ਸਰੀਰਕ ਸਬੰਧਾਂ ਨਾਲ ਜੁੜੀਆਂ ਇਨ੍ਹਾਂ ਖ਼ਤਰਨਾਕ ਬਿਮਾਰੀਆਂ ਦੇ ਲੱਛਣ ਵੀ ਨਹੀਂ ਦਿੱਸਦੇ, ਜਾਣੋ ਕਿਵੇਂ ਬਚੀਏ

ਤਸਵੀਰ ਸਰੋਤ, Getty Images
ਜਿਨਸੀ ਲਾਗ (ਸੈਕਸੂਅਲ ਟਰਾਂਸਮਿਟਿਡ ਇਨਫੈਕਸ਼ਨ) ਇੱਕ ਸੰਕਰਮਣ ਹੈ ਜੋ ਜਿਨਸੀ ਸਬੰਧਾਂ ਜਾਂ ਜਿਨਸੀ ਸੰਪਰਕ ਰਾਹੀਂ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦੀ ਹੈ।
ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਅਨੁਸਾਰ ਦੁਨੀਆਂ ਭਰ ਵਿੱਚ ਰੋਜ਼ਾਨਾ 10 ਲੱਖ ਤੋਂ ਵੱਧ ਐੱਸਟੀਆਈ ਹੁੰਦੀਆਂ ਹਨ।
ਇਹ ਲਾਗ ਅਕਸਰ ਲੱਛਣ ਨਹੀਂ ਦਿਖਾਉਂਦੀ ਅਤੇ ਇਸ ਦਾ ਪਤਾ ਲਗਾਉਣਾ ਔਖਾ ਹੁੰਦਾ ਹੈ। ਜਦੋਂ ਲਾਗ ਕੁਝ ਬਿਮਾਰੀਆਂ ਨਾਲ ਪ੍ਰਗਟ ਹੁੰਦੀ ਹੈ ਅਤੇ ਖਾਸ ਲੱਛਣ ਦਿਖਾਉਂਦੀ ਹੈ, ਤਾਂ ਇਸ ਨੂੰ ਜਿਨਸੀ ਤੌਰ ’ਤੇ ਸੰਚਾਰਿਤ ਬਿਮਾਰੀ (ਸੈਕਸੂਅਲ ਟਰਾਂਸਮਿਟਿਡ ਡਿਸੀਜ਼) ਕਿਹਾ ਜਾਂਦਾ ਹੈ।
ਐੱਸਟੀਆਈ ਆਮ ਤੌਰ ’ਤੇ ਜਿਨਸੀ ਸਬੰਧਾਂ ਦੌਰਾਨ ਫੈਲਦੀਆਂ ਹਨ, ਪਰ ਕਈ ਵਾਰ ਇਹ ਚਮੜੀ ਤੋਂ ਚਮੜੀ ਵਿਚਕਾਰ ਦੂਜੇ ਨਾਲ ਜਿਨਸੀ ਸੰਪਰਕ ਦੇ ਕਾਰਨ ਵੀ ਹੋ ਸਕਦੀਆਂ ਹਨ।
ਕੁਝ ਐੱਸਟੀਆਈਜ਼ ਗਰਭ ਅਵਸਥਾ, ਜਣੇਪੇ ਜਾਂ ਦੁੱਧ ਚੁੰਘਾਉਣ ਦੌਰਾਨ ਮਾਂ ਤੋਂ ਬੱਚੇ ਵਿੱਚ ਵੀ ਫੈਲ ਸਕਦੀਆਂ ਹਨ।
ਐੱਸਟੀਆਈ ਫੈਲਣ ਦੇ ਹੋਰ ਤਰੀਕਿਆਂ ਵਿੱਚ ਖ਼ੂਨ ਚੜ੍ਹਾਉਣ ਰਾਹੀਂ ਜਾਂ ਸੂਈਆਂ ਸਾਂਝੀਆਂ ਕਰਨਾ ਸ਼ਾਮਲ ਹਨ।
ਐੱਸਟੀਆਈ ਸੰਭਾਵਿਤ ਰੂਪ ਨਾਲ ਕੈਂਸਰ, ਪੇਡੂ ਦਾ ਦਰਦ, ਐਕਟੋਪਿਕ ਗਰਭ ਅਵਸਥਾ ਅਤੇ ਬਾਂਝਪਨ ਸਮੇਤ ਗੰਭੀਰ ਨਤੀਜਿਆਂ ਦਾ ਕਾਰਨ ਬਣ ਸਕਦੀਆਂ ਹਨ।
ਐੱਸਟੀਆਈ ਦੀਆਂ ਕਿੰਨੀਆਂ ਕਿਸਮਾਂ ਹਨ?
