਕਿਸਤਾਨੀ ਕ੍ਰਿਕਟਰਾਂ ਨੇ ਵੀ ਟਾਸ ਜਾਂ ਪਿੱਚ ਦੇ ਆਲੇ-ਦੁਆਲੇ ‘ਸਾਜ਼ਿਸ਼ ਦੇ ਸਿਧਾਂਤ’ ਦੀ ਸੰਭਾਵਨਾ ਬਾਰੇ ਗੱਲ ਕੀਤੀ ਸੀ ਅਤੇ ਭਾਰਤ 'ਤੇ ਇਲਜ਼ਾਮ ਲਗਾਇਆ ਸੀ ਕਿ ਉਹ ਨਾਜਾਇਜ਼ ਫ਼ਾਇਦਾ ਚੁੱਕ ਰਹੇ ਹਨ। ਹਾਲਾਂਕਿ ਇਨ੍ਹਾਂ ਦਾਅਵਿਆਂ ਨੂੰ ਸੱਚ ਸਾਬਤ ਕਰਨ ਵਾਲੇ ਕੋਈ ਪ੍ਰਮਾਣਿਤ ਸਬੂਤ ਨਹੀਂ ਹਨ।

ਭਾਰਤ ਪਾਕਿਸਤਾਨ ਦੇ ਮੈਚ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਪਾਕਿਸਤਾਨ ਦੇ ਮੈਚ ਮੌਕੇ, ਨਰਿੰਦਰ ਮੋਦੀ ਸਟੇਡੀਅਮ ਭਾਰਤੀ ਪ੍ਰਸ਼ੰਸਕਾਂ ਨਾਲ ਭਰਿਆ ਨਜ਼ਰ ਆਇਆ

ਸਰਹੱਦ ਦੇ ਕਿਸੇ ਵੀ ਪਾਸਿਓਂ ਕ੍ਰਿਕਟਰਾਂ ਵੱਲੋਂ ਅਜਿਹੀ ਭੜਕਾਓ ਬਿਆਨਬਾਜ਼ੀ ਕੋਈ ਨਵੀਂ ਗੱਲ ਨਹੀਂ ਹੈ।

ਹਾਲਾਂਕਿ, ਹਾਲ ਹੀ ਦੇ ਸਮੇਂ ਵਿੱਚ, ਉਪ-ਮਹਾਂਦੀਪ ਵਿੱਚ ਦੋ ਸਭ ਤੋਂ ਵੱਡੇ ਕ੍ਰਿਕਟ ਬੋਰਡਾਂ ਵਿਚਕਾਰ ਸ਼ਕਤੀ ਸੰਤੁਲਨ ਨੂੰ ਦਰਸਾਉਣ ਵਾਲੀਆਂ ਉਦਾਹਰਣਾਂ ਵੀ ਸਾਹਮਣੇ ਆਈਆ ਸਨ।

ਇਸ ਤੋਂ ਪਹਿਲਾਂ, ਪੀਸੀਬੀ ਨੇ ਵੀ ਆਈਸੀਸੀ ਵਿੱਚ ਪੈਸੇ ਦੀ ਵੰਡ ਬਾਰੇ ਹੋਰ ਸਪੱਸ਼ਟਤਾ ਦੀ ਮੰਗ ਕੀਤੀ ਸੀ।

ਇਸ ਤੋਂ ਬਾਅਦ ਪੀਸੀਬੀ ਦੇ ਮੁਖੀ ਨਜਮ ਸੇਠੀ ਨੇ ਮੰਨਿਆ ਕਿ ਭਾਰਤ ਨੂੰ ਖੇਡ ਦੇ ਮੇਜ਼ਬਾਨ ਵਜੋਂ ਪੈਸੇ ਦਾ ਸਭ ਤੋਂ ਵੱਧ ਹਿੱਸਾ ਮਿਲਣਾ ਚਾਹੀਦਾ ਹੈ, ਉਨ੍ਹਾਂ ਨੇ ਪ੍ਰਸਤਾਵਿਤ ਵਿੱਤੀ ਮਾਡਲ 'ਤੇ ਅਸੰਤੁਸ਼ਟੀ ਵੀ ਜ਼ਾਹਰ ਕੀਤੀ।

