ਪੋਲੈਂਡ 'ਚ ਮਿਜ਼ਾਈਲ ਡਿੱਗੀ, ਰੂਸ ਦਾ ਇਨਕਾਰ, ਅਮਰੀਕਾ ਸਣੇ ਕਈ ਮੁਲਕਾਂ ਦੀ ਐਮਰਜੈਂਸੀ ਬੈਠਕ

ਪੋਲੈਂਡ ਦੇ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਮੰਗਲਵਾਰ ਦੁਪਿਹਰ 3 ਵੱਜ ਕੇ 40 ਮਿੰਟ ’ਤੇ ਉਨ੍ਹਾਂ ਦੇ ਇਲਾਕੇ ਵਿੱਚ ਇੱਕ ਮਿਜ਼ਾਈਲ ਡਿੱਗੀ ਜਿਸ ਨਾਲ ਸੋਰੇਵੋਡੋ ਪਿੰਡ ਵਿੱਚ ਦੇ ਲੋਕਾਂ ਦੀ ਮੌਤ ਹੋ ਗਈ।

ਖ਼ਬਰਾਂ ਆਈਆਂ ਕਿ ਇਹ ਮਿਜ਼ਾਈਲ ਕਥਿਤ ਤੌਰ 'ਤੇ ਰੂਸ ਵੱਲੋਂ ਦਾਗੀ ਗਈ ਹੈ।

ਪੋਲੈਂਡ ਦਾ ਕਹਿਣਾ ਹੈ ਕਿ ਉਸ ਕੋਲ ਸਪੱਸ਼ਟ ਤੌਰ ’ਤੇ ਕੋਈ ਸਬੂਤ ਨਹੀਂ ਹੈ ਕਿ ਇਹ ਮਿਜ਼ਾਈਲ ਕਿਸ ਨੇ ਦਾਗੀ।

ਪੋਲੈਂਡ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਲੁਕਾਜ਼ ਜਸਿਨਾ ਨੇ ਕਿਹਾ ਕਿ ਪੋਲੈਂਡ ਵਿੱਚ ਰੂਸੀ ਰਾਜਦੂਤ ਨੂੰ ‘ਫ਼ੌਰੀ ਤੌਰ ’ਤੇ ਵਿਸਤ੍ਰਿਤ ਸਪਸ਼ਟੀਕਰਨ’ ਦੇਣ ਲਈ ਸੱਦਿਆ ਗਿਆ ਹੈ।

ਹਾਲਾਂਕਿ ਉਨ੍ਹਾਂ ਨੇ ਬਿਆਨ ਵਿੱਚ ਇਹ ਨਹੀਂ ਦੱਸਿਆ ਕਿ ਮਿਜ਼ਾਈਲ ਕਿਸ ਨੇ ਦਾਗੀ ਸੀ। ਜੰਗ ਵਿੱਚ ਦੋਵਾਂ ਧਿਰਾਂ ਨੇ ਰੂਸੀ ਜੰਗ ਸਮੱਗਰੀ ਦੀ ਵਰਤੋਂ ਕੀਤੀ ਸੀ।

ਸੋਰੇਵੋਡੋ ਪਿੰਡ ਯੁਕਰੇਨ ਤੇ ਪੋਲੈਂਡ ਦੀ ਸਰੱਹਦ ’ਤੇ ਵਸਿਆ ਹੋਇਆ ਹੈ, ਇਹ ਪਿੰਡ ਲਿਏਵ ਸ਼ਹਿਰ ਦੇ ਉੱਤਰ ਵਿੱਚ ਸਥਿਤ ਹੈ।

ਬਾਲੀ ਵਿੱਚ ਜੀ-7 ਮੁਲਕਾਂ ਦੇ ਮੁਖੀਆਂ ਨੇ ਪੋਲੈਂਡ ਵਿੱਚ ਮਿਜ਼ਾਈਲ ਹਮਲੇ ਦੇ ਮੁੱਦੇ ਉੱਤੇ ਐਮਰਜੈਂਸੀ ਬੈਠਕ ਵੀ ਕੀਤੀ ਹੈ।

ਦੂਜੇ ਪਾਸੇ ਰੂਸ ਨੇ ਮੰਗਲਵਾਰ ਨੂੰ ਯੂਕਰੇਨ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਮਿਜ਼ਾਈਲ ਹਮਲੇ ਕੀਤੇ ਸਨ।

