ਵੋਟਰ ਸੂਚੀ ਵਿੱਚ ਆਪਣਾ ਨਾਮ ਇਸ ਤਰ੍ਹਾਂ ਦਰਜ ਕਰਾਓ

ਭਾਰਤ ਵਿੱਚ ਰਹਿਣ ਵਾਲਾ 18 ਸਾਲ ਦੀ ਉਮਰ ਦਾ ਕੋਈ ਵੀ ਭਾਰਤੀ ਨਾਗਰਿਕ ਵੋਟਰ ਵਜੋਂ ਆਪਣਾ ਨਾਮ ਲਿਖਵਾ ਸਕਦਾ ਹੈ।

ਵੋਟ ਪਾਉਣ ਲਈ ਵੋਟਰ ਵਜੋਂ ਰਜਿਸਟਰਡ ਹੋਣਾ ਲਾਜ਼ਮੀ ਹੈ। ਇਹ ਜਾਣਨ ਲਈ ਕਿ ਤੁਹਾਡਾ ਨਾਮ ਵੋਟਰ ਸੂਚੀ ਵਿੱਚ ਹੈ ਜਾਂ ਨਹੀਂ, ਤੁਹਾਨੂੰ https://electoralsearch.eci.gov.in/ 'ਤੇ ਜਾਣਾ ਪਵੇਗਾ।

ਜੇਕਰ ਤੁਹਾਡਾ ਨਾਮ ਸੂਚੀ ਵਿੱਚ ਹੈ ਤਾਂ ਤੁਸੀਂ ਆਪਣੀ ਵੋਟ ਪਾ ਸਕਦੇ ਹੋ ਪਰ ਜੇਕਰ ਨਹੀਂ ਤਾਂ ਤੁਹਾਨੂੰ ਕੌਮੀ ਵੋਟਰ ਸੇਵਾ ਪੋਰਟਲ 'ਤੇ ਰਜਿਸਟਰ ਕਰਨਾ ਹੋਵੇਗਾ।

ਹਰ ਸਾਲ ਜਨਵਰੀ ਦੇ ਪਹਿਲੇ ਹਫ਼ਤੇ, ਚੋਣ ਕਮਿਸ਼ਨ ਕੌਮੀ ਵੋਟਰ ਸੇਵਾ ਪੋਰਟਲ 'ਤੇ ਵੋਟਰ ਸੂਚੀ ਜਾਰੀ ਕਰਦਾ ਹੈ ।

ਇਸ ਲਈ ਸਭ ਤੋਂ ਪਹਿਲਾਂ ਇਸ ਲਿੰਕ ' ਤੇ ਆਪਣਾ ਨਾਮ ਦੇਖੋ ।

ਜੇਕਰ ਨਾਮ ਇਸ ਸੂਚੀ ਵਿੱਚ ਨਹੀਂ ਹੈ ਤਾਂ...

