50 ਬੰਬਾਂ ਵਾਲੇ ਬਿਆਨ 'ਤੇ ਮਾਨ ਤੇ ਬਾਜਵਾ ਆਹਮੋ- ਸਾਹਮਣੇ, ਕਿਹੜੀਆਂ ਧਾਰਾਵਾਂ ਤਹਿਤ ਐੱਫਆਈਆਰ ਦਰਜ ਤੇ ਵਿਰੋਧੀ ਧਿਰਾਂ ਨੇ ਕੀ ਕਿਹਾ

ਭਗਵੰਤ ਮਾਨ ਤੇ ਪ੍ਰਤਾਪ ਬਾਜਵਾ

ਤਸਵੀਰ ਸਰੋਤ, bhagwant mann fb/partap bajwa x

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸੋਮਵਾਰ ਨੂੰ ਸਾਈਬਰ ਕਰਾਇਮ ਵਿੰਗ ਅੱਗੇ ਪੁੱਛਗਿੱਛ ਲਈ ਹਾਜ਼ਰ ਨਹੀਂ ਹੋਏ।

ਉਨ੍ਹਾਂ ਦੇ ਵਕੀਲ ਪ੍ਰਦੀਪ ਵਿਰਕ ਨੇ ਮੁਹਾਲੀ ਸਾਈਬਰ ਕਰਾਈਮ ਥਾਣੇ ਵਿੱਚ ਪੇਸ਼ ਹੰਦੇ ਦੱਸਿਆ ਕਿ ਬਾਜਵਾ ਪਹਿਲਾਂ ਨਿਰਧਾਰਤ ਕੰਮਾਂ ਕਾਰਨ ਅੱਜ ਹਾਜ਼ਰ ਨਹੀਂ ਹੋ ਸਕਦੇ। ਉਹ ਮੰਗਲਵਾਰ ਨੂੰ ਪੇਸ਼ ਹੋਣਗੇ।

ਪ੍ਰਤਾਪ ਸਿੰਘ ਬਾਜਵਾ ਖਿਲਾਫ਼ ਪੰਜਾਬ ਪੁਲਿਸ ਦੇ ਸਾਈਬਰ ਕਰਾਈਮ ਵਿੰਗ ਨੇ ਐਤਵਾਰ ਦੇਰ ਸ਼ਾਮ ਉਨ੍ਹਾਂ ਦੇ ਇੱਕ ਬਿਆਨ ਬਾਬਤ ਕੇਸ ਦਰਜ ਕੀਤਾ ਸੀ।

ਉਨ੍ਹਾਂ 'ਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 197(1)(d) (ਝੂਠੀ ਅਤੇ ਗੁੰਮਰਾਹਕੁੰਨ ਜਾਣਕਾਰੀ ਜੋ ਦੇਸ਼ ਦੀ ਪ੍ਰਭੂਸੱਤਾ ਅਤੇ ਏਕਤਾ ਨੂੰ ਖਤਰੇ ਵਿੱਚ ਪਾਉਂਦੀ ਹੈ) ਅਤੇ 353(2) ਇੱਕ ਇੱਕ ਗੈਰ-ਜ਼ਮਾਨਤੀ ਅਪਰਾਧ (ਝੂਠੀ ਬਿਆਨਬਾਜ਼ੀ ਜੋ ਦੁਸ਼ਮਣੀ ਅਤੇ ਨਫ਼ਰਤ ਜਾਂ ਮਾੜੀ ਇੱਛਾ ਪੈਦਾ ਕਰਨ ਦਾ ਇਰਾਦਾ ਰੱਖਦੀ ਹੈ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਬਾਜਵਾ ਨੇ ਇੱਕ ਨਿੱਜੀ ਟੀਵੀ ਚੈਨਲ ਨੂੰ ਦਿੱਤੇ ਇੰਟਰਿਵਊ ਵਿੱਚ ਕਿਹਾ ਸੀ ਕਿ ਪੰਜਾਬ ਵਿੱਚ 50 ਬੰਬ ਆਏ ਹੋਏ ਹਨ, ਜਿਨ੍ਹਾਂ ਵਿੱਚੋਂ 18 ਫਟ ਚੁੱਕੇ ਹਨ ਅਤੇ 32 ਬਾਕੀ ਹਨ।

ਬਾਜਵਾ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਪੁਲਿਸ ਦੇ ਦੋ ਉੱਚ ਅਧਿਕਾਰੀ ਉਨ੍ਹਾਂ ਦੇ ਚੰਡੀਗੜ੍ਹ ਘਰ ਪਹੁੰਚੇ ਸਨ, ਅਤੇ ਉਨ੍ਹਾਂ ਬਾਜਵਾ ਤੋਂ ਇਸ ਜਾਣਕਾਰੀ ਦਾ ਸੂਤਰ ਪੁੱਛਿਆ ਸੀ। ਜਿਸ ਨੂੰ ਦੱਸਣ ਤੋਂ ਬਾਜਵਾ ਨੇ ਇਨਕਾਰ ਕਰ ਦਿੱਤਾ ਸੀ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਬਾਜਵਾ ਦੇ ਬਿਆਨ ਉੱਤੇ ਕਿਸ ਨੇ ਕੀ ਪ੍ਰਤੀਕਿਰਿਆ ਦਿੱਤੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ

ਤਸਵੀਰ ਸਰੋਤ, X/BhagwantMann

ਤਸਵੀਰ ਕੈਪਸ਼ਨ, ਪ੍ਰਤਾਪ ਸਿੰਘ ਬਾਜਵਾ ਦੇ 50 ਬੰਬਾਂ ਵਾਲੇ ਬਿਆਨ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖਾ ਪ੍ਰਤੀਕਰਮ ਦਿੱਤਾ

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਲੋਂ ਦਿੱਤੇ ਗਏ ਬੰਬਾਂ ਵਾਲੇ ਬਿਆਨ 'ਤੇ ਰਾਜਨੀਤੀ ਅਜੇ ਵੀ ਭੱਖੀ ਹੋਈ ਹੈ।

ਇੱਕ ਨਿੱਜੀ ਟੀਵੀ ਚੈਨਲ ਨੂੰ ਦਿੱਤੇ ਇੰਟਰਿਵਊ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਪੰਜਾਬ ਵਿੱਚ 50 ਬੰਬ ਆਏ ਹੋਏ ਹਨ, ਜਿਨ੍ਹਾਂ ਵਿੱਚੋਂ 18 ਫਟ ਚੁੱਕੇ ਹਨ ਅਤੇ 32 ਚੱਲਣੇ ਬਾਕੀ ਹਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਬਾਜਵਾ 'ਤੇ ਹਮਲਾ ਬੋਲਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਆਪਣੇ ਸੰਬੋਧਨ 'ਚ ਕਿਹਾ, "ਕਈ ਲੀਡਰ ਬੇਤੁਕੇ ਬਿਆਨ ਦੇ ਕੇ ਪੰਜਾਬ 'ਚ ਦਹਿਸ਼ਤ ਫੈਲਾਉਣ ਦੀ ਸਿਆਸਤ ਕਰ ਰਹੇ ਨੇ।"

"ਅਸੀਂ ਇਹੋ ਜਿਹੇ ਲੀਡਰਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਹੁਣ ਤਰੱਕੀ ਦੀਆਂ ਲੀਹਾਂ 'ਤੇ ਚੜ੍ਹ ਚੁੱਕਿਆ ਹੈ, ਤੁਹਾਡੀ ਇਹ ਗੰਦੀ ਸਿਆਸਤ ਕਾਮਯਾਬ ਨਹੀਂ ਹੋਵੇਗੀ।"

ਉਨ੍ਹਾਂ ਅੱਗੇ ਕਿਹਾ, "ਪੰਜਾਬ ਨੇ ਆਪਣੇ ਅਤੀਤ ਵਿੱਚ ਬਹੁਤ ਹਿੰਸਾ ਦੇਖੀ ਹੈ। ਅਸੀਂ ਬੁਰੇ ਦਿਨ ਦੇਖੇ ਹਨ। ਕ੍ਰਿਪਾ ਕਰਕੇ ਪੰਜਾਬ ਨੂੰ ਹੁਣ ਵਧਣ-ਫੁੱਲਣ ਦਿਓ। ਮੈਂ ਅਜਿਹੇ ਮੰਤਰੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਅੱਤਵਾਦ ਦੀ ਬਜਾਏ ਅਸਲ ਮੁੱਦਿਆਂ 'ਤੇ ਰਾਜਨੀਤੀ ਕਰਨ।"