30 ਤੋਂ ਵੱਧ ਵੱਖ-ਵੱਖ ਬੈਕਟੀਰੀਆ, ਵਾਇਰਸ ਅਤੇ ਪਰਜੀਵੀ ਹਨ ਜੋ ਜਿਨਸੀ ਸੰਪਰਕ ਨਾਲ ਫੈਲ ਸਕਦੇ ਹਨ।
ਇਨਸਾਨ ਨੂੰ ਇੱਕੋ ਸਮੇਂ ਕਈ ਐੱਸਟੀਆਈ ਵੀ ਹੋ ਸਕਦੀਆਂ ਹਨ।
ਸਭ ਤੋਂ ਆਮ ਐੱਸਟੀਆਈਜ਼ ਸਿਫਿਲਿਸ, ਗੋਨੋਰੀਆ, ਕਲੈਮਾਈਡੀਆ ਅਤੇ ਟ੍ਰਾਈਕੋਮੋਨਿਆਸਿਸ ਹਨ। ਇਨ੍ਹਾਂ ਸਾਰੀਆਂ ਲਾਗਾਂ ਦਾ ਇਲਾਜ ਕੀਤਾ ਜਾ ਸਕਦਾ ਹੈ।

ਲੱਛਣ ਕੀ ਹਨ?
ਜਿਨਸੀ ਲਾਗਾਂ ਆਮ ਤੌਰ ’ਤੇ ਲੱਛਣ ਰਹਿਤ ਹੁੰਦੀਆਂ ਹਨ ਜਾਂ ਸਿਰਫ਼ ਹਲਕੇ ਲੱਛਣ ਪੈਦਾ ਕਰ ਸਕਦੀਆਂ ਹਨ।
ਬਿਨਾਂ ਪਤਾ ਲੱਗੇ ਇਨਫੈਕਸ਼ਨ ਹੋਣਾ ਸੰਭਵ ਹੈ।
ਪਰ ਲੱਛਣਾਂ ਦੇ ਬਿਨਾਂ ਵੀ, ਇਹ ਲਾਗ ਜਿਨਸੀ ਸਬੰਧਾਂ ਰਾਹੀਂ ਫੈਲ ਸਕਦੇ ਹਨ ਅਤੇ ਹਾਨੀਕਾਰਕ ਹੋ ਸਕਦੇ ਹਨ।
ਜੇ ਲੱਛਣ ਹਨ, ਤਾਂ ਉਨ੍ਹਾਂ ਵਿੱਚ ਸ਼ਾਮਲ ਹੋ ਸਕਦੇ ਹਨ:
- ਲਿੰਗ ਜਾਂ ਯੋਨੀ ਤੋਂ ਅਸਧਾਰਨ ਡਿਸਚਾਰਜ
- ਜਣਨ ਅੰਗਾਂ ’ਤੇ ਜ਼ਖਮ ਜਾਂ ਮੱਸੇ
- ਪਿਸ਼ਾਬ ਆਉਣ ਵੇਲੇ ਦਰਦ ਹੋਣਾ ਜਾਂ ਵਾਰ-ਵਾਰ ਪਿਸ਼ਾਬ ਆਉਣਾ
- ਜਣਨ ਅੰਗ ਵਿੱਚ ਖੁਜਲੀ ਅਤੇ ਲਾਲੀ
- ਮੂੰਹ ਵਿੱਚ ਜਾਂ ਉਸ ਦੇ ਆਲੇ-ਦੁਆਲੇ ਛਾਲੇ ਜਾਂ ਜ਼ਖਮ
- ਯੋਨੀ ਤੋਂ ਅਸਧਾਰਨ ਗੰਧ ਆਉਣੀ
- ਗੁਦੇ ਵਿੱਚ ਖੁਜਲੀ, ਦਰਦ ਜਾਂ ਖੂਨ ਵਗਣਾ
- ਪੇਟ ਦਰਦ

ਤਸਵੀਰ ਸਰੋਤ, Getty Images
ਐੱਸਟੀਆਈਜ਼ ਇੰਨੀਆਂ ਆਮ ਕਿਉਂ ਹਨ?
