ਚੰਗੇ ਮਰਦ ਦੇ ਕੀ ਗੁਣ ਹਨ, ਅਸਲ ਮਰਦਾਨਗੀ ਦਾ ਅਰਥ ਕੀ ਹੈ ਤੇ ਜ਼ਹਿਰੀ ਮਰਦਾਨਗੀ ਕੀ ਹੁੰਦੀ ਹੈ

ਮਰਦਾਂ ਨੂੰ ਕਿਹੋ ਜਿਹਾ ਦਿਖਣਾ ਚਾਹੀਦਾ ਹੈ, ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ, ਕੀ ਨਹੀਂ ਕਰਨਾ ਚਾਹੀਦਾ? ਇਸ ਬਾਰੇ ਸ਼ਾਇਦ ਜਦੋਂ ਤੋਂ ਦੁਨੀਆਂ ਬਣੀ ਹੈ, ਇੱਕ ਖ਼ਾਸ ਤਰੀਕੇ ਦੀ ਸੋਚ ਰਹੀ ਹੈ।

ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ, ਵੱਖ-ਵੱਖ ਸੱਭਿਆਚਾਰਾਂ ਅਤੇ ਧਰਮਾਂ ਦੇ ਅਧਾਰ ਉੱਤੇ ਕੁਝ ਫ਼ਰਕ ਜ਼ਰੂਰ ਹੋ ਸਕਦੇ ਹਨ ਪਰ ਮਰਦਾਂ ਦੀ ਸ਼ਖ਼ਸੀਅਤ ਬਾਰੇ ਰਾਇ ਤਕਰੀਬਨ ਇੱਕੋ ਜਿਹੀ ਰਹੀ ਹੈ।

ਅਸੀਂ ਸਾਰੇ ਆਪਣੇ ਘਰਾਂ ਵਿੱਚ, ਆਪਣੇ ਆਲੇ-ਦੁਆਲੇ ਦੇ ਲੋਕਾਂ ਦੇ ਨਾਲ ਗੱਲਬਾਤ ਦੌਰਾਨ ਜਾਂ ਮੀਡੀਆ ਜਾਂ ਫ਼ਿਲਮਾਂ ਵਿੱਚ ਵੀ ਕਈ ਪੀੜ੍ਹੀਆਂ ਤੋਂ ਕੁਝ ਖ਼ਾਸ ਤਰ੍ਹਾਂ ਦੀਆਂ ਗੱਲਾਂ ਸੁਣਦੇ ਆਏ ਹਾਂ।

ਜਿਵੇਂ ਮਰਦਾਂ ਨੂੰ ਦਰਦ ਨਹੀਂ ਹੁੰਦਾ, ਮਰਦ ਹੋ ਕੇ ਰੋਂਦਾ ਹੈਂ, ਕਿਹੋ ਜਿਹਾ ਮਰਦ ਹੈਂ, ਮਾਰ ਖਾ ਕੇ ਆ ਗਿਆ, ਚੂੜੀਆਂ ਪਾ ਕੇ ਰੱਖੀਆਂ ਹਨ ਵਗੈਰਾ, ਵਗੈਰਾ।

ਦਰਅਸਲ ਇਸ ਤਰ੍ਹਾਂ ਦੀ ਸੋਚ ਸਾਡੇ ਮਰਦ ਪ੍ਰਧਾਨ ਸਮਾਜ ਦਾ ਸ਼ੀਸ਼ਾ ਹੈ।

ਪੈਸੇ ਕਮਾਉਣਾ ਅਤੇ ਘਰ ਚਲਾਉਣਾ ਮਰਦਾਂ ਦੀ ਜਿੰਮੇਵਾਰੀ ਹੈ, ਮਿਹਨਤ ਦੇ ਸਾਰੇ ਕੰਮ ਮਰਦ ਹੀ ਕਰ ਸਕਦੇ ਹਨ।

ਘਰ ਦੇ ਮਾਮਲੇ ਵਿੱਚ ਆਖ਼ਰੀ ਫ਼ੈਸਲਾ ਹਮੇਸ਼ਾ ਮਰਦ ਹੀ ਲੈਣਗੇ, ਇਹੋ ਜਿਹੀ ਵਿਚਾਰਧਾਰਾ ਸਾਡੀ ਸਮਾਜਿਕ ਸੋਚ ਦਾ ਹਿੱਸਾ ਰਹੀ ਹੈ।

