You’re viewing a text-only version of this website that uses less data. View the main version of the website including all images and videos.
ਨੇਪਾਲ ਹਵਾਈ ਹਾਦਸਾ: ਆਖ਼ਰੀ ਸਮੇਂ ਪਾਇਲਟ ਨੇ ਕੀ ਕੀਤਾ ਜਿਸ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ
ਨੇਪਾਲ ਦੇ ਪੋਖ਼ਰਾ ਵਿੱਚ ਐਤਵਾਰ ਨੂੰ ਹੋਏ ਹਵਾਈ ਹਾਦਸੇ ਤੋਂ ਕੁਝ ਪਲ ਪਹਿਲਾਂ ਹੀ ਜਹਾਜ਼ ਦੇ ਪਾਇਲਟ ਨੇ ਹੇਠਾਂ ਉਤਰਨ ਲਈ ਲੈਂਡਿੰਗ ਪੈਡ ਬਦਲਣ ਦਾ ਫ਼ੈਸਲਾ ਲਿਆ ਸੀ।
ਇਸ ਫ਼ੈਸਲੇ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ। ਕੀ ਇਹ ਇੱਕ ਗ਼ਲਤ ਫ਼ੈਸਲਾ ਸੀ ਜਾਂ ਗ਼ਲਤ ਸਮੇਂ ਲਿਆ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਨੇਪਾਲ ਦੇ ਅਧਿਕਾਰੀਆਂ ਨੇ ਹਵਾਈ ਅੱਡੇ 'ਤੇ ਜਹਾਜ਼ ਉਤਰਨ ਤੋਂ ਠੀਕ ਪਹਿਲਾਂ ਹਾਦਸਾਗ੍ਰਸਤ ਹੋਏ ਜਹਾਜ਼ 'ਚ ਸਵਾਰ ਘੱਟੋ-ਘੱਟ 68 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਇਸ ਜਹਾਜ਼ ਵਿੱਚ ਚਾਲਕ ਦਲ ਦੇ ਮੈਂਬਰਾਂ ਸਮੇਤ ਕੁੱਲ 72 ਲੋਕ ਸਵਾਰ ਸਨ। ਯਾਤਰੀਆਂ ਵਿੱਚ ਪੰਜ ਭਾਰਤੀ ਨਾਗਰਿਕ ਵੀ ਸਨ।
ਨੇਪਾਲ ਸਰਕਾਰ ਨੇ ਹਾਦਸੇ ਦੀ ਜਾਂਚ ਲਈ ਪੰਜ ਮੈਂਬਰੀ ਕਮਿਸ਼ਨ ਦਾ ਗਠਨ ਕੀਤਾ ਹੈ।
ਬੀਬੀਸੀ ਨੇਪਾਲੀ ਦੀ ਦੀ ਰਿਪੋਰਟ ਮੁਤਾਬਕ ਹੁਣ ਤੱਕ ਦੀ ਜਾਂਚ ਅਤੇ ਚਸ਼ਮਦੀਦਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਲੈਂਡਿੰਗ ਪੈਡ (ਹਵਾਈ ਪੱਟੀ ਜਿਸ ਉੱਤੇ ਜਹਾਜ਼ ਹੇਠਾਂ ਲਾਇਆ ਜਾਂਦਾ ਹੈ) ਨੂੰ ਬਦਲਣ ਦੇ ਫ਼ੈਸਲੇ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਹਨ।