ਰੋਹਿਤ ਸ਼ਰਮਾਂ ਅਤੇ ਬਾਬਰ ਆਜ਼ਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ

ਏਸ਼ੀਆ ਕੱਪ ਅਤੇ ਪੀਸੀਬੀ ਦੀਆਂ ਮੁਸ਼ਕਲਾਂ

ਵਿਸ਼ਵ ਕੱਪ ਤੋਂ ਠੀਕ ਪਹਿਲਾਂ ਏਸ਼ੀਆ ਕੱਪ ਨੂੰ ਲੈ ਕੇ ਦੋ ਗੁਆਂਢੀ ਬੋਰਡਾਂ ਵਿਚਾਲੇ ਤਣਾਅ ਵਧ ਗਿਆ ਸੀ।

ਏਸ਼ੀਆ ਕੱਪ ਪਿਛਲੇ ਸਾਲ ਪਾਕਿਸਤਾਨ ਨੂੰ ਦਿੱਤਾ ਗਿਆ ਸੀ, ਪਰ ਬੀਸੀਸੀਆਈ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਸੀ।

ਇਸ ਸਾਲ 28 ਮਈ ਨੂੰ ਬੀਸੀਸੀਆਈ ਨੇ ਸ਼੍ਰੀਲੰਕਾ, ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਦੇ ਕ੍ਰਿਕਟ ਬੋਰਡਾਂ ਦੇ ਪ੍ਰਧਾਨਾਂ ਨੂੰ ਆਈਪੀਐਲ ਫਾਈਨਲ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਸੀ।

ਉਨ੍ਹਾਂ ਨੇ ਮਹਾਂਦੀਪ ਦੀ ਟਰਾਫ਼ੀ ਅਤੇ ਏਸੀਸੀ ਦੇ ਆਲੇ-ਦੁਆਲੇ ਦੇ ਹੋਰ ਮਾਮਲਿਆਂ ਬਾਰੇ ਵੀ ਚਰਚਾ ਕੀਤੀ। ਪਰ ਇਸ ਮੌਕੇ ਵੀ ਪੀਸੀਬੀ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ।

ਪਾਕਿਸਤਾਨ ਟੀਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਾਕਿਸਤਾਨ ਨੇ ਇਲਜ਼ਾਮ ਲਾਇਆ ਕਿ ਵਿਸ਼ਵ ਕੱਪ ਆਈਸੀਸੀ ਈਵੈਂਟ ਨਹੀਂ ਸੀ ਬਲਕਿ ਬੀਸੀਸੀਆਈ ਦਾ ਟੂਰਮਾਨੈਂਟ ਸੀ।

ਆਖਰਕਾਰ, ਏਸ਼ੀਆ ਕੱਪ ਲਈ ਪ੍ਰੋਗਰਾਮ ਬਦਲ ਦਿੱਤਾ ਗਿਆ।

ਐੱਸਐੱਲਸੀ ਨੇ ਬੀਸੀਸੀਆਈ ਨਾਲ ਜੁੜੇ ਰਹਿਣ ਦਾ ਫ਼ੈਸਲਾ ਕੀਤਾ ਗਿਆ ਅਤੇ ਪੀਸੀਬੀ ਨੂੰ ਏਸ਼ੀਅਨ ਕ੍ਰਿਕਟ ਕੌਂਸਲ ਦੇ ਅੰਦਰ ਕੋਈ ਸਮਰਥਨ ਨਾ ਮਿਲਿਆ।

ਪੀਸੀਬੀ ਨੇ ਸ਼ੁਰੂਆਤ ਵਿੱਚ ਸੁਝਾਅ ਦਿੱਤਾ ਸੀ ਕਿ ਟੂਰਨਾਮੈਂਟ ਯੂਏਈ ਵਿੱਚ ਪੀਸੀਬੀ ਦੇ ਨਾਲ ਸਹਿ-ਮੇਜ਼ਬਾਨ ਵਜੋਂ ਕਰਵਾਇਆ ਜਾਵੇ।

ਹਾਲਾਂਕਿ, ਸ਼੍ਰੀਲੰਕਾ ਅਤੇ ਬੰਗਲਾਦੇਸ਼ ਨੇ ਯੂਏਈ ਵਿੱਚ ਸਖ਼ਤ ਗਰਮੀ ਦਾ ਹਵਾਲਾ ਦਿੰਦੇ ਹੋਏ ਇਸ ਪ੍ਰਸਤਾਵ ਦਾ ਵਿਰੋਧ ਕੀਤਾ ਅਤੇ ਪੀਸੀਬੀ ਨੂੰ ਸਹਿ-ਮੇਜ਼ਬਾਨ ਵਜੋਂ ਸ਼੍ਰੀਲੰਕਾ ਲਈ ਸਮਝੌਤਾ ਕਰਨ ਲਈ ਮਜਬੂਰ ਕੀਤਾ ਗਿਆ।

ਸਾਬਕਾ ਪੀਸੀਬੀ ਮੁਖੀ ਨਜਮ ਸੇਠੀ ਨੇ ਵੀ ਟਵਿੱਟਰ 'ਤੇ ਇੱਕ ਲੰਬੀ ਪੋਸਟ ਵਿੱਚ ਏਸੀਸੀ ਮੁਖੀ ਅਤੇ ਬੀਸੀਸੀਆਈ ਸਕੱਤਰ ਜੈ ਸ਼ਾਹ 'ਤੇ ਸ਼੍ਰੀਲੰਕਾ ਨੂੰ ਤਰਜੀਹ ਦੇਣ ਦੇ ਇਲਜ਼ਾਮ ਲਾਏ ਸਨ।

ਨਜ਼ਮ ਸੇਠੀ

ਤਸਵੀਰ ਸਰੋਤ, Najam Sethi/X

ਜੈ ਸ਼ਾਹ ਨੇ ਇੱਕ ਬਿਆਨ ਜਾਰੀ ਕਰਕੇ ਇਨ੍ਹਾਂ ਇਲਜ਼ਾਮਾਂ ਦਾ ਜਵਾਬ ਦਿੱਤਾ ਸੀ।

"ਸਾਰੇ ਮੈਂਬਰ, ਮੀਡੀਆ ਅਧਿਕਾਰ ਧਾਰਕ, ਅਤੇ ਇਨ-ਸਟੇਡੀਅਮ ਅਧਿਕਾਰ ਧਾਰਕ ਸ਼ੁਰੂਆਤ ਵਿੱਚ ਪਾਕਿਸਤਾਨ ਵਿੱਚ ਪੂਰੇ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਲਈ ਵਚਨਬੱਧ ਹੋਣ ਤੋਂ ਝਿਜਕ ਰਹੇ ਸਨ।"

"ਇਹ ਝਿਜਕ ਦੇਸ਼ ਵਿੱਚ ਮੌਜੂਦ ਸੁਰੱਖਿਆ ਅਤੇ ਆਰਥਿਕ ਸਥਿਤੀ ਨਾਲ ਸਬੰਧਤ ਚਿੰਤਾਵਾਂ ਤੋਂ ਪੈਦਾ ਹੋਈ ਹੈ।"

ਉਨ੍ਹਾਂ ਨੇ ਅੱਗੇ ਕਿਹਾ ਕਿ ਪੀਸੀਬੀ ਵਿੱਚ 'ਲੀਡਰਸ਼ਿਪ ਵਿੱਚ ਹੋਏ ਲਗਾਤਾਰ ਬਦਲਾਅ' ਵੀ ਇਸ ਪਿੱਛੇ ਇੱਕ ਕਾਰਨ ਸਾਬਤ ਹੋਏ ਹਨ।

