You’re viewing a text-only version of this website that uses less data. View the main version of the website including all images and videos.
ਫੀਫਾ ਵਿਸ਼ਵ ਕੱਪ: ਮੈਚ ਤੋਂ ਬਾਹਰ ਹੋਏ ਰੋਨਾਲਡੋ ਰੋਏ, ਮੋਰੱਕੋ ਸੈਮੀਫਾਈਨਲ 'ਚ ਪਹੁੰਚਣ ਵਾਲਾ ਪਹਿਲਾ ਅਫਰੀਕੀ ਮੁਲਕ
ਕਤਰ ਵਿੱਚ ਚੱਲ ਰਹੇ ਫੀਫਾ ਵਿਸ਼ਵ ਕੱਪ ਦੇ ਆਖਰੀ ਕੁਆਰਟਰ ਫਾਈਨਲ ਮੈਚ 'ਚ ਫ਼ਰਾਂਸ ਨੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ।
ਇਸਦੇ ਨਾਲ ਹੀ ਇੰਗਲੈਂਡ ਦਾ ਵਿਸ਼ਵ ਕੱਪ 2022 ਦਾ ਸਫ਼ਰ ਖ਼ਤਮ ਹੋ ਗਿਆ ਹੈ।
ਹੁਣ ਵੀਰਵਾਰ ਨੂੰ ਸੈਮੀਫਾਈਨਲ ਮੈਚ ਵਿੱਚ ਫ਼ਰਾਂਸ ਅਤੇ ਮੋਰੱਕੋ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।
ਖਾਸ ਗੱਲਾਂ
- ਮੋਰੱਕੋ ਫੀਫਾ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚਣ ਵਾਲਾ ਪਹਿਲਾ ਅਫਰੀਕੀ ਦੇਸ਼।
- ਮੋਰੱਕੋ ਪੁਰਤਗਾਲ ਨੂੰ 1-0 ਨਾਲ ਹਰਾ ਕੇ ਸੈਮੀਫਾਈਨਲ 'ਚ ਪਹੁੰਚਿਆ।
- 2018 ਦਾ ਚੈਂਪੀਅਨ ਫ਼ਰਾਂਸ ਇੱਕ ਵਾਰ ਫਿਰ ਇੰਗਲੈਂਡ ਨੂੰ ਹਰਾ ਕੇ ਸੈਮੀਫਾਈਨਲ 'ਚ ਪਹੁੰਚਿਆ।
- 15 ਦਸੰਬਰ ਨੂੰ ਮੋਰੱਕੋ ਅਤੇ ਫ਼ਰਾਂਸ ਵਿੱਚ ਵਿਸ਼ਵ ਕੱਪ ਦਾ ਦੂਜਾ ਸੈਮੀਫਾਈਨਲ ਮੈਚ।
- ਪੁਰਤਗਾਲ ਦੇ ਰੋਨਾਲਡੋ ਆਪਣੀ ਟੀਮ ਨੂੰ ਜਿੱਤ ਤੱਕ ਨਹੀਂ ਪਹੁੰਚਾ ਸਕੇ।
ਓਲੀਵੀਅਰ ਜ਼ਿਰਾਰਡ ਦੇ ਹੈਡਰ ਨੇ ਇੰਗਲੈਂਡ ਦਾ ਸੁਪਨਾ ਤੋੜਿਆ
ਸ਼ਨੀਵਾਰ ਅਤੇ ਐਤਵਾਰ ਦੀ ਰਾਤ ਨੂੰ ਖੇਡੇ ਗਏ ਮੈਚ ਵਿੱਚ ਓਹਲੀਅਨ ਚੁਆਮੇਨੀ ਨੇ 17ਵੇਂ ਮਿੰਟ 'ਚ ਗੋਲ ਕਰਕੇ ਫਰਾਂਸ ਨੂੰ ਵਾਧਾ ਦਵਾਇਆ।