ਪੰਜਾਬ ਯੂਨੀਵਰਸਿਟੀ ਵਿੱਚ ਵੂਮੈੱਨ ਸਟੱਡੀਜ਼ ਵਿਭਾਗ ਦੀ ਪ੍ਰੋਫ਼ੈਸਰ ਡਾਕਟਰ ਅਮੀਰ ਸੁਲਤਾਨਾ ਕਹਿੰਦੇ ਹਨ ਕਿ ਇਹ ‘ਸੋਸ਼ਲ ਕੰਸਟ੍ਰਕਟ’ ਹੈ ਯਾਨਿ ਇਸ ਨੂੰ ਸਮਾਜ ਨੇ ਬਣਾਇਆ ਹੈ।

ਬੀਬੀਸੀ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ, “ਮਰਦਾਂ ਦੇ ਬਾਰੇ ਇਸ ਤਰ੍ਹਾਂ ਦੀ ਸੋਚ ਨੂੰ ਸਮਾਜ ਨੇ ਬਣਾਇਆ ਹੈ ਅਤੇ ਕੁਦਰਤ ਦੇ ਨਾਲ ਇਸਦਾ ਕੋਈ ਲੈਣਾ-ਦੇਣਾ ਨਹੀਂ ਹੈ।”

ਇਸੇ ਲਈ ਅਸੀਂ ਇਹ ਵੀ ਦੇਖਦੇ ਹਾਂ ਕਿ ਵੱਖਰੇ-ਵੱਖਰੇ ਸਮਾਜ ਵਿੱਚ ਮਰਦਾਨਗੀ ਦੀਆਂ ਵੱਖਰੀਆਂ ਵਿਆਖਿਆਵਾਂ ਹੋ ਸਕਦੀਆਂ ਹਨ ਪਰ ਇੱਕ ਚੀਜ਼ ਸਾਰਿਆਂ ਵਿੱਚ ਇੱਕੋ-ਜਿਹੀ ਹੈ।

ਉਹ ਇਹ ਸੋਚ ਹੈ ਕਿ ਮਰਦ ਜ਼ਿਆਦਾ ਤਾਕਤਵਰ ਹੈ ਇਸ ਲਈ ਉਹੀ ਅੰਤਿਮ ਫ਼ੈਸਲਾ ਕਰੇਗਾ।”

ਮਰਦਾਂ ਨਾਲ ਜੁੜੇ ਕਈ ਸ਼ਬਦ

ਸਾਲ 2018 ਵਿੱਚ ਜਦੋਂ ‘ਮੀਂ ਟੂ’ ਮੁਹਿੰਮ ਪੂਰੀ ਦੁਨੀਆਂ ਵਿੱਚ ਸ਼ੁਰੂ ਹੋਈ ਤਾਂ ਮਰਦਾਂ ਦੇ ਬਾਰੇ ਵਿੱਚ ਇਸ ਤਰ੍ਹਾਂ ਦੀ ਮਾਨਸਿਕਤਾ ਦੇ ਲਈ ਖ਼ਾਸ ਸ਼ਬਦ ਵਰਤਿਆ ਜਾਣ ਲੱਗਾ।

ਅਤੇ ਉਹ ਖ਼ਾਸ ਸ਼ਬਦ ਸੀ ‘ਟੌਕਸਿਕ ਮੈਸਕੂਲਿਨਿਟੀ’

ਇਸ ਨੂੰ ਤੁਸੀਂ ਇੱਦਾਂ ਸਮਝ ਸਕਦੇ ਹੋ ਕਿ ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਮਰਦ ਹੋ ਤਾਂ ਤੁਹਾਨੂੰ ਇੱਕ ਖ਼ਾਸ ਤਰੀਕੇ ਦਾ ਪ੍ਰਦਰਸ਼ਨ ਕਰਨਾ ਪਵੇਗਾ।

ਮਰਦ ਤਾਕਤਵਰ ਹੁੰਦਾ ਹੈ ਅਤੇ ਔਰਤ ਕਮਜ਼ੋਰ, ਤੁਹਾਨੂੰ ਸਿਰਫ਼ ਇਸਨੂੰ ਮੰਨਣਾ ਹੀ ਨਹੀਂ ਚਾਹੀਦਾ ਸਗੋਂ ਤੁਹਾਡੇ ਵਿਵਹਾਰ ਵਿੱਚ ਇਹ ਝਲਕਣਾ ਵੀ ਚਾਹੀਦਾ ਹੈ।

