ਪੰਜਾਬ ਵਿਧਾਨ ਸਭਾ : ਭਗਵੰਤ ਮਾਨ ਨੇ ਵਿਰੋਧੀਆਂ ਦੇ ਇਲਜ਼ਾਮਾਂ ਦੇ ਦਿੱਤੇ ਇਹ ਜਵਾਬ

ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਮੰਗਲਵਾਰ ਦਾ ਦਿਨ ਵੀ ਕਾਫ਼ੀ ਗਹਿਮਾ-ਗਹਿਮੀ ਵਾਲਾ ਰਿਹਾ। ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਮਾਪੇ ਵਿਧਾਨ ਸਭਾ ਦੇ ਬਾਹਰ ਧਰਨੇ ਉੱਤੇ ਬੈਠ ਗਏ ਸਨ।
ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਇਲਜਾਮ ਲਾਇਆ ਕਿ ਉਨ੍ਹਾਂ ਦੇ ਪੁੱਤ ਦੇ ਕਤਲ ਤੋਂ 11 ਮਹੀਨੇ ਬਾਅਦ ਵੀ ਉਨ੍ਹਾਂ ਨੂੰ ਨਿਆਂ ਨਹੀਂ ਮਿਲ ਰਿਹਾ। ਸਿਰਫ਼ ਕਤਲ ਕਰਨ ਵਾਲੇ ਗੁਰਗੇ ਫੜ੍ਹੇ ਗਏ ਹਨ, ਜਿਸ ਸਾਜ਼ਿਸ਼ਕਰਤਾ ਅਜੇ ਵੀ ਅਜ਼ਾਦ ਘੁੰਮ ਰਹੇ ਹਨ।
ਸਿੱਧੂ ਮੂਸੇਵਾਲਾ ਦੇ ਮਾਪੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਗੱਡੀ ਵਿੱਚ ਵਿਧਾਨ ਸਭਾ ਪਹੁੰਚੇ ਸਨ ਅਤੇ ਉਨ੍ਹਾਂ ਨਾਲ ਕਾਂਗਰਸ ਦੇ ਵਿਧਾਇਕ ਵੀ ਧਰਨੇ ਉੱਤੇ ਬੈਠੇ ਸਨ।
ਕੁਝ ਦੇਰ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਧਰਨੇ ਵਿੱਚ ਪਹੁੰਚੇ, ਉਨ੍ਹਾਂ ਕਿਹਾ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ 52 ਜਣੇ ਫੜ੍ਹੇ ਗਏ ਹਨ ਅਤੇ 2 ਜਣਿਆਂ ਦਾ ਪੁਲਿਸ ਮੁਕਾਬਲਾ ਬਣਾਇਆ ਗਿਆ ਹੈ ਅਤੇ ਸਰਕਾਰ ਇਸ ਮਾਮਲੇ ਵਿੱਚ ਨਿਆਂ ਦਿਵਾਵੇਗੀ।
ਉਨ੍ਹਾਂ ਨੇ ਸਿੱਧੂ ਪਰਿਵਾਰ ਦੀ 20 ਮਾਰਚ ਤੋਂ ਬਾਅਦ ਮੁੱਖ ਮੰਤਰੀ ਨਾਲ ਬੈਠਕ ਕਰਵਾਉਣ ਦਾ ਭਰੋਸਾ ਵੀ ਦਿੱਤਾ ਹੈ।

ਉੱਧਰ ਸਦਨ ਦੀ ਕਾਰਵਾਈ ਦੌਰਾਨ ਰਾਜਪਾਲ ਧੰਨਵਾਦ ਮਤੇ ਉੱਤੇ ਬਹਿਸ ਜਾਰੀ ਰਹੀ। ਕਾਂਗਰਸ ਦੇ ਆਗੂਆਂ ਨੇ ਸਦਨ ਵਿੱਚ ਬਹਿਸ ਵਿੱਚ ਹਿੱਸਾ ਲਿਆ।
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਦੋਂ ਤੱਕ ਮੁੱਖ ਮੰਤਰੀ ਸੋਮਵਾਰ ਨੂੰ ਸਦਨ ਵਿੱਚ ਅਪਣਾਏ ਆਪਣੇ ਰਵੱਈਏ ਲਈ ਮਾਫ਼ੀ ਨਹੀਂ ਮੰਗਦੇ ਪਾਰਟੀ ਉਨ੍ਹਾਂ ਦਾ ਬਾਈਕਾਟ ਕਰੇਗੀ।
ਰਾਜਪਾਲ ਦੇ ਧੰਨਵਾਦੀ ਮਤੇ ਦੌਰਾਨ ਰਾਜਾ ਵੜਿੰਗ ਨੇ ਅਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਕਾਂਗਰਸ ਕਿਸੇ ਵੀ ਹਾਲਾਤ ਵਿੱਚ ਵਿੱਚ ਰਾਸ਼ਟਰਪਤੀ ਰਾਜ ਲਾਗੂ ਨਹੀਂ ਹੋਣ ਦੇਵੇਗੀ।