ਪਹਿਲੇ ਹਾਫ਼ ਤੱਕ ਇੰਗਲੈਂਡ ਦੇ ਖਿਡਾਰੀ ਹੈਰੀ ਕੇਨ ਨੇ ਦੋ ਸ਼ਾਨਦਾਰ ਸ਼ਾਟ ਮਾਰੇ ਪਰ ਫ਼ਰਾਂਸ ਦੇ ਗੋਲਕੀਪਰ ਹਿਊਗੋ ਲੋਰਿਸ ਨੇ ਦੋਵੇਂ ਗੋਲ ਰੋਕ ਦਿੱਤੇ। ਮੈਚ ਦੇ ਪਹਿਲੇ ਹਾਫ਼ ਤੱਕ ਸਕੋਰ 1-0 ਰਿਹਾ।
ਦੂਜੇ ਹਾਫ ਦੇ 54ਵੇਂ ਮਿੰਟ ਵਿੱਚ ਇੰਗਲੈਂਡ ਨੂੰ ਪੈਨਲਟੀ ਕਿੱਕ ਮਿਲੀ।
ਹੈਰੀ ਕੇਨ ਨੇ ਗੋਲ ਕਰਕੇ ਇੰਗਲੈਂਡ ਦੀ ਮੈਚ ਵਿੱਚ ਵਾਪਸ ਕਰਵਾਈ।
ਫਿਰ ਫਰਾਂਸ ਕਾਫੀ ਹਮਲਾਵਰ ਰਿਹਾ ਪਰ ਇੰਗਲੈਂਡ ਦੇ ਕੀਪਰ ਜਾਰਡਨ ਪਿਕਫੋਰਡ ਨੇ ਫਰਾਂਸ ਦੀਆਂ ਕਈ ਚੰਗੀਆਂ ਕਿੱਕਾਂ ਨੂੰ ਗੋਲ 'ਚ ਬਦਲਣ ਤੋਂ ਰੋਕਿਆ।
ਓਲੀਵੀਅਰ ਜ਼ਿਰਾਰਡ ਦੇ ਹੈਡਰ ਨੇ ਫ਼ਰਾਂਸ ਨੂੰ 78ਵੇਂ ਮਿੰਟ ਵਿੱਚ ਦੂਜਾ ਗੋਲ ਦਿਵਾਇਆ।
ਕੇਨ ਦਾ ਪੈਨਲਟੀ ਗੁਆ ਦੇਣਾ
ਜਦੋਂ ਮੈਚ 80ਵੇਂ ਮਿੰਟ ਵਿੱਚ ਪਹੁੰਚਿਆ ਤਾਂ ਫ਼ਰਾਂਸ ਦੇ ਖਿਡਾਰੀ ਥਿਓ ਹਰਨਾਡੇਜ਼ ਦੇ ਕਾਰਨ ਇੰਗਲੈਂਡ ਨੂੰ ਪੈਨਲਟੀ ਕਿਕ ਦਾ ਮੌਕਾ ਮਿਲ ਗਿਆ।
ਇਹ ਇੰਗਲੈਂਡ ਲਈ ਮੈਚ ਦੀ ਬਾਜ਼ੀ ਪਲਟਣ ਦਾ ਮੌਕਾ ਸੀ। ਇਸ ਪੈਨਲਟੀ ਦੀ ਕਿਕ ਲਈ ਹੈਰੀ ਕੇਨ ਸਾਹਮਣੇ ਆਏ ਪਰ ਕੇਨ ਨੇ ਪੈਨਲਟੀ ਮਿਸ ਕਰ ਦਿੱਤੀ।
ਸਾਕਾ ਅਤੇ ਡੇਕਲਨ ਰਾਈਸ ਮੈਚ ਵਿੱਚ ਵਧੀਆ ਖੇਡਿਆ।
ਮਿਡਫੀਲਡਰ ਬੇਲਿੰਘਮ ਅਤੇ ਫਿਲ ਫੋਡੇਨ, ਜਿਨ੍ਹਾਂ ਤੋਂ ਬਹੁਤ ਸਾਰੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਸਨ, ਆਪਣੇ ਪਿਛਲੇ ਮੈਚਾਂ ਵਾਂਗ ਪਾਵਰਪੈਕ ਪ੍ਰਦਰਸ਼ਨ ਨਹੀਂ ਕਰਦੇ ਦਿਸੇ।
ਖਾਸ ਤੌਰ 'ਤੇ ਸੇਨੇਗਲ ਦੇ ਖਿਲਾਫ਼ ਬੇਲਿੰਘਮ ਟੀਮ ਨੂੰ ਜਿੱਤ ਵੱਲ ਲੈ ਗਏ ਸਨ ਪਰ ਇਸ ਮੈਚ 'ਚ ਉਹ ਕੁਝ ਖਾਸ ਨਹੀਂ ਕਰ ਪਾਏ।
ਇਸ ਜਿੱਤ ਨਾਲ ਫ਼ਰਾਂਸ ਬੈਕ-ਟੂ-ਬੈਕ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣਨ ਤੋਂ ਸਿਰਫ਼ ਇੱਕ ਜਿੱਤ ਦੀ ਦੂਰੀ ਉੱਪਰ ਹੈ।