ਸਾਲ 2020 ਵਿੱਚ ਡਬਲਿਊਐੱਚਓ ਨੇ ਅੰਦਾਜ਼ਾ ਲਗਾਇਆ ਕਿ ਸਭ ਤੋਂ ਆਮ ਚਾਰ ਕਿਸਮਾਂ ਦੇ ਐੱਸਟੀਆਈਜ਼ ਵਿੱਚੋਂ ਘੱਟ ਤੋਂ ਘੱਟ ਇੱਕ ਦੀਆਂ 374 ਮਿਲੀਅਨ ਨਵੀਆਂ ਲਾਗਾਂ ਹੋਈਆਂ।
ਇਸ ਵਿੱਚ ਟ੍ਰਾਈਕੋਮੋਨਿਆਸਿਸ (156 ਮਿਲੀਅਨ), ਕਲੈਮਾਈਡੀਆ (129 ਮਿਲੀਅਨ), ਗੋਨੋਰੀਆ (82 ਮਿਲੀਅਨ) ਅਤੇ ਸਿਫਿਲਿਸ (ਸੱਤ ਮਿਲੀਅਨ)।
ਡਬਲਿਊਐੱਚਓ ਦੇ ਅੰਕੜਿਆਂ ਅਨੁਸਾਰ 2016 ਵਿੱਚ 490 ਮਿਲੀਅਨ ਤੋਂ ਵੱਧ ਲੋਕ ਜਣਨ ਹਰਪੀਜ਼ ਵਾਲੇ ਸਨ।
ਅੰਦਾਜ਼ਨ 300 ਮਿਲੀਅਨ ਲੋਕਾਂ ਨੂੰ ਹਿਊਮਨ ਪੈਪੀਲੋਮਾਵਾਇਰਸ (ਐੱਚਪੀਵੀ) ਦੀ ਲਾਗ ਸੀ।
ਔਰਤਾਂ ਵਿੱਚ ਸਰਵਾਈਕਲ ਕੈਂਸਰ ਅਤੇ ਮਰਦਾਂ ਨਾਲ ਸਰੀਰਕ ਸਬੰਧ ਰੱਖਣ ਵਾਲੇ ਮਰਦਾਂ ਵਿੱਚ ਗੁਦਾ ਕੈਂਸਰ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ।
ਡਬਲਿਊਐੱਚਓ ਵਿੱਚ ਗਲੋਬਲ ਐੱਚਆਈਵੀ, ਹੈਪੇਟਾਈਟਸ ਅਤੇ ਐੱਸਟੀਆਈ ਪ੍ਰੋਗਰਾਮਾਂ ਦੀ ਅਗਵਾਈ ਕਰਨ ਵਾਲੀ ਡਾ. ਟੀਓਡੋਰਾ ਅਲਵੀਰਾ ਸੀਵਾਈ ਕਹਿੰਦੇ ਹਨ, "ਸੈਕਸ ਇੱਕ ਜੀਵ-ਵਿਗਿਆਨਕ ਲੋੜ ਹੈ। ਇਹ ਖਾਣ-ਪੀਣ ਵਰਗਾ ਹੈ, ਇਹ ਮਨੁੱਖ ਦੇ ਸੁਭਾਅ ਦਾ ਇੱਕ ਹਿੱਸਾ ਹੈ।"
"ਜਦੋਂ ਤੁਸੀਂ ਸੈਕਸ ਕਰਦੇ ਹੋ ਤਾਂ ਤੁਹਾਨੂੰ ਐੱਸਟੀਆਈ ਹੋ ਸਕਦੀ ਹੈ। ਇਸ ਲਈ ਲਾਗਾਂ ਦੀ ਗਿਣਤੀ ਇੰਨੀ ਜ਼ਿਆਦਾ ਹੈ।"
ਡਾਕਟਰ ਵਾਈ ਇਸ ਤੱਥ ਵੱਲ ਵੀ ਧਿਆਨ ਦਿਵਾਉਂਦੇ ਹਨ ਕਿ ਕਿਉਂਕਿ ਐੱਸਟੀਆਈਜ਼ ਅਕਸਰ ਲੱਛਣ ਰਹਿਤ ਹੁੰਦੀਆਂ ਹਨ, ਇਸ ਲਈ ਲੋਕ ਅਣਜਾਣੇ ਵਿੱਚ ਇਨ੍ਹਾਂ ਲਾਗਾਂ ਨੂੰ ਅੱਗੇ ਪਾਸ ਕਰ ਸਕਦੇ ਹਨ।

