You’re viewing a text-only version of this website that uses less data. View the main version of the website including all images and videos.
ਬ੍ਰਿਟੇਨ ਵਿੱਚ ਤਿੰਨ ਜਣਿਆਂ ਦੇ ਡੀਐੱਨਏ ਨਾਲ ਪੈਦਾ ਹੋਇਆ ਪਹਿਲਾ ਬੱਚਾ
- ਲੇਖਕ, ਜੇਮਜ਼ ਗੈਲਾਘਰ
- ਰੋਲ, ਬੀਬੀਸੀ ਪੱਤਰਕਾਰ
ਯੂਕੇ ਵਿੱਚ ਪਹਿਲੀ ਵਾਰ ਤਿੰਨ ਲੋਕਾਂ ਦੇ ਡੀਐੱਨਏ ਦੀ ਵਰਤੋਂ ਕਰਕੇ ਇੱਕ ਬੱਚੇ ਦਾ ਜਨਮ ਹੋਇਆ ਹੈ।
ਇਸ ਦੀ ਫਰਟੀਲਿਟੀ ਰੈਗੂਲੇਟਰ ਨੇ ਪੁਸ਼ਟੀ ਕੀਤੀ ਹੈ।
ਇਸ ਵਿੱਚ ਡੀਐੱਨਏ ਦਾ ਜ਼ਿਆਦਾਤਰ ਹਿੱਸਾ ਬੱਚੇ ਦੇ ਮਾਪਿਆਂ ਦਾ ਅਤੇ ਲਗਭਗ 0.1% ਤੀਜੀ, ਦਾਨੀ ਔਰਤ ਦਾ ਹੈ।
ਇਹ ਤਕਨੀਕ ਵਿਨਾਸ਼ਕਾਰੀ ਮਾਈਟੋਕੌਂਡਰੀਅਲ ਬਿਮਾਰੀਆਂ ਨਾਲ ਪੈਦਾ ਹੋਣ ਵਾਲੇ ਬੱਚਿਆਂ ਨੂੰ ਰੋਕਣ ਦੀ ਕੋਸ਼ਿਸ਼ ਹੈ।
ਤਕਨੀਕ ਨਾਲ ਅਜਿਹੇ ਪੰਜ ਤੋਂ ਘੱਟ ਬੱਚੇ ਪੈਦਾ ਹੋਏ ਹਨ, ਪਰ ਹੋਰ ਵੇਰਵੇ ਜਾਰੀ ਨਹੀਂ ਕੀਤੇ ਗਏ ਹਨ।
ਮਾਈਟੋਕੌਂਡਰੀਅਲ ਬਿਮਾਰੀਆਂ ਲਾਇਲਾਜ ਹੁੰਦੀਆਂ ਹਨ ਅਤੇ ਜਨਮ ਦੇ ਕੁਝ ਦਿਨਾਂ ਜਾਂ ਘੰਟਿਆਂ ਦੇ ਅੰਦਰ ਘਾਤਕ ਹੋ ਸਕਦੀਆਂ ਹਨ।
ਇਸ ਕਾਰਨ ਕੁਝ ਪਰਿਵਾਰਾਂ ਨੇ ਕਈ ਬੱਚੇ ਗੁਆ ਦਿੱਤੇ ਹਨ ਅਤੇ ਇਸ ਤਕਨੀਕ ਨੂੰ ਉਨ੍ਹਾਂ ਪਰਿਵਾਰਾਂ ਲਈ ਆਪਣਾ ਇੱਕ ਸਿਹਤਮੰਦ ਬੱਚਾ ਪੈਦਾ ਕਰਨ ਲਈ ਇੱਕੋ ਇੱਕ ਬਦਲ ਵਜੋਂ ਦੇਖਿਆ ਜਾਂਦਾ ਹੈ।
