ਖਾਲਿਸਤਾਨੀ ਕਨੈਕਸ਼ਨ, ਘਰ 'ਚੋਂ ਮਿਲੇ ਖੂਨ ਦੇ ਨਿਸ਼ਾਨ ਤੇ ਹਥਿਆਰ, ਦਿੱਲੀ ਪੁਲਿਸ ਵੱਲੋਂ ਫੜੇ ਲੋਕਾਂ ਬਾਰੇ ਹੋਰ ਕੀ ਪਤਾ

ਪੁਲਿਸ ਦੀ ਰੇਡ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਜਗਜੀਤ ਸਿੰਘ ਉਰਫ਼ ਜੱਗਾ ਅਤੇ ਨੌਸ਼ਾਦ ਨਾਮ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਜਹਾਂਗੀਰਪੁਰੀ ਦੇ ਭਾਲਸਵਾ ਡੇਅਰੀ ਵਾਲੇ ਇਲਾਕੇ ਦੇ ਇੱਕ ਮਕਾਨ ਤੋਂ ਦੋ ਹੈਂਡ ਗ੍ਰੇਨੇਡ ਅਤੇ ਕੁਝ ਹੋਰ ਹਥਿਆਰ ਬਰਾਮਦ ਕੀਤੇ ਹਨ।

ਦਰਅਸਲ, ਇਸ ਮਕਾਨ ਦਾ ਸਬੰਧ ਉਨ੍ਹਾਂ ਦੋ ਵਿਅਕਤੀਆਂ ਨਾਲ ਹੈ ਜਿਨ੍ਹਾਂ ਨੂੰ ਦਿੱਲੀ ਪੁਲਿਸ ਦੇ ਹੀ ਸਪੈਸ਼ਲ ਸੈੱਲ ਨੇ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ।

ਖ਼ਬਰ ਏਜੰਸੀ ਪੀਟੀਆਈ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੋਵਾਂ 'ਤੇ ਅੱਤਵਾਦੀ ਸਮੂਹਾਂ ਨਾਲ ਸੰਪਰਕ 'ਚ ਹੋਣ ਦਾ ਸ਼ੱਕ ਹੈ।

ਜਾਣਕਾਰੀ ਮੁਤਾਬਕ, ਇਹ ਦੋਵੇਂ ਵਿਅਕਤੀ ਇਸੇ ਮਕਾਨ ਵਿੱਚ ਕਿਰਾਏ 'ਤੇ ਰਹਿ ਰਹੇ ਸਨ।

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦੀ ਰਿਹਾਇਸ਼ 'ਤੇ ਮਨੁੱਖੀ ਖੂਨ ਦੇ ਨਿਸ਼ਾਨ ਵੀ ਮਿਲੇ ਹਨ।

ਗ੍ਰਿਫ਼ਤਾਰ ਕੀਤੇ ਵਿਅਕਤੀਆਂ ਬਾਰੇ ਹੋਰ ਕੀ ਪਤਾ

ਪੁਲਿਸ ਦੀ ਰੇਡ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਪੁਲਿਸ ਨੇ ਉਨ੍ਹਾਂ ਦੇ ਘਰ ਰੇਡ ਕੀਤੀ, ਜਿਸ 'ਚ ਹਥਿਆਰ ਬਰਾਮਦ ਹੋਏ ਹਨ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਗ੍ਰਿਫ਼ਤਾਰ ਇਨ੍ਹਾਂ ਦੋ ਵਿਅਕਤੀਆਂ ਦੇ ਨਾਮ ਜਗਜੀਤ ਸਿੰਘ ਉਰਫ਼ ਜੱਗਾ ਅਤੇ ਨੌਸ਼ਾਦ ਹਨ, ਜਿਨ੍ਹਾਂ ਦੀ ਉਮਰ 29 ਅਤੇ 56 ਸਾਲ ਦੱਸੀ ਜਾ ਰਹੀ ਹੈ।