ਜੇਕਰ ਉਹ ਫਾਈਨਲ ਜਿੱਤਦਾ ਹੈ ਤਾਂ ਬ੍ਰਾਜ਼ੀਲ (1958, 1962) ਅਤੇ ਇਟਲੀ (1934, 1938) ਤੋਂ ਬਾਅਦ ਅਜਿਹਾ ਕਰਨ ਵਾਲਾ ਤੀਜਾ ਦੇਸ਼ ਬਣ ਜਾਵੇਗਾ।
ਸੁਨਕ ਤੇ ਮੈਕਰੋਨ ਵਿੱਚ ਟਵਿੱਟਰ 'ਤੇ ਮਜ਼ਾਕੀਆ ਗੱਲਬਾਤ
ਮੈਚ ਤੋਂ ਪਹਿਲਾਂ ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਇੱਕ ਟਵੀਟ ਟੈਗ ਕੀਤਾ।
ਇਸ ਵਿੱਚ ਲਿਖਿਆ ਸੀ, ''ਪਿਆਰੇ ਰਿਸ਼ੀ ਸੁਨਕ, ਅੱਜ ਰਾਤ ਦੇ ਮੈਚ ਦਾ ਇੰਤਜ਼ਾਰ ਹੈ। ਜੇਕਰ ਨੀਲੀ ਜਰਸੀ ਪਹਿਨਣ ਵਾਲੇ ਜਿੱਤੇ (ਜੋ ਯਕੀਨੀ ਤੌਰ 'ਤੇ ਜਿੱਤਣਗੇ) ਤਾਂ ਫਿਰ ਤੁਸੀਂ ਸੈਮੀਫਾਈਨਲ ਵਿੱਚ ਸਾਨੂੰ ਸ਼ੁਭਕਾਮਨਾਵਾਂ ਦਿਓਗੇ..ਠੀਕ ਹੈ?"
ਜਵਾਬ ਵਿੱਚ ਰਿਸ਼ੀ ਸੁਨਕ ਨੇ ਲਿਖਿਆ, "ਉਮੀਦ ਹੈ ਅਜਿਹਾ ਕਰਨਾ ਨਹੀਂ ਪਵੇਗਾ ਪਰ ਡੀਲ ਪੱਕੀ ਹੈ। ਥ੍ਰੀ ਲਾਇਨਜ਼ ਤੋਂ ਹਾਰਨ ਲਈ ਤਿਆਰ ਰਹੋ।"
ਜਦੋਂ ਇੰਗਲੈਂਡ ਦੀ ਟੀਮ ਫਰਾਂਸ ਤੋਂ ਮੈਚ ਹਾਰ ਗਈ ਸੀ ਤਾਂ ਸੁਨਕ ਨੇ ਇੱਕ ਟਵੀਟ ਕੀਤਾ, "ਹੈਰੀ ਅਤੇ ਉਹਨਾਂ ਦੀ ਟੀਮ ਨੇ ਜਾਨ ਲਾ ਕੇ ਖੇਡਿਆ ਪਰ ਇਹ ਕਾਫ਼ੀ ਸਾਬਿਤ ਨਹੀਂ ਹੋਇਆ। ਪਰ ਅੱਜ ਰਾਤ ਉਹ ਆਪਣਾ ਸਿਰ ਉੱਚਾ ਰੱਖਣ। ਫ਼ਰਾਂਸ ਦੀ ਟੀਮ ਨੂੰ ਅਗਲੇ ਮੈਚ ਲਈ ਸ਼ੁੱਭਕਾਮਨਾਵਾਂ।"
ਕਤਰ ਵਿੱਚ ਇਤਿਹਾਸ ਰਚ ਰਿਹਾ ਹੈ ਮੋਰੱਕੋ
ਸ਼ਨੀਵਾਰ ਨੂੰ ਮੋਰੱਕੋ ਨੇ ਪੁਰਤਗਾਲ ਨੂੰ 1-0 ਨਾਲ ਰਹਾ ਦਿੱਤਾ ਅਤੇ ਫੀਫਾ ਵਿਸ਼ਵ ਕੱਪ 'ਚ ਇਤਿਹਾਸ ਰਚਿਆ।
ਇਸ ਨਾਲ ਮੋਰੋਕੋ ਸੈਮੀਫਾਈਨਲ ਮੈਚ ਖੇਡਣ ਵਾਲਾ ਪਹਿਲਾ ਅਫ਼ਰੀਕੀ ਦੇਸ਼ ਬਣ ਗਿਆ ਹੈ।