ਪ੍ਰਤਾਪ ਬਾਜਵਾ

ਤਸਵੀਰ ਸਰੋਤ, partap bajwa/x

ਪ੍ਰਤਾਪ ਬਾਜਵਾ ਨੇ ਕੀ ਦਿੱਤਾ ਜਵਾਬ

ਵਕੀਲ ਵਾਲੇ ਤੰਜ 'ਤੇ ਮੁੱਖ ਮੰਤਰੀ ਨੂੰ ਜਵਾਬ ਦਿੰਦਿਆਂ ਪ੍ਰਤਾਪ ਬਾਜਵਾ ਨੇ ਕਿਹਾ "ਮੈਂ ਅਮਨ ਤੇ ਸ਼ਾਂਤੀ ਦਾ ਪੈਗ਼ਾਮ ਲੈ ਕੇ ਆਇਆ ਸੀ, ਤੁਸੀਂ ਇੱਕ ਮੈਸੇਂਜਰ ਦੇ ਖ਼ਿਲਾਫ਼ ਐਕਸ਼ਨ ਲਿਆ ਹੈ। ਮੈਂ ਇਹ ਦੱਸਣਾ ਚਾਹੁੰਦਾ ਹਾਂ ਇੱਕ ਵਕੀਲ ਦੇ ਜ਼ਰੀਏ ਹੀ ਮੈਨੂੰ ਐਤਵਾਰ ਸ਼ਾਮ 6.30 ਵਜੇ ਦਰਜ ਹੋਈ ਐੱਫਆਈਆਰ, ਸੋਮਵਾਰ ਦੁਪਹਿਰੀ 4.30 ਵਜੇ ਮਿਲੀ। ਉਹ ਵੀ ਮੁਹਾਲੀ ਕੋਰਟ ਤੋਂ ਆਏ ਨਿਰਦੇਸ਼ਾ ਤੋਂ ਬਾਅਦ। ਇਸ ਤੋਂ ਪਤਾ ਚੱਲਦਾ ਹੈ ਕਿ ਪੰਜਾਬ ਦੇ ਹਾਲਾਤ ਕਿਹੋ ਜਿਹੇ ਹਨ। ਪਰ ਮੈਂ ਕੱਲ੍ਹ ਤੁਹਾਡੇ ਮਹਿਕਮੇ ਦੇ ਰੂਬਰੂ ਹੋਵਾਂਗਾ।"

ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ

ਤਸਵੀਰ ਸਰੋਤ, X/Agnihotriinc

ਤਸਵੀਰ ਕੈਪਸ਼ਨ, ਕਈ ਕਾਂਗਰਸੀ ਆਗੂਆਂ ਪ੍ਰਤਾਪ ਸਿੰਘ ਬਾਜਵਾ ਦਾ ਸਮਰਥਨ ਕੀਤਾ ਹੈ

ਦੂਜੇ ਪਾਸੇ ਕਈ ਕਾਂਗਰਸੀ ਆਗੂਆਂ ਪ੍ਰਤਾਪ ਸਿੰਘ ਬਾਜਵਾ ਦਾ ਸਮਰਥਨ ਕੀਤਾ ਹੈ।

ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਉਨ੍ਹਾਂ ਦੇ ਹੱਕ ਵਿੱਚ ਬੋਲਦਿਆਂ ਕਿਹਾ, "ਪੰਜਾਬ ਸਰਕਾਰ ਵੱਲੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਤੰਗ-ਪ੍ਰੇਸ਼ਾਨ ਕਰਨਾ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਦੀ ਜਾਣਬੁਝ ਕੇ ਕੀਤੀ ਗਈ ਕੋਸ਼ਿਸ਼ ਹੈ।"

"ਬਾਜਵਾ ਪਰਿਵਾਰ ਨੂੰ ਅੱਤਵਾਦ ਕਾਰਨ ਨੁਕਸਾਨ ਹੋਇਆ ਹੈ ਅਤੇ ਬਜਵਾ ਨੇ ਆਪ ਵੀ ਅੱਤਵਾਦ ਸਹਿਆ ਹੋਇਆ ਹੈ। ਕੋਈ ਵੀ ਇਸ ਪਰਿਵਾਰ ਦੀ ਇਮਾਨਦਾਰੀ ਅਤੇ ਦੇਸ਼ ਭਗਤੀ 'ਤੇ ਸ਼ੱਕ ਨਹੀਂ ਕਰ ਸਕਦਾ। ਅਸੀਂ ਬਾਜਵਾ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ।"

ਸੰਸਦ ਮੈਂਬਰ ਜੈਰਾਮ ਰਮੇਸ਼

ਤਸਵੀਰ ਸਰੋਤ, X/Jairam_Ramesh

ਤਸਵੀਰ ਕੈਪਸ਼ਨ, ਸੀਨੀਅਰ ਕਾਂਗਰਸ ਨੇਤਾ ਅਤੇ ਸੰਸਦ ਮੈਂਬਰ ਜੈਰਾਮ ਰਮੇਸ਼ ਨੇ ਵੀ ਬਾਜਵਾ ਦਾ ਬਚਾਅ ਕੀਤਾ

ਸੀਨੀਅਰ ਕਾਂਗਰਸ ਨੇਤਾ ਅਤੇ ਸੰਸਦ ਮੈਂਬਰ ਜੈਰਾਮ ਰਮੇਸ਼ ਨੇ ਵੀ ਬਾਜਵਾ ਦਾ ਬਚਾਅ ਕੀਤਾ।

ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਉਨ੍ਹਾਂ ਨੇ ਲਿਖਿਆ, "ਕੱਲ੍ਹ ਇੱਕ ਟੈਲੀਵਿਜ਼ਨ ਇੰਟਰਵਿਊ ਵਿੱਚ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਖੁਲਾਸਾ ਕੀਤਾ ਕਿ ਸੂਬੇ ਵਿੱਚ 50 ਹੱਥਗੋਲੇ ਤਸਕਰੀ ਕੀਤੇ ਗਏ ਸਨ।"