ਜੇਕਰ ਤੁਹਾਡੀ ਇਹ ਸੋਚ ਹੈ ਤਾਂ ਉਹ ਅਸਲ ਵਿੱਚ ਮਰਦਾਨਗੀ ਨਹੀਂ ਬਲਕਿ ‘ਟੌਕਸਿਕ ਮੈਸਕੂਲਿਨਿਟੀ’ ਜਾਂ ਜ਼ਹਿਰੀਲੀ ਮਰਦਾਨਗੀ ਹੈ।

ਤਾਂ ਫ਼ਿਰ ਅਗਲਾ ਸਵਾਲ ਇਹ ਉੱਠਿਆ ਕਿ ਜੇਕਰ ਮਰਦਾਂ ਬਾਰੇ ਸਦੀਆਂ ਤੋਂ ਚੱਲੀ ਆ ਰਹੀ ਸੋਚ ਮਰਦਾਨਗੀ ਨਹੀਂ ਬਲਕਿ ਜ਼ਹਿਰੀਲੀ ਮਰਦਾਨਗੀ ਹੈ ਤਾਂ ਫਿਰ ਅਸਲੀ ਮਰਦਾਨਗੀ ਕੀ ਹੈ?

ਇਸੇ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਵਿੱਚ ਇੱਕ ਨਵੇਂ ਸ਼ਬਦ ਦਾ ਰੁਝਾਨ ਵਧਣ ਲੱਗ ਪਿਆ ਹੈ ਉਸ ਨੂੰ ਕਿਹਾ ਗਿਆ, ‘ਹੈਲਦੀ ਮੈਸਕੂਲਿਨਿਟੀ’ ਜਾਂ ‘ਪੌਜ਼ਿਟਿਵ ਮੈਸਕੂਲਿਨਿਟੀ’।

ਗੈਰੀ ਬਾਰਕਰ ‘ਇਕਯੂਮੁੰਡੋ ਸੈਂਟਰ ਫਾਰ ਸੈਸਕੁਲਿਨਿਟੀਜ਼ ਐਂਡ ਸੋਸ਼ਲ ਜਸਟਿਸ’ ਦੇ ਸੀਈਓ ਅਤੇ ਸਹਿ ਸੰਸਥਾਪਕ ਹਨ। ਉਹ ਮੈਨਕੇਅਰ ਅਤੇ ਮੈਨਇੰਗੇਜ਼ ਨਾਂਅ ਦੀ ਸੰਸਥਾ ਦੇ ਵੀ ਸਹਿ ਸੰਸਥਾਪਕ ਹਨ।

ਮੈਨਕੇਯਰ 50 ਤੋਂ ਜ਼ਿਆਦਾ ਦੇਸ਼ਾਂ ਵਿੱਚ ਚੱਲ ਰਹੀ ਇੱਕ ਮੁਹਿੰਮ ਹੈ। ਜਿਸਦਾ ਮੁੱਖ ਮਕਸਦ ਮਰਦਾਂ ਨੂੰ ਕੇਅਰਗਿਵਰ ਦੀ ਭੂਮਿਕਾ ਅਦਾ ਕਰਨ ਲਈ ਉਤਸ਼ਾਹਿਤ ਕਰਨ ਹੈ।

ਮੈਨਇੰਗੇਜ਼ ਦੁਨੀਆਂ ਭਰ ਦੇ ਸੱਤ ਸੌ ਤੋਂ ਵੱਧ ਗੈਰ-ਸਰਕਾਰੀ ਸੰਗਠਨਾਂ ਦਾ ਇੱਕ ਗਲੋਬਲ ਅਲਾਇੰਸ ਹੈ।

ਗੈਰੀ ਬਾਰਕਰ ਇੰਟਰਨੈਸ਼ਨਲ ਮੈਨ ਐਂਡ ਜੈਂਡਰ ਇਕੁਐਲਟੀ ਸਰਵੇ (ਇਮੇਜਸ) ਦੇ ਸਹਿ ਸੰਸਥਾਪਕ ਹਨ।

ਮਰਦਾਂ ਦੇ ਵਿਵਹਾਰ, ਪਿਤਾ ਦੀ ਜਿੰਮੇਵਾਰ, ਹਿੰਸਾ ਅਤੇ ਲਿੰਗ ਸਮਾਨਤਾ ਦੇ ਪ੍ਰਤੀ ਉਨ੍ਹਾਂ ਦੇ ਨਜ਼ਰੀਏ ਨੂੰ ਲੈ ਕੇ ਇਹ ਕੀਤਾ ਗਿਆ ਹੁਣ ਤੱਕ ਦਾ ਦੁਨੀਆਂ ਦਾ ਸਭ ਤੋਂ ਵੱਡਾ ਸਰਵੇ ਹੈ।

ਗੈਰੀ ਬਾਰਕਰ ਨੇ ਬੀਬੀਸੀ ਰੀਲਜ਼ ਤੋਂ ਆਪਣੇ ਵਿਚਾਰਾਂ ਨੂੰ ਸਾਂਝਾ ਕੀਤਾ।

ਚੰਗਾ ਮੁੰਡਾ ਹੋਣਾ ਕੀ ਹੈ?

