You’re viewing a text-only version of this website that uses less data. View the main version of the website including all images and videos.
ਆਉਣ ਵਾਲੀਆਂ ਨਸਲਾਂ ਬੌਣੀਆਂ ਹੋਣਗੀਆਂ ਜਾਂ ਲੰਬੀਆਂ...ਅੱਜ ਤੋਂ ਦਸ ਹਜ਼ਾਰ ਸਾਲ ਬਾਅਦ ਮਨੁੱਖ ਕਿਹੋ ਜਿਹਾ ਦਿਸੇਗਾ
ਭਵਿੱਖ ਨੂੰ ਸਮਝਣ ਲਈ ਸਾਨੂੰ ਅਤੀਤ ਵਿੱਚ ਦੇਖਣਾ ਪਵੇਗਾ।
ਮਨੁੱਖ ਦੀਆਂ ਆਉਣ ਵਾਲੀਆਂ ਨਸਲਾਂ ਕਿਹੋ ਜਿਹੀਆਂ ਹੋਣਗੀਆਂ? ਕੀ ਉਹ ਮਸ਼ੀਨ ਤੇ ਮਾਨਵ ਦਾ ਅਦਭੁੱਤ ਸੁਮੇਲ ਹੋਣਗੇ? ਕੀ ਕਿਸੇ ਵਿਗਿਆਨਕ ਗਲਪ ਨਾਵਲ ਵਾਂਗ ਉਨ੍ਹਾਂ ਵਿੱਚ ਉੱਚ ਤਕਨੀਕ ਵਾਲੇ ਇੰਪਲਾਂਟ ਲੱਗੇ ਹੋਣਗੇ, ਜਾਂ ਫਿਰ ਕੀ ਉਨ੍ਹਾਂ ਦੀਆਂ ਅੱਖਾਂ ਦੀ ਥਾਂ ਬਹੁਤ ਹੀ ਉਨਤ ਕਿਸਮ ਦੇ ਕੈਮਰੇ ਲੱਗੇ ਹੋਣਗੇ।
ਸਾਡੀਆਂ ਆਉਣ ਵਾਲੀਆਂ ਨਸਲਾਂ ਬੌਣੀਆਂ ਹੋ ਜਾਣਗੀਆਂ ਜਾਂ ਲੰਬੀਆਂ, ਪਤਲੀਆਂ ਹੋਣਗੀਆਂ ਜਾਂ ਮੋਟਾਪੇ ਦੀਆਂ ਸ਼ਿਕਾਰ, ਜਾਂ ਕੀ ਉਹ ਵੀ ਆਪਣੀ ਚਮੜੀ ਦਾ ਰੰਗ ਬਦਲ ਸਕਣਗੀਆਂ?
ਬਿਨਾਂ ਸ਼ੱਕ ਅਸੀਂ ਨਹੀਂ ਜਾਣਦੇ ਕਿ ਭਵਿੱਖ ਦੇ ਗਰਭ ਵਿੱਚ ਕੀ ਪਲ ਰਿਹਾ ਹੈ। ਫਿਰ ਵੀ ਇਨ੍ਹਾਂ ਸਵਾਲਾਂ ਬਾਰੇ ਸੋਚਣ ਲਈ ਸਾਨੂੰ ਲੱਖਾਂ ਸਾਲ ਪਿੱਛੇ ਦੇਖਣਾ ਪਵੇਗਾ। ਉਦੋਂ ਮਨੁੱਖ ਕਿਸ ਤਰ੍ਹਾਂ ਦੇ ਲਗਦੇ ਸਨ।
ਦਸ ਲੱਖ ਸਾਲ ਪਹਿਲਾਂ ਸ਼ਾਇਦ ਮਨੁੱਖ ਦੀਆਂ ਧਰਤੀ ਉੱਤੇ ਕੁਝ ਹੋਰ ਵੀ ਪ੍ਰਜਾਤੀਆਂ ਸਨ ਪਰ ਹੋਮੋ-ਸੇਪੀਅਨਸ ਅਜੇ ਨਹੀਂ ਸਨ।