ਹਵਾਈ ਅੱਡੇ ਦੇ ਇਕ ਅਧਿਕਾਰੀ ਮੁਤਾਬਕ ਪੋਖ਼ਰਾ 'ਚ ਹਾਦਸਾਗ੍ਰਸਤ ਹੋਏ ਯਤੀ ਏਅਰਲਾਇਨਜ਼ ਦੇ ਜਹਾਜ਼ ਨੇ ਰਨਵੇ ਤੋਂ 24.5 ਕਿਲੋਮੀਟਰ ਦੂਰ ਆਉਣ ਤੋਂ ਬਾਅਦ ਆਪਣਾ ਲੈਂਡਿੰਗ ਪੈਡ ਬਦਲ ਲਿਆ।
ਅਧਿਕਾਰੀਆਂ ਮੁਤਾਬਕ ਕੈਪਟਨ ਕਮਲ ਕੇਸੀ ਦੀ ਅਗਵਾਈ ਹੇਠ ਜਹਾਜ਼ ਨੂੰ ਲੈਂਡ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਉਦੋਂ ਤੱਕ ਜਹਾਜ਼ ਅਤੇ ਇਸ ਦੀ ਉਡਾਣ ਵਿੱਚ ਕੋਈ ਦਿੱਕਤ ਨਹੀਂ ਨਜ਼ਰ ਆਈ ਸੀ।
ਪਰ ਫਿਰ ਅਚਾਨਕ ਜਹਾਜ਼ ਦੇ ਪਾਇਲਟ ਨੇ ਏਟੀਸੀ ਨੂੰ ਕਿਹਾ, "ਮੈਂ ਆਪਣਾ ਫ਼ੈਸਲਾ ਬਦਲ ਰਿਹਾ ਹਾਂ।"
ਅਧਿਕਾਰੀ ਮੁਤਾਬਕ ਪਾਇਲਟ ਨੂੰ ਰਨਵੇਅ 30 'ਤੇ ਲੈਂਡ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਉਸ ਨੇ ਰਨਵੇਅ-12 'ਤੇ ਲੈਂਡ ਕਰਨ ਦੀ ਆਗਿਆ ਮੰਗੀ ਸੀ।
ਜਹਾਜ਼ ਦਾ ਹੇਠਾਂ ਡਿੱਗਣਾ
ਲੈਂਡਿੰਗ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਜਹਾਜ਼ 'ਵਿਜ਼ੀਬਿਲਟੀ ਸਪੇਸ' 'ਚ ਆ ਗਿਆ ਸੀ। ਯਾਨੀ ਇਸ ਨੂੰ ਕੰਟਰੋਲ ਟਾਵਰ ਤੋਂ ਦੇਖਿਆ ਜਾ ਸਕਦਾ ਸੀ। ਇਸ ਆਧਾਰ 'ਤੇ ਏਅਰ ਟ੍ਰੈਫਿਕ ਕੰਟਰੋਲ ਨੇ ਅੰਦਾਜ਼ਾ ਲਗਾਇਆ ਕਿ ਜਹਾਜ਼ 10 ਤੋਂ 20 ਸਕਿੰਟਾਂ 'ਚ ਰਨਵੇ 'ਤੇ ਉਤਰੇਗਾ।
