ਕੇਰਲ 'ਚ 'ਇਨਸਾਨੀ ਬਲੀ': ਲਾਟਰੀ ਵੇਚਣ ਵਾਲੀਆਂ ਮਹਿਲਾਵਾਂ ਦੀ 'ਬਲੀ' ਦਾ ਕੀ ਹੈ ਮਾਮਲਾ

ਤਸਵੀਰ ਸਰੋਤ, BBC/ARUN CHANDRA BOSE
ਕੇਰਲਾ 'ਚ ਦੋ ਮਹਿਲਾਵਾਂ ਨੂੰ ਇਨਸਾਨੀ ਬਲੀ ਦੇ ਨਾਮ 'ਤੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਕੇਸ ਵਿੱਚ ਤਿੰਨ ਲੋਕਾਂ ਦੀ ਗ੍ਰਿਫ਼ਤਾਰੀ ਵੀ ਕਰ ਲਈ ਹੈ।
ਇਨ੍ਹਾਂ ਦੋਵੇਂ ਮਹਿਲਾਵਾਂ ਨੂੰ ਵੱਖ-ਵੱਖ ਸਮੇਂ ਕਤਲ ਕੀਤਾ ਗਿਆ ਸੀ ਅਤੇ ਪਿਛਲੇ ਮੰਗਲਵਾਰ ਨੂੰ ਦੋਵਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ।
ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਇੱਕ ਦੰਪਤੀ ਜੋੜੇ ਅਤੇ ਇੱਕ ਹੋਰ ਸ਼ਖ਼ਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਨੇ ਆਪਣੇ ਜੁਰਮ ਕਬੂਲ ਲਏ ਹਨ ਅਤੇ ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ।
ਪੁਲਿਸ ਮੁਤਾਬਕ, ਮੁਲਜ਼ਮਾਂ ਨੇ ਮਹਿਲਾਵਾਂ ਨੂੰ ਕਤਲ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ "ਬੁਰੀ ਤਰ੍ਹਾਂ" ਤਸੀਹੇ ਦਿੱਤੇ ਸਨ।
ਸ਼ੁਰੂਆਤੀ ਜਾਂਚ ਵਿੱਚ ਇਨ੍ਹਾਂ ਕਤਲਾਂ ਪਿੱਛੇ ਇਨਸਾਨੀ ਬਲੀ ਨੂੰ ਹੀ ਕਾਰਨ ਮੰਨਿਆ ਜਾ ਰਿਹਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਦੋਵੇਂ ਲਾਸ਼ਾਂ ਨੂੰ ਵੀ ਮੁਲਜ਼ਮ ਜੋੜੇ ਦੇ ਘਰ ਵਿੱਚ ਹੀ ਦਫ਼ਨਾਇਆ ਗਿਆ ਹੋਵੇਗਾ। ਇਸ ਸਬੰਧੀ ਕਾਨੂੰਨੀ ਪ੍ਰਕਿਰਿਆ ਜਾਰੀ ਹੈ ਤਾਂ ਜੋ ਖੁਦਾਈ ਕਰਕੇ ਜਾਂਚ ਕੀਤੀ ਜਾਵੇ।