ਸਭ ਤੋਂ ਆਮ ਸੀ ਹੋਮੋ ਹੀਡਲਬਰਗਨਿਸਿਸ। ਉਨ੍ਹਾਂ ਵਿੱਚ ਆਪਣੇ ਪੂਰਵਜ ਹੋਮੋ ਇਰੈਕਟਸ ਅਤੇ ਆਧੁਨਿਕ ਮਨੁੱਖ ਵਾਲੀਆਂ ਕਈ ਸਮਾਨਤਾਵਾਂ ਸਨ। ਹਾਲਾਂਕਿ ਉਨ੍ਹਾਂ ਦਾ ਇੰਜਰ-ਪਿੰਜਰ ਬਾਅਦ ਵਾਲੇ ਨੀਨਡਰਥੈਲ ਨਾਲੋਂ ਜ਼ਿਆਦਾ ਪ੍ਰਿਮਿਟਿਵ ਸੀ।
ਥੋੜ੍ਹਾ ਅੱਗੇ ਆਈਏ 10,000 ਸਾਲ ਪਹਿਲਾਂ ਮਨੁੱਖੀ ਇੰਜਰ-ਪਿੰਜਰ ਵਿੱਚ ਵਿਆਪਕ ਬਦਲਾਅ ਹੋਏ। ਮਨੁੱਖ ਕਿਤੇ ਬਿਹਤਰ ਤਰੀਕੇ ਨਾਲ ਢਲਿਆ।
ਖੇਤੀਬਾੜੀ ਵਾਲੇ ਜੀਵਨ ਨੇ ਉਨ੍ਹਾਂ ਨੂੰ ਖੁੱਲ੍ਹਾ ਖਾਣਾ ਦਿੱਤਾ ਅਤੇ ਕਈ ਕਿਸਮ ਦੀਆਂ ਸਿਹਤ ਸਮੱਸਿਆਵਾਂ ਵੀ ਪੈਦਾ ਹੋਣੀਆਂ ਸ਼ੁਰੂ ਹੋਈਆਂ। ਜਿਨ੍ਹਾਂ ਦਾ ਹੱਲ ਕਰਨ ਲਈ ਅੱਜ ਅਸੀਂ ਸਾਇੰਸ ਦੀ ਵਰਤੋਂ ਕਰਦੇ ਹਾਂ। ਮਿਸਾਲ ਵਜੋਂ ਇਨਸੂਲਿਨ ਦਾ ਟੀਕਾ ਲਾ ਕੇ ਡਾਇਬਿਟੀਜ਼ ਦਾ ਇਲਾਜ ਕਰਨਾ।
ਦਿਖ ਦੇ ਲਿਹਾਜ਼ ਨਾਲ ਕਈ ਥਾਵਾਂ ਦੇ ਮਨੁੱਖ ਮੋਟੇ ਹੋ ਗਏ ਹਨ ਅਤੇ ਕਈ ਥਾਈਂ ਲੰਬੇ, ਸਰੂ ਕੱਦੇ।
ਐਂਜਲੀਆ ਰਸਕਿਨ ਯੂਨੀਵਰਸਿਟੀ, ਲੰਡਨ ਵਿੱਚ ਬਾਇਓਇਨਫੋਰਮੈਟਿਕਸ ਅਤੇ ਬਿੱਗ ਡੇਟਾ ਦੇ ਸੀਨੀਅਰ ਲੈਕਚਰਾਰ ਥੋਮਸ ਮੇਲੁੰਡ ਦੱਸਦੇ ਹਨ, ਸ਼ਾਇਦ ਉਦੋਂ ਅਸੀਂ ਛੋਟੇ ਹੋ ਜਾਈਏ, ਤਾਂ ਜੋ ਸਾਡੀ ਊਰਜਾ ਦੀ ਲੋੜ ਘਟ ਜਾਵੇ। ਇਸ ਤੋਂ ਇਲਾਵਾ ਖਚਾਖਚ ਭਰੇ ਗ੍ਰਹਿ ਲਈ ਵੀ ਇਹ ਲਾਭਦਾਇਕ ਹੋ ਸਕਦਾ ਹੈ।
ਬਹੁਤ ਜ਼ਿਆਦਾ ਲੋਕਾਂ ਵਿੱਚ ਰਹਿਣ ਦੀ ਆਦਤ
