ਨਿਰਮਲਜੀਤ ਸਿੰਘ ਸੇਖੋਂ ਨੇ ਜਦੋਂ 6 ਲੜਾਕੂ ਜਹਾਜ਼ਾਂ ਨਾਲ ਇਕੱਲੇ ਲੋਹਾ ਲਿਆ, ਤਾਰੀਫ਼ ਪਾਕਿਸਤਾਨੀਆਂ ਨੇ ਵੀ ਕੀਤੀ

ਤਸਵੀਰ ਸਰੋਤ, bbc/shoonya
- ਲੇਖਕ, ਮਨਦੀਪ ਸਿੰਘ ਬਾਜਵਾ
- ਰੋਲ, ਫ਼ੌਜੀ ਇਤਿਹਾਸ ਦੇ ਜਾਣਕਾਰ
ਕਦੇ ਲੁਧਿਆਣਾ-ਮੋਗਾ ਸ਼ਾਹ ਰਾਹ ਦੇ ਦੁਆਲੇ 25 ਕਿੱਲੋਮੀਟਰ ਦਾ ਘੇਰਾ ਪੰਜਾਬ ਵਿੱਚ ਬਹਾਦਰੀ ਦਾ ਧੁਰਾ ਹੁੰਦਾ ਸੀ। ਇਹ ਇਲਾਕਾ ਮੌਜੂਦਾ ਅਤੇ ਸੇਵਾ ਮੁਕਤ ਸੈਨਿਕਾਂ, ਬਹਾਦਰੀ ਪੁਰਸਕਾਰਾਂ ਨਾਲ ਸਜੇ ਸੈਨਿਕਾਂ, ਜੰਗੀ ਵਿਧਵਾਵਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਘੁੱਗ ਵਸਦਾ ਸੀ।
ਇਨ੍ਹਾਂ ਬਹਾਦਰਾਂ ਦੀਆਂ ਯਾਦਾਂ ਨੂੰ ਇਸ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੇ ਯਾਦਗਾਰੀ ਸਮਾਰਕਾਂ, ਸੜਕਾਂ, ਸਕੂਲਾਂ, ਕਮਿਊਨਿਟੀ ਸੈਂਟਰਾਂ, ਯਾਦਗਾਰੀ ਗੇਟਾਂ ਨਾਲ ਸਾਂਭਿਆ ਹੋਇਆ ਸੀ।
ਇਸ ਇਲਾਕੇ ਦੇ ਕੁਝ ਮਸ਼ਹੂਰ ਪਿੰਡਾਂ ਵਿੱਚੋਂ— ਬੱਦੋਵਾਲ, ਜੋਧਾਂ, ਸੁਧਾਰ, ਕਾਉਂਕੇ, ਗਾਲਿਬ, ਅਜੀਤਵਾਲ, ਦਾਉਦਰ, ਮੈਹਣਾ, ਸਵੱਦੀ, ਜੰਗਪੁਰ, ਲਲਤੋਂ, ਸਰਾਭਾ, ਗੁਜਰਾਂਵਾਲ, ਲਤਾਲਾ ਅਤੇ ਨਾਰੰਗਵਾਲ ਦੇ ਨਾਮ ਲਏ ਜਾ ਸਕਦੇ ਹਨ।
ਇਨ੍ਹਾਂ ਪਿੰਡਾਂ ਵਿੱਚ ਮੁੱਲਾਂਪੁਰ ਦਾਖਾ ਦੇ ਕੋਲ ਹੀ ਵਸਦਾ ਨਿੱਕਾ ਜਿਹਾ ਪਿੰਡ ਹੈ – ਈਸੇਵਾਲ।