"ਉਨ੍ਹਾਂ ਦਾ ਇਹ ਬਿਆਨ ਮੀਡੀਆ ਵਿੱਚ ਵਿਆਪਕ ਤੌਰ 'ਤੇ ਛਪੀਆਂ ਖ਼ਬਰਾਂ 'ਤੇ ਅਧਾਰਤ ਸੀ ਅਤੇ ਪਿਛਲੇ ਛੇ ਮਹੀਨਿਆਂ ਵਿੱਚ ਪੰਜਾਬ ਵਿੱਚ ਹੋਏ ਲਗਭਗ 16 ਗ੍ਰਨੇਡ ਧਮਾਕਿਆਂ ਦੇ ਮੱਦੇਨਜ਼ਰ ਆਇਆ ਸੀ।"

''ਚੇਤਾਵਨੀ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਏ, ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰਤਾਪ ਸਿੰਘ ਬਾਜਵਾ 'ਤੇ ਅੱਤਵਾਦੀ ਸਮੂਹਾਂ ਨਾਲ ਰਲ਼ੇ ਹੋਣ ਦਾ ਇਲਜ਼ਾਮ ਲਗਾਇਆ, ਹਾਲਾਂਕਿ ਬਾਜਵਾ ਖੁਦ ਅੱਤਵਾਦ ਕਾਰਨ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆ ਚੁੱਕੇ ਹਨ।"

"ਇੱਕ ਕਾਊਂਟਰ ਇੰਟੈਲੀਜੈਂਸ ਟੀਮ ਨੂੰ ਉਨ੍ਹਾਂ ਦੇ ਘਰ ਭੇਜਿਆ ਗਿਆ ਸੀ ਅਤੇ ਹੁਣ ਉਨ੍ਹਾਂ ਦੇ ਖਿਲਾਫ ਭਾਰਤੀ ਦੰਡ ਸੰਹਿਤਾ, 2023 ਦੀਆਂ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ।"

"ਇਹ ਸਪੱਸ਼ਟ ਹੈ ਕਿ ਪੰਜਾਬ ਦੇ ਮੁੱਖ ਮੰਤਰੀ - ਜੋ ਕਿ ਅਸੁਰੱਖਿਆ ਅਤੇ ਅਯੋਗਤਾ ਦਾ ਪ੍ਰਤੀਕ ਬਣ ਗਏ ਹਨ - ਭ੍ਰਿਸ਼ਟ ਆਮ ਆਦਮੀ ਪਾਰਟੀ ਦੀ ਅਗਵਾਈ ਕਰ ਰਹੇ ਹਨ, ਘਬਰਾਏ ਹੋਏ ਹਨ ਅਤੇ ਇਸ ਲਈ ਡਰਾਉਣ-ਧਮਕਾਉਣ, ਮਾਣਹਾਨੀ ਅਤੇ ਧਮਕੀਆਂ ਦਾ ਸਹਾਰਾ ਲੈ ਰਹੇ ਹਨ। ਪਰ ਇਸ ਸਭ ਨਾਲ ਕੋਈ ਫ਼ਰਕ ਨਹੀਂ ਪਵੇਗਾ।"

 ਭਗਵੰਤ ਮਾਨ ਖ਼ਿਲਾਫ਼ ਪ੍ਰਦਰਸ਼ਨ

ਤਸਵੀਰ ਸਰੋਤ, X/INCPunjab

ਤਸਵੀਰ ਕੈਪਸ਼ਨ, ਪੰਜਾਬ ਕਾਂਗਰਸ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਭਗਵੰਤ ਮਾਨ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ।

ਬਾਜਵਾ ਦੇ ਬਿਆਨ 'ਤੇ ਬਾਕੀ ਪਾਰਟੀਆਂ ਦੇ ਪ੍ਰਤੀਕਰਮ

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ

ਤਸਵੀਰ ਸਰੋਤ, X/bsmajithia

ਤਸਵੀਰ ਕੈਪਸ਼ਨ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਵੀ ਬਾਜਵਾ ਦਾ ਪੱਖ ਲਿਆ

ਬਾਜਵਾ ਦੀ ਟਿੱਪਣੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਜਪਾ ਨੇਤਾ ਮਨੋਰੰਜਨ ਕਾਲੀਆ ਨੇ ਕਿਹਾ, "ਉਹ ਇੱਕ ਪਰਿਪੱਕ ਸਿਆਸੀ ਆਗੂ ਹਨ, ਅਜਿਹੇ ਬਿਆਨ ਪੂਰੀ ਸਮਝ ਅਤੇ ਸਾਵਧਾਨੀ ਨਾਲ ਦਿੱਤੇ ਜਾਣੇ ਚਾਹੀਦੇ ਹਨ, ਖਾਸ ਕਰਕੇ ਕਿਉਂਕਿ ਇਹ ਇੱਕ ਬਹੁਤ ਹੀ ਸੰਵੇਦਨਸ਼ੀਲ ਬਿਆਨ ਹੈ।"

