You’re viewing a text-only version of this website that uses less data. View the main version of the website including all images and videos.
ਗ਼ਦਰੀ ਬਾਬਾ ਬੂਝਾ ਸਿੰਘ ਕੌਣ ਸੀ ਜੋ ਭਾਰਤ ਦੀ ਆਜ਼ਾਦੀ ਲਈ ਲੜੇ ਪਰ ਆਜ਼ਾਦ ਹਿੰਦੋਸਤਾਨ 'ਚ ਪੁਲਿਸ 'ਮੁਕਾਬਲੇ' ਦੌਰਾਨ ਮਾਰੇ ਗਏ
- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਆਜ਼ਾਦੀ ਘੁਲਾਟੀਏ ਬੂਝਾ ਸਿੰਘ ਦੀ ਸੁਤੰਤਰ ਭਾਰਤ ਵਿੱਚ ਇੱਕ ਪੁਲਿਸ 'ਮੁਕਾਬਲੇ' ਦੌਰਾਨ ਹੋਈ ਮੌਤ ਤੋਂ ਬਾਅਦ ਸ਼ਿਵ ਕੁਮਾਰ ਬਟਾਲਵੀ ਨੇ ਰੁੱਖ ਨੂੰ 'ਫਾਂਸੀ' ਨਾਂ ਦੀ ਕਵਿਤਾ ਲਿਖ ਕੇ ਸ਼ਰਧਾਂਜਲੀ ਦਿੱਤੀ ਸੀ।
ਸ਼ਿਵ ਨੇ ਲਿਖਿਆ:
ਉਹਦੇ ਕਈ ਦੋਸ਼ ਹਨ : ਉਹਦੇ ਪੱਤ ਸਾਵਿਆਂ ਦੀ ਥਾਂ,
ਹਮੇਸ਼ਾ ਲਾਲ ਉਗਦੇ ਸਨ, ਬਿਨਾਂ 'ਵਾ ਦੇ ਵੀ ਉੱਡਦੇ ਸਨ
ਬ੍ਰਿਟਿਸ਼ ਸਾਮਰਾਜ ਵਿਰੁੱਧ ਭਾਰਤ ਦੀ ਆਜ਼ਾਦੀ ਲਈ ਉੱਠੀ ਗ਼ਦਰ ਲਹਿਰ ਤੋਂ ਬਾਅਦ ਪੰਜਾਬ ਵਿੱਚ ਉੱਠੀਆਂ ਕਈ ਲਹਿਰਾਂ ਦਾ ਹਿੱਸਾ ਰਹੇ ਬੂਝਾ ਸਿੰਘ 82 ਸਾਲ ਦੀ ਉਮਰ ਵਿੱਚ ਮਾਰੇ ਗਏ ਸਨ।
ਇਹ ਮੁਕਾਬਲਾ 55 ਸਾਲ ਪਹਿਲਾਂ 27-28 ਜੁਲਾਈ, 1970 ਦੀ ਰਾਤ ਨੂੰ ਨਾਈਮਜਾਰਾ (ਨਵਾਂ ਸ਼ਹਿਰ) ਦੇ ਪੁੱਲ 'ਤੇ ਵਾਪਰਿਆ ਸੀ।
ਇਸ ਘਟਨਾ ਦੀ ਗੂੰਜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਵਿਧਾਨ ਸਭਾ ਵਿੱਚ ਵੀ ਪਈ। ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸਨ।
ਬੂਝਾ ਸਿੰਘ ਕੌਣ ਸੀ ?