ਤਸਵੀਰ ਸਰੋਤ, Getty Images
ਡਾਕਟਰ ਵਾਈ ਦੇ ਅਨੁਸਾਰ ਸਾਥੀ ਤੋਂ ਬਾਹਰਾ ਸੈਕਸ ਨੂੰ ਲੈ ਕੇ ਬਦਲਦੇ ਸੱਭਿਆਚਾਰ, ਲੋਕਾਂ ਦੀ ਸੈਕਸ ਤੱਕ ਆਸਾਨ ਪਹੁੰਚ ਅਤੇ ਇੱਕ ਸਮੇਂ ਵਿੱਚ ਇੱਕ ਤੋਂ ਜ਼ਿਆਦਾ ਜਿਨਸੀ ਸਾਥੀ ਰੱਖਣਾ ਅਤੇ ਡੇਟਿੰਗ ਐਪਸ ਦੀ ਵਧ ਰਹੀ ਵਰਤੋਂ ਦੇ ਕਾਰਨ ਐੱਸਟੀਆਈ ਹੋਣ ਦਾ ਖ਼ਤਰਾ ਵਧ ਰਿਹਾ ਹੈ।
ਹਾਲਾਂਕਿ ਹਾਲ ਹੀ ਦੇ ਅਧਿਐਨਾਂ ਤੋਂ ਸੰਕੇਤ ਮਿਲਦਾ ਹੈ ਕਿ ਸਾਥੀ ਤੋਂ ਬਾਹਰੀ ਸੈਕਸ ਕਰਨ ਵਾਲੇ ਇਕੱਲੇ ਨੌਜਵਾਨ ਬਾਲਗਾਂ ਦੀ ਗਿਣਤੀ ਵਿੱਚ ਗਿਰਾਵਟ ਆ ਰਹੀ ਹੈ, ਕੰਡੋਮ ਦੀ ਵਰਤੋਂ ਵਿੱਚ ਵੀ ਕਮੀ ਆ ਰਹੀ ਹੈ।
ਡਾ. ਵਾਈ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਜਦੋਂ ਐੱਚਆਈਵੀ ਦਾ ਕੋਈ ਇਲਾਜ ਉਪਲੱਬਧ ਨਹੀਂ ਸੀ, ਤਾਂ ਲੋਕ ਆਮ ਤੌਰ ’ਤੇ ਸਾਥੀ ਤੋਂ ਬਾਹਰਾ ਸਰੀਰਕ ਸਬੰਧ ਬਣਾਉਣ ਤੋਂ ਸੁਚੇਤ ਰਹਿੰਦੇ ਸਨ, ਖ਼ਾਸ ਕਰਕੇ ਬਿਨਾਂ ਕੰਡੋਮ ਦੇ।
ਉਹ ਦੱਸਦੇ ਹਨ ਕਿ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਲੋਕਾਂ ਦਾ ਮੰਨਣਾ ਹੈ ਕਿ ਉਹ ਐੱਚਆਈਵੀ ਲਈ ਟੈਸਟ ਕਰਵਾ ਸਕਦੇ ਹਨ, ਦਵਾਈਆਂ ਲੈ ਸਕਦੇ ਹਨ ਅਤੇ ਫਿਰ ਠੀਕ ਹੋ ਸਕਦੇ ਹਨ।
ਉਹ ਕਹਿੰਦੇ ਹਨ, "ਇਸ ਲਈ ਕੰਡੋਮ ਦੀ ਵਰਤੋਂ ਘੱਟ ਹੋ ਗਈ ਹੈ।"
ਡਬਲਯੂਐੱਚਓ ਦੇ ਅੰਕੜਿਆਂ ਅਨੁਸਾਰ 2022 ਵਿੱਚ 1.3 ਮਿਲੀਅਨ ਲੋਕ ਐੱਚਆਈਵੀ ਨਾਲ ਸੰਕਰਮਿਤ ਹੋਏ ਸਨ।