ਭਾਜਪਾ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਵੀ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਐਫਆਈਆਰ ਦਰਜ ਕਰਨ ਦੀ ਪੰਜਾਬ ਸਰਕਾਰ ਦੀ ਕਾਰਵਾਈ ਦੀ ਨਿੰਦਾ ਕੀਤੀ, ਇਹ ਕਹਿੰਦੇ ਹੋਏ ਕਿ ਰਾਜਨੀਤਿਕ ਬਦਲਾ ਲੈਣ ਦੀ ਬਜਾਏ ਸੁਧਾਰਾਂ ਦੀ ਲੋੜ ਹੈ। ਉਨ੍ਹਾਂ ਨੇ ਸਥਿਤੀ ਨੂੰ ਗਲਤ ਢੰਗ ਨਾਲ ਸੰਭਾਲਣ ਲਈ ਸਰਕਾਰ ਦੀ ਆਲੋਚਨਾ ਕੀਤੀ।

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਵੀ ਬਾਜਵਾ ਦਾ ਪੱਖ ਲੈਂਦਿਆਂ ਕਿਹਾ, " ਵਿਰੋਧੀ ਧਿਰ ਦੇ ਨੇਤਾ ਨੇ ਸਿਰਫ਼ ਪੰਜਾਬ ਦੀ ਕਾਨੂੰਨ ਦੀ ਸਥਿਤੀ ਨੂੰ ਬਿਆਨ ਕੀਤਾ। ਉਨ੍ਹਾਂ ਨਾਲ ਮੀਟਿੰਗ ਕਰਕੇ ਅਮਨ ਕਾਨੂੰਨ ਦੀ ਸਥਿਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਇੰਟੈਲੀਜੈਂਸ ਦੇ ਅਫ਼ਸਰ ਭੇਜਣ ਦਾ ਕੀ ਮਤਲਬ।"

"ਹਰ ਗੱਲ ਉੱਤੇ ਸਿਆਸਤ ਨਾ ਕਰੋ ਅਤੇ ਪੰਜਾਬ ਵੱਲ ਧਿਆਨ ਦਿਓ। ਭਗਵੰਤ ਮਾਨ ਕਾਨੂੰਨ ਪ੍ਰਬੰਧ ਨੂੰ ਠੀਕ ਕਰਨ ਦੀ ਬਜਾਏ, ਜਿਹੜਾ ਇਸ ਬਾਰੇ ਗੱਲ ਕਰਦਾ ਹੈ ਉਸ ਦੇ ਪਿੱਛੇ ਪੈ ਜਾਂਦੇ ਹਨ। "

ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਜਪਾ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਵੀ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਐਫਆਈਆਰ ਦਰਜ ਕਰਨ ਦੀ ਪੰਜਾਬ ਸਰਕਾਰ ਦੀ ਕਾਰਵਾਈ ਦੀ ਨਿੰਦਾ ਕੀਤੀ

ਭਗਵੰਤ ਮਾਨ ਨੇ ਕੀ ਪ੍ਰਤੀਕਰਮ ਦਿੱਤਾ ਸੀ

ਪ੍ਰਤਾਪ ਸਿੰਘ ਬਾਜਵਾ ਦੇ 50 ਬੰਬਾਂ ਵਾਲੇ ਬਿਆਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਸੰਦੇਸ਼ ਜਾਰੀ ਕਰਕੇ ਤਿੱਖਾ ਪ੍ਰਤੀਕਰਮ ਦਿੱਤਾ ਸੀ।

ਮੁੱਖ ਮੰਤਰੀ ਨੇ ਕਿਹਾ ਸੀ, "ਪੰਜਾਬ ਵਿੱਚ 50 ਬੰਬ ਪਹੁੰਚ ਚੁੱਕੇ ਹਨ, ਉਨ੍ਹਾਂ ਵਿੱਚੋਂ 18 ਬੰਬ ਫਟ ਗਏ ਅਤੇ 32 ਬੰਬ ਅਜੇ ਫਟਣ ਵਾਲੇ ਹਨ। ਮੈਂ ਬਾਜਵਾ ਸਾਬ੍ਹ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਕਿਥੋਂ ਮਿਲੀ?''

''ਕੀ ਤੁਹਾਡੇ ਪਾਕਿਸਤਾਨ ਨਾਲ ਸਿੱਧੇ ਸਬੰਧ ਹਨ ਜਾਂ ਬੰਬ ਭੇਜਣ ਵਾਲੇ ਅੱਤਵਾਦੀ ਜਾਂ ਏਜੰਸੀ ਤੁਹਾਨੂੰ ਸਿੱਧਾ ਫੋਨ ਕਰਕੇ ਕਹਿੰਦੀ ਹੈ। ਤੁਹਾਨੂੰ ਦੱਸਦੀ ਹੈ ਕਿ 50 ਪਹੁੰਚ ਗਏ, 18 ਚੱਲ ਗਏ ਤੇ 32 ਰਹਿ ਗਏ। ਤੁਹਾਡੀ ਜਾਣਕਾਰੀ ਦਾ ਸਰੋਤ ਕੀ ਹੈ?"