ਗ਼ਦਰ ਤੋਂ ਬਾਅਦ ਕਿਰਤੀ ਲਹਿਰ, ਮੁਜਾਰਾ ਲਹਿਰ, ਕਮਿਊਨਿਸਟ ਪਾਰਟੀਆਂ ਅਤੇ ਨਕਸਲੀ ਲਹਿਰ ਵਿੱਚ ਸਿਆਸੀ ਕਾਰਕੁਨ ਰਹੇ ਬੂਝਾ ਸਿੰਘ ਨੂੰ 'ਬਾਬਾ ਬੂਝਾ ਸਿੰਘ' ਵੱਜੋਂ ਵੀ ਜਾਣਿਆਂ ਜਾਂਦਾ ਸੀ।
ਪੰਜਾਬੀ ਕਹਾਣੀਕਾਰ ਅਤੇ ਇਤਿਹਾਸਿਕ ਸਾਹਿਤ ਦੇ ਰਚੇਤਾ ਅਜਮੇਰ ਸਿੱਧੂ ਦੀ ਕਿਤਾਬ, 'ਬਾਬਾ ਬੂਝਾ ਸਿੰਘ, ਗ਼ਦਰ ਤੋਂ ਨਕਸਲਬਾੜੀ ਤੱਕ' ਵਿੱਚ ਲਿਖਦੇ ਹਨ ਕਿ ਉਹਨਾਂ ਦਾ ਜਨਮ ਪਿੰਡ ਚੱਕ ਮਾਈਦਾਸ, ਅੱਜ-ਕੱਲ੍ਹ ਜ਼ਿਲ੍ਹਾ ਨਵਾਂ ਸ਼ਹਿਰ ਵਿੱਚ ਹੋਇਆ ਸੀ ਪਰ ਉਹਨਾਂ ਦੀ ਜਨਮ ਤਰੀਕ ਦੇ ਕਈ ਹਵਾਲੇ ਮਿਲਦੇ ਹਨ।
ਸ਼ਹੀਦੀ ਯਾਦਗਾਰ ਕਮੇਟੀ, ਜਲੰਧਰ ਅਨੁਸਾਰ ਬੂਝਾ ਸਿੰਘ ਦਾ ਜਨਮ ਸਾਲ 1888 ਹੈ।
ਇੰਡੀਆ ਆਫ਼ਿਸ ਰਿਕਾਰਡਜ਼ ਬ੍ਰਿਟਿਸ਼ ਲਾਇਬ੍ਰੇਰੀ ਲੰਡਨ ਐਕਟੀਵਿਟੀ ਇਨ ਅਰਜਨਟੀਨਾ ਦੀ ਫਾਈਲ ਅਤੇ ਪਾਸਪੋਰਟ ਮੁਤਾਬਕ ਉਨ੍ਹਾਂ ਦੀ ਜਨਮ ਤਾਰੀਕ 19 ਦਸੰਬਰ 1903 ਹੈ।
ਸਿੱਧੂ ਕਹਿੰਦੇ ਹਨ ਕਿ ਕਿਸਾਨੀ ਸੰਕਟ ਦੇ ਚੱਲਦਿਆਂ ਬੂਝਾ ਸਿੰਘ 1930 ਵਿੱਚ ਅਰਜਨਟੀਨਾ ਚਲੇ ਗਏ ਅਤੇ ਇੱਥੇ ਜਾ ਕੇ ਉਹ ਤੇਜਾ ਸਿੰਘ ਸੁਤੰਤਰ ਅਤੇ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨਾਲ ਗ਼ਦਰ ਲਹਿਰ ਵਿੱਚ ਸਰਗਰਮ ਹੋ ਗਏ।
'ਗ਼ਦਰ' ਅਤੇ 'ਕਿਰਤੀ' ਪਰਚਿਆਂ ਨੇ ਬੂਝਾ ਸਿੰਘ ਦੇ ਮਨ ਵਿੱਚ ਆਜ਼ਾਦੀ ਦੇ ਅੰਦੋਲਨ ਲਈ ਜ਼ਜਬਾ ਪੈਦਾ ਕਰ ਦਿੱਤਾ ਸੀ ਅਤੇ ਉਹਨਾਂ ਨੇ ਪਾਰਟੀ ਦੀ ਮੈਂਬਰਸ਼ਿਪ ਲੈ ਲਈ ਸੀ।