ਬਹੁਤ ਸਾਰੇ ਲੋਕਾਂ ਦੇ ਵਿੱਚ ਰਹਿਣ ਲਈ ਮਨੁੱਖਾਂ ਨੂੰ ਹੁਣ ਖੁਦ ਨੂੰ ਤਿਆਰ ਕਰਨਾ ਪਵੇਗਾ। ਬਹੁਤ ਪਹਿਲਾਂ ਜਦੋਂ ਅਸੀਂ ਸ਼ਿਕਾਰੀ ਸੀ ਉਦੋਂ ਸ਼ਾਇਦ ਬਹੁਤ ਥੋੜ੍ਹੇ ਇਨਸਾਨਾਂ ਨਾਲ ਸਾਡਾ ਟਾਕਰਾ ਹੁੰਦਾ ਸੀ।
ਮੇਲੁੰਡ ਮੁਤਾਬਕ ਹੋ ਸਕਦਾ ਹੈ ਅਸੀਂ ਇਸ ਮੁਤਾਬਕ ਵਿਕਾਸ ਕਰ ਜਾਈਏ। ਇੰਨੇ ਸਾਰੇ ਲੋਕਾਂ ਦੇ ਨਾਮ ਯਾਦ ਰੱਖਣਾ ਵੀ ਇੱਕ ਮਹੱਤਵਪੂਰਨ ਕੌਸ਼ਲ ਬਣ ਜਾਵੇਗਾ।
ਇੱਥੇ ਹੀ ਤਕਨੀਕ ਸਾਡੀ ਮਦਦ ਕਰੇਗੀ।
ਮੇਲੁੰਡ ਦੱਸਦੇ ਹਨ, “ਦਿਮਾਗ ਵਿੱਚ ਲੱਗੀ ਇੱਕ ਚਿੱਪ ਸਾਨੂੰ ਲੋਕਾਂ ਦੇ ਨਾਮ ਯਾਦ ਰੱਖਣ ਵਿੱਚ ਮਦਦ ਕਰੇਗੀ। ਸਾਡੇ ਜੀਨਾਂ ਨੇ ਅਜਿਹਾ ਦਿਮਾਗ ਬਣਾਇਆ ਹੈ ਜੋ ਲੋਕਾਂ ਦੇ ਨਾਮ ਯਾਦ ਰੱਖ ਸਕਦਾ ਹੈ। ਅਸੀਂ ਸ਼ਾਇਦ ਇਸ ਨੂੰ ਬਦਲ ਦੇਵਾਂਗੇ।''
''ਇਹ ਵਿਗਿਆਨਕ ਗਲਪ ਵਰਗਾ ਲੱਗ ਸਕਦਾ ਹੈ। ਪਰ ਅਸੀਂ ਹੁਣ ਵੀ ਅਜਿਹਾ ਕਰ ਸਕਦੇ ਹਾਂ। ਅਸੀਂ ਚਿੱਪ ਤਾ ਲਾ ਸਕਦੇ ਹਾਂ ਪਰ ਉਸ ਨੂੰ ਉਪਯੋਗੀ ਬਣਾਉਣ ਲਈ ਦਿਮਾਗ ਨਾਲ ਜੋੜਨਾ ਸਾਨੂੰ ਨਹੀਂ ਆਉਂਦਾ। ਅਸੀਂ ਅਜੇ ਤਜਰਬੇ ਦੇ ਪੱਧਰ ਉੱਤੇ ਹਾਂ ਪਰ ਪਹੁੰਚ ਰਹੇ ਹਾਂ।”
ਉਹ ਕਹਿੰਦੇ ਹਨ, “ਹੁਣ ਇਹ ਜੀਵ-ਵਿਗਿਆਨ ਦਾ ਨਹੀਂ ਸਗੋਂ ਤਕਨੀਕੀ ਸਵਾਲ ਜ਼ਿਆਦਾ ਬਣ ਗਿਆ ਹੈ।”
''ਹੁਣ ਲੋਕਾਂ ਦੇ ਅਜਿਹਾ ਸਮਾਨ ਲਾਇਆ ਜਾਂਦਾ ਹੈ ਜੋ ਉਨ੍ਹਾਂ ਦੇ ਸਰੀਰ ਦੇ ਕਿਸੇ ਨਕਾਰਾ ਅੰਗ ਦੀ ਭਰਭਾਈ ਕਰਦਾ ਹੈ। ਜਿਵੇਂ ਪੇਸਮੇਕਰ ਅਤੇ ਕੂਲ੍ਹਾ।''