ਹਵਾਈ ਅੱਡੇ 'ਤੇ ਇਕ ਟ੍ਰੈਫਿਕ ਕੰਟਰੋਲਰ ਨੇ ਆਪਣਾ ਨਾਂ ਜ਼ਾਹਰ ਨਾ ਕਰਨ ਦੀ ਸ਼ਰਤ 'ਤੇ ਕਿਹਾ, "ਜਦੋਂ ਮੋੜ ਦੇ ਦੌਰਾਨ ਜਹਾਜ਼ ਦਾ ਲੈਂਡਿੰਗ ਗੇਅਰ ਖੋਲ੍ਹਿਆ ਗਿਆ, ਤਾਂ ਜਹਾਜ਼ ‘ਸਟਾਲ’ ਗਿਆ ਅਤੇ ਹੇਠਾਂ ਉਤਰਨ ਲੱਗਾ।"
ਏਵੀਏਸ਼ਨ ਯਾਨੀ ਹਵਾਬਾਜ਼ੀ ਦੀ ਸ਼ਬਦਾਵਲੀ ਵਿੱਚ, 'ਸਟਾਲ' ਦਾ ਅਰਥ ਹੈ ਜਹਾਜ਼ ਦਾ ਆਪਣੀ ਉਚਾਈ ਨੂੰ ਕਾਇਮ ਰੱਖਣ ਵਿੱਚ ਅਸਫ਼ਲ ਹੋ ਜਾਣਾ।
ਇਸ ਅਧਿਕਾਰੀ ਮੁਤਾਬਕ ‘ਕੰਟਰੋਲ ਟਾਵਰ ਤੋਂ ਜਹਾਜ਼ ਪੂਰੀ ਤਰ੍ਹਾ ਨਜ਼ਰ ਆ ਰਿਹਾ ਸੀ।’
ਪੋਖ਼ਰਾ ਹਾਵਾਈ ਅੱਡੇ ਦੇ ਬੁਲਾਰੇ ਵਿਸ਼ਨੂ ਅਧਿਕਾਰੀ ਨੇ ਵੀ ਇਹ ਦੱਸਿਆ ਕਿ ਐਤਵਾਰ ਨੂੰ ਮੌਸਮ ਸਾਫ਼ ਸੀ ਤੇ ਸਾਰੀਆਂ ਉਡਾਨਾਂ ਵੀ ਨਿਰਧਾਇਰਤ ਸਮੇਂ ਮੁਤਾਬਕ ਚੱਲ ਰਹੀਆਂ ਸਨ।
ਨੇਪਾਲ ਹਵਾਈ ਹਾਦਸਾ
- ਨੇਪਾਲ ਦੇ ਪੋਖ਼ਰਾ ਹਵਾਈ ਅੱਡੇ ’ਤੇ ਯਤੀ ਏਅਰਲਾਇਨਜ਼ ਦਾ ਜਹਾਜ਼ ਹਾਦਸਾਗ੍ਰਸਤ
- ਇਸ ਜਹਾਜ਼ ਵਿੱਚ ਕਰੂ ਮੈਂਬਰਾਂ ਸਮੇਤ ਕੁੱਲ 72 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 5 ਭਾਰਤੀ ਵੀ ਸ਼ਾਮਲ
- ਹੁਣ ਤੱਕ 68 ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ
- ਹਾਦਸੇ ਦਾ ਕਾਰਣਾ ਦੀ ਜਾਂਚ ਲਈ ਇੱਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ
- ਹਾਦਸੇ ਤੋਂ ਕੁਝ ਪਲ ਪਹਿਲਾਂ ਦੀ ਪਾਇਲਟ ਨੇ ਹੇਠਾਂ ਉੱਤਰਣ ਲਈ ਲੈਂਡਿੰਗ ਪੈਡ ਬਦਲਣ ਦਾ ਫ਼ੈਸਲਾ ਲਿਆ ਸੀ
ਚਸ਼ਮਦੀਦਾਂ ਨੇ ਜੋ ਦੇਖਿਆ
ਬੀਬੀਸੀ ਦੀ ਨੇਪਾਲੀ ਸੇਵਾ ਨਾਲ ਗੱਲਬਾਤ ਵਿੱਚ ਕੁਝ ਚਸ਼ਮਦੀਦਾਂ ਨੇ ਦੱਸਿਆ ਕਿ ਲੈਂਡਿੰਗ ਤੋਂ ਪਹਿਲਾਂ ਮੁੜਦੇ ਸਮੇਂ ਜਹਾਜ਼ ਕਾਬੂ ਗੁਆ ਬੈਠਾ।