ਸੰਨ 1945 ਦੀ 17 ਜੁਲਾਈ ਨੂੰ ਫਲਾਈਂਗ ਅਫ਼ਸਰ ਨਿਰਮਲ ਜੀਤ ਸਿੰਘ ਸੇਖੋਂ ਦਾ ਜਨਮ ਇਸੇ ਪਿੰਡ ਵਿੱਚ ਹੋਇਆ ਸੀ। ਸੇਖੋਂ ਭਾਰਤੀ ਹਵਾਈ ਫੌਜ ਦੇ ਇਕਲੌਤੇ ਪਰਮ ਵੀਰ ਚੱਕਰ ਜੇਤੂ ਸੈਨਿਕ ਸਨ।
ਉਨ੍ਹਾਂ ਦੇ ਮਾਪਿਆਂ ਵਿੱਚੋਂ ਪਿਤਾ ਮਾਸਟਰ ਵਾਰੰਟ ਅਫ਼ਸਰ ਅਤੇ ਭਾਰਤੀ ਹਵਾਈ ਫੌਜ ਦੇ ਆਨਰੇਰੀ ਫਲਾਈਂਗ ਅਫ਼ਸਰ ਲੈਫ਼ਟੀਨੈਂਟ ਤਰਲੋਕ ਸਿੰਘ ਸੇਖੋਂ ਅਤੇ ਮਾਂ ਹਰਬੰਸ ਕੌਰ ਇੱਕ ਘਰੇਲੂ ਸੁਆਣੀ ਸਨ। ਉਨ੍ਹਾਂ ਦਾ ਪਰਿਵਾਰ, ਜਵਾਨਾਂ ਤੇ ਕਿਸਾਨਾਂ ਦਾ ਪਰਿਵਾਰ ਸੀ।
ਸੇਖੋਂ ’ਤੇ ਮੁੱਢਲਾ ਪ੍ਰਭਾਵ ਤਾਂ ਬੇਸ਼ੱਕ ਆਪਣੀ ਜੰਮਣ ਭੋਂਇ ਅਤੇ ਹਵਾਈ ਫੌਜ ਦਾ ਹੀ ਪਿਆ ਜਿਸ ਦਾ ਉਨ੍ਹਾਂ ਦੇ ਪਿਤਾ ਹਿੱਸਾ ਸਨ। ਦੂਜਾ ਅਸਰ ਮਾਰਸ਼ਲ ਅਤੇ ਖੇਤੀਬਾੜੀ ਦੇ ਪਿਛੋਕੜ ਵਾਲੇ ਪਰਿਵਾਰ ਦਾ ਪਿਆ।
ਉਸ ਤਰ੍ਹਾਂ ਉਨ੍ਹਾਂ ਵਿੱਚ ਇੱਕ ਲੜਾਕੂ ਪਾਇਲਟ ਬਣਨ ਦੀ ਇੱਛਾ ਪੈਦਾ ਹੋਣਾ ਸੁਭਾਵਕ ਹੀ ਸੀ।
ਉਨ੍ਹਾਂ ਦਾ ਇਹ ਸੁਫਨਾ 4 ਜੂਨ, 1967 ਨੂੰ ਜਨਰਲ ਡਿਊਟੀਜ਼ (ਪਾਇਲਟ) ਕੋਰਸ ਵਿੱਚ ਭਰਤੀ ਹੋਣ ਨਾਲ ਪੂਰਾ ਹੋਇਆ।
ਉਨ੍ਹਾਂ ਦੀ ਪਹਿਲੀ ਤਾਇਨਾਤੀ ਅੰਬਾਲਾ ਏਅਰ ਬੇਸ ’ਤੇ 18 ਨੰਬਰ ਸਕੁਐਡਰਨ (ਦਿ ਫਲਾਈਂਗ ਬੁਲਿਟਸ) ਵਿੱਚ ਹੋਈ।
ਉਸ ਸਮੇਂ ਉਨ੍ਹਾਂ ਦੀ ਯੂਨਿਟ ਕੋਲ ਫੌਲੈਂਡ ਗੈਂਟ ਇੰਟਰਸੈਪਟਰ ਲੜਾਕੂ ਜਹਾਜ਼ ਸੀ। ਇਹ ਇੱਕ ਹਲਕਾ ਲੜਾਕੂ ਜਹਾਜ਼ ਹੁੰਦਾ ਸੀ। ਸੰਨ 1965 ਦੀ ਭਾਰਤ-ਪਾਕ ਜੰਗ ਵਿੱਚ ਇਸ ਦੇ ਜੌਹਰਾਂ ਕਾਰਨ ਇਸ ਨੂੰ “ਸੇੇਬਰ ਸਲੇਅਰ” ਵੀ ਕਿਹਾ ਜਾਣ ਲੱਗ ਪਿਆ ਸੀ।