ਸਿਆਸੀ ਕਾਰਕੁਨ ਅਤੇ ਬੂਝਾ ਸਿੰਘ ਤੋਂ ਸਿਆਸਤ ਦੇ ਗੁਰ ਲੈਣ ਵਾਲੇ ਦਰਸ਼ਨ ਖਟਕੜ ਕਹਿੰਦੇ ਹਨ, ''ਬੂਝਾ ਸਿੰਘ ਜਵਾਨੀ ਦੇ ਦਿਨਾਂ ਤੋਂ ਹੀ ਅੰਗਰੇਜ਼ਾਂ ਖ਼ਿਲਾਫ਼ ਲਹਿਰ ਵਿੱਚ ਸਰਗਰਮ ਸਨ। ਉਹ ਉਹਨਾਂ ਸਮਿਆਂ ਵਿੱਚ ਲੱਗਣ ਵਾਲੇ ਅਕਾਲੀ ਮੋਰਚਿਆਂ ਲਈ ਲੰਗਰ ਦਾ ਪ੍ਰਬੰਧ ਵੀ ਕਰਦੇ ਰਹੇ ਸਨ। ਗ਼ਦਰ ਲਹਿਰ ਦਾ ਪਹਿਲਾ ਹੱਲਾ ਅਸਫ਼ਲ ਹੋਣ ਤੋਂ ਬਾਅਦ ਬੂਝਾ ਸਿੰਘ ਨੂੰ ਅਰਜਨਟੀਨਾ ਤੋਂ ਮਾਸਕੋ (ਰੂਸ) ਭੇਜਿਆ ਗਿਆ। ਉਹਨਾਂ ਨੇ ਰੂਸ ਵਿੱਚ ਆਏ ਇਨਕਲਾਬ ਤੋਂ ਬਾਅਦ ਉੱਥੇ ਦੋ ਸਾਲ ਸਿਧਾਂਤ ਗਿਆਨ ਹਾਸਿਲ ਕੀਤਾ ਅਤੇ ਹਥਿਆਰ ਚਲਾਉਣ ਦੀ ਟਰੇਨਿੰਗ ਲਈ ਸੀ।''
ਸਿੱਧੂ ਮੁਤਾਬਕ ਆਪਣੇ ਸਿਆਸੀ ਸਫ਼ਰ ਦੌਰਾਨ ਬੂਝਾ ਸਿੰਘ ਕਈ ਵਾਰ ਜੇਲ੍ਹ ਗਏ, ਉਹਨਾਂ ਨੇ ਸੁਭਾਸ਼ ਚੰਦਰ ਬੋਸ ਨਾਲ ਵੀ ਕੰਮ ਕੀਤਾ ਅਤੇ ਆਪਣੇ ਪਿੰਡ ਦੀ 1963 ਤੋਂ 1968 ਤੱਕ ਸਰਪੰਚੀ ਵੀ ਕੀਤੀ।
ਬੂਝਾ ਸਿੰਘ ਨਾਲ ਕੰਮ ਕਰਨ ਵਾਲੇ ਸੁਰਿੰਦਰ ਕੁਮਾਰੀ ਕੋਛੜ ਕਹਿੰਦੇ ਹਨ, ''ਬੂਝਾ ਸਿੰਘ ਮਾਰਕਸਵਾਦੀ ਵਿਚਾਰਾਧਾਰਾ ਦੇ ਮਾਸਟਰ ਸਨ ਅਤੇ ਆਮ ਲੋਕਾਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਉਹਨਾਂ ਦੀ ਲੁੱਟ ਅਤੇ ਅਮੀਰੀ-ਗਰੀਬੀ ਦੇ ਪਾੜੇ ਬਾਰੇ ਸਮਝਾਉਂਦੇ ਸਨ। ਉਹ ਔਰਤਾਂ ਨੂੰ ਆਪਣੇ ਫੈਸਲੇ ਲੈਣ ਅਤੇ ਨੌਕਰੀਆਂ ਕਰਨ ਲਈ ਪ੍ਰੇਰਿਤ ਕਰਦੇ ਸਨ।''
ਸੁਭਾਸ਼ ਚੰਦਰ ਬੋਸ ਨੂੰ ਰੂਸ ਛੱਡਣ ਦੀ ਡਿਊਟੀ