ਇਸ ਤੋਂ ਬਾਅਦ ਕਾਂਗਰਸ ਦਾ ਵਫ਼ਦ ਰਾਜਪਾਲ ਨੂੰ ਮਿਲਿਆ ਉਨ੍ਹਾਂ ਪੰਜਾਬ ਦੀ ਆਬਕਾਰੀ ਅਤੇ ਮਾਇਨਿੰਗ ਨੀਤੀ ਦੀ ਮੁੜ ਜਾਂਚ ਕਰਵਾਉਣ ਦੀ ਮੰਗ ਕੀਤੀ।
ਅਕਾਲੀ ਦਲ ਨੇ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਉੱਤੇ ਚਿੰਤਾ ਦਾ ਪ੍ਰਗਟਾਵਾ ਕੀਤਾ।
ਸੁਖਬੀਰ ਬਾਦਲ ਨੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਅਤੇ ਇਸ ਕਤਲ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੋਸ਼ੀ ਦੱਸਿਆ।
ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਅਦਾਲਤੀ ਸੰਮਨ ਹੋਣ ਉੱਤੇ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਕਾਨੂੰਨ ਉੱਤੇ ਪੂਰਾ ਭਰੋਸਾ ਹੈ।

ਮੁੱਖ ਮੰਤਰੀ ਦੇ ਭਾਸ਼ਣ ਦੇ ਮੁੱਖ ਬਿੰਦੂ
ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਦੇ ਧੰਨਵਾਦ ਮਤੇ ਦੀ ਬਹਿਸ ਨੂੰ ਸਮੇਟਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਕਿਹਾ ਉਹ ਕੀਤਾ ਹੈ।
ਉਨ੍ਹਾਂ ਕਿਹਾ, ‘‘ਜੋ ਟੂਟ ਜਾਤਾ ਹੈ, ਵਹ ਵਾਅਦਾ ਨਹੀਂ ਹੋਤਾ, ਜੋ ਪੂਰਾ ਨਹੀਂ ਹੋਤਾ ਵੋਹ ਇਰਾਦਾ ਨਹੀਂ ਹੋਤਾ।’’ ਸਾਡਾ ਕੰਮ ਹੈ ਰੰਗਲਾ ਪੰਜਾਬ ਬਣਾਉਣਾ ਅਤੇ ਹਰ ਰੰਗ ਨੂੰ ਭਰਨਾ ਸਾਡਾ ਕੰਮ ਹੈ।
ਮੁੱਖ ਮੰਤਰੀ ਨੇ ਸਵਾਲ ਕੀਤਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਕੌਣ ਦੇਵੇ, ਦੋ ਸਾਲ ਅਕਾਲੀਆਂ ਨੇ ਲੰਘਾ ਦਿੱਤੇ ਅਤੇ 5 ਸਾਲ ਕਾਂਗਰਸ ਨੇ ਲੰਘਾ ਦਿੱਤੇ। ਪਰ ਅਸੀਂ ਸਜ਼ਾ ਦੁਆਉਣ ਦਾ ਵਾਅਦਾ ਕੀਤਾ ਸੀ।
ਪੰਜਾਬ ਦੀ ਸਰਕਾਰ ਨੇ ਨਵੇਂ ਤਰੀਕੇ ਨਾਲ ਉਸ ਕੇਸ ਮੁੜ ਜਾਂਚ ਕਰਵਾ ਕੇ 7000 ਪੰਨਿਆਂ ਦਾ ਚਲਾਨ ਪੇਸ਼ ਕੀਤਾ ਅਤੇ ਮੁੱਖ ਸਾਜ਼ਿਸ਼ਾਕਰਤਾਵਾਂ ਨੂੰ ਬੇਨਕਾਬ ਕੀਤਾ।
ਭਵਿੱਖ ਵਿੱਚ ਵੀ ਬੇਅਦਬੀ ਮਾਮਲੇ ਵਿੱਚ ਗ੍ਰਹਿ ਮੰਤਰਾਲੇ ਨੂੰ ਉਮਰ ਕੈਦ ਦੀ ਸਜ਼ਾ ਦੀ ਸਿਫਾਰਿਸ਼ ਕੀਤੀ ਗਈ ਹੈ।
ਮੁੱਖ ਮੰਤਰੀ ਦਾ ਕਹਿਣਾ ਸੀ ਕਿ ਕਿਸੇ ਨੇ ਕਿਸਾਨਾਂ ਅਤੇ ਕਿਸਾਨੀ ਮੁੱਦਿਆਂ ਵੱਲ ਧਿਆਨ ਨਹੀਂ ਦਿੱਤਾ ਪਰ 'ਆਪ' ਸਰਕਾਰ ਨੇ ਦਿੱਤਾ ਹੈ। ਮੁੱਖ ਮੰਤਰੀ ਮਾਨ ਨੇ ਪਾਣੀ ਦੇ ਮੁੱਦੇ 'ਤੇ ਬੋਲਦਿਆਂ ਕਿਹਾ, ''ਅਸੀਂ ਨਹਿਰਾਂ 'ਤੇ ਪੁਲਿਸ ਤੈਨਾਤ ਕਰਾਂਗੇ। ਪਹਿਲੀ ਵਾਰ ਹੋਵੇਗਾ ਕਿ 1 ਅਪ੍ਰੈਲ ਤੋਂ ਪੰਜਾਬ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚ ਜਾਵੇਗਾ।'’
