ਰੋਮਾਂਸ ਸਕੈਮ: ਪਿਆਰ ਦੇ ਝੂਠੇ ਜਾਲ ‘ਚ ਫਸਾ ਕੇ ਲੁੱਟਣ ਵਾਲਿਆਂ ਤੋਂ ਕਿਵੇਂ ਬਚੀਏ

    • ਲੇਖਕ, ਰੁਚਿਰਾ ਸ਼ਰਮਾ
    • ਰੋਲ, ਬੀਬੀਸੀ ਟੀਵੀ ਪੱਤਰਕਾਰ

“ਮੈਨੂੰ ਉਸ ਉੱਤੇ ਪੂਰਾ ਵਿਸ਼ਵਾਸ ਸੀ।”

ਇੱਕ ਧੋਖੇਬਾਜ਼ ਹੱਥੋਂ ਦੋ ਲੱਖ ਪਾਊਂਡ ਗਵਾਉਣ ਵਾਲੀ ਸੈਸੀਲੀ ਫਜੇਲ੍ਹੋਏ ਨੇ ਦੱਸਿਆ ਕਿ ਇੱਕ ਧੋਖ਼ੇਬਾਜ਼ ਨੇ ਕਈ ਮਹੀਨੇ ਗੱਲਾਂ ਕਰਕੇ ਉਸਦਾ ਵਿਸ਼ਵਾਸ ਜਿੱਤਿਆ।

“ਉਸਨੇ ਮੈਨੂੰ ਇਹ ਯਕੀਨ ਦਵਾਇਆ ਕਿ ਉਹ ਦੋਵੇਂ ਇੱਕ ਰਿਸ਼ਤੇ ਵਿੱਚ ਹਨ, ਇਸੇ ਲਈ ਮੈਂ ਉਸ (ਧੋਖ਼ੇਬਾਜ਼) ਦੀ ਮਦਦ ਕਰਨ ਲਈ ਕਈ ਲੋਨ ਵੀ ਲਏ।”

ਅਜਿਹੇ ਧੋਖ਼ਿਆਂ ਨੂੰ 'ਰੋਮਾਂਸ ਸਕੈਮ' ਕਿਹਾ ਜਾਂਦਾ ਹੈ।

ਛੇ ਸਾਲ ਬਾਅਦ ਵੀ ਉਹ ਇਸ ਮਾਨਸਿਕ ਤਣਾਅ ਵਾਲੀ ਘਟਨਾ ਦੇ ਸਿੱਟਿਆਂ ਨੂੰ ਝੱਲ ਰਹੀ ਹੈ।

“ਆਰਥਿਕ ਤੌਰ ਉੱਤੇ ਮੇਰਾ ਭਵਿੱਖ ਖ਼ਰਾਬ ਹੋ ਚੁੱਕਾ ਹੈ, ਅਤੇ ਮੈਂ ਹਾਲੇ ਵੀ ਆਪਣੀ ਸਿਹਤ ਵਿੱਚ ਸੁਧਾਰ ਲਈ ਥੇਰੈਪੀ ਦਾ ਸਹਾਰਾ ਲੈਂਦੀ ਹਾਂ।”

ਆਪ ਇਸ ਘਟਨਾ ਨੂੰ ਹੰਢਾਉਣ ਤੋਂ ਬਾਅਦ ਉਸਨੇ ਅਜਿਹੇ ਧੋਖ਼ੇਬਾਜ਼ਾਂ ਦਾ ਸ਼ਿਕਾਰ ਹੋਏ ਪੀੜਤਾਂ ਦੀ ਮਦਦ ਕਰਨ ਦਾ ਫੈਸਲਾ ਲਿਆ।

ਉਸ ਨੇ ਐਨਾ ਰੋਵ ਨਾਲ ਮਿਲਕੇ ‘ਲਵਸੈੱਡ’ ਨਾਂਅ ਦਾ ਕੇਂਦਰ ਬਣਾਇਆ। ਐਨਾ ਵੀ ਅਜਿਹੇ ਧੋਖ਼ੇ ਦਾ ਸ਼ਿਕਾਰ ਹੋਈ ਸੀ ਅਤੇ ਹਣ ਉਹ ਪੀੜਤਾਂ ਦੇ ਬਚਾਅ ਲਈ ਕੰਮ ਕਰਦੀ ਹੈ।