ਚਿਤਾਵਨੀ: ਇਸ ਰਿਪੋਰਟ ਦੇ ਕੁਝ ਅੰਸ਼ ਪਾਠਕਾਂ ਨੂੰ ਪਰੇਸ਼ਾਨ ਕਰ ਸਕਦੇ ਹਨ।
ਲਾਟਰੀ ਵੇਚਦੀਆਂ ਸਨ ਦੋਵੇਂ ਮਹਿਲਾਵਾਂ
ਕੇਰਲਾ ਵਿੱਚ ਦੋ ਮਹਿਲਾਵਾਂ ਦੇ ਲਾਪਤਾ ਹੋਣ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਕੁਝ ਮਹੀਨੇ ਪਹਿਲਾਂ ਸੂਬੇ ਤੋਂ ਹੀ ਲਾਪਤਾ ਹੋਈਆਂ ਦੋ ਮਹਿਲਾਵਾਂ ਰੋਜ਼ਲਿਨ ਅਤੇ ਪਦਮਾ ਨੂੰ ਕਤਲ ਕਰ ਦਿੱਤਾ ਗਿਆ ਹੈ।
49 ਸਾਲਾ ਰੋਜ਼ਲਿਨ ਲਾਟਰੀ ਦੀਆਂ ਟਿਕਟਾਂ ਵੇਚਣ ਦਾ ਕੰਮ ਕਰਦੇ ਸਨ। ਉਨ੍ਹਾਂ ਦੇ ਪਰਿਵਾਰ ਮੁਤਾਬਕ ਰੋਜ਼ਲਿਨ ਜੂਨ ਮਹੀਨੇ ਤੋਂ ਲਾਪਤਾ ਸਨ।

ਤਸਵੀਰ ਸਰੋਤ, BBC/ARUN CHANDRA BOSE
ਉਨ੍ਹਾਂ ਦੀ ਧੀ ਮੰਜੂ ਉੱਤਰ ਪ੍ਰਦੇਸ਼ ਵਿੱਚ ਰਹਿੰਦੀ ਹੈ। ਆਪਣੀ ਮਾਂ ਦੇ ਲਾਪਤਾ ਹੋਣ 'ਤੇ ਅਗਸਤ ਵਿੱਚ ਰੋਜ਼ਲਿਨ ਦੀ ਧੀ ਉਨ੍ਹਾਂ ਦੀ ਭਾਲ਼ ਵਿੱਚ ਕੇਰਲਾ ਆਈ ਸੀ ਅਤੇ ਉਸ ਦੌਰਾਨ ਹੀ ਉਸ ਨੇ 17 ਅਗਸਤ ਨੂੰ ਇੱਕ ਐੱਫਆਈਆਰ ਵੀ ਦਰਜ ਕਰਵਾਈ।
ਮੰਜੂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੀਡੀਆ 'ਚ ਆ ਰਹੀਆਂ ਖ਼ਬਰਾਂ ਰਾਹੀਂ ਹੀ ਆਪਣੀ ਮਾਂ ਦੇ ਕਤਲ ਦੀ ਜਾਣਕਾਰੀ ਮਿਲੀ ਅਤੇ ਪੁਲਿਸ ਨੇ ਉਨ੍ਹਾਂ ਨੂੰ ਇਸ ਬਾਰੇ ਕੋਈ ਅਧਿਕਾਰਿਤ ਜਾਣਕਾਰੀ ਨਹੀਂ ਦਿੱਤੀ।
ਇਸੇ ਤਰ੍ਹਾਂ, 52 ਸਾਲਾ ਪਦਮਾ ਤਾਮਿਲਨਾਡੂ ਦੇ ਰਹਿਣ ਵਾਲੇ ਸਨ ਅਤੇ ਉਹ ਵੀ ਕੇਰਲਾ ਦੇ ਏਰਨਾਕੁਲਮ ਰੇਲਵੇ ਸਟੇਸ਼ਨ 'ਤੇ ਲਾਟਰੀ ਵੇਚਣ ਦਾ ਕੰਮ ਕਰਦੇ ਸਨ। ਪਦਮਾ 27 ਸਤੰਬਰ ਤੋਂ ਲਾਪਤਾ ਸਨ।
