ਵਿਸ਼ਵ ਕੱਪ ਫਾਈਨਲ ਦਾ ਉਹ ਟਰਨਿੰਗ ਪੁਆਇੰਟ ਜਦੋਂ ਬਾਜ਼ੀ ਭਾਰਤ ਹੱਥੋਂ ਨਿਕਲ ਗਈ

ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੈਚ ਹਾਰਨ ਤੋਂ ਬਾਅਦ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ
    • ਲੇਖਕ, ਅਭੀਜੀਤ ਸ਼੍ਰੀਵਾਸਤਵ
    • ਰੋਲ, ਬੀਬੀਸੀ ਪੱਤਰਕਾਰ

ਵਿਸ਼ਵ ਕੱਪ ਦੇ ਫਾਈਨਲ ਵਿੱਚ ਭਾਰਤ ਨੂੰ ਛੇ ਵਿਕਟਾਂ ਨਾਲ ਹਰਾ ਕੇ ਆਸਟ੍ਰੇਲੀਆ 6ਵੀਂ ਵਾਰੀ ਚੈਂਪੀਅਨ ਬਣ ਗਿਆ।

ਫਾਈਨਲ ਮੁਕਾਬਲੇ ਵਿੱਚ ਭਾਰਤੀ ਟੀਮ ਨੇ 240 ਦੌੜਾ ਬਣਾਈਆਂ ਅਤੇ ਆਸਟ੍ਰੇਲੀਆ ਦੇ ਟ੍ਰੈਵਿਸ ਹੈੱਡ ਦੇ ਸੈਂਕੜੇ ਦੇ ਸਿਰ 'ਤੇ 43 ਓਵਰਾਂ ਵਿੱਚ ਹੀ ਜਿੱਤ ਹਾਸਲ ਕਰ ਲਈ।

ਇਸ ਮੈਚ ਦੀ ਸ਼ੁਰੂਆਤ ਵਿੱਚ ਸਭ ਕੁਝ ਠੀਕ ਚੱਲ ਰਿਹਾ ਸੀ।

ਰੋਹਿਤ ਸ਼ਰਮਾ ਆਪਣੇ ਧਮਾਕੇਦਾਰ ਅੰਦਾਜ਼ ਵਿੱਚ ਬੱਲੇਬਾਜ਼ੀ ਕਰ ਰਹੇ ਸਨ।

ਚਾਰ ਓਵਰਾਂ ਵਿੱਚ 30 ਦੌੜਾਂ ਅਤੇ ਪੰਜਵੇਂ ਓਵਰ ਵਿੱਚ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੇ ਆਊਟ ਹੋਣ ਦੇ ਬਾਅਦ ਵੀ ਉਹ ਆਪਣੇ ਹਮਲਾਵਰ ਅੰਦਾਜ਼ ਵਿੱਚ ਰਹੇ।

10ਵੇਂ ਓਵਰ ਦੀ ਦੂਜੀ ਅਤੇ ਤੀਜੀ ਗੇਂਦ ਉੱਤੇ ਰੋਹਿਤ ਇੱਕ ਛੱਕਾ ਅਤੇ ਚੌਕਾ ਜੜ ਚੁੱਕੇ ਸਨ।

ਇੱਥੋਂ ਤੱਕ ਕਿ 76 ਦੌੜਾਂ ਬਣ ਚੁੱਕੀਆਂ ਸਨ ਅਤੇ ਰਨ ਰੇਟ ਅੱਠ ਤੋਂ ਉੱਪਰ ਚੱਲ ਰਿਹਾ ਸੀ।

ਗਲੈੱਨ ਮੈਕਸਵੈੱਲ ਗੇਂਦਬਾਜ਼ੀ ਕਰ ਰਹੇ ਸਨ ਅਤੇ ਪਾਵਰਪਲੇ ਦਾ ਇਹ ਆਖ਼ਰੀ ਓਵਰ ਵੀ ਸੀ ਤਾਂ ਰੋਹਿਤ ਫਿਰ ਇੱਕ ਵੱਡਾ ਸ਼ੌਟ ਖੇਡਣਾ ਚਾਹੁੰਦੇ ਸਨ।

ਹਾਲਾਂਕਿ ਕਈ ਲੋਕ ਇਹ ਕਹਿ ਰਹੇ ਹਨ ਕਿ ਰਨ ਰੇਟ ਨੂੰ ਵੇਖਦੇ ਹੋਏ ਅਜਿਹਾ ਜੋਖ਼ਮ ਲੈਣ ਦੀ ਕੋਈ ਲੋੜ ਨਹੀਂ ਸੀ।