ਸੇਖੋਂ ਨੇ ਕਰੜੀ ਮਿਹਨਤ ਅਤੇ ਲਗਨ ਨਾਲ ਇਸ ਉੱਪਰ ਦੀ ਪੂਰੀ ਮੁਹਾਰਤ ਕਰ ਲਈ।
ਜਦੋਂ 1971 ਦੀ ਲੜਾਈ ਦੇ ਛਾਏ ਬੱਦਲ

ਤਸਵੀਰ ਸਰੋਤ, national war memorial
ਜਿਵੇਂ ਹੀ 1971 ਦੀ ਲੜਾਈ ਦੇ ਬੱਦਲ ਛਾਏ ਤਾਂ ਸੇਖੋਂ ਦੀ ਸਕੁਐਡਰਨ (ਹਵਾਈ ਜਹਾਜ਼ਾਂ ਦੀ ਟੁਕੜੀ) ਨੂੰ ਸ੍ਰੀ ਨਗਰ ਰਵਾਨਾ ਕਰ ਦਿੱਤਾ ਗਿਆ। ਉੱਥੇ ਉਨ੍ਹਾਂ ਨੇ ਕਸ਼ਮੀਰ ਘਾਟੀ ਦੀ ਰੱਖਿਆ ਦਾ ਜ਼ਿੰਮਾ ਸਾਂਭਿਆ।
3 ਦਸੰਬਰ 1971 ਨੂੰ ਲੜਾਈ ਸ਼ੁਰੂ ਹੋਣ ਤੋਂ ਕੁਝ ਮਹੀਨੇ ਪਹਿਲਾਂ ਹੀ ਸੇਖੋਂ ਦਾ ਮਨਜੀਤ ਨਾਲ ਵਿਆਹ ਹੋਇਆ ਸੀ।
ਸਕੁਐਡਰਨ ਵਿੱਚ ਸੇਖੋਂ ਸਾਰਿਆਂ ਨੂੰ ਭਾਈ ਕਹਿ ਕੇ ਬੁਲਾਉਂਦੇ ਅਤੇ ਟੁਕੜੀ ਦੇ ਬਾਕੀ ਮੈਂਬਰ ਸੇਖੋਂ ਨੂੰ ਵੀ ਭਾਈ ਕਹਿ ਕੇ ਸੱਦਦੇ।
ਰਾਤ ਨੂੰ ਅਫਸਰਾਂ ਦੀ ਮੈਸ ਵਿੱਚ ਬਰਾਂਡੀ ਦਾ ਪੈਗ ਲਾਉਣ ਤੋਂ ਬਾਅਦ ਉਹ ਚਿੰਤਾ ਵਿੱਚ ਪੈ ਜਾਂਦੇ। ਉਹ ਸੋਚਦੇ ਕਿ ਉਨ੍ਹਾਂ ਵੱਲੋਂ ਹਵਾ ਵਿੱਚ ਗਸ਼ਤ ਦੌਰਾਨ ਉਨ੍ਹਾਂ ਨੂੰ ਦੁਸ਼ਮਣ ਦੇ ਜਹਾਜ਼ ਨਜ਼ਰ ਨਹੀਂ ਆਏ।
ਉਨ੍ਹਾਂ ਨੂੰ ਲਗਦਾ ਕਿ ਕਿਤੇ ਲੜਾਈ ਉਨ੍ਹਾਂ ਨੂੰ ਇੱਕ ਅੱਧਾ ਦੁਸ਼ਮਣ ਫੁੰਡਣ ਦਾ ਮੌਕਾ ਦਿੱਤੇ ਬਿਨਾਂ ਹੀ ਖਤਮ ਹੋ ਗਈ? ਇਸ ਖਿਆਲ ਨਾਲ ਉਹ ਘਬਰਾ ਜਾਂਦੇ।
ਅਠਾਰਾਂ ਨੰਬਰ ਟੁਕੜੀ ਦੇ ਬਾਕੀ ਮੈਂਬਰਾਂ ਵਾਂਗ ਹੀ ਸੇਖੋਂ ਨੂੰ ਵੀ ਆਪਣੇ ਜਹਾਜ਼ਾਂ ਦੀ ਫੁਰਤੀ ਉੱਪਰ ਪੂਰਾ ਭਰੋਸਾ ਸੀ ਕਿ ਇਹ ਪਾਇਲਟ ਨੂੰ ਕਿਸੇ ਵੀ ਸਥਿਤੀ ਵਿੱਚ ਕੱਢ ਕੇ ਲਿਆ ਸਕਦੇ ਹਨ।