ਪੰਜਾਬ ਪਹੁੰਚੇ ਗ਼ਦਰੀਆਂ ਨੇ 'ਕਿਰਤੀ' ਨਾਂ ਦਾ ਰਸਾਲਾ ਕੱਢਣਾ ਸ਼ੁਰੂ ਕੀਤਾ ਜਿਸ ਤੋਂ ਬਾਅਦ 'ਕਿਰਤੀ ਪਾਰਟੀ' ਦਾ ਗਠਨ ਕੀਤਾ ਗਿਆ ਪਰ ਅੰਗਰੇਜ਼ ਸਰਕਾਰ ਨੇ 1934 ਵਿੱਚ ਇਸ 'ਕਿਰਤੀ ਪਾਰਟੀ' ਨੂੰ ਗੈਰ-ਕਾਨੂੰਨੀ ਐਲਾਨ ਦਿੱਤਾ।
ਇਸ ਪਾਬੰਦੀ ਤੋਂ ਬਾਅਦ ਕਿਰਤੀ ਪਾਰਟੀ ਦੇ ਕਈ ਆਗੂਆਂ ਨੇ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਲੈ ਲਈ।
ਦਰਸ਼ਨ ਖਟਕੜ ਦੱਸਦੇ ਹਨ ਕਿ ਇਸ ਦੌਰਾਨ ਬੂਝਾ ਸਿੰਘ ਵੀ ਕਾਂਗਰਸ ਪਾਰਟੀ ਨਾਲ ਕੰਮ ਕਰਨ ਲੱਗੇ।
ਅਜਮੇਰ ਸਿੱਧੂ ਕਹਿੰਦੇ ਹਨ ਕਿ 1939 ਵਿੱਚ ਸ਼ੁਭਾਸ਼ ਚੰਦਰ ਬੋਸ ਕਾਂਗਰਸ ਦੇ ਕੌਮੀ ਪ੍ਰਧਾਨ ਬਣੇ ਅਤੇ ਇਸ ਜਿੱਤ ਪਿੱਛੇ ਬਾਬਾ ਬੂਝਾ ਸਿੰਘ ਅਤੇ ਕਿਰਤੀ ਪਾਰਟੀ ਦਾ ਵੀ ਵੱਡਾ ਹੱਥ ਸੀ।
ਉਹ ਕਹਿੰਦੇ ਹਨ, ''1941 ਵਿੱਚ ਬੋਸ ਨੂੰ ਰੂਸ ਪਹੁੰਚਾਉਣ ਦੀ ਡਿਊਟੀ ਵੀ ਬੂਝਾ ਸਿੰਘ ਦੀ ਲੱਗੀ ਸੀ। ਗ਼ਦਰੀ ਕਾਰਕੁਨ ਬੋਸ ਨੂੰ ਜੋਸਫ਼ ਸਟਾਲਿਨ ਨਾਲ ਮਿਲਾਉਣਾ ਚਾਹੁੰਦੇ ਸਨ ਪਰ ਰਸਤੇ ਵਿੱਚ ਹੀ ਬੂਝਾ ਸਿੰਘ ਦੀ ਗ੍ਰਿਫ਼ਤਾਰੀ ਹੋ ਗਈ ਪਰ ਬੂਝਾ ਸਿੰਘ ਨੂੰ ਦਿੱਤੀ ਗਈ ਇਹ ਜ਼ਿੰਮੇਵਾਰੀ, ਉਹਨਾਂ ਦੇ ਵੱਡੇ ਕੱਦ ਨੂੰ ਦਰਸਾਉਂਦੀ ਹੈ।''
ਸਿੱਧੂ ਦੀ ਕਿਤਾਬ ਮੁਤਾਬਕ ਬੂਝਾ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ 1947 ਵਿੱਚ ਭਾਰਤ-ਪਾਕਿਸਤਾਨ ਵੰਡ ਸਮੇਂ ਹੋਈ ਫਿਰਕੂ ਹਿੰਸਾ ਵਿਰੁੱਧ ਲਾਮਬੰਦੀ ਕੀਤੀ।
ਸਾਲ 1962 ਵਿੱਚ ਚੀਨ-ਭਾਰਤ ਹਮਲੇ ਦੇ ਸਬੰਧ ਵਿੱਚ ਭਾਰਤ ਸਰਕਾਰ ਦੀ ਨੁਕਤਾਚੀਨੀ ਕਰਨ ਬਦਲੇ ਬੂਝਾ ਸਿੰਘ ਦੀ ਗ੍ਰਿਫ਼ਤਾਰੀ ਵੀ ਹੋਈ।