ਮਾਈਟੋਕੌਂਡਰੀਆ ਬਿਮਾਰੀ
ਮਾਈਟੋਕੌਂਡਰੀਆ ਸਰੀਰ ਦੇ ਲਗਭਗ ਹਰੇਕ ਸੈੱਲ ਦੇ ਅੰਦਰ ਛੋਟੇ-ਛੋਟੇ ਹਿੱਸੇ ਹੁੰਦੇ ਹਨ ਜੋ ਭੋਜਨ ਨੂੰ ਉਪਯੋਗੀ ਊਰਜਾ ਵਿੱਚ ਬਦਲਦੇ ਹਨ।
ਨੁਕਸਦਾਇਕ ਮਾਈਟੋਕੌਂਡਰੀਆ ਸਰੀਰ ਨੂੰ ਊਰਜਾ ਦੇਣ ਵਿੱਚ ਅਸਫ਼ਲ ਰਹਿੰਦਾ ਹੈ ਅਤੇ ਦਿਮਾਗ਼ ਨੂੰ ਨੁਕਸਾਨ, ਮਾਸਪੇਸ਼ੀਆਂ ਦੀ ਬਰਬਾਦੀ, ਦਿਲ ਦੇ ਦੌਰੇ ਅਤੇ ਅੰਨ੍ਹੇਪਣ ਦਾ ਕਾਰਨ ਬਣਦਾ ਹੈ।
ਇਹ ਮਾਂ ਵੱਲੋਂ ਹੀ ਬੱਚੇ ਨੂੰ ਦਿੱਤੇ ਜਾਂਦੇ ਹਨ। ਇਸ ਲਈ ਮਾਈਟੋਕੌਂਡਰੀਅਲ ਦਾਨ ਇਲਾਜ ਆਈਵੀਐੱਫ ਦਾ ਇੱਕ ਸੰਸ਼ੋਧਿਤ ਰੂਪ ਹੈ ਜਿਸ ਵਿੱਚ ਇੱਕ ਸਿਹਤਮੰਦ ਦਾਨੀ ਦੇ ਅੰਡੇ ਤੋਂ ਮਾਈਟੋਕੌਂਡਰੀਆ ਦੀ ਵਰਤੋਂ ਕੀਤੀ ਜਾਂਦੀ ਹੈ।
ਹਾਲਾਂਕਿ, ਮਾਈਟੋਕੌਂਡਰੀਆ ਦੀ ਆਪਣੀ ਜੈਨੇਟਿਕ ਜਾਣਕਾਰੀ ਜਾਂ ਡੀਐੱਨਏ ਹੈ ਜਿਸਦਾ ਮਤਲਬ ਹੈ ਕਿ ਤਕਨੀਕੀ ਤੌਰ 'ਤੇ ਨਤੀਜੇ ਵਜੋਂ ਬੱਚੇ ਆਪਣੇ ਮਾਪਿਆਂ ਤੋਂ ਡੀਐੱਨਏ ਪ੍ਰਾਪਤ ਕਰਦੇ ਹਨ ਅਤੇ ਦਾਨੀ ਤੋਂ ਵੀ ਇੱਕ ਥੋੜ੍ਹਾ ਜਿਹਾ ਹਿੱਸਾ ਲੈਂਦੇ ਹਨ।
ਇਹ ਇੱਕ ਸਥਾਈ ਤਬਦੀਲੀ ਹੈ ਜੋ ਪੀੜ੍ਹੀਆਂ ਵੱਲੋਂ ਅੱਗੇ ਤੋਰੀ ਜਾਂਦੀ ਹੈ।
ਤਕਨੀਕ ਨਾਲ ਪਹਿਲਾ ਬੱਚਾ 2016 ਵਿੱਚ ਹੋਇਆ
