'ਡਾਂਸਿੰਗ ਆਨ ਦਿ ਗ੍ਰੇਵ' : 32 ਸਾਲ ਪੁਰਾਣੇ ਭੇਦਭਰੇ ਕਤਲ ਦੀ ਕਹਾਣੀ, ਜਿਸ 'ਤੇ ਬਣੀ ਹੈ ਫਿਲਮ

ਤਸਵੀਰ ਸਰੋਤ, @AMAZON PRIME
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੀਬੀਸੀ ਲਈ
“ਉਨ੍ਹਾਂ ਨੇ ਇੱਕ ਔਰਤ ਦੇ ਤਿੰਨ ਸਾਲ ਪੁਰਾਣੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਪੁਲਿਸ ਕਮਿਸ਼ਨਰ ਨੇ ਅੱਜ ਸਾਡੇ ਨਾਲ (ਮੀਡੀਆ ਨਾਲ) ਮੁਲਾਕਾਤ ਕੀਤੀ, ਜਿਸ ਕਾਰਨ ਮੈਨੂੰ ਦਫ਼ਤਰ ਪਹੁੰਚਣ ’ਚ ਦੇਰੀ ਹੋ ਗਈ।”
28 ਮਾਰਚ 1994 ਨੂੰ ਦੇਰ ਰਾਤ ਬੈਂਗਲੁਰੂ ਦੇ ਇੱਕ ਨਿਊਜ਼ਰੂਮ ’ਚ ਦਾਖ਼ਲ ਹੁੰਦਿਆਂ ਇਹ ਗੱਲ ਰਿਪੋਰਟਰ ਨੇ ਆਪਣੇ ਬਿਊਰੋ ਚੀਫ਼ ਨੂੰ ਕਹੀ।
ਜਦੋਂ ਰਿਪੋਰਟਰ ਨੇ ਮਾਮਲੇ ਨਾਲ ਜੁੜੀ ਹੋਰ ਜਾਣਕਾਰੀ ਦਿੱਤੀ ਤਾਂ ਬਿਊਰੋ ਚੀਫ਼ ਇਹ ਅੰਦਾਜ਼ਾ ਲਗਾਉਣ ਲੱਗੇ ਕਿ ਇਹ ਸਟੋਰੀ ਕਿੰਨੀ ਕੁ ਵੱਡੀ ਹੋ ਸਕਦੀ ਹੈ।
ਸ਼ਹਿਰ ’ਚ ਨਵੇਂ ਆਏ ਇਸ ਰਿਪੋਰਟਰ ਨੇ ਕਿਹਾ, “ਉਹ ਮੈਸੂਰ ਦੇ ਦੀਵਾਨ ਦੀ ਪੋਤੀ ਹੈ।”
ਬਿਊਰੋ ਚੀਫ਼ ਨੇ ਪੁੱਛਿਆ, “ਕਿਹੜਾ ਦੀਵਾਨ?”
ਰਿਪੋਰਟਰ ਨੇ ਜਵਾਬ ਦਿੱਤਾ, "ਸਰ ਮਿਰਜ਼ਾ ਇਸਮਾਈਲ।”
ਸਰ ਮਿਰਜ਼ਾ ਇਸਮਾਈਲ 1926-41 ਤੱਕ ਨਾ ਸਿਰਫ਼ ਮੈਸੂਰ ਦੇ ਦੀਵਾਨ ਸਨ, ਜਿਨ੍ਹਾਂ ਨੇ ਨਾ ਸਿਰਫ਼ ਬੰਗਲੁਰੂ ਅਤੇ ਮੈਸੂਰ ਨੂੰ ਸਜਾਉਣ ਦਾ ਕੰਮ ਕੀਤਾ ਸੀ, ਸਗੋਂ ਉਨ੍ਹਾਂ ਨੇ ਕਿਲ੍ਹੇ ਤੋਂ ਬਾਹਰ ਜੈਪੁਰ ਵੀ ਬਣਾਇਆ ਸੀ। ਉਨ੍ਹਾਂ ਨੇ 1942 ਤੋਂ 1946 ਦਰਮਿਆਨ ਸੈਰ-ਸਾਟੇ ਦੇ ਲਈ ਬੁਨਿਆਦੀ ਢਾਂਚਾ ਤਿਆਰ ਕਰਨ ਦਾ ਕੰਮ ਵੀ ਕੀਤਾ ਸੀ।
ਪਾਕਿਸਤਾਨ ਦੇ ਪ੍ਰਤੀ ਉਨ੍ਹਾਂ ਦੇ ਲਗਾਅ ਕਾਰਨ ਨਿਜ਼ਾਮ ਨਾਲ ਮਤਭੇਦ ਹੋਇਆ ਅਤੇ ਜਿਸ ਕਰਕੇ ਹੈਦਰਾਬਾਦ ਦੇ ਦੀਵਾਨ ਵੱਜੋਂ (1947-48) ਉਨ੍ਹਾਂ ਦਾ ਕਰੀਅਰ ਖ਼ਤਮ ਹੋ ਗਿਆ।
ਇਹ ਪਹਿਲੀ ਵਾਰ ਸੀ ਜਦੋਂ ਸਾਨੂੰ ਪਤਾ ਲੱਗਿਆ ਕਿ ਦੀਵਾਨ ਦੀ ਇੱਕ ਪੋਤੀ ਵੀ ਸੀ, ਜਿਸ ਦਾ ਨਾਮ ਸ਼ਾਕੀਰਾ ਖ਼ਲੀਲੀ ਸੀ।
ਉਨ੍ਹਾਂ ਦਾ ਵਿਆਹ ਪਹਿਲਾਂ ਭਾਰਤੀ ਵਿਦੇਸ਼ ਸੇਵਾ ਦੇ ਇੱਕ ਅਧਿਕਾਰੀ ਅਕਬਰ ਖ਼ਲੀਲੀ ਨਾਲ ਹੋਇਆ ਸੀ, ਜਿਨ੍ਹਾਂ ਨੇ ਈਰਾਨ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ’ਚ ਰਾਜਦੂਤ ਅਤੇ ਭਾਰਤੀ ਹਾਈ ਕਮਿਸ਼ਨਰ ਦੇ ਮਹੱਤਵਪੂਰਨ ਅਹੁਦਿਆਂ ’ਤੇ ਸੇਵਾਵਾ ਨਿਭਾਈਆਂ ਸਨ। ਉਹ ਮੱਧ ਪੂਰਬ ਦੇ ਵੀ ਮਾਹਰ ਸਨ।

ਤਸਵੀਰ ਸਰੋਤ, @AMAZON PRIME
ਤਿੰਨ ਸਾਲ ਪੁਰਾਣੀ ਸੀ ਗੁੰਮਸ਼ੁਦਗੀ ਦੀ ਸ਼ਿਕਾਇਤ
ਪੁਲਿਸ ਨੇ ਬਹੁਤ ਹੀ ਮਾਣ ਨਾਲ ਇਹ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ ਤਿੰਨ ਸਾਲ ਪੁਰਾਣੀ ਗੁੰਮਸ਼ੁਦਗੀ ਦੀ ਸ਼ਿਕਾਇਤ ਨੂੰ ਸੁਲਝਾ ਲਿਆ ਹੈ, ਜੋ ਕਿ ਸ਼ਾਕੀਰਾ ਦੀ ਧੀ ਸਬਾ ਖ਼ਲੀਲੀ ਨੇ ਦਰਜ ਕਰਵਾਈ ਸੀ।
ਪੁਲਿਸ ਕਮਿਸ਼ਨਰ ਪੀ ਕੋਦੰਡਾਰਮਈਆ ਨੇ ਉਸ ਰਾਤ ਇਸ ਰਿਪੋਰਟਰ ਨੂੰ ਦੱਸਿਆ ਸੀ, “ਮੈਂ ਪਹਿਲੀ ਵਾਰ ਇਸ ਔਰਤ ਨੂੰ ਉਦੋਂ ਮਿਲਿਆ ਸੀ ਜਦੋਂ ਉਹ ਆਪਣੀ ਗੁੰਮਸ਼ੁਦਗੀ ਦੀ ਰਿਪੋਰਟ ’ਤੇ ਕੋਈ ਕਾਰਵਾਈ ਨਾ ਕਰਨ ’ਤੇ ਪੁਲਿਸ ’ਤੇ ਚੀਕਦਿਆਂ ਹੋਇਆਂ ਮੇਰੇ ਦਫ਼ਤਰ ’ਚ ਆਈ ਸੀ।”
ਸ਼ਿਕਾਇਤਕਰਤਾ ਸਬਾ ਖ਼ਲੀਲੀ ਦਫ਼ਤਰ ’ਚ ਪਹੁੰਚ ਕੇ ਉੱਚੀ-ਉੱਚੀ ਚੀਕਣ ਲੱਗੀ ਅਤੇ ਉਸ ਤੋਂ ਬਾਅਦ ਪੁਲਿਸ ਕਮਿਸ਼ਨਰ ਪੀ ਕੋਦੰਡਾਰਮਈਆ ਅਤੇ ਦੂਜੇ ਸਟਾਫ ਦੇ ਸਾਹਮਣੇ ਜ਼ੋਰ-ਜ਼ੋਰ ਦੀ ਰੋਣ ਲੱਗ ਪਈ ਸੀ।
ਇੱਕ ਵਾਰ ਥੋੜ੍ਹਾ ਸ਼ਾਂਤ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਮਾਂ ਦੀ ਕਹਾਣੀ ਸੁਣਾਈ ਅਤੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਉਨ੍ਹਾਂ ਤੱਕ ਪਹੁੰਚਣ ਲਈ ਕਿੰਨਾ ਯਤਨ ਕਰ ਰਹੀ ਹੈ।
13 ਅਪ੍ਰੈਲ 1991 ਨੂੰ ਸ਼ਾਕੀਰਾ ਖ਼ਲੀਲੀ ਆਪਣੀ ਮਾਂ ਗੌਹਰ ਤਾਜ ਨਮਾਜ਼ੀ ਨੂੰ ਮਿਲੀ ਸੀ।
6 ਦਿਨ ਬਾਅਦ ਹੀ ਸਬਾ ਵੀ ਉਨ੍ਹਾਂ ਨੂੰ ਮਿਲੀ ਸੀ। ਸ਼ਾਕੀਰਾ ਦੇ ਘਰ ਘਰੇਲੂ ਮਦਦ ਲਈ ਰੱਖੇ ਮੁਲਾਜ਼ਮਾਂ ਜੋਸਫਿਨ ਅਤੇ ਰਾਜੂ ਨੇ 28 ਮਈ 1991 ਨੂੰ ਉਨ੍ਹਾਂ ਨੂੰ ਆਖ਼ਰੀ ਵਾਰ ਵੇਖਿਆ ਸੀ। ਇਹ ਆਖ਼ਰੀ ਵਾਰ ਸੀ ਜਦੋਂ ਸ਼ਾਕੀਰਾ ਨੂੰ ਕਿਸੇ ਨੇ ਵੇਖਿਆ ਸੀ।
ਸਬਾ ਆਪਣੀ ਮਾਂ ਤੱਕ ਪਹੁੰਚਣ ਲਈ ਹੱਥ ਪੱਲੇ ਮਾਰ ਰਹੀ ਸੀ, ਉਸ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਰੋਕਣ ਦਾ ਕੰਮ ਸਵਾਮੀ ਸ਼ਰਧਾਨੰਦ ਉਰਫ਼ ਮੁਰਲੀ ਮਨੋਹਰ ਮਿਸ਼ਰਾ ਨੇ ਕੀਤਾ ਸੀ। ਸ਼ਾਕੀਰਾ ਨੇ ਅਕਬਰ ਖ਼ਲੀਲੀ ਨੂੰ ਤਲਾਕ ਦੇਣ ਤੋਂ ਬਾਅਦ ਸ਼ਰਧਾਨੰਦ ਨਾਲ ਵਿਆਹ ਕੀਤਾ ਸੀ।
ਜਦੋਂ ਵੀ ਉਹ ਮੁੰਬਈ ਤੋਂ ਸ਼ਰਧਾਨੰਦ ਨੂੰ ਫੋਨ ਕਰਦੇ ਤਾਂ ਉਹ ਕੋਈ ਨਾ ਕੋਈ ਬਹਾਨਾ ਲਗਾਉਣ ਲੱਗ ਜਾਂਦੇ।

ਤਸਵੀਰ ਸਰੋਤ, BANGALORE NEWS PHOTOS
ਕਦੇ ਉਹ ਕਹਿੰਦੇ ਕਿ ਸ਼ਾਕੀਰਾ ਇੱਕ ਵੱਡੇ ਹੀਰਾ ਵਪਾਰੀ ਦੇ ਵਿਆਹ ’ਚ ਸ਼ਾਮਲ ਹੋਣ ਲਈ ਗਈ ਹੈ ਅਤੇ ਕਦੇ ਕਹਿੰਦੇ ਕਿ ਉਹ ਅਮਰੀਕਾ ਦੇ ਇੱਕ ਮਸ਼ਹੂਰ ਹਸਪਤਾਲ ’ਚ ਗਈ ਹੈ।
ਕਈ ਵਾਰ ਤਾਂ ਇਹ ਕਹਾਣੀ ਸੁਣਾਉਂਦੇ ਕਿ ਬਹੁਤ ਸਾਰੀ ਜਾਇਦਾਦ ਹੋਣ ਕਰਕੇ ਉਹ ਆਮਦਨ ਕਰ ਵਿਭਾਗ ਤੋਂ ਡਰ ਗਈ ਹੈ ਅਤੇ ਸਾਹਮਣੇ ਨਹੀਂ ਆਉਣਾ ਚਾਹੁੰਦੀ ਹੈ।
ਸਬਾ ਨੂੰ ਸ਼ਰਧਾਨੰਦ ’ਤੇ ਸ਼ੱਕ ਹੋਣ ਲੱਗ ਪਿਆ ਸੀ ਅਤੇ ਉਨ੍ਹਾਂ ਨੇ ਆਪਣੀ ਮਾਂ ਦੇ ਲਾਪਤਾ ਹੋਣ ਪਿੱਛੇ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਸ਼ੁਰੂ ਕਰ ਦਿੱਤਾ ਸੀ।
ਪਿਤਾ ਅਕਬਰ ਖ਼ਲੀਲੀ ਤੋਂ ਤਲਾਕ ਤੋਂ ਬਾਅਦ ਸਬਾ ਇਕਲੌਤੀ ਧੀ ਸੀ ਜੋ ਕਿ ਆਪਣੀ ਮਾਂ ਨੂੰ ਮਿਲਣ ਲਈ ਅਕਸਰ ਹੀ ਬੰਗਲੁਰੂ ਆਇਆ ਕਰਦੀ ਸੀ।
ਸ਼ਾਕੀਰਾ ਨੇ ਸ਼ਰਧਾਨੰਦ ਨਾਲ ਵਿਆਹ ਕਰਨ ਤੋਂ ਬਾਅਦ ਆਪਣੀਆਂ ਚਾਰੇ ਧੀਆਂ ਅਤੇ ਆਪਣੇ ਪਰਿਵਾਰ ਨਾਲ ਪੂਰੀ ਤਰ੍ਹਾਂ ਨਾਲ ਨਾਤਾ ਤੋੜ ਦਿੱਤਾ ਸੀ।
ਰਾਮਪੁਰ ਦੀ ਬੇਗ਼ਮ ਨੇ ਜਦੋਂ ਸ਼ਰਧਾਨੰਦ ਨੂੰ ਖ਼ਲੀਲੀਆਂ ਨਾਲ ਮਿਲਵਾਇਆ ਸੀ, ਉਦੋਂ ਸ਼ਰਧਾਨੰਦ ਉਨ੍ਹਾਂ ਦੇ ਰਿਚਮੰਡ ਰੋਡ ਸਥਿਤ ਬੰਗਲੇ ’ਚ ਰਹਿਣ ਲਈ ਆ ਗਏ ਸਨ, ਕਿਉਂਕਿ ਉਹ ਜਾਇਦਾਦ ਨਾਲ ਜੁੜੇ ਮਾਮਲੇ ਵੇਖਦੇ ਸਨ ਅਤੇ ਉਨ੍ਹਾਂ ਨੇ ਖ਼ਲੀਲੀਆਂ ਦੇ ਜਾਇਦਾਦ ਸਬੰਧੀ ਕੁਝ ਮਾਮਲਿਆਂ ਦਾ ਨਿਪਟਾਰਾ ਵੀ ਕੀਤਾ ਸੀ।
ਉਹਨਾਂ ਦਿਨਾਂ ਵਿੱਚ ਅਕਬਰ ਖ਼ਲੀਲੀ ਈਰਾਨ ’ਚ ਸੇਵਾਵਾ ਨਿਭਾ ਰਹੇ ਸਨ ਅਤੇ ਜ਼ਿਆਦਾਤਰ ਡਿਪਲੋਮੈਟ ਉਨ੍ਹਾਂ ਦੇਸ਼ਾਂ ਦੇ ਘਰੇਲੂ ਹਾਲਾਤਾਂ ਕਾਰਨ ਆਪਣੇ ਪਰਿਵਾਰਾਂ ਨੂੰ ਨਾਲ ਨਹੀਂ ਲੈ ਕੇ ਨਹੀਂ ਜਾ ਸਕਦੇ ਸਨ।
ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਸ਼ਰਧਾਨੰਦ ਅਤੇ ਸ਼ਾਕੀਰਾ ਦਰਮਿਆਨ ਨਜ਼ਦੀਕੀਆਂ ਵਧਣ ਲੱਗੀਆਂ। ਸ਼ਰਧਾਨੰਦ ਇਸ ਗੱਲ ਤੋਂ ਜਾਣੂ ਸਨ ਕਿ ਸ਼ਾਕੀਰਾ ਇੱਕ ਪੁੱਤਰ ਦੀ ਚਾਹ ਰੱਖਦੀ ਹੈ ਅਤੇ ਉਹ ਅਜਿਹਾ ਕਰਨ ਲਈ ਪਾਗ਼ਲ ਹੈ।
ਸ਼ਰਧਾਨੰਦ ਨੇ ਸ਼ਾਕੀਰਾ ਅੱਗੇ ਦਾਅਵਾ ਕੀਤਾ ਕਿ ਉਸ ਕੋਲ ਕੁਝ ਅਜਿਹੀਆਂ ਸ਼ਕਤੀਆਂ ਹਨ ਜਿੰਨ੍ਹਾਂ ਨਾਲ ਇਹ ਸੰਭਵ ਹੋ ਸਕਦਾ ਹੈ।
ਗੁੰਮਸ਼ੁਦਗੀ ਦੀ ਸ਼ਿਕਾਇਤ ਦੀ ਜਾਂਚ ਉਸ ਸਮੇਂ ਅੱਗੇ ਵਧੀ ਜਦੋਂ ਪੁਲਿਸ ਕਮਿਸ਼ਨਰ ਪੀ ਕੋਦੰਡਾਰਮਈਆ ਨੇ ਇਸ ਮਾਮਲੇ ਨੂੰ ਸੀਸੀਬੀ ਭਾਵ ਸੈਂਟਰਲ ਕ੍ਰਾਈਮ ਬ੍ਰਾਂਚ (ਕੇਂਦਰੀ ਅਪਰਾਧ ਸ਼ਾਖਾ) ਨੂੰ ਸੌਂਪਿਆ।

ਸ਼ਾਕੀਰਾ ਦਾ ਗਾਇਬ ਹੋਣਾ
- 13 ਅਪ੍ਰੈਲ 1991 ਨੂੰ ਸ਼ਾਕੀਰਾ ਖ਼ਲੀਲੀ ਆਪਣੀ ਮਾਂ ਗੌਹਰ ਤਾਜ ਨਮਾਜ਼ੀ ਨੂੰ ਮਿਲੀ ਸੀ।
- ਉਸ ਦੇ 6 ਦਿਨ ਬਾਅਦ ਹੀ ਸਬਾ (ਉਨ੍ਹਾਂ ਦੀ ਧੀ) ਵੀ ਉਨ੍ਹਾਂ ਨੂੰ ਮਿਲੀ ਸੀ।
- ਸ਼ਾਕੀਰਾ ਦੇ ਘਰ ਘਰੇਲੂ ਮਦਦ ਲਈ ਰੱਖੇ ਮੁਲਾਜ਼ਮਾਂ ਨੇ 28 ਮਈ 1991 ਨੂੰ ਉਨ੍ਹਾਂ ਨੂੰ ਆਖ਼ਰੀ ਵਾਰ ਵੇਖਿਆ ਸੀ।
- ਸ਼ਾਕੀਰਾ ਨੇ ਅਕਬਰ ਖ਼ਲੀਲੀ ਨਾਲ ਵਿਆਹ ਕਰਵਾਇਆ ਸੀ।
- ਫਿਰ ਉਨ੍ਹਾਂ ਨੇ ਅਕਬਰ ਖ਼ਲੀਲੀ ਤੋਂ ਤਲਾਕ ਲੈ ਲਿਆ ਸੀ।
- ਤਲਾਕ ਤੋਂ ਬਾਅਦ ਸਬਾ ਇਕਲੌਤੀ ਧੀ ਸੀ ਜੋ ਕਿ ਆਪਣੀ ਮਾਂ ਨੂੰ ਮਿਲਣ ਲਈ ਅਕਸਰ ਹੀ ਬੰਗਲੁਰੂ ਆਇਆ ਕਰਦੀ ਸੀ।

ਸੀਸੀਬੀ ਲਈ ਮੁਸ਼ਕਲਾਂ
ਤੁਹਾਡੀ ਟੀਮ ’ਚੋਂ ਕਿਸ ਨੇ ਇਸ ਮਾਮਲੇ ਨੂੰ ਹੱਲ ਕੀਤਾ ? ਇਸ ਰਿਪੋਰਟਰ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਪੀ ਕੋਦੰਡਾਰਮਈਆ ਇਸ ਸਵਾਲ ’ਤੇ ਬਹੁਤ ਹੱਸੇ ਅਤੇ ਕਿਹਾ, “ਮੀਡੀਆ ’ਚ ਤੁਹਾਡੇ ਦੂਜੇ ਸਾਥੀ ਮੈਨੂੰ ਮਾਰ ਦੇਣਗੇ।”
ਉਸ ਸਮੇਂ ਕੋਦੰਡਾਰਮਈਆ ਦੇ ਸਹਿਯੋਗੀ ਪ੍ਰੈੱਸ ਕਾਨਫਰੰਸ ਦੀ ਰਿਪੋਰਟ ਲਿਖ ਰਹੇ ਸਨ।
ਸੀਸੀਬੀ ਦੀ ਟੀਮ ਸੁਰਾਗ ਹਾਸਲ ਕਰਨ ਲਈ ਲੰਮੇ ਸਮੇਂ ਤੋਂ ਸਖ਼ਤ ਮਿਹਨਤ ਕਰ ਰਹੀ ਸੀ। ਪੁਲਿਸ ਕਾਂਸਟੇਬਲ ਮਹਾਦੇਵ ਨੂੰ ਇੱਕ ਪੁਰਾਣੀ ਅਤੇ ਅਜ਼ਮਾਈ ਹੋਈ ਤਰਕੀਬ ਸੁੱਝੀ।
ਕੋਦੰਡਾਰਮਈਆ ਨੇ ਰਿਪੋਰਟਰ ਨੂੰ ਦੱਸਿਆ, “ਉਹ ਸ਼ਾਕੀਰਾ ਦੇ ਘਰ ਦੇ ਸਹਾਇਕ ਨੂੰ ਸ਼ਰਾਬ ਪਿਲਾਉਣ ਲਈ ਬ੍ਰਿਗੇਡ ਰੋਡ ’ਤੇ ਸਥਿਤ ਇੱਕ ਮਸ਼ਹੂਰ ਥਾਂ ’ਤੇ ਲੈ ਗਿਆ। ( ਉਨ੍ਹਾਂ ਦਿਨਾਂ ’ਚ ਉੱਥੇ ਦੇਸੀ ਸ਼ਰਾਬ ਵੇਚੀ ਜਾਂਦੀ ਸੀ, ਜਿਸ ਨੂੰ ਅਰਕ ਕਿਹਾ ਜਾਂਦਾ ਸੀ)।"
"ਇਸ ਤੋਂ ਬਾਅਦ ਸਾਡੀ ਟੀਮ ਨੂੰ ਸਪੱਸ਼ਟ ਹੋ ਗਿਆ ਕਿ ਸ਼ਰਧਾਨੰਦ ਇਸ ਮਾਮਲੇ ’ਚ ਸ਼ਾਮਲ ਹੈ ਅਤੇ ਅਸੀਂ ਉਨ੍ਹਾਂ ’ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ।”
ਕਾਫ਼ੀ ਸ਼ਰਾਬ ਪੀਣ ਤੋਂ ਬਾਅਦ ਰਾਜੂ ਨੇ ਪੁਲਿਸ ਕਾਂਸਟੇਬਲ ਮਹਾਦੇਵ ਨੂੰ ਦੱਸਿਆ ਕਿ ਬੰਗਲੇ ਦੇ ਪਿੱਛੇ ਇੱਕ ਛੋਟੇ ਜਿਹੇ ਘਰ ਦੇ ਬੈੱਡਰੂਮ ਦੇ ਅੱਗੇ ਜ਼ਮੀਨ ’ਚ ਇੱਕ ਟੋਆ ਪੁੱਟਿਆ ਗਿਆ।
ਇਸ ਨੂੰ ਇਸ ਤਰ੍ਹਾਂ ਦਾ ਬਣਾਇਆ ਗਿਆ ਸੀ ਕਿ ਇਸ ’ਚ ਪਾਣੀ ਭਰਿਆ ਜਾ ਸਕੇ।
ਇਸ ਤੋਂ ਬਾਅਦ ਸ਼ਿਵਾਜੀਨਗਰ ਤੋਂ ਇੱਕ ਵੱਡਾ ਡੱਬਾ ਬਣਵਾ ਕੇ ਘਰ ਲਿਆਂਦਾ ਗਿਆ। ਇਸ ਬਕਸੇ ਜਾਂ ਡੱਬੇ ’ਚ ਪਹੀਏ ਲੱਗੇ ਹੋਏ ਸਨ, ਤਾਂ ਕਿ ਉਸ ਬਕਸੇ ਨੂੰ ਇੱਕ ਥਾਂ ਤੋਂ ਦੂਜੀ ਥਾਂ ’ਤੇ ਆਸਾਨੀ ਨਾਲ ਪਹੁੰਚਾਇਆ ਜਾ ਸਕੇ।
ਰਾਜੂ ਨੇ ਸਾਲਾਂ ਬਾਅਦ ਇੱਕ ਸਹਿਯੋਗੀ ਨੂੰ ਦੱਸਿਆ, “ਮੈਂ ਉਸ ਬਕਸੇ ਨੂੰ ਗੈਸਟ ਹਾਊਸ ’ਚੋਂ ਲਿਆਉਣ ਲਈ ਚਾਰ ਬੰਦਿਆਂ ਦੀ ਮਦਦ ਲਈ ਸੀ।”

ਤਸਵੀਰ ਸਰੋਤ, MIRZA FAMILY PHOTO
ਜਾਂਚ ਅਧਿਕਾਰੀ ਵੀਰਈਆ ਨੇ ਇਸ ਰਿਪੋਰਟਰ ਨੂੰ ਬਾਅਦ ’ਚ ਦੱਸਿਆ ਸੀ ਕਿ ਸ਼ਰਧਾਨੰਦ ਨੇ ਸੇਂਟ ਮਾਰਕਸ ਰੋਡ ਸਥਿਤ ਬੈਂਕ ਦੇ ਲਾਕਰਾਂ ਤੱਕ ਪਹੁੰਚ ਕਰਨ ਲਈ ਜਨਰਲ ਪਾਵਰ ਆਫ਼ ਅਟਾਰਨੀ ਦੀ ਵਰਤੋਂ ਕੀਤੀ ਸੀ, ਜੋ ਕਿ ਉਸ ਨੂੰ ਸ਼ਾਕੀਰਾ ਨੇ ਦਿੱਤੀ ਸੀ।
ਉਨ੍ਹਾਂ ਅੱਗੇ ਦੱਸਿਆ, “ਉਹ ਕਈ ਵਾਰ ਬੈਂਕ ਗਿਆ ਸੀ। ਸ਼ਾਕੀਰਾ ਨੇ ਮਈ 1991 ’ਚ ਆਪਣੀਆਂ ਸਾਰੀਆਂ ਜਾਇਦਾਦਾਂ ’ਚ ਸਾਂਝੇ ਖਾਤਾਧਾਰਕ ਦੇ ਰੂਪ ’ਚ ਸ਼ਰਧਾਨੰਦ ਦਾ ਨਾਮ ਹਟਵਾ ਦਿੱਤਾ ਸੀ, ਕਿਉਂਕਿ ਸ਼ਾਕੀਰਾ ਨੂੰ ਉਸ ਦੇ ਇਰਾਦਿਆਂ ’ਤੇ ਸ਼ੱਕ ਹੋ ਗਿਆ ਸੀ। ਇਹ ਉਨ੍ਹਾਂ ਦੇ ਲਾਪਤਾ ਹੋਣ ਤੋਂ ਪਹਿਲਾਂ ਦੀ ਗੱਲ ਹੈ।”
ਬੈਂਗਲੁਰੂ ਦੇ ਇੱਕ ਮਸ਼ਹੂਰ ਅਪਰਾਧਿਕ ਮਾਮਲਿਆਂ ਨੂੰ ਵੇਖਣ ਵਾਲੇ ਵਕੀਲ ਸੀਵੀ ਨਾਗੇਸ਼ ਨੂੰ ਇਸ ਮਾਮਲੇ ’ਚ ਵਿਸ਼ੇਸ਼ ਸਰਕਾਰੀ ਵਕੀਲ ਵੱਜੋਂ ਨਿਯੁਕਤ ਕੀਤਾ ਗਿਆ ਸੀ।
ਉਨ੍ਹਾਂ ਨੇ ਇਸ ਰਿਪੋਰਟਰ ਨੂੰ ਦੱਸਿਆ, “ਸਬਾ ਦੇ ਨਾਲ-ਨਾਲ ਦੂਜੀਆਂ ਧੀਆਂ ਨਾਲ ਵੀ ਉਨ੍ਹਾਂ ਦੀ ਨਜ਼ਦੀਕੀ ਸ਼ਰਧਾਨੰਦ ਨੂੰ ਪ੍ਰੇਸ਼ਾਨ ਕਰਨ ਲੱਗ ਪਈ ਸੀ।”
ਪੁਲਿਸ ਨੇ ਵੇਖਿਆ ਕਿ ਸ਼ਰਧਾਨੰਦ ਨੇ ਉਸ ਘਰ ਨੂੰ ਛੱਡ ਕੇ, ਜਿੱਥੇ ਉਹ ਅਤੇ ਸ਼ਾਕੀਰਾ ਰਹਿੰਦੇ ਹਨ, ਬਾਕੀ ਸਾਰੀਆਂ ਜਾਇਦਾਦਾਂ ਨੂੰ ਵੱਡੀ ਰਕਮ ’ਚ ਵੇਚਣ ਦਾ ਸੌਦਾ ਕਰ ਲਿਆ ਸੀ।
ਇਸ ਰਿਪੋਰਟਰ ਨੇ ਪੁੱਛਿਆ ਕਿ ਇਹ ਸੌਦਾ ਕਿੰਨੇ ’ਚ ਹੋਇਆ ਅਤੇ ਇਹ ਕਿਨ੍ਹੀ ਵੱਡੀ ਰਕਮ ਸੀ? ਤਾਂ ਕੋਦੰਡਾਰਮਈਆ ਨੇ ਜਵਾਬ ਦਿੱਤਾ, “ਆਪਣੀ ਕੁਰਸੀ ਤੋਂ ਡਿੱਗ ਨਾ ਜਾਣਾ। ਇਹ ਸੌਦਾ ਤਕਰੀਬਨ ਸੱਤ ਕਰੋੜ ਰੁਪਏ ਦਾ ਸੀ।”
( ਉਸ ਸਮੇਂ ਤੱਕ ਬੰਗਲੁਰੂ ’ਚ ਜਾਇਦਾਦਾਂ ਦੀਆਂ ਕੀਮਤਾਂ ’ਚ ਉਛਾਲ ਨਹੀਂ ਆਇਆ ਸੀ)
ਪੁਲਿਸ ਨੇ ਸ਼ਰਧਾਨੰਦ ਤੋਂ ਪੁੱਛਗਿੱਛ ਕੀਤੀ, ਜਿਸ ’ਚ ਉਸ ਨੇ ਸ਼ਾਕੀਰਾ ਨੂੰ ਕਤਲ ਕਰਨ ਦੀ ਗੱਲ ਕਬੂਲ ਕੀਤੀ।

ਤਸਵੀਰ ਸਰੋਤ, AMAZON PRIME
ਕਤਲ ਕਰਨ ਤੋਂ ਬਾਅਦ ਵੀ ਕਿਵੇਂ ਬਚਿਆ ਰਿਹਾ ?
ਕਤਲ ਦੀ ਗੱਲ ਕਬੂਲ ਕਰਨ ਤੋਂ ਬਾਅਦ ਸ਼ਰਧਾਨੰਦ ਪੁਲਿਸ ਨੂੰ ਮੌਕੇ ਵਾਲੀ ਥਾਂ ’ਤੇ ਲੈ ਗਿਆ।
ਵੀਰਈਆ ਨੇ ਦੱਸਿਆ, “ਉਸ ਨੇ ਸਾਨੂੰ ਉਹ ਥਾਂ ਵਿਖਾਈ ਜਿੱਥੇ ਉਸ ਨੇ ਉਸ ਬਕਸੇ ਨੂੰ ਧੱਕਾ ਦਿੱਤਾ ਸੀ, ਜਿਸ ਨੂੰ ਪਹੀਏ ਲੱਗੇ ਹੋਏ ਸਨ। ਉਹ ਆਪਣੀ ਪਤਨੀ ਲਈ ਰੋਜ਼ਾਨਾ ਚਾਹ ਬਣਾਉਂਦਾ ਸੀ ਅਤੇ ਉਸ ਨੇ ਉਸੇ ਚਾਹ ’ਚ ਹੀ ਇੱਕ ਦਿਨ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ ਸਨ।”
“ਫਿਰ ਉਸ ਨੇ ਸ਼ਾਕੀਰਾ ਨੂੰ ਗੱਦੇ ਸਮੇਤ ਉਸ ਬਕਸੇ ’ਚ ਪਾ ਦਿੱਤਾ ਅਤੇ ਬਕਸੇ ਦਾ ਢੱਕਣ ਚੰਗੀ ਤਰ੍ਹਾਂ ਨਾਲ ਬੰਦ ਕਰ ਦਿੱਤਾ। ਉਸ ਨੇ ਖੁਦ ਬੈੱਡਰੂਮ ’ਚ ਖਿੜਕੀ ਦੇ ਹੇਠਾਂ ਦੀ ਕੰਧ ਨੂੰ ਤੋੜ ਦਿੱਤਾ ਸੀ ਅਤੇ ਬਾਅਦ ’ਚ ਉਸ ਨੇ ਬਕਸੇ ਨੂੰ ਪਹਿਲਾਂ ਤੋਂ ਤਿਆਰ ਕੀਤੇ ਟੋਏ ’ਚ ਧੱਕ ਦਿੱਤਾ ਸੀ।”
ਉਸ ਨੇ ਸ਼ਾਕੀਰਾ ਨੂੰ ਜ਼ਿੰਦਾ ਦਫ਼ਨ ਕਰ ਦਿੱਤਾ ਸੀ। ਫੋਰੈਂਸਿਕ ਟੀਮ ਨੂੰ ਇਸ ਦੇ ਸਬੂਤ ਮਿਲੇ ਸਨ।
ਪ੍ਰੈਸ ਕਾਨਫਰੰਸ ਤੋਂ ਦੋ ਦਿਨ ਬਾਅਦ, ਸ਼ਰਧਾਨੰਦ ਨੂੰ ਘਰ ਲੈ ਕੇ ਗਏ, ਜਿੱਥੇ ਉਸ ਨੇ ਟੋਏ ਨੂੰ ਢੱਕਣ ਵਾਲੇ ਪੱਥਰਾਂ ’ਤੇ ਚਾਕ ਨਾਲ ਨਿਸ਼ਾਨ ਲਗਾ ਦਿੱਤਾ।
ਪੁਲਿਸ ਟੀਮ ਨੇ ਜਦੋਂ ਬਾਕਸੇ ਦਾ ਢੱਕਣ ਹਟਾਇਆ ਤਾਂ ਖੋਪੜੀ ਸਮੇਤ ਪਿੰਜਰ ਉਸ ’ਚ ਹੀ ਪਿਆ ਹੋਇਆ ਸੀ। ਪਛਾਣ ਕਰਨ ਲਈ ਇਹ ਸਬੂਤ ਫਰੈਂਸਿਕ ਸਾਇੰਸ ਲੈਬੋਰੇਟਰੀ (ਐੱਫਐੱਸਐੱਲ) ਲਈ ਬਹੁਤ ਮਹੱਤਵਪੂਰਣ ਸੀ।
ਕ੍ਰੈਨੀਓਫੇਸ਼ੀਅਲ ਤਕਨੀਕ ਦੀ ਮਦਦ ਨਾਲ ਸ਼ਾਕੀਰਾ ਦੀ ਇੱਕ ਤਸਵੀਰ ਨੂੰ ਖਪੋੜੀ ਦੇ ਉੱਪਰ ਲਗਾਇਆ ਗਿਆ। ਇਸ ਤਸਵੀਰ ਨੂੰ ਪਰਿਵਾਰਕ ਮੈਂਬਰਾਂ ਅਤੇ ਹੋਰਨਾਂ ਲੋਕਾਂ ਨੇ ਪ੍ਰਮਾਣਿਤ ਕੀਤਾ ਸੀ। ਉਹ ਅਸਲ ’ਚ ਸ਼ਾਕੀਰਾ ਹੀ ਨਿਕਲੀ ਸੀ।
ਡੀਐੱਨਏ ਫਿੰਗਰਪ੍ਰਿੰਟਿੰਗ ਨੇ ਵੀ ਸ਼ਾਕੀਰਾ ਦੀ ਪੁਸ਼ਟੀ ਕੀਤੀ। ਉਨ੍ਹਾਂ ਦੀ ਮਾਂ ਗੌਹਰ ਤਾਜ ਨਮਾਜ਼ੀ ਨੇ ਵੀ ਸ਼ਾਕੀਰਾ ਦੀਆਂ ਉਂਗਲਾਂ ’ਚ ਪਈਆਂ ਮੁੰਦਰੀਆਂ ਦੀ ਪਛਾਣ ਕੀਤੀ।
ਕਰਨਾਟਕ ਸਰਕਾਰ ਨੇ ਸ਼ਹਿਰ ਦੇ ਚੋਟੀ ਦੇ ਅਪਰਾਧਿਕ ਵਕੀਲਾਂ ’ਚੋਂ ਇੱਕ ਸੀਵੀ ਨਾਗੇਸ਼ ਨੂੰ ਵਿਸ਼ੇਸ਼ ਸਰਕਾਰੀ ਵਕੀਲ ਵੱਜੋਂ ਨਿਯੁਕਤ ਕੀਤਾ।

ਤਸਵੀਰ ਸਰੋਤ, @AMAZON PRIME
ਸੈਸ਼ਨ ਕੋਰਟ ਨੇ 21 ਮਈ, 2005 ਨੂੰ ਆਪਣਾ ਫ਼ੈਸਲਾ ਸੁਣਾਇਆ। ਉਸ ਦਿਨ ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਾਗੇਸ਼ ਨੇ ਦੱਸਿਆ, “ਜੱਜ ਸਾਹਿਬ ਨੇ ਇਸਤਗਾਸਾ ਪੱਖ ਵੱਲੋਂ ਦਿੱਤੀਆਂ ਦਲੀਲਾਂ ਨੂੰ ਸਵੀਕਾਰ ਕਰਦੇ ਹੋਏ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ।”
ਸਬਾ ਨੇ ਰੋਂਦਿਆਂ ਕਿਹਾ, “ਇਹ ਮੇਰੀ ਮਾਂ ਦੀ ਮੌਤ ਦਾ ਮੁਆਵਜ਼ਾ ਨਹੀਂ ਹੈ ਅਤੇ ਨਾ ਹੀ ਮੈਂ ਆਪਣੀ ਮਾਂ ਨੂੰ ਵਾਪਸ ਹਾਸਲ ਕਰ ਸਕਦੀ ਹਾਂ, ਪਰ ਨਿਆਂ, ਇਨਸਾਫ਼ ਹੋਇਆ ਹੈ।”
ਕਰਨਾਟਕ ਹਾਈ ਕੋਰਟ ਨੇ 20 ਸਤੰਬਰ 2005 ਨੂੰ ਮੌਤ ਦੀ ਸਜ਼ਾ ਦੀ ਪੁਸ਼ਟੀ ਕੀਤੀ।
ਜਸਟਿਸ ਐੱਸਆਰ ਬਨੂਰ ਮੱਠ ਅਤੇ ਜਸਟਿਸ ਏਸੀ ਕਾਬਿਨ ਦੀ ਬੈਂਚ ਨੇ ਲਿਖਿਆ , “ਮੁਲਜ਼ਮ ਕੋਲ ਬਣਦਾ ਮਕਸਦ ਮੌਜੂਦ ਸੀ ਅਤੇ ਆਪਣੀ ਪਤਨੀ ਦਾ ਕਤਲ ਕਰਨ ਦਾ ਇੱਕਮਾਤਰ ਉਦੇਸ਼ ਸਿਰਫ਼ ਤੇ ਸਿਰਫ਼ ਉਸ ਦੀ ਕੀਮਤੀ ਜਾਇਦਾਦ ਨੂੰ ਹੜੱਪ ਕੇ ਖ਼ੁਦ ਅਮੀਰ ਬਣਨਾ ਸੀ। ਮੇਰੀ ਰਾਏ ’ਚ ਇਹ ਮਾਮਲਾ ਦੁਰਲੱਭ ਮਾਮਲਿਆਂ ਦੀ ਸ਼੍ਰੇਣੀ ’ਚ ਆਉਂਦਾ ਹੈ।”
ਸੁਪਰੀਮ ਕੋਰਟ ਦੇ ਦੋ ਬੈਂਚਾਂ ਨੇ ਹਾਈ ਕੋਰਟ ਦੇ ਹੁਕਮ ਖ਼ਿਲਾਫ਼ ਅਪੀਲ ’ਤੇ ਸੁਣਵਾਈ ਵੀ ਕੀਤੀ। ਕੁੱਲ ਅੱਠ ਜੱਜਾਂ ਨੇ ਇਸ ਮਾਮਲੇ ਦੀ ਸੁਣਾਈ ਕੀਤੀ ਅਤੇ ਮੁਲਜ਼ਮ ਨੂੰ ਦੋਸ਼ੀ ਪਾਇਆ।
ਆਖ਼ਰੀ ਪੜਾਅ ’ਤੇ ਜਾ ਕੇ ਇੱਕ ਜੱਜ ਨੂੰ ਲੱਗਿਆ ਕਿ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਤਬਦੀਲ ਕੀਤਾ ਜਾ ਸਕਦਾ ਹੈ, ਪਰ ਇਸ ਦੇ ਨਾਲ ਹੀ ਮਹੱਤਵਪੂਰਨ ਗੱਲ ਇਹ ਸੀ ਕਿ ਸ਼ਰਧਾਨੰਦ ਨੂੰ ਉਮਰ ਭਰ ਜੇਲ੍ਹ ਤੋਂ ਰਿਹਾਅ ਨਹੀਂ ਕੀਤਾ ਜਾਵੇਗਾ।
ਸ਼ਰਧਾਨੰਦ ਵੱਲੋਂ ਫਿਰ ਤੋਂ ਅਸਥਾਈ ਪੈਰੋਲ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਕੁਝ ਦਿਨ ਪਹਿਲਾਂ ਹੀ ਮਾਣਯੋਗ ਸੁਪਰੀਮ ਕੋਰਟ ਦੀ ਇੱਕ ਬੈਂਚ ਨੇ ਰੱਦ ਕਰ ਦਿੱਤਾ ਸੀ, ਜਿਸ ’ਚ ਜਸਟਿਸ ਕੇਐੱਮ ਜੋਸੇਫ, ਬੀਵੀ ਨਾਗਰਤਨਾ ਅਤੇ ਆਸ਼ਾਨੁਦੀਨ ਅਮਾਨੁੱਲ੍ਹਾ ਸ਼ਾਮਲ ਸਨ।
ਸ਼ਾਕੀਰਾ ਖ਼ਲੀਲੀ ਦੀ ਕਹਾਣੀ ਨੂੰ ਹੁਣ ਇੱਕ ਓਟੀਟੀ ਪਲੇਟਫਾਰਮ ’ਤੇ ਇੱਕ ਕ੍ਰਾਈਮ ਦਸਤਾਵੇਜ਼-ਸੀਰੀਜ਼ ’ਚ ਬਣਾਇਆ ਗਿਆ ਹੈ।