ਆਪਣੀ ਮਾਂ ਦੇ ਇਸ ਤਰ੍ਹਾਂ ਗਾਇਬ ਹੋ ਜਾਣ 'ਤੇ ਉਨ੍ਹਾਂ ਦੇ ਪੁੱਤਰ ਨੇ ਸਤੰਬਰ ਮਹੀਨੇ ਵਿੱਚ ਇੱਕ ਐੱਫਆਈਆਰ ਦਰਜ ਕਰਵਾਈ ਸੀ।
ਪਦਮਾ ਦੀ ਭੈਣ ਨੇ ਬੀਬੀਸੀ ਨੂੰ ਦੱਸਿਆ ਕਿ ਪਦਮਾ ਫਰਵਰੀ ਮਹੀਨੇ ਤੋਂ ਕੋਚੀ ਦੇ ਇੱਕ ਕਮਰੇ ਵਿੱਚ ਰਹਿ ਰਹੇ ਸਨ। "ਉਹ ਇਕੱਲੀ ਰਹਿੰਦੀ ਸੀ ਪਰ ਉਹ ਹਰ ਰਾਤ ਮੈਨੂੰ ਫ਼ੋਨ ਕਰਦੀ ਸੀ।"
ਜਦੋਂ ਕੁਝ ਦਿਨ ਤੱਕ ਪਦਮਾ ਦਾ ਫ਼ੋਨ ਨਹੀਂ ਆਇਆ ਤਾਂ ਉਨ੍ਹਾਂ ਦੀ ਭੈਣ ਨੂੰ ਚਿੰਤਾ ਹੋਈ ਅਤੇ ਉਸ ਨੇ ਉਨ੍ਹਾਂ ਦਾ ਪਤਾ ਲਗਾਉਣ ਦੀ ਸੋਚੀ।
ਉਨ੍ਹਾਂ ਦੱਸਿਆ ਕਿ ਪਦਮਾ ਦਾ ਫ਼ੋਨ ਬੰਦ ਸੀ ਅਤੇ ''ਮੈਂ ਜਦੋਂ ਉਸ ਦੇ ਘਰ ਪਹੁੰਚੀ ਤਾਂ ਉੱਥੇ ਜਿੰਦਾ ਲੱਗਿਆ ਹੋਇਆ ਸੀ।''
ਪਦਮਾ ਦੇ ਪਤੀ ਰੰਗਨ ਤਾਮਿਲਨਾਡੂ 'ਚ ਰਹਿੰਦੇ ਹਨ। ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ''ਮੈਂ ਆਪਣੀ ਪਤਨੀ ਨੂੰ ਕੇਰਲਾ ਰੋਜ਼ੀ ਕਮਾਉਣ ਲਈ ਭੇਜਿਆ ਸੀ।''
"ਜੇ ਮੈਨੂੰ ਇਹ ਸਭ ਪਹਿਲਾਂ ਪਤਾ ਹੁੰਦਾ ਤਾਂ ਮੈਂ ਉਸ ਨੂੰ ਉੱਥੇ ਕਦੇ ਵੀ ਨਾ ਭੇਜਦਾ। ਮੈਂ ਬੁਢਾਪੇ ਕਾਰਨ ਕੰਮ ਕਰਨ 'ਚ ਅਸਮਰੱਥ ਹਾਂ, ਇਸ ਲਈ ਉਹ ਉੱਥੇ ਚਲੀ ਗਈ ਸੀ।"
"ਪਰ ਉਸ ਦੀ ਇਸ ਤਰ੍ਹਾਂ ਮੌਤ ਨੂੰ ਮੈਂ ਝੱਲ ਨਹੀਂ ਪਾ ਰਿਹਾ, ਕੋਈ ਵੀ ਅਜਿਹਾ ਸਮਾਂ ਨਾ ਦੇਖੇ।"

- ਕੇਰਲਾ ਵਿੱਚ ਲਾਪਤਾ ਹੋਈਆਂ ਦੋ ਮਹਿਲਾਵਾਂ ਦੇ ਕਤਲ ਦੀ ਪੁਸ਼ਟੀ ਹੋ ਗਈ ਹੈ।