ਜੇਕਰ ਤੁਹਾਡਾ ਨਾਮ ਨਹੀਂ ਹੈ ਤਾਂ ਇਸ ਸਾਈਟ 'ਤੇ ਉਪਲਬਧ ਫਾਰਮ 6 ਭਰ ਕੇ ਭੇਜ ਦਿਓ।

ਭਾਵੇਂ ਤੁਸੀਂ ਪਹਿਲੀ ਵਾਰ ਵੋਟ ਪਾਉਣ ਲਈ ਰਜਿਸਟਰ ਕਰ ਰਹੇ ਹੋ, ਤਾਂ ਵੀ ਤੁਸੀਂ ਫਾਰਮ 6 ਭਰਨਾ ਹੈ।

ਫਾਰਮ 6 ਦੇ ਨਾਲ ਕਿਹੜੇ ਦਸਤਾਵੇਜ਼ਾਂ ਦੀ ਲੋੜ ਹੈ

ਤੁਹਾਨੂੰ ਫਾਰਮ ਦੇ ਨਾਲ ਸਿਰਫ਼ ਤਿੰਨ ਦਸਤਾਵੇਜ਼ਾਂ ਦੀ ਲੋੜ ਹੈ।

  • ਤੁਹਾਡੀ ਰੰਗੀਨ ਫੋਟੋ
  • ਤੁਹਾਡੀ ਉਮਰ ਦਾ ਕੋਈ ਵੀ ਦਸਤਾਵੇਜ਼ ਜਿਵੇਂ 10ਵੀਂ ਦਾ ਅੰਕ ਬਿਓਰਾ ਕਾਰਡ
  • ਤੁਹਾਡੀ ਰਿਹਾਇਸ਼ ਦੇ ਸਬੂਤ ਦੇ ਦਸਤਾਵੇਜ਼ ਜਿਵੇਂ ਰਾਸ਼ਨ ਕਾਰਡ, ਫ਼ੋਨ-ਬਿਜਲੀ ਦਾ ਬਿੱਲ, ਪਾਸਪੋਰਟ, ਲਾਇਸੈਂਸ ਜਾਂ ਆਧਾਰ ਆਦਿ।

ਫਾਰਮ ਕਿਵੇਂ ਜਮ੍ਹਾਂ ਕੀਤਾ ਜਾ ਸਕਦਾ ਹੈ?

ਤੁਸੀਂ ਆਪਣਾ ਫਾਰਮ 6 ਅਤੇ ਦਸਤਾਵੇਜ਼ ਆਪਣੇ ਖੇਤਰ ਦੇ ਇਲੈਕਟੋਰਲ ਰਜਿਸਟ੍ਰੇਸ਼ਨ ਅਫਸਰ ਕੋਲ ਜਮ੍ਹਾ ਕਰੋਂਗੇ ਅਤੇ ਤੁਹਾਡਾ ਨਾਮ ਵੋਟਰ ਸੂਚੀ ਵਿੱਚ ਆ ਜਾਵੇਗਾ।

ਤੁਸੀਂ ਫਾਰਮ 6 ਆਨਲਾਈਨ ਵੀ ਜਮ੍ਹਾਂ ਕਰ ਸਕਦੇ ਹੋ। ਅਜਿਹਾ ਕਰਨ ਲਈ ਤੁਸੀਂ ਆਨਲਾਈਨ ਵੋਟਰ ਰਜਿਸਟ੍ਰੇਸ਼ਨ 'ਤੇ ਜਾ ਕੇ ਕਲਿੱਕ ਕਰਨਾ ਹੈ।

ਹੁਣ ਇੱਥੇ ਜਾ ਕੇ ਸਾਈਨ ਅੱਪ ਕਰੋ। ਇਸ ਤੋਂ ਬਾਅਦ ਤੁਹਾਨੂੰ ਆਪਣਾ ਯੂਜ਼ਰਨੇਮ ਅਤੇ ਪਾਸਵਰਡ ਜਨਰੇਟ ਕਰੋ।

ਇਸ ਤੋਂ ਬਾਅਦ ਤੁਹਾਨੂੰ ਆਪਣੀ ਪਾਸਪੋਰਟ ਸਾਈਜ਼ ਦੀ ਰੰਗੀਨ ਫੋਟੋ ਅਤੇ ਲੋੜੀਂਦੇ ਦਸਤਾਵੇਜ਼ ਵੀ ਅਪਲੋਡ ਕਰੋ।

ਜੇਕਰ ਤੁਹਾਡੀ ਉਮਰ 21 ਸਾਲ ਤੋਂ ਵੱਧ ਹੈ ਅਤੇ ਤੁਸੀਂ ਪਹਿਲੀ ਵਾਰ ਰਜਿਸਟ੍ਰੇਸ਼ਨ ਕਰ ਰਹੇ ਹੋ, ਤਾਂ ਉਮਰ ਸਰਟੀਫਿਕੇਟ ਦੇਣ ਦੀ ਕੋਈ ਲੋੜ ਨਹੀਂ ਹੋਵੇਗੀ।

ਆਨਲਾਈਨ ਤੋਂ ਇਲਾਵਾ ਹੋਰ ਕੀ ਜ਼ਰੀਏ ਹਨ?