ਰੂਸ ਦਾ ਹਮਲੇ ਤੋਂ ਇਨਕਾਰ

ਰੂਸ ਨੇ ਇਸ ਹਮਲੇ ਤੋਂ ਇਨਕਾਰ ਕੀਤਾ ਹੈ, ਰੂਸ ਸੁਰੱਖਿਆ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ, “ਯੂਕਰੇਨ-ਪੋਲੈਂਡ ਸੂਬਿਆਂ ਦੀਆਂ ਸਰਹੱਦਾਂ ਨੇੜਲੇ ਟਿਕਾਣਿਆਂ 'ਤੇ ਰੂਸ ਵਲੋਂ ਕੋਈ ਵੀ ਹਮਲਾ ਨਹੀਂ ਕੀਤਾ ਗਿਆ।”

ਰੂਸ ਨੇ ਕਿਹਾ ਹੈ ਕਿ ਇਹ ਰਿਪੋਰਟਾਂ ‘ਸਥਿਤੀ ਨੂੰ ਹੋਰ ਵਿਗਾੜਨ ਦੇ ਇਰਾਦੇ ਨਾਲ ਉਸਕਾਉਣ ਵਾਲਾ ਕਦਮ ਹਨ’।

ਯੂਕਰੇਨ ਦੇ ਰਾਸ਼ਟਰਪਤੀ ਵੋਲਾਦੀਮੀਰ ਜ਼ੇਲੇਂਸਕੀ ਨੇ ਪੋਲੈਂਡ ਦੇ ਰਾਸ਼ਟਰਪਤੀ ਡੂਡਾ ਨਾਲ ਫ਼ੋਨ ’ਤੇ ਗੱਲਬਾਤ ਕੀਤੀ।

ਜ਼ੇਲੇਂਸਕੀ ਨੇ ਆਪਣੀ ਗੱਲਬਾਤ ਬਾਰੇ ਇੱਕ ਟਵੀਟ ਜ਼ਰੀਏ ਦੱਸਿਆ-“ਮੈਂ ਪੋਲੈਂਡ ਦੇ ਰਾਸ਼ਟਰਪਤੀ ਆਂਦ੍ਰੇਜ਼ੇਜ ਡੂਡਾ ਨਾਲ ਫ਼ੋਨ ’ਤੇ ਗੱਲ ਕੀਤੀ ਤੇ ਰੂਸ ਦੇ ਹਮਲੇ ਵਿੱਚ ਮਾਰੇ ਗਏ ਦੋ ਪੋਲੈਂਡ ਵਾਸੀਆਂ ਦੀ ਮੌਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ।

“ਅਸੀਂ ਉਪਲੱਬਥ ਸੂਚਨਾਵਾਂ ਦਾ ਅਦਾਨ-ਪ੍ਰਦਾਨ ਕੀਤਾ ਹੈ ਤੇ ਸਾਰੇ ਤੱਥਾਂ ਨੂੰ ਸਪੱਸ਼ਟ ਕਰ ਰਹੇ ਹਾਂ।”

ਇਸ ਗੱਲ ਦੀ ਸੰਭਾਵਨਾ ਨਹੀਂ ਕਿ ਮਿਜ਼ਾਈਲ ਰੂਸ ਵਲੋਂ ਦਾਗੀ ਗਈ ਹੋਵੇ - ਬਾਇਡਨ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦਾ ਕਹਿਣਾ ਹੈ ਕਿ ਇਸ ਗੱਲ ਦੀ ਸੰਭਾਨਵਾ ਨਹੀਂ ਕਿ ਪੋਲੈਂਡ ਵਿੱਚ ਦੋ ਲੋਕਾਂ ਨੂੰ ਮਾਰਨ ਲਈ ਜ਼ਿੰਮੇਵਾਰ ਮਿਜ਼ਾਈਲ ਰੂਸ ਵਲੋਂ ਚਲਾਈ ਗਈ ਹੋਵੇ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਮੁੱਢਲੀ ਜਿਹੀ ਜਾਣਕਾਰੀ ਹੈ ਕਿ ਜੋ ਘਟਨਾ ਪੋਲੈਂਡ ਵਿੱਚ ਵਾਪਰੀ ਉਸ ਲਈ ਰੂਸੀ ਮਿਜ਼ਾਈਲ ਜ਼ਿੰਮੇਵਾਰ ਹੈ।