ਬੀਬੀਸੀ ਨੇ ਹਾਦਸੇ ਬਾਰੇ ਹੋਰ ਜਾਣਕਾਰੀ ਲਈ ਕਈ ਚਸ਼ਮਦੀਦਾਂ ਨਾਲ ਗੱਲ ਕੀਤੀ। ਉਨ੍ਹਾਂ ਮੁਤਾਬਕ ਇਹ ਸਭ ਕੁਝ ਇੰਨਾ ਅਚਾਨਕ ਹੋਇਆ ਕਿ ਲੋਕ ਸਮਝ ਨਾ ਸਕੇ।
43 ਸਾਲਾ ਕਮਲਾ ਗੁਰੁੰਗ ਨੇ ਕਿਹਾ, "ਮੈਂ ਆਪਣੀਆਂ ਅੱਖਾਂ ਸਾਹਮਣੇ ਜਹਾਜ਼ ਨੂੰ ਸੜਦਿਆਂ ਦੇਖਿਆ।"
ਕਮਲਾ ਗੁਰੁੰਗ ਘੜੀਪਟਨ ਇਲਾਕੇ ਦੀ ਰਹਿਣ ਵਾਲੇ ਹਨ, ਹਾਦਸਾਗ੍ਰਸਤ ਜਹਾਜ਼ ਦੇ ਟੁਕੜੇ ਉਨ੍ਹਾਂ ਦੇ ਘਰ ਡਿੱਗੇ। ਉਨ੍ਹਾਂ ਦੇ ਵਿਹੜੇ ਵਿੱਚ ਜਹਾਜ਼ ਦੀਆਂ ਖਿੜਕੀਆਂ ਦੇ ਟੁਕੜੇ, ਚਾਹ ਦੇ ਕੱਪ ਅਤੇ ਸੜੇ ਹੋਇਆ ਸਾਮਾਨ ਖਿਲਰਿਆ ਪਿਆ ਹੈ।
'ਜਹਾਜ਼ ਬੰਬ ਵਾਂਗ ਫ਼ਟਿਆ'
ਕਮਲਾ ਗੁਰੁੰਗ ਨੇ ਦੱਸਿਆ, " ਸਵੇਰੇ 11.30 ਵਜੇ ਤੱਕ ਸਭ ਕੁਝ ਆਮ ਵਾਂਗ ਸੀ , ਮੈਂ ਰੋ ਜ਼ ਵਾਂਗ ਛੱਤ ' ਤੇ ਬੱਚਿਆਂ ਨਾਲ ਧੁੱਪ ਸੇਕ ਰਹੀ ਸੀ। ਘਰ ਬੈਠਿਆਂ ਜਹਾਜ਼ਾਂ ਦੇ ਆਉਣ-ਜਾਣ ਦੀ ਆਵਾਜ਼ ਆਉਣਾ ਆਮ ਗੱਲ ਹੀ ਹੈ ਪਰ ਐਤਵਾਰ ਦੀ ਸਵੇਰ ਨੂੰ ਜਹਾਜ਼ ਦੇ ਉੱਪਰੋਂ ਲੰਘਣ ਦੀ ਆਵਾਜ਼ ਆਈ। ਇਹ ਰੋਜ਼ ਨਾਲੋਂ ਕੁਝ ਵੱਖ ਸੀ । ਜਦੋਂ ਤੱਕ ਮੈਂ ਦੇਖਿਆ , ਜਹਾਜ਼ ਹੇਠਾਂ ਡਿੱਗ ਚੁੱਕਾ ਸੀ।"
ਕਮਲਾ ਕਹਿੰਦੇ ਹਨ ਇੰਨਾ ਭਿਆਨਕ ਜਹਾਜ਼ ਹਾਦਸਾ ਉਨ੍ਹਾਂ ਪਹਿਲਾਂ ਕਦੇ ਨਹੀਂ ਦੇਖਿਆ ਸੀ।
ਉਹ ਦੱਸਦੇ ਹਨ , " ਜਦੋਂ ਜਹਾਜ਼ ਹੇਠਾਂ ਡਿੱਗਿਆ ਤਾਂ ਜ਼ੋਰਦਾਰ ਆਵਾਜ਼ ਆਈ। ਉਸ ਤੋਂ ਬਾਅਦ ਕੁਝ ਦੇਰ ਤੱਕ ਧੂੰਏਂ ਦੇ ਕਾਲੇ ਬੱਦਲ ਹੀ ਦਿਖਾਈ ਦਿੱਤੇ। ਕੁਝ ਹੀ ਦੇਰ ' ਚ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ।"
ਘਟਨਾ ਵਾਲੀ ਥਾਂ ਤੋਂ 200 ਮੀਟਰ ਦੀ ਦੂਰੀ ' ਤੇ ਕੁਝ ਉੱਚੇ ਘਰ ਹਨ।