ਇਹ ਦਾਨੀ ਡੀਐੱਨਏ ਸਿਰਫ਼ ਪ੍ਰਭਾਵੀ ਮਾਈਟੋਕੌਂਡਰੀਆ ਬਣਾਉਣ ਲਈ ਢੁਕਵਾਂ ਹੈ, ਇਹ ਹੋਰ ਗੁਣਾਂ ਜਿਵੇਂ ਕਿ ਦਿੱਖ ਨੂੰ ਪ੍ਰਭਾਵਿਤ ਨਹੀਂ ਕਰਦਾ ਅਤੇ 'ਤੀਜੇ ਮਾਤਾ-ਪਿਤਾ' ਨੂੰ ਮਾਨਤਾ ਵੀ ਨਹੀਂ ਦਿੰਦਾ।
ਇਸ ਤਕਨੀਕ ਦੀ ਸ਼ੁਰੂਆਤ ਨਿਊਕੈਸਲ ਵਿੱਚ ਕੀਤੀ ਗਈ ਸੀ ਅਤੇ 2015 ਵਿੱਚ ਯੂਕੇ ਵਿੱਚ ਅਜਿਹੇ ਬੱਚੇ ਪੈਦਾ ਕਰਨ ਦੀ ਇਜਾਜ਼ਤ ਦੇਣ ਲਈ ਕਾਨੂੰਨ ਪੇਸ਼ ਕੀਤੇ ਗਏ ਸਨ।
ਹਾਲਾਂਕਿ, ਯੂਕੇ ਇਸ ਤਕਨੀਕ ਨਾਲ ਤੁਰੰਤ ਅੱਗੇ ਨਹੀਂ ਵਧਿਆ। ਇਸ ਤਕਨੀਕ ਰਾਹੀਂ ਪੈਦਾ ਹੋਇਆ ਪਹਿਲਾ ਬੱਚਾ 2016 ਵਿੱਚ ਅਮਰੀਕਾ ਵਿੱਚ ਇਲਾਜ ਕਰਵਾ ਰਹੇ ਜਾਰਡਨ ਦੇ ਇੱਕ ਪਰਿਵਾਰ ਵਿੱਚ ਸੀ।
ਹਿਊਮਨ ਫਰਟੀਲਾਈਜ਼ੇਸ਼ਨ ਐਂਡ ਐਂਬ੍ਰਾਇਓਲੋਜੀ ਅਥਾਰਟੀ (HFEA) ਕਹਿ ਰਹੀ ਹੈ ਕਿ 20 ਅਪ੍ਰੈਲ 2023 ਤੱਕ ਅਜਿਹੇ 'ਪੰਜ ਤੋਂ ਘੱਟ' ਬੱਚਿਆਂ ਦਾ ਜਨਮ ਹੋਇਆ ਹੈ। ਇਹ ਪਰਿਵਾਰਾਂ ਦੀ ਪਛਾਣ ਉਜਾਗਰ ਹੋਣ ਤੋਂ ਰੋਕਣ ਲਈ ਸਹੀ ਸੰਖਿਆ ਨਹੀਂ ਦੇ ਰਹੇ ਹਨ।
ਇਹ ਸੀਮਤ ਵੇਰਵੇ ਗਾਰਡੀਅਨ ਅਖ਼ਬਾਰ ਰਾਹੀਂ ਸੂਚਨਾ ਦੀ ਆਜ਼ਾਦੀ ਦੀ ਬੇਨਤੀ ਤੋਂ ਬਾਅਦ ਸਾਹਮਣੇ ਆਏ ਹਨ।