- ਕੇਰਲਾ ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
- ਪੁਲਿਸ ਮੁਤਾਬਕ, ਸ਼ੁਰੂਆਤੀ ਜਾਂਚ ਵਿੱਚ ਇਹ ਮਾਮਲਾ ਇਨਸਾਨੀ ਬਲੀ ਦਾ ਲਗਾ ਰਿਹਾ ਹੈ।
- ਮੁਲਜ਼ਮਾਂ 'ਚ ਇੱਕ ਦੰਪਤੀ ਜੋੜਾ ਅਤੇ ਇੱਕ ਹੋਰ ਵਿਅਕਤੀ ਸ਼ਾਮਲ ਹਨ।
- ਪਤੀ-ਪਤਨੀ ਜੋੜਾ ਆਰਥਿਕ ਤੰਗੀ ਤੋਂ ਪਰੇਸ਼ਾਨ ਸੀ ਅਤੇ ਅੰਧਵਿਸ਼ਵਾਸ 'ਚ ਪੈ ਕੇ ਉਨ੍ਹਾਂ ਨੇ ਇਸ ਜੁਰਮ ਨੂੰ ਅੰਜਾਮ ਦਿੱਤਾ।
- ਗ੍ਰਿਫ਼ਤਾਰ ਕੀਤੇ ਤਿੰਨੇ ਮੁਲਜ਼ਮਾਂ ਨੇ ਕਤਲ ਦੀ ਗੱਲ ਕਬੂਲ ਲਈ ਹੈ।
- ਪੁਲਿਸ ਨੂੰ ਸ਼ੱਕ ਹੈ ਕਿ ਦੋਵੇਂ ਲਾਸ਼ਾਂ ਨੂੰ ਵੀ ਮੁਲਜ਼ਮ ਜੋੜੇ ਦੇ ਘਰ 'ਚ ਹੀ ਦਫ਼ਨਾਇਆ ਗਿਆ ਹੋਵੇਗਾ।
- ਬੁੱਧਵਾਰ ਨੂੰ ਕੋਚੀ ਸਿਟੀ ਅਦਾਲਤ ਨੇ ਇਨ੍ਹਾਂ ਤਿੰਨਾਂ ਨੂੰ ਤਿੰਨ ਹਫ਼ਤਿਆਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ

ਪੁਲਿਸ ਮੁਲਜ਼ਮਾਂ ਤੱਕ ਇੰਝ ਪਹੁੰਚੀ
ਪੁਲਿਸ ਨੇ ਪਦਮਾ ਦਾ ਫ਼ੋਨ ਟਰੇਸ ਕੀਤਾ ਤਾਂ ਉਸ ਦੀ ਲੋਕੇਸ਼ਨ ਪਥਾਨਾਮਥਿਟਾ ਦੀ ਮਿਲੀ ਜੋ ਕਿ ਕੋਚੀ ਤੋਂ ਲੱਗਭਗ 113 ਕਿੱਲੋਮੀਟਰ ਦੂਰ ਹੈ।
ਪੁਲਿਸ ਨੇ ਦੇਖਿਆ ਕਿ ਪਦਮਾ ਨਾਲ ਸ਼ਾਫ਼ੀ ਦੇ ਫ਼ੋਨ ਤੋਂ ਕਈ ਵਾਰ ਗੱਲ ਕੀਤੀ ਗਈ ਸੀ। ਫ਼ਿਰ ਸ਼ਾਫ਼ੀ ਦੇ ਫ਼ੋਨ ਰਿਕਾਰਡ ਤੋਂ ਪਤਾ ਲੱਗਿਆ ਕਿ ਉਹ ਉਸ ਇਲਾਕੇ ਵਿੱਚ ਰਹਿੰਦੇ ਭਾਗਾਵਲ ਸਿੰਘ ਦੇ ਸੰਪਰਕ ਵਿੱਚ ਸੀ।
ਹੁਣ ਦੋਵੇਂ ਮਹਿਲਾਵਾਂ ਦੇ ਕਤਲ ਦੀ ਪੁਸ਼ਟੀ ਹੋ ਗਈ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਇਹ ਇਨਸਾਨੀ ਬਲੀ ਦਾ ਮਾਮਲਾ ਹੈ ਅਤੇ ਦੋਵਾਂ ਮਹਿਲਾਵਾਂ ਨੂੰ ਕਤਲ ਕਰਨ ਦਾ ਉਦੇਸ਼ ਉਨ੍ਹਾਂ ਦੀ ਬਲੀ ਦੇਣਾ ਸੀ।