ਇੱਕ ਹੋਰ ਸਥਾਨਕ ਵਾਸੀ ਬਾਲ ਬਹਾਦੁਰ ਗੁਰੁੰਗ ਨੇ ਕਿਹਾ ਕਿ ਇਹ ‘ਖ਼ੁਸ਼ਕਿਸਮਤ ' ਹੈ ਕਿ ਜਹਾਜ਼ ਉਨ੍ਹਾਂ ਦੇ ਘਰਾਂ ’ਤੇ ਨਹੀਂ ਡਿੱਗਿਆ ।
ਬਹਾਦੁਰ ਗੁਰੁੰਗ ਨੇ ਦੱਸਿਆ , "ਜਹਾਜ਼ ਬਹੁਤ ਨੀਵੇਂ ਪਾਸਿਓਂ ਆਇਆ ਸੀ। ਇਹ ਹੇਂਠਾਂ ਖੱਡ ਵੱਲ ਉੱਤਰ ਰਿਹਾ ਸੀ , ਜਦੋਂ ਅਚਾਨਕ ਬੰਬ ਵਾਂਗ ਫਟ ਗਿਆ। ਆਲੇ-ਦੁਆਲੇ ਦੇ ਜੰਗਲ ’ਚ ਵੀ ਅੱਗ ਲੱਗ ਗਈ।"
ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਪੋਖ਼ਰਾ ਵਿੱਚ ਯੇਤੀ ਏਅਰਲਾਈਨਜ਼ ਦੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਹਰ ਪਾਸੇ ਫ਼ੈਲ ਗਈ।
ਇਹ ਵੀ ਪੜ੍ਹੋ-
ਹੇਠਾਂ ਉੱਤਰਣ ਹੀ ਵਾਲਾ ਸੀ ਜਹਾਜ਼
ਪੋਖ਼ਰਾ ਦਾ ਕੌਮਾਂਤਰੀ ਹਵਾਈ ਅੱਡਾ 1 ਜਨਵਰੀ ਨੂੰ ਹੀ ਚਾਲੂ ਹੋਇਆ ਸੀ। ਇੱਥੇ ਪੂਰਬ ਅਤੇ ਪੱਛਮ ਦੋਵਾਂ ਦਿਸ਼ਾਵਾਂ ਤੋਂ ਜਹਾਜ਼ ਉਤਰਣ ਦਾ ਪ੍ਰਬੰਧ ਹੈ।
ਹਵਾਈ ਜਹਾਜ਼ਾਂ ਨੂੰ ਪੂਰਬ ਤੋਂ ਲੈਂਡਿੰਗ ਲਈ ਰਨਵੇ-30 ਅਤੇ ਪੱਛਮ ਤੋਂ ਲੈਂਡਿੰਗ ਲਈ ਰਨਵੇ-12 ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ।
ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਕ ਹਾਦਸੇ ਦਾ ਸ਼ਿਕਾਰ 'ਵਿਜ਼ੂਅਲ ਫ਼ਲਾਈਟ ਰੂਲਜ਼' (ਵੀਆਰਐੱਫ਼F) ਤਕਨੀਕ ਦੀ ਵਰਤੋਂ ਕਰਕੇ ਲੈਂਡਿੰਗ ਦੀ ਪ੍ਰਕਿਰਿਆ 'ਚ ਸੀ।
ਵੀਆਰਐੱਫ਼ ਤਕਨੀਕ ਦੀ ਵਰਤੋਂ ਜਹਾਜ਼ਾਂ ਦੇ ਪਾਇਲਟਾਂ ਵਲੋਂ ਸਾਫ਼ ਮੌਸਮ ਵਿੱਚ ਉਡਾਣ ਭਰਨ ਅਤੇ ਲੈਂਡ ਕਰਨ ਲਈ ਕੀਤੀ ਜਾਂਦੀ ਹੈ।