ਜੇਕਰ ਤੁਸੀਂ ਆਨਲਾਈਨ ਰਜਿਸਟ੍ਰੇਸ਼ਨ ਨਹੀਂ ਕਰਵਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਫਾਰਮ ਨੂੰ ਡਾਉਨਲੋਡ ਕਰਕੇ ਭਰ ਲਓ ਅਤੇ ਸਾਰੇ ਸੰਬੰਧਿਤ ਦਸ ਦਸਤਾਵੇਜ਼ਾਂ ਦੇ ਨਾਲ ਆਪਣੇ ਖੇਤਰ ਵਿੱਚ ਵੋਟਰ ਰਜਿਸਟ੍ਰੇਸ਼ਨ ਕੇਂਦਰ ਜਾਂ ਚੋਣ ਰਜਿਸਟਰਾਰ ਦਫ਼ਤਰ ਵਿੱਚ ਜਮ੍ਹਾਂ ਕਰਾਵਾ ਦਿਓ।

ਇਸ ਤੋਂ ਬਾਅਦ ਇੱਕ ਬੂਥ ਲੈਵਲ ਅਫਸਰ ਸ਼ਨਖਾਤ ਲਈ ਤੁਹਾਡੇ ਘਰ ਆਵੇਗਾ। ਜੇਕਰ ਤੁਸੀਂ ਉਸ ਸਮੇਂ ਘਰ ਵਿੱਚ ਮੌਜੂਦ ਨਹੀਂ ਹੋ, ਤਾਂ ਅਜਿਹੀ ਸਥਿਤੀ ਵਿੱਚ ਉਹ ਪਰਿਵਾਰਕ ਮੈਂਬਰਾਂ ਜਾਂ ਗੁਆਂਢੀਆਂ ਤੋਂ ਪੁੱਛਗਿੱਛ ਕਰਨਗੇ।

ਕਈ ਵਾਰ ਅਜਿਹੀਆਂ ਸ਼ਿਕਾਇਤਾਂ ਮਿਲਦੀਆਂ ਹਨ ਕਿ ਆਨਲਾਈਨ ਫਾਰਮ ਭਰਨ ਤੋਂ ਬਾਅਦ ਵੀ ਦਸਤਾਵੇਜ਼ਾਂ ਲਈ ਚੋਣ ਰਜਿਸਟਰਾਰ ਦੇ ਦਫ਼ਤਰ ਜਾਣਾ ਪੈਂਦਾ ਹੈ। ਇਸ ਲਈ, ਇਹ ਬਿਹਤਰ ਹੈ ਕਿ ਤੁਸੀਂ ਖੁਦ ਜਾ ਕੇ ਆਪਣਾ ਫਾਰਮ ਜਮ੍ਹਾਂ ਕਰੋ।

ਇਸ ਤੋਂ ਬਾਅਦ ਤੁਹਾਨੂੰ ਐਪਲੀਕੇਸ਼ਨ ਆਈਡੀ ਮਿਲੇਗੀ ਜਿਸ ਤੋਂ ਬਾਅਦ ਤੁਸੀਂ ਆਪਣੀ ਅਰਜ਼ੀ ਦੀ ਸਥਿਤੀ ਆਨਲਾਈਨ ਵੀ ਦੇਖ ਸਕਦੇ ਹੋ।

ਤੁਹਾਡਾ ਨਾਮ ਦਰਜ ਹੋਣ ਬਾਰੇ ਚਿੱਠੀ ਭੇਜ ਕੇ ਜਾਂ SMS ਰਾਹੀਂ ਸੂਚਿਤ ਕਰ ਦਿੱਤਾ ਜਾਵੇਗਾ।

ਵੋਟਰ ਰਜਿਸਟ੍ਰੇਸ਼ਨ ਲਈ ਸਭ ਤੋਂ ਅਹਿਮ ਗੱਲ

ਵੋਟਰ ਵਜੋਂ ਰਜਿਸਟਰ ਕਰਨ ਲਈ, ਤੁਹਾਡਾ ਭਾਰਤੀ ਨਾਗਰਿਕ ਹੋਣਾ ਲਾਜ਼ਮੀ ਹੈ।

ਜੇਕਰ ਤੁਹਾਡੀ ਉਮਰ 1 ਜਨਵਰੀ ਨੂੰ 18 ਸਾਲ ਹੋ ਗਈ ਹੈ, ਤਾਂ ਤੁਸੀਂ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾ ਸਕਦੇ ਹੋ।