ਇਨ੍ਹਾਂ ਦੋਵਾਂ ਨੂੰ ਲੰਘੇ ਵੀਰਵਾਰ ਨੂੰ ਭਾਲਸਵਾ ਡੇਅਰੀ ਪੁਲਿਸ ਥਾਣੇ ਅੰਦਰ ਆਉਂਦੀ ਸ਼ਰਧਾ ਨੰਦ ਕਾਲੋਨੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੀਟੀਆਈ ਦੀ ਜਾਣਕਾਰੀ ਮੁਤਾਬਕ, ਦਿੱਲੀ ਪੁਲਿਸ ਦੇ ਬੁਲਾਰੇ ਸੁਮਨ ਨਲਵਾ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਸ਼ੁੱਕਰਵਾਰ ਨੂੰ ਪਟਿਆਲਾ ਹਾਊਸ ਕੋਰਟ ਅੱਗੇ ਪੇਸ਼ ਕੀਤਾ ਗਿਆ ਅਤੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।

ਲਾਈਨ

ਮਾਮਲੇ ਬਾਰੇ ਹੁਣ ਤੱਕ ਜੋ ਪਤਾ

  • ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਜਹਾਂਗੀਰ ਪੂਰੀ ਇਲਾਕੇ 'ਚੋਂ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ
  • ਪੁਲਿਸ ਮੁਤਾਬਕ, ਇਨ੍ਹਾਂ ਦੇ ਸਬੰਧ ਖਾਲਿਸਤਾਨੀ ਪੱਖੀ ਅਰਸ਼ਦੀਪ ਡੱਲਾ ਤੇ ਪਾਕਿਸਤਾਨ ਅਧਾਰਿਤ ਇੱਕ ਅੱਤਵਾਦੀ ਸਮੂਹ ਨਾਲ ਹੋ ਸਕਦੇ ਹਨ
  • ਜਾਣਕਾਰੀ ਮੁਤਾਬਕ, ਇਨ੍ਹਾਂ ਦੋਵਾਂ ਦੇ ਨਾਮ ਜਗਜੀਤ ਸਿੰਘ ਉਰਫ਼ ਜੱਗਾ ਅਤੇ ਨੌਸ਼ਾਦ ਹਨ
  • ਦੋਵਾਂ ਵਿਅਕਤੀਆਂ ਵੱਲੋਂ ਕਿਰਾਏ 'ਤੇ ਲਏ ਮਕਾਨ 'ਤੇ ਕੀਤੀ ਰੇਡ ਵਿੱਚ ਹਥਿਆਰ ਵੀ ਬਰਾਮਦ ਹੋਏ ਹਨ
  • ਪੁਲਿਸ ਨੂੰ ਸ਼ੱਕ ਹੈ ਕਿ ਇਸ ਮਕਾਨ ਵਿੱਚ ਇਨ੍ਹਾਂ ਦੋਵਾਂ ਵੱਲੋਂ ਇੱਕ ਕਤਲ ਵੀ ਕੀਤਾ ਗਿਆ ਹੈ
ਲਾਈਨ

ਅੱਤਵਾਦੀ ਸਮੂਹਾਂ ਨਾਲ ਸਬੰਧਾਂ ਦਾ ਸ਼ੱਕ

ਦਿੱਲੀ ਪੁਲਿਸ ਮੁਤਾਬਕ ਉਨ੍ਹਾਂ ਕੋਲ ਜਾਣਕਾਰੀ ਹੈ ਕਿ ਜਗਜੀਤ ਸਿੰਘ ਉਰਫ਼ ਜੱਗਾ ਦੇ ਖਾਲਿਸਤਾਨੀ ਪੱਖੀ ਅਰਸ਼ਦੀਪ ਡੱਲਾ ਨਾਲ ਸਬੰਧ ਹਨ।

ਪੁਲਿਸ ਅਨੁਸਾਰ, ਉਹ ਬੰਬੀਹਾ ਗੈਂਗ ਦਾ ਵੀ ਮੈਂਬਰ ਹੈ ਅਤੇ ਵਿਦੇਸ਼ਾਂ 'ਚ ਬੈਠੇ ਦੇਸ਼ ਵਿਰੋਧੀ ਲੋਕਾਂ ਦੀਆਂ ਹਿਦਾਇਤਾਂ 'ਤੇ ਕੰਮ ਕਰਦਾ ਹੈ।