ਅਧਿਕਾਰੀਆਂ ਨੇ ਦੱਸਿਆ, ''ਜਦੋਂ ਜਹਾਜ਼ ਪਹਿਲੀ ਵਾਰ ਸੰਪਰਕ 'ਚ ਆਇਆ ਤਾਂ ਏਟੀਸੀ ਨੇ ਇਸ ਨੂੰ ਰਨਵੇ-30 'ਤੇ ਉਤਰਨ ਦੀ ਆਗਿਆ ਦਿੱਤੀ ਪਰ 24.5 ਕਿਲੋਮੀਟਰ ਨੇੜੇ ਆਉਣ ਤੋਂ ਬਾਅਦ ਜਹਾਜ਼ ਨੇ ਰਨਵੇਅ-12 'ਤੇ ਉਤਰਨ ਦੀ ਇਜਾਜ਼ਤ ਮੰਗੀ।
ਜਹਾਜ਼ ਦੇ ਪਾਇਲਟ ਨੇ ਏਟੀਸੀ ਨੂੰ ਕਿਹਾ, "ਮੈਂ ਆਪਣਾ ਫ਼ੈਸਲਾ ਬਦਲ ਰਿਹਾ ਹਾਂ ਅਤੇ ਮੈਂ ਪੱਛਮ ਦਿਸ਼ਾ ਤੋਂ ਹੇਠਾਂ ਉੱਤਰਾਗਾ।"
ਇਹ ਪੁੱਛੇ ਜਾਣ 'ਤੇ ਕਿ ਕੀ ਨਵੇਂ ਹਵਾਈ ਅੱਡੇ ਦਾ ਤਕਨੀਕੀ ਪੱਖ ਇਸ ਹਾਦਸੇ ਲਈ ਜ਼ਿੰਮੇਵਾਰ ਹੋ ਸਕਦਾ ਹੈ, ਹਵਾਈ ਅੱਡੇ ਦੇ ਬੁਲਾਰੇ ਵਿਸ਼ਨੂੰ ਅਧਿਕਾਰੀ ਨੇ ਕਿਹਾ, “ਹਾਲ ਦੀ ਘੜੀ ਕੁਝ ਵੀ ਕਹਿਣਾ ਔਖਾ ਹੈ। ਹਾਦਸੇ ਦਾ ਅਸਲ ਕਾਰਨ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।"
ਸਰਕਾਰ ਨੇ ਪੋਖ਼ਰਾ ਵਿੱਚ ਜਹਾਜ਼ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੰਜ ਮੈਂਬਰੀ ਜਾਂਚ ਕਮਿਸ਼ਨ ਦਾ ਗਠਨ ਕੀਤਾ ਹੈ।
ਇਸ ਦੇ ਨਾਲ ਹੀ ਹਵਾਈ ਹਾਦਸਿਆਂ ਨੂੰ ਰੋਕਣ ਲਈ ਸਾਰੀਆਂ ਘਰੇਲੂ ਏਅਰਲਾਈਨਾਂ ਨੂੰ ਉਡਾਣ ਤੋਂ ਪਹਿਲਾਂ ਲਾਜ਼ਮੀ ਤਕਨੀਕੀ ਜਾਂਚ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।
ਹੈਲਪਲਾਈਨ ਨੰਬਰ
ਹਾਦਸੇ ਤੋਂ ਬਾਅਦ ਨੇਪਾਲ ਸਥਿਤ ਭਾਰਤੀ ਦੂਤਾਵਾਸ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ।
ਕਾਠਮੰਡੂ-ਦਿਵਾਕਰ ਸ਼ਰਮਾਂ :+977-9851107021
ਪੋਖ਼ਰਾ-ਲੈਫ਼ਟੀਨੈਂਟ ਕਰਨਲ ਸ਼ਸ਼ਾਂਕ ਤ੍ਰਿਪਾਠੀ: +977-9856037699