ਜ਼ਮੀਨਾਂ 'ਤੇ ਕਬਜ਼ਿਆਂ 'ਚ ਮੋਹਰੀ
ਬੂਝਾ ਸਿੰਘ ਨੇ 1964 ਵਿੱਚ ਸੀਪੀਆਈ (ਐੱਮ) ਲਈ ਜਲੰਧਰ ਜ਼ਿਲ੍ਹੇ ਵਿੱਚ ਕਮੇਟੀ ਮੈਂਬਰ ਵੱਜੋਂ ਕੰਮ ਕੀਤਾ।
ਅਜਮੇਰ ਸਿੱਧੂ ਲਿਖਦੇ ਹਨ, ''ਨਕਸਲਬਾੜੀ ਲਹਿਰ ਉੱਠਣ ਬਾਅਦ ਉਹ ਤਾਲਮੇਲ ਕਮੇਟੀ ਪੰਜਾਬ ਵਿੱਚ 1968 ਵਿੱਚ ਸ਼ਾਮਲ ਹੋ ਗਏ। ਉਹ 22 ਅਪ੍ਰੈਲ 1969 ਨੂੰ ਸੀਪੀਆਈ (ਐੱਮਐੱਲ) ਦੀ ਸੂਬਾ ਜਥੇਬੰਦਕ ਕਮੇਟੀ ਦੇ ਮੈਂਬਰ ਚੁਣੇ ਗਏ।''
ਉਹ ਅੱਗੇ ਲਿਖਦੇ ਹਨ, ''ਅੱਚਰਵਾਲ ਸਾਜ਼ਿਸ਼ ਕੇਸ 1968 ਵਿੱਚ ਉਹਨਾਂ ਦੇ ਪੁਲਿਸ ਵਰੰਟ ਕੱਢੇ ਗਏ ਸਨ। ਉਹਨਾਂ ਨੇ 8 ਦਸੰਬਰ 1968 ਨੂੰ ਸਮਾਓਂ ਦੇ ਜ਼ਮੀਨੀ ਕਬਜ਼ੇ ਅਤੇ ਜੂਨ 1969 ਨੂੰ ਕਿਲਾ ਹਕੀਮਾਂ (ਸੰਗਰੂਰ) ਦੇ ਜ਼ਮੀਨੀ ਕਬਜ਼ੇ ਵਿੱਚ ਮੋਹਰੀ ਭੂਮਿਕਾ ਨਿਭਾਈ ਸੀ।''
ਕਿਤਾਬ ਵਿੱਚ ਪੁਲਿਸ ਦੀ ਐੱਫ਼ਆਈਆਰ ਮੁਤਾਬਕ ਬੂਝਾ ਸਿੰਘ ਅਤੇ ਉਹਨਾਂ ਦੇ ਕੁਝ ਸਾਥੀ ਇਕੱਠੇ ਹੋ ਕੇ ਮੋਤੀ ਸਿੰਘ ਰਾਣਾ ਲੈਂਡਲਾਰਡ ਵਾਸੀ ਜਾਡਲਾ ਨੂੰ ਜਾਨੀ ਨੁਕਸਾਨ ਪਹੁੰਚਾਉਣ ਜਾ ਰਹੇ ਸੀ।
ਇਸ ਦੌਰਾਨ ਨਾਈਮਜਾਰਾ ਨਾਕਾ ਲਗਾਇਆ ਗਿਆ।
''ਕਰੀਬ 3 ਵਜੇ ਰਾਤ ਚਾਰ ਆਦਮੀ ਮਜਾਰਾ ਕਲਾਂ ਵੱਲੋਂ ਪੁਲ ਉਕਤ ਵੱਲ ਆਉਂਦੇ ਪਾਏ ਗਏ, ਜਿੰਨਾਂ ਨੂੰ ਕਰੀਬ ਆਉਣ ਉਪਰ 'ਠਹਿਰੋ ਕੋਣ ਹੈ?...', ਦੀ ਆਵਾਜ਼ ਦਿੱਤੀ ਤਾਂ ਉਕਤ ਪੁਰਸ਼ਾਂ ਨੇ 4/5 ਫਾਇਰ ਨਾਕਾ ਪਾਰਟੀ ਵੱਲ ਨੂੰ ਆਪਣੇ ਦਸਤੀ ਹਥਿਆਰਾਂ ਨਾਲ ਕੀਤੇ।''
ਐੱਫ਼ਆਈਆਰ ਮੁਤਾਬਕ ਇਸ ਦੌਰਾਨ ਹੋਏ ਮੁਕਾਬਲੇ ਵਿੱਚ ਬੂਝਾ ਸਿੰਘ ਦੀ ਮੌਤ ਹੋ ਗਈ।