"ਜਦੋਂ ਤੱਕ ਜਾਂਚ ਮੁਕੰਮਲ ਨਹੀਂ ਹੋ ਜਾਂਦੀ ਉਸ ਸਮੇਂ ਤੱਕ ਮੈਂ ਅਜਿਹਾ ਕੁਝ ਨਹੀਂ ਕਹਿ ਸਕਦਾ। ਇਸ ਗੱਲ ਦੀ ਸੰਭਾਵਨਾ ਨਹੀਂ ਲੱਗਦੀ ਕਿ ਇਹ ਮਿਜ਼ਾਈਲ ਰੂਸ ਵਲੋਂ ਦਾਗੀ ਗਈ ਹੋਵੇ, ਪਰ ਅਸੀਂ ਦੇਖਾਂਗੇ।"

ਬਾਇਡਨ ਨੇ ਕਿਹਾ ਕਿ ਵਿਸ਼ਵ ਆਗੂ ਆਪਣੀ ਅਗਲੀ ਰਣਨੀਤੀ ਪੋਲੈਂਡ ਵਿੱਚ ਚੱਲ ਰਹੀ ਜਾਂਚ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਨਿਰਧਾਰਿਤ ਕਰਨਗੇ।

ਕੀ ਰਿਹਾ ਘਟਨਾਕ੍ਰਮ

  • ਪੋਲੈਂਡ ਨੇ ਕਿਹਾ ਮੰਗਲਵਾਰ ਦੁਪਿਹਰ ਉਨ੍ਹਾਂ ਦੇ ਇਲਾਕੇ ਵਿੱਚ ਇੱਕ ‘ਰੂਸੀ ਮਿਜ਼ਾਇਲ’ ਡਿੱਗਿਆ।
  • ਰੂਸ ਵਲੋਂ ਅਜਿਹੇ ਕਿਸੇ ਵੀ ਹਮਲੇ ਤੋਂ ਇਨਕਾਰ ਕੀਤਾ ਗਿਆ
  • ਬਾਇਡਨ ਨੇ ਇਹ ਹਮਲਾ ਰੂਸ ਵਲੋਂ ਕੀਤੇ ਜਾਣ ਦੀ ਸੰਭਾਵਨਾ ਨੂੰ ਨਕਾਰਿਆ ਪਰ ਕਿਹਾ ਅਸੀਂ ਜਾਂਚ ਦੀ ਉਡੀਕ ਕਰ ਰਹੇ ਹਾਂ
  • ਯੂਕਰੇਨ ਦੇ ਰਾਸ਼ਟਰਪਤੀ ਵੋਲਾਦੀਮੀਰ ਜ਼ੇਲੇਂਸਕੀ ਨੇ ਪੋਲੈਂਡ ਦੇ ਰਾਸ਼ਟਰਪਤੀ ਨਾਲ ਫ਼ੋਨ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ
  • ਇਸ ਮਾਮਲੇ ਉੱਤੇ ਜੀ 7 ਮੁਲਕਾਂ ਵਲੋਂ ਅਪਾਤਕਾਲ ਬੈਠਕ ਸੱਦੀ ਗਈ

ਜੀ-7 ਮੁਲਕਾਂ ਦੀ ਐਮਰਜੈਂਸੀ ਬੈਠਕ ਸੱਦੀ ਗਈ

ਇੰਡੋਨੇਸ਼ੀਆ ਵਿੱਚ ਚੱਲ ਰਹੀ ਜੀ-20 ਬੈਠਕ ਦਾ ਅੱਜ ਆਖ਼ਰੀ ਦਿਨ ਹੈ। ਇਸ ਮੀਟਿੰਗ ਦੌਰਾਨ ਹੀ ਅੱਜ ਜੀ-7 ਦੇਸਾਂ ਦੇ ਆਗੂਆਂ ਨੇ ਪੋਲੈਂਡ ਦੀ ਘਟਨਾ ਬਾਰੇ ਵਿਚਾਰ ਚਰਚਾ ਕੀਤੀ।