ਬੀਬੀਸੀ ਰੀਲਜ਼ ਨਾਲ ਗੱਲਬਾਤ ਵਿੱਚ ਉਨ੍ਹਾਂ ਕਿਹਾ ਕਿ ਕਈ ਮੁੰਡਿਆਂ ਅਤੇ ਮਰਦਾਂ ਨੂੰ ਇਸ ਗੱਲ ਨੂੰ ਲੈ ਕੇ ਬਹੁਤ ਅਸਪੱਸ਼ਟਤਾ ਹੈ ਕਿ ਦਰਅਸਲ ਇੱਕ ਚੰਗਾ ਲੜਕਾ ਜਾਂ ਮਰਦ ਹੋਣਾ ਕੀ ਹੁੰਦਾ ਹੈ?

ਬਾਰਕਰ ਦੇ ਮੁਤਾਬਕ ਉਨ੍ਹਾਂ ਨੇ ਆਪਣੇ ਸਰਵੇ ਵਿੱਚ ਇਹ ਪਾਇਆ ਕਿ ਮਰਦ ਜਦੋਂ ਪਰਿਵਾਰ ਵਿੱਚ ਇੱਕ ਦੂਜੇ ਦਾ ਖਿਆਲ ਰੱਖਦੇ ਹਨ ਤਾਂ ਉਸ ਨਾਲ ਪੂਰੇ ਪਰਿਵਾਰ ਦਾ ਫਾਇਦਾ ਹੁੰਦਾ ਹੈ।

ਉਨਾਂ ਦੇ ਮੁਤਾਬਕ ਹੈਲਦੀ ਮਰਦਾਨਗੀ ਔਰਤ ਵਿਰੋਧੀ ਜ਼ਹਿਰੀਲੀ ਸੋਚ ਨੂੰ ਕੱਟਣ ਦਾ ਇੱਕ ਐਂਟੀਡੋਟ ਜਾਂ ਟੀਕਾ ਹੈ।

ਉਨ੍ਹਾਂ ਨੇ ਕਿਹਾ ਕਿ ਸਭ ਤੋਂ ਸੌਖਾ ਤਰੀਕਾ ਤਾਂ ਇਹ ਹੈ ਕਿ ਮਰਦਾਂ ਨੂੰ ਇਸ ਗੱਲ ਦਾ ਅਹਿਸਾਸ ਦਿਵਾਇਆ ਜਾਵੇ ਕਿ ਜਦੋਂ ਉਹ ਜਿਨਸੀ ਸ਼ੋਸ਼ਣ ਦੀ ਗੱਲ ਸੁਣੀਏ ਜਾਂ ਕੋਈ ਮਹਿਲਾ ਵਿਰੋਧੀ ਮਜ਼ਾਕ ਸੁਣਨ ਤਾਂ ਉਸੇ ਵੇਲੇ ਉਸਦੇ ਖ਼ਿਲਾਫ਼ ਆਵਾਜ਼ ਚੁੱਕਣ।

ਉਹ ਅੱਗੇ ਕਹਿੰਦੇ ਹਨ ਕਿ ਜਦੋਂ ਕਿਸੇ ਮਰਦ ਨੂੰ ਪਤਾ ਲੱਗੇ ਕਿ ਉਨਾਂ ਦੇ ਆਫ਼ਿਸ ਵਿੱਚ ਜਾਂ ਉਨ੍ਹਾਂ ਦੇ ਦੋਸਤਾਂ ਜਾਂ ਰਿਸ਼ਤੇਦਾਰਾਂ ਵਿੱਚ ਕਿਸੇ ਵਿੱਚ ਕੋਈ ਮਰਦ ਜਿਨਸੀ ਹਿੰਸਾ ਕਰ ਰਿਹਾ ਹੈ ਤਾਂ ਉਸ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਨ।