ਇੱਥੇ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਆਪਣਾ ਵੋਟਰ ਆਈਡੀ ਕਾਰਡ ਸਿਰਫ਼ ਉਸ ਖੇਤਰ ਲਈ ਹੀ ਬਣਵਾਉਣਾ ਚਾਹੀਦਾ ਹੈ ਜਿੱਥੇ ਤੁਸੀਂ ਰਹਿੰਦੇ ਹੋ।

ਤੁਸੀਂ ਇੱਕ ਤੋਂ ਵੱਧ ਥਾਵਾਂ ਉੱਤੇ ਵੋਟਰ ਵਜੋਂ ਰਜਿਸਟਰ ਨਹੀਂ ਹੋ ਸਕਦੇ।

ਜੇਕਰ ਤੁਹਾਡੀ ਵੋਟਰ ਆਈਡੀ ਜਾਂ ਸੂਚੀ ਵਿੱਚ ਕੋਈ ਗਲਤੀ ਹੈ ਤਾਂ...

ਕਈ ਵਾਰ ਇਹ ਦੇਖਿਆ ਗਿਆ ਹੈ ਕਿ ਵੋਟਰ ਸੂਚੀ ਵਿੱਚੋਂ ਤੁਹਾਡਾ ਨਾਮ ਗਾਇਬ ਹੋ ਗਿਆ ਹੈ ਜਾਂ ਵੋਟਰ ਆਈਡੀ ਵਿੱਚ ਤੁਹਾਡਾ ਨਾਮ ਗਲਤ ਲਿਖਿਆ ਹੋਇਆ ਹੈ।

ਇਹ ਦੇਖਣ ਤੋਂ ਬਾਅਦ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ।

ਜੇਕਰ ਤੁਹਾਡਾ ਨਾਮ ਰਜਿਸਟਰਡ ਹੈ ਪਰ ਤੁਸੀਂ ਕਿਸੇ ਨਾਮ ਜਾਂ ਪਤੇ ਵਿੱਚ ਸੁਧਾਰ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਫਾਰਮ 8 ਭਰਨਾ ਹੋਵੇਗਾ ।

ਜੇਕਰ ਤੁਸੀਂ ਕਿਸੇ ਹੋਰ ਜਗ੍ਹਾ 'ਤੇ ਸ਼ਿਫਟ ਹੋ ਗਏ ਹੋ ਅਤੇ ਆਪਣੀ ਵੋਟ ਉਸ ਜਗ੍ਹਾ 'ਤੇ ਟ੍ਰਾਂਸਫਰ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਫਾਰਮ 6 ਭਰਨਾ ਹੋਵੇਗਾ ।

ਜੇਕਰ ਤੁਹਾਨੂੰ ਲੱਗਦਾ ਹੈ ਕਿਸੇ ਵਿਅਕਤੀ ਜਿਸਦਾ ਨਾਮ ਵੋਟਰ ਸੂਚੀ ਵਿੱਚ ਨਹੀਂ ਹੋਣਾ ਚਾਹੀਦਾ ਹੈ, ਉਸਨੂੰ ਫਾਰਮ 7 ਭਰਨਾ ਹੋਵੇਗਾ ਅਤੇ ਜੇਕਰ ਤੁਹਾਨੂੰ ਕਿਸੇ ਮਦਦ ਦੀ ਲੋੜ ਹੈ ਤਾਂ ਤੁਸੀਂ 1950 'ਤੇ ਕਾਲ ਕਰ ਸਕਦੇ ਹੋ।

ਜੇਕਰ ਤੁਹਾਡੀ ਵੋਟਰ ਆਈਡੀ ਗੁੰਮ ਹੋ ਗਈ ਹੈ...