ਇਹ ਆਤਮ ਵਿਸ਼ਵਾਸ ਉਨ੍ਹਾਂ ਦੀ ਕਠਿਨ ਅਤੇ ਗੰਭੀਰ ਸਿਖਲਾਈ ਦਾ ਨਤੀਜਾ ਸੀ, ਜੋ ਉਨ੍ਹਾਂ ਨੇ ਏਅਰ ਮਾਰਸ਼ਲ ਅਰਜਨ ਸਿੰਘ ਅਤੇ ਏਅਰ ਚੀਫ ਮਾਰਸ਼ਲ ਪੀਸੀ ਲਾਲ ਅਧੀਨ ਪੂਰੀ ਕੀਤੀ ਸੀ। ਇਹ ਦੋਵੇਂ 1965 ਅਤੇ 1971 ਦੀਆਂ ਜੰਗਾਂ ਦੌਰਾਨ ਭਾਰਤੀ ਹਵਾਈ ਫੌਜ ਦੇ ਮੁਖੀ ਵੀ ਸਨ।

ਆਖਰ ਉਹ ਸਮਾਂ ਆ ਗਿਆ

ਤਸਵੀਰ ਸਰੋਤ, Getty Images
ਲੰਬੇ ਪਤਲੇ ਸੇਖੋਂ ਅਤੇ ਉਨ੍ਹਾਂ ਦੇ ਨਾਲ ਉਡਾਨ ਭਰਨ ਵਾਲੇ ਫਲਾਈਟ ਲੈਫਟੀਨੈਂਟ ਬਲਧੀਰ ਸਿੰਘ ਘੁੰਮਣ 14 ਦਸੰਬਰ ਦੀ ਰਾਤ ਨੂੰ ਉਡਾਨ ਭਰਨ ਲਈ ਤਿਆਰ ਬਰ ਤਿਆਰ ਸਨ। ਇੰਨੇ ਤਿਆਰ ਕਿ ਦੋ ਮਿੰਟ ਵਿੱਚ ਉੱਡ ਜਾਣ।
ਆਖਰ ਪਹੁ ਫੁਟਾਲੇ ਤੋਂ ਪਹਿਲਾਂ ਦੇ ਘੁਸਮੁਸੇ ਵਿੱਚ ਉਨ੍ਹਾਂ ਨੂੰ ਅਵੰਤੀਪੁਰ ਏਅਰ ਬੇਸ ਤੋਂ ਉਹ ਖ਼ਬਰ ਆਈ, ਜਿਸ ਦੀ ਉਹ ਉਡੀਕ ਕਰ ਰਹੇ ਸਨ।
ਦੱਸਿਆ ਗਿਆ ਕਿ ਪਾਕਿਸਤਾਨੀ ਲੜਾਕੂ ਜਹਾਜ਼ਾਂ ਦੀ ਇੱਕ ਟੁਕੜੀ (ਸਕੁਐਡਰਨ) ਸ਼੍ਰੀ ਨਗਰ ਵੱਲ ਵਧ ਰਹੀ ਹੈ। ਇਸ ਟੁਕੜੀ ਵਿੱਚ ਨੰਬਰ 26 ਸਕੁਐਡਰਨ ਦੇ ਚਾਰ ਐਫ-86ਐਫ ਸਬਰੇਸ (ਬਲੈਕ ਸਪਾਈਡਰ) ਲੜਾਕੂ ਜਹਾਜ਼ ਸਨ।
ਟੁਕੜੀ ਦੀ ਅਗਵਾਈ ਕਮਾਂਡਿੰਗ ਅਫਸਰ ਵਿੰਗ ਕਮਾਂਡਰ ਐਸਏ ਚੰਗੇਜ਼ੀ ਕਰ ਰਹੇ ਸਨ। ਇਨ੍ਹਾਂ ਨੇ ਸ਼੍ਰੀ ਨਗਰ ਏਅਰ ਬੇਸ ਉੱਪਰ ਬੰਬ ਵਰਸਾਉਣ ਲਈ ਪੇਸ਼ਾਵਰ ਏਅਰ ਬੇਸ ਤੋਂ ਉਡਾਨ ਭਰੀ ਸੀ। ਦੋ ਹੋਰ ਸਬਰੇਸ ਜਹਾਜ਼ ਹਮਲਾਵਰ ਟੁਕੜੀ ਦੇ ਨਾਲ ਭੇਜੇ ਗਏ ਸਨ।