''ਭਵਿੱਖ ਵਿੱਚ ਸ਼ਾਇਦ ਇਨ੍ਹਾਂ ਚੀਜ਼ਾਂ ਦੀ ਵਰਤੋਂ ਮਨੁੱਖ ਨੂੰ ਸੁਧਾਰਨ ਲਈ ਕੀਤੀ ਜਾਵੇਗੀ। ਜਿਵੇਂ ਦਿਮਾਗ ਦੀ ਚਿੱਪ। ਤਕਨੀਕੀ ਚੀਜ਼ਾਂ/ਉਪਕਰਣ ਸ਼ਾਇਦ ਸਾਡੇ ਸਰੀਰ ਦਾ ਜ਼ਿਆਦਾ ਦਿਸਦਾ ਹਿੱਸਾ ਬਣ ਜਾਣਗੀਆਂ। ਮਿਸਾਲ ਵਜੋਂ ਇੱਕ ਕੈਮਰੇ ਵਾਲੀ ਨਕਲੀ ਅੱਖ ਜੋ ਰੰਗ ਅਤੇ ਹੋਰ ਨਜ਼ਾਰੇ ਦੇਖ ਸਕਦੀ ਹੈ।''
ਤੁਸੀਂ ਡਿਜ਼ਾਈਨਰ ਬੱਚਿਆਂ ਬਾਰੇ ਸੁਣਿਆ ਹੋਵੇਗਾ। ਸਾਇੰਸਦਾਨ ਹੁਣ ਭਰੂਣ ਦੇ ਜੀਨਾਂ ਵਿੱਚ ਬਦਲਾਅ ਕਰ ਸਕਦੇ ਹਨ। ਹਾਲਾਂਕਿ ਇਹ ਵਿਵਾਦਿਤ ਹੈ ਅਤੇ ਕੋਈ ਨਹੀਂ ਜਾਣਦਾ ਇਸਦਾ ਨਤੀਜਾ ਕੀ ਹੋਵੇਗਾ।
ਭਵਿੱਖ ਵਿੱਚ ਪਰ ਮੇਲੁੰਡ ਨੂੰ ਲਗਦਾ ਹੈ ਸ਼ਾਇਦ ਕੁਝ ਜੀਨਾਂ ਨੂੰ ਨਾ ਬਦਲਣਾ ਅਨੈਤਿਕ ਸਮਝਿਆ ਜਾਵੇ। ਉਸ ਨਾਲ ਬੱਚੇ ਦੇ ਗੁਣਾਂ ਦੀ ਚੋਣ ਵੀ ਆਵੇਗੀ। ਸਾਡੀਆਂ ਆਉਣ ਵਾਲੀਆਂ ਨਸਲਾਂ ਸ਼ਾਇਦ ਉਹੋ-ਜਿਹੀਆਂ ਦਿਸਣਗੀਆਂ ਜਿਵੇਂ ਉਨ੍ਹਾਂ ਦੇ ਮਾਪੇ ਚਾਹੁਣਗੇ।
ਮੇਲੁੰਡ ਮੁਤਾਬਕ,“ਚੋਣ ਤਾਂ ਰਹੇਗੀ, ਹੁਣ ਬਸ ਇਹ ਮਸਨੂਈ ਬਣ ਜਾਵੇਗੀ। ਜੋ ਅਸੀਂ ਕੁੱਤਿਆਂ ਦੀਆਂ ਨਸਲਾਂ ਨਾਲ ਕਰਦੇ ਹਾਂ ਉਹੀ ਅਸੀਂ ਮਨੁੱਖਾਂ ਨਾਲ ਕਰਨ ਲੱਗ ਪਵਾਂਗੇ।”
ਅੰਕੜੇ ਸਾਡੀ ਕੁਝ ਮਦਦ ਕਰਦੇ ਹਨ?
ਇਹ ਪਰਿਕਲਪਨਾ ਲੱਗ ਸਕਦੀ ਹੈ ਪਰ ਕੀ ਡੈਮੋਗ੍ਰਾਫਿਕਸ ਤੋਂ ਸਾਨੂੰ ਕੋਈ ਰੁਝਾਨ ਪਤਾ ਲਗਦੇ ਹਨ ਕਿ ਭਵਿੱਖ ਵਿੱਚ ਮਨੁੱਖ ਕਿਸ ਤਰ੍ਹਾਂ ਦਾ ਨਜ਼ਰ ਆਵੇਗਾ?