ਇਸ ਦੇ ਨਾਲ ਹੀ ਪੁਲਿਸ ਨੇ ਇਹ ਜਾਣਕਾਰੀ ਵੀ ਦਿੱਤੀ ਹੈ ਕਿ ਜੱਗਾ ਉੱਤਰਾਖੰਡ ਵਿੱਚ ਦਰਜ ਇੱਕ ਕਤਲ ਕੇਸ ਦੇ ਮਾਮਲੇ 'ਚ ਪੈਰੋਲ 'ਤੇ ਆਉਣ ਤੋਂ ਬਾਅਦ ਭੱਜ ਗਿਆ ਸੀ।

ਦੂਜੇ ਵਿਅਕਤੀ ਨੌਸ਼ਾਦ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਪਾਕਿਸਤਾਨ ਅਧਾਰਿਤ ਅੱਤਵਾਦੀ ਸਮੂਹ ਹਰਕਤ-ਉਲ-ਅੰਸਾਰ ਨਾਲ ਜੁੜਿਆ ਹੋਇਆ ਹੈ, ਜੋ ਕਿ ਮੁੱਖ ਤੌਰ 'ਤੇ ਜੰਮੂ-ਕਸ਼ਮੀਰ ਵਿੱਚ ਸਰਗਰਮ ਹੈ।

ਨੌਸ਼ਾਦ ਨੂੰ ਦੋ ਕਤਲਾਂ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਮਿਲੀ ਹੋਈ ਹੈ ਅਤੇ ਧਮਾਕੇ ਦੇ ਇੱਕ ਹੋਰ ਮਾਮਲੇ ਵਿੱਚ ਉਹ 10 ਸਾਲ ਦੀ ਕੈਦ ਦੀ ਸਜ਼ਾ ਵੀ ਭੁਗਤ ਚੁੱਕਿਆ ਹੈ।

ਪੁਲਿਸ ਰੇਡ 'ਚ ਕੀ ਮਿਲਿਆ

ਮੁਲਜ਼ਮ

ਤਸਵੀਰ ਸਰੋਤ, RAUL ARBOLEDA/AFP/GETTY IMAGES

ਤਸਵੀਰ ਕੈਪਸ਼ਨ, ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦੀ ਰਿਹਾਇਸ਼ 'ਤੇ ਮਨੁੱਖੀ ਖੂਨ ਦੇ ਨਿਸ਼ਾਨ ਵੀ ਮਿਲੇ ਹਨ

ਪੁਲਿਸ ਨੇ ਗ੍ਰਿਫ਼ਤਾਰ ਕੀਤੇ ਇਨ੍ਹਾਂ ਵਿਅਕਤੀਆਂ ਤੋਂ ਜਾਂਚ ਦੌਰਾਨ ਪ੍ਰਾਪਤ ਜਾਣਕਾਰੀ ਦੇ ਅਧਾਰ 'ਤੇ ਯੂਏਪੀਏ (ਅਨਲਾਅਫੁਲ ਐਕਟੀਵਿਟੀਜ਼ (ਪਰੇਵੇਂਸ਼ਨ) ਐਕਟ) ਦੇ ਤਹਿਤ ਰੇਡ ਕੀਤੀ ਸੀ।

ਇਹ ਰੇਡ ਵਿਅਕਤੀਆਂ ਵੱਲੋਂ ਕਿਰਾਏ 'ਤੇ ਲੈ ਗਏ ਘਰ ਉੱਤੇ ਕੀਤੀ ਗਈ। ਜਿਸ ਵਿੱਚ 2 ਹੈਂਡ ਗ੍ਰੇਨੇਡ ਤੋਂ ਇਲਾਵਾ 3 ਪਿਸਤੌਲਾਂ ਅਤੇ 22 ਜ਼ਿੰਦਾ ਕਾਰਤੂਸ ਬਰਾਮਦ ਹੋਏ।