ਜਦੋਂ ਸਟੇਡੀਅਮ ਵਿੱਚ ਸ਼ਾਂਤੀ ਛਾਅ ਗਈ

ਟ੍ਰੈਵਿਸ ਹੈੱਡ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਰੋਹਿਤ ਸ਼ਰਮਾ ਦਾ ਕੈਚ ਫੜਦੇ ਹੋਏ ਟ੍ਰੈਵਿਸ ਹੈੱਡ

ਰੋਹਿਤ ਦੇ ਇਸ ਸ਼ੌਟ 'ਤੇ ਮੇਚ ਦਾ ਅਜਿਹਾ ਸਭ ਤੋਂ ਵੱਡਾ ਟਰਨਿੰਗ ਪੁਆਇੰਟ ਆਇਆ ਜਿਹੜਾ ਟੀਮ ਦੇ ਹੱਥੋਂ ਵਿਸ਼ਵ ਕੱਪ ਜਾਣ ਦਾ ਕਾਰਨ ਬਣਿਆ।

ਮੈਕਸਵੈੱਲ ਨੇ ਰੋਹਿਤ ਨੂੰ ਗੁੱਡਲੈਂਥ ਗੇਂਦ ਪਾਈ।

ਰੋਹਿਤ ਨੇ ਇਸ ਗੇਂਦ ਉੱਤੇ ਲੌਂਗ ਆਫ ਦੇ ਉੱਪਰੋਂ ਸ਼ੌਟ ਲਾਉਣ ਦੀ ਕੋਸ਼ਿਸ਼ ਕੀਤੀ ਪਰ ਗੇਂਦ ਉਨ੍ਹਾਂ ਦੇ ਬੱਲੇ ਦਾ ਕਿਨਾਰਾ ਲੈਂਦੇ ਹੋਏ ਕਵਰ ਦੇ ਇਲਾਕੇ ਵਿੱਚ ਹਵਾ ਵਿੱਚ ਉੱਛਲੀ।

ਪੁਆਇੰਟ ਉੱਤੇ ਖੜ੍ਹੇ ਟ੍ਰੈਵਿਸ ਹੈੱਡ ਨੇ ਉੱਥੋਂ ਪਿੱਛੇ ਵੱਲ ਭੱਜਣਾ ਸ਼ੁਰੂ ਕਰ ਦਿੱਤਾ ਅਤੇ ਇੱਕ ਅਸੰਭਵ ਜਿਹਾ ਦਿਖਣ ਵਾਲਾ ਕੈਚ ਫੜ ਕੇ ਰੋਹਿਤ ਨੂੰ ਪਵੇਲੀਅਨ ਵਾਪਸ ਭੇਜ ਦਿੱਤਾ।

ਆਸਟ੍ਰੇਲੀਆਈ ਕ੍ਰਿਕਟ ਟੀਮ

ਤਸਵੀਰ ਸਰੋਤ, REUTERs

ਤਸਵੀਰ ਕੈਪਸ਼ਨ, ਜਿੱਤ ਮਗਰੋਂ ਆਸਟ੍ਰੇਲੀਆਈ ਕ੍ਰਿਕਟ ਟੀਮ

ਟ੍ਰੈਵਿਸ ਹੈੱਡ ਇਸ ਵਿਸ਼ਵ ਕੱਪ ਦੀ ਸ਼ੁਰੂਆਤ ਵਿੱਚ ਜ਼ਖ਼ਮੀ ਸਨ।

ਫਿਰ ਉਹ ਸਿਹਤਯਾਬ ਹੋ ਕੇ ਵਾਪਸ ਆਏ ਤਾਂ 59 ਗੇਂਦਾ ਵਿੱਚ ਸੈਂਕੜਾ ਮਾਰ ਕੇ ਟੀਮ ਨੂੰ ਨਿਊਜ਼ੀਲੈਂਡ ਉੱਤੇ ਜਿੱਤ ਦਿਵਾਈ।