ਪੰਜਾਬ ਯੂਨੀਵਰਸਿਟੀ ਦੀ ਡਾਕਟਰ ਅਮੀਰ ਸੁਲਤਾਨਾ ਦਾ ਵੀ ਕਹਿਣਾ ਹੈ ਕਿ ਔਰਤਾਂ ਜਾਂ ਲੜਕੀਆਂ ਦੇ ਨਾਲ ਸਮਾਜ ਵਿੱਚ ਜੇਕਰ ਕਿਤੇ ਗ਼ਲਤ ਹੋ ਰਿਹਾ ਹੋਵੇ ਤਾਂ ਮਰਦਾਂ ਨੂੰ ਉਸਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

ਡਾਕਟਰ ਸੁਲਤਾਨਾ ਦੇ ਮੁਤਾਬਕ ਇਹ ਹੀ ਪਾਜ਼ੀਟਿਵ ਮੈਸਕੁਲਿਨਿਟੀ ਹੈ।

ਇਸਦੀ ਮਿਸਾਲ ਦਿੰਦੇ ਹੋਏ ਉਹ ਕਹਿੰਦੇ ਹਨ, “ਜੇਕਰ ਮਰਦ ਹੋਣ ਦੇ ਨਾਂਅ ਉੱਤੇ ਘਰ ਵਿੱਚ ਫ਼ੈਸਲਾ ਲੈਣ ਦਾ ਹੱਕ ਰੱਖਦੇ ਹਨ ਤਾਂ ਪੌਜ਼ੀਟਿਵ ਮੈਸਕੂਲਿਨਿਟੀ ਦੀ ਇਹ ਮਿਸਾਲ ਹੋਵੇਗੀ ਕਿ ਜੇਕਰ ਲੜਕਾ ਕਹੇ ਕਿ ਉਹ ਬਗੈਰ ਦਾਜ ਦੇ ਵਿਆਹ ਕਰਵਾਏਗਾ।”

ਜ਼ਹਿਰੀਲੀ ਮਰਦਾਨਗੀ ਕੀ ਹੈ

ਬਾਰਕਰ ਦੇ ਮੁਤਾਬਕ ਔਰਤਾਂ ਦੇ ਸ਼ਕਤੀਕਰਨ ਵਿੱਚ ਪੂਰਨ ਲਿੰਗ ਬਰਾਬਰਤਾ ਦੇ ਸਫ਼ਰ ਵਿੱਚ ਮਰਦਾਂ ਦੀ ਅਹਿਮ ਭੂਮਿਕਾ ਰਹੀ ਹੈ। ਭਾਰਤ ਵਿੱਚ ਸਮਲਿੰਗੀ ਅਧਿਕਾਰਾਂ ਦੇ ਲਈ ਵਰ੍ਹਿਆਂ ਤੋਂ ਲੜਾਈ ਲੜ ਰਹੇ ਮੁੰਬਈ ਸਥਿਤ ਹਰੀਸ਼ ਅੱਈਅਰ ਦਾ ਮੰਨਣਾ ਹੈ ਕਿ ਹੈਲਦੀ ਮੈਸਕੁਲਿਨਿਟੀ ਦਾ ਮਤਲਬ ਅਜਿਹੀ ਸੋਚ ਦਾ ਹੋਣਾ ਹੈ ਜਿਸ ਵਿੱਚ ਹਰ ਲਿੰਗ ਦੇ ਲੋਕਾਂ ਦੇ ਲਈ ਅਲੱਗ ਥਾਂ ਹੋਵੇ, ਉਨ੍ਹਾਂ ਦਾ ਸਵਾਗਤ ਕੀਤਾ ਜਾਂਦਾ ਹੋਵੇ ਅਤੇ ਸਾਰਿਆਂ ਦੇ ਲਈ ਬਰਾਬਰੀ ਦਾ ਮੌਕਾ ਹੋਵੇ।

ਬੀਬੀਸੀ ਦੇ ਲਈ ਫ਼ਾਤਿਮਾ ਫ਼ਰਹੀਨ ਨਾਲ ਗੱਲ ਕਰਦੇ ਹੋਏ ਹਰੀਸ਼ ਅਈਅਰ ਨੇ ਕਿਹਾ ਕਿ ਹੈਲਦੀ ਮੈਸਕੁਲਿਨਿਟੀ ਦੀ ਵਿਚਾਰਧਾਰਾ ਦੀ ਜੜ੍ਹ ਵਿੱਚ ਨਾਰੀਵਾਦ ਹੀ ਹੈ।