ਐਨਾ ਤੇ ਸੈਸੀਲੀ ਅਜਿਹੇ ਰੋਮਾਂਸ ਧੋਖ਼ਿਆਂ ਦੇ ਖ਼ਿਲਾਫ਼ ਕੰਮ ਕਰ ਰਹੀਆਂ ਹਨ। ਉਹ ਬੀਬੀਸੀ ਦੀ ਡਾਕੂਮੈਂਟਰੀ ‘ਹੰਟਿੰਗ ਦਿ ਕੈਟਫਿਸ਼ ਕ੍ਰਾਈਮ ਗੈਂਗ’ ਵਿੱਚ ਵੀ ਹਨ।

ਇਹ ਦਸਤਾਵੇਜ਼ੀ ਇੱਕ 30 ਸਾਲਾ ਉਦਯੋਗਪਤੀ ਜੇਮਸ ਬਲੇਕ ਦੇ ਦੁਆਲੇ ਘੁੰਮਦੀ ਹੈ। ਜੇਮਸ ਬਲੇਕ ਦੇ ਇੰਸਟਾਗ੍ਰਾਮ ਤੋਂ ਉਨ੍ਹਾਂ ਦੀਆਂ ਤਸਵੀਰਾਂ ਚੋਰੀ ਕੀਤੀਆਂ ਗਈਆਂ ਸਨ ਅਤੇ ਲੋਕਾਂ ਕੋਲੋਂ ਧੋਖ਼ੇ ਨਾਲ ਹਜ਼ਾਰਾਂ ਰੁਪਏ ਹਾਸਲ ਕਰਨ ਲਈ ਵਰਤੀਆਂ ਗਈਆਂ।

ਸੈਸੀਲੀ ਦੀ ਕਹਾਣੀ ਸੁਣਨ ਵਾਲੇ ਲੋਕ ਇਹ ਸੋਚ ਸਕਦੇ ਹਨ ਕਿ ਕੋਈ ਅਜਿਹੇ ਧੋਖ਼ੇ ਵਿੱਚ ਕਿਵੇਂ ਫੱਸ ਸਕਦਾ ਹੈ। ਅਜਿਹੇ ਧੋਖ਼ੇ ਤੋਂ ਬਚਣ ਲਈ ਕੀ ਕੀਤਾ ਜਾ ਸਕਦਾ ਹੈ?

ਸੁਨੇਹਿਆਂ ਨੂੰ ਸਮਝੋ

ਅਜੋਕੇ ਸਮੇਂ ਵਿੱਚ ਧੋਖ਼ਾ ਕਿਸੇ ਨਾਲ ਵੀ ਕਦੇ ਵੀ ਹੋ ਸਕਦਾ ਹੈ। ਸਿਟੀਜ਼ਨ ਅਡਵਾਈਜ਼ ਮੁਤਾਬਕ 4 ਕਰੋੜ ਦੇ ਕਰੀਬ ਲੋਕ 2023 ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਧੋਖ਼ੇ ਦਾ ਸ਼ਿਕਾਰ ਹੋਏ ਸਨ।

ਡਾ. ਏਲੀਸਾਬੈੱਥ ਕਾਰਟਰ ਜੋ ਕਿ ਇੱਕ ਅਪਰਾਧ ਵਿਗਿਆਨੀ ਹੋਣ ਦੇ ਨਾਲ-ਨਾਲ ਭਾਸ਼ਾ ਮਾਹਰ ਵੀ ਹਨ, ਧੋਖ਼ੇਬਾਜ਼ਾਂ ਵੱਲੋਂ ਵਰਤੀ ਜਾਂਦੀ ਭਾਸ਼ਾ ਬਾਰੇ ਦੱਸਦੇ ਹਨ।