ਡਾ਼ ਜੇਸਨ ਹੌਜਸਨ ਈਕੋਸਿਸਟਮਾਂ ਅਤੇ ਵਾਤਾਵਰਣ ਵਿੱਚ ਵੱਡੀਆਂ ਚੁਣੌਤੀਆਂ ਦੇ ਲੈਕਚਰਾਰ ਹਨ। ਉਹ ਦੱਸਦੇ ਹਨ,“ਆਉਣ ਵਾਲੇ ਦਸ ਲੱਖ ਸਾਲਾਂ ਦੀ ਭਵਿੱਖਬਾਣੀ ਕਰਨਾ ਭਾਵੇਂ ਕੋਰੀ ਕਲਪਨਾ ਹੈ। ਹਾਲਾਂਕਿ ਕੁਝ ਨੇੜੇ ਦੇ ਭਵਿੱਖ ਦੀ ਬਾਣੀ ਕਰਨਾ ਤਾਂ ਬਾਇਓ-ਇਨਫੌਰਮੈਟਿਕਸ ਰਾਹੀਂ ਸੰਭਵ ਹੈ....”
ਹੁਣ ਸਾਡੇ ਕੋਲ ਪੂਰੀ ਦੁਨੀਆਂ ਵਿੱਚ ਵਸਦੇ ਮਨੁੱਖਾਂ ਦੇ ਜਨੈਟਿਕ ਨਮੂਨੇ ਹਨ। ਜੀਨ ਵਿਗਿਆਨੀ ਜੀਨ ਵਖਰੇਵਿਆਂ ਨੂੰ ਅਤੇ ਇਨ੍ਹਾਂ ਨੇ ਮਨੁੱਖੀ ਵਸੋਂ ਨੂੰ ਕਿਵੇਂ ਘੜਿਆ ਹੈ। ਇਸ ਸਵਾਲ ਨੂੰ ਬਿਹਤਰ ਢੰਗ ਨਾਲ ਸਮਝ ਰਹੇ ਹਨ।
ਅਸੀਂ ਠੀਕ-ਠੀਕ ਤਾਂ ਨਹੀਂ ਕਹਿ ਸਕਦੇ ਕਿ ਸਾਡੇ ਜੀਨ ਕਿਸ ਪਾਸੇ ਨੂੰ ਜਾਣਗੇ ਪਰ ਡੈਮੋਗ੍ਰਾਫਿਕ ਰੁਝਾਨ ਸਾਨੂੰ ਕੁਝ ਕੁ ਅੰਦਾਜ਼ਾ ਤਾਂ ਦੇ ਸਕਦੇ ਹਨ।
ਪੁਲਾੜ ਦਾ ਕੀ ਬਣੇਗਾ?
ਹੌਜਸਨ ਮੁਤਾਬਕ, “ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿੱਚ ਜੀਨ ਦੇ ਪੱਖ ਤੋਂ ਵਿਭਿੰਨਤਾ ਵਧਦੀ ਜਾਵੇਗੀ। ਸ਼ਹਿਰਾਂ ਵਿੱਚ ਸਾਰਾ ਪਰਵਾਸ ਪਿੰਡਾਂ ਤੋਂ ਹੁੰਦਾ ਹੈ। ਇਸ ਲਈ ਸ਼ਹਿਰਾਂ ਵਿੱਚ ਜ਼ਿਆਦਾ ਜੀਨ ਵਿਭਿੰਨਤਾ ਮਿਲੇਗੀ ਅਤੇ ਪਿੰਡਾਂ ਵਿੱਚ ਘਟਦੀ ਜਾਵੇਗੀ।”
ਮਿਸਾਲ ਵਜੋਂ ਬ੍ਰਿਟੇਨ ਪੇਂਡੂ ਖੇਤਰਾਂ ਵਿੱਚ ਵਿਭਿੰਨਤਾ ਘੱਟ ਹੈ। ਇੱਥੇ ਮੂਲ ਨਿਵਾਸੀਆਂ ਵਾਲੇ ਜੀਨ ਸ਼ਹਿਰੀ ਖੇਤਰਾਂ ਦੇ ਮੁਕਾਬਲੇ ਜ਼ਿਆਦਾ ਹਨ।