ਦਰਸ਼ਨ ਖਟਕੜ ਕਹਿੰਦੇ ਹਨ ਕਿ ਬੂਝਾ ਸਿੰਘ ਦੀ ਪਹਿਲਾਂ ਹੀ ਫਿਲੌਰ ਨੇੜੇ ਛੋਟੇ ਜਿਹੇ ਪਿੰਡ ਨਗਰ ਤੋਂ ਗ੍ਰਿਫ਼ਤਾਰੀ ਕਰ ਲਈ ਗਈ ਸੀ।
ਉਹ ਕਹਿੰਦੇ ਹਨ, ''…..ਪੁਲਿਸ ਨੇ ਪੁਲ ਕੋਲ ਲਿਜਾ ਕਿ ਝੂਠਾ ਮੁਕਾਬਲਾ ਬਣਾਇਆ।''
ਵਿਧਾਨ ਸਭਾ 'ਚ ਗੂੰਜ
ਇਸ ਬਾਰੇ ਬਾਅਦ ਵਿੱਚ ਬਣੇ ਜਸਟਿਸ ਵੀਐੱਮ ਤਾਰਕੁੰਡੇ ਕਮਿਸ਼ਨ ਨੇ ਕਈ ਹੋਰ ਕੇਸਾਂ ਦੇ ਨਾਲ-ਨਾਲ ਬੂਝਾ ਸਿੰਘ ਦੇ ਕੇਸ ਨੂੰ ਵੀ ਮੁਕਾਬਲਾ ਨਾ ਮੰਨਦਿਆ ਪੁਲਿਸ ਦੀ ਬੇਰਹਿਮੀ ਨਾਲ ਹੋਇਆ ਕਤਲ ਦੱਸਿਆ।
ਇਸ ਕਮੇਟੀ ਦੇ ਮੈਂਬਰਾਂ ਵਿੱਚ ਪੱਤਰਕਾਰ ਕੁਲਦੀਪ ਨਈਅਰ ਅਤੇ ਅਰੁਣ ਸ਼ੌਰੀ ਵੀ ਸ਼ਾਮਿਲ ਸਨ।
ਸਿੱਧੂ ਦੱਸਦੇ ਹਨ ਕਿ ਪੰਜਾਬ ਵਿਧਾਨ ਸਭਾ ਵਿੱਚ ਉਸ ਸਮੇਂ ਵਿਧਾਇਕ ਸੱਤਪਾਲ ਡਾਂਗ ਅਤੇ ਦਲੀਪ ਸਿਘ ਟਪਿਆਲਾ ਨੇ ਇਸ ਰਿਪੋਰਟ ਨੂੰ ਪੇਸ਼ ਕੀਤਾ।
ਅਜਮੇਰ ਸਿੱਧੂ ਦੀ ਕਿਤਾਬ ਵਿੱਚ ਛਪੀ ਵਿਧਾਨ ਸਭਾ ਦੀ ਪ੍ਰੋਸੀਡਿੰਗ ਮੁਤਾਬਕ ਮੁੱਖ ਮੰਤਰੀ ਨੇ ਕਿਹਾ ਸੀ, ''ਸਪੀਕਰ ਸਾਹਿਬ, ਮੈਜਿਸਟਰੀਅਲ ਇਨਕੁਆਇਰੀ ਹੋ ਚੁੱਕੀ ਹੈ, ਇਸ ਲਈ ਹੋਰ ਇਨਕੁਆਇਰੀ ਦੀ ਲੋੜ ਨਹੀਂ ਹੈ। ਜਿਹੜੀ ਤਾਰਕੁੰਡੇ ਕਮੇਟੀ ਦੀ ਰਿਪੋਰਟ ਦਾ ਇਹ ਜ਼ਿਕਰ ਕਰਦੇ ਹਨ, ਉਹ ਇੱਕ ਪ੍ਰਾਈਵੇਟ ਇਨਕੁਆਇਰੀ ਹੋਈ ਹੈ। ਸਰਕਾਰ ਨੇ ਉਸ ਨੂੰ ਕੋਈ ਰਿਕਾਰਡ ਨਹੀਂ ਸੀ ਦੇਣਾ। ਕਾਨੂੰਨ ਦੇ ਮੁਤਾਬਿਕ ਜੋ ਹੋਣਾ ਸੀ, ਉਹ ਹੋਇਆ ਹੈ। ਇਸ ਲਈ ਦੁਬਾਰਾ ਇਨਕੁਆਇਰੀ ਦੀ ਲੋੜ ਨਹੀਂ ਹੈ।'
ਦੁਨੀਆਂ ਭਰ ਦਾ ਤਜ਼ਰਬਾ ਤੇ ਨੌਜਵਾਨਾਂ ਨੂੰ ਸਿਖਲਾਈ