ਉਨ੍ਹਾਂ ਪੰਜਾਬ 'ਚ ਹੋਣ ਵਾਲੇ ਨਿਵੇਸ਼ਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ''ਅਸੀਂ ਆਪਣੇ ਵਾਅਦੇ ਪੂਰੇ ਕਰਦੇ ਹਾਂ।''
ਭ੍ਰਿਸ਼ਟਾਚਾਰ ਬਾਰੇ ਉਨ੍ਹਾਂ ਕਿਹਾ, ''ਭ੍ਰਿਸ਼ਟਾਚਾਰ ਖ਼ਿਲਾਫ਼ ਸਾਡੀ ਮੁਹਿੰਮ ਜਾਰੀ ਰਹੇਗੀ ਅਤੇ ਸਬੰਧਿਤ ਲੋਕ ਫੜ੍ਹੇ ਜਾਣਗੇ ਭਾਵੇ ਕਿਸੇ ਵੀ ਪਾਰਟੀ ਦੇ ਹੋਣ।''
ਉਨ੍ਹਾਂ ਪਿਛਲੀਆਂ ਸਰਕਾਰਾਂ ਨੂੰ ਨਿਸ਼ਾਨੇ 'ਤੇ ਲੈਂਦਿਆਂ ਹੋਇਆਂ ਕਿਹਾ ਕਿ ਉਨ੍ਹਾਂ ਨੇ ਸੂਬੇ ਨੂੰ ਲੁੱਟਿਆ ਹੈ।
ਸੀਐੱਮ ਨੇ ਕਿਹਾ ਕਿ ਜਿਸ ਰਸਾਲੇ ਦਾ ਰਾਜਾ ਵੜਿੰਗ ਹਵਾਲਾ ਦੇ ਰਹੇ ਸਨ, ਉਸੇ ਰਸਾਲੇ ਦੇ ਜਨਵਰੀ ਦੇ ਅੰਕ ਮੁਤਾਬਕ ਪੰਜਾਬ ਕਾਨੂੰਨ ਵਿਵਸਥਾ ਦੇ ਮਾਮਲੇ 'ਚ ਦੂਜੇ ਨੰਬਰ 'ਤੇ ਹੈ ਅਤੇ ਇਸ ਦੇ 85.1 ਨੰਬਰ ਹਨ।
ਉਨ੍ਹਾਂ ਕਿਹਾ ਕਿ ਇਸੇ ਸੂਚੀ 'ਚੀ ਕਾਂਗਰਸ ਦੀ ਸੱਤਾ ਵਾਲਾ ਛੱਤੀਸਗੜ੍ਹ 14ਵੇਂ ਨੰਬਰ 'ਤੇ ਹੈ।
'ਅਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਦੋਂ ਕਰੋਗੇ' - ਰਾਜਾ ਵੜਿੰਗ
ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੇ ਤੀਜੇ ਦਿਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਮ੍ਰਿਤਪਾਲ ਸਿੰਘ ਦੇ ਮਾਮਲੇ 'ਤੇ ਸੂਬਾ ਸਰਕਾਰ ਉੱਤੇ ਤਿੱਖਾ ਹਮਲਾ ਕੀਤਾ ਹੈ।
ਅਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਸਭ ਕਿਵੇਂ ਹੋਇਆ, ਇਹ ਖੂਫੀਆ ਤੰਤਰ ਦੀ ਅਸਫਲਤਾ ਹੈ।
ਇਸ ਤੋਂ ਪਹਿਲਾਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪੇ ਵਿਧਾਨ ਸਭਾ ਦੇ ਬਾਹਰ ਧਰਨੇ 'ਤੇ ਬੈਠ ਗਏ ਸਨ। ਹਾਲਾਂਕਿ ਬਾਅਦ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਭਰੋਸਾ ਦਿਵਾਏ ਜਾਣ 'ਤੇ ਉਨ੍ਹਾਂ ਆਪਣਾ ਧਰਨਾ ਖਤਮ ਕਰ ਦਿੱਤਾ।

ਤਸਵੀਰ ਸਰੋਤ, AAP
''ਉਸ ਨੌਜਵਾਨ ਅਮ੍ਰਿਤਪਾਲ ਦੇ ਕੁਝ ਸਲਾਹਕਾਰ ਅਕਸਰ ਹੀ ਲਾਹੌਰ ਜਾਂਦੇ ਨੇ, ਤੇ ਉੱਥੇ ਆਈਐੱਸਆਈ ਤੇ ਕੁਝ ਸਾਡੀਆਂ ਏਜੰਸੀਆਂ ਚਾਹੁੰਦੀਆਂ ਹਨ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਜਾਵੇ।''
ਉਨ੍ਹਾਂ ਅਜਨਾਲਾ ਘਟਨਾਕ੍ਰਮ 'ਤੇ ਬੋਲਦਿਆਂ ਸਵਾਲ ਕੀਤਾ ਕਿ 'ਕਦੋਂ ਕਰੋਗੇ ਗ੍ਰਿਫ਼ਤਾਰ ਅਮ੍ਰਿਤਪਾਲ ਨੂੰ, ਕਿਉਂ ਡਰਦੇ ਹੋ?''