ਕਦਾਵੰਥਾਰਾ ਪੁਲਿਸ ਨੇ ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਇਸ ਜਾਂਚ ਸਬੰਧੀ ਜਾਣਕਾਰੀ ਸਾਂਝਾ ਕੀਤੀ ਹੈ।
ਉਨ੍ਹਾਂ ਦੱਸਿਆ, "ਸਾਨੂੰ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਿਆ ਕਿ ਪਦਮਾ ਨੂੰ ਇੱਕ ਵਿਅਕਤੀ ਆਪਣੇ ਨਾਲ ਲੈ ਗਿਆ ਸੀ। ਉਸ ਵਿਅਕਤੀ ਦੀ ਪਹਿਚਾਣ ਰਾਸ਼ਿਦ ਉਰਫ਼ ਮੁਹੰਮਦ ਸ਼ਾਫ਼ੀ ਵਜੋਂ ਹੋਈ।"
"ਪਤਾ ਲੱਗਿਆ ਕਿ ਸ਼ਾਫ਼ੀ ਨੇ ਭਾਗਵਲ ਸਿੰਘ ਲਈ ਪਦਮਾ ਨੂੰ ਅਗਵਾ ਕੀਤਾ ਸੀ। ਭਾਗਾਵਲ ਸਿੰਘ ਇੱਕ ਵੈਦ ਦਾ ਕੰਮ ਕਰਦੇ ਹਨ ਅਤੇ ਆਪਣੀ ਪਤਨੀ ਲੈਲਾ ਸਣੇ ਥਿਰੂਵੱਲਾ ਵਿੱਚ ਰਹਿੰਦੇ ਹਨ। ਉਹ ਦੋਵੇਂ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਸਨ।"

ਇਹ ਵੀ ਪੜ੍ਹੋ-

"ਇਸ ਲਈ ਮੁਹੰਮਦ ਸ਼ਾਫ਼ੀ ਨੇ ਉਨ੍ਹਾਂ ਨੂੰ ਸੁਝਾਇਆ ਕਿ ਉਹ ਆਰਥਿਕ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਇਨਸਾਨੀ ਬਲੀ ਦੇਣ, ਉਸ ਨੇ ਜੋੜੇ ਨੂੰ ਇਸ ਦੇ ਲਈ ਮਨਾ ਵੀ ਲਿਆ।"
ਪੁਲਿਸ ਦਾ ਕਹਿਣਾ ਹੈ ਕਿ ਭਾਗਾਵਲ ਸਿੰਘ ਇੱਕ ਵੈਦ ਵਜੋਂ ਕੰਮ ਕਰਦੇ ਹਨ ਜਦਕਿ ਉਨ੍ਹਾਂ ਦੀ ਪਤਨੀ ਲੈਲਾ ਅਤੇ ਸ਼ਾਫ਼ੀ 'ਜਾਦੂ- ਟੂਣੇ' ਆਦਿ ਵਿੱਚ ਵਿਸ਼ਵਾਸ ਰੱਖਦੇ ਸਨ ਅਤੇ ਅਜਿਹੀਆਂ ਚੀਜ਼ਾਂ ਵਿੱਚ ਸਰਗਰਮ ਸਨ।
"ਪਦਮਾ ਨੂੰ ਇਨਸਾਨੀ ਬਲੀ ਦੇਣ ਲਈ ਹੀ ਇਸ ਜੋੜੇ ਦੇ ਘਰ ਲਿਆਂਦਾ ਗਿਆ ਸੀ।"