ਪ੍ਰੋਗਰੈਸ ਐਜੂਕੇਸ਼ਨਲ ਟਰੱਸਟ ਦੀ ਡਾਇਰੈਕਟਰ ਸਾਰਾ ਨੋਕਰੋਸ ਦਾ ਕਹਿਣਾ ਹੈ, "ਖ਼ਬਰਾਂ ਕਿ ਦਾਨ ਕੀਤੇ ਮਾਈਟੋਕੌਂਡਰੀਆ ਵਾਲੇ ਬੱਚਿਆਂ ਦੀ ਇੱਕ ਛੋਟੀ ਜਿਹੀ ਗਿਣਤੀ ਹੁਣ ਯੂਕੇ ਵਿੱਚ ਪੈਦਾ ਹੋਈ ਹੈ, ਇਹ ਅਗਲਾ ਕਦਮ ਹੈ, ਜਿਸ ਵਿੱਚ ਮਾਈਟੋਕੌਂਡਰੀਅਲ ਦਾਨ ਦਾ ਮੁਲਾਂਕਣ ਅਤੇ ਸੋਧ ਕਰਨ ਦੀ ਇੱਕ ਹੌਲੀ ਅਤੇ ਸਾਵਧਾਨ ਪ੍ਰਕਿਰਿਆ ਰਹੇਗੀ।"
ਨਿਊਕੈਸਲ ਵਿੱਚ ਟੀਮਾਂ ਤੋਂ ਕੋਈ ਪ੍ਰਤਿਕਿਰਿਆ ਨਹੀਂ ਆਈ ਹੈ ਇਸ ਲਈ ਇਹ ਅਜੇ ਵੀ ਅਨਿਸ਼ਚਿਤ ਹੈ ਕਿ ਤਕਨੀਕ ਸਫ਼ਲ ਸੀ ਜਾਂ ਨਹੀਂ।
ਫ੍ਰਾਂਸਿਸ ਕ੍ਰਿਕ ਰਿਸਰਚ ਇੰਸਟੀਚਿਊਟ ਦੇ ਪ੍ਰੋਫੈਸਰ ਰੌਬਿਨ ਲਵੇਲ-ਬੈਜ ਨੇ ਕਿਹਾ, "ਇਹ ਜਾਣਨਾ ਦਿਲਚਸਪ ਹੋਵੇਗਾ ਕਿ ਮਾਈਟੋਕੌਂਡਰੀਅਲ ਰਿਪਲੇਸਮੈਂਟ ਥੈਰੇਪੀ ਤਕਨੀਕ ਵਿਹਾਰਕ ਪੱਧਰ 'ਤੇ ਕਿੰਨੀ ਕਾਰਗਰ ਹੈ, ਕੀ ਬੱਚੇ ਮਾਈਟੋਕੌਂਡਰੀਅਲ ਬਿਮਾਰੀ ਤੋਂ ਮੁਕਤ ਹਨ ਅਤੇ ਕੀ ਕੋਈ ਖ਼ਤਰਾ ਹੈ। ਉਨ੍ਹਾਂ ਵਿੱਚੋਂ ਜੀਵਨ ਵਿੱਚ ਬਾਅਦ 'ਚ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।"
ਤਕਨੀਕੀ ਤੌਰ 'ਤੇ 'ਰਿਵਰਸ਼ਨ' ਦਾ ਜੋਖ਼ਮ ਹੁੰਦਾ ਹੈ ਜਿੱਥੇ ਕੋਈ ਵੀ ਨੁਕਸਦਾਇਕ ਮਾਈਟੋਕੌਂਡਰੀਆ ਜਿਸ ਨੂੰ ਲਿਆਂਦਾ ਜਾਂਦਾ ਹੈ, ਗਿਣਤੀ ਵਿੱਚ ਵਾਧਾ ਹੋ ਸਕਦਾ ਹੈ ਅਤੇ ਫਿਰ ਵੀ ਬਿਮਾਰੀ ਦਾ ਕਾਰਨ ਹੋ ਸਕਦਾ ਹੈ।
ਇੱਕ ਵਾਰ ਅੰਦਾਜ਼ਾ ਲਗਾਇਆ ਗਿਆ ਸੀ ਕਿ ਯੂਕੇ ਵਿੱਚ ਹਰ ਸਾਲ 150 ਤੱਕ ਅਜਿਹੇ ਬੱਚੇ ਪੈਦਾ ਹੋ ਸਕਣਗੇ।