ਸੰਗਠਨ ਦਾ ਕਹਿਣਾ ਹੈ ਕਿ ਹਰ ਸਾਲ 6,00,000 ਤੋਂ ਵੱਧ ਲੋਕ ਅਜੇ ਵੀ ਵਾਇਰਸ ਨਾਲ ਮਰ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਐੱਚਆਈਵੀ ਹੈ ਅਤੇ ਉਹ ਇਲਾਜ ਨਹੀਂ ਕਰਾਉਂਦੇ ਜਾਂ ਉਹ ਬਹੁਤ ਦੇਰ ਨਾਲ ਇਲਾਜ ਸ਼ੁਰੂ ਕਰਦੇ ਹਨ।

ਤਸਵੀਰ ਸਰੋਤ, Getty Images
ਤੁਸੀਂ ਖ਼ੁਦ ਨੂੰ ਐੱਸਟੀਆਈ ਤੋਂ ਕਿਵੇਂ ਬਚਾ ਸਕਦੇ ਹੋ?
ਡਾ. ਵਾਈ ਕਹਿੰਦੇ ਹਨ, "ਕਿਰਪਾ ਕਰਕੇ ਕੰਡੋਮ ਦੀ ਵਰਤੋਂ ਕਰੋ। ਇਹੀ ਹੈ ਜੋ ਤੁਹਾਨੂੰ ਐੱਸਟੀਆਈ ਹੋਣ ਤੋਂ ਬਚਾਏਗਾ।"
“ਜੇ ਤੁਸੀਂ ਕਿਸੇ ਅਜਿਹੇ ਵਿਅਕਤੀ ਨਾਲ ਸੈਕਸ ਕਰਨ ਜਾ ਰਹੇ ਹੋ ਜਿਸ ਨੂੰ ਤੁਸੀਂ ਨਹੀਂ ਜਾਣਦੇ ਜਾਂ ਜੇ ਇਹ ਤੁਹਾਡੇ ਸਾਥੀ ਤੋਂ ਬਾਹਰ ਦਾ ਸੈਕਸ ਹੈ, ਤਾਂ ਤੁਹਾਨੂੰ ਇਸ ਪ੍ਰਤੀ ਜ਼ਿੰਮੇਵਾਰ ਹੋਣ ਦੀ ਲੋੜ ਹੈ।’’
"ਬਿਹਤਰ ਹੋਵੇਗਾ ਕਿ ਤੁਸੀਂ ਸਿੱਖੋ ਕਿ ਕੰਡੋਮ ਦੀ ਵਰਤੋਂ ਕਿਵੇਂ ਕਰਨੀ ਹੈ ਅਤੇ ਇਸ ਨਾਲ ਆਨੰਦ ਕਿਵੇਂ ਲੈਣਾ ਹੈ।"
ਸਿਹਤ ਪੇਸ਼ਵਰਾਂ ਅਨੁਸਾਰ ਲੈਟੇਕਸ ਕੰਡੋਮ ਦੀ ਸਹੀ ਵਰਤੋਂ ਐੱਸਟੀਆਈਜ਼ ਨੂੰ ਫੜ੍ਹਨ ਜਾਂ ਫੈਲਣ ਦੇ ਜੋਖ਼ਮ ਨੂੰ ਬਹੁਤ ਘੱਟ ਕਰ ਦਿੰਦੀ ਹੈ, ਪਰ ਪੂਰੀ ਤਰ੍ਹਾਂ ਖ਼ਤਮ ਨਹੀਂ ਕਰਦੀ।
ਜੇਕਰ ਕਿਸੇ ਵਿਅਕਤੀ ਨੂੰ ਲੈਟੇਕਸ ਤੋਂ ਐਲਰਜੀ ਹੈ ਤਾਂ ਪੌਲੀਯੂਰੇਥੇਨ ਕੰਡੋਮ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਇਸ ਤੋਂ ਇਲਾਵਾ, ਖ਼ਾਸ ਤੌਰ 'ਤੇ ਜੇਕਰ ਐੱਸਟੀਆਈ ਦੇ ਲੱਛਣਾਂ ਦਾ ਪਤਾ ਲਗਾਇਆ ਜਾਂਦਾ ਹੈ, ਤਾਂ ਜਾਂਚ ਅਤੇ ਇਲਾਜ ਲਈ ਤੁਰੰਤ ਡਾਕਟਰ ਕੋਲ ਜਾਣਾ ਮਹੱਤਵਪੂਰਨ ਹੈ।
