You’re viewing a text-only version of this website that uses less data. View the main version of the website including all images and videos.
ਇਮਰਾਨ ਖ਼ਾਨ ਦੀ ਪਤਨੀ ਰਹੀ ਰੇਹਾਮ ਖ਼ਾਨ ਦਾ 13 ਸਾਲ ਛੋਟੇ ਸ਼ਖਸ ਨਾਲ ਵਿਆਹ, ਜੋੜੇ ਬਾਰੇ ਕੁਝ ਖ਼ਾਸ ਗੱਲਾਂ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਦੂਜੀ ਪਤਨੀ ਰਹੀ ਰੇਹਾਮ ਖ਼ਾਨ ਨੇ ਤੀਜਾ ਵਿਆਹ ਕਰਵਾ ਲਿਆ ਹੈ।
ਰੇਹਾਮ ਖ਼ਾਨ ਨੇ ਆਪਣੇ ਵਿਆਹ ਦੀ ਖ਼ਬਰ ਖੁਦ ਸੋਸ਼ਲ ਮੀਡੀਆ ਉਪਰ ਸ਼ੇਅਰ ਕੀਤੀ।
ਉਹਨਾਂ ਲਿਖਿਆ, “ਆਖਿਰ ਉਹ ਬੰਦਾ ਮਿਲ ਗਿਆ ਹੈ ਜਿਸ ’ਤੇ ਮੈਂ ਭਰੋਸਾ ਕਰ ਸਕਦੀ ਹਾਂ।”
ਟੀਵੀ ਐਂਕਰ ਰਹੀ 49 ਸਾਲਾਂ ਰੇਹਾਮ ਖ਼ਾਨ ਨੇ ਆਪਣੇ ਤੋਂ ਉਮਰ ਵਿੱਚ 13 ਸਾਲ ਛੋਟੇ ਮਿਰਜ਼ਾ ਬਿਲਾਲ ਬੇਗ ਨਾਲ ਅਮਰੀਕਾ ਵਿੱਚ ਇੱਕ ਸਾਦੇ ਸਮਾਗਮ ਦੌਰਾਨ ਵਿਆਹ ਕਰਵਾਇਆ।
ਮਿਰਜ਼ਾ ਬਿਲਾਲ ਬੇਗ ਦੀ ਉਮਰ 36 ਸਾਲ ਦੀ ਹੈ। ਉਹ ਮਾਡਲ ਅਤੇ ਅਦਾਕਾਰ ਹਨ।
ਦੋਵੇ ਅੱਜ ਕੱਲ੍ਹ ਅਮਰੀਕਾ ਵਿੱਚ ਹੀ ਰਹਿੰਦੇ ਹਨ।
ਰੇਹਾਮ ਖ਼ਾਨ ਨੇ ਇੱਕ ਹੋਰ ਪੋਸਟ ਵਿੱਚ ਲਿਖਿਆ, “ਮਿਰਜ਼ਾ ਬਿਲਾਲ ਬੇਗ ਦੇ ਮਾਤਾ-ਪਿਤਾ ਦੇ ਆਸ਼ਿਰਵਾਦ ਅਤੇ ਮੇਰੇ ਪੁੱਤਰ ਦੀ ਮੌਜੂਦਗੀ ਵਿੱਚ ਸਿਆਟਲ ਵਿੱਚ ਸਾਡਾ ਨਿਕਾਹ ਹੋਇਆ।”
ਜੋੜੇ ਬਾਰੇ ਕੁਝ ਦਿਲਚਸਪ ਗੱਲਾਂ:
- ਇਮਰਾਨ ਖ਼ਾਨ ਦੀ ਸਾਬਕਾ ਪਤਨੀ ਰੇਹਾਮ ਖ਼ਾਨ ਨੇ ਕਰਵਾਇਆ ਤੀਜਾ ਵਿਆਹ
- 49 ਸਾਲਾਂ ਰੇਹਾਮ ਅਤੇ 36 ਸਾਲਾਂ ਮਿਰਜ਼ਾ ਬਿਲਾਲ ਬੇਗ ਨੇ ਅਮਰੀਕਾ ’ਚ ਕਰਵਾਇਆ ਨਿਕਾਹ
- ਰੇਹਾਮ ਦੀ ਕਿਤਾਬ ਵਿੱਚ ਇਮਰਾਨ ਬਾਰੇ ਟਿੱਪਣੀਆਂ ਨੇ ਮਚਾਈ ਸੀ ਤਰਥੱਲੀ
- ਰੇਹਾਮ ਨੇ 13 ਸਾਲਾਂ ਬਾਅਦ ਪਹਿਲੇ ਪਤੀ ਨੂੰ ਦਿੱਤਾ ਸੀ ਤਲਾਕ
ਇਮਰਾਨ ਖ਼ਾਨ ਨਾਲ ਵਿਆਹ ਤੇ ਪੱਤਰਕਾਰੀ
ਸਾਲ 2014 ਵਿੱਚ ਉਹਨਾਂ ਦਾ ਪਾਕਿਸਤਾਨ ਦੇ ਸਾਬਕਾ ਪੀਐੱਮ ਇਮਰਾਨ ਖ਼ਾਨ ਨਾਲ ਵਿਆਹ ਹੋਇਆ ਸੀ।
ਰੇਹਾਮ ਖ਼ਾਨ ਦੇ ਮਾਪੇ ਪਾਕਿਸਤਾਨੀ ਹਨ ਅਤੇ ਉਨ੍ਹਾਂ ਦਾ ਜਨਮ ਲੀਬੀਆ ਵਿੱਚ ਹੋਇਆ ਸੀ।
ਉਨ੍ਹਾਂ ਦੀ ਜ਼ਿਆਦਾਤਰ ਪੜ੍ਹਾਈ ਬ੍ਰਿਟੇਨ ਵਿੱਚ ਹੋਈ। ਰੇਹਾਮ ਪੇਸ਼ੇ ਵੱਜੋਂ ਪੱਤਰਕਾਰ ਰਹੇ ਹਨ।
ਉਨ੍ਹਾਂ ਦੀ ਵੈੱਬਸਾਈਟ ਮੁਤਾਬਕ ਉਨ੍ਹਾਂ ਦਾ ਕਰਿਅਰ ਸਾਲ 2006 ਵਿੱਚ ਸ਼ੁਰੂ ਹੋਇਆ।
ਸਾਲ 2008 ਵਿੱਚ ਉਹ ਬੀਬੀਸੀ ਨਾਲ ਜੁੜੇ ਸਨ। ਉਹ ਬੀਬੀਸੀ ਵਿੱਚ ਮੌਸਮ ਪ੍ਰੋਗਰਾਮ ਪੇਸ਼ ਕਰਦੇ ਸਨ। ਬਾਅਦ ਵਿੱਚ ਰੇਹਾਮ ਡੌਨ ਨਿਊਜ਼ ਨਾਲ ਜੁੜ ਗਏ ਸੀ।
ਰੇਹਾਮ ਦੀ ਕਿਤਾਬ ਨੇ ਮਚਾਈ ਸੀ ਤਰਥੱਲੀ
ਰੇਹਾਮ ਖ਼ਾਨ ਦਾ ਜਨਮ 1973 ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਈਐਨਟੀ ਸਰਜਨ ਸਨ।
ਰੇਹਾਮ ਖ਼ਾਨ ਆਪਣੇ ਕਾਲਜ ਦੀ ਪੜਾਈ ਦੇ ਸਮੇਂ ਤੋਂ ਹੀ ਔਰਤਾਂ ਦੇ ਹੱਕਾਂ ਵਿੱਚ ਬੋਲਣ ਵਾਲੀ ਅਤੇ ਔਰਤਾਂ ਨੂੰ ਜਾਗਰੁਕ ਕਰਨ ਲਈ ਉਦਮ ਕਰਦੇ ਸਨ।
ਇਮਰਾਨ ਖ਼ਾਨ ਨਾਲ ਤਲਾਕ ਤੋਂ ਬਾਅਦ ਉਹਨਾਂ ਨੇ ਆਪਣੀ ਸਵੈ-ਜੀਵਨੀ ਲਿਖੀ ਸੀ।
ਇਹ ਕਿਤਾਬ ਉਸ ਸਮੇਂ ਆਈ ਜਦੋਂ ਇਮਰਾਨ ਖ਼ਾਨ ਨੈਸ਼ਨਲ ਅਸੈਂਬਲੀ ਦੀ ਚੋਣ ਲੜ ਰਹੇ ਸਨ।
ਕੁਝ ਹਲਕਿਆਂ ਵਿੱਚ ਇਹ ਵੀ ਕਿਹਾ ਗਿਆ ਕਿ ਇਸ ਕਿਤਾਬ ਦਾ ਮਕਸਦ ਇਮਰਾਨ ਖ਼ਾਨ ਨੂੰ ਨੁਕਸਾਨ ਪਹੁੰਚਾਉਣਾ ਸੀ।
ਉਹਨਾਂ ਨੇ ਆਪਣੀ ਕਿਤਾਬ ਵਿਚ ਇਮਰਾਨ ਖ਼ਾਨ ਦੀ ਜ਼ਿੰਦਗੀ ਦੇ ਕਈ ਪੱਖਾਂ ਨੂੰ ਲੈ ਕੇ ਕਾਫ਼ੀ ਅਲੋਚਨਾ ਕੀਤੀ ਸੀ।
ਜੇਕਰ ਕੋਈ ਅਜਿਹਾ ਮਕਸਦ ਰਿਹਾ ਵੀ ਹੋਵੇ ਤਾਂ ਵੀ ਉਹ ਇਸ ਵਿੱਚ ਸਫਲ ਨਹੀਂ ਰਹੀ ਕਿਉਂਕਿ ਇਮਰਾਨ ਖ਼ਾਨ ਨੇ ਆਖਿਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣ ਗਏ ਸਨ।
ਜਦੋਂ ਇਕ ਵਾਰ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਇਸ ਗੱਲ ਦਾ ਅਫ਼ਸੋਸ ਨਹੀਂ ਕਿ ਜੇਕਰ ਤਲਾਕ ਨਾ ਹੁੰਦਾ ਤਾਂ ਉਹ ਪਾਕਿਸਤਾਨ ਦੇ ਪੀਐੱਮ ਦੀ ਪਤਨੀ ਹੁੰਦੀ ਤਾਂ ਉਹਨਾਂ ਕਿਹਾ, “ਮੇਰਾ 'ਜੈਨੇਟਿਕ ਸਟ੍ਰਕਚਰ' ਸਿਆਸਤਦਾਨ ਜਾਂ ਪ੍ਰਧਾਨ ਮੰਤਰੀ ਦੀ ਪਤਨੀ ਬਣਨਾ ਸਹੀ ਨਹੀਂ ਹੈ। ਜੇਕਰ ਕੋਈ ਗਲਤ ਕੰਮ ਕਰਦਾ ਹੈ, ਤਾਂ ਮੈਂ ਉਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ। ਜਦੋਂ ਰਿਸ਼ਤਾ ਟੁੱਟ ਗਿਆ ਤਾਂ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮੈਂ ਐਨੀ ਮੂਰਖ ਕਿਵੇਂ ਹੋ ਸਕਦੀ ਹਾਂ ਕਿ ਮੈਂ ਇਸ ਇਨਸਾਨ ਨਾਲ ਵਿਆਹ ਕਰਵਾ ਲਿਆ।”
13 ਸਾਲ ਬਾਅਦ ਦਿੱਤਾ ਸੀ ਪਹਿਲੇ ਪਤੀ ਨੂੰ ਤਲਾਕ
ਜਦੋ ਰੇਹਾਮ ਸਿਰਫ਼ 19 ਸਾਲ ਦੀ ਸੀ ਤਾਂ ਉਹਨਾਂ ਤੋਂ 16 ਸਾਲ ਵੱਡੇ ਉਹਨਾਂ ਦੀ ਭੂਆ ਦੇ ਪੁੱਤਰ ਨੇ ਵਿਆਹ ਦਾ ਪ੍ਰਸਤਾਵ ਦਿੱਤਾ ਸੀ ਜਿਸ ਨੂੰ ਉਹਨਾਂ ਦੇ ਮਾਤਾ-ਪਿਤਾ ਨੇ ਮਨਜ਼ੂਰ ਕਰ ਲਿਆ ਸੀ।
ਪਰ ਪਹਿਲੇ ਦਿਨ ਤੋਂ ਹੀ ਇਹ ਵਿਆਹ ਚੱਲਿਆ ਨਹੀਂ। ਇਲਜ਼ਾਮ ਲੱਗਿਆ ਕਿ ਉਹਨਾਂ ਨੂੰ ਅਕਸਰ ਹੀ ਘਰੇਲੂ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਸੀ।
ਰੇਹਾਮ ਨੇ ਆਪਣੀ ਸਵੈ ਜੀਵਨੀ ਵਿੱਚ ਕਿਹਾ ਸੀ, "ਘਰੇਲੂ ਹਿੰਸਾ ਸਿਰਫ਼ ਇਹ ਨਹੀਂ ਹੈ ਕਿ ਕੋਈ ਤੁਹਾਡੇ 'ਤੇ ਹੱਥ ਚੁੱਕਦਾ ਹੈ। ਘਰੇਲੂ ਹਿੰਸਾ 'ਕੰਟਰੋਲ ਕਰਨ ਦੀ ਸਥਿਤੀ' ਤੋਂ ਸ਼ੁਰੂ ਹੁੰਦੀ ਹੈ। ਘਰੇਲੂ ਹਿੰਸਾ ਘੱਟ ਉਮਰ ਦੀਆਂ ਕੁੜੀਆਂ ਨਾਲ ਜ਼ਿਆਦਾ ਹੁੰਦੀ ਹੈ। ਮੈਂ ਆਪਣੇ ਵਿਆਹ ਦੇ ਪਹਿਲੇ ਦਿਨ ਜਾਂ ਪਹਿਲੇ ਘੰਟੇ ਤੋਂ ਹੀ ਸਮਝ ਗਈ ਸੀ ਕਿ ਕੁਝ ਠੀਕ ਨਹੀਂ ਹੈ।"
ਰੇਹਾਮ ਨੇ 13 ਸਾਲਾਂ ਦੇ ਕੁੜੱਤਣ ਵਾਲੇ ਵਿਆਹ ਅਤੇ ਤਿੰਨ ਬੱਚਿਆਂ ਤੋਂ ਬਾਅਦ ਆਪਣੇ ਪਹਿਲੇ ਪਤੀ ਨੂੰ ਤਲਾਕ ਦੇ ਦਿੱਤਾ।
ਜਦੋਂ ਇਮਰਾਨ ਖ਼ਾਨ ਨੇ ਐੱਸਐੱਮਐੱਸ ਕਰਕੇ ਬੁਲਾਇਆ
ਰੇਹਾਮ ਦੀ ਕਿਤਾਬ ਵਿੱਚ ਉਨ੍ਹਾਂ ਦੀ ਜ਼ਿੰਦਗੀ ਬਾਰੇ ਕਈ ਪਹਿਲੂ ਹਨ।
ਜਦੋਂ ਉਹਨਾਂ ਨੇ ਬ੍ਰਿਟੇਨ ਵਿੱਚ ਬੀਬੀਸੀ ਦੀ ਨੌਕਰੀ ਛੱਡ ਦਿੱਤੀ ਸੀ ਤਾਂ ਉਹ ਪਾਕਿਸਤਾਨ ਚਲੀ ਗਈ।
ਇਸ ਦੌਰਾਨ ਉਹਨਾਂ ਨੂੰ ਇਮਰਾਨ ਖ਼ਾਨ ਦੀ ਦੋ ਵਾਰ ਇੰਟਰਵਿਊ ਕਰਨ ਦਾ ਮੌਕਾ ਮਿਲਿਆ।
ਇਸ ਤੋਂ ਬਾਅਦ ਇਮਰਾਨ ਖ਼ਾਨ ਨੇ ਉਹਨਾਂ ਨੂੰ ਐੱਸਐੱਮਐੱਸ ਭੇਜਿਆ ਕਿ ਉਹ ਉਹਨਾਂ ਨੂੰ ਮਿਲਣਾ ਚਾਹੁੰਦੇ ਹਨ।
ਕੁਝ ਦਿਨ ਟਾਲਣ ਤੋਂ ਬਾਅਦ ਉਹ ਇਮਰਾਨ ਨੂੰ ਉਹਨਾਂ ਦੇ ਘਰ ਮਿਲਣ ਗਈ ਜਿੱਥੇ ਇਮਰਾਨ ਨੇ ਉਹਨਾਂ ਨੂੰ ਵਿਆਹ ਦਾ ਪ੍ਰਸਤਾਵ ਪੇਸ਼ ਕੀਤਾ।
ਰੇਹਾਮ ਨੇ ਇਮਰਾਨ ਦੇ ਵਿਆਹ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ। ਸਾਲ 2014 ਨੂੰ ਦੋਹਾਂ ਨੇ ਵਿਆਹ ਕਰ ਲਿਆ।
ਰੇਹਾਮ ਦਾ ਕਹਿਣਾ ਹੈ ਕਿ ਉਸ 'ਤੇ ਕੁਝ ਬਾਹਰੀ ਲੋਕਾਂ ਅਤੇ ਇਮਰਾਨ ਦੀ ਪਹਿਲੀ ਪਤਨੀ ਜੈਮਿਮਾ ਗੋਲਡਸਮਿਥ ਦਾ ਪ੍ਰਭਾਵ ਹਾਲੇ ਵੀ ਬਰਕਰਾਰ ਸੀ।
ਇਮਰਾਨ ਦਾ ਰਹਿਣ ਸਹਿਣ ਅਤੇ ਨਿੱਜੀ ਜੀਵਨ ਦੀਆਂ ਕੁਝ ਚੀਜ਼ਾਂ ਰੇਹਾਮ ਨੂੰ ਰਾਸ ਨਹੀਂ ਆਈਆਂ।
ਇਮਰਾਨ ਦੇ ਕੈਂਪ ਵਿੱਚ ਵੀ ਉਹਨਾਂ ਖ਼ਿਲਾਫ਼ ਲਗਾਤਾਰ ਇੱਕ ਮੁਹਿੰਮ ਸ਼ੁਰੂ ਹੋ ਗਈ ਸੀ।
ਰੇਹਾਮ ਦੀ ਮੰਨੀ ਜਾਏ ਤਾਂ ਇਮਰਾਨ ਦੇ ਆਸ-ਪਾਸ ਵਾਲੇ ਲੋਕਾਂ, ਕਾਲੇ ਜਾਦੂ, ਤਵੀਤਾਂ ਅਤੇ ਇਮਰਾਨ ਦੇ ਨਿੱਜੀ ਵਿਵਹਾਰ ਨੇ ਉਹਨਾਂ ਨੂੰ ਦੂਰ ਕਰ ਦਿੱਤਾ।
ਕੌਣ ਹੈ ਤੀਜਾ ਪਤੀ ਮਿਰਜ਼ਾ ਬਿਲਾਲ ਬੇਗ ?
ਨਿਊ਼ਜ਼ ਏਜੰਸੀ ਏਐਨਆਈ ਮੁਤਾਬਕ ਮਿਰਜ਼ਾ ਬਿਲਾਲ ਬੇਗ ਦਾ ਵੀ ਇਹ ਤੀਜਾ ਵਿਆਹ ਹੈ।
ਮਾਡਲ ਅਤੇ ਅਦਾਕਾਰ ਮਿਰਜ਼ਾ ਕਾਰਪੋਰੇਟ ਪ੍ਰੋਫੈਸ਼ਨਲ ਹਨ।
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਫ਼ਿਲਹਾਲ ਆਪਣੀ ਤੀਜੀ ਪਤਨੀ ਬੁਸ਼ਰਾ ਵਾਤੋ ਨਾਲ ਰਹਿ ਰਹੇ ਹਨ।
ਇਮਰਾਨ ਦਾ ਬੁਸ਼ਰਾ ਨਾਲ ਵਿਆਹ ਸਾਲ 2018 ਵਿੱਚ ਹੋਇਆ ਸੀ।