ਨਾਰੀਵਾਦ ਦੀ ਧਾਰਨਾ ਹੈ ਕਿ ਸਮਾਜ, ਮਰਦ ਦ੍ਰਿਸ਼ਟੀਕੋਣ ਨੂੰ ਪਹਿਲ ਦਿੰਦਾ ਹੈ ਅਤੇ ਮਰਦ ਪ੍ਰਧਾਨ ਸਮਾਜ ਵਿੱਚ ਔਰਤਾਂ ਦੇ ਨਾਲ ਭੇਦਭਾਵ ਅਤੇ ਅਨਿਆਂ ਹੁੰਦਾ ਹੈ।

ਹਰੀਸ਼ ਅਈਅਰ ਕਹਿੰਦੇ ਹਨ ਕਿ ਚੰਗੀ ਮਰਦਾਨਗੀ ਵੀ ਉਹੀ ਸੋਚੀ ਹੈ ਪਰ ਇਸ ਵਿੱਚ ਫ਼ਰਕ ਸਿਰਫ ਇੰਨਾ ਹੈ ਕਿ ਇਸ ਵਿੱਚ ਨਾ ਸਿਰਫ਼ ਔਰਤਾਂ ਦੇ ਲਈ ਬਲਕਿ ਹਰ ਲਿੰਗ ਦੇ ਲੋਕਾਂ ਲਈ ਬਰਾਬਰੀ ਦਾ ਮੌਕਾ ਮਿਲਣਾ ਚਾਹੀਦਾ ਹੈ।

ਅੱਜਕਲ੍ਹ ਪੌਜ਼ਿਟਿਵ ਮੈਸਕੂਲਿਨਿਟੀ ਦੀ ਗੱਲ ਜ਼ਿਆਦਾ ਕਿਉਂ ਹੋ ਰਹੀ ਹੈ। ਇਸ ਸਵਾਲ ਦਾ ਜਵਾਬ ਦਿੰਦੇ ਹੋਏ ਹਰੀਸ਼ ਅਈਅਰ ਕਹਿੰਦੇ ਹਨ ਕਿ ਸਮਾਜ ਵਿੱਚ ਜਦੋਂ ਟੌਕਸਿਕ ਮੈਸਕੂਲਿਨਿਟੀ ਦੀ ਗੱਲ ਹੋ ਰਹੀ ਹੈ ਤਾਂ ਇਸਦੇ ਵਿਰੋਧ ਵਿੱਚ ਇਸ ਤਰ੍ਹਾਂ ਦੀ ਪ੍ਰਗਤੀਸ਼ੀਲ ਸੋਚ ਦੀ ਵੀ ਗੱਲ ਹੋਣੀ ਲਾਜ਼ਮੀ ਹੈ।

ਹਰੀਸ਼ ਅਈਅਰ ਇੱਕ ਹੋਰ ਅਹਿਮ ਗੱਲ ਕਹਿੰਦੇ ਹਨ ਕਿ ਟੌਕਸਿਕ ਮੈਸਕੂਲਿਨਿਟੀ ਦਾ ਸਬੰਧ ਸਿਰਫ਼ ਮਰਦਾਂ ਨਾਲ ਨਹੀਂ ਹੁੰਦਾ, ਕੁਝ ਔਰਤਾਂ ਵਿੱਚ ਟੌਕਸਿਕ ਮੈਸਕੂਲਿਨਿਟੀ ਨੂੰ ਵਧਾਵਾ ਦਿੰਦੀਆਂ ਹਨ।

ਚੂੜੀਆਂ ਇੱਕ ਚਿੰਨ੍ਹ ਵਜੋਂ

ਡਾ ਅਮੀਰ ਸੁਲਤਾਨਾ ਦਾ ਵੀ ਇਹ ਹੀ ਮੰਨਣਾ ਹੈ ਕਿ,“ਔਰਤਾਂ ਵੀ ਉਸੇ ਸਮਾਜ ਦਾ ਹਿੱਸਾ ਹਨ ਜਿੱਥੇ ਅਸੀਂ ਮਰਦਾਨਗੀ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹਾਂ, ਔਰਤਾਂ ਖ਼ੁਦ ਨੂੰ ਵੀ ਕਈ ਵਾਰ ਸਿਆਸੀ ਵਿਰੋਧ ਵਿੱਚ ਸ਼ਾਮਲ ਹੁੰਦੀਆਂ ਹਨ ਤਾਂ ਕਿਸੇ ਅਫ਼ਸਰ ਜਾਂ ਸਿਆਸੀ ਆਗੂ ਨੂੰ ਜਾ ਕੇ ਆਪਣੀਆਂ ਚੂੜੀਆਂ ਦਿੰਦੀਆਂ ਹਨ, ਚੂੜੀਆਂ ਨੂੰ ਵਿਰੋਧ ਦਾ ਚਿੰਨ੍ਹ ਬਣਾ ਦਿੰਦੀਆਂ ਹਨ।”