ਇਸ ਦੌਰਾਨ ਮਕਾਨ ਵਿੱਚੋਂ ਮਨੁੱਖੀ ਖੂਨ ਦੇ ਨਿਸ਼ਾਨ ਵੀ ਮਿਲੇ ਜਿਸ ਦੇ ਲਈ ਫੋਰੈਂਸਿਕ ਟੀਮ ਨੂੰ ਮੌਕੇ 'ਤੇ ਬੁਲਾਇਆ ਗਿਆ।

ਖ਼ਬਰ ਏਜੰਸੀ ਏਐੱਨਆਈ ਦੀ ਰਿਪੋਰਟ ਮੁਤਾਬਕ, ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਦੋਵੇਂ ਸ਼ੱਕੀ ਵਿਅਕਤੀਆਂ ਨੇ ਇਸ ਮਕਾਨ ਵਿੱਚ ਇੱਕ ਕਤਲ ਕੀਤਾ ਸੀ ਅਤੇ ਕਤਲ ਦਾ ਵੀਡੀਓ ਆਪਣੇ ਹੈਂਡਲਰ ਨੂੰ ਭੇਜਿਆ ਸੀ।

ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਤਫਤੀਸ਼ ਕਰ ਰਹੇ ਹਨ ਕਿ ਕਿਸ ਵਿਅਕਤੀ ਦਾ ਕਤਲ ਕੀਤਾ ਗਿਆ ਹੈ।

ਲਾਈਨ

ਇਹ ਵੀ ਪੜ੍ਹੋ:

ਲਾਈਨ

'ਘਰ ਕਿਰਾਏ 'ਤੇ ਲਿਆ, ਨਵਾਂ ਫਰਿੱਜ ਖਰੀਦਿਆ ਤੇ ਫਿਰ ਮੋੜ ਵੀ ਦਿੱਤਾ'

ਜਿਸ ਮਕਾਨ ਵਿੱਚ ਇਹ ਦੋਵੇਂ ਰਹਿ ਰਹੇ ਸਨ, ਉੱਥੇ ਨਾਲ ਦੇ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੇ ਪਿਛਲੇ ਸਾਲ ਦੀਵਾਲੀ ਨੇੜੇ ਮਕਾਨ ਕਿਰਾਏ 'ਤੇ ਲਿਆ ਸੀ ਤੇ ਇਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਦਾ ਆਪਣਾ ਮਕਾਨ ਅਜੇ ਬਣ ਰਿਹਾ ਹੈ।

ਪੁਲਿਸ ਨੇ ਗੁਆਂਢੀਆਂ ਦੇ ਹਵਾਲੇ ਨਾਲ ਦੱਸਿਆ ਕਿ ਇਨ੍ਹਾਂ ਨੇ ਇੱਕ ਫਰਿੱਜ ਖਰੀਦਿਆ ਜਿਸ ਨੂੰ ਇੱਕ ਹਫ਼ਤੇ ਬਾਅਦ ਹੀ ਵਾਪਸ ਵੀ ਕਰ ਦਿੱਤਾ।

ਜਦੋਂ ਉਨ੍ਹਾਂ ਨੂੰ ਅਜਿਹਾ ਕਰਨ ਦਾ ਕਾਰਨ ਪੁੱਛਿਆ ਗਿਆ ਤਾਂ ਦੋਵਾਂ ਨੇ ਕਿਹਾ ਕਿ ਉਸ ਵਿੱਚ ਕੋਈ ਦਿਕੱਤ ਸੀ।

ਪੁਲਿਸ ਨੂੰ ਖਦਸ਼ਾ ਹੈ ਕਿ ਦੋਵਾਂ ਨੇ ਕਤਲ ਕਰਨ ਤੋਂ ਬਾਅਦ ਲਾਸ਼ ਦੇ ਟੁਕੜੇ ਕੀਤੇ ਹੋਣੇ ਤੇ ਫਿਰ ਉਨ੍ਹਾਂ ਨੂੰ ਫਰਿੱਜ 'ਚ ਰੱਖਿਆ ਹੋਣਾ।

ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਅਜੇ ਜਾਰੀ ਹੈ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)