ਡਾ. ਵਾਈ ਕਹਿੰਦੇ ਹਨ, "ਉਸ ਫਾਰਮੇਸੀ ਵਿੱਚ ਨਾ ਜਾਓ ਜਿੱਥੇ ਤੁਸੀਂ ਆਪਣਾ ਇਲਾਜ ਆਪ ਹੀ ਕਰਵਾਉਣ ਜਾ ਰਹੇ ਹੋ ਕਿਉਂਕਿ ਇਸ ਨਾਲ ਤੁਹਾਨੂੰ ਮਦਦ ਨਹੀਂ ਮਿਲੇਗੀ।"
"ਜੇਕਰ ਤੁਹਾਡਾ ਇਲਾਜ ਸਹੀ ਢੰਗ ਨਾਲ ਨਹੀਂ ਕੀਤਾ ਜਾਂਦਾ, ਤਾਂ ਇਸ ਦੇ ਗੰਭੀਰ ਨਤੀਜੇ ਹੋ ਸਕਦੇ ਹਨ, ਜਿਵੇਂ ਕਿ ਬਾਂਝਪਨ।"
ਉਹ ਕਹਿੰਦੇ ਹਨ, "ਐੱਸਟੀਆਈਜ਼ ਨੂੰ ਨਜ਼ਰਅੰਦਾਜ਼ ਕਰਨਾ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ: ਇਹ ਪੇਡੂ ਦੀ ਸੋਜਸ਼ ਦੀ ਬਿਮਾਰੀ, ਮਾੜੇ ਗਰਭ ਨਤੀਜਿਆਂ ਦਾ ਕਾਰਨ ਬਣ ਸਕਦਾ ਹੈ।"
"ਇਹ ਬਾਂਝਪਨ ਦੇ ਲਗਭਗ 20 ਲੱਖ ਨਵੇਂ ਕੇਸਾਂ ਦਾ ਕਾਰਨ ਬਣ ਸਕਦੇ ਹਨ ਜੋ ਔਰਤਾਂ ਵਿੱਚ ਨਵੇਂ ਗੋਨੋਰੀਆ ਜਾਂ ਕਲੈਮਾਈਡੀਆ ਦੀ ਲਾਗ ਦਾ ਇਲਾਜ ਨਾ ਕੀਤੇ ਜਾਣ ਕਾਰਨ ਹੁੰਦੇ ਹਨ।"
ਉਹ ਅੱਗੇ ਕਹਿੰਦੇ ਹਨ ਕਿ ਗਰਭ ਅਵਸਥਾ ਵਿੱਚ ਸਿਫਿਲਿਸ ਕਾਰਨ ਹਰ ਸਾਲ 355,000 ਤੋਂ ਵੱਧ ਵਿਕਾਰ ਵਾਲੇ ਜਨਮ ਦੇ ਨਤੀਜੇ ਸਾਹਮਣੇ ਆਉਂਦੇ ਹਨ, ਜਿਸ ਵਿੱਚ 143 ਮ੍ਰਿਤਕ ਬੱਚੇ ਪੈਦਾ ਹੁੰਦੇ ਹਨ।
ਇਸ ਕਾਰਨ 61,000 ਨਵਜਾਤਾਂ ਦੀ ਮੌਤ ਹੁੰਦੀ ਹੈ ਅਤੇ ਐੱਚਪੀਵੀ ਕਾਰਨ ਹਰ ਸਾਲ ਲਗਭਗ 342,000 ਸਰਵਾਈਕਲ ਕੈਂਸਰ ਨਾਲ ਮੌਤਾਂ ਹੁੰਦੀਆਂ ਹਨ।
ਐੱਸਟੀਆਈਜ਼ ਦੇ ਇਲਾਜ ਕੀ ਹਨ?