ਉਨ੍ਹਾਂ ਸਰਕਾਰ ਨੂੰ ਬੇਨਤੀ ਕੀਤੀ ਕਿ ਇਸ ਮਾਮਲੇ 'ਚ ਬਣਦੀ ਕਾਰਵਾਈ ਕੀਤੀ ਜਾਵੇ।
ਇਸ ਦੇ ਨਾਲ ਹੀ ਉਨ੍ਹਾਂ 'ਆਪ' ਸਰਕਾਰ ਦੁਆਰਾ ਕੀਤੇ ਗਏ ਵਾਅਦਿਆਂ ਦੇ ਪੂਰੇ ਹੋਣ ਬਾਰੇ ਵੀ ਸਵਾਲ ਕੀਤੇ।
ਰਾਜਾ ਵੜਿੰਗ ਨੇ ਸਰਕਾਰ ਦੁਆਰਾ ਖੋਲ੍ਹੇ ਜਾ ਰਹੇ ਮੁਹੱਲਾ ਕਲੀਨਿਕਾਂ ਅਤੇ ਹੋਰ ਕੰਮਾਂ 'ਤੇ ਵੀ ਤੰਜ ਕੱਸੇ।
'5 ਸਾਲਾਂ 'ਚ 5 ਕੰਮ ਵੀ ਨਹੀਂ ਕੀਤੇ ਹੋਣੇ' - ਮੀਤ ਹੇਅਰ
ਰਾਜਾ ਵੜਿੰਗ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਮੀਤ ਹੇਅਰ ਨੇ ਕਿਹਾ ਕਾਂਗਰਸ ਦੀ ਸਰਕਾਰ ਵੇਲੇ ਉਨ੍ਹਾਂ ਦੇ ਮੁੱਖ ਮੰਤਰੀ ਨੇ 5 ਸਾਲ 'ਚ 5 ਕੰਮ ਵੀ ਨਹੀਂ ਕੀਤੇ ਹੋਣੇ ਤੇ ਉਨ੍ਹਾਂ ਦੀ ਸਰਕਾਰ ਨੇ ਜੋ ਕਿਹਾ ਕਰ ਕੇ ਦਿਖਾ ਰਹੀ ਹੈ।
ਕਾਂਗਰਸ ਦੇ 'ਆਪ' ਨੂੰ ਇਹ ਸਵਾਲ

ਪੰਜਾਬ ਦੇ ਰਾਜਪਾਲ ਨੂੰ ਮਿਲਣ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਨੇ ਮੀਡੀਆ ਨਾਲ ਗੱਲਬਾਤ ਕੀਤੀ ਤੇ ਦੱਸਿਆ ਕਿ ਉਨ੍ਹਾਂ ਨੇ ਕਿਹੜੇ ਮੁੱਦੇ ਉਨ੍ਹਾਂ ਅੱਗੇ ਚੁੱਕੇ ਹਨ।
ਪ੍ਰਤਾਪ ਬਾਜਵਾ ਨੇ ਕਿਹਾ ਕਿ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਰੇਤ ਨੀਤੀ ਤੇ ਪੰਜਾਬ ਦੀ ਐਕਸਾਈਜ਼ ਨੀਤੀ ਦੀ ਜਾਂਚ ਹੋਵੇ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਠੇਕੇਦਾਰਾਂ ਨੂੰ ਕੈਪਟਨ ਤੇ ਅਕਾਲੀ ਦਲ ਵੇਲੇ 'ਆਪ' ਨੇ ਕਿਹਾ ਕਿਹਾ ਸੀ ਮਾਈਨਿੰਗ ਕਰਾਉਂਦੇ ਹਨ, ਉਨ੍ਹਾਂ ਨੂੰ ਮੁੜ ਠੇਕੇ ਦੇ ਦਿੱਤੇ ਹਨ।
ਇਸ ਤੋਂ ਇਲਾਵਾ ਕਾਂਗਰਸ ਨੇ 'ਆਪ' ਦੇ ਐੱਮਪੀ ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮਾਲਕ ਅਸ਼ੋਕ ਮਿੱਤਲ ਦੇ ਕੈਂਪਸ 'ਚ ਲਗਭਗ 100 ਕਰੋੜ ਦੀ ਜ਼ਮੀਨ ਜਾਂਚ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਐੱਮਪੀ ਬਲਬੀਰ ਸਿੰਘ ਸੀਚੇਵਾਲ ਕੋਲ ਵੀ ਕਈ ਕਰੋੜਾਂ ਦੀ ਪੰਚਾਇਤੀ ਜ਼ਮੀਨ ਹੈ, ਉਸ ਦੀ ਵੀ ਜਾਂਚ ਹੋਵੇ। ਪ੍ਰਤਾਪ ਬਾਜਵਾ ਨੇ ਕਿਹਾ ਕਿ 'ਇਸ ਗੱਲ 'ਤੇ ਭਗਵੰਤ ਸਿੰਘ ਮਾਨ ਨੇ ਕੋਈ ਜਵਾਬ ਨਹੀਂ ਦਿੱਤਾ।'
ਬਾਜਵਾ ਮੁਤਾਬਕ, ਉਨ੍ਹਾਂ ਨੇ ਫੌਜਾ ਸਿੰਘ ਸਰਾਰੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸਰਕਾਰ ਨੂੰ ਸਵਾਲ ਪੁੱਛੇ ਹਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।
ਮੁੱਖ ਮੰਤਰੀ ਨੂੰ ਵਿਧਾਨ ਸਭਾ 'ਚ ਆਏ ਗੁੱਸੇ ਦੀ ਕੀ ਮਾਅਨੇ

ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਦੇ ਦੂਜੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਸਦਨ ਵਿੱਚ ਤਿੱਖੀ ਬਹਿਸ ਦੇਖਣ ਨੂੰ ਮਿਲੀ ਸੀ।
ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਅਮਨ ਕਾਨੂੰਨ ਦੀ ਹਾਲਤ, ਵਿਜੀਲੈਂਸ ਰੇਡਾਂ ਅਤੇ ਮਾਇੰਨਿੰਗ ਵਰਗੇ ਮਸਲਿਆਂ ਉੱਤੇ ਸਰਕਾਰ ਨੂੰ ਘੇਰਿਆ ਸੀ ਅਤੇ ਇਸ ਮਗਰੋਂ ਸੀਐੱਮ ਵੀ ਤੈਸ਼ ਵਿੱਚ ਆ ਗਏ ਸਨ।
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਬੀਬੀਸੀ ਪੰਜਾਬੀ ਦੇ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨਾਲ ਇਸ ਬਾਰੇ ਗੱਲ ਕਰਦਿਆਂ ਕਿਹਾ ਕਿ 'ਜੋ ਵਿਧਾਨ ਸਭਾ 'ਚ ਹੋਇਆ ਉਹ ਮੁੱਖ ਮੰਤਰੀ ਦੀ ਬਾਡੀ ਲੈਂਗਵੇਜ ਨਹੀਂ ਸੀ।'
ਉਨ੍ਹਾਂ ਕਿਹਾ, 'ਮੁੱਖ ਮੰਤਰੀ ਦਾ ਅਹੁਦਾ ਕਾਫੀ ਗ੍ਰੇਸ ਵਾਲਾ ਹੁੰਦਾ ਹੈ ਤੇ ਆਮ ਤੌਰ 'ਤੇ ਵਿਧਾਨ ਸਭਾ 'ਚ ਰੌਲ਼ਾ ਪਾਉਣ ਲਈ ਕੁਝ ਮੰਤਰੀ ਹੁੰਦੇ ਹਨ ਪਰ ਮੁੱਖ ਮੰਤਰੀ ਨੇ ਜਿਸ ਤਰ੍ਹਾਂ ਦਾ ਝਲਕਾਰਾ ਦਿਖਾਇਆ ਹੈ ਉਹ ਮੈਂ ਪਹਿਲਾਂ ਕਦੇ ਵਿਧਾਨ ਸਭਾ 'ਚ ਨਹੀਂ ਦੇਖਿਆ।'
ਜਗਤਾਰ ਸਿੰਘ ਮੁਤਾਬਕ ਉਨ੍ਹਾਂ ਨੇ 1978 ਤੋਂ ਵਿਧਾਨ ਸਭਾ ਸੈਸ਼ਨ ਕਵਰ ਕੀਤੇ ਹਨ ਅਤੇ ਇਸ ਦੌਰਾਨ ਉਨ੍ਹਾਂ ਕਦੇ ਵੀ ਪੰਜਾਬ ਅਤੇ ਹਰਿਆਣਾ ਵਿੱਚ ਕਿਸੇ ਵੀ ਮੁੱਖ ਮੰਤਰੀ ਦੀ ਅਜਿਹੀ ਭਾਸ਼ਾ ਜਾਂ ਬਾਡੀ ਲੈਂਗਵੇਜ ਨਹੀਂ ਦੇਖੀ।
ਸਿੱਧੂ ਮੂਸੇਵਾਲਾ ਦੇ ਮਾਪਿਆਂ ਦਾ ਧਰਨਾ

ਤਸਵੀਰ ਸਰੋਤ, ANI
ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਪੰਜਾਬ ਵਿਧਾਨ ਸਭਾ ਦੇ ਬਾਹਰ ਜਾਰੀ ਧਰਨਾ ਖ਼ਤਮ ਕਰ ਦਿੱਤਾ ਹੈ ਅਤੇ ਆਉਂਦੇ ਦਿਨਾਂ ਵਿੱਚ ਉਨ੍ਹਾਂ ਦੀ ਮੁੱਖ ਮੰਤਰੀ ਭਗਵੰਤ ਨਾਲ ਮੀਟਿੰਗ ਰੱਖੀ ਜਾਵੇਗੀ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਸਾਥ ਦੇਣ ਦਾ ਭਰੋਸਾ ਦਿਵਾਇਆ ਸੀ।
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਪੰਜਾਬ ਵਿਧਾਨ ਸਭਾ ਦੇ ਬਾਹਰ ਧਰਨੇ ਉੱਤੇ ਬੈਠ ਗਏ ਸਨ।
ਉਨ੍ਹਾਂ ਦਾ ਕਹਿਣਾ ਸੀ ਕਿ ਜਿੰਨੇ ਦਿਨ ਵਿਧਾਨ ਸਭਾ ਦੇ ਸੈਸ਼ਨ ਚੱਲੇਗਾ, ਉਹ ਆਪਣੇ ਪੁੱਤ ਨੂੰ ਇਨਸਾਫ਼ ਦੁਆਉਣ ਲਈ ਇਥੇ ਹੀ ਧਰਨੇ 'ਤੇ ਬੈਠੇ ਰਹਿਣਗੇ।
ਉਨ੍ਹਾਂ ਕਿਹਾ, ''ਜੇ ਮੇਰਾ ਪੁੱਤ ਜਵਾਹਰਕੇ ਨਾ ਘੇਰਿਆ ਜਾਂਦਾ ਤਾਂ ਉਸ ਨੂੰ ਰਾਤ ਨੂੰ ਘਰੇ ਵੜ ਕੇ ਖਿੜਕੀ 'ਚੋਂ ਗ੍ਰੇਨੇਡ ਸੁੱਟ ਕੇ ਮਾਰ ਦਿੰਦੇ। ਸਾਡੇ ਘਰੇ ਵੜ ਕੇ ਹਮਲਾ ਕਰਨਾ ਸੀ।''
''ਕੀ ਮੈਂ ਆਪਣੇ ਜਵਾਨ ਪੁੱਤ ਦੇ ਕੇਸ ਦੀ ਪੈਰਵੀ ਨਾ ਕਰਾਂ?''