ਮੋਰੱਕੋ ਦੇ ਸਟਰਾਈਕਰ ਯੂਸਫ ਅਨ-ਨਸਰੀ ਦੇ ਪਹਿਲੇ ਹਾਫ਼ ਵਿੱਚ ਕੀਤੇ ਗੋਲ ਨੇ ਟੀਮ ਨੂੰ ਸੈਮੀਫਾਈਨਲ ਵਿੱਚ ਪਹੁੰਚਾ ਦਿੱਤਾ।
ਇਸ ਤੋਂ ਪਹਿਲਾਂ ਨਾਸਾਰੀ ਨੇ ਦੋ ਹੈਡਰ ਲਗਾਏ ਪਰ ਦੋਵੇਂ ਗੋਲਪੋਸਟ ਦੇ ਉੱਪਰ ਚਲੇ ਗਏ।
ਪਰ ਪੁਰਤਗਾਲ ਦੇ ਗੋਲਕੀਪਰ ਅਤੇ ਡਿਫੈਂਡਰ ਨਾਸਰੀ ਨੂੰ ਜ਼ਿਆਦਾ ਸਮਾਂ ਰੋਕ ਨਹੀਂ ਸਕੇ।
ਪਹਿਲੇ ਹਾਫ਼ ਦੇ ਖਤਮ ਹੋਣ ਤੋਂ ਠੀਕ ਪਹਿਲਾਂ 42ਵੇਂ ਮਿੰਟ 'ਚ ਨਸਰੀ ਨੇ ਟੀਮ ਨੂੰ ਵਾਧਾ ਦਵਾਇਆ ਸੀ।
ਪੁਰਤਗਾਲ ਇੱਕ ਵੀ ਗੋਲ ਨਹੀਂ ਕਰ ਸਕਿਆ।
ਇਸ ਤਰ੍ਹਾਂ ਮੋਰੱਕੋ ਦੀ ਜਿੱਤ ਨਾਲ, ਉਹ ਸੈਮੀਫਾਈਨਲ ਵਿੱਚ ਪਹੁੰਚਣ ਵਾਲਾ ਪਹਿਲਾ ਅਫ਼ਰੀਕੀ ਦੇਸ਼ ਬਣ ਗਿਆ।
ਰੋਨਾਲਡੋ ਦਾ ‘ਆਖਰੀ’ ਵਿਸ਼ਵ ਕੱਪ
ਸ਼ਨੀਵਾਰ ਦੇ ਮੈਚ 'ਚ ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੂੰ ਪਹਿਲੇ ਹਾਫ 'ਚ ਬੈਂਚ 'ਤੇ ਬਿਠਾਏ ਰੱਖਿਆ ਗਿਆ।
ਦੂਜੇ ਹਾਫ਼ ਵਿੱਚ ਰੋਨਾਲਡੋ ਨੂੰ ਮੈਦਾਨ ਵਿੱਚ ਉਤਾਰਿਆ ਗਿਆ
ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਵਾ ਸਕੇ।
ਇਹ ਮੰਨਿਆ ਜਾ ਰਿਹਾ ਹੈ ਕਿ ਰੋਨਾਲਡੋ ਦਾ ਇਹ ਆਖਰੀ ਵਿਸ਼ਵ ਕੱਪ ਟੂਰਨਾਮੈਂਟ ਸੀ।
ਉਹ ਸਾਲ 2026 'ਚ ਹੋਣ ਵਾਲਾ ਫੀਫਾ ਨਹੀਂ ਖੇਡੇਣਗੇ।
ਜਰਸੀ ਨੰਬਰ ਸੱਤ ਫਿਰ ਤੋਂ ਵਿਸ਼ਵ ਕੱਪ ਦੇ ਮੈਦਾਨ 'ਤੇ ਨਹੀਂ ਦਿਖਾਈ ਦੇਵੇਗੀ।
ਮੈਚ ਹਾਰਨ ਤੋਂ ਬਾਅਦ ਉਹ ਮੈਦਾਨ ਵਿੱਚ ਭਾਵੁਕ ਹੋ ਗਏ ਸਨ।
10 ਦਸੰਬਰ ਦੀ ਰਾਤ ਪੁਰਤਗਾਲ ਦੀ ਫੁੱਟਬਾਲ ਟੀਮ ਅਤੇ ਖੇਡ ਪ੍ਰੇਮੀਆਂ ਲਈ ਉਦਾਸ ਕਰਨ ਵਾਲੀ ਸੀ।
ਪੁਰਤਗਾਲ ਦੀ ਟੀਮ ਜਿਸ ਵਿੱਚ ਰੋਨਾਲਡੋ, ਪੇਪੇ, ਬਰੂਨੋ ਫ਼ਰਨਾਡੀਜ਼, ਬਰਨਾਡੋ ਅਤੇ ਰੂਬਨ ਡਿਆਸ ਖੇਡ ਰਹੇ ਸਨ ਪਰ ਟੀਮ ਸੈਮੀਫਾਈਨਲ ਵਿੱਚ ਥਾਂ ਨਹੀਂ ਬਣਾ ਸਕੀ।