ਇਨਸਾਨੀ ਬਲੀ ਦਾ ਮਾਮਲਾ
ਕੇਰਲਾ ਦੱਖਣੀ ਜ਼ੋਨ ਦੇ ਇੰਸਪੈਕਟਰ ਜਨਰਲ ਪ੍ਰਕਾਸ਼ ਨੇ ਦੱਸਿਆ, "ਮੁਹੰਮਦੀ ਸ਼ਾਫ਼ੀ ਨੇ ਵੱਖ-ਵੱਖ ਸਮੇਂ 'ਤੇ ਦੋ ਵੱਖ-ਵੱਖ ਔਰਤਾਂ ਨੂੰ ਇਸ ਜੋੜੇ ਦੇ ਘਰ ਲਿਆਉਣ ਵਿੱਚ ਮਦਦ ਕੀਤੀ।"
"ਸ਼ੁਰੂਆਤ ਵਿੱਚ ਸਾਨੂੰ ਲੱਗਿਆ ਸੀ ਕਿ ਉਸ ਨੇ ਇਨਸਾਨੀ ਬਲੀ ਲਈ ਸਿਰਫ਼ ਇੱਕ ਵਿਅਕਤੀ ਨੂੰ ਲਿਆਉਣ ਵਿੱਚ ਵਿਚੋਲੇ ਦੀ ਭੂਮਿਕਾ ਨਿਭਾਈ ਸੀ। ਜਾਂਚ ਦੇ ਦੌਰਾਨ ਪਤਾ ਲੱਗਾ ਕਿ ਇੱਕ ਹੋਰ ਮਹਿਲਾ ਦੀ ਵੀ ਬਲੀ ਦਿੱਤੀ ਗਈ ਸੀ ਅਤੇ ਇਸ ਸਭ ਦੇ ਪਿੱਛੇ ਸ਼ਾਫ਼ੀ ਦਾ ਹੀ ਦਿਮਾਗ ਸੀ।"
ਕੋਚੀ ਦੇ ਸਿਟੀ ਪੁਲਿਸ ਕਮਿਸ਼ਨਰ ਨਾਗਾਰਾਜੂ ਚਾਕੀਲੱਮ ਨੇ ਜਾਂਚ ਬਾਰੇ ਵਿਸਥਾਰ ਨਾਲ ਦੱਸਦਿਆਂ ਕਿਹਾ, "ਪਦਮਾ ਦੇ ਅਗਵਾ ਹੋਣ ਦੀ ਜਾਂਚ ਕਰਦੇ ਹੋਏ ਸਾਨੂੰ ਉਸ ਦੇ ਮੋਬਾਈਲ ਟਾਵਰ ਦੀ ਆਖਰੀ ਲੋਕੇਸ਼ਨ ਤੋਂ ਪਤਾ ਲੱਗਾ ਕਿ ਸ਼ਾਫ਼ੀ ਨੇ ਉਸ ਨਾਲ ਗੱਲ ਕੀਤੀ ਸੀ।"
"ਅਸੀਂ ਸ਼ਾਫ਼ੀ ਕੋਲੋਂ ਪੁੱਛਗਿੱਛ ਕੀਤੀ ਅਤੇ ਉਸ ਨੇ ਕਬੂਲ ਕਰ ਲਿਆ ਕਿ ਪਦਮਾ ਸਣੇ ਦੋ ਔਰਤਾਂ ਦੀ ਥਿਰੂਵੱਲਾ ਵਿੱਚ ਇਨਸਾਨੀ ਬਲੀ ਦਿੱਤੀ ਗਈ ਸੀ।"

ਤਸਵੀਰ ਸਰੋਤ, Getty Images
"ਇਸ ਤੋਂ ਬਾਅਦ ਪਤੀ-ਪਤਨੀ ਤੋਂ ਪੁੱਛਗਿੱਛ ਕੀਤੀ ਗਈ। ਉਨ੍ਹਾਂ ਨੇ ਕਬੂਲ ਕੀਤਾ ਇਨਸਾਨੀ ਬਲੀ ਦੇਣ ਲਈ ਉਨ੍ਹਾਂ ਨੇ ਰੋਜ਼ਲਿਨ ਨਾਮ ਦੀ ਇੱਕ ਹੋਰ ਮਹਿਲਾ ਦਾ ਵੀ ਕਤਲ ਕੀਤਾ ਸੀ।"