ਕੁਝ ਸਮੂਹਾਂ ਵਿੱਚ ਜਨਮ ਘੱਟ ਹੋ ਰਹੇ ਹਨ ਅਤੇ ਕਈਆਂ ਵਿੱਚ ਜ਼ਿਆਦਾ। ਮਿਸਾਲ ਵਜੋਂ ਅਫਰੀਕਾ ਵਿੱਚ ਵਸੋਂ ਤੇਜ਼ੀ ਨਾਲ ਵਧ ਰਹੀ ਹੈ। ਇਸ ਲਈ ਇਨ੍ਹਾਂ ਦੇ ਵਿਸ਼ਵੀ ਵਸੋਂ ਵਿੱਚ ਅਫਰੀਕੀ ਜੀਨ ਤੇਜ਼ੀ ਨਾਲ ਵਧ ਰਹੇ ਹਨ।
ਗੋਰੀ ਚਮੜੀ ਵਾਲੇ ਖੇਤਰਾਂ ਵਿੱਚ ਜਨਮ ਦਰ ਘੱਟ ਹੈ। ਇਸ ਲਈ ਹੌਜਸਨ ਨੂੰ ਲਗਦਾ ਹੈ ਕਿ ਦੁਨੀਆਂ ਵਿੱਚ ਸਿਆਹ ਰੰਗ ਦੇ ਲੋਕਾਂ ਦੀ ਸੰਖਿਆ ਵਧ ਜਾਵੇਗੀ।
ਉਹ ਕਹਿੰਦੇ ਹਨ, “ਮੈਨੂੰ ਉਮੀਦ ਹੈ ਕਿ ਔਸਤ ਰੂਪ ਵਿੱਚ ਅੱਜ ਤੋਂ ਕਈ ਪੀੜ੍ਹੀਆਂ ਬਾਅਦ ਦੇ ਲੋਕਾਂ ਦਾ ਰੰਗ ਅੱਜ ਨਾਲੋਂ ਜ਼ਿਆਦਾ ਸਿਆਹ ਹੋਵੇਗਾ।”
ਪੁਲਾੜ ਦਾ ਕੀ ਬਣੇਗਾ। ਜੇ ਮਨੁੱਖ ਨੇ ਮੰਗਲ ਗ੍ਰਹਿ ਨੂੰ ਅਬਾਦ ਕਰ ਲਿਆ ਫਿਰ ਅਸੀਂ ਕਿਹੋ-ਜਿਹੇ ਲੱਗਾਂਗੇ। ਗੁਰੂਤਾ ਖਿੱਚ ਕਾਰਨ ਸਾਡੀਆਂ ਮਾਸਪੇਸ਼ੀਆਂ ਦੀ ਬਣਤਰ ਬਦਲ ਸਕਦੀ ਹੈ। ਹੋ ਸਕਦਾ ਹੈ ਸਾਡੀਆਂ ਲੱਤਾਂ-ਬਾਹਾਂ ਲੰਬੀਆਂ ਹੋ ਜਾਣ। ਠੰਢੇ ਬਰਫ ਯੁੱਗ ਵਾਤਾਵਰਣ ਵਿੱਚ ਅਸੀਂ ਮੋਟੇ ਵੀ ਹੋ ਸਕਦੇ ਹਾਂ। ਸਾਡੇ ਰਿਸ਼ਤੇਦਾਰ ਨੀਨਡਰਥੈਲ ਵਾਂਗ ਠੰਢ ਤੋਂ ਬਚਾਉਣ ਲਈ ਸਰੀਰ ਉੱਪਰ ਜੱਤ ਆ ਸਕਦੀ ਹੈ?
ਸਾਨੂੰ ਨਹੀਂ ਪਤਾ ਪਰ ਬੇਸ਼ੱਕ ਮਨੁੱਖੀ ਜੀਨ ਵਿਭਿੰਨਤਾ ਲਗਾਤਾਰ ਵਧ ਰਹੀ ਹੈ। ਇਸ ਕਾਰਨ ਹੌਜਸਨ ਨੂੰ ਲਗਦਾ ਹੈ ਕਿ ਅਸੀਂ ਅੱਜ ਤੋਂ ਦਸ ਲੱਖ ਸਾਲ ਬਾਅਦ ਵੀ ਅੱਜ ਵਰਗੇ ਲੱਗਾਂਗੇ, ਇਸ ਦੀ ਬਹੁਤ ਥੋੜ੍ਹੀ ਸੰਭਾਵਨਾ ਹੈ।