ਬੂਝਾ ਸਿੰਘ ਦਾ ਵਿਆਹ ਧੰਤੀ (ਧੰਨ ਕੌਰ) ਨਾਲ ਹੋਇਆ ਸੀ ਅਤੇ ਉਹਨਾਂ ਦੇ ਦੋ ਧੀਆਂ, ਨਸੀਬ ਕੌਰ ਉਰਫ਼ ਰੇਸ਼ਮ ਕੌਰ ਤੇ ਅਜੀਤ ਕੌਰ, ਅਤੇ ਇੱਕ ਪੁੱਤਰ ਹਰਦਾਸ ਸਿੰਘ ਸਨ।
ਹਰਦਾਸ ਸਿੰਘ ਦੀ ਅਮਰੀਕਾ ਰਹਿੰਦੀ 71 ਸਾਲਾ ਧੀ ਹਰਦੀਪ ਕੌਰ ਕਹਿੰਦੇ ਹਨ, ''ਬੂਝਾ ਸਿੰਘ ਦਾ ਸਫ਼ਰ ਇਹੋ ਸਿਖਾਉਂਦਾ ਹੈ ਕਿ ਇਨਸਾਨ ਨੂੰ ਕਿਸ ਤਰ੍ਹਾਂ ਰਹਿਣਾ ਚਾਹੀਦਾ ਹੈ। ਇੱਕ ਤਾਂ ਬਾਬਾ ਜੀ ਗੁਰਬਾਣੀ ਪੜ੍ਹੇ ਸਨ, ਦੂਜਾ ਉਹਨਾਂ ਦਾ ਚੀਨ, ਦੱਖਣੀ ਅਮਰੀਕਾ, ਇੰਗਲੈਂਡ ਅਤੇ ਰੂਸ ਦਾ ਤਜ਼ਰਬਾ ਸੀ। ਉਹਨਾਂ ਕੋਲ ਦੁਨੀਆਂ ਭਰ ਦਾ ਤਜ਼ਰਬਾ ਹੋ ਗਿਆ ਸੀ। ਜਦੋਂ ਉਹ ਭਾਰਤ ਆਏ ਤਾਂ ਉਹਨਾਂ ਕਿਹਾ ਕਿ ਬਦਲਾਅ ਕਰਨਾ ਹੀ ਪੈਣਾ ਹੈ।''
ਹਰਦੀਪ ਕੌਰ ਮੁਤਾਬਕ, ''ਬੂਝਾ ਸਿੰਘ ਨੇ ਕਦੇ ਵੀ ਨਿੱਜੀ ਸਵਾਰਥ ਲਈ ਕੰਮ ਨਹੀਂ ਕੀਤਾ। ਜਦੋਂ ਕਿਸੇ ਦਾ ਇੱਕ ਵਿਚਾਰ 'ਤੇ ਵਿਸ਼ਵਾਸ ਬਣ ਜਾਵੇ ਕਿ ਇਹ ਕਰਨਾ ਹੀ ਹੈ ਤਾਂ ਉਮਰ ਦਾ ਕੋਈ ਫ਼ਰਕ ਨਹੀਂ ਪੈਂਦਾ। ਉਹਨਾਂ ਨੇ ਸਾਰੀ ਜ਼ਿੰਦਗੀ ਸੰਘਰਸ਼ ਨਹੀਂ ਛੱਡਿਆ। ਉਹ ਨੌਜਵਾਨਾਂ ਨੂੰ ਸਿਖਾਉਂਦੇ ਸਨ ਕਿ ਅਸੀਂ ਇਨਕਲਾਬ ਕਰਨਾ ਹੈ।''
ਉਹ ਕਹਿੰਦੇ ਹਨ, ''ਦੁਨੀਆਂ ਭਰ ਦਾ ਗਿਆਨ ਲੈਣ ਤੋਂ ਬਾਅਦ ਉਹਨਾਂ ਨੇ ਆਪਣੇ ਵਿਚਾਰ ਦਾ ਪੱਲਾ ਨਹੀਂ ਛੱਡਿਆ। ਉਹ ਚਾਹੁੰਦੇ ਸਨ ਕਿ ਦੁਨੀਆਂ ਭਰ ਵਿੱਚ ਜੋ ਗਲਤੀਆਂ ਹੋਈਆਂ, ਉਹ ਪੰਜਾਬ ਜਾਂ ਭਾਰਤ ਵਿੱਚ ਨਾ ਹੋਣ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