ਇਸ ਗੱਲਬਾਤ ਦੀ ਸਾਹਮਣੇ ਆਈ ਤਸਵੀਰ ਵਿੱਚ ਅਮਰੀਕਾ, ਇਟਲੀ, ਜਰਮਨੀ, ਫ਼ਰਾਂਸ, ਬ੍ਰਿਟੇਨ, ਜਪਾਨ, ਸਪੇਨ ਤੇ ਨੀਦਰਲੈਂਡਸ ਦੇ ਆਗੂ ਮੌਦੂਦ ਹਨ।

ਇਸ ਤੋਂ ਇਲਾਵਾ ਇਸ ਬੈਠਕ ਵਿੱਚ ਯੂਰਪੀਅਨ ਕਾਉਂਸਲ ਦੇ ਪ੍ਰਧਾਨ ਚਾਰਲਸ ਮਿਸੇਲ ਤੇ ਯੂਰਪੀਅਨ ਯੂਨੀਅਨ ਦੇ ਕਮਿਸ਼ਨਰ ਵੀ ਸਾਮਿਲ ਸਨ.

ਰੂਸੀ ਮੀਜ਼ਾਈਲ ਦੇ ਪੋਲੈਂਡ ਵਿੱਚ ਡਿੱਗਣ ਦੇ ਨਤੀਜੇ ਖ਼ਤਰਨਾਕ ਹੋ ਸਕਦੇ ਹਨ। ਪੋਲੈਂਡ ਨਾਟੋ ਮਿਲਟਰੀ ਸਮਝੌਤੇ ਦਾ ਮੈਂਬਰ ਹੈ ਤੇ ਉਸ ’ਤੇ ਹਮਲਾ ਨਾਟੋ ਉੱਤੇ ਹਮਲਾ ਮੰਨਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ-

ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ’ਤੇ ਹਨ ਕਿ ਕੀ ਇਸ ਹਮਲੇ ਤੋਂ ਬਾਅਦ ਨਾਟੋ ਫ਼ੌਜ ਪੋਲੈਂਡ ਆਏਗੀ?

ਬੀਬੀਸੀ ਪੱਤਰਕਾਰ ਕ੍ਰਿਸ ਮੇਸਨ ਮੁਤਾਬਕ ਪੋਲੈਂਡ ਦੀ ਘਟਨਾ ਤੋਂ ਬਾਅਦ ਜੀ-20 ਵਿੱਚ ਸਾਰੇ ਦੇਸਾਂ ਦੀਆਂ ਯੋਜਨਾਵਾਂ ’ਤੇ ਪਾਣੀ ਫ਼ਿਰਦਾ ਨਜ਼ਰ ਆ ਰਿਹਾ ਹੈ।

ਪੱਛਮੀ ਦੇਸਾਂ ਦੇ ਆਗੂ ਆਪਣੇ ਰੱਖਿਆ ਤੇ ਵਿਦੇਸ਼ ਵਿਭਾਗ ਦੇ ਮੰਤਰੀਆਂ ਨਾਲ ਗੱਲਬਾਤ ਕਰ ਰਹੇ ਹਨ ਇਹ ਦੇਸ ਲਗਾਤਾਰ ਪੋਲੈਂਡ ਦੇ ਵੀ ਸੰਪਰਕ ਵਿੱਚ ਹਨ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਪੋਲੈਂਡ ਦੇ ਸੰਪਰਕ ਵਿੱਚ ਹਨ।

ਜੋਅ ਬਾਇਡਨ ਨੇ ਨਾਟੋ ਦੇ ਮੁਖੀ ਜੇਨਸ ਸਟੋਲਟਨਬਰਕ ਨਾਲ ਵੀ ਵਿਚਾਰ ਚਰਚਾ ਕੀਤੀ ਹੈ।

ਨਾਟੋ ਕੀ ਕਰੇਗਾ?