“ਧੋਖ਼ੇਬਾਜ਼ ਪੀੜਤਾਂ ਨੂੰ ਅਜਿਹਾ ਮਹਿਸੂਸ ਕਰਵਾਉਂਦੇ ਹਨ ਕਿ ਉਹ ਖ਼ੁਦ ਫੈਸਲਾ ਲੈ ਰਹੇ ਹਨ ਅਤੇ ਉਹ ਅਜਿਹਾ ਸੋਚ ਸਮਝ ਕੇ ਕਰ ਰਹੇ ਹਨ, ਇਹ ਉਨ੍ਹਾਂ ਨੂੰ ਸੁਰੱਖਿਅਤ ਰੱਖਦਾ ਹੈ।”

ਉਹ ਦੱਸਦੇ ਹਨ, “ਧੋਖ਼ੇਬਾਜ਼ ਆਪਣੇ ਆਪ ਨੂੰ ਕਮਜ਼ੋਰ ਦਰਸਾਉਂਦੇ ਹਨ ਅਤੇ ਆਪਣੀਆਂ ਕਮਜ਼ੋਰੀਆਂ ਦੱਸਦੇ ਹਨ।”

“ਰੋਮਾਂਸ ਫਰਾਡ ਦੇ ਮਾਮਲਿਆਂ ਵਿੱਚ ਉਹ ਮਿਸਾਲ ਵਜੋਂ ਕਹਿਣਗੇ ਕਿ ਉਹ ਇਸ ਡੇਟਿੰਗ ਵੈੱਬਸਾਈਟ ਉੱਤੇ ਨਵੇਂ ਹਨ।”

ਡਾ. ਕਾਰਟਰ ਦੱਸਦੇ ਹਨ ਕਿ ਅਜਿਹੇ ਚਾਲਬਾਜ਼ ਅਕਸਰ ਕਹਿੰਦੇ ਹਨ ਕਿ ਉਨ੍ਹਾਂ ਨਾਲ ਵੀ ਅਜਿਹਾ ਧੋਖ਼ਾ ਹੋ ਚੁੱਕਿਆ ਹੈ।

ਸੈਸੀਲੀ ਦੇ ਮਾਮਲੇ ਵਿੱਚ ਧੋਖ਼ਾ ਦੇਣ ਵਾਲੇ ਨੇ ਕਿਹਾ ਕਿ ਖ਼ਤਰਨਾਕ ਕਿਸਮ ਦੇ ਲੋਕ ਉਸ ਦੇ ਪਿੱਛੇ ਪਏ ਹੋਏ ਹਨ ਅਤੇ ਉਸ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ।

ਨੈੱਟਫਲਿਕਸ ਵੱਲੋਂ ਬਣਾਈ ਦਸਤਾਵੇਜ਼ੀ ‘ਦ ਟਿੰਡਰ ਸਵਿੰਡਲਰ’ ਇਸੇ ਦੁਆਲੇ ਹੀ ਘੁੰਮਦੀ ਹੈ।

ਸੈਸੀਲੀ ਨੂੰ ਧੋਖ਼ਾ ਦੇਣ ਵਾਲੇ ਸ਼ਖ਼ਸ ਉੱਤੇ ਲਾਏ ਗਏ ਇਲਜ਼ਾਮ ਅਦਾਲਤ ਵਿੱਚ ਸਿੱਧ ਨਹੀਂ ਹੋਏ ਹਨ।

ਡਾ. ਕਾਰਟਰ ਦਾ ਕਹਿਣਾ ਹੈ ਕਿ ਅਜਿਹੇ ਵਿਵਹਾਰ ਦੀ ਘਰੇਲੂ ਹਿੰਸਾ ਨਾਲ ਬਹੁਤ ਸਮਾਨਤਾ ਹੈ।

ਰੇਬੇਕਾ ਮੇਸਨ ਜਿਹੜੇ ਅਜਿਹੇ ਮਾਮਲਿਆਂ ਨੂੰ ਸੁਲਝਾਉਣ ਬਾਰੇ ਦੱਸਦੇ ਹਨ, ਅਜਿਹੇ ਕੇਸਾਂ ਵਿੱਚ ਇੱਕ ਗੱਲ ਸਾਂਝੀ ਹੁੰਦੀ ਹੈ।