ਫਿਰ ਸੈਮੀਫਾਈਨਲ ਅਤੇ ਹੁਣ ਫਾਈਨਲ ਵਿੱਚ ਇਸ ਕੈਚ ਤੋਂ ਬਾਅਦ ਰਿਕਾਰਡ ਸੈਂਕੜਾ ਬਣਾਉਂਦੇ ਹੋਏ ਉਨ੍ਹਾਂ ਆਪਣੀ ਟੀਮ ਨੂੰ ਮੈਚ ਹੀ ਨਹੀਂ ਜਿਤਾਇਆ ਬਲਕਿ ‘ਪਲੇਅਰ ਆਫ ਦ ਮੈਚ’ ਵੀ ਬਣੇ।

ਰੋਹਿਤ ਦੇ ਆਊਟ ਹੋਣ ਉੱਤੇ ਕਮੈਂਟੇਟਰ ਅਤੇ ਕ੍ਰਿਕਟ ਮਾਹਰ ਹਰਸ਼ਾ ਭੋਗਲੇ ਨੇ ਟਵੀਕ ਕਰਕੇ ਲਿਖਿਆ, “ਆਸਟ੍ਰੇਲੀਆ ਦਿਖਾ ਰਿਹਾ ਹੈ ਕਿ ਇੱਕ ਵੱਡੇ ਦਿਨ ਫੀਲਡਿੰਗ ਕਿਵੇਂ ਫ਼ਰਕ ਪੈਦਾ ਕਰ ਸਕਦੀ ਹੈ।”

ਬੀਬੀਸੀ

ਉੱਥੇ ਹੀ ਮੈਚ ਤੋਂ ਬਾਅਦ ਸਾਬਕਾ ਖਿਡਾਰੀਆਂ ਸੁਨੀਲ ਗਾਵਸਕਰ ਅਤੇ ਸੰਜੈ ਮਾਂਜਰੇਕਰ ਨੇ ਵੀ ਮੰਨਿਆ ਕਿ ਰੋਹਿਤ ਸ਼ਰਮਾ ਦਾ ਕੈਚ ਇਸ ਫਾਈਨਲ ਦਾ ਟਰਨਿੰਗ ਪੁਆਇੰਟ ਸੀ।

ਰੋਹਿਤ ਸ਼ਰਮਾ ਨੇ 151.61 ਦੇ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕੀਤੀ ਅਤੇ ਜਦੋਂ ਤੱਕ ਉਹ ਪਿੱਚ ਉੱਤੇ ਰਹੇ ਟੀਮ ਦੇ ਕੁਲ ਸਕੋਰ ਵਿੱਚ 62 ਫ਼ੀਸਦ ਦੌੜਾਂ ਉਨ੍ਹਾਂ ਨੇ ਬਣਾਈਆਂ।

ਫਾਈਨਲ ਤੋਂ ਠੀਕ ਇੱਕ ਦਿਨ ਪਹਿਲਾਂ ਆਸਟ੍ਰੇਲੀਆਈ ਕਪਤਾਨ ਨੇ ਕਿਹਾ ਸੀ ਕਿ ਉਨ੍ਹਾਂ ਦੀ ਟੀਮ ਆਪਣੇ ਪ੍ਰਦਰਸ਼ਨ ਨਾਲ ਅਹਿਮਦਾਬਾਦ ਦੇ ਦਰਸ਼ਕਾਂ ਨੂੰ ਸ਼ਾਂਤ ਕਰਕੇ ਰੱਖੇਗੀ ਅਤੇ ਰੋਹਿਤ ਸ਼ਰਮਾ ਦੇ ਆਊਟ ਹੋਣ ਤੋਂ ਬਾਅਦ ਅਜਿਹਾ ਹੀ ਹੋਇਆ।

ਮੈਚ ਤੋਂ ਬਾਅਦ ਭਾਰਤੀ ਕੋਚ ਰਾਹੁਲ ਦ੍ਰਾਵਿੜ ਨੇ ਵੀ ਕਿਹਾ, “ਰੋਹਿਤ ਦਾ ਵਿਕਟ ਡਿੱਗਣਾ ਬਹੁਤ ਮੰਦਭਾਗਾ ਸੀ।”

ਜਦੋਂ ਮੈਚ ਹੱਥੋਂ ਤਿਲਕਣ ਲੱਗਾ

ਵਿਸ਼ਵ ਕੱਪ 2023

ਤਸਵੀਰ ਸਰੋਤ, Getty Images

ਕੋਚ ਦ੍ਰਾਵਿੜ ਨੇ ਕਿਹਾ ਕਿ ਅਸੀਂ ਲਗਾਤਾਰ ਵਿਕਟਾਂ ਗਵਾਉਂਦੇ ਰਹੇ ਅਤੇ ਚੰਗੀ ਬੱਲੇਬਾਜ਼ੀ ਨਹੀਂ ਕੀਤੀ।

ਰਾਹੁਲ ਦ੍ਰਾਵਿੜ ਰੋਹਿਤ ਤੋਂ ਬਿਲਕੁਲ ਬਾਅਦ ਸ਼੍ਰੇਅਸ ਅੱਈਅਰ ਦੇ ਆਊਟ ਹੋਣ ਅਤੇ ਵਿਰਾਟ ਕੋਹਲੀ ਦੇ ਵਿਕਟ ਤੋਂ ਬਾਅਦ ਰਵਿੰਦਰ ਜਡੇਜਾ ਅਤੇ ਕੇਐੱਲ ਰਾਹੁਲ ਦੇ ਆਊਟ ਹੋਣ ਦੀ ਗੱਲ ਕਰ ਰਹੇ ਸਨ।

ਸੱਚ ਤਾਂ ਇਹ ਹੈ ਕਿ ਜਿੱਥੇ ਵਿਰਾਟ ਕੋਹਲੀ ਨੇ 63 ਗੇਂਦਾ ਵਿੱਚ 54 ਦੌੜਾਂ ਦੀ ਪਾਰੀ ਖੇਡੀ ਉੱਥੇ ਹੀ ਕੇਐੱਲ ਰਾਹੁਲ ਨੇ 66 ਦੌੜਾਂ ਬਣਾਉਣ ਵਿੱਚ 107 ਗੇਂਦਾ ਖਰਚੀਆਂ।

ਇਸ ਦੌਰਾਨ ਉਨ੍ਹਾਂ ਦਾ ਸਟ੍ਰਾਈਕ ਰੇਟ ਮਹਿਜ਼ 61.68 ਦਾ ਰਿਹਾ।

ਇੰਨਾ ਹੀ ਨਹੀਂ ਰੋਹਿਤ ਅਤੇ ਸ਼੍ਰੇਅਸ ਅੱਈਅਰ ਦੇ ਆਊਟ ਹੋਣ ਤੋਂ ਬਾਅਦ ਭਾਰਤੀ ਟੀਮ ਦੇ ਵੱਲੋਂ ਅਗਲੇ 16 ਓਵਰਾਂ ਵਿੱਚ ਕੋਈ ਬਾਊਂਡਰੀ ਨਹੀਂ ਮਾਰੀ ਗਈ।

ਜਿਹੜਾ ਰਨ ਰੇਟ 8 ਤੋਂ ਉੱਪਰ ਚੱਲ ਰਿਹਾ ਸੀ ਉਹ ਡਿੱਗ ਕੇ ਪੰਜ ਰਨ ਪ੍ਰਤੀ ਓਵਰ ਉੱਤੇ ਆ ਗਿਆ।

ਉੱਥੇ ਹੀ ਜਦੋਂ ਵਿਰਾਟ ਕੋਹਲੀ ਆਊਟ ਹੋਏ ਤਾਂ ਸੂਰਿਆਕੁਮਾਰ ਦੀ ਥਾਂ ਉਤਾਰੇ ਗਏ ਰਵਿੰਦਰ ਜਡੇਜਾ ਨੇ ਤਾਂ ਮਹਿਜ਼ 40.90 ਦੇ ਸਟ੍ਰਾਈਕ ਰੇਟ ਨਾਲ 22 ਗੇਂਦਾਂ ਵਿੱਚ 9 ਦੌੜਾਂ ਬਣਾ ਕੇ ਰਫ਼ਤਾਰ ਇੰਨੀ ਹੌਲੀ ਕਰ ਦਿੱਤੀ ਕਿ ਇੱਕ ਵੱਡੇ ਸਕੋਰ ਦੀ ਉਮੀਦ ਫਿੱਕੀ ਪੈ ਗਈ।

ਆਖ਼ਰਕਾਰ ਟੀਮ ਸਕੋਰਬੋਰਡ ਉੱਤੇ ਸਿਰਫ਼ 240 ਦੌੜਾਂ ਹੀ ਬਣਾ ਸਕੀ।

ਕੋਚ ਰਾਹੁਲ ਦ੍ਰਾਵਿੜ ਕੀ ਬੋਲੇ

ਹਾਲਾਂਕਿ ਕੋਚ ਰਾਹੁਲ ਦ੍ਰਾਵਿੜ ਨੇ ਮੈਚ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੇ ਦੌਰਾਨ ਬੱਲੇਬਾਜ਼ੀ ਦੀ ਹੌਲੀ ਰਫ਼ਤਾਰ ਬਾਰੇ ਬੋਲਦਿਆਂ ਕਿਹਾ, “ਇਸ ਟੂਰਨਾਮੈਂਟ ਵਿੱਚ ਅਸੀਂ ਡਰ ਕੇ ਨਹੀਂ ਖੇਡੇ। ਇਸ ਮੈਚ ਵਿੱਚ ਅਸੀਂ 10 ਓਵਰਾਂ ਵਿੱਚ 80 ਦੌੜਾਂ ਬਣਾਈਆਂ।”

ਤੁਹਾਨੂੰ ਫ੍ਰੰਟ ਫੁੱਟ ਉੱਤੇ ਖੇਡਣਾ ਹੀ ਪੈਂਦਾ ਹੈ, ਪਰ ਇਸ ਮੈਚ ਵਿੱਚ ਜਦੋਂ ਵੀ ਅਸੀਂ ਸੋਚਿਆ ਕਿ ਥੌੜ੍ਹਾ ਹਮਲਾਵਰ ਰੁੱਖ ਅਪਾਣਾਵਾਂਗੇ ਤਾਂ ਵਿਕਟਾਂ ਡਿੱਗ ਗਈਆਂ, ਜੇਕਰ ਤੁਸੀਂ ਮੈਚ ਵਿੱਚ ਵਿਕਟਾਂ ਗੁਆਉਣ ਲੱਗ ਜਾਓਗੇ ਤਾਂ ਤੁਹਾਨੂੰ ਸੰਭਲ ਕੇ ਖੇਡਣਾ ਪਵੇਗਾ।”

ਉਨ੍ਹਾਂ ਨੇ ਕਿਹਾ, “ਸਾਨੂੰ ਪਤਾ ਸੀ ਕਿ ਅਸੀਂ 30-40 ਦੌੜਾਂ ਘੱਟ ਬਣਾਈਆਂ ਹਨ ਪਰ ਅਸੀਂ ਲਗਾਤਾਰ ਵਿਕਟਾਂ ਗੁਆਉਂਦੇ ਰਹੇ।”

ਬੀਬੀਸੀ

ਰੋਹਿਤ ਸ਼ਰਮਾ ਨੇ ਕੀ ਕਿਹਾ

ਰੋਹਿਤ ਸ਼ਰਮਾ

ਤਸਵੀਰ ਸਰੋਤ, Getty Images

ਮੈਚ ਹਾਰਨ ਤੋਂ ਬਾਅਦ, ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਇਹ ਹੀ ਕਿਹਾ ਕਿ ਉਹ ਘੱਟੋ-ਘੱਟ 280 ਦੇ ਕਰੀਬ ਸਕੋਰ ਦੀ ਉਮੀਦ ਕਰ ਰਹੇ ਸਨ।

ਉਨ੍ਹਾਂ ਨੇ ਕਿਹਾ, “ਅੱਜ ਅਸੀਂ ਚੰਗਾ ਨਹੀਂ ਖੇਡੇ। ਇਮਾਨਦਾਰੀ ਨਾਲ ਕਹਾਂ ਤਾਂ ਜਦੋਂ ਵਿਰਾਟ ’ਤੇ ਰਾਹੁਲ ਪਿਚ ਤੇ ਸੀ ਤਾਂ ਅਸੀਂ 270-280 ਰਨ ਬਣਾਉਣ ਦਾ ਟੀਚਾ ਲੈ ਕੇ ਚੱਲ ਰਹੇ ਸੀ, ਪਰ ਅਸੀਂ ਤੇਜ਼ੀ ਨਾਲ ਵਿਕਟਾਂ ਗੁਆ ਦਿੱਤੀਆਂ। ਅਸੀਂ ਘੱਟੋ-ਘੱਟ 20-30 ਰਨ ਘੱਟ ਬਣਾਏ।”

ਕਮਿੰਸ ਨੂੰ ਭਾਰਤੀ ਟੀਮ ਤੋਂ ਕਿੰਨੀਆਂ ਦੌੜਾਂ ਦੀ ਉਮੀਦ ਸੀ?

ਪੈਟ ਕਮਿੰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਸਟ੍ਰੇਲੀਆਈ ਖਿਡਾਰੀ ਪੈਟ ਕਮਿੰਸ

ਰਾਹੁਲ ਦ੍ਰਾਵਿੜ ਜਾਂ ਰੋਹਿਤ ਸ਼ਰਮਾ ਕੁਝ ਵੀ ਕਹਿਣ, ਪਰ ਆਸਟ੍ਰੇਲੀਆਈ ਕਪਤਾਨ ਦੇ ਇਰਾਦੇ ਕੁਝ ਹੋਰ ਹੀ ਸਨ। ਮੈਚ ਤੋਂ ਬਾਅਦ ਪੈਟ ਕਮਿੰਸ ਨੇ ਜੋ ਕਿਹਾ ਉਸ ਨਾਲ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਕੀ ਸੋਚ ਕੇ ਪਹਿਲਾਂ ਗੇਂਦਬਾਜ਼ੀ ਕੀਤੀ ਤੇ ਉਹ ਕਿਸ ਸਕੋਰ ਦੀ ਉਮੀਦ ਕਰ ਰਹੇ ਸਨ।

ਆਸਟ੍ਰੇਲੀਆਈ ਕਪਤਾਨ ਨੇ ਕਿਹਾ, "ਅਸੀਂ 300 ਰਨ ਬਣਨ ਦੀ ਉਮੀਦ ਕਰ ਰਹੇ ਸੀ।"

ਇਸ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਸਟ੍ਰੇਲੀਆ ਦੀ ਟੀਮ ਕਿਸ ਤਰ੍ਹਾਂ ਜੁਝਾਰੂ ਹੈ ਤੇ ਇੱਕ ਵੱਡੇ ਮੈਚ ਤੋਂ ਪਹਿਲਾਂ ਉਨ੍ਹਾਂ ਦੀ ਤਿਆਰੀ ਦਾ ਪੱਧਰ ਕੀ ਹੈ।

ਉਹ ਆਪਣੀ ਵਿਰੋਧੀ ਟੀਮ ਨੂੰ ਘੱਟ ਨਹੀਂ ਮੰਨਦੇ। ਇਹੀ ਕਾਰਨ ਹੇ ਕਿ ਇਸ ਵਿਸ਼ਵ ਕੱਪ ਦੇ ਸ਼ੁਰੂਆਤੀ ਦੋ ਮੈਚ ਭਾਰਤ ਤੇ ਦੱਖਣੀ ਅਫਰੀਕਾ ਤੋਂ ਹਾਰ ਕੇ ਉਹ ਲਗਾਤਾਰ ਸੱਤ ਮੈਚ ਜਿੱਤ ਕੇ ਸੈਮੀਫਾਈਨਲ ਤੱਕ ਪਹੁੰਚੇ।

ਜਦੋਂ ਫਾਈਨਲ ਆਇਆ ਤਾਂ ਉਹੀ ਟੀਮ ਸਾਹਮਣੇ ਸੀ ਜਿਸ ਤੋਂ ਉਹ ਵਿਸ਼ਵ ਕੱਪ ਦਾ ਪਹਿਲਾ ਲੀਗ ਮੈਚ ਹਾਰੇ ਸਨ।

ਭਾਵੇਂ ਭਾਰਤ ਨੇ ਲਗਾਤਾਰ 10 ਮੈਚ ਜਿੱਤੇ ਹੋਣ, ਪਰ ਆਸਟ੍ਰੇਲੀਆ ਦੀ ਟੀਮ ਨੇ ਛੇਵੀਂ ਵਾਰ ਵਿਸ਼ਵ ਕੱਪ ਜਿੱਤ ਕੇ ਸਾਰੀਆਂ ਟੀਮਾਂ ਨੂੰ ਹਰਾ ਕੇ ਆਪਣੀ ਬਾਦਸ਼ਾਹਤ ਕਾਇਮ ਕੀਤੀ।

ਭਾਵੇਂ ਭਾਰਤੀ ਟੀਮ ਫਾਈਨਲ ਵਿੱਚ ਹਾਰ ਗਈ, ਪਰ ਇਸ ਵਿਸ਼ਵ ਕੱਪ ਵਿੱਚ ਉਸ ਨੇ ਵੀ ਬਹੁਤ ਕੁਝ ਹਾਸਿਲ ਕੀਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)