ਉਦੋਂ ਅਗਾਉਂ ਸੂਚਨਾ ਦੇਣ ਲਈ ਕਸ਼ਮੀਰ ਵਿੱਚ ਕੋਈ ਰਡਾਰ ਚੌਂਕੀ ਨਹੀਂ ਸੀ। ਉਹ ਇੱਕ ਧੁੰਧ ਵਾਲੀ ਰਾਤ ਸੀ ਅਤੇ ਇਸ ਟੁਕੜੀ ਨੂੰ ਪਹਾੜਾਂ ਵਿੱਚ ਬੈਠੇ ਜ਼ਮੀਨ ਤੋਂ ਅਕਾਸ਼ ਦੀ ਨਜ਼ਰ ਰੱਖਣ ਵਾਲਿਆਂ ਨੇ ਦੇਖ ਲਿਆ ਸੀ। ਅੱਗੇ ਇਤਲਾਹ ਵੀ ਕਰ ਦਿੱਤੀ ਸੀ।
ਸੇਖੋਂ ਅਤੇ ਘੁੰਮਣ ਜਿਨ੍ਹਾਂ ਨੂੰ ਇਕੱਠਿਆਂ ਜੀ-ਮੈਨ ਕਿਹਾ ਜਾਂਦਾ ਸੀ। ਫ਼ੌਰਨ ਸਰਗਰਮ ਹੋ ਗਏ। ਇਸੇ ਦੌਰਾਨ ਪਾਕਿਸਤਾਨੀ ਜਹਾਜ਼ਾਂ ਨੇੇ ਨੰਬਰ-1 ਅਤੇ ਨੰਬਰ-2 ਜਹਾਜ਼ ਨੇ ਹਵਾਈ ਪੱਟੀ ਉੱਤੇ 500 ਬੰਬ ਸੁੱਟ ਦਿੱਤੇ ਸਨ।
ਉਹ ਚਾਹੁੰਦੇ ਸਨ ਕਿ ਹਵਾਈ ਪੱਟੀ ਜਹਾਜ਼ਾਂ ਦੇ ਉਡਾਨ ਭਰਨ ਅਤੇ ਉਤਰਨ ਲਈ ਵਰਤੋਂ ਯੋਗ ਨਾ ਰਹੇ।
ਫਿਰ ਵੀ ਦੋ ਭਾਰਤੀ ਪਾਇਲਟਾਂ ਨੇ ਸਿਰ ਤੇ ਵਰ੍ਹਦੇ ਬੰਬਾਂ ਵਿਚਕਾਰ ਉਡਾਨ ਭਰ ਲਈ ਸੀ। ਉਨ੍ਹਾਂ ਦਾ ਨਿਸ਼ਾਨਾ ਹਮਲਾਵਰਾਂ ਨੂੰ ਫੁੰਡਣਾ ਸੀ। ਅੱਖ ਦੇ ਫੋਰ ਵਿੱਚ ਹੀ ਸ਼ਿਕਾਰੀ ਖ਼ੁਦ ਸ਼ਿਕਾਰ ਬਣੇ ਧਰਤੀ ’ਤੇ ਪਏ ਸਨ।
ਪਾਕਿਸਤਾਨੀ ਪਾਇਲਟ ਦਾ 'ਮਾੜਾ ਨਿਸ਼ਾਨਾ'

ਤਸਵੀਰ ਸਰੋਤ, Getty Images
ਏਅਰ ਟਰੈਫ਼ਿਕ ਕੰਟਰੋਲ ਵਾਲਿਆਂ ਨੇ ਸੁਣਿਆ ਕਿ ਸੇਖੋਂ ਨੂੰ ਮੋਟੀ ਗਾਲ੍ਹ ਕੱਢ ਕੇ ਕਹਿੰਦੇ ਸੁਣਿਆ, ‘ਮੇਰੇ ਸਾਹਮਣੇ ਦੋ *** ਹਨ ਅਤੇ ਮੈਂ ਉਨ੍ਹਾਂ ਨੂੰ ਛੱਡਾਂਗਾ ਨਹੀਂ!’
ਇਹ ਕਹਿੰਦਿਆਂ ਸੇਖੋਂ ਨੇ ਫੁਰਤੀ ਨਾਲ ਉਨ੍ਹਾਂ ਵੱਲ ਵਧਕੇ ਆਪਣੀ 30 ਐਮਐਮ ਗੰਨ ਦਾ ਮੂੰਹ ਖੋਲ੍ਹ ਦਿੱਤਾ। ਜ਼ਮੀਨ ਤੋਂ ਭਾਰਤੀ ਹਵਾਈ ਫੌਜ ਦੇ ਅਧਿਕਾਰੀਆਂ ਨੇ ਦੇਖਿਆ ਕਿ ਇੱਕ ਜਹਾਜ਼ ਦੇ ਨਿਸ਼ਾਨਾ ਲੱਗਿਆ ਅਤੇ ਨਜ਼ਰਾਂ ਤੋਂ ਓਝਲ ਹੋ ਗਿਆ।
ਜਦਕਿ ਤੀਜਾ ਸੇਬਰ ਹੁਣ ਸੇਖੋਂ ਦੇ ਪਿੱਛੇ ਸੀ ਅਤੇ ਅੱਧੇ ਇੰਚ ਦੀਆਂ ਮਸ਼ੀਨ ਗੰਨਾਂ ਨਾਲ ਉਨ੍ਹਾਂ ਤੇ ਗੋਲੀਆਂ ਵਰ੍ਹਾ ਰਿਹਾ ਸੀ। ਹਾਲਾਂਕਿ ਉਸ ਪਾਕਿਸਤਾਨੀ ਪਾਇਲਟ ਦਾ ਨਿਸ਼ਾਨਾ ਮਾੜਾ ਸੀ ਅਤੇ ਜਲਦੀ ਹੀ ਉਸ ਨੇ ਲੇਰ ਮਾਰ ਕੇ ਅਸਲ੍ਹਾ ਮੁੱਕਣ ਦਾ ਖੁਲਾਸਾ ਕਰ ਦਿੱਤਾ। ਮਜਬੂਰਨ ਉਸ ਨੇ ਸੇਖੋਂ ਦਾ ਪਿੱਛਾ ਛੱਡ ਦਿੱਤਾ।
ਧੁੰਦ ਕਾਰਨ ਸੇਖੋਂ ਦੇ ਵਿੰਗ-ਮੈਨ ਘੁੰਮਣ ਨੂੰ ਆਪਣਾ ਸਾਥੀ ਨਜ਼ਰ ਨਹੀਂ ਆ ਰਿਹਾ ਸੀ। ਸੇਖੋਂ ਇਕੱਲੇ ਹੀ ਛੇ ਦੁਸ਼ਮਣਾਂ ਨਾਲ ਲੋਹਾ ਲੈ ਰਹੇ ਸਨ। ਇਹੀ ਉਨ੍ਹਾਂ ਦੀ ਬਹਾਦਰੀ, ਫਰਜ਼ ਪ੍ਰਤੀ ਸਮਰਪਣ, ਪੇਸ਼ੇਵਰ ਸਟਾਈਲ ਸੀ।
ਹੁਣ ਫਲਾਈਟ ਲੈਫਟੀਨੈਂਟ ਸਲੀਮ ਬੇਗ ਮਿਰਜ਼ਾ ਨੇ ਸੇਖੋਂ ਖਿਲਾਫ ਮੋਰਚਾ ਸੰਭਾਲਿਆ। ਨਿਰਮਲ ਜੀਤ ਸਿੰਘ ਨੇ ਵਾਇਰਲੈਸ ਤੇ ਦੱਸਿਆ ਕਿ ‘ਕੋਈ ਜਣਾ ਮੇਰੇ ਮੂਹਰੇ ਹੈ ਅਤੇ ਕੋਈ ਮੇਰੇ ਮਗਰ ਵੀ ਆ ਰਿਹਾ ਹੈ।’
30 ਐਮਐਮ ਦੀ ਤੋਪ ਦਾ ਇੱਕ ਸੰਖੇਪ ਬਰਸਟ ਸੁਣਾਈ ਦਿੱਤਾ। ਭਾਰਤੀ ਪਾਇਲਟ ਨੇ ਆਪਣੇ ਅਚੂਕ ਨਿਸ਼ਾਨੇ ਨਾਲ ਦੂਜੇ ਸਬਰੇ ਨੂੰ ਵੀ ਨੁਕਸਾਨ ਦਿੱਤਾ ਸੀ।
‘ਨਾ ਡਰੋਂ ਅਰਿ ਸੋਂ ਜਬ ਜਾਇ ਲਰੋਂ’

ਤਸਵੀਰ ਸਰੋਤ, Getty Images
ਹੁਣ ਤੱਕ ਸੇਖੋਂ ਲਗਭਗ ਅਸੰਭਵ ਨੂੰ ਅੰਜਾਮ ਦੇ ਚੁੱਕੇ ਸਨ। ਛੇ ਵਿੱਚੋਂ ਦੋ ਦੁਸ਼ਮਣ ਉਨ੍ਹਾਂ ਨੇ ਇਕੱਲੇ ਹੀ ਫੁੰਡ ਸੁੱਟੇ ਸਨ। ਹੁਣ ਉਹ ਵੀ ਘਿਰ ਚੁੱਕੇ ਸਨ ਅਤੇ ਮੁਕਾਬਲਾ ਹੋਰ ਸਖ਼ਤ ਹੋ ਗਿਆ ਸੀ।
ਜ਼ਮੀਨ ਉੱਪਰ ਫਲਾਈਂਗ ਅਫ਼ਸਰ ਜੀਐਮ ਡੇਵਿਡ (ਹੂਚ) ਅਤੇ ਯੋਗਿੰਦਰ ਸਿੰਘ (ਯੋਗੀ) ਕੌਮਬੈਟ ਏਅਰ ਪੈਟਰੋਲ ਡਿਊਟੀ ਉੱਪਰ ਸਨ। ਉਨ੍ਹਾਂ ਨੇ ਸੇਖੋਂ ਦਾ ਆਖਰੀ ਸੁਨੇਹਾ ਸੁਣਿਆ, ‘ਮੈਨੂੰ ਲੱਗਦਾ ਹੈ ਮੇਰੇ ਜਹਾਜ਼ ਦੇ ਗੋਲੀ ਲੱਗੀ ਹੈ। ਜੀ-ਮੈਨ ਆਓ!’
ਸੇਖੋਂ ਦਾ ਪਿੱਛਾ ਕਰ ਰਹੇ ਮਿਰਜ਼ਾ ਦੀ ਮਸ਼ੀਨ ਗੰਨ ਨੇ ਉਨ੍ਹਾਂ ਦੇ ਜਹਾਜ਼ ਨੂੰ ਨੁਕਸਾਨ ਪਹੁੰਚਾ ਦਿੱਤਾ ਸੀ। ਇਹ ਇੱਕ ਬਾਹਦਰਾਂ ਵਾਂਗ ਲੜੀ ਅਤੇ ਪ੍ਰੇਰਿਤ ਕਰ ਦੇਣ ਵਾਲੀ ਗਹਿ-ਗੱਚ ਲੜਾਈ ਦਾ ਅੰਤ ਸੀ।
ਨੌਜਵਾਨ ਫੌਜੀ ਨੇ ਈਸੇਵਾਲ ਦੇ ਆਪਣੇ ਬਹਾਦਰ ਪੁਰਖਿਆਂ ਦੇ ਨਾਮ ਨੂੰ ਲਾਜ ਨਹੀਂ ਸੀ ਲੱਗਣ ਦਿੱਤੀ।
ਸੇਖੋਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਂਵਾਕ ‘ਨਾ ਡਰੋਂ ਅਰਿ ਸੋਂ ਜਾਇ ਲਰੋਂ, ਨਿਸ਼ਚੈ ਕਰ ਅਪਨੀ ਜੀਤ ਕਰੋਂ’ ਨੂੰ ਸਕਾਰ ਕਰਕੇ ਦਿਖਾਇਆ ਸੀ।
ਅਕਾਸ਼ ਵਿੱਚ ਸੇਖੋਂ ਦਾ ਜਹਾਜ਼ ਕੁਝ ਸਮੇਂ ਲਈ ਸਿੱਧਾ ਜਾਂਦਾ ਦੇਖਿਆ ਗਿਆ ਅਤੇ ਫਿਰ ਗੋਤਾ ਖਾ ਗਿਆ। ਆਖਰੀ ਸਮੇਂ ’ਤੇ ਉਨ੍ਹਾਂ ਨੇ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੇ। ਹਾਲਾਂਕਿ ਉਨ੍ਹਾਂ ਦੇ ਜਹਾਜ਼ ਦੀ ਛੱਤ ਉੱਡਦੀ ਦੇਖੀ ਗਈ।
ਸੇਖੋਂ ਦੇ ਜਹਾਜ਼ ਦਾ ਮਲਬਾ ਸ਼੍ਰੀ ਨਗਰ ਸ਼ਹਿਰ ਤੋਂ ਏਅਰ ਬੇਸ ਵੱਲ ਆਉਂਦੀ ਸੜਕ ’ਤੇ ਬੇਸ ਤੋਂ ਕੁਝ ਮੀਲ ਦੂਰ ਇੱਕ ਤੰਗ ਘਾਟੀ ਵਿੱਚ ਪਿਆ ਮਿਲਿਆ।
ਸ਼ੇਰ ਮਰ ਚੁੱਕਿਆ ਸੀ ਪਰ ਆਪਣੀ ਬਹਾਦਰੀ, ਕੌਸ਼ਲ ਅਤੇ ਮੁਸ਼ਕਲ ਦੇ ਸਾਹਮਣੇ ਡਟੇ ਰਹਿਣ ਕਾਰਨ ਸੇਖੋਂ ਨੇ ਨਾ ਸਿਰਫ ਭਾਰਤੀ ਹਵਾਈ ਫੌਜ ਸਗੋਂ ਸਮੁੱਚੇ ਦੇਸ ਲਈ ਇੱਕ ਮਿਸਾਲ ਕਾਇਮ ਕੀਤੀ।
ਕਹਿੰਦੇ ਹਨ ਬਹਾਦਰੀ ਉਹ ਜਿਸਦੀ ਦੁਸ਼ਮਣ ਵੀ ਸਿਫ਼ਤ ਕਰੇ ਬਿਨਾਂ ਰਹਿ ਨਾ ਸਕੇ। ਸੇਖੋਂ ਦੀ ਬਹਾਦਰੀ ਵੀ ਕੁਝ ਅਜਿਹੀ ਹੀ ਸੀ। ਏਅਰ ਕਮਾਂਡੋਰ ਕੈਸਰ ਤੁਫੈਲ ਜੋ ਕਿ ਲੜਾਕੂ ਪਾਇਲਟ ਵੀ ਰਹੇ ਅਤੇ ਫੌਜੀ ਇਤਿਹਾਸਕਾਰ ਵੀ ਹਨ।
ਸੇਖੋਂ ਬਾਰੇ ਲਿਖਦੇ ਹਨ,“ ਸੇਖੋਂ ਬਹੁਤ ਮੁਸ਼ਕਲ ਬੁਝਾਰ ਸਾਬਤ ਹੋਏ। ਉਨ੍ਹਾਂ ਦੇ ਯਤਨ ਸ਼ਲਾਘਾਯੋਗ ਸਨ। ਉਹ ਆਖਰ ਤੱਕ, ਇਕੱਲੇ ਲੜੇ।”
ਨਿਰਮਲ ਜੀਤ ਸਿੰਘ ਸੇਖੋਂ ਨੂੰ ਮੌਤ ਮਗਰੋਂ ਭਾਰਤ ਦੇ ਸਿਰਮੌਰ ਬਹਾਦਰੀ ਪੁਰਸਕਾਰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ।
ਨਿਰਮਲ ਜੀਤ ਸਿੰਘ ਸੇਖੋਂ ਦਾ ਪਰਮਵੀਰ ਚੱਕਰ ਹਵਾਈ ਫੌਜ ਦੇ ਹਿੱਸੇ ਆਇਆ ਪਹਿਲਾ ਅਤੇ ਹੁਣ ਤੱਕ ਦਾ ਇਕਲੌਤਾ ਪਰਮਵੀਰ ਚੱਕਰ ਹੈ।
ਭਾਰਤ ਦੇ ਫ਼ੌਜੀ ਇਤਿਹਾਸ ਵਿੱਚ ਉਨ੍ਹਾਂ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਰਹੇਗਾ।
ਸੱਚੇ ਸ਼ਬਦਾਂ ਵਿੱਚ ਉਨ੍ਹਾਂ ਨੇ ਭਰਤੀ ਹਵਾਈ ਫੌਜ ਦੇ ਮਾਟੋ ‘ਨਭ ਸਪਰਸ਼ਮ ਦੀਪਤਮ’ (ਸ਼ਾਨ ਨਾਲ ਅਕਾਸ਼ ਨੂੰ ਛੁਹਣਾ) ਨੂੰ ਸਕਾਰ ਕਰਕੇ ਦਿਖਾਇਆ।