ਗੈਰੀ ਬਾਰਕਰ ਦਾ ਮੰਨਣਾ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਮਰਦਾਂ ਦੀ ਸੋਚ ਵਿੱਚ ਵੀ ਬਦਲਾਅ ਦੇਖਿਆ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਵੀ ਬਹੁਤ ਅਹਿਮ ਹੈ ਕਿ ਮਰਦਾਂ ਨੂੰ ਇਸ ਗੱਲ ਦਾ ਅਹਿਸਾਸ ਦਵਾਇਆ ਜਾਵੇ ਕਿ ਇਸ ਵਿੱਚ ਵੀ ਉਨ੍ਹਾਂ ਦਾ ਬਹੁਤ ਕੁਝ ਦਾਅ ਉੱਤੇ ਲੱਗਾ ਹੋਇਆ ਹੈ।

ਜੇਕਰ ਇਹ ਦੁਨੀਆਂ ਲਿੰਗ ਸਮਾਨਤਾ ਦੇ ਵੱਲ ਵੱਧਦੀ ਹੈ ਤਾਂ ਇਹ ਮਰਦਾਂ ਦੇ ਲਈ ਵੀ ਫਾਇਦੇ ਦਾ ਸੌਦਾ ਹੈ।

ਲਿੰਗ ਸਮਾਨਤਾ ਦੀ ਇਸ ਲੜਾਈ ਵਿੱਚ ਜੇਕਰ ਮਰਦ ਔਰਤਾਂ ਦੇ ਨਾਲ ਉਨ੍ਹਾਂ ਦੇ ਸਹਿਯੋਗੀ ਬਣਕੇ ਖੜ੍ਹੇ ਹੁੰਦੇ ਹਨ ਤਾਂ ਇਸ ਪੂਰੀ ਪ੍ਰਕਿਰਿਆ ਵਿੱਚ ਉਹ ਵੀ ਇੱਕ ਬਿਹਤਰ ਇਨਸਾਨ ਵਜੋਂ ਸਾਹਮਣੇ ਆਉਂਦੇ ਹਨ।

ਕੁਈਰ ਫੈਮਿਨਿਸਟ ਗਰੁੱਪ ਨਜ਼ਰੀਆਂ ਦੇ ਸੀਨੀਅਰ ਪ੍ਰੋਗਰਾਮ ਕੋਆਰਡੀਨੇਟਰ ਜ਼ਿਆਨ ਕਹਿੰਦੇ ਹਨ ਕਿ ਹੈਲਦੀ ਮੈਸਕੂਲਿਨਿਟੀ ਉਹੀ ਹੈ ਜੋ ਸਮਾਜ ਦੇ ਬਣੇ-ਬਣਾਏ ਨਿਯਮਾਂ ਅਤੇ ਨਜ਼ਰੀਏ ਨੂੰ ਚੁਣੌਤੀ ਦੇ ਸਕੇ।

ਬੀਬੀਸੀ ਦੇ ਲਈ ਫ਼ਾਤਿਮਾ ਫ਼ਰਹੀਨ ਨਾਲ ਗੱਲਬਾਤ ਵਿੱਚ ਉਹ ਕਹਿੰਦੇ ਹਨ, “ਜਿਵੇਂ-ਜਿਵੇਂ ਸਮਾਜ ਵਿੱਚ ਘਰੇਲੂ ਹਿੰਸਾ ਵਧਣ ਲੱਗੀ ਅਤੇ ਉਸ ਉੱਤੇ ਚਰਚਾ ਹੋਣ ਲੱਗੀ ਉਦੋਂ ਹੀ ਲੋਕਾਂ ਨੂੰ ਪਤਾ ਲੱਗਾ ਕਿ ਇਸ ਪੂਰੇ ਮਾਮਲੇ ਵਿੱਚ ਸਭ ਤੋਂ ਜ਼ਰੂਰੀ ਹੈ ਮੈਸਕੂਲਿਨਿਟੀ ਦੇ ਬਾਰੇ ਵਿੱਚ ਮਰਦਾਂ ਨਾਲ ਸਿੱਧੀ ਗੱਲਬਾਤ ਕੀਤੀ ਜਾਵੇ।