ਆਪਣੇ ਆਪ ਨੂੰ ਮਿਲਣ ਵਾਲੀਆਂ ਧਮਕੀਆਂ ਬਾਰੇ ਬਲਕੌਰ ਸਿੰਘ ਨੇ ਕਿਹਾ, ''18 ਤਾਰੀਖ ਨੂੰ ਧਮਕੀ ਆ ਗਈ, 24 ਨੂੰ ਆ ਗਈ, 27 ਨੂੰ ਆ ਗਈ, 25 ਅਪ੍ਰੈਲ ਤੋਂ ਪਹਿਲਾਂ ਤੁਹਾਨੂੰ ਮਾਰ ਦਿਆਂਗੇ.. ਇਹੋ ਜਿਹਾ ਪ੍ਰਸ਼ਾਸਨ ਹੈ?''
ਉਨ੍ਹਾਂ ਕਿਹਾ ਕਿ ਜਿਸ ਨੂੰ ਇਸ ਮਾਮਲੇ 'ਚ ਫੜ੍ਹਿਆ ਹੈ, ਉਸ ਨੂੰ ਨਾਬਾਲਿਗ ਕਹਿ ਦਿੱਤਾ। 'ਨਾਬਾਲਿਗ ਭਾਵੇਂ ਮੇਰੇ ਗੋਲ਼ੀ ਮਾਰ ਕੇ ਵੀ ਚਲਾ ਜਾਵੇ, ਕੋਈ ਜ਼ੁਰਮ ਨਹੀਂ।'
''ਭਾਵੇਂ ਮੇਰੀ ਸੁਰੱਖਿਆ ਵਾਪਸ ਲੈ ਲਓ ਅਸੀਂ ਫਿਰ ਵੀ ਲੜਾਂਗੇ। ਮੇਰੇ ਬੱਚੇ ਨੇ ਸੁਰੱਖਿਆ ਲਈ ਬਹੁਤ ਹੱਥ ਬੰਨ੍ਹੇ।''
''ਫਿਰ ਕਹਿ ਦਿੰਦੇ ਨੇ ਕਾਂਗਰਸੀ ਸਟੰਟ ਹੈ ਪਰ ਜਿਨਾਂ ਚਿਰ ਸੱਤਾ (ਕਾਂਗਰਸ) ਵਿੱਚ ਰਹੀ ਮੇਰਾ ਬੱਚਾ ਬਚਾ ਲਿਆ। ਜਿਸ ਦਿਨ ਸਰਕਾਰ ਬਦਲ ਗਈ, ਮੈਂ ਕੱਖੋਂ ਹੌਲਾ ਹੋ ਕੇ ਬੈਠ ਗਿਆ। ਜਿਹੜੀ ਕਿਸੇ ਨੇ ਮਦਦ ਕੀਤੀ ਹੈ ਮੈਂ ਉਸ ਬਾਰੇ ਕਹੂੰਗਾ।''
'ਸਿੱਧੂ ਸਾਡਾ ਸਭ ਦਾ ਸਾਂਝਾ'- ਕੁਲਦੀਪ ਸਿੰਘ ਧਾਲੀਵਾਲ
ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਵਿਧਾਨ ਸਭਾ ਦੇ ਬਾਹਰ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਮੁਲਾਕਾਤ ਕਰਕੇ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ਨਾਲ ਉਨ੍ਹਾਂ ਦੇ ਨਾਲ ਹੈ।
ਧਾਲੀਵਾਲ ਨੇ ਕਿਹਾ, ''ਅਸੀਂ ਪੂਰੀ ਤਰ੍ਹਾਂ ਤੁਹਾਡੇ ਨਾਲ ਹਾਂ, ਘਬਰਾਉਣਾ ਨਹੀਂ, ਤਕੜੇ ਰਹੋ ਬਸ ਇਨ੍ਹਾਂ ਧਰਨਿਆਂ ਆਦਿ ਦੇ ਚੱਕਰ ਵਿੱਚ ਨਾ ਪਓ।''
ਉਨ੍ਹਾਂ ਕਿਹਾ, ''ਸਿੱਧੂ ਸਾਡਾ ਸਭ ਦਾ ਸਾਂਝਾ ਸੀ।''
ਜਦੋਂ ਬਲਕੌਰ ਸਿੰਘ ਨੇ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ, ਤੁਸੀਂ ਲੋਕਾਂ ਨੂੰ ਕਹੋ ਸਰਕਾਰ ਨੇ 29 ਬੰਦੇ ਫੜ੍ਹ ਲਏ, 5 ਨੂੰ ਲਿਆਉਣ ਦੀ ਕਾਰਵਾਈ ਚੱਲ ਰਹੀ ਹੈ ਤੇ 2 ਦਾ ਐਨਕਾਊਂਟਰ ਕਰ ਦਿੱਤਾ।''
ਉਨ੍ਹਾਂ ਕਿਹਾ, ''ਸੀਐੱਮ ਤੁਹਾਡੇ ਆਪਣੇ ਹਨ, ਜਦੋਂ ਮਰਜ਼ੀ ਮਿਲੋ।''
'ਸਰਕਾਰ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ’- ਸਿੱਧੂ ਮੂਸੇਵਾਲਾ ਦੇ ਮਾਤਾ
ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਬੀਬੀਸੀ ਪੰਜਾਬੀ ਦੇ ਪੱਤਰਕਾਰ ਅਰਵਿੰਦ ਛਾਬੜਾ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਕਿਸੇ ਨੂੰ ਤੰਗ ਨਹੀਂ ਕਰਨਾ ਚਾਹੁੰਦੇ ਤੇ ਜਿੱਥੇ ਤੱਕ ਲੜ ਸਕੇ ਉਹ ਦੋਵੇਂ ਹੀ ਲੜਨਗੇ।
ਉਨ੍ਹਾਂ ਕਿਹਾ, ''ਅਸੀਂ ਤਾਂ ਉਮੀਦ ਲੈ ਕੇ ਆਏ ਹਾਂ ਜੀ ਕਿ ਸਾਡੀਆਂ ਉਮੀਦਾਂ 'ਤੇ ਖਰੇ ਉਤਰਨਗੇ ਪਰ ਲੱਗਦਾ ਨਹੀਂ ਕਿਉਂਕਿ ਨੌ ਮਹੀਨੇ ਹੋ ਗਏ ਸਾਨੂੰ ਵਾਸਤੇ ਪਾਉਂਦਿਆਂ ਨੂੰ। ਅਜੇ ਤੱਕ ਤਾਂ ਨਹੀਂ ਸੁਣੀ ਜੇ ਅੱਗੇ ਸੁਣ ਲੈਣ ਤਾਂ ਅਸੀਂ ਧੰਨਵਾਦ ਕਰਾਂਗੇ ਉਨ੍ਹਾਂ ਦਾ।''
ਇਨਸਾਫ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਹਮਲਾ ਕੀਤਾ ਉਹ ਤਾਂ ਕਿਰਾਏ 'ਤੇ ਆਏ ਸਨ ਪਰ ਅਸੀਂ ਤਾਂ ਇਹ ਜਵਾਬ ਮੰਗ ਰਹੇ ਹਾਂ ਕਿ ਕਿਸ ਨੇ ਤੇ ਕਿਉਂ ਮਰਵਾਇਆ।

ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਕਿਹਾ ਕਿ ਉਹ ਪਿਛਲੇ 10 ਮਹੀਨਿਆਂ ਤੋਂ ਆਪਣੇ ਪੁੱਤ ਲਈ ਨਿਆਂ ਦੀ ਉਡੀਕ ਕਰ ਰਹੇ ਹਨ ਅਤੇ ਹੁਣ ਜਦੋਂ ਪੰਜਾਬ ਵਿਧਾਨ ਸਭਾ 'ਚ ਉਨ੍ਹਾਂ ਦੇ ਪੁੱਤ ਦੇ ਕੇਸ ਬਾਰੇ ਕੋਈ ਗੱਲ ਨਹੀਂ ਕਰਨ ਦਿੱਤੀ ਜਾ ਰਹੀ ਤਾਂ ਉਨ੍ਹਾਂ ਨੂੰ ਮਜ਼ਬੂਰਨ ਪੰਜਾਬ ਵਿਧਾਨ ਸਭਾ ਆਉਣਾ ਪਿਆ।
ਉਨ੍ਹਾਂ ਕਿਹਾ, ''ਜੇਲ੍ਹਾਂ 'ਚ ਅੰਕਿਤ ਸਿਰਸਾ ਵਰਗੇ ਨਾਮ ਲੈ ਲੈ ਕੇ ਕਹਿੰਦੇ ਹਨ ਕਿ ਅਸੀਂ ਪੰਜਾਬ 'ਚ ਆ ਕੇ ਤੁਹਾਡਾ ਸਿੱਧੂ ਮੂਸੇਵਾਲਾ ਮਾਰ ਦਿੱਤਾ, ਕਰ ਲਓ ਕੀ ਕਰਨਾ ਹੈ। ਇਹ ਸਾਡੇ ਮੂੰਹ 'ਤੇ ਚਪੇੜ ਹੈ ਇੱਕ ਕਿਸਮ ਦੀ।''
ਚਰਨ ਕੌਰ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਸਰਕਾਰ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਨ ਅਤੇ ਚਾਹੁੰਦੇ ਹਨ ਕਿ ਸਾਜ਼ਿਸ਼ ਕਰਨ ਵਾਲਿਆਂ ਨੂੰ ਸਜ਼ਾ ਮਿਲੇ।
ਮੂਸੇਵਾਲਾ ਦੇ ਦੋਸ਼ੀ ਅੱਜ ਵੀ ਬਾਹਰ - ਪੰਜਾਬ ਭਾਜਪਾ

ਤਸਵੀਰ ਸਰੋਤ, BJP Punjab
ਦੂਜੇ ਪਾਸੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਹੈ ਕਿ ਮੂਸੇਵਾਲਾ ਕਤਲ ਕੇਸ ਦੇ ਅਸਲ ਮੁਜ਼ਰਿਮ ਅੱਜ ਵੀ ਬਾਹਰ ਹਨ।
ਉਨ੍ਹਾਂ ਕਿਹਾ, ''ਕੀ ਸਰਕਾਰ ਅਜਿਹੇ ਅਨਸਰਾਂ ਨੂੰ ਬਚਾਉਣਾ ਚਾਹੁੰਦੀ ਹੈ ਜਿਨ੍ਹਾਂ ਨੇ ਮੂਸੇਵਾਲਾ ਦਾ ਕਤਲ ਕੀਤਾ।''