ਜੇਕਰ ਤੁਹਾਡੀ ਵੋਟਰ ਆਈਡੀ ਗੁੰਮ ਜਾਂ ਚੋਰੀ ਹੋ ਜਾਂਦੀ ਹੈ, ਤਾਂ ਤੁਹਾਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਨੀ ਪਵੇਗੀ।

ਇਸ ਤੋਂ ਬਾਅਦ ਤੁਸੀਂ ਡੁਪਲੀਕੇਟ ਵੋਟਰ ਪਛਾਣ ਪੱਤਰ ਲਈ ਅਪਲਾਈ ਕਰ ਸਕਦੇ ਹੋ। ਇਸਦੇ ਲਈ ਤੁਹਾਨੂੰ ECI-EPIC-002 ਫਾਰਮ ਭਰਨਾ ਹੋਵੇਗਾ।

ਇਸ ਫਾਰਮ ਦੇ ਨਾਲ ਸਾਰੇ ਲੋੜੀਂਦੇ ਦਸਤਾਵੇਜ਼ ਦੇਣੇ ਪੈਣਗੇ ਅਤੇ ਤੁਹਾਨੂੰ ਇੱਕ ਹਵਾਲਾ ਨੰਬਰ ਦਿੱਤਾ ਜਾਵੇਗਾ।

ਇਸ ਤੋਂ ਬਾਅਦ ਤੁਹਾਡੇ ਫਾਰਮ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ। ਤੁਸੀਂ ਇਸ ਹਵਾਲਾ ਨੰਬਰ ਨਾਲ ਆਪਣੀ ਅਰਜ਼ੀ ਨੂੰ ਟਰੈਕ ਕਰ ਸਕਦੇ ਹੋ।

ਦਸਤਾਵੇਜ਼ਾਂ ਦੀ ਤਸਦੀਕ ਪੂਰੀ ਹੋਣ 'ਤੇ ਤੁਹਾਨੂੰ ਸੂਚਿਤ ਕੀਤਾ ਜਾਵੇਗਾ ਅਤੇ ਫਿਰ ਤੁਸੀਂ ਸਥਾਨਕ ਚੋਣ ਅਧਿਕਾਰੀ ਕੋਲ ਜਾ ਸਕਦੇ ਹੋ ਅਤੇ ਆਪਣਾ ਡੁਪਲੀਕੇਟ ਵੋਟਰ ਪਛਾਣ ਪੱਤਰ ਲੈ ਸਕਦੇ ਹੋ।

ਆਮ ਤੌਰ 'ਤੇ ਤੁਹਾਨੂੰ ਇੱਕ ਮਹੀਨੇ ਦੇ ਅੰਦਰ ਵੋਟਰ ਆਈ.ਡੀ. ਇੱਕ ਮਹੀਨੇ ਦੇ ਅੰਦਰ ਮਿਲ ਜਾਂਦੀ ਹੈ।

ਇਸ ਲਈ, ਇਹ ਸੁਝਾਅ ਦਿੱਤਾ ਜਾਂਦਾ ਹੈ ਕਿ ਜਦੋਂ ਵੀ ਤੁਹਾਡੇ ਖੇਤਰ ਜਾਂ ਦੇਸ਼ ਵਿੱਚ ਚੋਣਾਂ ਹੋਣੀਆਂ ਹਨ, ਤਾਂ ਆਪਣੀ ਵੋਟਰ ਆਈਡੀ ਦੀ ਪ੍ਰਕਿਰਿਆ ਦੋ ਮਹੀਨੇ ਪਹਿਲਾਂ ਸ਼ੁਰੂ ਕਰ ਦਿਓ।

ਇਸ ਦੇ ਨਾਲ ਹੀ ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਤੁਹਾਡਾ ਬੂਥ ਕਿੱਥੇ ਹੈ, ਤਾਂ ਤੁਸੀਂ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਜਾ ਕੇ ਇਸ ਦਾ ਪਤਾ ਲਗਾ ਸਕਦੇ ਹੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)