ਪੋਲੈਂਡ ਨਾਟੋ ਸਮੂਹ ਦਾ ਮੈਂਬਰ ਦੇਸ ਹੈ। ਨਾਟੋ ਇੱਕ ਸੁਰੱਖਿਆ ਦੇ ਅਧਾਰ ਉੱਤ ਫ਼ੌਜੀ ਗਠਜੋੜ ਹੈ ਜੋ ਇਸ ਜੰਗ ਵਿੱਚ ਯੂਕਰੇਨ ਦਾ ਸਮਰਥਨ ਕਰਦਾ ਰਿਹਾ ਹੈ ਅਤੇ ਇਸ ਵਿੱਚ ਬ੍ਰਿਟੇਨ, ਜਰਮਨੀ ਅਤੇ ਅਮਰੀਕਾ ਵਰਗੇ ਦੇਸ਼ ਸ਼ਾਮਲ ਹਨ।

ਨਾਟੋ ਦੇ ਮੈਂਬਰ ਹੋਣ ਦਾ ਅਰਥ ਹੈ ਕਿ ਮੈਂਬਰ ਦੇਸ ਉੱਤੇ ਜੇ ਹਥਿਆਰਬੰਦ ਹਮਲਾ ਹੋਵੇ ਤਾਂ ਦੂਜੇ ਮੈਂਬਰ ਦੇਸ ਮਦਦ ਕਰਨ ਲਈ ਅੱਗੇ ਆਉਣਗੇ ਤੇ ਜਿਸ ਦੇਸ ਉੱਤੇ ਹਮਲਾ ਹੋਇਆ ਹੈ ਜਾਂ ਹੋ ਰਹੇ ਹਨ ਉੱਥੇ ਨਾਟੋ ਆਰਮੀ ਭੇਜੀ ਜਾ ਸਕਦੀ ਹੈ।

ਇਸ ਲਈ ਜੇ ਮਿਜ਼ਾਈਲ ਦੇ ਰੂਸੀ ਹੋਣ ਦੀ ਪੁਸ਼ਟੀ ਹੋ ਜਾਂਦੀ ਹੈ, ਤਾਂ ਇਸ ਸਿਧਾਂਤਿਕ ਤੌਰ ’ਤੇ ਸੰਘਰਸ਼ ਨੂੰ ਤੇਜ਼ ਕਰਨ ਦਾ ਖ਼ਤਰਾ ਵੱਧ ਸਕਦਾ ਹੈ।

ਹਾਲਾਂਕਿ ਫ਼ੌਜੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕੇ ਸੰਘਰਸ਼ ਵੱਧਣ ਦੀ ਸੰਭਾਵਨਾ ਬਹੁਤ ਘੱਟ ਹੈ।

ਰੂਸ ਦਾ ਹਮਲਾ ਦਰਸਾਉਂਦਾ ਹੈ ਉਹ ਜੰਗ ਖ਼ਤਮ ਨਹੀਂ ਕਰਨਾ ਚਾਹੁੰਦਾ- ਵੋਲੋਦੋਮੀਰ ਜ਼ੇਲੇਂਸਕੀ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਮਿਜ਼ਾਈਲ ਹਮਲੇ ਬਾਰੇ ਕਿਹਾ ਕਿਹਾ ਇ ਮਾਸਕੋ ਦਾ ਜੰਗ ਖ਼ਤਮ ਨਾ ਕਰਨ ਦਾ ਇਹ ਸੁਨੇਹਾ ਹੈ।

ਜ਼ੇਲੇਂਸਕੀ ਨੇ ਕਿਹਾ ਕਿ ਕੁੱਲ 90 ਮਿਜ਼ਾਈਲਾਂ ਦਾਗੀਆਂ ਗਈਆਂ , ਜਿਨ੍ਹਾਂ ਨੇ ਊਰਜਾ ਨਿਰਮਾਣ ਉਤਪਾਦਾਂ ਦੇ ਨਾਲ ਨਾਲ ਕਾਰੋਬਾਰਾਂ 'ਤੇ ਰਿਹਾਇਸ਼ੀ ਇਮਰਾਤਾਂ ਨੂੰ ਨੁਕਸਾਨ ਪਹੁੰਚਾਇਆ।

ਉਨ੍ਹਾਂ ਕਿਹਾ, “ਤੇ ਇਹ ਹੋਇਆ ਕਦੋਂ ? ਜਿਵੇਂ ਹੀ ਇੰਡੋਨੇਸ਼ੀਆ ਵਿੱਚ ਜੀ - 20 ਸੰਮੇਲਨ ਦਾ ਪਹਿਲਾ ਦਿਨ ਖ਼ਤਮ ਹੋਣ ਵਾਲਾ ਸੀ।”