“ਧੋਖ਼ੇਬਾਜ਼ ਤੁਹਾਨੂੰ ਮਿਲਣ ਤੋਂ ਕਤਰਾਉਂਦੇ ਹਨ।”

ਉਹ ਕਹਿੰਦੇ ਹਨ ਕਿ ਸੁਨੇਹਿਆਂ ਨੂੰ ਧਿਆਨ ਨਾਲ ਪੜ੍ਹੋ, ਸਾਹਮਣੇ ਵਾਲੇ ਦੇ ਵਿਵਹਾਰ ਅਤੇ ਬੋਲਬਾਣੀ ਵਿਚਲੇ ਬਦਲਾਵਾਂ ਬਾਰੇ ਧਿਆਨ ਦਿਓ।

“ਕਿਉਂਕਿ ਧੋਖ਼ੇਬਾਜ਼ ਇੱਕ ਸਮੇਂ ‘ਤੇ ਕਈ ਜਣਿਆਂ ਨਾਲ ਗੱਲਾਂ ਕਰਦੇ ਹਨ ਉਹ ਅਕਸਰ ਛੋਟੀਆਂ-ਛੋਟੀਆਂ ਗੱਲਾਂ ਭੁੱਲ ਜਾਂਦੇ ਹਨ।”

“ਅਜਿਹੇ ਧੋਖ਼ੇਬਾਜ਼ ਇੱਕ ਗਿਰੋਹ ਵਿੱਚ ਕੰਮ ਕਰਦੇ ਹਨ।”

ਆਪਣੀ ਨਿੱਜੀ ਜਾਣਕਾਰੀ ਨਾ ਸਾਂਝੀ ਕਰੋ

ਇਹ ਬਹੁਤ ਘੱਟ ਹੁੰਦਾ ਹੈ ਕਿ ਧੋਖ਼ੇਬਾਜ਼ ਸਿੱਧਾ ਤੁਹਾਡੇ ਕੋਲੋਂ ਪੈਸਿਆਂ ਦੀ ਮੰਗ ਕਰਨ, ਕਿਉਂਕਿ ਇੱਦਾਂ ਉਹ ਸੌਖਿਆਂ ਹੀ ਫੜੇ ਜਾ ਸਕਦੇ ਹਨ।

ਏਲੀਸਾਬੈੱਥ ਦੱਸਦੇ ਹਨ, “ਪਰ ਉਹ ਅਜਿਹੀਆਂ ਗੱਲਾਂ ਕਹਿਣਗੇ, ਮੇਰੀ ਸਿਹਤ ਠੀਕ ਨਹੀਂ ਲੱਗ ਰਹੀ, ਇਹ ਬਿੱਲ ਆ ਰਿਹਾ ਹੈ, ਮੈਨੂੰ ਨਹੀਂ ਪਤਾ ਕੀ ਕਰਨਾ ਹੈ, ਜਿਸ ਮਗਰੋਂ ਤੁਸੀਂ ਸੁਭਾਵਿਕ ਹੀ ਮਦਦ ਲਈ ਪੁੱਛੋਗੇ।”

ਉਹ ਲੋਕਾਂ ਨੂੰ ਇਹ ਚੇਤਾਵਨੀ ਦਿੰਦੇ ਹਨ ਕਿ ਉਹ ਆਪਣੀ ਨਿੱਜੀ ਜਾਣਕਾਰੀ ਕਿਸੇ ਨੂੰ ਦੇਣ ਵੇਲੇ ਸਾਵਧਾਨੀ ਵਰਤਣ।