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਦੋਵੇਂ ਔਰਤਾਂ ਨੂੰ ਪੈਸੇ ਦਾ ਲਾਲਚ ਦੇ ਕੇ ਆਪਣੇ ਨਾਲ ਲਿਆਏ, ਫਿਰ ਉਨ੍ਹਾਂ ਦੇ ਸ਼ਰੀਰ ਦੇ ਟੁਕੜੇ-ਟੁਕੜੇ ਕਰ ਦਿੱਤੇ ਅਤੇ ਬਾਅਦ ਵਿੱਚ ਕਥਿਤ ਤੌਰ 'ਤੇ ਉਨ੍ਹਾਂ ਦੇ ਸਿਰ ਵੱਢ ਦਿੱਤੇ।
ਜਾਂਚ ਟੀਮ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਹੋਰ ਅੱਗੇ ਦੀ ਜਾਂਚ ਜਾਰੀ ਹੈ ਤਾਂ ਜੋ ਇਨ੍ਹਾਂ ਕਤਲਾਂ ਦੇ ਪਿੱਛੇ ਦੀ ਪੂਰੀ ਕਹਾਣੀ ਪਤਾ ਲਗਾਈ ਜਾ ਸਕੇ।
ਕੋਚੀ ਪੁਲਿਸ ਕਮਿਸ਼ਨਰ ਨੇ ਦੱਸਿਆ ਇਹ ਦੋਵੇਂ ਕਤਲ 4 ਮਹੀਨਿਆਂ ਦੇ ਦਰਮਿਆਨ ਹੋਏ ਹਨ।
ਬੁੱਧਵਾਰ ਨੂੰ ਕੋਚੀ ਸਿਟੀ ਅਦਾਲਤ ਨੇ ਇਨ੍ਹਾਂ ਤਿੰਨਾਂ ਨੂੰ ਤਿੰਨ ਹਫ਼ਤਿਆਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਕੇਰਲਾ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਕਿਹਾ ਹੈ ਕਿ ਇਸ ਅਪਰਾਧ ਨੇ "ਮਨੁੱਖੀ ਆਤਮਾ ਨੂੰ ਝੰਜੋੜ ਦਿੱਤਾ ਹੈ" ਅਤੇ ਅੰਧਵਿਸ਼ਵਾਸ ਕਾਰਨ ਲੋਕਾਂ ਨੂੰ ਅਗਵਾ ਤੇ ਕਤਲ ਕਰਨਾ "ਕੇਰਲ ਵਰਗੇ ਸੂਬੇ ਵਿੱਚ ਕਲਪਨਾ ਤੋਂ ਪਰੇ" ਦਾ ਅਪਰਾਧ ਹੈ।
ਇੰਸਪੈਕਟਰ ਪ੍ਰਕਾਸ਼ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, "ਮੈਂ ਕਹਿ ਸਕਦਾ ਹਾਂ ਕਿ ਇਹ ਇੱਕ ਬਹੁਤ ਅਜੀਬ ਕਤਲ ਕੇਸ ਹੈ। ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਦੋਵੇਂ ਕਤਲ ਅਸਲ ਵਿੱਚ ਕਿਹੜੇ-ਕਿਹੜੇ ਸਮੇਂ ਹੋਏ ਅਤੇ ਕੀ ਹੋਰ ਲੋਕ ਵੀ ਇਨ੍ਹਾਂ ਦਾ ਸ਼ਿਕਾਰ ਹੋਏ ਹਨ।"
ਇਹ ਵੀ ਪੜ੍ਹੋ:












