ਟੀ-20 ਵਿਸ਼ਵ ਕੱਪ ਇੰਗਲੈਂਡ ਨੇ ਜਿੱਤਿਆ, ਕੀ ਸ਼ਾਹਿਦ ਅਫਰੀਦੀ ਦੀ ਸੱਟ ਪਈ ਟੀਮ ਨੂੰ ਭਾਰੀ

ਇੰਗਲੈਂਡ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ ਜਿੱਤ ਲਿਆ ਹੈ।

ਪਾਕਿਸਤਾਨ ਨੇ ਮੈਲਬਰਨ ਵਿੱਚ ਖੇਡੇ ਗਏ ਫਾਈਨਲ ਮੈਚ ਵਿੱਚ ਇੰਗਲੈਂਡ ਨੂੰ ਜਿੱਤ ਦੇ ਲਈ 138 ਦੌੜਾਂ ਦੀ ਚੁਣੌਤੀ ਦਿੱਤੀ ਸੀ।

ਬੇਨ ਸਟੌਕਸ ਦੀ ਹਾਫ ਸੈਂਚੁਰੀ ਦੀ ਮਦਦ ਨਾਲ ਇੰਗਲੈਂਡ ਨੂੰ 19ਵੇਂ ਓਵਰ ਦੀ ਆਖ਼ਰੀ ਗੇਂਦ ’ਤੇ ਟੀਚਾ ਹਾਸਲ ਕਰ ਲਿਆ।

ਬੇਨ ਸਟੌਕਸ 49 ਗੇਂਦਾਂ ਉੱਤੇ 52 ਦੌੜਾਂ ਬਣ ਕੇ ਨਾਬਾਦ ਰਹੇ। ਇਹ ਸਟੌਕਸ ਦੀ ਟੀ-20 ਵਿੱਚ ਪਹਿਲੀ ਹਾਫ ਸੈਂਚੂਰੀ ਹੈ।

ਸ਼ਾਹੀਦ ਸ਼ਾਹ ਅਫਰੀਦੀ ਨੂੰ 16ਵੇਂ ਓਵਰ ਵਿੱਚ ਸੱਟ ਲੱਗਣਾ ਪਾਕਿਸਤਾਨ ਉੱਤੇ ਭਾਰੀ ਪਿਆ। ਉਦੋਂ ਤੱਕ ਪਾਕਿਸਤਾਨ ਟੀਮ ਮੁਕਾਬਲੇ ਵਿੱਚ ਬਣੀ ਹੋਈ ਸੀ।

ਇੰਗਲੈਂਡ ਟੀਮ ਵਨਡੇ ਦੀ ਵੀ ਵਰਲਡ ਚੈਂਪੀਅਨ ਹੈ। ਇੱਕ ਹੀ ਸਮੇਂ ਵਿੱਚ ਵਨਡੇ ਅਤੇ ਟੀ-20 ਵਰਲਡ ਕੱਪ ਜਿੱਤਣ ਵਾਲੀ ਇੰਗਲੈਂਡ ਪਹਿਲੀ ਟੀਮ ਬਣ ਗਈ ਹੈ।

ਮੈਦਾਨ ਵਿੱਚ ਮੌਜੂਦ 80 ਹਜ਼ਾਰ ਤੋਂ ਵੱਧ ਦਰਸ਼ਕਾਂ ਦੇ ਸਾਹਮਣੇ ਛੋਟੇ ਸਕੋਰ ਦਾ ਬਚਾਅ ਕਰ ਰਹੀ ਪਾਕਸਿਤਾਨ ਟੀਮ ਨੂੰ ਸ਼ਾਹੀਨ ਸ਼ਾਹ ਅਫਰੀਦੀ ਅਤੇ ਹਾਰਿਸ ਰਊਫ਼ ਨੇ ਗੇਂਦ ਤੋਂ ਚੰਗੀ ਸ਼ੁਰੂਆਤ ਦੁਆਈ।

ਪਾਕਿਸਤਾਨ ਦੇ ਗੇਂਦਬਾਜ਼ਾਂ ਨੇ ਮੈਚ ਨੂੰ ਰੋਮਾਂਚਕ ਬਣਾ ਦਿੱਤਾ ਸੀ ਪਰ ਬੇਨ ਸਟੋਕਸ ਨੇ ਇੰਗਲੈਂਡ ਨੂੰ ਜਿੱਤ ਦੁਆ ਦਿੱਤੀ।

ਸ਼ਾਹੀਨ ਸ਼ਾਹ ਅਫਰੀਦੀ ਨੇ ਪਹਿਲੇ ਹੀ ਓਵਰ ਵਿੱਚ ਓਪਨਰ ਐਲੇਕਸ ਹੇਲਸ ਨੂੰ 1 ਦੌੜ ਉੱਤੇ ਬੋਲਡ ਕਰ ਦਿੱਤਾ।

ਹਾਰਿਸ ਰਊਫ ਨੇ ਚੌਥੇ ਓਵਰ ਵਿੱਚ ਫਿਲ ਸੌਲਟ (10 ਦੌੜਾਂ, ਨੋ ਗੇਂਦ) ਨੂੰ ਇਫ਼ਤਖਾਰ ਅਹਿਮਦ ਦੇ ਹੱਥੋਂ ਕੈਚ ਕਰਾਇਆ।

ਆਪਣੇ ਦੂਜੇ ਓਵਰ ਵਿੱਚ ਉਨ੍ਹਾਂ ਨੇ ਇੰਗਲੈਂਡ ਦੇ ਕਪਤਾਨ ਬਟਲਰ (26 ਦੌੜਾਂ, 17 ਗੇਂਦਾਂ) ਨੂੰ ਵੀ ਆਊਟ ਕਰ ਦਿੱਤਾ। ਹੈਰੀ ਬਰੂਕ (20 ਦੌੜਾਂ) ਦੇ ਰੂਪ ਵਿੱਚ ਪਾਕਿਸਤਾਨ ਨੂੰ ਚੌਥੀ ਕਾਮਯਾਬੀ ਸ਼ਾਦਾਬ ਖਾਨ ਨੇ ਦੁਆਈ।

 ਟੀ-20 ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ 'ਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਇੰਗਲੈਂਡ ਬਣਿਆ ਵਿਸ਼ਵ ਵਿਜੇਤਾ

ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੂੰ 138 ਦੌੜਾਂ ਦੀ ਚੁਣੌਤੀ ਦਿੱਤੀ ਸੀ

ਸ਼ਾਹੀਦ ਸ਼ਾਹ ਅਫ਼ਰੀਦੀ ਨੂੰ 16ਵੇਂ ਓਵਰ ਵਿੱਚ ਸੱਟ ਲੱਗਣਾ ਪਾਕਿਸਤਾਨ ਉੱਤੇ ਭਾਰੀ ਪਿਆ

ਇੰਗਲੈਂਡ ਦੀ ਟੀਮ ਨੇ 6 ਗੇਂਦਾਂ ਬਾਕੀ ਰਹਿੰਦੀਆਂ, 5 ਵਿਕਟਾਂ ਦੇ ਨੁਕਸਾਨ 'ਤੇ ਪਾਕਿਸਤਾਨ ਨੂੰ ਹਰਾ ਦਿੱਤਾ

ਇਸ ਜਿੱਤ ਦੇ ਨਾਲ, ਇੱਕ ਹੀ ਸਮੇਂ ਵਿੱਚ ਵਨਡੇ ਅਤੇ ਟੀ-20 ਵਰਲਡ ਕੱਪ ਜਿੱਤਣ ਵਾਲੀ ਇੰਗਲੈਂਡ ਪਹਿਲੀ ਟੀਮ ਬਣ ਗਈ ਹੈ

ਪਹਿਲਾ ਵਿਕੇਟ ਡਿੱਗਿਆ ਤਾਂ ਇੰਗਲੈਂਡ ਦਾ ਸਕੋਰ ਸੀ 7 ਦੌੜਾਂ। ਇੰਗਲੈਂਡ ਦੇ ਕਪਤਾਨ ਜੋਸ ਬਟਲਰ ਚੰਗੀ ਫਾਰਮ ਵਿੱਚ ਨਜ਼ਰ ਆ ਰਹੇ ਸਨ।

ਦੂਜੇ ਓਵਰ ਵਿੱਚ ਉਨ੍ਹਾਂ ਨੇ ਨਸੀਮ ਸ਼ਾਹ ਦੀ ਗੇਂਦ ਉੱਤੇ ਲਗਾਤਾਰ ਦੋ ਚੌਕੇ ਲਗਾਏ। ਤੀਜੇ ਨੰਬਰ ਉੱਤੇ ਆਏ ਫਿਲ ਸਾਲਟ ਨੇ ਵੀ ਇਸ ਓਵਰ ਵਿੱਚ ਚੌਕਾ ਜੜਿਆ।

ਬਟਲਰ ਨੇ ਸ਼ਾਹੀਨ ਅਫਰੀਦੀ ਦੇ ਦੂਜੇ ਓਵਰ ਵਿੱਚ ਵੀ ਇੱਕ ਚੌਕਾ ਜਮਾਇਆ। ਇਸ ਓਵਰ ਵਿੱਚ ਇੰਗਲੈਂਡ ਦੇ ਬੱਲੇਬਾਜ਼ਾਂ ਨੇ 7 ਦੌੜਾਂ ਜੋੜੀਆਂ।

 ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਚੌਥੇ ਓਵਰ ਵਿੱਚ ਹਾਰਿਸ ਰਊਫ ਨੂੰ ਗੇਂਦ ਦਿੱਤੀ।

ਫਿਲ ਸਾਲਟ ਨੇ ਉਨ੍ਹਾਂ ਦੇ ਓਵਰ ਦੀ ਪਹਿਲੀ ਗੇਂਦ ਉੱਤੇ ਚੌਕਾ ਲਗਾਇਆ ਪਰ ਹਾਰਿਸ ਨੇ ਜ਼ੋਰਦਾਰ ਵਾਪਸੀ ਕੀਤੀ ਅਤੇ ਤੀਜੀ ਗੇਂਦ ਉੱਤੇ ਸਾਲਟ ਨੂੰ ਪੈਵੇਲੀਅਨ ਭੇਜ ਦਿੱਤਾ।

ਦੂਜਾ ਵਿਕੇਟ ਡਿੱਗਿਆ ਤਾਂ ਇੰਗਲੈਂਡ ਦਾ ਸਕੋਰ ਸੀ 32 ਦੌੜਾਂ। ਪੰਜਵੇਂ ਓਵਰ ਵਿੱਚ ਨਸੀਮ ਸ਼ਾਹ ਦੀ ਗੇਂਦ ’ਤੇ ਬਟਲਰ ਨੇ ਕੀਪਰ ਦੇ ਉੱਪਰੋਂ ਛੱਕਾ ਜੜਿਆ। ਇਸ ਓਵਰ ਵਿੱਚ 11 ਦੌੜਾਂ ਬਣੀਆਂ।

ਛੇਵੇਂ ਓਵਰ ਵਿੱਚ ਹਾਰਿਸ ਰਊਫ਼ ਨੂੰ ਮੁਹੰਮਦ ਰਿਜ਼ਵਾਨ ਦੇ ਹੱਥੋਂ ਕੈਚ ਕਰਵਾ ਦਿੱਤਾ। ਤੀਜਾ ਵਿਕੇਟ ਡਿੱਗਿਆ ਤਾਂ ਇੰਗਲੈਂਡ ਦਾ ਸਕੋਰ ਸੀ 45 ਦੌੜਾਂ।

ਪਾਵਰ ਪਲੇ ਦੇ 6 ਓਵਰ ਤੋਂ ਬਾਅਦ ਇੰਗਲੈਂਡ ਦੀ ਚੀਮ ਦੇ ਖਾਤੇ ਵਿੱਚ 49 ਦੌੜਾਂ ਆ ਚੁੱਕੀਆਂ ਸਨ।

 ਬਾਬਰ ਆਜ਼ਮ ਨੇ ਸੱਤਵੇਂ ਓਵਰ ਵਿੱਚ ਸ਼ਾਦਾਬ ਖਾਨ ਨੂੰ ਗੇਂਦ ਫੜਾਈ। ਇੰਗਲੈਂਡ ਦੀ ਪਾਰੀ ਦੀਆਂ 50 ਦੌੜਾਂ ਇਸੇ ਓਵਰ 'ਚ ਪੂਰੀਆਂ ਹੋਈਆਂ।

10 ਓਵਰਾਂ ਤੋਂ ਬਾਅਦ ਇੰਗਲੈਂਡ ਦੇ ਖਾਤੇ 'ਚ 77 ਦੌੜਾਂ ਆ ਚੁੱਕੀਆਂ ਸਨ। ਆਖਰੀ ਦਸ ਓਵਰਾਂ ਵਿੱਚ ਇੰਗਲੈਂਡ ਨੂੰ ਜਿੱਤ ਲਈ 61 ਦੌੜਾਂ ਦੀ ਲੋੜ ਸੀ।

ਬੇਨ ਸਟੋਕਸ ਅਤੇ ਹੈਰੀ ਬਰੂਕ ਦੀ ਜੋੜੀ ਦੌੜਾਂ ਬਣਾਉਣ ਦੇ ਹਰ ਮੌਕੇ ਦਾ ਫਾਇਦਾ ਉਠਾ ਰਹੀ ਸੀ ਅਤੇ ਮੈਚ ਨੂੰ ਪਾਕਿਸਤਾਨ ਦੀ ਪਕੜ ਤੋਂ ਦੂਰ ਲੈ ਜਾ ਰਹੀ ਸੀ।

ਸ਼ਾਦਾਬ ਖਾਨ ਦੀ ਮਦਦ ਨਾਲ ਪਾਕਿਸਤਾਨ ਨੂੰ ਚੌਥੀ ਸਫਲਤਾ ਮਿਲੀ। 13ਵੇਂ ਓਵਰ ਵਿੱਚ ਉਨ੍ਹਾਂ ਨੇ ਬਰੂਕ (20 ਦੌੜਾਂ, 23 ਗੇਂਦਾਂ) ਨੂੰ ਅਫ਼ਰੀਦੀ ਹੱਥੋਂ ਕੈਚ ਕਰਵਾਇਆ।

ਬਰੁਕ ਅਤੇ ਸਟੋਕਸ ਨੇ ਚੌਥੀ ਵਿਕਟ ਲਈ 39 ਦੌੜਾਂ ਦੀ ਸਾਂਝੇਦਾਰੀ ਨਿਭਾਈ।

ਸਟੋਕਸ ਵੀ 14ਵੇਂ ਓਵਰ 'ਚ ਰਨਆਊਟ ਹੋ ਸਕਦੇ ਸਨ ਪਰ ਰਾਊਫ਼ ਦਾ ਥ੍ਰੋਅ ਸਟੰਪ 'ਤੇ ਨਹੀਂ ਲੱਗਿਆ।

ਇੰਗਲੈਂਡ ਨੇ 15ਵੇਂ ਓਵਰ ਵਿੱਚ ਅੱਠ ਦੌੜਾਂ ਬਣਾਈਆਂ। ਰਾਊਫ਼ ਦੇ ਇਸ ਓਵਰ 'ਚ ਸਟੋਕਸ ਨੇ ਇੱਕ ਚੌਕਾ ਵੀ ਜੜਿਆ।

16ਵੇਂ ਓਵਰ 'ਚ ਅਫ਼ਰੀਦੀ ਜ਼ਖ਼ਮੀ ਹੋ ਕੇ ਬਾਹਰ ਹੋ ਗਏ ਅਤੇ ਇਫ਼ਤਿਖਾਰ ਗੇਂਦਬਾਜ਼ੀ ਲਈ ਆਏ।

ਸਟੋਕਸ ਨੇ ਓਵਰ ਦੀ ਚੌਥੀ ਗੇਂਦ 'ਤੇ ਚੌਕਾ ਅਤੇ ਪੰਜਵੀਂ ਗੇਂਦ 'ਤੇ ਛੱਕਾ ਜੜਿਆ।

ਮੋਇਨ ਅਲੀ ਨੇ ਮੁਹੰਮਦ ਵਸੀਮ ਦੇ ਓਵਰ ਵਿੱਚ ਤਿੰਨ ਚੌਕੇ ਜੜੇ।

ਇਹ ਇੰਗਲੈਂਡ ਦੀ ਪਾਰੀ ਦਾ 17ਵਾਂ ਓਵਰ ਸੀ ਅਤੇ ਮੈਚ ਇੰਗਲੈਂਡ ਵੱਲ ਝੁਕ ਗਿਆ।

19ਵੇਂ ਓਵਰ ਵਿੱਚ ਮੁਹੰਮਦ ਵਸੀਮ ਨੇ ਮੋਇਨ ਅਲੀ (19 ਦੌੜਾਂ, 12 ਗੇਂਦਾਂ) ਨੂੰ ਬੋਲਡ ਆਊਟ ਕੀਤਾ। ਇੰਗਲੈਂਡ ਦੀ ਪੰਜਵੀਂ ਵਿਕਟ 132 ਦੌੜਾਂ ਦੇ ਸਕੋਰ 'ਤੇ ਡਿੱਗੀ।

ਇਸ ਤੋਂ ਪਹਿਲਾਂ ਪਾਕਿਸਤਾਨ ਦੇ ਬੱਲੇਬਾਜ਼ਾਂ ਨੇ 20 ਓਵਰਾਂ 'ਚ ਅੱਠ ਵਿਕਟਾਂ ਦੇ ਨੁਕਸਾਨ 'ਤੇ 137 ਦੌੜਾਂ ਬਣਾਈਆਂ।

ਪਾਕਿਸਤਾਨ ਵੱਲੋਂ ਸਭ ਤੋਂ ਵੱਧ ਦੌੜਾਂ ਸ਼ਾਨ ਮਸੂਦ (38 ਦੌੜਾਂ, 28 ਗੇਂਦਾਂ) ਨੇ ਬਣਾਈਆਂ, ਪਰ ਪਾਕਿਸਤਾਨ ਦੀ ਟੀਮ ਆਖਰੀ ਪੰਜ ਓਵਰਾਂ ਵਿੱਚ 31 ਦੌੜਾਂ ਹੀ ਬਣਾ ਸਕੀ।

ਟਾਸ ਜਿੱਤਣ ਤੋਂ ਬਾਅਦ ਇੰਗਲੈਂਡ ਦੇ ਗੇਂਦਬਾਜ਼ ਇੱਕ ਵਾਰ ਫਿਰ ਚੰਗਾ ਪ੍ਰਦਰਸ਼ਨ ਕਰਨ 'ਚ ਕਾਮਯਾਬ ਰਹੇ।

ਡਬਲ ਬਾਊਂਸ (ਦੁਹਰੇ ਉਛਾਲ) ਵਾਲੀ ਪਿੱਚ 'ਤੇ ਉਨ੍ਹਾਂ ਨੇ ਯੋਜਨਾ ਮੁਤਾਬਕ ਗੇਂਦਬਾਜ਼ੀ ਕੀਤੀ ਅਤੇ ਪਾਕਿਸਤਾਨੀ ਬੱਲੇਬਾਜ਼ਾਂ ਨੂੰ ਰੋਕ ਕੇ ਰੱਖਿਆ।

ਇੰਗਲੈਂਡ ਲਈ ਸੈਮ ਕਰਨ ਨੇ ਚਾਰ ਓਵਰਾਂ ਵਿੱਚ 12 ਦੌੜਾਂ ਦੇ ਕੇ ਤਿੰਨ ਵਿਕਟਾਂ ਝਟਕੀਆਂ। ਪਾਕਿਸਤਾਨ ਦੇ ਬੱਲੇਬਾਜ਼ ਉਨ੍ਹਾਂ ਖ਼ਿਲਾਫ਼ ਕੋਈ ਚੌਕਾ ਜਾਂ ਛੱਕਾ ਨਹੀਂ ਲਗਾ ਸਕੇ।

ਇਸ ਦੇ ਨਾਲ ਹੀ ਆਦਿਲ ਰਾਸ਼ਿਦ ਨੇ 22 ਦੌੜਾਂ ਦੇ ਕੇ 2 ਵਿਕਟਾਂ ਲਈਆਂ।

ਉਨ੍ਹਾਂ ਦੇ ਚਾਰ ਓਵਰਾਂ ਵਿੱਚ ਪਾਕਿਸਤਾਨ ਦੇ ਬੱਲੇਬਾਜ਼ ਸਿਰਫ਼ ਇੱਕ ਚੌਕਾ ਹੀ ਲਗਾ ਸਕੇ। ਇਸੇ ਤਰ੍ਹਾਂ ਕ੍ਰਿਸ ਜੌਰਡਨ ਨੇ 27 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।

ਪਾਕਿਸਤਾਨ ਦੇ ਸਿਖਰਲੇ ਕ੍ਰਮ ਦੇ ਬੱਲੇਬਾਜ਼ ਇੰਗਲੈਂਡ ਦੇ ਗੇਂਦਬਾਜ਼ਾਂ ਅੱਗੇ ਜੂਝਦੇ ਨਜ਼ਰ ਆਏ।

ਪਾਕਿਸਤਾਨ ਟੀਮ ਦੇ ਕਪਤਾਨ ਬਾਬਰ ਆਜ਼ਮ (32 ਦੌੜਾਂ, 28), ਮੁਹੰਮਦ ਰਿਜ਼ਵਾਨ (15 ਦੌੜਾਂ, 14 ਗੇਂਦਾਂ), ਮੁਹੰਮਦ ਹੈਰਿਸ (8 ਦੌੜਾਂ, 12 ਗੇਂਦਾਂ) ਅਤੇ ਇਫ਼ਤਿਖਾਰ ਅਹਿਮਦ (ਜ਼ੀਰੋ) ਨਾਲ ਟੀਮ ਦੀਆਂ ਉਮੀਦਾਂ 'ਤੇ ਖਰੇ ਨਹੀਂ ਉਤਰ ਸਕੇ।

ਇਨ੍ਹਾਂ ਚਾਰ ਬੱਲੇਬਾਜ਼ਾਂ ਨੇ ਮਿਲ ਕੇ 60 ਗੇਂਦਾਂ ਖੇਡੀਆਂ ਅਤੇ 55 ਦੌੜਾਂ ਬਣਾਈਆਂ। ਇਨ੍ਹਾਂ ਚਾਰਾਂ ਦੇ ਬੱਲੇ ਤੋਂ ਸਿਰਫ਼ ਤਿੰਨ ਚੌਕੇ ਅਤੇ ਇੱਕ ਛੱਕਾ ਨਿਕਲਿਆ।

ਇਹ ਵੀ ਪੜ੍ਹੋ :

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)