ਦਰਅਸਲ, ਪ੍ਰਤਾਪ ਸਿੰਘ ਬਾਜਵਾ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ, "ਪੰਜਾਬ ਵਿੱਚ 50 ਬੰਬ ਪਹੁੰਚ ਗਏ ਹਨ। ਜਿਨ੍ਹਾਂ ਵਿੱਚੋਂ 18 ਚੱਲ ਗਏ ਹਨ ਅਤੇ 32 ਚੱਲਣ ਵਾਲੇ ਹਨ।"

ਭਗਵੰਤ ਮਾਨ

ਤਸਵੀਰ ਸਰੋਤ, AAP

ਤਸਵੀਰ ਕੈਪਸ਼ਨ, ਭਗਵੰਤ ਮਾਨ ਨੇ ਪ੍ਰਤਾਪ ਸਿੰਘ ਬਾਜਵਾ ਕੋਲੋਂ ਤਿੱਖੇ ਸ਼ਬਦਾਂ ਵਿੱਚ ਜਾਣਕਾਰੀ ਦਾ ਸਰੋਤ ਮੰਗਿਆ

ਬਾਜਵਾ ਦੇ ਇਸ ਬਿਆਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਨੂੰ ਇਸ ਸਬੰਧੀ ਕਾਰਵਾਈ ਦੇ ਆਦੇਸ਼ ਦਿੱਤੇ ਸਨ ਅਤੇ ਅੱਗੇ ਕਿਹਾ ਸੀ, "ਨਾ ਤਾਂ ਇਹ ਜਾਣਕਾਰੀ ਪੰਜਾਬ ਦੀ ਇੰਟੈਲੀਜੈਂਸ ਕੋਲ ਅਤੇ ਨਾ ਹੀ ਦੇਸ਼ ਦੀ ਇੰਟੈਲੀਜੈਂਸ ਨੇ ਸਾਂਝੀ ਕੀਤੀ ਹੈ। ਫਿਰ ਤੁਸੀਂ (ਬਾਜਵਾ) ਕਿਵੇਂ ਇਹ ਕਹਿ ਸਕਦੇ ਹੋ। ਸਾਨੂੰ ਇਸ ਬਾਰੇ ਜਾਣਕਾਰੀ ਦਿਓ। ਤੁਹਾਡਾ ਫਰਜ਼ ਬਣਦਾ ਹੈ ਸਾਡੇ ਨਾਲ ਗੱਲ ਸ਼ੇਅਰ ਕਰੋ।"

"ਕੀ ਤੁਸੀਂ ਉਨ੍ਹਾਂ ਬੰਬਾਂ ਦੇ ਚੱਲਣ ਦਾ ਇੰਤਜ਼ਾਰ ਕਰ ਰਹੇ ਹੋ। ਜੇ ਤੁਸੀਂ ਪੰਜਾਬ ਵਿੱਚ ਦਹਿਸ਼ਤ ਫੈਲਾਉਣਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਤਾਂ ਇਹ ਗੰਭੀਰ ਅਪਰਾਧ ਹੈ ਤੇ ਤੁਹਾਡੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।"

"ਮੈਂ ਕਾਂਗਰਸ ਨੂੰ ਵੀ ਬੇਨਤੀ ਕਰਦਾ ਹਾਂ ਕਿ ਇਸ ਗੱਲ ʼਤੇ ਸਾਹਮਣੇ ਆ ਕੇ ਸਫਾਈ ਦੇਣ, ਦੱਸਣ ਕਿ ਕਾਂਗਰਸ ਪਾਰਟੀ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲੀ ਹੋਈ ਹੈ। ਜੇਕਰ ਇਹ ਗੱਲ ਬਾਜਵਾ ਸਾਬ੍ਹ ਨੇ ਸਿਰਫ਼ ਦਹਿਸ਼ਤ ਫੈਲਾਉਣ ਲਈ ਕਹੀ ਹੈ ਤਾਂ ਉਹ ਤਿਆਰ ਰਹਿਣ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੈਂ ਪੁਲਿਸ ਨੂੰ ਆਦੇਸ਼ ਦਿੱਤੇ ਹਨ ਕਿ ਉਨ੍ਹਾਂ ਨਾਲ ਗੱਲ ਕਰਕੇ ਨਿਸ਼ਾਨ ਦੇਹੀ ਕੀਤੀ ਜਾਵੇ।"

ਰਵੋਜਤ ਕੌਰ ਗਰੇਵਾਲ
ਤਸਵੀਰ ਕੈਪਸ਼ਨ, ਪ੍ਰਤਾਪ ਸਿੰਘ ਬਾਜਵਾ ਕੋਲੋਂ ਪੁੱਛਗਿੱਛ ਕਰਨ ਪਹੁੰਚੇ ਅਧਿਕਾਰੀ ਰਵਜੋਤ ਗਰੇਵਾਲ

