ਸਿੱਧੂ ਮੂਸੇਵਾਲਾ ਕੇਸ ਦੇ ਮੁਲਜ਼ਮਾਂ ਦੀ ਜੇਲ੍ਹ 'ਚ ਲੜਾਈ ਬਾਰੇ 'ਗੋਲਡੀ ਬਰਾੜ' ਦੇ ਨਾਂ ਉੱਤੇ ਕੀਤੇ ਗਏ ਦਾਅਵੇ ਨੂੰ ਪੁਲਿਸ ਨੇ ਦੱਸਿਆ ਝੂਠਾ

ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੀ ਗੋਇੰਦਵਾਲ ਜੇਲ੍ਹ ਵਿਚ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਕੁਝ ਮੁਲਜ਼ਮ ਆਪਸ ਵਿੱਚ ਭਿੜ ਪਏ।
ਇਸ ਲੜਾਈ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਕਥਿਤ ਗੈਂਗਸਟਰ ਜ਼ੇਰੇ ਇਲਾਜ ਹਨ।
ਜਿਨ੍ਹਾਂ ਨੂੰ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ 32 ਵਿਚਲੇ ਮੈਡੀਕਲ ਕਾਲਜ ਵਿੱਚ ਲਿਆਂਦਾ ਗਿਆ ਹੈ।
ਇਸ ਵਾਰਦਾਤ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਉੱਤੇ ਕਥਿਤ ਤੌਰ 'ਤੇ ਗੋਲਡੀ ਬਰਾੜ ਵੱਲੋਂ ਲੈਣ ਦੀ ਗੱਲ ਆਖੀ ਗਈ ਸੀ।
ਇਸ ਬਾਰੇ ਪੰਜਾਬ ਪੁਲਿਸ ਨੇ ਹੁਣ ਜਾਣਕਾਰੀ ਦਿੱਤੀ ਹੈ ਕਿ ਗੋਲਡੀ ਬਰਾੜ ਵੱਲੋਂ ਕਥਿਤ ਤੌਰ ਉੱਤੇ ਜ਼ਿੰਮੇਵਾਰੀ ਲੈਣ ਦੀ ਪੋਸਟ ਝੂਠੀ ਹੈ।
ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ਰਾਹੀਂ ਉਸ ਪੋਸਟ ਦੀ ਤਸਵੀਰ ਜਾਰੀ ਕਰਦਿਆਂ ਲਿਖਿਆ, ''ਪੰਜਾਬ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਖ਼ਰਾਬ ਕਰਨ ਲਈ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਝੂਠੇ ਦਾਅਵੇ ਕੀਤੇ ਜਾ ਰਹੇ ਹਨ।''
''ਇਹ ਜਨਤਾ ਦਾ ਧਿਆਨ ਖਿੱਚਣ ਲਈ ਝੂਠਾ ਦਾਅਵਾ ਹੈ। ਅਸੀਂ ਤੁਹਾਨੂੰ ਸਾਰਿਆਂ ਨੂੰ ਅਫ਼ਵਾਹਾਂ ਫੈਲਾਉਣ ਵਾਲਿਆਂ ਤੋਂ ਦੂਰ ਰਹਿਣ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸ਼ੇਅਰ ਕਰਨ ਤੋਂ ਪਹਿਲਾਂ ਖਬਰਾਂ ਦੀ ਪੁਸ਼ਟੀ ਕਰਨ ਦੀ ਸਲਾਹ ਦਿੰਦੇ ਹਾਂ।''

ਤਸਵੀਰ ਸਰੋਤ, Punjab Police

ਤਸਵੀਰ ਸਰੋਤ, Punjab Police
ਜ਼ਿਲ੍ਹੇ ਦੇ ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਨੇ ਬੀਬੀਸੀ ਪੰਜਾਬੀ ਦੇ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨਾਲ ਫੋਨ ਉੱਤੇ ਗੱਲਬਾਤ ਦੌਰਾਨ ਜੇਲ੍ਹ ਵਿੱਚ ਹੋਈ ਗਿਰੋਹਾਂ ਦੀ ਲੜਾਈ ਦੀ ਪੁਸ਼ਟੀ ਕੀਤੀ ਹੈ।
ਪੁਲਿਸ ਮੁਤਾਬਕ ਇਸ ਲੜਾਈ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋਈ ਹੈ, ਜਿਨ੍ਹਾਂ ਦੀ ਸ਼ਨਾਖ਼ਤ ਮਨਦੀਪ ਸਿੰਘ (ਤੁਫਾਨ) ਅਤੇ ਮਨਮੋਹਨ ਸਿੰਘ ( ਮੋਹਣਾ) ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਇੱਕ ਹੋਰ ਗੈਂਗਸਟਰ ਕੇਸ਼ਵ ਬਠਿੰਡਾ ਗੰਭੀਰ ਜਖ਼ਮੀ ਹੈ ਅਤੇ ਉਸਨੂੰ ਇਲਾਜ ਲ਼ਈ ਅਮ੍ਰਿਤਸਰ ਭੇਜਿਆ ਗਿਆ ਹੈ।
ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਪੰਜਾਬ ਪੁਲਿਸ ਐਂਬੂਲੈਂਸ ਵਿੱਚ ਕੇਸ਼ਵ ਬਠਿੰਡਾ ਨੂੰ ਇਲਾਜ ਲਈ ਲਿਆਈ ਹੈ, ਐਂਬੂਲੈਂਸ ਡਰਾਇਵਰ ਨੇ ਮੀਡੀਆ ਨੂੰ ਦੱਸਿਆ ਕਿ ਜੇਲ੍ਹ ਤੋਂ ਆਉਂਦੇ ਸਮੇਂ 2 ਜਣਿਆਂ ਦੀ ਰਾਹ ਵਿੱਚ ਮੌਤ ਹੋ ਗਈ ਅਤੇ ਤੀਜੇ ਨੂੰ ਇੱਥੇ ਰੈਫਰ ਕੀਤਾ ਗਿਆ ਸੀ।
ਜਿਸ ਦੇ ਸਿਰ ਵਿੱਚ ਕਾਫ਼ੀ ਸੱਟਾਂ ਵੱਜੀਆਂ ਹਨ ਅਤੇ ਉਸ ਨੂੰ ਗੰਭੀਰ ਹਾਲਤ ਵਿੱਚ ਐਂਮਰਜੈਂਸੀ ਵਿੱਚ ਭਰਤੀ ਕਰਵਾਇਆ ਗਿਆ ਹੈ।
ਗੋਇੰਦਵਾਲ ਜੇਲ੍ਹ ਦੇ ਬਾਹਰ ਬੈਠੇ ਮਨਦੀਪ ਸਿੰਘ ਤੂਫਾਨ ਦੇ ਪਿਤਾ ਦਾ ਇੱਕ ਵੀਡੀਓ ਚੱਲ ਰਿਹਾ ਹੈ। ਜਿਸ ਵਿੱਚ ਉਹ ਆਪਣੇ ਪੁੱਤਰ ਮਨਦੀਪ ਲਈ ਵਿਰਲਾਪ ਕਰਦੇ ਨਜ਼ਰ ਆ ਰਹੇ ਹਨ ਅਤੇ ਉਹ ਪ੍ਰਸ਼ਾਸਨ 'ਤੇ ਇਲਜ਼ਾਮ ਲਗਾ ਰਹੇ ਹਨ।
ਇਹ ਕਹਿ ਰਹੇ ਹਨ, "ਮੇਰੇ ਪੁੱਤ ਨੂੰ ਰਲੀ-ਭੁਗਤ ਨੇ ਮਾਰਿਆ ਹੈ।"
ਕੌਣ ਹੈ ਮਨਦੀਪ ਸਿੰਘ ਤੁਫ਼ਾਨ ?
ਬੀਬੀਸੀ ਪੱਤਰਕਾਰ ਗਗਨਦੀਪ ਸਿੰਘ ਮੁਤਾਬਕ ਮਨਦੀਪ ਸਿੰਘ ਤੁਫ਼ਾਨ ਬਟਾਲਾ ਦਾ ਰਹਿਣ ਵਾਲਾ ਹੈ। ਉਸ ਨੇ ਕਥਿਤ ਤੌਰ 'ਤੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਲਈ ਹਥਿਆਰ ਮੁਹੱਈਆ ਕਰਵਾਏ ਸਨ। ਤੁਫਾਨ ਦੀ ਗ੍ਰਿਫ਼ਤਾਰੀ ਸਤੰਬਰ 2022 ਵਿੱਚ ਹੋਈ ਸੀ।
ਪੰਜਾਬ ਪੁਲਿਸ ਮੁਤਾਬਕ ਤੁਫ਼ਾਨ ਨੇ ਗੈਂਗਸਟਰ ਕਪਿਲ ਪੰਡਿਤ ਅਤੇ ਸਚਿਨ ਥਾਪਨ ਨਾਲ ਮੂਸੇਵਾਲਾ ਪਿੰਡ ਵਿੱਚ ਦੋ ਜਾਂ ਤਿੰਨ ਵਾਰ ਫ਼ਰਵਰੀ 2022 ਵਿੱਚ ਰੇਕੀ ਕੀਤੀ ਸੀ ਅਤੇ ਪੁਲਿਸ ਦੀ ਵਰਦੀ ਦਾ ਪ੍ਰਬੰਧ ਕੀਤਾ ਸੀ। ਪਰ ਉਸ ਸਮੇਂ ਵਾਰ-ਵਾਰ ਕੋਸ਼ਿਸ਼ ਕਰਨ ਦੇ ਬਾਅਦ ਵੀ ਅਸਫ਼ਲ ਰਿਹਾ ਸੀ।
ਮਨਮੋਹਨ ਸਿੰਘ ਮੋਹਣਾ ਕੌਣ ਹੈ?
ਮਨਮੋਹਨ ਸਿੰਘ (ਮੋਹਣਾ) ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਉਹ ਕਰੀਬ 8 ਤੋਂ 10 ਅਪਰਾਧਿਕ ਕੇਸਾਂ ਦੀ ਸਾਹਮਣਾ ਕਰ ਰਿਹਾ ਹੈ। ਮੌਹਣਾ ਉਪਰ ਗਾਇਕ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਦਾ ਇਲਜ਼ਾਮ ਸੀ।
ਉਹ ਵਿਧਾਨ ਸਭਾ ਚੋਣਾਂ ਸਮੇਂ ਮੂਸੇਵਾਲਾ ਨਾਲ ਘੁੰਮਦਾ ਰਿਹਾ ਸੀ। ਮੌਹਣਾ ’ਤੇ ਵੋਟਾਂ ਸਮੇਂ ਸਿੱਧੂ ਦੀ ਰੇਕੀ ਕਰਨ ਦਾ ਇਲਜ਼ਾਮ ਸੀ।

ਤਸਵੀਰ ਸਰੋਤ, Punjabdgp/twitter
ਕੌਣ ਹੈ ਕੇਸ਼ਵ ਬਠਿੰਡਾ
29 ਸਾਲਾ ਕੇਸ਼ਵ ਬਠਿੰਡਾ ਨੇ ਘਟਨਾ ਤੋਂ ਬਾਅਦ ਸ਼ੂਟਰ ਪ੍ਰਿਆਵਰਤ ਫੌਜੀ ਅਤੇ ਕਸ਼ਿਸ਼ ਉਰਫ਼ ਕੁਲਦੀਪ ਨੂੰ ਉਥੋਂ ਨਿਕਲਣ ਵਿੱਚ ਮਦਦ ਕੀਤੀ ਅਤੇ ਸ਼ੂਟਰਾਂ ਨਾਲ ਸਾਰੀਆਂ ਰੇਕੀਆਂ ਵਿੱਚ ਸਾਥ ਦਿੱਤਾ।
ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਹੋਰਨਾਂ ਦੇ ਨਾਲ-ਨਾਲ ਇਹ ਵੀ ਮੁੱਖ ਮੁਲਜ਼ਮ ਹੈ। ਉਸ ਨੇ ਸਾਰੇ ਸ਼ੂਟਰਾਂ ਨੂੰ ਮਾਨਸਾ ਜ਼ਿਲ੍ਹਾ ਦੇ ਸਾਰੀਆਂ ਸੜਕਾਂ ਬਾਰੇ ਜਾਣਕਾਰੀ ਦਿੱਤੀ।
ਉਹ ਆਲਟੋ ਕਾਰ ਆਪ ਚਲਾ ਕੇ ਸਿੱਧੂ ਮੂਸੇਵਾਲਾ ਦੇ ਸ਼ੂਟਰਾਂ ਨੂੰ ਫਤਿਹਾਬਾਦ ਲੈ ਕੇ ਗਿਆ ਸੀ।
ਮਨਦੀਪ ਤੂਫ਼ਾਨ ਬਾਰੇ ਪੁਲਿਸ ਨੇ ਕੀ ਕਿਹਾ ਸੀ
ਮਨਦੀਪ ਤੂਫ਼ਾਨ ਅਤੇ ਮਨਪ੍ਰੀਤ ਮਨੀ ਰਈਆ ਨੂੰ ਏਜੀਟੀਐਫ ਨੇ ਸਤੰਬਰ 2022 ਵਿੱਚ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਸੀ।
ਉਸ ਸਮੇਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਸੀ ਕਿ ਮਨਦੀਪ ਤੂਫ਼ਾਨ ਅਤੇ ਮਨੀ ਰਈਆ ਕਥਿਤ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸਾਥੀ ਸਨ।
ਪੁਲਿਸ ਨੇ ਕਿਹਾ ਸੀ ਕਿ ਇਹ ਦੋਵੇਂ ਕਤਲ, ਲੁੱਟ ਖੋਹ ਦੇ ਕਈ ਮਾਮਲਿਆਂ ਵਿੱਚ ਲੋੜੀਂਦੇ ਸਨ ਅਤੇ ਇਹਨਾਂ ਦੀਆਂ ਤਾਰਾਂ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਵੀ ਜੁੜੀਆਂ ਸਨ।
ਸਿਆਸੀ ਪ੍ਰਤੀਕਰਮ
ਭਾਜਪਾ ਆਗੂ ਹਰਜੀਤ ਗਰੇਵਾਲ ਦਾ ਕਹਿਣਾ ਹੈ ਕਿ ਲੋਕ ਸੁਰੱਖਿਅਤ ਹੋਣ ਇਸ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਲੋਕ ਸੁਰੱਖਿਅਤ ਮਹਿਸੂਸ ਕਰਨ। ਇਸ ਦੀ ਜਾਂਚ ਹੋਣੀ ਚਾਹੀਦੀ ਹੈ।
ਉਨ੍ਹਾਂ ਨੇ ਅੱਗੇ ਕਿਹਾ, "ਇਸ ਤਰ੍ਹਾਂ ਗੈਗਸਟਰਾਂ ਜਾਂ ਹੋਰਨਾਂ ਦੇ ਹੌਂਸਲੇ ਹੋਰ ਬੁਲੰਦ ਹੋਣਗੇ। ਇਸਦੇ ਨਾਲ ਮੂਸੇਵਾਲਾ ਦੀ ਇੱਕ ਚੈਨ ਵੀ ਟੁੱਟੇਗੀ ਜਿਸ ਵਿੱਚ ਇਹ ਅਹਿਮ ਕੜੀ ਹੈ। ਜੇ ਮੂਸੇਵਾਲਾ ਨੂੰ ਮਾਤਾ-ਪਿਤਾ ਨੂੰ ਇਨਸਾਫ਼ ਦਿਵਾਉਣਾ ਹੈ ਤਾਂ ਇਨ੍ਹਾਂ ਨੂੰ ਬਚਾਉਣਾ ਪਵੇਗਾ।"
ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ, "ਜਿਹੜੇ ਨਿੱਕੇ ਗੁਰਗੇ ਫੜ੍ਹੇ ਹੋਏ ਹਨ, ਜਿਨ੍ਹਾਂ ਤੋਂ ਕੋਈ ਜਾਣਕਾਰੀ ਮਿਲ ਸਕਦੀ ਸੀ, ਜੇ ਇ੍ਹਨ੍ਹਾਂ ਦਾ ਕਤਲ ਹੋ ਜਾਂਦਾ ਹੈ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਵਾਬ ਦੇਵੇ ਕਿ ਇਹ ਨਾਲਾਇਕੀ ਹੈ ਜਾਂ ਸਾਜ਼ਿਸ਼ ਹੈ।"
"ਜੇ ਇਹ ਸਾਜ਼ਿਸ਼ ਹੈ ਤਾਂ ਫਿਰ ਇਸ ਬਾਰੇ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਸ ਸਊ ਨਾਲ ਸਿੱਧੂ ਮੂਸੇਵਾਲਾ ਦਾ ਕੇਸ ਪ੍ਰਭਾਵਿਤ ਹੁੰਦਾ ਹੈ।"
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)