ਤਸਵੀਰ ਸਰੋਤ, Getty Images
ਬੈਕਟੀਰੀਆ ਜਾਂ ਪਰਜੀਵੀਆਂ ਕਾਰਨ ਹੋਣ ਵਾਲੀਆਂ ਜਿਨਸੀ ਲਾਗਾਂ ਦਾ ਇਲਾਜ ਐਂਟੀਬਾਇਓਟਿਕਸ ਦੁਆਰਾ ਕੀਤਾ ਜਾ ਸਕਦਾ ਹੈ, ਪਰ ਵਾਇਰਸਾਂ, ਜਿਵੇਂ ਕਿ ਹਰਪੀਜ਼ ਜਾਂ ਐੱਚਪੀਵੀ ਕਾਰਨ ਹੋਣ ਵਾਲੀਆਂ ਐੱਸਟੀਆਈਜ਼ ਦਾ ਕੋਈ ਇਲਾਜ ਨਹੀਂ ਹੈ।
ਹਾਲਾਂਕਿ, ਦਵਾਈਆਂ ਲੱਛਣਾਂ ਵਿੱਚ ਮਦਦ ਕਰ ਸਕਦੀਆਂ ਹਨ ਅਤੇ ਲਾਗ ਫੈਲਣ ਦੇ ਜੋਖ਼ਮ ਨੂੰ ਘਟ ਕਰ ਸਕਦੀਆਂ ਹਨ।
ਐੱਚਪੀਵੀ ਅਤੇ ਹੈਪੇਟਾਈਟਸ ਬੀ ਤੋਂ ਬਚਾਅ ਲਈ ਟੀਕੇ ਵੀ ਮੌਜੂਦ ਹਨ।
ਡਾ. ਵਾਈ ਦਾ ਕਹਿਣਾ ਹੈ ਕਿ ਡਬਲਯੂਐੱਚਓ ਗੋਨੋਰੀਆ ਲਈ ਵੈਕਸੀਨ ਦੇ ਵਿਕਾਸ ਦੀ ਜਾਂਚ ਕਰ ਰਿਹਾ ਹੈ ਅਤੇ ਜਣਨ ਅੰਗ ਦਾਦ ਯਾਨੀ ਹਰਪੀਜ਼ ਲਈ ਇੱਕ ਉਪਚਾਰਕ ਵੈਕਸੀਨ ਵੀ ਵਿਕਸਤ ਕੀਤੀ ਜਾ ਰਹੀ ਹੈ, ਜਿਸ ਵਿੱਚ ਕੋਵਿਡ-19 ਵਿੱਚ ਵਰਤੀਆਂ ਗਈਆਂ ਐੱਮਆਰਐੱਨਏ (mRNA) ਵੈਕਸੀਨ ਦੇ ਸਮਾਨ ਵਿਧੀ ਹੋਵੇਗੀ।
ਡਾ. ਵਾਈ ਨੇ ਇਹ ਵੀ ਦੱਸਿਆ ਕਿ ਕਲੈਮਾਈਡੀਆ ਵੈਕਸੀਨ ਵਿਕਸਿਤ ਕਰਨ ਲਈ ਸ਼ੁਰੂਆਤੀ ਕੰਮ ਚੱਲ ਰਿਹਾ ਹੈ ਅਤੇ ਨਾਲ ਹੀ ਸਿਫਿਲਿਸ ਵੈਕਸੀਨ ਨੂੰ ਵਿਕਸਿਤ ਕਰਨ ਲਈ ਸੰਭਾਵਿਤ ਵਿਧੀਆਂ ਲਈ ਮੁੱਢਲੀ ਖੋਜ ਲਈ ਵੀ ਕੰਮ ਕੀਤਾ ਜਾ ਰਿਹਾ ਹੈ।
ਐੱਸਟੀਆਈਜ਼ ਨੂੰ ਰੋਕਣ ਲਈ ਸਰਕਾਰਾਂ ਕੀ ਕਰ ਸਕਦੀਆਂ ਹਨ?