ਪੰਜਾਬ ਪੁਲਿਸ ਦੀ ਕਾਰਵਾਈ

ਭਗਵੰਤ ਮਾਨ ਦੇ ਆਦੇਸ਼ ਤੋਂ ਬਾਅਦ ਪੰਜਾਬ ਪੁਲਿਸ ਵੀ ਹਰਕਤ ਵਿੱਚ ਆਈ ਅਤੇ ਪ੍ਰਤਾਪ ਸਿੰਘ ਬਾਜਵਾ ਕੋਲ ਪੁੱਛਗਿੱਛ ਕਰਨ ਪਹੁੰਚੀ ਪੁਲਿਸ ਟੀਮ ਦੀ ਇੱਕ ਅਧਿਕਾਰੀ ਨੇ ਜਾਣਕਾਰੀ ਸਾਂਝੀ ਕੀਤੀ।

ਏਆਈਜੀ ਐਨਕਾਊਂਟਰ ਇੰਟੈਲੀਜੈਂਸ ਰਵਜੋਤ ਕੌਰ ਗਰਵੇਾਲ ਨੇ ਦੱਸਿਆ, "ਸਾਨੂੰ ਮੀਡੀਆ ਰਾਹੀਂ ਇਹ ਜਾਣਕਾਰੀ ਮਿਲੀ ਸੀ ਕਿ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿੱਚ 50 ਹੈਂਡ ਗ੍ਰੇਨੇਡ ਆਉਣ ਦੀ ਗੱਲ ਕਹੀ ਹੈ। ਇਹ ਇੱਕ ਬੇਹੱਦ ਸੰਵਦੇਨਸ਼ੀਲ ਜਾਣਕਾਰੀ ਹੈ ਅਤੇ ਇਸਦਾ ਸਰੋਤ ਕੀ ਹੈ, ਇਹ ਜਾਣਨ ਲਈ ਅਸੀਂ ਉਨ੍ਹਾਂ ਨਾਲ ਗੱਲ ਕਰਨ ਆਏ ਸੀ।"

ਪੰਜਾਬ ਪੁਲਿਸ
ਤਸਵੀਰ ਕੈਪਸ਼ਨ, ਪ੍ਰਤਾਪ ਸਿੰਘ ਬਾਜਵਾ ਦੇ ਘਰ ਪਹੁੰਚੀ ਪੁਲਿਸ ਟੀਮ

"ਇਹ ਜਾਣਕਾਰੀ ਕੌਮੀ ਸੁਰੱਖਿਆ ਨਾਲ ਵੀ ਜੁੜੀ ਹੋਈ ਹੈ ਇਸ ਲਈ ਇਸਦਾ ਸਰੋਤ ਜਾਣਨਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਪਰ ਸਾਡੇ ਇੰਟੈਲੀਜੈਂਸ ਕੋਲ ਇਹ ਜਾਣਕਾਰੀ ਨਹੀਂ ਹੈ। ਇਹ ਪਬਲਿਕ ਪਲੇਟਫਾਰਮ ਉੱਤੇ ਸਾਂਝੀ ਕੀਤੀ ਗਈ ਹੈ।"

ਉਨ੍ਹਾਂ ਨੇ ਅੱਗੇ ਕਿਹਾ, "ਪਰ ਪ੍ਰਤਾਪ ਸਿੰਘ ਬਾਜਵਾ ਨੇ ਅਜਿਹਾ ਕੋਈ ਸਰੋਤ ਨਹੀਂ ਦੱਸਿਆ ਅਤੇ ਨਾ ਹੀ ਇਸ ਜਾਣਕਾਰੀ ਦਾ ਮੂਲ ਆਧਾਰ ਦੱਸਿਆ ਗਿਆ ਹੈ। ਅਸੀਂ ਆਪਣੇ ਹੋਰ ਵੀ ਤਰੀਕਿਆਂ ਰਾਹੀਂ ਇਸਦੀ ਜਾਂਚ ਕਰ ਰਹੇ ਹਾਂ ਅਤੇ ਇਸ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਪੰਜਾਬ ਪੁਲਿਸ ਪੰਜਾਬ ਵਿੱਚ ਅਮਨ-ਸ਼ਾਂਤੀ ਰੱਖਣ ਅਤੇ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ।"

ਪ੍ਰਾਤਪਾ ਸਿੰਘ ਬਾਜਵਾ ਦੀ ਸਫਾਈ

ਪ੍ਰਤਾਪ ਸਿੰਘ ਬਾਜਵਾ

ਤਸਵੀਰ ਸਰੋਤ, Pratap Singh Bajwa/FB

ਤਸਵੀਰ ਕੈਪਸ਼ਨ, ਪ੍ਰਤਾਪ ਸਿੰਘ ਬਾਜਵਾ ਨੇ ਸਰੋਤਾਂ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ

ਇਸ ਸਭ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਮੀਡੀਆ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਉਨ੍ਹਾਂ ਦੇ ਸਰੋਤਾਂ ਰਾਹੀਂ ਮਿਲੀ ਸੀ।