ਇਸ ਸਾਰੀ ਘਟਨਾ ਨੇ ਕ੍ਰਿਕਟ ਦੇ ਦੋ ਏਸ਼ਿਆਈ ਦਿੱਗਜਾਂ ਦੇ ਸਬੰਧਾਂ ਨੂੰ ਹੋਰ ਵਿਗਾੜ ਦਿੱਤਾ ਸੀ।

ਵਿਸ਼ਵ ਕੱਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਸ਼ਵ ਕੱਪ ਆਸਟ੍ਰੇਲੀਆ ਦੀ ਝੋਲੀ ਪਿਆ

ਬੰਗਲਾਦੇਸ਼ ਸਮੀਕਰਨ

ਇਸੇ ਏਸ਼ੀਆ ਕੱਪ ਦੌਰਾਨ ਬੰਗਲਾਦੇਸ਼ ਕ੍ਰਿਕਟ ਬੋਰਡ ਵੀ ਭਾਰਤ ਅਤੇ ਪਾਕਿਸਤਾਨ ਬੋਰਡਾਂ ਵਿਚਾਲੇ ਫਸ ਗਿਆ ਸੀ।

ਬੀਸੀਬੀ ਦੇ ਕ੍ਰਿਕਟ ਸੰਚਾਲਨ ਦੇ ਚੇਅਰਮੈਨ ਜਲਾਲ ਯੂਨਸ ਨੇ ਇਸ ਗੱਲ 'ਤੇ ਨਾਖੁਸ਼ੀ ਜ਼ਾਹਰ ਕੀਤੀ ਸੀ ਕਿਉਂਕਿ ਉਨ੍ਹਾਂ ਦੇ ਖਿਡਾਰੀਆਂ ਨੂੰ ਟੂਰਨਾਮੈਂਟ ਦੌਰਾਨ ਸ਼੍ਰੀਲੰਕਾ ਅਤੇ ਪਾਕਿਸਤਾਨ ਵਿਚਾਲੇ ਸਫ਼ਰ ਕਰਨਾ ਪਿਆ ਸੀ।

ਬੰਗਲਾਦੇਸ਼ ਕ੍ਰਿਕਟ ਬੋਰਡ

ਤਸਵੀਰ ਸਰੋਤ, Bangladesh Cricket/X

ਬੰਗਲਾਦੇਸ਼ ਦੇ ਮੁੱਖ ਕੋਚ ਚੰਡਿਕਾ ਹਥੁਰੂਸਿੰਘਾ ਨੇ ਇਸ ਗੱਲ 'ਤੇ ਭਾਰਤ ਦੇ ਇੱਕ ਮੈਚ ਲਈ ਇੱਕ ਰਿਜ਼ਰਵ ਦਿਨ ਜੋੜਨ ’ਤੇ ਨਾਖੁਸ਼ੀ ਜ਼ਾਹਰ ਕੀਤੀ ਸੀ।

ਇੱਥੋਂ ਤੱਕ ਕਿ ਕੁਝ ਸਾਬਕਾ ਭਾਰਤੀ ਕ੍ਰਿਕਟਰਾਂ ਨੇ ਵੀ ਰਿਜ਼ਰਵ ਡੇ ਜੋੜਨ ਦੇ ਫੈਸਲੇ ਦੀ ਨਿੰਦਾ ਕੀਤੀ ਸੀ।

ਪਰ ਬੀਸੀਬੀ ਅਤੇ ਐੱਸਐੱਲਸੀ ਨੇ ਜਲਦੀ ਹੀ ਸਪੱਸ਼ਟ ਕੀਤਾ ਸੀ ਕਿ ਇਹ ਸਾਰੀਆਂ ਚਾਰ ਭਾਗ ਲੈਣ ਵਾਲੀਆਂ ਟੀਮਾਂ ਅਤੇ ਏਸੀਸੀ ਦੀ ਸਹਿਮਤੀ ਨਾਲ ਲਿਆ ਗਿਆ ਫੈਸਲਾ ਸੀ। ਇਸ ਬਿਆਨ ਤੋਂ ਬਾਅਦ ਚਰਚਾ ਕੁਝ ਰੁਕੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)