ਦੁਨੀਆਂ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਐੱਸਟੀਆਈ’ਜ਼ ਦੀ ਰੋਕਥਾਮ ਅਤੇ ਨਿਯੰਤਰਣ ਲਈ ਸਰਕਾਰੀ ਪ੍ਰੋਗਰਾਮਾਂ ਲਈ ਫੰਡਿੰਗ ਸੀਮਤ ਹੈ।
ਡਾ. ਵਾਈ ਕਹਿੰਦੇ ਹਨ, "ਐੱਸਟੀਆਈ’ਜ਼ ਨੂੰ ਇੱਕ ਕਲੰਕ ਵਜੋਂ ਦੇਖਿਆ ਜਾਣ ਕਾਰਨ, ਇਸ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ। ਐੱਸਟੀਆਈ ਸੇਵਾਵਾਂ ਨੂੰ ਫੰਡ ਦੇਣਾ ਰਾਜਨੀਤਿਕ ਤੌਰ 'ਤੇ ਸਮਝਦਾਰੀ ਨਹੀਂ ਹੈ, ਇਸ ਨਾਲ ਤੁਹਾਨੂੰ ਚੋਣਾਂ ਵਿੱਚ ਵੋਟਾਂ ਨਹੀਂ ਮਿਲਣੀਆਂ।"
ਉਹ ਇਸ ਗੱਲ ’ਤੇ ਜ਼ੋਰ ਦਿੰਦੀ ਹੈ ਕਿ ਸਰਕਾਰਾਂ ਨੂੰ ਸਿਹਤ ਸੇਵਾਵਾਂ ਤੱਕ ਆਸਾਨ ਅਤੇ ਵਧੇਰੇ ਕਿਫਾਇਤੀ ਪਹੁੰਚ ਪ੍ਰਦਾਨ ਕਰਨੀ ਚਾਹੀਦੀ ਹੈ ਅਤੇ ਆਮ ਐੱਸਟੀਆਈ’ਜ਼ ਦੇ ਨਿਦਾਨ ਅਤੇ ਇਲਾਜ ਲਈ ਸਾਧਨਾਂ ਦੇ ਵਿਕਾਸ ਲਈ ਵੱਡੀ ਰਾਸ਼ੀ ਮੁਹੱਈਆ ਕਰਵਾਉਣੀ ਚਾਹੀਦੀ ਹੈ - ਜਿਵੇਂ ਕਿ ਤੀਬਰ, ਪੁਆਇੰਟ-ਆਫ-ਕੇਅਰ ਟੈਸਟ ਅਤੇ ਵੈਕਸੀਨ।
ਉਹ ਕਹਿੰਦੇ ਹਨ, "ਐੱਸਟੀਆਈ ਨੂੰ ਇੱਕ ਛੂਤ ਵਾਲੀ ਬਿਮਾਰੀ ਵਜੋਂ ਪੂਰੀ ਤਰ੍ਹਾਂ ਅਣਗੌਲਿਆ ਜਾਂਦਾ ਹੈ। ਸਾਨੂੰ ਇਸ ਦੇ ਨਾਲ ਸਬੰਧਿਤ ਕਲੰਕ ਨੂੰ ਘੱਟ ਕਰਨ ਅਤੇ ਕਿਸੇ ਵੀ ਹੋਰ ਲਾਗ ਵਾਂਗ ਇਸ ਦਾ ਇਲਾਜ ਕਰਨ ਦੀ ਜ਼ਰੂਰਤ ਹੈ।"