ਉਨ੍ਹਾਂ ਨੇ ਕਿਹਾ, "ਇਹ ਮੇਰੇ ਆਪਣੇ ਸਰੋਤ ਹਨ ਮੈਂ ਚੌਥੀ ਵਾਰ ਇੱਥੇ ਮੈਂਬਰ ਹਾਂ, ਚਾਰ ਮੁੱਖ ਮੰਤਰੀਆਂ ਨਾਲ ਰਿਹਾ ਹਾਂ। ਮੇਰੇ ਸਰੋਤ ਪੰਜਾਬ ਵਿੱਚ ਵੀ ਹਨ, ਇਨ੍ਹਾਂ ਦੀ ਸਰਕਾਰ ਵਿੱਚ ਵੀ ਹਨ ਅਤੇ ਸੈਂਟ੍ਰਲ ਇੰਟੈਲੀਜੈਂਸ ਵਿੱਚ ਵੀ ਹਨ।"

"ਉਨ੍ਹਾਂ ਨੇ ਮੈਨੂੰ ਦੋ ਦਿਨ ਪਹਿਲਾਂ ਦੱਸਿਆ ਸੀ ਕਿ ਪੰਜਾਬ ਵਿੱਚ ਸੰਵੇਦਨਸ਼ੀਲ ਮਾਹੌਲ ਬਣਦਾ ਜਾ ਰਿਹਾ ਹੈ ਅਤੇ ਹਾਲਾਤ ਸੂਬੇ ਦੀ ਸਰਕਾਰ ਦੇ ਹੱਥ ਵੀ ਨਹੀਂ ਹਨ ਅਤੇ ਤੁਹਾਨੂੰ ਵੀ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਆਪ ਦਾ ਬਚਾਅ ਰੱਖਣਾ।"

ਉਨ੍ਹਾਂ ਨੇ ਅੱਗੇ ਕਿਹਾ, "ਮੇਰਾ ਪਰਿਵਾਰ ਵੀ ਅੱਤਵਾਦ ਦਾ ਪੀੜਤ ਰਿਹਾ ਹੈ। ਮੇਰੇ ਪਿਤਾ ਜੀ ਨੇ 1987 ਵਿੱਚ ਸ਼ਹਾਦਤ ਦਿੱਤੀ ਅਤੇ ਮੇਰੀ 1990 ਵਿੱਚ ਕਾਰ ਉਡਾ ਦਿੱਤੀ ਗਈ। ਇਸੇ ਲਈ ਉਨ੍ਹਾਂ ਨੇ ਮੈਨੂੰ ਆਪਣਾ ਬਚਾਅ ਰੱਖਣ ਲਈ ਕਿਹਾ। ਮੈਂ ਹੁਣੇ ਭਗਵੰਤ ਮਾਨ ਦਾ ਬਿਆਨ ਸੁਣਿਆ, ਜਿਸ ਨੂੰ ਤੋੜ-ਮਰੋੜ ਕੇ ਦੱਸਿਆ ਗਿਆ।"

"ਮੇਰੇ ਕੋਲ ਮੁਹਾਲੀ ਤੋਂ ਦੋ ਅਧਿਕਾਰੀ ਆਏ ਅਤੇ ਮੈਂ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਪਰ ਮੈਂ ਜਾਣਕਾਰੀ ਦੇ ਸਰੋਤ ਨਹੀਂ ਦੱਸੇ ਕਿਉਂਕਿ ਮੈਂ ਨਹੀਂ ਦੱਸ ਸਕਦਾ। ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਹਾਂ ਅਸੀਂ ਬੰਬਾਂ ਦੇ ਖੜਾਕ ਸੁਣੇ ਹਨ ਅਸੀਂ ਉਹ ਸਾਰੇ ਹਾਲਾਤ ਦੇਖੇ ਹਨ। ਤੁਸੀਂ ਗ੍ਰਹਿ ਮੰਤਰੀ ਹੋ ਅਤੇ ਇਹ ਤੁਹਾਡੀ ਇੰਟੈਲੀਜੈਂਸ ਦਾ ਫੇਲੀਅਰ ਹੈ।"

ਉਨ੍ਹਾਂ ਨੇ ਕਿਹਾ , "ਜਦੋਂ ਤੁਹਾਡੇ ਇੰਟੈਲੀਜੈਂਸ ਦੇ ਦਫ਼ਤਰ ʼਤੇ ਹਮਲਾ ਹੋਇਆ ਤੁਸੀਂ ਉਦੋਂ ਪਤਾ ਨਹੀਂ ਲਗਾ ਸਕੇ ਤਾਂ ਹੁਣ ਕੀ ਪਤਾ ਕਰੋਗੇ ਪਰ ਮੈਂ ਆਪਣੇ ਸਰੋਤ ਨਹੀਂ ਦੱਸ ਸਕਦਾ ਬਾਕੀ ਸਭ ਸਹਿਯੋਗ ਲਈ ਤਿਆਰ ਹਾਂ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)