“ਰੂਸ ਨੂੰ ਸ਼ਾਂਤੀ ਬਾਰੇ ਕਿਹਾ ਗਿਆ , ਪਰ ਇਸ ਨੇ ਜਵਾਬ ਵਿੱਚ ਮਿਜ਼ਾਈਲਾਂ ਦਾਗੀਆਂ। ਜਦੋਂ ਰੂਸ ਕਾਰਨ ਪੈਦਾ ਹੋ ਰਹੇ ਵਿਸ਼ਵੀ ਸੰਕਦ ਦੀ ਗੱਲ ਹੋਈ ਤਾਂ ਜਵਾਬ ਵਿੱਚ ਉਸ ਨੇ ਇਰਾਨੀ ਡਰੋਨ ਛੱਡੇ। ਰੂਸ ਨੂੰ ਜੰਗ ਖ਼ਤਮ ਕਰਨ ਲਈ ਦਸ ਨੁਕਤੇ ਸੁਝਾਏ ਗਏ ਤੇ ਇਨ੍ਹਾਂ ਬਦਲੇ ਉਸ ਨੇ ਦਸ ਮਿਜ਼ਾਈਲਾਂ ਦਾਗੀਆਂ।”

ਜ਼ੇਲੇਂਸਕੀ ਨੇ ਕਿਹਾ ਕਿ ਹਮਲਿਆਂ ਕਾਰਨ ਕੀਵ , ਲਵੀਵ , ਖ਼ਾਰਕੀਵ ਅਤੇ ਜ਼ਾਇਟੋਮਰ ਇਲਾਕਿਆਂ ਸਣੇ ਦੇਸ ਭਰ ਵਿੱਚ ਹਨੇਰਾ ਛਾ ਗਿਆ ਸੀ , ਬਿਜਲੀ ਸਪਲਾਈ ਠੱਪ ਹੋ ਗਈ ਸੀ।

ਉਹ ਕਹਿੰਦੇ ਹਨ, “ਇਹ ਇੰਡੋਨੇਸ਼ੀਆ, ਭਾਰਤ ਤੇ ਚੀਨ ਸਣੇ ਉਨ੍ਹਾਂ ਸਾਰੇ ਦੇਸਾਂ ਲਈ ਰੂਸ ਦਾ ਜਵਾਬ ਹੈ ਜੋ ਕਹਿੰਦੇ ਹਨ ਕਿ ਰੂਸ ਨੂੰ ਜੰਗ ਖ਼ਤਮ ਕਰਨੀ ਚਾਹੀਦੀ ਹੈ। ਰੂਸ ਦੁਨੀਆਂ ਨੂੰ ਦੱਸਣਾ ਚਾਹੁੰਦਾ ਹੈ ਕਿ ਇਹ ਜੰਗ ਜਾਰੀ ਰੱਖਣਾ ਚਾਹੁੰਦਾ ਹੈ। ਹੁਣ ਸਮਾਂ ਹੈ ਦੁਨੀਆਂ ਰੂਸ ਨੂੰ ਜਵਾਬ ਦੇਵੇ।”

ਸੰਯੁਕਤ ਰਾਸ਼ਟਰ ਦੇ ਇੱਕ ਬੁਲਾਰੇ ਨੇ ਜਨਰਲ ਸਕੱਤਰ ਐਨਟੋਨੀਓ ਗੁਟੇਰੇਜ਼ ਦੇ ਆਧਾਰ ’ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਐਨਟੋਨੀਓ ਪੋਲੈਂਡ ਵਿੱਚ ਮਿਜ਼ਾਈਲ ਹਮਲੇ ਤੋਂ ਬਹੁਤ ਫ਼ਿਕਰਮੰਦ ਹਨ ਤੇ ਆਸ ਕਰਦੇ ਹਨ ਇਸ ਦੀ ਜਾਂਚ ਕੀਤੀ ਜਾਵੇਗੀ। ਬੁਲਾਰੇ ਫ਼ਰਹਾਨ ਹੱਕ ਨੇ ਕਿਹਾ,“ਇਹ ਸਭ ਤੋਂ ਵੱਧ ਅਹਿਮ ਹੈ ਕਿ ਯੁਕਰੇਨ ਵਿੱਚ ਜੰਗ ਨੂੰ ਵੱਧਣ ਤੋਂ ਰੋਕਿਆ ਜਾਵੇ।”

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)