ਉਨ੍ਹਾਂ ਮੁਤਾਬਕ ਮਰਦਾਂ ਨੂੰ ਦੱਸਿਆ ਜਾਣ ਲੱਗਿਆ ਹੈ ਕਿ ਮਰਦਾਨਗੀ ਦੀ ਜੋ ਦਿੱਖ ਬਣਾ ਕੇ ਰੱਖੀ ਗਈ ਹੈ, ਉਹ ਸਹੀ ਨਹੀਂ ਹੈ।

ਸੋਚ ਬਦਲਣ ਦੀ ਜ਼ਰੂਰਤ

ਜ਼ਿਆਨ ਕਹਿੰਦੇ ਹਨ ਕਿ ਇਸ ਵੇਲੇ ਜਿਸ ਤਰ੍ਹਾਂ ਦੀ ਕੌਮੀਅਤ ਦੀ ਗੱਲ ਕੀਤੀ ਜਾ ਰਹੀ ਹੈ ਉਸ ਵਿੱਚ ਵੀ ਕਿਤੇ ਨਾ ਕਿਤੇ ਰਿਵਾਇਤੀ ਮੈਸਕੂਲਿਨਿਟੀ ਦੀ ਹੀ ਸੋਚ ਕੰਮ ਕਰ ਰਹੀ ਹੈ।

ਉਹ ਕਹਿੰਦੇ ਹਨ, “ਭਾਰਤ ਵਿੱਚ ਪੌਜ਼ੀਟਿਵ ਮੈਸਕੂਲਿਨਿਟੀ ਦੇ ਬਾਰੇ ਵਿੱਚ ਗੱਲ ਤਾਂ ਹੋ ਰਹੀ ਹੈ ਪਰ ਜ਼ਰੂਰੀ ਹੈ ਕਿ ਉਸਨੂੰ ਹੋਰ ਫੈਲਾਇਆ ਜਾਵੇ, ਸੰਸਥਾਵਾਂ ਲੋਕਾਂ ਨੂੰ ਦੱਸ ਰਹੀਆਂ ਹਨ ਕਿ ਅਸੀਂ ਆਪਣੇ ਪੁੱਤਾਂ ਨੂੰ ਕਿਵੇਂ ਵੱਡਾ ਕਰੀਏ, ਉਨ੍ਹਾਂ ਦੀ ਪਰਵਰਿਸ਼ ਕਿਸ ਤਰ੍ਹਾਂ ਦੀ ਹੋਵੇ।”

ਉੱਥੇ ਹੀ ਲੋਕਾਂ ਦੀ ਸੋਚ ਅਤੇ ਮਾਪੇ ਇਸ ਵਿੱਚ ਕੀ ਭੂਮਿਕਾ ਨਿਭਾ ਸਕਦੇ ਹਨ।

ਇਸ ਬਾਰੇ ਵਿੱਚ ਡਾਕਟਰ ਅਮੀਰ ਸੁਲਤਾਨਾ ਕਹਿੰਦੇ ਹਨ, “ਇਸ ਤਰ੍ਹਾਂ ਦੀ ਸੋਚ ਉਦੋਂ ਹੀ ਬਦਲ ਸਕਦੀ ਹੈ ਜੇਕਰ ਅਸੀਂ ਬੱਚਿਆਂ ਨੂੰ ਸ਼ੁਰੂ ਤੋਂ ਹੀ ਇਹ ਸਿਖਾਈਏ ਕਿ ਪੁੱਤ ਅਤੇ ਧੀ ਦੋਵੇਂ ਬਰਾਬਰ ਹਨ, ਇੱਕ ਚੰਗਾ ਮਰਦ ਉਦੋਂ ਹੀ ਹੋ ਸਕਦਾ ਹੈ ਜਦੋਂ ਉਹ ਪਹਿਲਾਂ ਚੰਗਾ ਇਨਸਾਨ ਬਣੇ।

ਡਾਕਟਰ ਸੁਲਤਾਨਾ ਕਹਿੰਦੇ ਹਨ ਕਿ ਹੁਣ ਤਾਂ ਸਿਰਫ਼ ਮਰਦ ਅਤੇ ਔਰਤ ਦੀ ਗੱਲ ਹੀ ਨਹੀ ਹੁਣ ਤਾਂ ਐਲਜੀਬੀਟੀਕਿਊਆਈ ਦੀ ਗੱਲ ਹੋ ਰਹੀ ਹੈ।

ਉਨ੍ਹਾਂ ਦੇ ਮੁਤਾਬਕ, ਪੂਰੇ ਸਮਾਜ ਨੂੰ ਬਦਲਣਾ ਪਵੇਗਾ ਤਾਂ ਹੀ ਕੋਈ ਸਮਾਜ ਤਰੱਕੀ ਕਰ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)