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਜਨਤਾ ਨੂੰ ਸੜਕਾਂ 'ਤੇ ਉਤਰਨਾ ਪਏਗਾ ਤੇ ਭਾਜਪਾ ਇਸ ਦੀ ਸ਼ੁਰੂਆਤ 9 ਮਾਰਚ ਸਵੇਰੇ 10 ਵਜੇ ਤੋਂ ਕਰ ਰਹੀ ਹੈ।
ਇਸ ਦੌਰਾਨ ਸ਼ਵਨੀ ਸ਼ਰਮਾ ਨੇ ਅਜਨਾਲਾ ਘਟਨਾਕ੍ਰਮ ਨੂੰ ਲੈ ਕੇ ਸਰਕਾਰ 'ਤੇ ਤੰਜ ਕੱਸਿਆ।
ਉਨ੍ਹਾਂ ਕਿਹਾ ਕਿ ਇੰਨਾ ਕਮਜ਼ੋਰ ਪੁਲਿਸ ਨੂੰ ਕਦੇ ਨਹੀਂ ਦੇਖਿਆ ਤੇ ਇਸ ਦੇ ਦੋਸ਼ੀ ਮੁੱਖ ਮੰਤਰੀ ਹਨ।

ਸਿੱਧੂ ਮੂਸੇਵਾਲਾ ਕਤਮ ਮਾਮਲੇ ਦਾ ਘਟਨਾਕ੍ਰਮ
- ਸਿੱਧੂ ਮੂਸੇਵਾਲਾ ਪੰਜਾਬੀ ਦੇ ਕੌਮਾਂਤਰੀ ਪੱਧਰ ਦੇ ਪੌਪ ਸਟਾਰ ਸਨ
- 29 ਮਈ 2022 ਨੂੰ ਉਨ੍ਹਾਂ ਦਾ ਮਾਨਸਾ ਜ਼ਿਲ੍ਹੇ ਦੇ ਜਵਾਹਰਕੇ ਪਿੰਡ ਵਿੱਚ ਕੁਝ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ
- ਸਿੱਧੂ ਮੂਸੇਵਾਲਾ ਜਿੰਨੇ ਮਸ਼ਹੂਰ ਸਨ ਉਨੇ ਹੀ ਆਪਣੇ ਗੀਤਾਂ ਦੇ ਵਿਸ਼ਿਆਂ ਤੇ ਬਿਆਨਾਂ ਕਰਕੇ ਵਿਵਾਦਾਂ ਵਿੱਚ ਵੀ ਘਿਰੇ ਰਹਿੰਦੇ ਸਨ
- ਮੂਸੇਵਾਲਾ ਦੇ ਕਤਲ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਐੱਸਆਈਟੀ ਵੀ ਬਣਾਈ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ 25 ਤੋਂ ਵੱਧ ਗ੍ਰਿਫ਼ਤਾਰੀਆਂ ਕੀਤੀਆਂ ਹਨ
- ਪੰਜਾਬ ਪੁਲਿਸ ਨੇ ਉਨ੍ਹਾਂ ਦੇ ਦਿਨ-ਦਿਹਾੜੇ ਹੋਏ ਕਤਲ ਨੂੰ ਗੈਂਗਸਟਰਾਂ ਨਾਲ ਜੋੜਿਆ
- ਸਿੱਧ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਪੁਲਿਸ ਵਲੋਂ ਦਾਅਵਾ ਕੀਤਾ ਗਿਆ ਕਿ ਕੈਨੇਡਾ ਅਧਾਰਿਤ ਗੈਂਗਸਟਰ ਗੋਲਡੀ ਬਰਾੜ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਇਸ ਅਪਰਾਧ ਪਿੱਛੇ ਸਨ
- ਸਿੱਧੂ ਮੂਸੇਵਾਲਾ ਦੇ ਪਿਤਾ ਵਲੋਂ ਲਗਾਤਾਰ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ
- ਦਸੰਬਰ 2022 'ਚ ਪੰਜਾਬ ਸਰਕਾਰ ਵੱਲੋਂ ਗੋਲਡੀ ਬਰਾੜ ਦੇ ਅਮਰੀਕਾ ਵਿੱਚ ਡਿਟੇਨ ਕੀਤੇ ਜਾਣ ਦੀ ਗੱਲ ਵੀ ਕਹੀ ਗਈ ਸੀ, ਹਾਲਾਂਕਿ ਇਸ ਬਾਰੇ ਹੋਰ ਕੋਈ ਅਪਡੇਟ ਨਹੀਂ ਆਇਆ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)