ਕਿਸੇ ਨਵੇਂ ਰਿਸ਼ਤੇ ਦੀ ਸ਼ੁਰੂਆਤ ਵਿੱਚ ਕਿਸੇ ਦਾ ਚੌਕਲੇਟ ਜਾਂ ਫੁੱਲ ਭੇਜਣਾ ਚੰਗਾ ਲੱਗ ਸਕਦਾ ਹੈ, ਪਰ ਜੇਕਰ ਉਹ ਸੱਚਾਈ ਵਿੱਚ ਧੋਖ਼ੇਬਾਜ਼ ਨਿਕਲਣ ਤਾਂ ਉਹ ਸੂਚਨਾ ਦੀ ਦੁਰਵਰਤੋਂ ਕਰ ਸਕਦੇ ਹਨ ਅਤੇ ਫੇਰ ਧਮਕੀਆਂ ਉੱਤੇ ਵੀ ਉਤਰ ਸਕਦੇ ਹਨ।

ਧੋਖ਼ੇਬਾਜ਼ ਤੁਹਾਨੂੰ ਬਾਕੀਆਂ ਨਾਲੋਂ ਤੋੜਦੇੇ ਹਨ “ਉਹ ਇਸ ਕੰਮ ਉੱਤੇ ਪੂਰੀ ਮਿਹਨਤ ਲਾਉਂਦੇ ਹਨ ਕਿ ਉਹ ਤੁਹਾਡੇ ਨਾਲ ਰੋਮੀਓ-ਜੁਲੀਅਟ ਵਰਗਾ ਰਿਸ਼ਤਾ ਬਣਾਉਣ, ਉਹ ਤੁਹਾਡੇ ਭਰੋਸੇ ਵਾਲੇ ਲੋਕ, ਜਿਨ੍ਹਾਂ ਵਿੱਚ ਪਰਿਵਾਰਕ ਮੈਂਬਰ ਜਾਂ ਦੋਸਤ ਸ਼ਾਮਲ ਹੋ ਸਕਦੇ ਹਨ, ਨੂੰ ਬੁਰਾ ਬਣਾਉਂਦੇ ਹਨ। ”

ਉਹ ਅਜਿਹੀਆਂ ਗੱਲਾਂ ਵੀ ਕਹਿਣਗੇ, “ਬੈਂਕ ਤਾਂ ਬੱਸ ਤੁਹਾਡੇ ਪੈਸੇ ਰੱਖਣੇ ਚਾਹੁੰਦੇ ਹਨ।”

ਉਹ ਪੀੜਤ ਦੇ ਆਪਣੇ ਆਪ ਨੂੰ ਬਚਾਉਣ ਦੇ ਯਤਨ ਨੂੰ ਵੀ ਗਲਤ (ਨੈਗੇਟਿਵ) ਪੇਸ਼ ਕਰਨਗੇ, ਅਤੇ ਉਹ ਦਾਅਵਾ ਕਰਨਗੇ ਕਿ ਪੀੜਤ ਉਨ੍ਹਾਂ ਨੂੰ ਬਿਲਕੁਲ ਵੀ ਪਿਆਰ ਨਹੀਂ ਕਰਦੇ।

ਆਪਣੇ ਰਾਖੇ ਆਪ ਬਣੋ

ਰੇਬੇਕਾ ਕਹਿੰਦੇ ਹਨ, ਹਰੇਕ ਨੂੰ ਡੇਟਿੰਗ ਦੇ ਮਾਮਲੇ ਵਿੱਚ ਆਪਣੀ ਰੱਖਿਆ ਆਪ ਕਰਨੀ ਪਵੇਗੀ। ਉਹ ਇਹ ਸੁਝਾਅ ਦਿੰਦੇ ਹਨ ਕਿ ਉਹ ਸਾਹਮਣੇ ਵਾਲੇ ਦੀ ਤਸਵੀਰ ਨੂੰ ਗੂਗਲ ਇਮੇਜ ਸਰਚ ਉੱਤੇ ਪਾ ਕੇ ਤਸਦੀਕ ਕਰਨ ਜਾਂ ਫੇਸ ਚੈੱਕ ਆਈਡੀ ਵਰਗੇ ਸਾਧਨਾਂ ਦੀ ਵਰਤੋਂ ਕਰਨ ਜੋ ਉਸ ਤਸਵੀਰ ਨਾਲ ਜੁੜੇ ਲੋਕਾਂ ਦੀ ਜਾਣਕਾਰੀ ਉਨ੍ਹਾਂ ਨੂੰ ਦੇਵੇਗਾ।

ਉਹ ਕਹਿੰਦੇ ਹਨ ਕਿ ਜੇਕਰ ਕਿਸੇ ਦੀ ਤਸਵੀਰ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਉਂਦੀ ਤਾਂ ਤੁਹਾਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ।

ਹਾਲਾਂਕਿ ਰੋਮਾਂਸ ਸਕੈਮ ਬਹੁਤ ਡਰਾਉਣੇ ਹੁੰਦੇ ਹਨ ਪਰ ਅਜਿਹੇ ਹੀ ਹੋਰ ਧੋਖ਼ੇ ਵੀ ਹੁੰਦੇ ਹਨ। “ਹਰੇਕ ਗੱਲਬਾਤ ਵਿੱਚ ਦਿਲਚਸਪੀ ਦਿਖਾਓ।”

ਇੱਕ ਮਨੁੱਖ ਵਜੋਂ ਅਸੀਂ ‘ਆਟੋ ਪਾਈਲਟ’ ਉੱਤੇ ਚਲਦੇ ਹਾਂ, ਅਜਿਹੇ ਵਿਵਹਾਰ ਕਾਰਨ ਅਸੀਂ ਧੋਖ਼ੇ ਦਾ ਸ਼ਿਕਾਰ ਹੋ ਸਕਦੇ ਹਾਂ। ਜਿਵੇਂ ਕੋਈ ਬੈਂਕ ਤੋਂ ਫੋਨ ਕਰਕੇ ਅਜਿਹੀ ਜਾਣਕਾਰੀ ਮੰਗੇ ਜਿਹੜੀ ਆਮ ਹਾਲਾਤਾਂ ਵਿੱਚ ਨਾ ਪੁੱਛੀ ਜਾਂਦੀ ਹੋਵੇ ਜਾਂ ਡਿਲਵਰੀ ਵਾਲੇ ਤੁਹਾਡੇ ਬੈਂਕ ਖਾਤੇ ਦੀ ਜਾਣਕਾਰੀ ਮੰਗਣ।

ਜੁਰਮ ਬਾਰੇ ਪੁਲਿਸ ਨੂੰ ਜਾਣਕਾਰੀ ਦਿਓ

ਸਾਰੇ ਮਾਹਰ ਲੋਕਾਂ ਨੂੰ ਇਹ ਸਲਾਹ ਦਿੰਦੇ ਹਨ ਕਿ ਜੇਕਰ ਕਿਸੇ ਨਾਲ ਧੋਖ਼ਾ ਹੋਵੇ ਤਾਂ ਉਹ ਚੁੱਪ ਕਰਕੇ ਨਾ ਬੈਠਣ, ਭਾਵੇਂ ਅਜਿਹਾ ਉਨ੍ਹਾਂ ਦੇ ਕਿਸੇ ਦੋਸਤ ਨਾਲ ਹੋਵੇ ਜਾਂ ਪਰਿਵਾਰ ਨਾਲ, “ਧੋਖ਼ਾ ਅਜਿਹਾ ਜੁਰਮ ਹੈ ਜਿਸ ਬਾਰੇ ਜਾਣਕਾਰੀ ਬਹੁਤ ਘੱਟ ਪੀੜਤ ਸਾਂਝੀ ਕਰਦੇ ਹਨ।”

ਉਹ ਦੱਸਦੇ ਹਨ ਕਿ ਇਸਦੇ ਨਾਲ ਜੁੜੀ ਸ਼ਰਮ ਕਾਰਨ ਬਹੁਤ ਘੱਟ ਲੋਕ ਹੀ ਸਾਹਮਣੇ ਆਉਂਦੇ ਹਨ।

“ਸਾਨੂੰ ਪੀੜਤਾਂ ਨਾਲ ਪੀੜਤਾਂ ਵਾਂਗ ਹੀ ਪੇਸ਼ ਆਉਣਾ ਚਾਹੀਦਾ ਹੈ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)